Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਪਹਿਰਾਬੁਰਜ—ਸਟੱਡੀ ਐਡੀਸ਼ਨ  |  ਮਾਰਚ 2015

“ਇਹ ਸਭ ਤੇਰੀ ਮਰਜ਼ੀ ਅਨੁਸਾਰ ਹੋਇਆ ਹੈ”

“ਇਹ ਸਭ ਤੇਰੀ ਮਰਜ਼ੀ ਅਨੁਸਾਰ ਹੋਇਆ ਹੈ”

“ਤੂੰ ਇਹ ਗੱਲਾਂ ਬੁੱਧੀਮਾਨਾਂ ਅਤੇ ਗਿਆਨਵਾਨਾਂ ਤੋਂ ਲੁਕਾਈ ਰੱਖੀਆਂ, ਪਰ ਨਿਆਣਿਆਂ ਨੂੰ ਦੱਸੀਆਂ ਹਨ।”—ਲੂਕਾ 10:21.

1. ਯਿਸੂ ਕਿਉਂ ‘ਪਵਿੱਤਰ ਸ਼ਕਤੀ ਨਾਲ ਭਰ ਗਿਆ ਅਤੇ ਖ਼ੁਸ਼ੀ ਦੇ ਮਾਰੇ’ ਝੂਮ ਉੱਠਿਆ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ‘ਪਵਿੱਤਰ ਸ਼ਕਤੀ ਨਾਲ ਭਰੇ ਅਤੇ ਖ਼ੁਸ਼ੀ ਦੇ ਮਾਰੇ’ ਝੂਮ ਉੱਠੇ ਯਿਸੂ ਮਸੀਹ ਨੂੰ ਦੇਖ ਕੇ ਤੁਹਾਨੂੰ ਕਿੱਦਾਂ ਲੱਗਦਾ? ਸ਼ਾਇਦ ਉਸ ਦੇ ਚਿਹਰੇ ’ਤੇ ਰੌਣਕ ਸੀ ਤੇ ਉਸ ਦੀਆਂ ਅੱਖਾਂ ਵਿਚ ਚਮਕ ਸੀ। ਪਰ ਉਹ ਖ਼ੁਸ਼ ਕਿਉਂ ਸੀ? ਉਸ ਨੇ ਆਪਣੇ ਸੱਤਰ ਚੇਲਿਆਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਘੱਲਿਆ ਸੀ। ਇਸ ਕੰਮ ਦੇ ਦੁਸ਼ਮਣ ਬਹੁਤ ਤਾਕਤਵਰ ਸਨ, ਇਸ ਕਰਕੇ ਯਿਸੂ ਜਾਣਨਾ ਚਾਹੁੰਦਾ ਸੀ ਕਿ ਉਸ ਦੇ ਚੇਲੇ ਇਸ ਕੰਮ ਨੂੰ ਕਿਵੇਂ ਪੂਰਾ ਕਰਨਗੇ। ਇਨ੍ਹਾਂ ਦੁਸ਼ਮਣਾਂ ਵਿਚ ਬਹੁਤ ਪੜ੍ਹੇ-ਲਿਖੇ ਤੇ ਚਲਾਕ ਗ੍ਰੰਥੀ ਤੇ ਫ਼ਰੀਸੀ ਵੀ ਸਨ। ਉਹ ਚਾਹੁੰਦੇ ਸਨ ਕਿ ਲੋਕ ਯਿਸੂ ਨੂੰ ਸਿਰਫ਼ ਇਕ ਮਾਮੂਲੀ ਜਿਹਾ ਤਰਖਾਣ ਤੇ ਉਸ ਦੇ ਚੇਲਿਆਂ ਨੂੰ “ਘੱਟ ਪੜ੍ਹੇ-ਲਿਖੇ ਅਤੇ ਆਮ ਆਦਮੀ” ਸਮਝਣ। (ਰਸੂ. 4:13; ਮਰ. 6:3) ਦੁਸ਼ਟ ਦੂਤਾਂ ਨੇ ਵੀ ਉਨ੍ਹਾਂ ਦਾ ਵਿਰੋਧ ਕੀਤਾ ਸੀ। ਇਸ ਵਿਰੋਧ ਦੇ ਬਾਵਜੂਦ ਵੀ ਚੇਲੇ ਪ੍ਰਚਾਰ ਕਰ ਕੇ ਖ਼ੁਸ਼ੀ-ਖ਼ੁਸ਼ੀ ਮੁੜੇ। ਉਹ ਆਪਣੀ ਖ਼ੁਸ਼ੀ ਅਤੇ ਦਲੇਰੀ ਕਿਵੇਂ ਬਰਕਰਾਰ ਰੱਖ ਸਕੇ?—ਲੂਕਾ 10:1, 17-21 ਪੜ੍ਹੋ।

2. (ੳ) ਯਿਸੂ ਦੇ ਚੇਲੇ ਨਿਆਣਿਆਂ ਵਰਗੇ ਕਿਵੇਂ ਸਨ? (ਅ) ਯਿਸੂ ਦੇ ਚੇਲੇ ਕਿਵੇਂ ਬਾਈਬਲ ਦੀਆਂ ਡੂੰਘੀਆਂ ਗੱਲਾਂ ਸਮਝ ਸਕੇ?

2 ਯਿਸੂ ਨੇ ਯਹੋਵਾਹ ਨੂੰ ਕਿਹਾ: “ਹੇ ਪਿਤਾ, ਸਵਰਗ ਅਤੇ ਧਰਤੀ ਦੇ ਮਾਲਕ, ਮੈਂ ਸਾਰਿਆਂ ਸਾਮ੍ਹਣੇ ਤੇਰੀ ਵਡਿਆਈ ਕਰਦਾ ਹਾਂ, ਕਿਉਂਕਿ ਤੂੰ ਇਹ ਗੱਲਾਂ ਬੁੱਧੀਮਾਨਾਂ ਅਤੇ ਗਿਆਨਵਾਨਾਂ ਤੋਂ ਲੁਕਾਈ ਰੱਖੀਆਂ, ਪਰ ਨਿਆਣਿਆਂ ਨੂੰ ਦੱਸੀਆਂ ਹਨ। ਹੇ ਪਿਤਾ,  ਤੇਰੀ ਇਹੀ ਇੱਛਾ ਸੀ।” (ਮੱਤੀ 11:25, 26) ਯਿਸੂ ਨੇ ਆਪਣੇ ਚੇਲਿਆਂ ਨੂੰ ਨਿਆਣੇ ਕਿਉਂ ਕਿਹਾ ਸੀ? ਕਿਉਂਕਿ ਉਹ ਉਨ੍ਹਾਂ ਗ੍ਰੰਥੀਆਂ ਤੇ ਫ਼ਰੀਸੀਆਂ ਵਰਗੇ ਨਹੀਂ ਸਨ ਜੋ ਪੜ੍ਹੇ-ਲਿਖੇ ਸਨ ਤੇ ਆਪਣੀਆਂ ਹੀ ਨਜ਼ਰਾਂ ਵਿਚ ਬੁੱਧੀਮਾਨ ਸਨ। ਪਰ ਉਸ ਦੇ ਚੇਲੇ ਨਿਆਣਿਆਂ ਵਾਂਗ ਸਿੱਖਣ ਲਈ ਤਿਆਰ ਸਨ। ਘਮੰਡੀ ਹੋਣ ਦੀ ਬਜਾਇ ਉਨ੍ਹਾਂ ਨੇ ਨਿਮਰ ਬਣਨਾ ਸਿੱਖਿਆ। (ਮੱਤੀ 18:1-4) ਨਿਮਰ ਹੋਣ ਕਰਕੇ ਯਹੋਵਾਹ ਨੇ ਆਪਣੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਉਨ੍ਹਾਂ ਨੂੰ ਬਾਈਬਲ ਦੀਆਂ ਡੂੰਘੀਆਂ ਗੱਲਾਂ ਸਮਝਾਈਆਂ। ਪਰ ਘਮੰਡੀ ਯਹੂਦੀ ਧਾਰਮਿਕ ਆਗੂ ਸ਼ੈਤਾਨ ਅਤੇ ਆਪਣੇ ਘਮੰਡ ਕਰਕੇ ਬਾਈਬਲ ਦੀਆਂ ਡੂੰਘੀਆਂ ਗੱਲਾਂ ਤੋਂ ਅਣਜਾਣ ਰਹੇ।

3. ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?

3 ਇਸ ਵਿਚ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਯਿਸੂ ਇੰਨਾ ਖ਼ੁਸ਼ ਕਿਉਂ ਸੀ! ਉਹ ਇਹ ਦੇਖ ਕੇ ਖ਼ੁਸ਼ ਸੀ ਕਿ ਯਹੋਵਾਹ ਨੇ ਕਿਸ ਤਰ੍ਹਾਂ ਸਾਫ਼ ਤੇ ਸੌਖੇ ਤਰੀਕੇ ਨਾਲ ਨਿਮਰ ਲੋਕਾਂ ਨੂੰ ਬਾਈਬਲ ਦੀਆਂ ਡੂੰਘੀਆਂ ਸੱਚਾਈਆਂ ਸਿਖਾਈਆਂ ਸਨ ਭਾਵੇਂ ਕਿ ਉਹ ਪੜ੍ਹੇ-ਲਿਖੇ ਸਨ ਜਾਂ ਨਹੀਂ। ਯਹੋਵਾਹ ਨੇ ਇਸ ਤਰੀਕੇ ਨੂੰ ਪਸੰਦ ਕੀਤਾ ਤੇ ਉਹ ਅੱਜ ਵੀ ਇਸੇ ਤਰ੍ਹਾਂ ਸਿਖਾ ਰਿਹਾ ਹੈ। ਕਿਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਸਾਨੂੰ ਸਾਫ਼ ਤੇ ਸੌਖੇ ਤਰੀਕੇ ਨਾਲ ਸਿਖਾਉਣਾ ਚਾਹੁੰਦਾ ਹੈ? ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਯਹੋਵਾਹ ਕਿਸ ਤਰ੍ਹਾਂ ਨਿਮਰ ਲੋਕਾਂ ਨੂੰ ਬਾਈਬਲ ਦੀਆਂ ਡੂੰਘੀਆਂ ਸੱਚਾਈਆਂ ਸਿਖਾਉਂਦਾ ਹੈ।

ਸਾਰਿਆਂ ਨੂੰ ਡੂੰਘੀਆਂ ਸੱਚਾਈਆਂ ਸਮਝਾਉਣਾ

4. ਪਹਿਰਾਬੁਰਜ ਦਾ ਸੌਖਾ ਐਡੀਸ਼ਨ ਕਈਆਂ ਲਈ ਇਕ ਤੋਹਫ਼ਾ ਕਿਉਂ ਹੈ?

4 ਹਾਲ ਹੀ ਦੇ ਸਾਲਾਂ ਵਿਚ ਯਹੋਵਾਹ ਦੇ ਸੰਗਠਨ ਨੇ ਬਾਈਬਲ ਦੀਆਂ ਸਿੱਖਿਆਵਾਂ ਨੂੰ ਹੋਰ ਵੀ ਸਾਫ਼ ਤੇ ਸੌਖੇ ਤਰੀਕੇ ਨਾਲ ਸਮਝਾਉਣ ’ਤੇ ਜ਼ੋਰ ਦਿੱਤਾ ਹੈ। ਆਓ ਆਪਾਂ ਤਿੰਨ ਮਿਸਾਲਾਂ ’ਤੇ ਗੌਰ ਕਰੀਏ। ਪਹਿਲੀ, ਪਹਿਰਾਬੁਰਜ ਦਾ ਸੌਖਾ ਐਡੀਸ਼ਨ। * ਇਸ ਤੋਹਫ਼ੇ ਦੀ ਮਦਦ ਨਾਲ ਉਨ੍ਹਾਂ ਲੋਕਾਂ ਦੀ ਮਦਦ ਹੋਈ ਹੈ ਜੋ ਘੱਟ ਪੜ੍ਹੇ-ਲਿਖੇ ਹਨ ਜਾਂ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਭਾਸ਼ਾ ਨਹੀਂ ਆਉਂਦੀ। ਕੁਝ ਪਰਿਵਾਰਾਂ ਨੇ ਦੇਖਿਆ ਹੈ ਕਿ ਇਸ ਸੌਖੇ ਐਡੀਸ਼ਨ ਕਰਕੇ ਉਨ੍ਹਾਂ ਦੇ ਬੱਚੇ ਹੁਣ ਪਹਿਰਾਬੁਰਜ ਨੂੰ ਹੋਰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਬਹੁਤ ਸਾਰੇ ਭੈਣਾਂ-ਭਰਾਵਾਂ ਨੇ ਪ੍ਰਬੰਧਕ ਸਭਾ ਨੂੰ ਚਿੱਠੀਆਂ ਲਿਖ ਕੇ ਧੰਨਵਾਦ ਕੀਤਾ ਹੈ। ਇਕ ਭੈਣ ਨੇ ਦੱਸਿਆ ਕਿ ਉਸ ਨੂੰ ਪਹਿਰਾਬੁਰਜ ਸਟੱਡੀ ਵਿਚ ਪਹਿਲਾਂ ਜਵਾਬ ਦਿੰਦਿਆਂ ਡਰ ਲੱਗਦਾ ਹੁੰਦਾ ਸੀ। ਪਰ ਹੁਣ ਨਹੀਂ! ਹੁਣ ਉਹ ਸੌਖਾ ਐਡੀਸ਼ਨ ਵਰਤਦੀ ਹੈ ਤੇ ਦੱਸਦੀ ਹੈ: “ਹੁਣ ਮੈਂ ਇਕ ਤੋਂ ਜ਼ਿਆਦਾ ਟਿੱਪਣੀਆਂ ਦਿੰਦੀ ਹਾਂ ਤੇ ਮੈਨੂੰ ਡਰ ਵੀ ਨਹੀਂ ਲੱਗਦਾ! ਮੈਂ ਤੁਹਾਡਾ ਤੇ ਯਹੋਵਾਹ ਦਾ ਧੰਨਵਾਦ ਕਰਦੀ ਹਾਂ।”

5. ਬਾਈਬਲ ਦੇ ਰਿਵਾਈਜ਼ਡ ਐਡੀਸ਼ਨ ਵਿਚ ਕਿਹੜੀਆਂ ਕੁਝ ਖੂਬੀਆਂ ਹਨ?

