Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਪਹਿਰਾਬੁਰਜ—ਸਟੱਡੀ ਐਡੀਸ਼ਨ  |  ਮਾਰਚ 2015

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਹਿਲਾਂ ਸਾਡੇ ਪ੍ਰਕਾਸ਼ਨਾਂ ਵਿਚ ਅਕਸਰ ਬਾਈਬਲ ਦੇ ਬਿਰਤਾਂਤਾਂ ਵਿਚਲੀਆਂ ਗੱਲਾਂ ਦਾ ਸੰਬੰਧ ਭਵਿੱਖ ਨਾਲ ਜੋੜਿਆ ਜਾਂਦਾ ਸੀ। ਪਰ ਹੁਣ ਇੱਦਾਂ ਘੱਟ ਹੀ ਕੀਤਾ ਜਾਂਦਾ ਹੈ। ਕਿਉਂ?

15 ਸਤੰਬਰ 1950 ਦੇ ਪਹਿਰਾਬੁਰਜ ਵਿਚ ਦੱਸਿਆ ਗਿਆ ਸੀ ਕਿ ਬਾਈਬਲ ਵਿਚ ਦਰਜ ਕੁਝ ਵਿਅਕਤੀ, ਘਟਨਾਵਾਂ ਜਾਂ ਚੀਜ਼ਾਂ ਭਵਿੱਖ ਵਿਚ ਵਿਅਕਤੀਆਂ, ਘਟਨਾਵਾਂ ਜਾਂ ਚੀਜ਼ਾਂ ਨੂੰ ਦਰਸਾਉਂਦੀਆਂ ਸਨ। ਬਾਈਬਲ ਦੇ ਬਿਰਤਾਂਤਾਂ ਵਿਚ ਦੱਸੀਆਂ ਗੱਲਾਂ ਨੂੰ ਆਉਣ ਵਾਲੀਆਂ ਚੀਜ਼ਾਂ ਦਾ ਪਰਛਾਵਾਂ ਕਿਹਾ ਜਾਂਦਾ ਹੈ ਤੇ ਉਨ੍ਹਾਂ ਗੱਲਾਂ ਦੁਆਰਾ ਦਰਸਾਏ ਗਏ ਵਿਅਕਤੀਆਂ ਜਾਂ ਚੀਜ਼ਾਂ ਨੂੰ ਅਸਲੀਅਤ ਕਿਹਾ ਜਾਂਦਾ ਹੈ।

ਮਿਸਾਲ ਲਈ, ਪਹਿਲਾਂ ਸਾਡੇ ਪ੍ਰਕਾਸ਼ਨਾਂ ਵਿਚ ਦੱਸਿਆ ਜਾਂਦਾ ਸੀ ਕਿ ਵਫ਼ਾਦਾਰ ਆਦਮੀ ਤੇ ਔਰਤਾਂ, ਜਿਵੇਂ ਕਿ ਅਲੀਹੂ, ਅੱਯੂਬ, ਦਬੋਰਾਹ, ਯਿਫ਼ਤਾਹ, ਰਾਹਾਬ, ਰਿਬਕਾਹ ਤੇ ਹੋਰ ਵਫ਼ਾਦਾਰ ਸੇਵਕ ਚੁਣੇ ਹੋਏ ਮਸੀਹੀਆਂ ਜਾਂ “ਵੱਡੀ ਭੀੜ” ਨੂੰ ਦਰਸਾਉਂਦੇ ਸਨ। (ਪ੍ਰਕਾ. 7:9) ਨਾਲੇ ਅਸੀਂ ਪਹਿਲਾਂ ਇਹ ਵੀ ਕਹਿੰਦੇ ਸੀ ਕਿ ਯਿਫ਼ਤਾਹ, ਅੱਯੂਬ ਤੇ ਰਿਬਕਾਹ ਚੁਣੇ ਹੋਏ ਮਸੀਹੀਆਂ ਨੂੰ ਦਰਸਾਉਂਦੇ ਸਨ ਅਤੇ ਦਬੋਰਾਹ ਤੇ ਰਾਹਾਬ “ਵੱਡੀ ਭੀੜ” ਦਾ ਪਰਛਾਵਾਂ ਸਨ। ਪਰ ਹਾਲ ਹੀ ਦੇ ਸਾਲਾਂ ਵਿਚ ਅਸੀਂ ਇਸ ਤਰ੍ਹਾਂ ਦੀ ਤੁਲਨਾ ਨਹੀਂ ਕੀਤੀ ਹੈ। ਕਿਉਂ?

