Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਪਹਿਰਾਬੁਰਜ—ਸਟੱਡੀ ਐਡੀਸ਼ਨ  |  ਫਰਵਰੀ 2015

ਪ੍ਰਚਾਰ ਲਈ ਆਪਣਾ ਜੋਸ਼ ਬਣਾਈ ਰੱਖੋ

ਪ੍ਰਚਾਰ ਲਈ ਆਪਣਾ ਜੋਸ਼ ਬਣਾਈ ਰੱਖੋ

ਪੂਰੀ ਦੁਨੀਆਂ ਵਿਚ ਪ੍ਰਚਾਰ ਦਾ ਕੰਮ ਸਭ ਤੋਂ ਜ਼ਰੂਰੀ ਕੰਮ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਤੁਸੀਂ ਚੇਲੇ ਬਣਾਉਣ ਦੇ ਕੰਮ ਨੂੰ ਬੜੇ ਸਨਮਾਨ ਦੀ ਗੱਲ ਮੰਨਦੇ ਹੋ। ਪਰ ਤੁਸੀਂ ਇਸ ਗੱਲ ਨਾਲ ਜ਼ਰੂਰ ਸਹਿਮਤ ਹੋਵੋਗੇ ਕਿ ਪਾਇਨੀਅਰਾਂ ਅਤੇ ਪਬਲੀਸ਼ਰਾਂ ਨੂੰ ਪ੍ਰਚਾਰ ਲਈ ਆਪਣਾ ਜੋਸ਼ ਬਰਕਰਾਰ ਰੱਖਣ ਵਿਚ ਕਈ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ।

ਪ੍ਰਚਾਰ ਲਈ ਆਪਣਾ ਜੋਸ਼ ਬਰਕਰਾਰ ਰੱਖਣ ਵਿਚ ਕਿਹੜੀ ਗੱਲ ਤੁਹਾਡੀ ਮਦਦ ਕਰ ਸਕਦੀ ਹੈ?

ਘਰ-ਘਰ ਪ੍ਰਚਾਰ ਕਰਦੇ ਵੇਲੇ ਕਈ ਪਬਲੀਸ਼ਰਾਂ ਨੂੰ ਅਜਿਹੇ ਲੋਕ ਮਿਲਦੇ ਹਨ ਜੋ ਉਨ੍ਹਾਂ ਨਾਲ ਗੱਲਬਾਤ ਨਹੀਂ ਕਰਨੀ ਚਾਹੁੰਦੇ। ਬਹੁਤੇ ਘਰ-ਮਾਲਕ ਤਾਂ ਘਰੇ ਨਹੀਂ ਹੁੰਦੇ ਅਤੇ ਜੇ ਉਹ ਘਰ ਮਿਲਦੇ ਵੀ ਹਨ, ਤਾਂ ਉਹ ਸਾਡਾ ਸੰਦੇਸ਼ ਸੁਣਨਾ ਪਸੰਦ ਨਹੀਂ ਕਰਦੇ। ਕਈ ਗੁੱਸੇ ਵਿਚ ਆ ਜਾਂਦੇ ਹਨ। ਕਈ ਹੋਰ ਪਬਲੀਸ਼ਰ ਸੋਚਦੇ ਹਨ ਕਿ ਉਨ੍ਹਾਂ ਕੋਲ ਪ੍ਰਚਾਰ ਦਾ ਬਹੁਤ ਵੱਡਾ ਇਲਾਕਾ ਹੈ ਅਤੇ ਬਹੁਤ ਸਾਰੇ ਲੋਕ ਸੱਚਾਈ ਸਿੱਖਣੀ ਚਾਹੁੰਦੇ ਹਨ। ਪਰ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਇੰਨੇ ਸਾਰੇ ਲੋਕਾਂ ਨੂੰ ਕਦੇ ਪ੍ਰਚਾਰ ਨਹੀਂ ਕਰ ਸਕਣਗੇ। ਮੰਡਲੀ ਦੇ ਕਈ ਭੈਣ-ਭਰਾ ਕਿੰਨੇ ਹੀ ਸਾਲਾਂ ਤੋਂ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਨੇ ਕਦੀ ਸੋਚਿਆ ਵੀ ਨਹੀਂ ਹੋਣਾ ਕਿ ਉਨ੍ਹਾਂ ਨੂੰ ਇੰਨੇ ਲੰਬੇ ਸਮੇਂ ਤਕ ਪ੍ਰਚਾਰ ਕਰਨਾ ਪਵੇਗਾ ਜਿਸ ਕਰਕੇ ਉਹ ਨਿਰਾਸ਼ ਹੋ ਗਏ ਹਨ।

