Skip to content

Skip to table of contents

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

 ਜੀਵਨੀ

“ਚੰਗੇ ਅਤੇ ਬੁਰੇ ਹਾਲਾਤਾਂ ਵਿਚ” ਮਿਲੀਆਂ ਬਰਕਤਾਂ

“ਚੰਗੇ ਅਤੇ ਬੁਰੇ ਹਾਲਾਤਾਂ ਵਿਚ” ਮਿਲੀਆਂ ਬਰਕਤਾਂ

ਮੇਰਾ ਜਨਮ 1930 ਵਿਚ ਮਲਾਵੀ ਦੇ ਨਾਮਕੂਮਬਾ ਪਿੰਡ ਵਿਚ ਹੋਇਆ ਸੀ ਅਤੇ ਉਸ ਵੇਲੇ ਮੇਰਾ ਸਾਰਾ ਪਰਿਵਾਰ ਯਹੋਵਾਹ ਪਰਮੇਸ਼ੁਰ ਦੀ ਵਫ਼ਾਦਾਰੀ ਨਾਲ ਭਗਤੀ ਕਰਦਾ ਸੀ। ਸਾਲ 1942 ਵਿਚ ਮੈਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਅਤੇ ਮੇਰਾ ਬਪਤਿਸਮਾ ਇਕ ਨਦੀ ਵਿਚ ਹੋਇਆ। ਮੈਂ ਪਿਛਲੇ 70 ਸਾਲਾਂ ਤੋਂ ਤਿਮੋਥਿਉਸ ਨੂੰ ਦਿੱਤੀ ਪੌਲੁਸ ਦੀ ਸਲਾਹ ਉੱਤੇ ਚੱਲਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਉਸ ਨੇ ਕਿਹਾ ਸੀ: “ਚੰਗੇ ਅਤੇ ਬੁਰੇ ਹਾਲਾਤਾਂ ਵਿਚ ਜੋਸ਼ ਨਾਲ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰਨ ਵਿਚ ਲੱਗਾ ਰਹਿ।”—2 ਤਿਮੋ. 4:2.

ਜਦ ਸਾਲ 1948 ਵਿਚ ਬਰੁਕਲਿਨ, ਨਿਊਯਾਰਕ ਦੇ ਵਰਲਡ ਹੈੱਡ-ਕੁਆਰਟਰ ਤੋਂ ਭਰਾ ਨੇਥਨ ਐੱਚ. ਨੌਰ ਅਤੇ ਭਰਾ ਮਿਲਟਨ ਜੀ. ਹੈੱਨਸ਼ਲ ਪਹਿਲੀ ਵਾਰ ਮਲਾਵੀ ਆਏ, ਤਾਂ ਉਨ੍ਹਾਂ ਤੋਂ ਮੈਨੂੰ ਯਹੋਵਾਹ ਦੀ ਪੂਰੇ ਸਮੇਂ ਦੀ ਸੇਵਾ ਕਰਨ ਦੀ ਹੱਲਾਸ਼ੇਰੀ ਮਿਲੀ। ਮੈਨੂੰ ਅਜੇ ਵੀ ਇਨ੍ਹਾਂ ਭਰਾਵਾਂ ਦੇ ਸ਼ਬਦ ਯਾਦ ਹਨ। ਅਸੀਂ ਲਗਭਗ 6,000 ਜਣਿਆਂ ਨੇ ਚਿੱਕੜ ਨਾਲ ਭਰੇ ਮੈਦਾਨ ਵਿਚ ਭਰਾ ਨੌਰ ਦਾ ਜ਼ਬਰਦਸਤ ਭਾਸ਼ਣ ਬੜੇ ਹੀ ਧਿਆਨ ਨਾਲ ਸੁਣਿਆ ਜਿਸ ਦਾ ਵਿਸ਼ਾ ਸੀ: “ਸਾਰੀਆਂ ਕੌਮਾਂ ਦਾ ਪੱਕਾ ਹਾਕਮ।”

ਫਿਰ ਮੈਂ ਲਿਡਾਸੀ ਨਾਂ ਦੀ ਇਕ ਭੈਣ ਨੂੰ ਮਿਲਿਆ ਜਿਸ ਦੀ ਪਰਵਰਿਸ਼ ਮੇਰੇ ਹੀ ਵਾਂਗ ਯਹੋਵਾਹ ਦੇ ਗਵਾਹਾਂ ਦੇ ਘਰ ਹੋਈ ਸੀ ਅਤੇ ਮੈਨੂੰ ਪਤਾ ਲੱਗਾ ਕਿ ਉਹ ਵੀ ਪੂਰੇ ਸਮੇਂ ਦੀ ਸੇਵਾ ਕਰਨਾ ਚਾਹੁੰਦੀ ਸੀ। ਸਾਲ 1950 ਵਿਚ ਸਾਡਾ ਵਿਆਹ ਹੋ ਗਿਆ ਅਤੇ 1953 ਤਕ ਸਾਡੇ ਦੋ ਬੱਚੇ ਹੋ ਗਏ ਸਨ। ਹਾਲਾਂਕਿ ਸਾਡੇ ’ਤੇ ਪਰਿਵਾਰ ਦੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਸਨ, ਪਰ ਫਿਰ ਵੀ ਅਸੀਂ ਫ਼ੈਸਲਾ ਕੀਤਾ ਕਿ ਮੈਂ ਰੈਗੂਲਰ ਪਾਇਨੀਅਰਿੰਗ ਕਰਾਂਗਾ। ਦੋ ਸਾਲਾਂ ਬਾਅਦ ਮੈਨੂੰ ਸਪੈਸ਼ਲ ਪਾਇਨੀਅਰਿੰਗ ਕਰਨ ਦਾ ਸੱਦਾ ਮਿਲਿਆ।

ਇਸ ਤੋਂ ਜਲਦੀ ਬਾਅਦ ਮੈਨੂੰ ਇਕ ਸਰਕਟ ਓਵਰਸੀਅਰ ਵਜੋਂ ਵੱਖ-ਵੱਖ ਮੰਡਲੀਆਂ ਨੂੰ ਜਾਣ ਦਾ ਸਨਮਾਨ ਮਿਲਿਆ। ਲਿਡਾਸੀ ਦੇ ਸਾਥ ਸਦਕਾ ਮੈਂ ਪੂਰੇ ਸਮੇਂ ਦੀ ਸੇਵਾ ਦੇ ਨਾਲ-ਨਾਲ ਆਪਣੇ ਪਰਿਵਾਰ ਦੀਆਂ ਹਰ ਤਰ੍ਹਾਂ ਦੀਆਂ ਲੋੜਾਂ ਵੀ ਪੂਰੀਆਂ ਕਰ ਸਕਿਆ। * ਪਰ ਸਾਡੀ ਦੋਵਾਂ ਦੀ ਪੂਰੇ ਸਮੇਂ ਦੀ ਸੇਵਾ ਕਰਨ ਦੀ ਦਿਲੀ ਤਮੰਨਾ ਸੀ। ਇਸ ਲਈ ਅਸੀਂ ਬੜਾ ਸੋਚ-ਸਮਝ ਕੇ ਪਲੈਨ ਬਣਾਇਆ ਅਤੇ ਆਪਣੇ ਪੰਜ ਬੱਚਿਆਂ ਦੇ ਸਹਿਯੋਗ ਨਾਲ ਲਿਡਾਸੀ ਵੀ 1960 ਵਿਚ ਪੂਰੇ ਸਮੇਂ ਦੀ ਸੇਵਾ ਸ਼ੁਰੂ ਕਰ ਸਕੀ।