ਪਰਛਾਵਾਂ

ਪ੍ਰਾਚੀਨ ਇਜ਼ਰਾਈਲ ਵਿਚ ਕੁਰਬਾਨ ਕੀਤਾ ਜਾਂਦਾ ਪਸਾਹ ਦਾ ਲੇਲਾ ਕਿਸੇ ਨੂੰ ਦਰਸਾਉਂਦਾ ਸੀ।—ਗਿਣ. 9:2

ਅਸਲੀਅਤ

ਪੌਲੁਸ ਨੇ ਦੱਸਿਆ ਸੀ ਕਿ ਮਸੀਹ ‘ਪਸਾਹ ਦਾ ਲੇਲਾ’ ਹੈ।—1 ਕੁਰਿੰ. 5:7

ਬਾਈਬਲ ਸਾਨੂੰ ਕੁਝ ਬਾਈਬਲ ਪਾਤਰਾਂ ਬਾਰੇ ਦੱਸਦੀ ਹੈ ਜੋ ਕਿਸੇ ਹੋਰ ਨੂੰ ਦਰਸਾਉਂਦੇ ਹਨ। ਮਿਸਾਲ ਲਈ, ਪੌਲੁਸ ਰਸੂਲ ਨੇ ਗਲਾਤੀਆਂ 4:21-31 ਵਿਚ ਦੋ ਔਰਤਾਂ ਦੀ ਗੱਲ ਕੀਤੀ ਹੈ। ਪਹਿਲੀ ਔਰਤ ਅਬਰਾਹਾਮ ਦੀ ਨੌਕਰਾਣੀ ਹਾਜਰਾ ਹੈ। ਪੌਲੁਸ ਸਮਝਾਉਂਦਾ ਹੈ ਕਿ ਉਹ ਇਜ਼ਰਾਈਲ ਕੌਮ ਨੂੰ ਦਰਸਾਉਂਦੀ ਹੈ ਜੋ ਮੂਸਾ ਦੇ ਕਾਨੂੰਨ ਰਾਹੀਂ ਪਰਮੇਸ਼ੁਰ ਨਾਲ ਬੰਧਨ ਵਿਚ ਬੱਝੀ ਹੋਈ ਸੀ। ਦੂਜੀ ਔਰਤ “ਆਜ਼ਾਦ ਤੀਵੀਂ” ਹੈ ਜੋ ਅਬਰਾਹਾਮ ਦੀ ਪਤਨੀ ਸਾਰਾਹ ਹੈ। ਉਹ ਪਰਮੇਸ਼ੁਰ ਦੀ ਪਤਨੀ ਯਾਨੀ ਪਰਮੇਸ਼ੁਰ ਦੇ ਸਵਰਗੀ ਸੰਗਠਨ ਨੂੰ ਦਰਸਾਉਂਦੀ ਹੈ। ਪੌਲੁਸ ਨੇ ਰਾਜੇ ਤੇ ਮਹਾਂ ਪੁਜਾਰੀ ਮਲਕਿਸਿਦਕ ਅਤੇ ਯਿਸੂ ਵਿਚ ਵੀ ਕਈ ਮਿਲਦੀਆਂ-ਜੁਲਦੀਆਂ ਗੱਲਾਂ ਦੱਸੀਆਂ ਹਨ। (ਇਬ. 6:20; 7:1-3) ਨਾਲੇ ਪੌਲੁਸ ਨੇ ਯਸਾਯਾਹ ਨਬੀ ਤੇ ਉਸ ਦੇ ਪੁੱਤਰਾਂ ਦੀ ਤੁਲਨਾ ਯਿਸੂ ਤੇ ਚੁਣੇ ਹੋਏ ਮਸੀਹੀਆਂ ਨਾਲ ਕੀਤੀ ਹੈ। (ਇਬ. 2:13, 14) ਯਹੋਵਾਹ ਨੇ ਪਵਿੱਤਰ ਸ਼ਕਤੀ ਨਾਲ ਪੌਲੁਸ ਨੂੰ ਇਸ ਤਰ੍ਹਾਂ ਦੀ ਤੁਲਨਾ ਕਰਨ ਲਈ ਪ੍ਰੇਰਿਤ ਕੀਤਾ ਸੀ। ਇਸ ਲਈ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਇਹ ਗੱਲਾਂ ਸਹੀ ਹਨ।

