ਉਨ੍ਹਾਂ ਭੈਣਾਂ-ਭਰਾਵਾਂ ਦੀ ਮਦਦ ਕਿਵੇਂ ਕੀਤੀ ਜਾ ਸਕਦੀ ਹੈ ਜਿਨ੍ਹਾਂ ਨੂੰ ਪਰਫਿਊਮ ਜਾਂ ਸੈਂਟ ਤੋਂ ਅਲਰਜੀ ਹੈ?

ਜਿਨ੍ਹਾਂ ਭੈਣਾਂ-ਭਰਾਵਾਂ ਨੂੰ ਸੈਂਟ ਦੀ ਤੇਜ਼ ਖ਼ੁਸ਼ਬੂ ਤੋਂ ਅਲਰਜੀ ਹੈ, ਉਨ੍ਹਾਂ ਨੂੰ ਮੁਸ਼ਕਲ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਰੋਜ਼ ਉਨ੍ਹਾਂ ਦਾ ਵਾਹ ਅਣਜਾਣ ਲੋਕਾਂ ਨਾਲ ਪੈਂਦਾ ਹੈ ਜੋ ਸੈਂਟ ਦੀ ਵਰਤੋਂ ਕਰਦੇ ਹਨ। ਇਸ ਲਈ ਕਈਆਂ ਨੇ ਪੁੱਛਿਆ ਹੈ: ਕੀ ਭੈਣਾਂ-ਭਰਾਵਾਂ ਨੂੰ ਬੇਨਤੀ ਕੀਤੀ ਜਾ ਸਕਦੀ ਹੈ ਕਿ ਉਹ ਮੀਟਿੰਗਾਂ, ਅਸੈਂਬਲੀਆਂ ਅਤੇ ਸੰਮੇਲਨਾਂ ਵਿਚ ਸੈਂਟ ਦੀ ਵਰਤੋਂ ਨਾ ਕਰਨ?