ਸੰਮੇਲਨਾਂ ਤੋਂ ਸਾਨੂੰ ਆਉਣ ਵਾਲੇ ਅਤਿਆਚਾਰ ਸਹਿਣ ਦੀ ਤਾਕਤ ਮਿਲੀ

ਉਨ੍ਹਾਂ ਚੰਗੇ ਸਮਿਆਂ ਵਿਚ ਵੱਖ-ਵੱਖ ਮੰਡਲੀਆਂ ਦੇ ਭੈਣਾਂ-ਭਰਾਵਾਂ ਦੀ ਸੇਵਾ ਕਰ ਕੇ ਸਾਨੂੰ ਬੜਾ ਮਜ਼ਾ ਆਇਆ। ਇਸ ਪੂਰੇ ਸਮੇਂ ਦੀ ਸੇਵਾ ਦੌਰਾਨ ਅਸੀਂ ਦੱਖਣ ਦੇ ਮਲਾਨਯੀ ਪਹਾੜਾਂ ਦੀਆਂ ਖੂਬਸੂਰਤ ਢਲਾਣਾਂ ਤੋਂ ਲੈ ਕੇ ਮਲਾਵੀ ਝੀਲ ਦੇ ਸ਼ਾਂਤ ਕਿਨਾਰਿਆਂ ਤਕ ਸਫ਼ਰ ਕੀਤਾ। ਇਹ ਝੀਲ ਮਲਾਵੀ ਦੇਸ਼ ਦੀ ਪੂਰਬੀ ਸਰਹੱਦ ਦੇ ਕਾਫ਼ੀ ਹਿੱਸੇ ਦੇ ਨਾਲ-ਨਾਲ ਵਹਿੰਦੀ ਹੈ। ਜਿਨ੍ਹਾਂ ਸਰਕਟਾਂ ਵਿਚ ਅਸੀਂ ਸੇਵਾ ਕੀਤੀ ਉੱਥੇ ਅਸੀਂ ਪਬਲੀਸ਼ਰਾਂ ਅਤੇ ਮੰਡਲੀਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੁੰਦੇ ਦੇਖਿਆ।

ਸਾਲ 1962 ਵਿਚ ਅਸੀਂ “ਦਲੇਰ ਪ੍ਰਚਾਰਕ” ਨਾਂ ਦੇ ਜ਼ਿਲ੍ਹਾ ਸੰਮੇਲਨ ਦਾ ਮਜ਼ਾ ਲਿਆ। ਜਦ ਹੁਣ ਮੈਂ ਉਨ੍ਹਾਂ ਖ਼ਾਸ ਮੌਕਿਆਂ ਨੂੰ ਯਾਦ  ਕਰਦਾ ਹਾਂ, ਤਾਂ ਮੈਨੂੰ ਅਹਿਸਾਸ ਹੁੰਦਾ ਹੈ ਕਿ ਇਨ੍ਹਾਂ ਮੌਕਿਆਂ ਨੇ ਸਾਨੂੰ ਮਲਾਵੀ ਵਿਚ ਆਉਣ ਵਾਲੀਆਂ ਔਖੀਆਂ ਘੜੀਆਂ ਲਈ ਤਿਆਰ ਕੀਤਾ ਅਤੇ ਸਹਿਣ ਦੀ ਤਾਕਤ ਬਖ਼ਸ਼ੀ ਸੀ। ਅਗਲੇ ਸਾਲ ਭਰਾ ਹੈੱਨਸ਼ਲ ਦੁਬਾਰਾ ਮਲਾਵੀ ਆਏ ਅਤੇ ਬਲੇਂਟਾਇਰ ਸ਼ਹਿਰ ਦੇ ਬਾਹਰ ਇਕ ਸਪੈਸ਼ਲ ਸੰਮੇਲਨ ਵਿਚ ਤਕਰੀਬਨ 10,000 ਜਣੇ ਹਾਜ਼ਰ ਹੋਏ। ਇਸ ਸੰਮੇਲਨ ਨੇ ਸਾਨੂੰ ਆਉਣ ਵਾਲੀਆਂ ਅਜ਼ਮਾਇਸ਼ਾਂ ਨੂੰ ਸਹਿਣ ਦੀ ਤਾਕਤ ਬਖ਼ਸ਼ੀ।

ਬੁਰੇ ਹਾਲਾਤ

ਸਰਕਾਰ ਨੇ ਪ੍ਰਚਾਰ ’ਤੇ ਪਾਬੰਦੀ ਲਾਈ ਅਤੇ ਬ੍ਰਾਂਚ ਆਫ਼ਿਸ ’ਤੇ ਕਬਜ਼ਾ ਕਰ ਲਿਆ

ਸਾਲ 1964 ਵਿਚ ਯਹੋਵਾਹ ਦੇ ਗਵਾਹਾਂ ’ਤੇ ਡਾਢੇ ਅਤਿਆਚਾਰ ਕੀਤੇ ਗਏ ਕਿਉਂਕਿ ਉਨ੍ਹਾਂ ਨੇ ਰਾਜਨੀਤਿਕ ਮਾਮਲਿਆਂ ਵਿਚ ਹਿੱਸਾ ਲੈਣ ਤੋਂ ਇਨਕਾਰ ਕੀਤਾ ਸੀ। ਇਸ ਜ਼ੁਲਮ ਦੀ ਹਨੇਰੀ ਵਿਚ 100 ਤੋਂ ਜ਼ਿਆਦਾ ਕਿੰਗਡਮ ਹਾਲ ਅਤੇ 1,000 ਤੋਂ ਜ਼ਿਆਦਾ ਗਵਾਹਾਂ ਦੇ ਘਰ ਤਬਾਹ ਹੋ ਗਏ। ਫਿਰ ਵੀ ਅਸੀਂ ਸਰਕਟ ਕੰਮ ਕਰਦੇ ਰਹੇ। 1967 ਵਿਚ ਸਰਕਾਰ ਨੇ ਸਾਡੇ ਕੰਮ ’ਤੇ ਪਾਬੰਦੀ ਲਾ ਦਿੱਤੀ, ਬਲੇਂਟਾਇਰ ਵਿਚ ਬ੍ਰਾਂਚ ਆਫ਼ਿਸ ’ਤੇ ਕਬਜ਼ਾ ਕਰ ਲਿਆ, ਮਿਸ਼ਨਰੀਆਂ ਨੂੰ ਜ਼ਬਰਦਸਤੀ ਦੇਸ਼ ਤੋਂ ਕੱਢ ਦਿੱਤਾ ਅਤੇ ਸਾਨੂੰ ਦੋਹਾਂ ਨੂੰ ਬਹੁਤ ਸਾਰੇ ਗਵਾਹਾਂ ਸਮੇਤ ਜੇਲ੍ਹ ਵਿਚ ਸੁੱਟ ਦਿੱਤਾ। ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਅਸੀਂ ਬੜੀ ਸਾਵਧਾਨੀ ਨਾਲ ਆਪਣਾ ਸਰਕਟ ਕੰਮ ਕਰਦੇ ਰਹੇ।