ਭਾਵੇਂ ਕਿ ਜਦੋਂ ਬਾਈਬਲ ਦੱਸਦੀ ਹੈ ਕਿ ਕੋਈ ਵਿਅਕਤੀ ਕਿਸੇ ਹੋਰ ਨੂੰ ਦਰਸਾਉਂਦਾ ਹੈ, ਤਾਂ ਵੀ ਸਾਨੂੰ ਇਹ ਨਹੀਂ ਮੰਨ ਲੈਣਾ ਚਾਹੀਦਾ ਕਿ ਵਿਅਕਤੀ ਦੀ ਜ਼ਿੰਦਗੀ ਦੀ ਹਰ ਗੱਲ ਜਾਂ ਘਟਨਾ ਭਵਿੱਖ ਵਿਚ ਕਿਸੇ-ਨਾ-ਕਿਸੇ ਨੂੰ ਦਰਸਾਉਂਦੀ ਹੈ। ਮਿਸਾਲ ਲਈ, ਪੌਲੁਸ ਨੇ ਸਮਝਾਇਆ ਕਿ ਮਲਕਿਸਿਦਕ ਯਿਸੂ ਨੂੰ ਦਰਸਾਉਂਦਾ ਹੈ। ਬਾਈਬਲ ਵਿਚ ਇਹ ਵੀ  ਦੱਸਿਆ ਹੈ ਕਿ ਜਦੋਂ ਅਬਰਾਹਾਮ ਚਾਰ ਰਾਜਿਆਂ ਨੂੰ ਹਰਾ ਕੇ ਮੁੜਿਆ ਸੀ, ਤਾਂ ਮਲਕਿਸਿਦਕ ਉਸ ਲਈ ਰੋਟੀ ਅਤੇ ਦਾਖਰਸ ਲੈ ਕੇ ਆਇਆ ਸੀ। ਪਰ ਪੌਲੁਸ ਨੇ ਇਸ ਘਟਨਾ ਬਾਰੇ ਕੁਝ ਨਹੀਂ ਕਿਹਾ ਸੀ। ਇਸ ਲਈ ਬਾਈਬਲ ਵਿਚ ਕੋਈ ਆਧਾਰ ਨਹੀਂ ਦਿੱਤਾ ਗਿਆ ਕਿ ਅਸੀਂ ਇਸ ਘਟਨਾ ਦਾ ਕੋਈ ਅਰਥ ਕੱਢੀਏ।—ਉਤ. 14:1, 18.