ਇਹ ਸੱਚ ਹੈ ਕਿ ਕੋਈ ਵੀ ਮਸੀਹੀ ਇਹ ਨਹੀਂ ਚਾਹੁੰਦਾ ਕਿ ਉਸ ਕਰਕੇ ਦੂਜੇ ਮੀਟਿੰਗਾਂ ਵਿਚ ਨਾ ਆਉਣ। ਸਾਨੂੰ ਸਾਰਿਆਂ ਨੂੰ ਮੀਟਿੰਗਾਂ ਵਿਚ ਮਿਲਦੀ ਹੱਲਾਸ਼ੇਰੀ ਦੀ ਲੋੜ ਹੈ। (ਇਬ. 10:24, 25) ਇਸ ਲਈ ਜੇ ਕਿਸੇ ਭੈਣ-ਭਰਾ ਨੂੰ ਸੈਂਟ ਤੋਂ ਬਹੁਤ ਜ਼ਿਆਦਾ ਅਲਰਜੀ ਹੈ ਜਿਸ ਕਰਕੇ ਉਸ ਦਾ ਮੀਟਿੰਗਾਂ ਵਿਚ ਆਉਣਾ ਮੁਸ਼ਕਲ ਹੁੰਦਾ ਹੈ, ਤਾਂ ਉਹ ਇਸ ਬਾਰੇ ਮੰਡਲੀ ਦੇ ਬਜ਼ੁਰਗਾਂ ਨਾਲ ਗੱਲ ਕਰ ਸਕਦਾ ਹੈ। ਸੈਂਟ ਦੀ ਵਰਤੋਂ ਕਰਨ ਜਾਂ ਨਾ ਕਰਨ ਬਾਰੇ ਬਾਈਬਲ ਵਿਚ ਕੁਝ ਨਹੀਂ ਕਿਹਾ ਗਿਆ ਹੈ, ਇਸ ਲਈ ਸੈਂਟ ਦੀ ਵਰਤੋਂ ਕਰਨ ਵਾਲੇ ਭੈਣਾਂ-ਭਰਾਵਾਂ ਲਈ ਬਜ਼ੁਰਗਾਂ ਨੂੰ ਕੋਈ ਰੂਲ ਨਹੀਂ ਬਣਾਉਣਾ ਚਾਹੀਦਾ। ਪਰ ਬਜ਼ੁਰਗ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਜਾਣਕਾਰੀ ਦੇ ਸਕਦੇ ਹਨ ਕਿ ਸੈਂਟ ਦੀ ਵਰਤੋਂ ਕਰਨ ਕਰਕੇ ਕਈਆਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ। ਹਾਲਾਤਾਂ ਮੁਤਾਬਕ ਬਜ਼ੁਰਗ ਫ਼ੈਸਲਾ ਕਰ ਸਕਦੇ ਹਨ ਕਿ ਪ੍ਰਕਾਸ਼ਨਾਂ ਵਿਚ ਇਸ ਸੰਬੰਧੀ ਛਪੀ ਜਾਣਕਾਰੀ ਸੇਵਾ ਸਭਾ ਵਿਚ ਮੰਡਲੀ ਦੀਆਂ ਲੋੜਾਂ ਵਾਲੇ ਭਾਗ ਵਿਚ ਪੇਸ਼ ਕੀਤੀ ਜਾ ਸਕਦੀ ਹੈ ਜਾਂ ਉਹ ਇਸ ਵਿਸ਼ੇ ਬਾਰੇ ਬੜੇ ਧਿਆਨ ਨਾਲ ਘੋਸ਼ਣਾ ਕਰ ਸਕਦੇ ਹਨ। * ਪਰ ਬਜ਼ੁਰਗ ਇਸ ਤਰ੍ਹਾਂ ਦੀਆਂ ਘੋਸ਼ਣਾਵਾਂ ਵਾਰ-ਵਾਰ ਨਹੀਂ ਕਰ ਸਕਦੇ ਹਨ। ਸਾਡੀਆਂ ਸਭਾਵਾਂ ਵਿਚ ਕਈ ਦਿਲਚਸਪੀ ਰੱਖਣ ਵਾਲੇ ਨਵੇਂ ਲੋਕ ਆਉਂਦੇ ਹਨ ਜੋ ਇਸ ਸਮੱਸਿਆ ਤੋਂ ਅਣਜਾਣ ਹੁੰਦੇ ਹਨ ਅਤੇ ਅਸੀਂ ਅਜਿਹੇ ਲੋਕਾਂ ਦਾ ਸੁਆਗਤ ਕਰਨਾ ਚਾਹੁੰਦੇ ਹਨ। ਸੋ ਜੇ ਕਿਸੇ ਨੇ ਥੋੜ੍ਹਾ-ਬਹੁਤਾ ਸੈਂਟ ਲਾਇਆ ਹੈ, ਤਾਂ ਸਾਨੂੰ ਉਨ੍ਹਾਂ ਨੂੰ ਸ਼ਰਮਿੰਦਾ ਮਹਿਸੂਸ ਨਹੀਂ ਕਰਾਉਣਾ ਚਾਹੀਦਾ।

ਜਿਨ੍ਹਾਂ ਮੰਡਲੀਆਂ ਵਿਚ ਇਹ ਸਮੱਸਿਆ ਹੈ ਅਤੇ ਜੇ ਹਾਲਾਤ ਇਜਾਜ਼ਤ ਦੇਣ, ਤਾਂ ਬਜ਼ੁਰਗ ਅਜਿਹੇ ਭੈਣਾਂ-ਭਰਾਵਾਂ ਨੂੰ ਕਿੰਗਡਮ ਹਾਲ ਵਿਚ ਕਿਸੇ ਵੱਖਰੀ ਥਾਂ ’ਤੇ ਬਿਠਾਉਣ ਦਾ ਇੰਤਜ਼ਾਮ ਕਰ ਸਕਦੇ ਹਨ। ਮਿਸਾਲ ਲਈ, ਉਨ੍ਹਾਂ ਨੂੰ ਕਿੰਗਡਮ ਹਾਲ ਦੇ ਕਿਸੇ ਹੋਰ ਕਮਰੇ ਵਿਚ ਬਿਠਾਇਆ ਜਾ ਸਕਦਾ ਹੈ ਜਿੱਥੇ ਉਹ ਪ੍ਰੋਗ੍ਰਾਮ ਸੁਣ ਕੇ ਮੀਟਿੰਗਾਂ ਦਾ ਫ਼ਾਇਦਾ ਲੈ ਸਕਣ। ਜੇ ਲੱਗਦਾ ਹੈ ਕਿ ਇਸ ਸਮੱਸਿਆ ਦਾ ਹੱਲ ਨਹੀਂ ਹੈ ਅਤੇ ਕਈਆਂ ਨੂੰ ਹਾਲੇ ਵੀ ਬਹੁਤ ਮੁਸ਼ਕਲ ਆ ਰਹੀ ਹੈ, ਤਾਂ ਮੰਡਲੀ ਉਨ੍ਹਾਂ ਲਈ ਮੀਟਿੰਗਾਂ ਦਾ ਪ੍ਰੋਗ੍ਰਾਮ ਰਿਕਾਰਡ ਕਰ ਸਕਦੀ ਹੈ ਜਾਂ ਉਹ ਘਰ ਬੈਠੇ ਟੈਲੀਫ਼ੋਨ ’ਤੇ ਪ੍ਰੋਗ੍ਰਾਮ ਸੁਣ ਸਕਦੇ ਹਨ, ਜਿੱਦਾਂ ਉਹ ਭੈਣ-ਭਰਾ ਸੁਣਦੇ ਹਨ ਜਿਹੜੇ ਬਹੁਤ ਬੀਮਾਰ ਹੋਣ ਕਰਕੇ ਬਿਲਕੁਲ ਵੀ ਘਰੋਂ ਬਾਹਰ ਨਹੀਂ ਜਾ ਸਕਦੇ।