ਇਕ ਦਿਨ ਅਕਤੂਬਰ 1972 ਵਿਚ ਮਲਾਵੀ ਯੂਥ ਲੀਗ ਨਾਂ ਦੇ ਇਕ ਅੱਤਵਾਦੀ ਰਾਜਨੀਤਿਕ ਸੰਗਠਨ ਦੇ 100 ਕੁ ਮੈਂਬਰ ਸਾਡੇ ਘਰ ’ਤੇ ਹਮਲਾ ਕਰਨ ਆਏ। ਪਰ ਉਨ੍ਹਾਂ ਵਿੱਚੋਂ ਇਕ ਜਣਾ ਭੱਜ ਕੇ ਸਾਰਿਆਂ ਤੋਂ ਪਹਿਲਾਂ ਸਾਡੇ ਕੋਲ ਆਇਆ ਅਤੇ ਮੈਨੂੰ ਕਿਹਾ: ‘ਤੁਸੀਂ ਕਿਤੇ ਲੁੱਕ ਜਾਓ, ਉਹ ਤੁਹਾਨੂੰ ਜਾਨੋਂ ਮਾਰਨ ਆ ਰਹੇ ਹਨ।’ ਮੈਂ ਆਪਣੀ ਪਤਨੀ ਅਤੇ ਬੱਚਿਆਂ ਨੂੰ ਘਰ ਦੇ ਨੇੜੇ ਹੀ ਕੇਲਿਆਂ ਦੇ ਦਰਖ਼ਤਾਂ ਪਿੱਛੇ ਲੁਕਣ ਲਈ ਕਿਹਾ। ਫਿਰ ਮੈਂ ਭੱਜ ਕੇ ਅੰਬਾਂ ਦੇ ਇਕ ਵੱਡੇ ਦਰਖ਼ਤ ’ਤੇ ਚੜ੍ਹ ਗਿਆ। ਉੱਥੋਂ ਮੈਂ ਆਪਣਾ ਘਰ-ਬਾਰ ਆਪਣੀ ਅੱਖੀਂ ਤਬਾਹ ਹੁੰਦੇ ਦੇਖਿਆ।

ਰਾਜਨੀਤੀ ਵਿਚ ਹਿੱਸਾ ਨਾ ਲੈਣ ਕਾਰਨ ਭਰਾਵਾਂ ਦੇ ਘਰ ਸਾੜ ਦਿੱਤੇ ਗਏ

ਅਤਿਆਚਾਰ ਵਧਣ ਕਰਕੇ ਹਜ਼ਾਰਾਂ ਹੀ ਗਵਾਹਾਂ ਨੂੰ ਮਲਾਵੀ ਛੱਡਣਾ ਪਿਆ। ਸਾਡਾ ਪਰਿਵਾਰ ਜੂਨ 1974 ਤਕ ਪੱਛਮੀ ਮੋਜ਼ਾਮਬੀਕ ਵਿਚ ਇਕ ਰਫਿਊਜੀ ਕੈਂਪ ਵਿਚ ਰਿਹਾ। ਉਸ ਸਮੇਂ ਮੈਨੂੰ ਤੇ ਲਿਡਾਸੀ ਨੂੰ ਮੋਜ਼ਾਮਬੀਕ ਵਿਚ ਡੋਮਵੇ ਸ਼ਹਿਰ ਵਿਖੇ ਸਪੈਸ਼ਲ ਪਾਇਨੀਅਰਾਂ ਵਜੋਂ ਸੇਵਾ ਕਰਨ ਲਈ ਕਿਹਾ ਗਿਆ ਅਤੇ ਅਸੀਂ 1975 ਤਕ ਸੇਵਾ ਕਰਦੇ ਰਹੇ। ਫਿਰ ਮੋਜ਼ਾਮਬੀਕ ਨੂੰ ਪੁਰਤਗਾਲ ਤੋਂ ਆਜ਼ਾਦੀ ਮਿਲਣ ਕਰਕੇ ਸਾਨੂੰ ਦੂਜੇ ਗਵਾਹਾਂ ਸਣੇ ਜ਼ਬਰਦਸਤੀ ਮਲਾਵੀ ਵਾਪਸ ਭੇਜਿਆ ਗਿਆ ਜਿੱਥੇ ਗਵਾਹਾਂ ’ਤੇ ਅਜੇ ਵੀ ਜ਼ੁਲਮ ਢਾਹੇ ਜਾ ਰਹੇ ਸਨ।

ਵਾਪਸ ਆ ਕੇ ਮੈਨੂੰ ਮਲਾਵੀ ਦੀ ਰਾਜਧਾਨੀ ਲਿਲੋਂਗਵੇ ਦੀਆਂ ਮੰਡਲੀਆਂ ਦਾ ਦੌਰਾ ਕਰਨ ਲਈ ਕਿਹਾ ਗਿਆ। ਸਤਾਹਟਾਂ ਅਤੇ ਮੁਸ਼ਕਲਾਂ ਦੇ ਬਾਵਜੂਦ ਵੀ ਸਾਡੇ ਸਰਕਟਾਂ ਵਿਚ ਮੰਡਲੀਆਂ ਦੀ ਗਿਣਤੀ ਲਗਾਤਾਰ ਵਧਦੀ ਗਈ।

ਯਹੋਵਾਹ ਦਾ ਸਾਥ

ਇਕ ਮੌਕੇ ਤੇ ਅਸੀਂ ਇਕ ਪਿੰਡ ਪਹੁੰਚੇ ਜਿੱਥੇ ਇਕ ਰਾਜਨੀਤਿਕ ਮੀਟਿੰਗ ਚੱਲ ਰਹੀ ਸੀ। ਪਾਰਟੀ ਦੇ ਕੁਝ ਮੈਂਬਰਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਯਹੋਵਾਹ ਦੇ ਗਵਾਹ ਹਾਂ ਅਤੇ ਉਨ੍ਹਾਂ ਨੇ ਸਾਨੂੰ ਮਲਾਵੀ ਯੰਗ ਪਾਇਨੀਅਰ ਨਾਂ ਦੇ ਇਕ ਰਾਜਨੀਤਿਕ ਯੂਥ ਅੰਦੋਲਨ ਦੇ ਮੈਂਬਰਾਂ ਵਿਚ ਬਿਠਾਇਆ। ਅਸੀਂ ਉਸ ਖ਼ਤਰਨਾਕ ਸਮੇਂ ਤੇ ਯਹੋਵਾਹ ਨੂੰ ਪ੍ਰਾਰਥਨਾ ਵਿਚ ਮਦਦ ਅਤੇ ਅਗਵਾਈ ਲਈ ਤਰਲੇ ਕੀਤੇ। ਮੀਟਿੰਗ ਦੇ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੇ ਸਾਨੂੰ ਮਾਰਨਾ-ਕੁੱਟਣਾ ਸ਼ੁਰੂ ਕਰ  ਦਿੱਤਾ। ਪਰ ਅਚਾਨਕ ਇਕ ਬਜ਼ੁਰਗ ਤੀਵੀਂ ਦੌੜਦੀ ਹੋਈ ਆਈ ਅਤੇ ਉਸ ਨੇ ਚੀਕ ਕੇ ਕਿਹਾ: “ਇਨ੍ਹਾਂ ਨੂੰ ਛੱਡ ਦਿਓ! ਇਹ ਆਦਮੀ ਮੇਰਾ ਭਤੀਜਾ ਹੈ। ਉਸ ਨੂੰ ਜਾਣ ਦਿਓ!” ਮੀਟਿੰਗ ਦੇ ਪ੍ਰਧਾਨ ਨੇ ਕਿਹਾ: “ਉਨ੍ਹਾਂ ਨੂੰ ਛੱਡ ਦਿਓ।” ਸਾਨੂੰ ਨਹੀਂ ਪਤਾ ਕਿ ਤੀਵੀਂ ਨੇ ਇੱਦਾਂ ਕਿਉਂ ਕਿਹਾ ਕਿਉਂਕਿ ਉਹ ਸਾਡੀ ਰਿਸ਼ਤੇਦਾਰ ਨਹੀਂ ਸੀ। ਪਰ ਸਾਨੂੰ ਅਹਿਸਾਸ ਹੋਇਆ ਕਿ ਯਹੋਵਾਹ ਨੇ ਵਾਕਈ ਸਾਡੀ ਫ਼ਰਿਆਦ ਸੁਣ ਲਈ ਸੀ।