ਮਸੀਹ ਦੀ ਮੌਤ ਤੋਂ ਬਾਅਦ ਦੀਆਂ ਸਦੀਆਂ ਦੌਰਾਨ ਕੁਝ ਲੇਖਕਾਂ ਨੇ ਇਕ ਗੰਭੀਰ ਗ਼ਲਤੀ ਕੀਤੀ। ਉਨ੍ਹਾਂ ਨੇ ਬਾਈਬਲ ਦੇ ਲਗਭਗ ਹਰ ਬਿਰਤਾਂਤ ਦਾ ਸੰਬੰਧ ਭਵਿੱਖ ਵਿਚ ਕਿਸੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਦ ਇੰਟਰਨੈਸ਼ਨਲ ਸਟੈਂਡਡ ਬਾਈਬਲ ਐਨਸਾਈਕਲੋਪੀਡੀਆ ਔਰਿਜੇਨ, ਐਮਬਰੋਜ਼ ਤੇ ਜਰੋਮ ਦੀਆਂ ਸਿੱਖਿਆਵਾਂ ਨੂੰ ਸਮਝਾਉਂਦਾ ਹੈ: “ਉਨ੍ਹਾਂ ਨੇ ਬਾਈਬਲ ਵਿਚ ਦਰਜ ਹਰ ਛੋਟੀ ਤੋਂ ਛੋਟੀ ਘਟਨਾ ਦਾ ਸੰਬੰਧ ਜ਼ਬਰਦਸਤੀ ਭਵਿੱਖ ਵਿਚ ਕਿਸੇ ਚੀਜ਼ ਨਾਲ ਜੋੜਿਆ। ਉਨ੍ਹਾਂ ਨੇ ਸਾਧਾਰਣ ਤੋਂ ਸਾਧਾਰਣ ਤੇ ਆਮ ਹਾਲਾਤਾਂ ਬਾਰੇ ਵੀ ਸੋਚਿਆ ਕਿ ਇਨ੍ਹਾਂ ਵਿਚ ਵੀ ਕੋਈ ਗਹਿਰੀ ਸੱਚਾਈ ਛੁਪੀ ਹੋਈ ਹੈ . . . ਮਿਸਾਲ ਲਈ, ਦੁਬਾਰਾ ਜੀਉਂਦਾ ਹੋਇਆ ਮੁਕਤੀਦਾਤਾ ਜਿਸ ਰਾਤ ਚੇਲਿਆਂ ਸਾਮ੍ਹਣੇ ਪ੍ਰਗਟ ਹੋਇਆ ਸੀ, ਉਸ ਰਾਤ ਉਨ੍ਹਾਂ ਨੇ 153 ਮੱਛੀਆਂ ਫੜੀਆਂ ਸਨ, ਕੁਝ ਲੋਕਾਂ ਨੇ ਇਸ ਗਿਣਤੀ ਦਾ ਵੀ ਗਹਿਰਾ ਅਰਥ ਕੱਢਣ ਦੀ ਕੋਸ਼ਿਸ਼ ਕੀਤੀ।”

ਯਿਸੂ ਨੇ 5,000 ਆਦਮੀਆਂ ਨੂੰ ਜੌਂ ਦੀਆਂ ਪੰਜ ਰੋਟੀਆਂ ਤੇ ਦੋ ਮੱਛੀਆਂ ਖਿਲਾਈਆਂ ਸਨ। ਇਕ ਹੋਰ ਲਿਖਾਰੀ ਹਿੱਪੋ ਦੇ ਆਗਸਤੀਨ ਨੇ ਇਸ ਬਿਰਤਾਂਤ ਦੀ ਤੁਲਨਾ ਕਿਸੇ ਹੋਰ ਚੀਜ਼ ਨਾਲ ਕੀਤੀ। ਉਸ ਨੇ ਸਮਝਾਇਆ ਕਿ ਜੌਂ ਦੀਆਂ ਪੰਜ ਰੋਟੀਆਂ ਬਾਈਬਲ ਦੀਆਂ ਪਹਿਲੀਆਂ ਪੰਜ ਕਿਤਾਬਾਂ ਨੂੰ ਦਰਸਾਉਂਦੀਆਂ ਹਨ। ਜੌਂ ਨੂੰ ਕਣਕ ਨਾਲੋਂ ਘਟੀਆ ਸਮਝਿਆ ਜਾਂਦਾ ਸੀ, ਇਸ ਦਾ ਮਤਲਬ ਸੀ ਕਿ “ਪੁਰਾਣਾ ਨੇਮ” ‘ਨਵੇਂ ਨੇਮ’ ਨਾਲੋਂ ਘਟੀਆ ਸੀ। ਨਾਲੇ ਉਸ ਨੇ ਸਮਝਾਇਆ ਕਿ ਦੋ ਮੱਛੀਆਂ ਇਕ ਰਾਜੇ ਤੇ ਇਕ ਪੁਜਾਰੀ ਨੂੰ ਦਰਸਾਉਂਦੀਆਂ ਸਨ। ਇਕ ਹੋਰ ਵਿਦਵਾਨ ਉਸ ਬਿਰਤਾਂਤ ਨੂੰ ਸਮਝਾਉਂਦਾ ਹੈ ਜਿਸ ਵਿਚ ਯਾਕੂਬ ਨੇ ਏਸਾਓ ਕੋਲੋਂ ਲਾਲ ਦਾਲ ਦੇ ਬਦਲੇ ਜੇਠੇ ਹੋਣ ਦਾ ਹੱਕ ਖ਼ਰੀਦਿਆ ਸੀ। ਉਸ ਨੇ ਸਮਝਾਇਆ ਕਿ ਇਹ ਬਿਰਤਾਂਤ ਦਰਸਾਉਂਦਾ ਸੀ ਕਿ ਯਿਸੂ ਨੇ ਆਪਣੇ ਲਾਲ ਲਹੂ ਨਾਲ ਇਨਸਾਨਾਂ ਲਈ ਸਵਰਗੀ ਜੀਵਨ ਖ਼ਰੀਦਿਆ ਸੀ।