5 ਦੂਜੀ, 5 ਅਕਤੂਬਰ 2013 ਨੂੰ ਹੋਈ ਸਾਲਾਨਾ ਮੀਟਿੰਗ ਵਿਚ ਅੰਗ੍ਰੇਜ਼ੀ ਵਿਚ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ ਰਿਵਾਈਜ਼ਡ ਐਡੀਸ਼ਨ ਰਿਲੀਜ਼ ਕੀਤਾ ਗਿਆ। * ਹੁਣ ਬਹੁਤ ਸਾਰੀਆਂ ਆਇਤਾਂ ਵਿਚ ਥੋੜ੍ਹੇ ਸ਼ਬਦ ਪਾਏ ਗਏ ਹਨ, ਪਰ ਇਨ੍ਹਾਂ ਆਇਤਾਂ ਦਾ ਮਤਲਬ ਬਦਲਿਆ ਨਹੀਂ ਹੈ ਅਤੇ ਸਮਝਣਾ ਹੋਰ ਵੀ ਸੌਖਾ ਹੋ ਗਿਆ ਹੈ। ਮਿਸਾਲ ਲਈ, ਅੱਯੂਬ 10:1 ਵਿਚ ਪਹਿਲਾਂ 27 ਸ਼ਬਦ ਸਨ, ਪਰ ਹੁਣ 19 ਸ਼ਬਦ ਹਨ ਅਤੇ ਕਹਾਉਤਾਂ 8:6 ਵਿਚ ਪਹਿਲਾਂ 20 ਸ਼ਬਦ ਸਨ, ਪਰ ਹੁਣ 13 ਸ਼ਬਦ ਹਨ। ਦੋਵੇਂ ਆਇਤਾਂ ਹੋਰ ਵੀ ਸਾਫ਼-ਸਾਫ਼ ਸਮਝ ਆਉਂਦੀਆਂ ਹਨ। ਇਕ ਚੁਣਿਆ ਹੋਇਆ ਭਰਾ, ਜੋ ਬਹੁਤ ਸਾਲਾਂ ਤੋਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਿਹਾ ਹੈ, ਦੱਸਦਾ ਹੈ: “ਜਦ ਮੈਂ ਰਿਵਾਈਜ਼ਡ ਐਡੀਸ਼ਨ ਵਿਚ ਅੱਯੂਬ ਦੀ ਕਿਤਾਬ ਪੜ੍ਹੀ, ਤਾਂ ਮੈਨੂੰ ਲੱਗਾ ਜਿਵੇਂ ਪਹਿਲੀ ਵਾਰ ਮੈਨੂੰ ਇਹ ਸਮਝ ਲੱਗੀ ਹੋਵੇ!” ਬਹੁਤ ਸਾਰੇ ਲੋਕਾਂ ਨੇ ਇਸੇ ਤਰ੍ਹਾਂ ਕਿਹਾ ਹੈ।

6. ਮੱਤੀ 24:45-47 ਸੰਬੰਧੀ ਸਾਡੀ ਸਮਝ ਵਿਚ ਕੀਤੇ ਸੁਧਾਰ ਬਾਰੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ?

6 ਤੀਜੀ, ਜ਼ਰਾ ਉਨ੍ਹਾਂ ਕੁਝ ਆਇਤਾਂ ਬਾਰੇ ਸੋਚੋ ਜਿਨ੍ਹਾਂ ਬਾਰੇ ਹਾਲ ਹੀ ਦੇ ਸਾਲਾਂ ਵਿਚ ਸਾਡੀ ਸਮਝ ਵਿਚ ਸੁਧਾਰ ਕੀਤਾ ਗਿਆ ਹੈ। ਮਿਸਾਲ ਲਈ, 15 ਜੁਲਾਈ  2013 ਦੇ ਪਹਿਰਾਬੁਰਜ ਵਿਚ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਬਾਰੇ ਸਾਡੀ ਸਮਝ ਵਿਚ ਸੁਧਾਰ ਕੀਤਾ ਗਿਆ ਸੀ। (ਮੱਤੀ 24:45-47) ਇਸ ਲੇਖ ਵਿਚ ਸਮਝਾਇਆ ਗਿਆ ਸੀ ਕਿ ਵਫ਼ਾਦਾਰ ਨੌਕਰ ਅਸਲ ਵਿਚ ਪ੍ਰਬੰਧਕ ਸਭਾ ਹੈ। ਨਾਲੇ “ਨੌਕਰਾਂ-ਚਾਕਰਾਂ” ਵਿਚ ਸਾਰੇ ਚੁਣੇ ਹੋਏ ਮਸੀਹੀ ਅਤੇ “ਹੋਰ ਭੇਡਾਂ” ਸ਼ਾਮਲ ਹਨ ਜਿਨ੍ਹਾਂ ਨੂੰ ਵਫ਼ਾਦਾਰ ਨੌਕਰ ਵੱਲੋਂ ਪਰਮੇਸ਼ੁਰ ਦਾ ਗਿਆਨ ਮਿਲਦਾ ਹੈ। (ਯੂਹੰ. 10:16) ਸਾਨੂੰ ਇਹ ਗੱਲਾਂ ਸਿੱਖ ਕੇ ਤੇ ਦੂਜਿਆਂ ਨੂੰ ਸਿਖਾ ਕੇ ਬਹੁਤ ਖ਼ੁਸ਼ੀ ਮਿਲਦੀ ਹੈ! ਹੋਰ ਕਿਹੜੇ ਤਰੀਕੇ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਸਾਨੂੰ ਸਾਫ਼ ਤੇ ਸੌਖੇ ਤਰੀਕੇ ਨਾਲ ਸਿਖਾਉਣਾ ਚਾਹੁੰਦਾ ਹੈ?

ਬਾਈਬਲ ਦੇ ਬਿਰਤਾਂਤਾਂ ਦੀ ਹੋਰ ਸੌਖੀ ਸਮਝ

7, 8. ਬਾਈਬਲ ਦੇ ਬਿਰਤਾਂਤਾਂ ਦੀਆਂ ਕੁਝ ਮਿਸਾਲਾਂ ਦਿਓ ਜਿਨ੍ਹਾਂ ਦਾ ਸੰਬੰਧ ਭਵਿੱਖ ਵਿਚ ਹੋਣ ਵਾਲੀਆਂ ਗੱਲਾਂ ਨਾਲ ਸੀ।