ਰਾਜਨੀਤਿਕ ਪਾਰਟੀ ਕਾਰਡ

ਸਾਲ 1981 ਵਿਚ ਅਸੀਂ ਫਿਰ ਮਲਾਵੀ ਯੰਗ ਪਾਇਨੀਅਰ ਦੇ ਕੁਝ ਮੈਂਬਰਾਂ ਨੂੰ ਮਿਲੇ। ਉਨ੍ਹਾਂ ਨੇ ਸਾਡੇ ਸਾਈਕਲ, ਸਾਡੇ ਸੂਟਕੇਸ, ਕਿਤਾਬਾਂ ਦੇ ਡੱਬੇ ਅਤੇ ਸਰਕਟ ਦੀਆਂ ਫਾਈਲਾਂ ਖੋਹ ਲਈਆਂ। ਅਸੀਂ ਉੱਥੋਂ ਕਿਸੇ ਤਰ੍ਹਾਂ ਜਾਨ ਬਚਾ ਕੇ ਮੰਡਲੀ ਦੇ ਇਕ ਬਜ਼ੁਰਗ ਦੇ ਘਰ ਭੱਜ ਗਏ। ਸਾਨੂੰ ਉਨ੍ਹਾਂ ਫਾਈਲਾਂ ਵਿਚ ਦਿੱਤੀ ਜਾਣਕਾਰੀ ਦਾ ਬਹੁਤ ਫ਼ਿਕਰ ਸੀ। ਅਸੀਂ ਇਸ ਬਾਰੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ। ਜਦ ਮਲਾਵੀ ਯੰਗ ਪਾਇਨੀਅਰਾਂ ਨੇ ਫਾਈਲਾਂ ਨੂੰ ਫਰੋਲਿਆ, ਤਾਂ ਉਨ੍ਹਾਂ ਨੇ ਦੇਖਿਆ ਕਿ ਮਲਾਵੀ ਦੀਆਂ ਵੱਖੋ-ਵੱਖਰੀਆਂ ਥਾਵਾਂ ਤੋਂ ਭਰਾਵਾਂ ਨੇ ਮੈਨੂੰ ਚਿੱਠੀਆਂ ਭੇਜੀਆਂ ਸਨ। ਉਨ੍ਹਾਂ ਨੇ ਸੋਚਿਆ ਕਿ ਮੈਂ ਕੋਈ ਸਰਕਾਰੀ ਅਧਿਕਾਰੀ ਹਾਂ ਜਿਸ ਕਾਰਨ ਉਹ ਡਰ ਗਏ। ਫਿਰ ਉਨ੍ਹਾਂ ਨੇ ਫ਼ੌਰਨ ਸਾਰੀਆਂ ਫਾਈਲਾਂ ਉੱਥੇ ਦੇ ਬਜ਼ੁਰਗਾਂ ਨੂੰ ਵਾਪਸ ਕਰ ਦਿੱਤੀਆਂ।

ਇਕ ਹੋਰ ਮੌਕੇ ਤੇ ਅਸੀਂ ਕਿਸ਼ਤੀ ਰਾਹੀਂ ਨਦੀ ਪਾਰ ਕਰ ਰਹੇ ਸੀ। ਉਸ ਕਿਸ਼ਤੀ ਦਾ ਮਾਲਕ ਇਕ ਰਾਜਨੀਤਿਕ ਨੇਤਾ ਸੀ ਜੋ ਕਿਸ਼ਤੀ ਵਿਚ ਬੈਠੇ ਹਰ ਜਣੇ ਦਾ ਰਾਜਨੀਤਿਕ ਪਾਰਟੀ ਕਾਰਡ ਚੈੱਕ ਕਰਨ ਲੱਗ ਪਿਆ। ਸਾਡੇ ਕੋਲ ਪਹੁੰਚਣ ਤੋਂ ਪਹਿਲਾਂ ਹੀ ਉਸ ਨੇ ਇਕ ਚੋਰ ਨੂੰ ਪਛਾਣ ਲਿਆ ਜਿਸ ਦੀ ਪੁਲਸ ਨੂੰ ਤਲਾਸ਼ ਸੀ। ਇਸ ਕਾਰਨ ਉੱਥੇ ਹਲਚਲ ਮੱਚ ਗਈ ਅਤੇ ਮਾਲਕ ਨੇ ਪਾਰਟੀ ਕਾਰਡਾਂ ਦੀ ਚੈੱਕਿੰਗ ਕਰਨੀ ਬੰਦ ਕਰ ਦਿੱਤੀ। ਸਾਨੂੰ ਦੁਬਾਰਾ ਤੋਂ ਮਹਿਸੂਸ ਹੋਇਆ ਕਿ ਯਹੋਵਾਹ ਸਾਡੇ ਨਾਲ ਹੈ।

ਗਿਰਫ਼ਤਾਰੀ ਅਤੇ ਜੇਲ੍ਹ

ਫਰਵਰੀ 1984 ਵਿਚ ਮੈਂ ਜ਼ੈਂਬੀਆ ਬ੍ਰਾਂਚ ਨੂੰ ਰਿਪੋਰਟਾਂ ਘੱਲਣ ਲਈ ਲਿਲੋਂਗਵੇ ਜਾ ਰਿਹਾ ਸੀ। ਰਾਹ ਵਿਚ ਇਕ ਪੁਲਸ ਵਾਲੇ ਨੇ ਮੈਨੂੰ ਰੋਕ ਕੇ ਮੇਰੇ ਬੈਗ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਮੇਰੇ ਬੈਗ ਵਿਚ ਕੁਝ ਬਾਈਬਲ ਪ੍ਰਕਾਸ਼ਨ ਦੇਖ ਕੇ ਉਹ ਮੈਨੂੰ ਪੁਲਸ ਸਟੇਸ਼ਨ ਲੈ ਗਿਆ ਤੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਸ ਨੇ ਮੈਨੂੰ ਰੱਸੀਆਂ ਨਾਲ ਬੰਨ੍ਹ ਕੇ ਚੋਰਾਂ ਨਾਲ ਇਕ ਕਮਰੇ ਵਿਚ ਬੰਦ ਕਰ ਦਿੱਤਾ।