ਜੇ ਇਨ੍ਹਾਂ ਗੱਲਾਂ ’ਤੇ ਵਿਸ਼ਵਾਸ ਕਰਨਾ ਔਖਾ ਲੱਗਦਾ ਹੈ, ਤਾਂ ਤੁਸੀਂ ਸਮਝ ਸਕਦੇ ਹੋ ਕਿ ਇੱਦਾਂ ਕਿਉਂ ਹੈ। ਇਨਸਾਨ ਨਹੀਂ ਦੱਸ ਸਕਦੇ ਕਿ ਬਾਈਬਲ ਦੇ ਕਿਹੜੇ ਬਿਰਤਾਂਤ ਭਵਿੱਖ ਵਿਚ ਕਿਸੇ ਵਿਅਕਤੀ ਜਾਂ ਘਟਨਾ ਨੂੰ ਦਰਸਾਉਂਦੇ ਹਨ ਜਾਂ ਕਿਹੜੇ ਨਹੀਂ। ਇਸ ਲਈ ਕੀ ਕਰਨਾ ਵਧੀਆ ਹੈ? ਜਦੋਂ ਬਾਈਬਲ ਦੱਸਦੀ ਹੈ ਕਿ ਕੋਈ ਵਿਅਕਤੀ, ਘਟਨਾ ਜਾਂ ਚੀਜ਼ ਭਵਿੱਖ ਵਿਚ ਕਿਸੇ ਨੂੰ ਦਰਸਾਉਂਦੀ ਹੈ, ਤਾਂ ਸਾਨੂੰ ਇਸ ਗੱਲ ’ਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਪਰ ਜਦੋਂ ਬਾਈਬਲ ਵਿਚ ਇਸ ਤਰ੍ਹਾਂ ਕਰਨ ਦਾ ਕੋਈ ਆਧਾਰ ਨਹੀਂ ਹੁੰਦਾ, ਤਾਂ ਸਾਨੂੰ ਬਾਈਬਲ ਦੇ ਬਿਰਤਾਂਤਾਂ ਦਾ ਸੰਬੰਧ ਭਵਿੱਖ ਨਾਲ ਨਹੀਂ ਜੋੜਨਾ ਚਾਹੀਦਾ।