7 ਜੇ ਤੁਸੀਂ ਕਾਫ਼ੀ ਸਾਲਾਂ ਤੋਂ ਯਹੋਵਾਹ ਦੀ ਸੇਵਾ ਕਰ ਰਹੇ ਹੋ, ਤਾਂ ਤੁਸੀਂ ਸ਼ਾਇਦ ਦੇਖਿਆ ਹੋਣਾ ਕਿ ਸਾਡੇ ਪ੍ਰਕਾਸ਼ਨਾਂ ਵਿਚ ਬਾਈਬਲ ਦੇ ਕੁਝ ਬਿਰਤਾਂਤਾਂ ਨੂੰ ਸਮਝਾਉਣ ਦਾ ਤਰੀਕਾ ਬਦਲਿਆ ਹੈ। ਪਹਿਲਾਂ ਅਸੀਂ ਆਮ ਤੌਰ ਤੇ ਆਪਣੇ ਪ੍ਰਕਾਸ਼ਨਾਂ ਵਿਚ ਬਾਈਬਲ ਵਿਚ ਦਰਜ ਬਹੁਤ ਸਾਰੀਆਂ ਘਟਨਾਵਾਂ, ਵਿਅਕਤੀਆਂ, ਥਾਵਾਂ ਜਾਂ ਚੀਜ਼ਾਂ ਦੀ ਤੁਲਨਾ ਭਵਿੱਖ ਵਿਚ ਵਾਪਰਨ ਵਾਲੀਆਂ ਘਟਨਾਵਾਂ ਜਾਂ ਵਿਅਕਤੀਆਂ, ਥਾਵਾਂ ਜਾਂ ਚੀਜ਼ਾਂ ਨਾਲ ਕਰਦੇ ਸੀ। ਕੀ ਬਾਈਬਲ ਦੇ ਬਿਰਤਾਂਤਾਂ ਨੂੰ ਇਸ ਤਰ੍ਹਾਂ ਸਮਝਾਉਣਾ ਸਹੀ ਸੀ? ਬਿਲਕੁਲ। ਮਿਸਾਲ ਲਈ, ਯਿਸੂ ਨੇ “ਯੂਨਾਹ ਨਬੀ ਦੀ ਨਿਸ਼ਾਨੀ” ਬਾਰੇ ਦੱਸਿਆ ਸੀ। (ਮੱਤੀ 12:39, 40 ਪੜ੍ਹੋ।) ਯਿਸੂ ਨੇ ਸਮਝਾਇਆ ਸੀ ਕਿ ਯੂਨਾਹ ਦਾ ਮੱਛੀ ਦੇ ਢਿੱਡ ਵਿਚ ਰਹਿਣ ਦਾ ਸਮਾਂ ਯਿਸੂ ਦੇ ਕਬਰ ਵਿਚ ਰਹਿਣ ਦੇ ਸਮੇਂ ਨੂੰ ਦਰਸਾਉਂਦਾ ਸੀ।

8 ਇਸੇ ਤਰ੍ਹਾਂ ਬਾਈਬਲ ਦੇ ਹੋਰ ਵੀ ਬਿਰਤਾਂਤ ਹਨ ਜਿਨ੍ਹਾਂ ਦਾ ਸੰਬੰਧ ਭਵਿੱਖ ਵਿਚ ਹੋਣ ਵਾਲੀਆਂ ਗੱਲਾਂ ਨਾਲ ਜੋੜਿਆ ਜਾਂਦਾ ਸੀ। ਪੌਲੁਸ ਰਸੂਲ ਨੇ ਇਸ ਤਰ੍ਹਾਂ ਦੇ ਕਾਫ਼ੀ ਬਾਈਬਲ ਬਿਰਤਾਂਤਾਂ ਬਾਰੇ ਸਮਝਾਇਆ ਸੀ। ਮਿਸਾਲ ਲਈ, ਅਬਰਾਹਾਮ ਦਾ ਹਾਜਰਾ ਤੇ ਸਾਰਾਹ ਨਾਲ ਜੋ ਰਿਸ਼ਤਾ ਸੀ, ਉਹ ਯਹੋਵਾਹ ਦੇ ਇਜ਼ਰਾਈਲ ਕੌਮ ਅਤੇ ਫਿਰ ਪਰਮੇਸ਼ੁਰ ਦੇ ਸਵਰਗੀ ਸੰਗਠਨ ਨਾਲ ਰਿਸ਼ਤੇ ਨੂੰ ਦਰਸਾਉਂਦਾ ਹੈ। (ਗਲਾ. 4:22-26) ਇਸੇ ਤਰ੍ਹਾਂ ਡੇਰਾ, ਮੰਦਰ, ਪ੍ਰਾਸਚਿਤ ਦਾ ਦਿਨ, ਮਹਾਂ ਪੁਜਾਰੀ ਅਤੇ ਕਾਨੂੰਨ ਵਿਚ ਦੱਸੀਆਂ ਹੋਰ ਕਈ ਚੀਜ਼ਾਂ “ਆਉਣ ਵਾਲੀਆਂ ਚੰਗੀਆਂ ਚੀਜ਼ਾਂ ਦਾ ਪਰਛਾਵਾਂ” ਸਨ। (ਇਬ. 9:23-25; 10:1) ਜਦੋਂ ਅਸੀਂ ਬਾਈਬਲ ਦੇ ਇਨ੍ਹਾਂ ਬਿਰਤਾਂਤਾਂ ਦੀ ਸਟੱਡੀ ਕਰਦੇ ਹਾਂ ਤੇ ਸਿੱਖਦੇ ਹਾਂ ਕਿ ਇਹ ਕਿਨ੍ਹਾਂ ਨੂੰ ਦਰਸਾਉਂਦੇ ਹਨ, ਤਾਂ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ। ਪਰ ਕੀ ਇਸ ਦਾ ਇਹ ਮਤਲਬ ਹੈ ਕਿ ਬਾਈਬਲ ਵਿਚ ਜ਼ਿਕਰ ਕੀਤਾ ਗਿਆ ਹਰ ਵਿਅਕਤੀ, ਘਟਨਾ ਅਤੇ ਚੀਜ਼ ਕਿਸੇ ਹੋਰ ਵਿਅਕਤੀ ਜਾਂ ਚੀਜ਼ ਨੂੰ ਦਰਸਾਉਂਦਾ ਹੈ?

9. ਪਹਿਲਾਂ ਨਾਬੋਥ ਦੇ ਬਿਰਤਾਂਤ ਨੂੰ ਕਿਵੇਂ ਸਮਝਾਇਆ ਜਾਂਦਾ ਸੀ?