ਯਹੋਵਾਹ ਦੇ ਸਾਰੇ ਲੋਕਾਂ ਨੂੰ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਜਿਨ੍ਹਾਂ ਕਾਰਨ ਪ੍ਰਚਾਰ ਵਿਚ ਉਨ੍ਹਾਂ ਦਾ ਜੋਸ਼ ਠੰਢਾ ਪੈ ਸਕਦਾ ਹੈ। ਪਰ ਇਸ ਵਿਚ ਹੈਰਾਨੀ ਦੀ ਗੱਲ ਨਹੀਂ ਕਿਉਂਕਿ ਸਾਰੀ ਦੁਨੀਆਂ ਨੂੰ “ਉਸ ਦੁਸ਼ਟ” ਸ਼ੈਤਾਨ ਨੇ ਆਪਣੇ ਵੱਸ ਵਿਚ ਕੀਤਾ ਹੋਇਆ ਹੈ। ਇਸ ਲਈ ਸਾਨੂੰ ਇਹ ਉਮੀਦ ਨਹੀਂ ਰੱਖਣੀ ਚਾਹੀਦੀ ਕਿ ਖ਼ੁਸ਼ ਖ਼ਬਰੀ ਦਾ ਪ੍ਰਚਾਰ ਸੁਣਾਉਣਾ ਸੌਖਾ ਹੈ।1 ਯੂਹੰ. 5:19.

ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹੋਏ ਤੁਸੀਂ ਚਾਹੇ ਜਿਹੜੀਆਂ ਵੀ ਚੁਣੌਤੀਆਂ ਦਾ ਸਾਮ੍ਹਣਾ ਕਰਦੇ ਹੋ, ਯਕੀਨ ਰੱਖੋ ਕਿ ਇਨ੍ਹਾਂ ਦਾ ਸਾਮ੍ਹਣਾ ਕਰਨ ਵਿਚ ਯਹੋਵਾਹ ਤੁਹਾਡੀ ਮਦਦ ਕਰ ਸਕਦਾ ਹੈ। ਪਰ ਪ੍ਰਚਾਰ ਲਈ ਆਪਣਾ ਜੋਸ਼ ਬਰਕਰਾਰ ਰੱਖਣ ਲਈ ਤੁਸੀਂ ਕੀ ਕਰ ਸਕਦੇ ਹੋ? ਆਓ ਕੁਝ ਸੁਝਾਵਾਂ ’ਤੇ ਗੌਰ ਕਰੀਏ।

ਨਵੇਂ ਪ੍ਰਚਾਰਕਾਂ ਦੀ ਮਦਦ ਕਰੋ

ਹਰ ਸਾਲ ਹਜ਼ਾਰਾਂ ਲੋਕ ਬਪਤਿਸਮਾ ਲੈ ਕੇ ਯਹੋਵਾਹ ਦੇ ਗਵਾਹ ਬਣਦੇ ਹਨ। ਜੇ ਤੁਸੀਂ ਹੁਣੇ-ਹੁਣੇ ਬਪਤਿਸਮਾ ਲਿਆ ਹੈ, ਤਾਂ ਤੁਸੀਂ ਉਨ੍ਹਾਂ ਭੈਣਾਂ-ਭਰਾਵਾਂ ਤੋਂ ਬਹੁਤ ਕੁਝ ਸਿੱਖ ਸਕਦੇ ਹੋ ਜੋ ਕਈ ਸਾਲਾਂ ਤੋਂ ਪ੍ਰਚਾਰ ਕਰਦੇ ਆ ਰਹੇ ਹਨ। ਜੇ ਤੁਸੀਂ ਕਈ ਸਾਲਾਂ ਤੋਂ ਪ੍ਰਚਾਰ  ਕਰ ਰਹੇ ਹੋ, ਤਾਂ ਤੁਸੀਂ ਨਵੇਂ ਪ੍ਰਚਾਰਕਾਂ ਨੂੰ ਟ੍ਰੇਨਿੰਗ ਦੇ ਸਕਦੇ ਹੋ। ਇਸ ਤਰ੍ਹਾਂ ਕਰ ਕੇ ਤੁਹਾਨੂੰ ਬਹੁਤ ਖ਼ੁਸ਼ੀ ਹੋਵੇਗੀ।

ਯਿਸੂ ਜਾਣਦਾ ਸੀ ਕਿ ਉਸ ਦੇ ਚੇਲਿਆਂ ਨੂੰ ਤਜਰਬੇਕਾਰ ਪ੍ਰਚਾਰਕ ਬਣਨ ਲਈ ਟ੍ਰੇਨਿੰਗ ਦੀ ਲੋੜ ਸੀ, ਇਸ ਲਈ ਉਸ ਨੇ ਉਨ੍ਹਾਂ ਨੂੰ ਦਿਖਾਇਆ ਕਿ ਪ੍ਰਚਾਰ ਕਿਵੇਂ ਕਰਨਾ ਹੈ। (ਲੂਕਾ 8:1) ਇਸੇ ਤਰ੍ਹਾਂ ਅੱਜ ਵੀ ਨਵੇਂ ਪਬਲੀਸ਼ਰਾਂ ਨੂੰ ਟ੍ਰੇਨਿੰਗ ਦੀ ਲੋੜ ਹੈ ਤਾਂਕਿ ਉਹ ਅਸਰਦਾਰ ਤਰੀਕੇ ਨਾਲ ਪ੍ਰਚਾਰ ਕਰ ਸਕਣ।

ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਪ੍ਰਚਾਰ ਵਿਚ ਹਿੱਸਾ ਲੈ ਕੇ ਹੀ ਨਵਾਂ ਪਬਲੀਸ਼ਰ ਵਧੀਆ ਤਰੀਕੇ ਨਾਲ ਸਿਖਾਉਣ ਦੇ ਕਾਬਲ ਬਣ ਜਾਵੇਗਾ। ਉਸ ਨੂੰ ਇਸ ਤਰ੍ਹਾਂ ਦੇ ਸਾਥੀ ਦੀ ਲੋੜ ਹੈ ਜੋ ਉਸ ਨੂੰ ਪਿਆਰ ਨਾਲ ਟ੍ਰੇਨਿੰਗ ਦੇਵੇ। ਤਜਰਬੇਕਾਰ ਪਬਲੀਸ਼ਰ ਉਸ ਨੂੰ ਇਹ ਸਾਰੀਆਂ ਗੱਲਾਂ ਸਿਖਾਵੇਗਾ: (1) ਪੇਸ਼ਕਾਰੀ ਤਿਆਰ ਕਰ ਕੇ ਪ੍ਰੈਕਟਿਸ ਕਰਨੀ, (2) ਘਰ-ਮਾਲਕ ਜਾਂ ਆਉਂਦੇ-ਜਾਂਦੇ ਲੋਕਾਂ ਨਾਲ ਗੱਲ ਸ਼ੁਰੂ ਕਰਨੀ, (3) ਪ੍ਰਕਾਸ਼ਨ ਦੇਣੇ, (4) ਦਿਲਚਸਪੀ ਦਿਖਾਉਣ ਵਾਲਿਆਂ ਨੂੰ ਦੁਬਾਰਾ ਮਿਲਣਾ ਅਤੇ (5) ਬਾਈਬਲ ਸਟੱਡੀ ਸ਼ੁਰੂ ਕਰਨੀ। ਜੇ ਇਕ ਨਵਾਂ ਪਬਲੀਸ਼ਰ ਧਿਆਨ ਨਾਲ ਦੇਖਦਾ ਹੈ ਕਿ ਤਜਰਬੇਕਾਰ ਪਬਲੀਸ਼ਰ ਕਿਵੇਂ ਸਿਖਾਉਂਦਾ ਹੈ ਅਤੇ ਉਸ ਦੀ ਰੀਸ ਕਰਦਾ ਹੈ, ਤਾਂ ਉਹ ਅਸਰਦਾਰ ਪ੍ਰਚਾਰਕ ਬਣ ਸਕਦਾ ਹੈ। (ਲੂਕਾ 6:40) ਜਦੋਂ ਕੋਈ ਤਜਰਬੇਕਾਰ ਪਬਲੀਸ਼ਰ ਨਵੇਂ ਪਬਲੀਸ਼ਰ ਨਾਲ ਪ੍ਰਚਾਰ ਕਰਦਾ ਹੈ, ਤਾਂ ਨਵੇਂ ਪਬਲੀਸ਼ਰ ਨੂੰ ਭਰੋਸਾ ਹੁੰਦਾ ਹੈ ਕਿ ਲੋੜ ਪੈਣ ਤੇ ਉਸ ਦੀ ਮਦਦ ਕਰਨ ਲਈ ਕੋਈ ਉਸ ਦੇ ਨਾਲ ਹੈ। ਤਜਰਬੇਕਾਰ ਪਬਲੀਸ਼ਰ ਨਵੇਂ ਪਬਲੀਸ਼ਰ ਦੀ ਤਾਰੀਫ਼ ਕਰ ਕੇ ਅਤੇ ਉਸ ਨੂੰ ਵਧੀਆ ਸੁਝਾਅ ਦੇ ਕੇ ਵੀ ਉਸ ਦੀ ਮਦਦ ਕਰ ਸਕਦਾ ਹੈ।ਉਪ. 4:9, 10.