ਤਾਂ ਫਿਰ ਬਾਈਬਲ ਦੇ ਬਿਰਤਾਂਤਾਂ ਅਤੇ ਉਨ੍ਹਾਂ ਵਿਚ ਦਿੱਤੀਆਂ ਗੱਲਾਂ ਤੋਂ ਅਸੀਂ ਕਿਵੇਂ ਫ਼ਾਇਦਾ ਲੈ ਸਕਦੇ ਹਾਂ? ਪੌਲੁਸ ਰਸੂਲ ਨੇ ਲਿਖਿਆ: “ਜੋ ਵੀ ਪਹਿਲਾਂ ਲਿਖਿਆ ਗਿਆ ਸੀ, ਉਹ ਸਾਨੂੰ ਸਿੱਖਿਆ ਦੇਣ ਲਈ ਹੀ ਲਿਖਿਆ ਗਿਆ ਸੀ। ਇਹ ਸਿੱਖਿਆ ਮੁਸ਼ਕਲਾਂ ਦੌਰਾਨ ਧੀਰਜ ਰੱਖਣ ਵਿਚ ਸਾਡੀ ਮਦਦ ਕਰਦੀ ਹੈ ਅਤੇ ਸਾਨੂੰ ਧਰਮ-ਗ੍ਰੰਥ ਤੋਂ ਦਿਲਾਸਾ ਮਿਲਦਾ ਹੈ ਅਤੇ ਇਸ ਧੀਰਜ ਅਤੇ ਦਿਲਾਸੇ ਕਰਕੇ ਸਾਨੂੰ ਉਮੀਦ ਮਿਲਦੀ ਹੈ।” (ਰੋਮੀ. 15:4) ਪੌਲੁਸ ਨੇ ਪਹਿਲੀ ਸਦੀ ਦੇ ਚੁਣੇ ਹੋਏ ਮਸੀਹੀਆਂ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਬਾਈਬਲ ਦੇ ਬਿਰਤਾਂਤਾਂ ਤੋਂ ਕੀ ਫ਼ਾਇਦਾ ਹੋ ਸਕਦਾ ਸੀ। ਸੋ ਉਸ ਸਮੇਂ ਤੋਂ ਸਾਰੇ ਮਸੀਹੀ, ਜਿਨ੍ਹਾਂ ਵਿਚ “ਹੋਰ ਭੇਡਾਂ” ਵੀ ਹਨ, ਬਾਈਬਲ ਵਿਚ ਦੱਸੇ ਸਬਕਾਂ ਤੋਂ ਫ਼ਾਇਦਾ ਲੈ ਰਹੇ ਹਨ।—ਯੂਹੰ. 10:16; 2 ਤਿਮੋ. 3:1.

ਇਸ ਲਈ ਬਾਈਬਲ ਦੇ ਜ਼ਿਆਦਾਤਰ ਬਿਰਤਾਂਤ ਸਿਰਫ਼ ਚੁਣੇ ਹੋਏ ਮਸੀਹੀਆਂ, “ਹੋਰ ਭੇਡਾਂ” ਜਾਂ ਇਤਿਹਾਸ ਦੇ ਕਿਸੇ ਖ਼ਾਸ ਸਮੇਂ ਦੌਰਾਨ ਜੀ ਰਹੇ ਮਸੀਹੀਆਂ ’ਤੇ ਲਾਗੂ ਨਹੀਂ ਹੁੰਦੇ। ਇਸ ਦੀ ਬਜਾਇ, ਬਾਈਬਲ ਦੇ ਜ਼ਿਆਦਾਤਰ ਬਿਰਤਾਂਤਾਂ ਤੋਂ ਪਰਮੇਸ਼ੁਰ ਦੇ ਪੁਰਾਣੇ ਤੇ ਅੱਜ ਦੇ ਸਾਰੇ ਸੇਵਕਾਂ ਨੂੰ ਫ਼ਾਇਦਾ ਹੋਇਆ ਹੈ। ਮਿਸਾਲ ਲਈ, ਅੱਯੂਬ ਨੇ ਜੋ ਦੁੱਖ ਸਹੇ, ਉਹ ਸਿਰਫ਼ ਉਨ੍ਹਾਂ ਚੁਣੇ ਹੋਏ ਮਸੀਹੀਆਂ ਦੇ ਦੁੱਖਾਂ ਨੂੰ ਨਹੀਂ ਦਰਸਾਉਂਦੇ ਜਿਹੜੇ ਉਨ੍ਹਾਂ ਨੇ ਪਹਿਲੇ ਵਿਸ਼ਵ ਯੁੱਧ ਦੌਰਾਨ ਸਹੇ ਸਨ। ਪਰਮੇਸ਼ੁਰ ਦੇ ਬਹੁਤ ਸਾਰੇ ਚੁਣੇ ਹੋਏ ਮਸੀਹੀਆਂ ਅਤੇ “ਹੋਰ ਭੇਡਾਂ,” ਜਿਨ੍ਹਾਂ ਵਿਚ ਆਦਮੀ ਤੇ ਔਰਤਾਂ ਸ਼ਾਮਲ ਹਨ, ਨੇ ਅੱਯੂਬ ਵਾਂਗ ਦੁੱਖ ਸਹੇ ਹਨ। ਉਨ੍ਹਾਂ ਨੇ ਅੱਯੂਬ ਦੇ ਬਿਰਤਾਂਤ ਦੀ ਸਟੱਡੀ ਕਰ ਕੇ ਫ਼ਾਇਦਾ ਲਿਆ ਹੈ। ਉਨ੍ਹਾਂ ਨੂੰ ‘ਯਹੋਵਾਹ ਨੇ ਬੇਅੰਤ ਬਰਕਤਾਂ ਦਿੱਤੀਆਂ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਬਹੁਤ ਹੀ ਹਮਦਰਦ ਅਤੇ ਦਇਆਵਾਨ ਹੈ।’—ਯਾਕੂ. 5:11.