9 ਪਹਿਲਾਂ ਸਾਡੇ ਪ੍ਰਕਾਸ਼ਨਾਂ ਵਿਚ ਸਮਝਾਇਆ ਜਾਂਦਾ ਸੀ ਕਿ ਕੁਝ ਬਿਰਤਾਂਤਾਂ ਵਿਚ ਹਰ ਇਕ ਵਿਅਕਤੀ, ਘਟਨਾ ਜਾਂ ਚੀਜ਼ ਕਿਸੇ ਹੋਰ ਵਿਅਕਤੀ, ਘਟਨਾ ਜਾਂ ਚੀਜ਼ ਨੂੰ ਦਰਸਾਉਂਦੀ ਹੈ। ਮਿਸਾਲ ਲਈ, ਦੁਸ਼ਟ ਰਾਣੀ ਈਜ਼ਬਲ ਨੇ ਨਾਬੋਥ ਨੂੰ ਮਰਵਾ ਦਿੱਤਾ ਤਾਂਕਿ ਈਜ਼ਬਲ ਦਾ ਪਤੀ ਅਹਾਬ ਨਾਬੋਥ ਦਾ ਅੰਗੂਰੀ ਬਾਗ਼ ਲੈ ਸਕੇ। (1 ਰਾਜ. 21:1-16) 1932 ਦੇ ਪਹਿਰਾਬੁਰਜ ਵਿਚ ਸਮਝਾਇਆ ਗਿਆ ਸੀ ਕਿ ਅਹਾਬ ਤੇ ਈਜ਼ਬਲ ਸ਼ੈਤਾਨ ਤੇ ਉਸ ਦੀ ਸੰਸਥਾ ਨੂੰ ਦਰਸਾਉਂਦੇ ਸਨ, ਨਾਬੋਥ ਯਿਸੂ ਨੂੰ ਦਰਸਾਉਂਦਾ ਸੀ ਅਤੇ ਨਾਬੋਥ ਦੀ ਮੌਤ ਯਿਸੂ ਦੀ ਮੌਤ ਨੂੰ ਦਰਸਾਉਂਦੀ ਸੀ। ਪਰ 1961 ਵਿਚ “ਤੇਰਾ ਨਾਮ ਪਾਕ ਮੰਨਿਆ ਜਾਵੇ” (ਅੰਗ੍ਰੇਜ਼ੀ) ਕਿਤਾਬ ਵਿਚ ਲਿਖਿਆ ਗਿਆ ਸੀ ਕਿ ਨਾਬੋਥ ਚੁਣੇ ਹੋਏ ਮਸੀਹੀਆਂ ਨੂੰ ਦਰਸਾਉਂਦਾ ਸੀ ਅਤੇ ਈਜ਼ਬਲ ਈਸਾਈ-ਜਗਤ ਨੂੰ ਦਰਸਾਉਂਦੀ ਸੀ। ਨਾਲੇ ਈਜ਼ਬਲ ਦੁਆਰਾ ਨਾਬੋਥ ਨੂੰ ਸਤਾਇਆ ਜਾਣਾ ਅੰਤ ਦੇ ਦਿਨਾਂ ਦੌਰਾਨ ਚੁਣੇ ਹੋਏ ਮਸੀਹੀਆਂ ਨੂੰ ਸਤਾਏ ਜਾਣ ਨੂੰ ਦਰਸਾਉਂਦਾ ਸੀ। ਬਹੁਤ ਸਾਲਾਂ ਤਕ ਇਸ ਤਰ੍ਹਾਂ ਦੀ ਜਾਣਕਾਰੀ ਨੇ ਪਰਮੇਸ਼ੁਰ ਦੇ ਲੋਕਾਂ ਦੀ ਨਿਹਚਾ ਮਜ਼ਬੂਤ ਕੀਤੀ ਹੈ। ਪਰ ਅੱਜ ਅਸੀਂ ਬਾਈਬਲ ਦੇ ਬਿਰਤਾਂਤਾਂ ਨੂੰ ਇਸ ਤਰੀਕੇ ਨਾਲ ਕਿਉਂ ਨਹੀਂ ਸਮਝਾਉਂਦੇ?

10. (ੳ) ਬਾਈਬਲ ਦੇ ਕੁਝ ਬਿਰਤਾਂਤਾਂ ਨੂੰ ਸਮਝਾਉਣ ਵੇਲੇ ਵਫ਼ਾਦਾਰ ਨੌਕਰ ਹੋਰ ਸਮਝਦਾਰੀ ਕਿਵੇਂ ਦਿਖਾਉਂਦਾ ਹੈ? (ਅ) ਅੱਜ ਸਾਡੇ ਪ੍ਰਕਾਸ਼ਨਾਂ ਵਿਚ ਕਿਹੜੀਆਂ ਗੱਲਾਂ ’ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ?

10 ਸਾਲਾਂ ਤੋਂ ਯਹੋਵਾਹ ਨੇ “ਵਫ਼ਾਦਾਰ ਅਤੇ  ਸਮਝਦਾਰ ਨੌਕਰ” ਦੀ ਹੋਰ ਸਮਝਦਾਰ ਬਣਨ ਵਿਚ ਮਦਦ ਕੀਤੀ ਹੈ। ਕਿਸ ਤਰੀਕੇ ਨਾਲ? ਹੁਣ ਵਫ਼ਾਦਾਰ ਨੌਕਰ ਸੋਚ-ਸਮਝ ਕੇ ਉਦੋਂ ਹੀ ਬਾਈਬਲ ਦੇ ਕਿਸੇ ਬਿਰਤਾਂਤ ਨੂੰ ਭਵਿੱਖ ਨਾਲ ਜੋੜਦਾ ਹੈ ਜਦੋਂ ਬਾਈਬਲ ਵਿਚ ਇਸ ਤਰ੍ਹਾਂ ਕਰਨ ਦਾ ਸਾਫ਼ ਕਾਰਨ ਦਿੱਤਾ ਗਿਆ ਹੁੰਦਾ ਹੈ। ਪਿਛਲੇ ਸਾਲਾਂ ਵਿਚ ਜਿਹੜੇ ਕੁਝ ਬਾਈਬਲ ਬਿਰਤਾਂਤਾਂ ਦਾ ਸੰਬੰਧ ਭਵਿੱਖ ਨਾਲ ਜੋੜਿਆ ਜਾਂਦਾ ਸੀ, ਉਨ੍ਹਾਂ ਨੂੰ ਸਮਝਣਾ, ਯਾਦ ਰੱਖਣਾ ਤੇ ਲਾਗੂ ਕਰਨਾ ਔਖਾ ਸੀ। ਜਦੋਂ ਬਾਈਬਲ ਦੇ ਬਿਰਤਾਂਤਾਂ ਦਾ ਸੰਬੰਧ ਭਵਿੱਖ ਨਾਲ ਜੋੜਨ ’ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਸੀ, ਤਾਂ ਇਨ੍ਹਾਂ ਬਿਰਤਾਂਤਾਂ ਤੋਂ ਅਸੀਂ ਕੋਈ ਸਬਕ ਨਹੀਂ ਸਿੱਖ ਪਾਉਂਦੇ ਸੀ। ਇਸ ਲਈ ਅੱਜ ਸਾਡੇ ਪ੍ਰਕਾਸ਼ਨਾਂ ਵਿਚ ਬਾਈਬਲ ਦੇ ਬਿਰਤਾਂਤਾਂ ਤੋਂ ਵਧੀਆ ਸਬਕ ਸਿੱਖਣ ’ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ। ਨਾਲੇ ਅਸੀਂ ਆਪਣੇ ਵਿਚ ਨਿਹਚਾ, ਧੀਰਜ, ਸ਼ਰਧਾ ਅਤੇ ਹੋਰ ਜ਼ਰੂਰੀ ਗੁਣ ਪੈਦਾ ਕਰ ਸਕਦੇ ਹਾਂ। *

ਨਾਬੋਥ ਦਾ ਬਿਰਤਾਂਤ ਸਾਨੂੰ ਵਧੀਆ ਸਬਕ ਸਿਖਾਉਂਦਾ ਹੈ (ਪੈਰਾ 11 ਦੇਖੋ)

11. (ੳ) ਹੁਣ ਨਾਬੋਥ ਦੇ ਬਿਰਤਾਂਤ ਬਾਰੇ ਸਾਡੀ ਕੀ ਸਮਝ ਹੈ ਤੇ ਉਸ ਦੀ ਮਿਸਾਲ ਸਾਡੀ ਕਿਵੇਂ ਮਦਦ ਕਰਦੀ ਹੈ? (ਅ) ਹਾਲ ਦੇ ਸਾਲਾਂ ਵਿਚ ਸਾਡੇ ਪ੍ਰਕਾਸ਼ਨਾਂ ਵਿਚ ਬਾਈਬਲ ਦੇ ਕੁਝ ਬਿਰਤਾਂਤਾਂ ਦਾ ਸੰਬੰਧ ਭਵਿੱਖ ਵਿਚ ਕਿਸੇ ਵਿਅਕਤੀ ਜਾਂ ਚੀਜ਼ ਨਾਲ ਘੱਟ ਹੀ ਕਿਉਂ ਜੋੜਿਆ ਜਾਂਦਾ ਹੈ? (ਇਸ ਅੰਕ ਵਿਚ “ਪਾਠਕਾਂ ਵੱਲੋਂ ਸਵਾਲ” ਦੇਖੋ।)