ਪ੍ਰਚਾਰ ਵਿਚ ਆਪਣੇ ਸਾਥੀ ਨਾਲ ਗੱਲਬਾਤ ਕਰੋ

ਕਈ ਵਾਰ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਪ੍ਰਚਾਰ ਵਿਚ ਤੁਹਾਡੀ ਕਿਸੇ ਨਾਲ ਵੀ ਵਧੀਆ ਗੱਲਬਾਤ ਨਹੀਂ ਹੁੰਦੀ, ਪਰ ਤੁਹਾਨੂੰ ਆਪਣੇ ਸਾਥੀ ਨਾਲ ਗੱਲਬਾਤ ਕਰ ਕੇ ਬਹੁਤ ਚੰਗਾ ਲੱਗਦਾ ਹੈ। ਯਾਦ ਕਰੋ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ “ਦੋ-ਦੋ ਕਰ ਕੇ” ਭੇਜਿਆ ਸੀ। (ਲੂਕਾ 10:1) ਇਕੱਠੇ ਪ੍ਰਚਾਰ ਕਰਨ ਨਾਲ ਉਹ ਇਕ-ਦੂਜੇ ਦਾ ਹੌਸਲਾ ਵਧਾ ਸਕੇ ਅਤੇ ਇਸ ਕੰਮ ਵਿਚ ਲੱਗੇ ਰਹਿਣ ਦੀ ਹੱਲਾਸ਼ੇਰੀ ਦੇ ਸਕੇ। ਪ੍ਰਚਾਰ ਵਿਚ ਆਪਣੇ ਸਾਥੀ ਨਾਲ ਸਮਾਂ ਬਿਤਾਉਣ ਨਾਲ ਸਾਨੂੰ ‘ਇਕ-ਦੂਜੇ ਦੀ ਨਿਹਚਾ ਤੋਂ ਹੌਸਲਾ ਪਾਉਣ’ ਦਾ ਮੌਕਾ ਮਿਲਦਾ ਹੈ।ਰੋਮੀ. 1:12.

ਤੁਸੀਂ ਇਕ-ਦੂਜੇ ਨਾਲ ਕਿਹੜੀਆਂ ਗੱਲਾਂ ਕਰ ਸਕਦੇ ਹੋ? ਕੀ ਹਾਲ ਹੀ ਦੇ ਸਮੇਂ ਤੁਹਾਡੇ ਦੋਵਾਂ ਵਿੱਚੋਂ ਕਿਸੇ ਨੂੰ ਪ੍ਰਚਾਰ ਵਿਚ ਕੋਈ ਵਧੀਆ ਤਜਰਬਾ ਹੋਇਆ ਹੈ? ਕੀ ਤੁਸੀਂ ਬਾਈਬਲ ਪੜ੍ਹਦੇ ਵੇਲੇ ਜਾਂ ਪਰਿਵਾਰਕ ਸਟੱਡੀ ਕਰਦੇ ਵੇਲੇ ਕੋਈ ਨਵੀਂ ਗੱਲ ਸਿੱਖੀ? ਕੀ ਮੀਟਿੰਗ ਵਿਚ ਤੁਹਾਨੂੰ ਕਿਸੇ ਗੱਲ ਤੋਂ ਹੌਸਲਾ ਮਿਲਿਆ? ਕਦੇ-ਕਦੇ ਤੁਸੀਂ ਕਿਸੇ ਅਜਿਹੇ ਭੈਣ-ਭਰਾ ਨਾਲ ਪ੍ਰਚਾਰ ਕਰਦੇ ਹੋ ਜਿਸ ਨਾਲ ਤੁਸੀਂ ਬਹੁਤੀ ਵਾਰ ਪ੍ਰਚਾਰ ਵਿਚ ਨਹੀਂ ਗਏ ਹੁੰਦੇ। ਕੀ ਤੁਹਾਨੂੰ ਪਤਾ ਕਿ ਉਹ ਸੱਚਾਈ ਵਿਚ ਕਿਵੇਂ ਆਇਆ? ਉਸ ਨੂੰ ਕਿਸ ਗੱਲ ਕਰਕੇ ਭਰੋਸਾ ਹੋਇਆ ਕਿ ਇਹੀ ਯਹੋਵਾਹ ਦਾ ਸੰਗਠਨ ਹੈ? ਉਸ ਕੋਲ ਕਿਹੜੇ ਸਨਮਾਨ ਹਨ? ਉਸ ਨੂੰ ਯਹੋਵਾਹ ਦੀ ਸੇਵਾ ਵਿਚ ਕਿਹੜੇ ਤਜਰਬੇ  ਹੋਏ ਹਨ? ਤੁਸੀਂ ਵੀ ਉਸ ਨਾਲ ਆਪਣੇ ਤਜਰਬੇ ਸਾਂਝੇ ਕਰ ਸਕਦੇ ਹੋ। ਪ੍ਰਚਾਰ ਵਿਚ ਲੋਕ ਚਾਹੇ ਜੋ ਵੀ ਰਵੱਈਆ ਦਿਖਾਉਣ, ਪਰ ਕਿਸੇ ਭੈਣ-ਭਰਾ ਨਾਲ ਪ੍ਰਚਾਰ ਕਰ ਕੇ ਤੁਹਾਨੂੰ ‘ਇਕ-ਦੂਜੇ ਨੂੰ ਮਜ਼ਬੂਤ ਕਰਨ’ ਦਾ ਮੌਕਾ ਮਿਲਦਾ ਹੈ।1 ਥੱਸ. 5:11.