ਅਗਲੇ ਦਿਨ ਪੁਲਸ ਦਾ ਮੁਖੀ ਮੈਨੂੰ ਦੂਜੇ ਕਮਰੇ ਵਿਚ ਲੈ ਗਿਆ ਜਿੱਥੇ ਉਸ ਨੇ ਮੈਨੂੰ ਪੇਪਰ ’ਤੇ ਸਾਈਨ ਕਰਨ ਲਈ ਕਿਹਾ। ਉਸ ਪੇਪਰ ’ਤੇ ਲਿਖਿਆ ਸੀ: “ਮੈਂ ਟ੍ਰੌਫਿਮ ਆਰ. ਨਸੌਮਬਾ ਯਹੋਵਾਹ ਦਾ ਗਵਾਹ ਹੋਣ ਤੋਂ ਇਨਕਾਰ ਕਰਦਾ ਹਾਂ ਤਾਂਕਿ ਮੈਂ ਰਿਹਾ ਹੋ ਸਕਾਂ।” ਮੈਂ ਜਵਾਬ ਵਿਚ ਕਿਹਾ: “ਮੈਂ ਸਿਰਫ਼ ਬੰਨ੍ਹੇ ਜਾਣ ਲਈ ਹੀ ਨਹੀਂ, ਸਗੋਂ ਮਰਨ ਲਈ ਵੀ ਤਿਆਰ ਹਾਂ। ਮੈਂ ਅਜੇ ਵੀ ਯਹੋਵਾਹ ਦਾ ਗਵਾਹ ਹਾਂ।” ਮੈਂ ਸਾਈਨ ਕਰਨ ਤੋਂ ਇਨਕਾਰ ਕਰ ਦਿੱਤਾ। ਪੁਲਸ ਮੁਖੀ ਨੇ ਗੁੱਸੇ ਵਿਚ ਆ ਕੇ ਇੰਨੀ ਜ਼ੋਰ ਨਾਲ ਆਪਣੇ ਡੈੱਸਕ ’ਤੇ ਮੁੱਕਾ ਮਾਰਿਆ ਕਿ ਨਾਲ ਦੇ ਕਮਰੇ ਤੋਂ ਇਕ ਪੁਲਸ ਵਾਲਾ ਇਹ ਦੇਖਣ ਲਈ ਭੱਜਾ ਆਇਆ ਕਿ ਕੀ ਹੋਇਆ ਸੀ। ਪੁਲਸ ਦੇ ਮੁਖੀ ਨੇ ਕਿਹਾ: “ਇਸ ਆਦਮੀ ਨੇ ਸਾਈਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿ ਇਹ ਯਹੋਵਾਹ ਦਾ ਗਵਾਹ ਨਹੀਂ ਹੈ। ਸੋ ਇਸ ਤੋਂ ਸਾਈਨ ਕਰਵਾਓ ਕਿ ਇਹ ਯਹੋਵਾਹ ਦਾ ਗਵਾਹ ਹੈ ਅਤੇ ਅਸੀਂ ਇਸ ਨੂੰ ਲਿਲੋਂਗਵੇ ਦੀ ਜੇਲ੍ਹ ਵਿਚ ਭੇਜ ਦਿਆਂਗੇ।” ਉਸ ਵਕਤ ਮੇਰੀ ਪਤਨੀ ਪਰੇਸ਼ਾਨ ਹੋ ਰਹੀ ਸੀ ਕਿ ਮੈਂ ਕਿੱਥੇ ਸੀ। ਚਾਰ ਦਿਨਾਂ ਬਾਅਦ ਕੁਝ ਭਰਾਵਾਂ ਨੇ ਉਸ ਨੂੰ ਸਾਰੀ ਗੱਲਬਾਤ ਦੱਸੀ।

ਲਿਲੋਂਗਵੇ ਦੇ ਪੁਲਸ ਸਟੇਸ਼ਨ ਵਿਚ ਮੇਰੇ ਨਾਲ ਬੜਾ ਚੰਗਾ ਸਲੂਕ ਕੀਤਾ ਗਿਆ। ਪੁਲਸ ਦੇ ਮੁਖੀ ਨੇ ਕਿਹਾ: “ਆਹ ਤੇਰੇ ਵਾਸਤੇ ਚੌਲ਼ਾਂ ਦੀ ਪਲੇਟ ਕਿਉਂਕਿ ਤੈਨੂੰ ਪਰਮੇਸ਼ੁਰ ਦੇ ਬਚਨ ਕਾਰਨ ਕੈਦ ਕੀਤਾ  ਗਿਆ ਹੈ। ਇੱਥੇ ਬਾਕੀ ਕੈਦੀ ਚੋਰ ਹਨ।” ਫਿਰ ਉਸ ਨੇ ਮੈਨੂੰ ਕਾਚਰੀ ਜੇਲ੍ਹ ਵਿਖੇ ਭੇਜ ਦਿੱਤਾ ਜਿੱਥੇ ਮੈਂ ਪੰਜ ਮਹੀਨੇ ਕੈਦ ਵਿਚ ਰਿਹਾ।

ਉਸ ਜੇਲ੍ਹ ਦਾ ਨਿਗਰਾਨ ਮੈਨੂੰ ਦੇਖ ਕੇ ਖ਼ੁਸ਼ ਹੋਇਆ ਕਿਉਂਕਿ ਉਹ ਚਾਹੁੰਦਾ ਸੀ ਕਿ ਮੈਂ ਜੇਲ੍ਹ ਵਿਚ “ਪਾਦਰੀ” ਦਾ ਕੰਮ ਕਰਾਂ। ਉਸ ਨੇ ਪਹਿਲਾਂ ਵਾਲੇ ਪਾਦਰੀ ਨੂੰ ਇਹ ਕਹਿ ਕੇ ਹਟਾ ਦਿੱਤਾ: “ਮੈਂ ਨਹੀਂ ਚਾਹੁੰਦਾ ਕਿ ਤੂੰ ਕੈਦੀਆਂ ਨੂੰ ਪਰਮੇਸ਼ੁਰ ਦਾ ਬਚਨ ਸਿਖਾਵੇਂ ਕਿਉਂਕਿ ਤੂੰ ਤਾਂ ਆਪਣੇ ਹੀ ਚਰਚ ਵਿਚ ਚੋਰੀ ਕੀਤੀ ਸੀ ਜਿਸ ਕਾਰਨ ਤੂੰ ਜੇਲ੍ਹ ਵਿਚ ਹੈਂ।” ਇਸ ਲਈ ਮੈਨੂੰ ਹਰ ਹਫ਼ਤੇ ਕੈਦੀਆਂ ਵਾਸਤੇ ਰੱਖੀਆਂ ਮੀਟਿੰਗਾਂ ਵਿਚ ਬਾਈਬਲ ਦੀ ਸਿੱਖਿਆ ਦੇਣ ਦੀ ਜ਼ਿੰਮੇਵਾਰੀ ਸੌਂਪੀ ਗਈ।