11 ਨਾਬੋਥ ਦਾ ਬਿਰਤਾਂਤ ਹੁਣ ਸਾਨੂੰ ਹੋਰ ਚੰਗੀ ਤਰ੍ਹਾਂ ਸਮਝ ਆਉਂਦਾ ਹੈ। ਨਾਬੋਥ ਇਸ ਕਰਕੇ ਨਹੀਂ ਸੀ ਮਰਿਆ ਕਿਉਂਕਿ ਉਹ ਯਿਸੂ ਜਾਂ ਚੁਣੇ ਹੋਏ ਮਸੀਹੀਆਂ ਨੂੰ ਦਰਸਾਉਂਦਾ ਸੀ। ਇਸ ਦੀ ਬਜਾਇ, ਉਹ ਇਸ ਕਰਕੇ ਮਰਿਆ ਸੀ ਕਿਉਂਕਿ ਉਸ ਨੇ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਦਾ ਪੱਕਾ ਇਰਾਦਾ ਕੀਤਾ ਸੀ। ਉਸ ਨੇ ਤਾਕਤਵਰ ਈਜ਼ਬਲ ਤੇ ਅਹਾਬ ਦੇ ਸਖ਼ਤ ਵਿਰੋਧ ਦੇ ਬਾਵਜੂਦ ਵੀ ਯਹੋਵਾਹ ਦਾ ਕਾਨੂੰਨ ਨਹੀਂ ਤੋੜਿਆ। (ਗਿਣ. 36:7; 1 ਰਾਜ. 21:3) ਨਾਬੋਥ ਪਰਮੇਸ਼ੁਰ ਦੇ ਉਨ੍ਹਾਂ ਸੇਵਕਾਂ ਲਈ ਕਿੰਨੀ ਹੀ ਬਿਹਤਰੀਨ ਮਿਸਾਲ ਹੈ ਜਿਨ੍ਹਾਂ ਨੂੰ ਅੱਜ ਸ਼ਾਇਦ ਅਤਿਆਚਾਰ ਸਹਿਣਾ ਪੈਂਦਾ ਹੈ। (2 ਤਿਮੋਥਿਉਸ 3:12 ਪੜ੍ਹੋ।) ਸਾਰੇ ਮਸੀਹੀ ਇਸ ਸਬਕ ਨੂੰ ਸਮਝ ਸਕਦੇ ਹਨ, ਇਸ ਨੂੰ ਯਾਦ ਰੱਖ ਕੇ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਸਕਦੇ ਹਨ ਅਤੇ ਉਹ ਆਪਣੀ ਨਿਹਚਾ ਮਜ਼ਬੂਤ ਕਰ ਸਕਦੇ ਹਨ।

12. (ੳ) ਸਾਨੂੰ ਬਾਈਬਲ ਦੇ ਬਿਰਤਾਂਤਾਂ ਬਾਰੇ ਕੀ ਸਿੱਟਾ ਨਹੀਂ ਕੱਢਣਾ ਚਾਹੀਦਾ? (ਅ) ਅਸੀਂ ਬਾਈਬਲ ਦੀਆਂ ਡੂੰਘੀਆਂ ਗੱਲਾਂ ਨੂੰ ਸਾਫ਼-ਸਾਫ਼ ਕਿਉਂ ਸਮਝ ਸਕਦੇ ਹਾਂ? (ਫੁਟਨੋਟ ਦੇਖੋ।)

12 ਕੀ ਸਾਨੂੰ ਇਹ ਸਿੱਟਾ ਕੱਢਣਾ ਚਾਹੀਦਾ ਹੈ ਕਿ ਬਾਈਬਲ ਦੇ ਬਿਰਤਾਂਤਾਂ ਵਿਚ ਸਿਰਫ਼ ਵਧੀਆ ਸਬਕ ਹੀ ਹਨ ਅਤੇ ਇਨ੍ਹਾਂ ਦਾ ਕੁਝ ਹੋਰ ਮਤਲਬ ਨਹੀਂ ਨਿਕਲਦਾ? ਨਹੀਂ। ਬਾਈਬਲ ਦੇ ਕੁਝ ਬਿਰਤਾਂਤਾਂ ਨੂੰ ਸਮਝਾਉਣ  ਲਈ ਇਨ੍ਹਾਂ ਦਾ ਸੰਬੰਧ ਆਉਣ ਵਾਲੇ ਸਮੇਂ ਵਿਚ ਕਿਸੇ ਵਿਅਕਤੀ ਜਾਂ ਚੀਜ਼ ਨਾਲ ਜੋੜਨ ਦੀ ਬਜਾਇ ਹੁਣ ਸਾਡੇ ਪ੍ਰਕਾਸ਼ਨਾਂ ਵਿਚ ਇਸ ਗੱਲ ’ਤੇ ਜ਼ੋਰ ਦਿੱਤਾ ਜਾਂਦਾ ਹੈ ਕਿ ਇਕ ਬਿਰਤਾਂਤ ਦੂਜੇ ਬਿਰਤਾਂਤ ਨਾਲ ਕਿਵੇਂ ਮੇਲ ਖਾਂਦਾ ਹੈ। ਮਿਸਾਲ ਲਈ, ਅਤਿਆਚਾਰ ਦੇ ਬਾਵਜੂਦ ਨਾਬੋਥ ਨੇ ਆਪਣੀ ਵਫ਼ਾਦਾਰੀ ਬਣਾਈ ਰੱਖੀ ਤੇ ਮੌਤ ਦਾ ਸਾਮ੍ਹਣਾ ਕੀਤਾ। ਨਾਬੋਥ ਦੀ ਵਫ਼ਾਦਾਰੀ ਸਾਨੂੰ ਮਸੀਹ ਅਤੇ ਚੁਣੇ ਹੋਏ ਮਸੀਹੀਆਂ ਦੀ ਵਫ਼ਾਦਾਰੀ ਯਾਦ ਕਰਾਉਂਦੀ ਹੈ। ਪਰ ਉਸ ਦੀ ਵਫ਼ਾਦਾਰੀ ਸਾਨੂੰ ਬਹੁਤ ਸਾਰੀਆਂ “ਹੋਰ ਭੇਡਾਂ” ਦੀ ਵੀ ਵਫ਼ਾਦਾਰੀ ਯਾਦ ਕਰਾਉਂਦੀ ਹੈ। ਇਸ ਤੋਂ ਸਾਨੂੰ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਸਾਨੂੰ ਕਿਵੇਂ ਸੌਖੇ ਤਰੀਕੇ ਨਾਲ ਸਿਖਾ ਰਿਹਾ ਹੈ। *

ਯਿਸੂ ਦੀਆਂ ਮਿਸਾਲਾਂ ਦੀ ਸੌਖੀ ਸਮਝ

13. ਕਿਹੜੀਆਂ ਉਦਾਹਰਣਾਂ ਤੋਂ ਪਤਾ ਲੱਗਦਾ ਹੈ ਕਿ ਅਸੀਂ ਹੁਣ ਯਿਸੂ ਦੀਆਂ ਕੁਝ ਮਿਸਾਲਾਂ ਨੂੰ ਹੋਰ ਸੌਖੇ ਤਰੀਕੇ ਨਾਲ ਸਮਝਾਉਂਦੇ ਹਾਂ?