ਸਟੱਡੀ ਕਰਨ ਦੀ ਵਧੀਆ ਆਦਤ ਪਾਓ

ਪ੍ਰਚਾਰ ਵਿਚ ਆਪਣੇ ਜੋਸ਼ ਨੂੰ ਬਣਾਈ ਰੱਖਣ ਲਈ ਸਾਨੂੰ ਸਟੱਡੀ ਕਰਨ ਦੀ ਵਧੀਆ ਆਦਤ ਹੋਣੀ ਚਾਹੀਦੀ ਹੈ। “ਵਫ਼ਾਦਾਰ ਅਤੇ ਸਮਝਦਾਰ ਨੌਕਰ” ਨੇ ਅਲੱਗ-ਅਲੱਗ ਵਿਸ਼ਿਆਂ ’ਤੇ ਬਹੁਤ ਸਾਰੀ ਜਾਣਕਾਰੀ ਦਿੱਤੀ ਹੈ ਜਿਨ੍ਹਾਂ ਦੀ ਅਸੀਂ ਸਟੱਡੀ ਕਰ ਸਕਦੇ ਹਾਂ। (ਮੱਤੀ 24:45) ਆਓ ਆਪਾਂ ਇਸ ਤਰ੍ਹਾਂ ਦੇ ਇਕ ਵਿਸ਼ੇ ’ਤੇ ਧਿਆਨ ਦੇਈਏ: ਪ੍ਰਚਾਰ ਕਰਨਾ ਇੰਨਾ ਜ਼ਰੂਰੀ ਕਿਉਂ ਹੈ? ਇਸ ਦੇ ਕਈ ਕਾਰਨ “ਪ੍ਰਚਾਰ ਲਈ ਆਪਣਾ ਜੋਸ਼ ਬਰਕਰਾਰ ਰੱਖਣਾ ਜ਼ਰੂਰੀ ਕਿਉਂ ਹੈ?” ਨਾਂ ਦੀ ਡੱਬੀ ਵਿਚ ਦਿੱਤੇ ਗਏ ਹਨ।

ਇਸ ਡੱਬੀ ਵਿਚ ਦਿੱਤੇ ਕਾਰਨਾਂ ਤੋਂ ਤੁਹਾਨੂੰ ਜੋਸ਼ ਨਾਲ ਪ੍ਰਚਾਰ ਵਿਚ ਲੱਗੇ ਰਹਿਣ ਦੀ ਪ੍ਰੇਰਣਾ ਮਿਲੇਗੀ। ਕਿਉਂ ਨਾ ਇਕ ਸਟੱਡੀ ਪ੍ਰਾਜੈਕਟ ਰੱਖੋ ਅਤੇ ਦੇਖੋ ਕਿ ਤੁਸੀਂ ਇਸ ਲਿਸਟ ਵਿਚ ਹੋਰ ਕਿੰਨੇ ਕਾਰਨ ਜੋੜ ਸਕਦੇ ਹੋ? ਉਸ ਤੋਂ ਬਾਅਦ ਸਾਰੇ ਕਾਰਨਾਂ ਅਤੇ ਉਨ੍ਹਾਂ ਨਾਲ ਸੰਬੰਧਿਤ ਆਇਤਾਂ ’ਤੇ ਸੋਚ-ਵਿਚਾਰ ਕਰੋ। ਇਸ ਤਰ੍ਹਾਂ ਕਰਨ ਨਾਲ ਪ੍ਰਚਾਰ ਲਈ ਤੁਹਾਡੇ ਅੰਦਰ ਹੋਰ ਜੋਸ਼ ਪੈਦਾ ਹੋਵੇਗਾ।

ਪ੍ਰਚਾਰ ਦੇ ਵੱਖ-ਵੱਖਰੇ ਸੁਝਾਅ ਅਜ਼ਮਾਓ

ਯਹੋਵਾਹ ਆਪਣੇ ਸੰਗਠਨ ਰਾਹੀਂ ਸਾਨੂੰ ਸੁਝਾਅ ਦਿੰਦਾ ਰਹਿੰਦਾ ਹੈ ਜਿਨ੍ਹਾਂ ਦੀ ਮਦਦ ਨਾਲ ਅਸੀਂ ਆਪਣੇ ਪ੍ਰਚਾਰ ਕਰਨ ਦੇ ਤਰੀਕੇ ਵਿਚ ਹੋਰ ਸੁਧਾਰ ਕਰ ਸਕਦੇ ਹਾਂ। ਮਿਸਾਲ ਲਈ, ਘਰ-ਘਰ ਪ੍ਰਚਾਰ ਕਰਨ ਦੇ ਨਾਲ-ਨਾਲ ਅਸੀਂ ਚਿੱਠੀਆਂ ਲਿਖ ਕੇ, ਟੈਲੀਫ਼ੋਨ ਰਾਹੀਂ, ਸੜਕਾਂ ਜਾਂ ਹੋਰ ਪਬਲਿਕ ਥਾਵਾਂ ’ਤੇ, ਬਿਜ਼ਨਿਸ ਇਲਾਕਿਆਂ ਵਿਚ ਅਤੇ ਹੋਰ ਮੌਕਿਆਂ ’ਤੇ ਲੋਕਾਂ ਨਾਲ ਗੱਲ ਕਰ ਸਕਦੇ ਹਾਂ। ਅਸੀਂ ਘੱਟ ਪ੍ਰਚਾਰ ਕੀਤੇ ਗਏ ਇਲਾਕਿਆਂ ਵਿਚ ਵੀ ਗਵਾਹੀ ਦੇਣ ਦਾ ਇੰਤਜ਼ਾਮ ਕਰ ਸਕਦੇ ਹਾਂ।