ਅੱਜ ਸਾਡੀਆਂ ਮੰਡਲੀਆਂ ਵਿਚ ਦਬੋਰਾਹ ਵਰਗੀਆਂ ਸਿਆਣੀਆਂ ਵਫ਼ਾਦਾਰ ਔਰਤਾਂ ਹੋਣ ਦੇ ਨਾਲ-ਨਾਲ ਬਜ਼ੁਰਗਾਂ ਵਜੋਂ ਸੇਵਾ ਕਰ ਰਹੇ ਨੌਜਵਾਨ ਵੀ ਹਨ ਜੋ ਅਲੀਹੂ ਵਾਂਗ ਸਮਝਦਾਰ ਹਨ। ਨਾਲੇ ਯਿਫ਼ਤਾਹ ਵਾਂਗ ਜੋਸ਼ੀਲੇ ਤੇ ਦਲੇਰ ਪਾਇਨੀਅਰ ਵੀ ਹਨ ਅਤੇ ਅੱਯੂਬ ਵਾਂਗ ਧੀਰਜ ਰੱਖਣ ਵਾਲੇ ਵਫ਼ਾਦਾਰ ਆਦਮੀ ਤੇ ਔਰਤਾਂ ਵੀ ਹਨ। ਅਸੀਂ ਇਸ ਗੱਲ ਦਾ ਸ਼ੁਕਰ ਕਰਦੇ ਹਾਂ ਕਿ ਯਹੋਵਾਹ ਨੇ ‘ਜੋ ਵੀ ਪਹਿਲਾਂ ਲਿਖਵਾਇਆ ਸੀ,’ ਅੱਜ ਅਸੀਂ ਉਸ ਨੂੰ ਪੜ੍ਹ ਸਕਦੇ ਹਾਂ। ਇਸ ਤਰ੍ਹਾਂ ਸਾਨੂੰ “ਧਰਮ-ਗ੍ਰੰਥ ਤੋਂ ਦਿਲਾਸਾ ਮਿਲਦਾ ਹੈ ਅਤੇ ਇਸ ਧੀਰਜ ਅਤੇ ਦਿਲਾਸੇ ਕਰਕੇ ਸਾਨੂੰ ਉਮੀਦ ਮਿਲਦੀ ਹੈ।”

ਇਨ੍ਹਾਂ ਕਾਰਨਾਂ ਕਰਕੇ ਅਸੀਂ ਬਾਈਬਲ ਦੇ ਹਰ ਬਿਰਤਾਂਤ ਦਾ ਨਾ ਹੀ ਮਤਲਬ ਕੱਢਣ ਤੇ ਨਾ ਹੀ ਇਸ ਦਾ ਸੰਬੰਧ ਭਵਿੱਖ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ। ਇਸ ਦੀ ਬਜਾਇ, ਸਾਡੇ ਪ੍ਰਕਾਸ਼ਨਾਂ ਵਿਚ ਇਸ ਗੱਲ ’ਤੇ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ ਕਿ ਅਸੀਂ ਬਾਈਬਲ ਦੇ ਬਿਰਤਾਂਤਾਂ ਤੋਂ ਕਿਹੜੇ ਸਬਕ ਸਿੱਖ ਸਕਦੇ ਹਾਂ।