13 ਯਿਸੂ ਮਸੀਹ ਦੁਨੀਆਂ ਦਾ ਸਭ ਤੋਂ ਵਧੀਆ ਸਿੱਖਿਅਕ ਸੀ। ਸਿਖਾਉਣ ਵੇਲੇ ਉਹ ਹਮੇਸ਼ਾ ਮਿਸਾਲਾਂ ਵਰਤਦਾ ਸੀ। (ਮੱਤੀ 13:34) ਮਿਸਾਲਾਂ ਬਹੁਤ ਹੀ ਅਸਰਕਾਰੀ ਹੁੰਦੀਆਂ ਹਨ ਕਿਉਂਕਿ ਇਹ ਔਖੀਆਂ ਤੋਂ ਔਖੀਆਂ ਗੱਲਾਂ ਨੂੰ ਆਸਾਨੀ ਨਾਲ ਸਮਝਾਉਂਦੀਆਂ ਹਨ ਜੋ ਸਾਨੂੰ ਸੋਚਣ ’ਤੇ ਮਜਬੂਰ ਕਰ ਸਕਦੀਆਂ ਹਨ ਅਤੇ ਸਾਡੇ ਦਿਲ ’ਤੇ ਗਹਿਰਾ ਅਸਰ ਪਾ ਸਕਦੀਆਂ ਹਨ। ਕਈ ਸਾਲਾਂ ਤੋਂ ਸਾਡੇ ਪ੍ਰਕਾਸ਼ਨਾਂ ਵਿਚ ਯਿਸੂ ਦੀਆਂ ਮਿਸਾਲਾਂ ਨੂੰ ਸੌਖੇ ਤਰੀਕੇ ਨਾਲ ਸਮਝਾਇਆ ਜਾਂਦਾ ਹੈ। ਉਦਾਹਰਣ ਲਈ, 15 ਜੁਲਾਈ 2008 ਦੇ ਪਹਿਰਾਬੁਰਜ ਦੀ ਮਦਦ ਨਾਲ ਅਸੀਂ ਯਿਸੂ ਦੁਆਰਾ ਦਿੱਤੀਆਂ ਖ਼ਮੀਰ, ਰਾਈ ਦੇ ਦਾਣੇ ਅਤੇ ਜਾਲ਼ ਦੀਆਂ ਮਿਸਾਲਾਂ ਨੂੰ ਹੋਰ ਵੀ ਚੰਗੀ ਤਰ੍ਹਾਂ ਸਮਝ ਸਕੇ ਹਾਂ। ਹੁਣ ਸਾਨੂੰ ਪਤਾ ਹੈ ਕਿ ਇਹ ਮਿਸਾਲਾਂ ਪਰਮੇਸ਼ੁਰ ਦੇ ਰਾਜ ਨੂੰ ਦਰਸਾਉਂਦੀਆਂ ਹਨ। ਇਨ੍ਹਾਂ ਮਿਸਾਲਾਂ ਨੇ ਬਹੁਤ ਸਾਰੇ ਲੋਕਾਂ ਦੀ ਸ਼ੈਤਾਨ ਦੀ ਬੁਰੀ ਦੁਨੀਆਂ ਨੂੰ ਛੱਡ ਕੇ ਯਿਸੂ ਦੇ ਚੇਲੇ ਬਣਨ ਵਿਚ ਮਦਦ ਕੀਤੀ ਹੈ।

14. (ੳ) ਅਸੀਂ ਦਿਆਲੂ ਸਾਮਰੀ ਦੀ ਮਿਸਾਲ ਨੂੰ ਕਿਵੇਂ ਸਮਝਾਉਂਦੇ ਹੁੰਦੇ ਸੀ? (ਅ) ਹੁਣ ਅਸੀਂ ਇਸ ਮਿਸਾਲ ਨੂੰ ਕਿਵੇਂ ਸਮਝਦੇ ਹਾਂ?

14 ਅਸੀਂ ਯਿਸੂ ਦੀਆਂ ਉਨ੍ਹਾਂ ਕਹਾਣੀਆਂ ਨੂੰ ਕਿਵੇਂ ਸਮਝ ਸਕਦੇ ਹਾਂ ਜਿਨ੍ਹਾਂ ਵਿਚ ਬਹੁਤ ਸਾਰੀਆਂ ਗੱਲਾਂ ਦੱਸੀਆਂ ਹਨ? ਯਿਸੂ ਦੀਆਂ ਕੁਝ ਕਹਾਣੀਆਂ ਭਵਿੱਖਬਾਣੀਆਂ ਹਨ, ਕੁਝ ਦਾ ਸੰਬੰਧ ਭਵਿੱਖ ਨਾਲ ਜੋੜਿਆ ਗਿਆ ਹੈ ਅਤੇ ਕੁਝ ਕਹਾਣੀਆਂ ਵਧੀਆ ਸਬਕ ਸਿਖਾਉਂਦੀਆਂ ਹਨ। ਪਰ ਸਾਨੂੰ ਕਿਵੇਂ ਪਤਾ ਹੈ ਕਿ ਕਿਹੜੀ ਕਹਾਣੀ ਦਾ ਸੰਬੰਧ ਭਵਿੱਖ ਨਾਲ ਹੈ ਤੇ ਕਿਹੜੀ ਦਾ ਨਹੀਂ? ਸਮੇਂ ਦੇ ਬੀਤਣ ਨਾਲ ਇਸ ਦਾ ਜਵਾਬ ਹੋਰ ਵੀ ਸਾਫ਼ ਹੋਇਆ ਹੈ। ਮਿਸਾਲ ਲਈ, ਸੋਚੋ ਕਿ ਅਸੀਂ ਪਹਿਲਾਂ ਕਿਸ ਤਰੀਕੇ ਨਾਲ ਦਿਆਲੂ ਸਾਮਰੀ ਬੰਦੇ ਦੀ ਮਿਸਾਲ ਨੂੰ ਸਮਝਾਉਂਦੇ ਹੁੰਦੇ ਸੀ। (ਲੂਕਾ 10:30-37) 1924 ਦੇ ਪਹਿਰਾਬੁਰਜ ਵਿਚ ਦੱਸਿਆ ਗਿਆ ਸੀ ਕਿ ਸਾਮਰੀ ਬੰਦਾ ਯਿਸੂ ਨੂੰ ਦਰਸਾਉਂਦਾ ਸੀ। ਯਰੂਸ਼ਲਮ ਤੋਂ ਯਰੀਹੋ ਨੂੰ ਜਾਂਦੀ ਸੜਕ ਅਦਨ ਦੇ ਬਾਗ਼ ਵਿਚ ਹੋਈ ਬਗਾਵਤ ਕਰਕੇ ਇਨਸਾਨਾਂ ਦੀ ਹੋਈ ਮਾੜੀ ਹਾਲਤ ਨੂੰ ਦਰਸਾਉਂਦੀ ਸੀ। ਨਾਲੇ ਲੁਟੇਰੇ ਵੱਡੀਆਂ-ਵੱਡੀਆਂ ਸੰਸਥਾਵਾਂ ਤੇ ਲਾਲਚੀ ਵਪਾਰੀਆਂ ਨੂੰ ਅਤੇ ਪੁਜਾਰੀ ਤੇ ਲੇਵੀ ਈਸਾਈ-ਜਗਤ ਨੂੰ ਦਰਸਾਉਂਦੇ ਸਨ। ਪਰ ਅੱਜ ਸਾਡੇ ਪ੍ਰਕਾਸ਼ਨਾਂ ਵਿਚ ਇਸ ਮਿਸਾਲ ਰਾਹੀਂ ਸਾਰੇ ਮਸੀਹੀਆਂ ਨੂੰ ਯਾਦ ਕਰਾਇਆ ਜਾਂਦਾ ਹੈ ਕਿ ਸਾਨੂੰ ਪੱਖਪਾਤ ਨਹੀਂ ਕਰਨਾ ਚਾਹੀਦਾ। ਸਾਨੂੰ ਸਾਰੇ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ, ਖ਼ਾਸ ਕਰਕੇ ਲੋਕਾਂ ਨੂੰ ਸੱਚਾਈ ਸਿਖਾ ਕੇ। ਇਹ ਦੇਖ ਕੇ ਸਾਨੂੰ ਖ਼ੁਸ਼ੀ ਮਿਲਦੀ ਹੈ ਕਿ ਯਹੋਵਾਹ ਕਿਵੇਂ ਸੱਚਾਈ ਨੂੰ ਸਾਫ਼ ਤੇ ਸੌਖੇ ਤਰੀਕੇ ਨਾਲ ਸਮਝਾਉਂਦਾ ਹੈ।