ਕੀ ਤੁਸੀਂ ਪ੍ਰਚਾਰ ਵਿਚ ਇਹ ਸਾਰੇ ਤਰੀਕੇ ਅਪਣਾਓਗੇ? ਤੁਸੀਂ ਇਨ੍ਹਾਂ ਵਿੱਚੋਂ ਕਿਹੜੇ ਤਰੀਕੇ ਅਜ਼ਮਾਏ ਹਨ? ਜਿਨ੍ਹਾਂ ਨੇ ਇਨ੍ਹਾਂ  ਤਰੀਕਿਆਂ ਨੂੰ ਅਜ਼ਮਾ ਕੇ ਦੇਖਿਆ ਹੈ, ਉਨ੍ਹਾਂ ਨੂੰ ਚੰਗੇ ਨਤੀਜੇ ਮਿਲੇ ਹਨ। ਜ਼ਰਾ ਤਿੰਨ ਮਿਸਾਲਾਂ ’ਤੇ ਧਿਆਨ ਦਿਓ।

ਪਹਿਲੀ ਮਿਸਾਲ, ਸਾਡੀ ਰਾਜ ਸੇਵਕਾਈ ਵਿਚ ਬਾਈਬਲ ਸਟੱਡੀਆਂ ਸ਼ੁਰੂ ਕਰਨ ਲਈ ਦਿੱਤੇ ਸੁਝਾਅ ਲਾਗੂ ਕਰਨ ਬਾਰੇ ਹੈ। ਇਹ ਸੁਝਾਅ ਮੰਨ ਕੇ ਏਪਰਿਲ ਨਾਂ ਦੀ ਇਕ ਭੈਣ ਨੇ ਆਪਣੀ ਕੰਮ ਦੀ ਥਾਂ ਤੇ ਤਿੰਨ ਔਰਤਾਂ ਨੂੰ ਬਾਈਬਲ ਸਟੱਡੀ ਕਰਨ ਲਈ ਪੁੱਛਿਆ। ਉਹ ਬਹੁਤ ਖ਼ੁਸ਼ ਤੇ ਹੈਰਾਨ ਹੋਈ ਜਦ ਉਹ ਤਿੰਨੇ ਸਟੱਡੀ ਕਰਨ ਲਈ ਰਾਜ਼ੀ ਹੋ ਗਈਆਂ। ਨਾਲੇ ਉਹ ਮੀਟਿੰਗਾਂ ਵਿਚ ਵੀ ਆਉਣ ਲੱਗੀਆਂ।

ਦੂਜੀ ਮਿਸਾਲ, ਸਾਡੇ ਮੈਗਜ਼ੀਨ ਪੇਸ਼ ਕਰਨ ਬਾਰੇ ਹੈ। ਸਾਨੂੰ ਇਹ ਵੀ ਹੱਲਾਸ਼ੇਰੀ ਦਿੱਤੀ ਗਈ ਹੈ ਕਿ ਅਸੀਂ ਦੇਖੀਏ ਕਿ ਸਾਡੇ ਮੈਗਜ਼ੀਨਾਂ ਵਿਚ ਕਿਹੜੇ ਲੇਖ ਕਿਨ੍ਹਾਂ ਲੋਕਾਂ ਨੂੰ ਪਸੰਦ ਆਉਣਗੇ। ਅਮਰੀਕਾ ਵਿਚ ਇਕ ਸਰਕਟ ਓਵਰਸੀਅਰ ਨੇ ਜਾਗਰੂਕ ਬਣੋ! ਵਿਚ ਟਾਇਰਾਂ ਬਾਰੇ ਛਪੇ ਇਕ ਲੇਖ ਨੂੰ ਵਰਤ ਕੇ ਇਕ ਇਲਾਕੇ ਵਿਚ ਟਾਇਰਾਂ ਦੀਆਂ ਸਾਰੀਆਂ ਦੁਕਾਨਾਂ ਦੇ ਮੈਨੇਜਰਾਂ ਨੂੰ ਇਹ ਮੈਗਜ਼ੀਨ ਦਿੱਤਾ। ਨਾਲੇ ਉਸ ਨੇ ਆਪਣੀ ਪਤਨੀ ਨਾਲ ਮਿਲ ਕੇ ਆਪਣੇ ਸਰਕਟ ਵਿਚ 100 ਤੋਂ ਜ਼ਿਆਦਾ ਡਾਕਟਰਾਂ ਨੂੰ “ਆਪਣੇ ਡਾਕਟਰ ਨੂੰ ਸਮਝੋ” (ਅੰਗ੍ਰੇਜ਼ੀ) ਨਾਂ ਦੇ ਲੜੀਵਾਰ ਲੇਖ ਪੜ੍ਹਨ ਲਈ ਦਿੱਤੇ। ਉਹ ਕਹਿੰਦਾ ਹੈ: “ਇਹ ਤਰੀਕਾ ਅਪਣਾਉਣ ਨਾਲ ਸਾਡੇ ਲਈ ਗੱਲ ਕਰਨੀ ਅਤੇ ਪ੍ਰਕਾਸ਼ਨ ਪੇਸ਼ ਕਰਨੇ ਸੌਖੇ ਹੋਏ। ਉਨ੍ਹਾਂ ਲੋਕਾਂ ਨਾਲ ਜਾਣ-ਪਛਾਣ ਹੋਣ ਨਾਲ ਅਸੀਂ ਉਨ੍ਹਾਂ ਨੂੰ ਜਾ ਕੇ ਦੁਬਾਰਾ ਮਿਲ ਪਾਏ ਹਾਂ।”