ਬਾਅਦ ਵਿਚ ਹਾਲਾਤ ਮਾੜੇ ਹੋ ਗਏ। ਜੇਲ੍ਹ ਦੇ ਅਧਿਕਾਰੀਆਂ ਨੇ ਮੈਥੋਂ ਪੁੱਛ-ਗਿੱਛ ਕੀਤੀ ਕਿ ਮਲਾਵੀ ਵਿਚ ਕਿੰਨੇ ਕੁ ਗਵਾਹ ਸਨ। ਜਦ ਮੈਂ ਉਨ੍ਹਾਂ ਨੂੰ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ, ਤਾਂ ਉਹ ਮੈਨੂੰ ਤਦ ਤਕ ਮਾਰਦੇ-ਕੁੱਟਦੇ ਰਹੇ ਜਦ ਤਕ ਮੈਂ ਬੇਹੋਸ਼ ਨਹੀਂ ਹੋ ਗਿਆ। ਇਕ ਹੋਰ ਮੌਕੇ ਤੇ ਉਨ੍ਹਾਂ ਨੇ ਜਾਣਨਾ ਚਾਹਿਆ ਕਿ ਸਾਡਾ ਹੈੱਡ-ਕੁਆਰਟਰ ਕਿੱਥੇ ਸੀ। ਮੈਂ ਕਿਹਾ: “ਤੁਸੀਂ ਮੈਨੂੰ ਇਕ ਸੌਖਾ ਸਵਾਲ ਪੁੱਛਿਆ ਹੈ ਅਤੇ ਮੈਂ ਤੁਹਾਨੂੰ ਇਸ ਦਾ ਜ਼ਰੂਰ ਜਵਾਬ ਦੱਸਾਂਗਾ।” ਪੁਲਸ ਵਾਲੇ ਬਹੁਤ ਖ਼ੁਸ਼ ਹੋਏ ਅਤੇ ਉਨ੍ਹਾਂ ਆਪਣਾ ਟੇਪ ਰਿਕਾਰਡਰ ਚਲਾ ਦਿੱਤਾ। ਮੈਂ ਕਿਹਾ ਕਿ ਯਹੋਵਾਹ ਦੇ ਗਵਾਹਾਂ ਦਾ ਹੈੱਡ-ਕੁਆਰਟਰ ਬਾਈਬਲ ਵਿਚ ਦੱਸਿਆ ਗਿਆ ਹੈ। ਉਹ ਹੈਰਾਨ ਹੋ ਕੇ ਪੁੱਛਣ ਲੱਗੇ: “ਬਾਈਬਲ ਵਿਚ ਕਿੱਥੇ?”

ਮੈਂ ਜਵਾਬ ਵਿਚ ਕਿਹਾ: “ਯਸਾਯਾਹ 43:12 ਵਿਚ।” ਉਨ੍ਹਾਂ ਨੇ ਬਾਈਬਲ ਖੋਲ੍ਹ ਕੇ ਇਹ ਆਇਤ ਬੜੇ ਧਿਆਨ ਨਾਲ ਪੜ੍ਹੀ ਜਿੱਥੇ ਲਿਖਿਆ ਹੈ: “ਤੁਸੀਂ ਮੇਰੇ ਗਵਾਹ ਹੋ, ਯਹੋਵਾਹ ਦਾ ਵਾਕ ਹੈ, ਅਤੇ ਮੈਂ ਹੀ ਪਰਮੇਸ਼ੁਰ ਹਾਂ।” ਉਨ੍ਹਾਂ ਨੇ ਇਹ ਆਇਤ ਤਿੰਨ ਵਾਰ ਪੜ੍ਹੀ। ਫਿਰ ਉਨ੍ਹਾਂ ਨੇ ਕਿਹਾ: “ਇਹ ਕਿੱਦਾਂ ਹੋ ਸਕਦਾ ਕਿ ਯਹੋਵਾਹ ਦੇ ਗਵਾਹਾਂ ਦਾ ਹੈੱਡ-ਕੁਆਰਟਰ ਅਮਰੀਕਾ ਵਿਚ ਨਹੀਂ, ਸਗੋਂ ਬਾਈਬਲ ਵਿਚ ਹੈ?” ਮੈਂ ਉਨ੍ਹਾਂ ਨੂੰ ਕਿਹਾ: “ਅਮਰੀਕਾ ਵਿਚ ਵੀ ਯਹੋਵਾਹ ਦੇ ਗਵਾਹ ਆਪਣਾ ਹੈੱਡ-ਕੁਆਰਟਰ ਦੱਸਣ ਲਈ ਇਸੇ ਆਇਤ ਨੂੰ ਪੜ੍ਹਦੇ ਹਨ।” ਉਹ ਜੋ ਜਾਣਨਾ ਚਾਹੁੰਦੇ ਸਨ, ਮੈਂ ਉਨ੍ਹਾਂ ਨੂੰ ਨਹੀਂ ਦੱਸਿਆ, ਇਸ ਲਈ ਮੈਨੂੰ ਲਿਲੋਂਗਵੇ ਦੇ ਉੱਤਰ ਵੱਲ ਡਜ਼ਾਲੀਕਾ ਜੇਲ੍ਹ ਭੇਜ ਦਿੱਤਾ ਗਿਆ।

ਬੁਰੇ ਹਾਲਾਤਾਂ ਵਿਚ ਬਰਕਤਾਂ

ਜੁਲਾਈ 1984 ਵਿਚ ਜਦ ਮੈਂ ਡਜ਼ਾਲੀਕਾ ਜੇਲ੍ਹ ਗਿਆ, ਤਾਂ ਉੱਥੇ ਪਹਿਲਾਂ ਤੋਂ ਹੀ 81 ਗਵਾਹ ਸਨ। ਜੇਲ੍ਹ ਵਿਚ ਇੰਨੀ ਭੀੜ ਸੀ ਕਿ 300 ਕੈਦੀਆਂ ਨੂੰ ਫ਼ਰਸ਼ ’ਤੇ ਇਕ-ਦੂਜੇ ਨਾਲ ਜੁੜ ਕੇ ਸੌਣਾ ਪੈਂਦਾ ਸੀ। ਹੌਲੀ-ਹੌਲੀ ਸਾਰੇ ਗਵਾਹਾਂ ਨੇ ਛੋਟੇ-ਛੋਟੇ ਗਰੁੱਪ ਬਣਾ ਲਏ ਤਾਂਕਿ ਅਸੀਂ ਰੋਜ਼ ਇਕ ਆਇਤ ’ਤੇ ਚਰਚਾ ਕਰ ਸਕੀਏ। ਰੋਜ਼ ਕੋਈ-ਨਾ-ਕੋਈ ਸੁਝਾਅ ਦਿੰਦਾ ਸੀ ਕਿ ਕਿਹੜੀ ਆਇਤ ’ਤੇ ਚਰਚਾ ਕਰਨੀ ਸੀ। ਇੱਦਾਂ ਸਾਡਾ ਸਾਰਿਆਂ ਦਾ ਬਹੁਤ ਹੌਸਲਾ ਵਧਿਆ।