15. ਅਸੀਂ ਅਗਲੇ ਲੇਖ ਵਿਚ ਕਿਸ ਗੱਲ ’ਤੇ ਚਰਚਾ ਕਰਾਂਗੇ?

15 ਅਗਲੇ ਲੇਖ ਵਿਚ ਅਸੀਂ ਦਸ ਕੁਆਰੀਆਂ ਬਾਰੇ ਯਿਸੂ ਦੀ ਮਿਸਾਲ ’ਤੇ ਚਰਚਾ ਕਰਾਂਗੇ। (ਮੱਤੀ 25:1-13) ਯਿਸੂ ਇਸ ਵਧੀਆ ਮਿਸਾਲ ਦੇ ਰਾਹੀਂ ਆਖ਼ਰੀ ਦਿਨਾਂ ਵਿਚ ਆਪਣੇ ਚੇਲਿਆਂ ਨੂੰ ਕਿਹੜੀ ਗੱਲ ਦੀ ਸਮਝ ਦੇਣੀ ਚਾਹੁੰਦਾ ਸੀ? ਕੀ ਮਿਸਾਲ ਵਿਚ ਦੱਸਿਆ ਹਰ ਵਿਅਕਤੀ, ਚੀਜ਼ ਅਤੇ ਘਟਨਾ ਭਵਿੱਖ ਵਿਚ ਕਿਸੇ ਨੂੰ ਦਰਸਾਉਂਦੀ ਹੈ? ਜਾਂ ਕੀ ਉਹ ਚਾਹੁੰਦਾ ਸੀ ਕਿ ਅਸੀਂ ਇਸ ਮਿਸਾਲ ਤੋਂ ਵਧੀਆ ਸਬਕ ਸਿੱਖੀਏ ਜੋ ਆਖ਼ਰੀ ਦਿਨਾਂ ਦੌਰਾਨ ਸਾਡੀ ਮਦਦ ਕਰਨਗੇ? ਆਓ ਆਪਾਂ ਦੇਖੀਏ।

^ ਪੈਰਾ 4 ਪਹਿਲੀ ਵਾਰ ਪਹਿਰਾਬੁਰਜ ਦਾ ਸੌਖਾ ਐਡੀਸ਼ਨ ਅੰਗ੍ਰੇਜ਼ੀ ਵਿਚ ਜੁਲਾਈ 2011 ਵਿਚ ਉਪਲਬਧ ਕਰਾਇਆ ਗਿਆ ਸੀ। ਉਸ ਤੋਂ ਬਾਅਦ ਇਹ ਕੁਝ ਹੋਰ ਭਾਸ਼ਾਵਾਂ ਵਿਚ ਉਪਲਬਧ ਕਰਾਇਆ ਗਿਆ ਹੈ।

^ ਪੈਰਾ 5 ਬਾਈਬਲ ਦਾ ਰਿਵਾਈਜ਼ਡ ਐਡੀਸ਼ਨ ਹੋਰ ਭਾਸ਼ਾਵਾਂ ਵਿਚ ਵੀ ਉਪਲਬਧ ਕਰਾਇਆ ਜਾਵੇਗਾ।

^ ਪੈਰਾ 10 ਮਿਸਾਲ ਲਈ, ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ (ਅੰਗ੍ਰੇਜ਼ੀ) ਕਿਤਾਬ ਵਿਚ ਬਾਈਬਲ ਦੇ ਅਲੱਗ-ਅਲੱਗ 14 ਕਿਰਦਾਰਾਂ ਦੀਆਂ ਜ਼ਿੰਦਗੀਆਂ ਬਾਰੇ ਦੱਸਿਆ ਗਿਆ ਹੈ। ਇਹ ਕਿਤਾਬ ਇਸ ਗੱਲ ’ਤੇ ਜ਼ੋਰ ਦਿੰਦੀ ਹੈ ਕਿ ਅਸੀਂ ਇਨ੍ਹਾਂ ਲੋਕਾਂ ਤੋਂ ਕਿਹੜੇ ਵਧੀਆ ਸਬਕ ਸਿੱਖ ਸਕਦੇ ਹਾਂ, ਨਾ ਕਿ ਕੌਣ ਕਿਸ ਨੂੰ ਦਰਸਾਉਂਦਾ ਹੈ।

^ ਪੈਰਾ 12 ਪਰਮੇਸ਼ੁਰ ਦੇ ਬਚਨ ਵਿਚ ਕੁਝ ਅਜਿਹੀਆਂ ਗੱਲਾਂ ਵੀ ਹਨ ਜੋ “ਸਮਝਣੀਆਂ ਔਖੀਆਂ ਹਨ,” ਜਿਵੇਂ ਕਿ ਪੌਲੁਸ ਦੀਆਂ ਕੁਝ ਚਿੱਠੀਆਂ। ਪਰ ਬਾਈਬਲ ਦੇ ਸਾਰੇ ਲਿਖਾਰੀਆਂ ਨੇ ਪਵਿੱਤਰ ਸ਼ਕਤੀ ਦੀ ਮਦਦ ਨਾਲ ਹੀ ਬਾਈਬਲ ਲਿਖੀ। ਅੱਜ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਸੱਚੇ ਮਸੀਹੀਆਂ ਨੂੰ ਬਾਈਬਲ, “ਇੱਥੋਂ ਤਕ ਕਿ ਪਰਮੇਸ਼ੁਰ ਦੇ ਡੂੰਘੇ ਭੇਤਾਂ” ਨੂੰ ਵੀ ਸਮਝਣ ਵਿਚ ਮਦਦ ਕਰਦੀ ਹੈ।—2 ਪਤ. 3:16, 17; 1 ਕੁਰਿੰ. 2:10.