ਤੀਸਰੀ ਮਿਸਾਲ, ਟੈਲੀਫ਼ੋਨ ਰਾਹੀਂ ਗਵਾਹੀ ਦੇਣ ਬਾਰੇ ਹੈ। ਜੂਡੀ ਨਾਂ ਦੀ ਭੈਣ ਨੇ ਟੈਲੀਫ਼ੋਨ ਰਾਹੀਂ ਗਵਾਹੀ ਦੇਣ ਦੀ ਹੱਲਾਸ਼ੇਰੀ ਲਈ ਆਪਣੀ ਸ਼ੁਕਰਗੁਜ਼ਾਰੀ ਜ਼ਾਹਰ ਕਰਨ ਵਾਸਤੇ ਹੈੱਡ-ਕੁਆਰਟਰ ਨੂੰ ਚਿੱਠੀ ਲਿਖੀ। ਉਸ ਨੇ ਦੱਸਿਆ ਕਿ ਉਸ ਦੀ 86 ਸਾਲਾਂ ਦੀ ਮਾਂ ਬੀਮਾਰ ਰਹਿੰਦੀ ਸੀ। ਪਰ ਫਿਰ ਵੀ ਉਸ ਦੀ ਮਾਂ ਬਾਕਾਇਦਾ ਟੈਲੀਫ਼ੋਨ ਰਾਹੀਂ ਲੋਕਾਂ ਨੂੰ ਗਵਾਹੀ ਦਿੰਦੀ ਸੀ। ਨਤੀਜੇ ਵਜੋਂ, ਉਸ ਨੂੰ 92 ਸਾਲਾਂ ਦੀ ਤੀਵੀਂ ਨਾਲ ਬਾਈਬਲ ਸਟੱਡੀ ਕਰ ਕੇ ਬਹੁਤ ਖ਼ੁਸ਼ੀ ਮਿਲਦੀ ਸੀ!

ਸਾਡੇ ਪ੍ਰਕਾਸ਼ਨਾਂ ਵਿਚ ਦਿੱਤੇ ਜਾਂਦੇ ਗਵਾਹੀ ਦੇਣ ਦੇ ਸੁਝਾਅ ਵਾਕਈ ਅਸਰਦਾਰ ਹੁੰਦੇ ਹਨ। ਇਨ੍ਹਾਂ ਨੂੰ ਅਜ਼ਮਾ ਕੇ ਦੇਖੋ! ਇਨ੍ਹਾਂ ਨਾਲ ਤੁਸੀਂ ਪ੍ਰਚਾਰ ਲਈ ਆਪਣੇ ਜੋਸ਼ ਅਤੇ ਖ਼ੁਸ਼ੀ ਨੂੰ ਬਣਾਈ ਰੱਖ ਪਾਓਗੇ।

ਉਹ ਟੀਚੇ ਰੱਖੋ ਜਿਨ੍ਹਾਂ ਨੂੰ ਤੁਸੀਂ ਹਾਸਲ ਕਰ ਸਕਦੇ ਹੋ

ਪ੍ਰਚਾਰ ਵਿਚ ਸਾਡੀ ਕਾਮਯਾਬੀ ਇਸ ਗੱਲ ’ਤੇ ਨਿਰਭਰ ਨਹੀਂ ਕਰਦੀ ਕਿ ਅਸੀਂ ਕਿੰਨੇ ਪ੍ਰਕਾਸ਼ਨ ਵੰਡਦੇ ਹਾਂ, ਕਿੰਨੀਆਂ ਬਾਈਬਲ ਸਟੱਡੀਆਂ ਕਰਾਉਂਦੇ ਹਾਂ ਜਾਂ ਕਿੰਨੇ ਲੋਕਾਂ ਦੀ ਯਹੋਵਾਹ ਦਾ ਸੇਵਕ ਬਣਨ ਵਿਚ ਮਦਦ ਕੀਤੀ ਹੈ। ਜ਼ਰਾ ਸੋਚੋ ਨੂਹ ਦੇ ਪਰਿਵਾਰ ਤੋਂ ਇਲਾਵਾ ਕਿੰਨੇ ਲੋਕਾਂ ਨੇ ਉਸ ਦੀ ਗੱਲ ਮੰਨ ਕੇ ਯਹੋਵਾਹ ਦੀ ਸੇਵਾ ਕੀਤੀ? ਫਿਰ ਵੀ ਅਸੀਂ ਕਹਿ ਸਕਦੇ ਹਾਂ ਕਿ ਉਹ ਇਕ ਸਫ਼ਲ ਪ੍ਰਚਾਰਕ ਸੀ। ਇਹੀ ਗੱਲ ਸਭ ਤੋਂ ਜ਼ਿਆਦਾ ਮਾਅਨੇ ਰੱਖਦੀ ਹੈ ਕਿ ਅਸੀਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰੀਏ।1 ਕੁਰਿੰ. 4:2.