ਫਿਰ ਨਿਗਰਾਨ ਨੇ ਸਾਨੂੰ ਦੂਜੇ ਕੈਦੀਆਂ ਤੋਂ ਵੱਖ ਕਰ ਦਿੱਤਾ। ਇਕ ਗਾਰਡ ਨੇ ਸਾਨੂੰ ਚੋਰੀ-ਛਿਪੇ ਕਿਹਾ: “ਸਰਕਾਰ ਤੁਹਾਨੂੰ ਨਫ਼ਰਤ ਨਹੀਂ ਕਰਦੀ। ਪਰ ਸਰਕਾਰ ਨੂੰ ਡਰ ਹੈ ਕਿ ਯੰਗ ਪਾਇਨੀਅਰ ਕਿਤੇ ਤੁਹਾਨੂੰ ਮਾਰ ਨਾ ਦੇਣ। ਨਾਲੇ ਤੁਸੀਂ ਭਵਿੱਖ ਵਿਚ ਹੋਣ ਵਾਲੀ ਇਕ ਲੜਾਈ ਦਾ ਪ੍ਰਚਾਰ ਕਰਦੇ ਹੋ ਜਿਸ ਕਰਕੇ ਸਰਕਾਰ ਨੂੰ ਫ਼ਿਕਰ ਹੈ ਕਿ ਕਿਤੇ ਫ਼ੌਜੀ ਡਰ ਕੇ ਨੱਠ ਨਾ ਜਾਣ।”

ਇਕ ਮੁਕੱਦਮੇ ਤੋਂ ਬਾਅਦ ਭਰਾਵਾਂ ਨੂੰ ਲਿਜਾਂਦੇ ਹੋਏ

ਫਿਰ ਅਕਤੂਬਰ 1984 ਵਿਚ ਸਾਨੂੰ ਸਾਰਿਆਂ ਨੂੰ ਅਦਾਲਤ ਵਿਚ ਪੇਸ਼ ਹੋਣਾ ਪਿਆ। ਹਰੇਕ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਗਈ। ਪਹਿਲਾਂ ਵਾਂਗ ਹੀ ਸਾਨੂੰ ਗਵਾਹਾਂ ਨੂੰ ਦੂਜੇ ਕੈਦੀਆਂ ਨਾਲ ਜੇਲ੍ਹ ਵਿਚ ਕੈਦ ਕੀਤਾ ਗਿਆ। ਪਰ ਜੇਲ੍ਹ ਦੇ ਨਿਗਰਾਨ ਨੇ ਸਾਰਿਆਂ ਨੂੰ ਕਿਹਾ: “ਯਹੋਵਾਹ ਦੇ ਗਵਾਹ ਸਿਗਰਟ ਨਹੀਂ ਪੀਂਦੇ। ਇਸ ਲਈ ਪਹਿਰੇਦਾਰੋ, ਨਾ ਤਾਂ ਉਨ੍ਹਾਂ ਕੋਲੋਂ ਸਿਗਰਟ ਮੰਗਣੀ ਅਤੇ ਨਾ ਹੀ ਉਨ੍ਹਾਂ ਨੂੰ ਸਿਗਰਟਾਂ ਜਲਾਉਣ ਲਈ ਬਲ਼ਦਾ ਕੋਲਾ ਲੈਣ ਲਈ ਭੇਜਣਾ। ਇਹ ਰੱਬ ਦੇ ਲੋਕ  ਹਨ! ਯਹੋਵਾਹ ਦੇ ਸਾਰੇ ਗਵਾਹਾਂ ਨੂੰ ਦਿਹਾੜੀ ਵਿਚ ਦੋ ਵਾਰ ਖਾਣਾ ਮਿਲਣਾ ਚਾਹੀਦਾ ਹੈ ਕਿਉਂਕਿ ਉਹ ਇੱਥੇ ਕਿਸੇ ਜੁਰਮ ਕਰਕੇ ਨਹੀਂ, ਸਗੋਂ ਬਾਈਬਲ ਦੀਆਂ ਸਿੱਖਿਆਵਾਂ ’ਤੇ ਚੱਲਣ ਕਰਕੇ ਕੈਦ ਹਨ।”

ਸਾਨੂੰ ਆਪਣੀ ਨੇਕਨਾਮੀ ਦੇ ਬਹੁਤ ਸਾਰੇ ਫ਼ਾਇਦੇ ਹੋਏ। ਹਨੇਰਾ ਜਾਂ ਬਰਸਾਤ ਹੋਣ ਤੇ ਪਹਿਰੇਦਾਰ ਕੈਦੀਆਂ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੰਦੇ ਸਨ। ਪਰ ਸਾਨੂੰ ਬਿਲਡਿੰਗ ਤੋਂ ਬਾਹਰ ਜਾਣ ਦੀ ਇਜਾਜ਼ਤ ਸੀ ਕਿਉਂਕਿ ਉਨ੍ਹਾਂ ਨੂੰ ਭਰੋਸਾ ਸੀ ਕਿ ਅਸੀਂ ਭੱਜਣ ਦੀ ਕੋਸ਼ਿਸ਼ ਨਹੀਂ ਕਰਾਂਗੇ। ਮਿਸਾਲ ਲਈ, ਇਕ ਵਾਰ ਜਦ ਅਸੀਂ ਖੇਤਾਂ ਵਿਚ ਕੰਮ ਕਰ ਰਹੇ ਸੀ, ਤਾਂ ਸਾਡੇ ’ਤੇ ਨਜ਼ਰ ਰੱਖਣ ਵਾਲਾ ਪਹਿਰੇਦਾਰ ਬੀਮਾਰ ਪੈ ਗਿਆ। ਉਸ ਦੇ ਇਲਾਜ ਲਈ ਅਸੀਂ ਉਸ ਨੂੰ ਚੁੱਕ ਕੇ ਜੇਲ੍ਹ ਵਿਚ ਵਾਪਸ ਲਿਆਏ। ਜੇਲ੍ਹ ਦੇ ਅਧਿਕਾਰੀ ਜਾਣਦੇ ਸਨ ਕਿ ਅਸੀਂ ਭਰੋਸੇ ਦੇ ਲਾਇਕ ਸੀ। ਇਸ ਤਰ੍ਹਾਂ, ਸਾਡੇ ਚੰਗੇ ਚਾਲ-ਚਲਣ ਕਾਰਨ ਅਸੀਂ ਪਹਿਰੇਦਾਰਾਂ ਦੇ ਮੂੰਹੋਂ ਯਹੋਵਾਹ ਦੇ ਨਾਂ ਦੀ ਵਡਿਆਈ ਹੁੰਦੀ ਦੇਖੀ।—1 ਪਤ. 2:12. *