ਬਹੁਤ ਸਾਰੇ ਪਬਲੀਸ਼ਰ ਇਸ ਗੱਲ ਨਾਲ ਸਹਿਮਤ ਹਨ ਕਿ ਪ੍ਰਚਾਰ ਵਿਚ ਆਪਣੇ ਜੋਸ਼ ਨੂੰ ਬਰਕਰਾਰ ਰੱਖਣ ਲਈ ਉਹ ਟੀਚੇ ਰੱਖਣੇ ਜ਼ਰੂਰੀ ਹਨ ਜਿਨ੍ਹਾਂ ਨੂੰ ਉਹ ਹਾਸਲ ਕਰ ਸਕਦੇ ਹਨ। ਇਸ ਤਰ੍ਹਾਂ ਦੇ ਕਿਹੜੇ ਟੀਚੇ ਹੋ ਸਕਦੇ ਹਨ? ਇਸ ਸਫ਼ੇ ’ਤੇ ਦਿੱਤੀ ਡੱਬੀ ਵਿਚ ਕੁਝ ਸੁਝਾਅ ਦਿੱਤੇ ਗਏ ਹਨ।

ਯਹੋਵਾਹ ਨੂੰ ਦੁਆ ਕਰੋ ਕਿ ਉਹ ਪ੍ਰਚਾਰ ਵਿਚ ਖ਼ੁਸ਼ੀ ਅਤੇ ਚੰਗੇ ਨਤੀਜੇ ਹਾਸਲ ਕਰਨ ਵਿਚ ਤੁਹਾਡੀ ਮਦਦ ਕਰੇ। ਆਪਣੇ ਟੀਚੇ ਹਾਸਲ ਕਰ ਕੇ ਤੁਹਾਨੂੰ ਸੰਤੁਸ਼ਟੀ ਮਿਲੇਗੀ ਕਿ ਤੁਸੀਂ ਪ੍ਰਚਾਰ ਵਿਚ ਆਪਣੀ ਪੂਰੀ ਵਾਹ ਲਾ ਰਹੇ ਹੋ।

ਇਹ ਗੱਲ ਸੱਚ ਹੈ ਕਿ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਇਕ ਚੁਣੌਤੀ ਹੋ ਸਕਦੀ ਹੈ। ਪਰ ਫਿਰ ਵੀ ਅਸੀਂ ਕੁਝ ਸੁਝਾਅ ਲਾਗੂ ਕਰ ਕੇ ਪ੍ਰਚਾਰ ਲਈ ਆਪਣਾ ਜੋਸ਼ ਬਣਾਈ ਰੱਖ ਸਕਦੇ ਹਾਂ। ਪ੍ਰਚਾਰ ਵਿਚ ਇਕ-ਦੂਜੇ ਨੂੰ ਹੌਸਲਾ ਦਿਓ, ਸਟੱਡੀ ਕਰਨ ਦੀ ਚੰਗੀ ਆਦਤ ਪਾਓ, ਵਫ਼ਾਦਾਰ ਨੌਕਰ ਵੱਲੋਂ ਦਿੱਤੇ ਸੁਝਾਅ ਲਾਗੂ ਕਰੋ ਅਤੇ ਉਹ ਟੀਚੇ ਰੱਖੋ ਜਿਨ੍ਹਾਂ ਨੂੰ ਤੁਸੀਂ ਹਾਸਲ ਕਰ ਸਕਦੇ ਹੋ। ਪਰ ਸਭ ਤੋਂ ਜ਼ਰੂਰੀ ਗੱਲ ਯਾਦ ਰੱਖੋ ਕਿ ਯਹੋਵਾਹ ਪਰਮੇਸ਼ੁਰ ਨੇ ਆਪਣੇ ਗਵਾਹ ਵਜੋਂ ਤੁਹਾਨੂੰ ਖ਼ੁਸ਼ ਖ਼ਬਰੀ ਸੁਣਾਉਣ ਦੇ ਸਨਮਾਨ ਨਾਲ ਨਿਵਾਜਿਆ ਹੈ। (ਯਸਾ. 43:10) ਜੀ ਹਾਂ, ਪ੍ਰਚਾਰ ਵਿਚ ਆਪਣਾ ਜੋਸ਼ ਬਣਾਈ ਰੱਖਣ ਨਾਲ ਤੁਹਾਨੂੰ ਜ਼ਰੂਰ ਖ਼ੁਸ਼ੀ ਮਿਲੇਗੀ!