ਦੁਬਾਰਾ ਤੋਂ ਚੰਗਾ ਸਮਾਂ

11 ਮਈ 1985 ਵਿਚ ਮੈਨੂੰ ਡਜ਼ਾਲੀਕਾ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ। ਆਪਣੇ ਪਰਿਵਾਰ ਨੂੰ ਦੁਬਾਰਾ ਮਿਲ ਕੇ ਮੇਰੀ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ! ਅਸੀਂ ਯਹੋਵਾਹ ਦਾ ਸ਼ੁਕਰੀਆ ਕੀਤਾ ਕਿ ਉਸ ਨੇ ਔਖੀਆਂ ਘੜੀਆਂ ਵਿਚ ਵਫ਼ਾਦਾਰੀ ਬਣਾਈ ਰੱਖਣ ਵਿਚ ਸਾਡੀ ਮਦਦ ਕੀਤੀ। ਉਸ ਵਕਤ ਬਾਰੇ ਸੋਚ ਕੇ ਸਾਨੂੰ ਪੌਲੁਸ ਰਸੂਲ ਵਾਂਗ ਮਹਿਸੂਸ ਹੁੰਦਾ ਹੈ ਜਿਸ ਨੇ ਲਿਖਿਆ: ‘ਭਰਾਵੋ, ਅਸੀਂ ਤੁਹਾਨੂੰ ਉਨ੍ਹਾਂ ਮੁਸੀਬਤਾਂ ਬਾਰੇ ਦੱਸਣਾ ਚਾਹੁੰਦੇ ਹਾਂ ਜਿਹੜੀਆਂ ਅਸੀਂ ਝੱਲੀਆਂ ਸਨ। ਸਾਨੂੰ ਆਪਣੇ ਬਚਣ ਦੀ ਕੋਈ ਉਮੀਦ ਨਜ਼ਰ ਨਹੀਂ ਆ ਰਹੀ ਸੀ। ਅਸਲ ਵਿਚ, ਸਾਨੂੰ ਪੂਰਾ ਯਕੀਨ ਹੋ ਗਿਆ ਸੀ ਕਿ ਸਾਨੂੰ ਮੌਤ ਦੀ ਸਜ਼ਾ ਦਾ ਹੁਕਮ ਮਿਲ ਚੁੱਕਾ ਸੀ। ਇਹ ਇਸ ਕਰਕੇ ਹੋਇਆ ਤਾਂਕਿ ਅਸੀਂ ਆਪਣੇ ਉੱਤੇ ਨਹੀਂ, ਸਗੋਂ ਪਰਮੇਸ਼ੁਰ ਉੱਤੇ ਭਰੋਸਾ ਰੱਖੀਏ ਜਿਹੜਾ ਮਰੇ ਹੋਏ ਲੋਕਾਂ ਨੂੰ ਜੀਉਂਦਾ ਕਰਦਾ ਹੈ। ਉਸ ਨੇ ਸਾਨੂੰ ਦਰਦਨਾਕ ਮੌਤ ਤੋਂ ਬਚਾਇਆ।’—2 ਕੁਰਿੰ. 1:8-10.

2004 ਵਿਚ ਇਕ ਕਿੰਗਡਮ ਹਾਲ ਦੇ ਸਾਮ੍ਹਣੇ ਭਰਾ ਨਸੌਮਬਾ ਅਤੇ ਉਸ ਦੀ ਪਤਨੀ ਲਿਡਾਸੀ

ਵਾਕਈ, ਕਦੇ-ਕਦੇ ਸਾਨੂੰ ਆਪਣੇ ਜੀਉਂਦੇ ਬਚਣ ਦੀ ਕੋਈ ਉਮੀਦ ਨਜ਼ਰ ਨਹੀਂ ਸੀ ਆਉਂਦੀ। ਪਰ ਅਸੀਂ ਹਮੇਸ਼ਾ ਯਹੋਵਾਹ ਨੂੰ ਕਿਹਾ ਕਿ ਉਹ ਸਾਨੂੰ ਨਿਮਰ, ਦਲੇਰ ਅਤੇ ਬੁੱਧਵਾਨ ਬਣਨ ਵਿਚ ਮਦਦ ਦੇਵੇ ਤਾਂ ਜੋ ਅਸੀਂ ਉਸ ਦਾ ਮਹਾਨ ਨਾਂ ਰੌਸ਼ਨ ਕਰਦੇ ਰਹੀਏ।

ਯਹੋਵਾਹ ਨੇ ਆਪਣੀ ਸੇਵਾ ਵਿਚ ਸਾਨੂੰ “ਚੰਗੇ ਅਤੇ ਬੁਰੇ ਹਾਲਾਤਾਂ ਵਿਚ” ਬਰਕਤਾਂ ਨਾਲ ਨਿਵਾਜਿਆ ਹੈ। ਅੱਜ ਅਸੀਂ ਕਿੰਨੇ ਖ਼ੁਸ਼ ਹਾਂ ਕਿ ਸਾਲ 2,000 ਤਕ ਲਿਲੋਂਗਵੇ ਵਿਚ ਸਾਡਾ ਸੋਹਣਾ ਬ੍ਰਾਂਚ ਆਫ਼ਿਸ ਬਣ ਕੇ ਤਿਆਰ ਹੋ ਗਿਆ ਸੀ ਅਤੇ ਪੂਰੇ ਮਲਾਵੀ ਵਿਚ 1,000 ਤੋਂ ਜ਼ਿਆਦਾ ਨਵੇਂ ਕਿੰਗਡਮ ਹਾਲ ਬਣਾਏ ਗਏ ਹਨ! ਯਹੋਵਾਹ ਵੱਲੋਂ ਮਿਲੀਆਂ ਇਨ੍ਹਾਂ ਬਰਕਤਾਂ ਨੂੰ ਦੇਖ ਕੇ ਮੈਨੂੰ ਅਤੇ ਲਿਡਾਸੀ ਨੂੰ ਬਹੁਤ ਹੈਰਤ ਹੁੰਦੀ ਹੈ ਅਤੇ ਇੱਦਾਂ ਲੱਗਦਾ ਹੈ ਕਿ ਜਿੱਦਾਂ ਇਹ ਕੋਈ ਸੁਪਨਾ ਹੋਵੇ! *

^ ਪੈਰਾ 7 ਅੱਜ ਜਿਨ੍ਹਾਂ ਭਰਾਵਾਂ ਦੇ ਛੋਟੇ ਬੱਚੇ ਹਨ, ਉਨ੍ਹਾਂ ਨੂੰ ਸਰਕਟ ਕੰਮ ਕਰਨ ਦਾ ਸੱਦਾ ਨਹੀਂ ਦਿੱਤਾ ਜਾਂਦਾ।

^ ਪੈਰਾ 30 ਮਲਾਵੀ ਵਿਚ ਹੋਏ ਅਤਿਆਚਾਰ ਬਾਰੇ ਹੋਰ ਜਾਣਕਾਰੀ ਲੈਣ ਲਈ 1999 ਦੀ ਯਹੋਵਾਹ ਦੇ ਗਵਾਹਾਂ ਦੀ ਯੀਅਰ ਬੁੱਕ (ਅੰਗ੍ਰੇਜ਼ੀ), ਸਫ਼ੇ 171-223 ਦੇਖੋ।

^ ਪੈਰਾ 34 ਜਦ ਇਹ ਲੇਖ ਤਿਆਰ ਕੀਤਾ ਜਾ ਰਿਹਾ ਸੀ, ਤਾਂ ਭਰਾ ਟ੍ਰੌਫਿਮ ਨਸੌਮਬਾ ਗੁਜ਼ਰ ਗਏ।