ਹਾਲ ਹੀ ਦੇ ਸਾਲਾਂ ਵਿਚ ਸਾਡੀ ਰਾਜ ਸੇਵਕਾਈ ਵਿਚ ਭੈਣਾਂ-ਭਰਾਵਾਂ ਨੂੰ ਵੱਡੇ ਸੰਮੇਲਨਾਂ ਵਿਚ ਇਸ ਗੱਲ ਵੱਲ ਜ਼ਿਆਦਾ ਧਿਆਨ ਦੇਣ ਦੀ ਹੱਲਾਸ਼ੇਰੀ ਦਿੱਤੀ ਗਈ ਹੈ। ਸਾਡੇ ਜ਼ਿਆਦਾਤਰ ਸੰਮੇਲਨ ਬੰਦ ਹਾਲਾਂ ਵਿਚ ਹੁੰਦੇ ਹਨ ਜਿੱਥੇ ਏ. ਸੀ. ਲੱਗੇ ਹੁੰਦੇ ਹਨ। ਇਸ ਲਈ ਭੈਣਾਂ-ਭਰਾਵਾਂ ਨੂੰ ਇਨ੍ਹਾਂ ਮੌਕਿਆਂ ਤੇ ਤੇਜ਼ ਸੈਂਟ ਦੀ ਘੱਟ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਖ਼ਾਸ ਕਰਕੇ ਸਾਡੇ ਵੱਡੇ ਸੰਮੇਲਨਾਂ ਦੌਰਾਨ ਇਸ ਗੱਲ ਵੱਲ ਜ਼ਿਆਦਾ ਧਿਆਨ ਦੇਣ ਲਈ ਕਿਹਾ ਗਿਆ ਹੈ ਕਿਉਂਕਿ ਆਮ ਤੌਰ ਤੇ ਇਨ੍ਹਾਂ ਹਾਲਾਂ ਵਿਚ ਅਜਿਹੇ ਭੈਣਾਂ-ਭਰਾਵਾਂ ਲਈ ਬੈਠਣ ਵਾਸਤੇ ਅਲੱਗ ਕਮਰੇ ਨਹੀਂ ਹੁੰਦੇ। ਪਰ ਇਹ ਹਿਦਾਇਤ ਇਸ ਲਈ ਨਹੀਂ ਦਿੱਤੀ ਗਈ ਸੀ ਕਿ ਭੈਣ-ਭਰਾ ਮੀਟਿੰਗਾਂ ਤੇ ਸੈਂਟ ਦਾ ਇਸਤੇਮਾਲ ਨਾ ਕਰਨ।

ਇਸ ਦੁਨੀਆਂ ਵਿਚ ਰਹਿੰਦੇ ਹੋਏ ਅਸੀਂ ਸਾਰੇ ਨਾਮੁਕੰਮਲ ਹੋਣ ਕਾਰਨ ਸਿਹਤ ਸਮੱਸਿਆਵਾਂ ਦਾ ਸਾਮ੍ਹਣਾ ਕਰਦੇ ਹਾਂ। ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਦੇ ਕਿੰਨੇ ਸ਼ੁਕਰਗੁਜ਼ਾਰ ਹਾਂ ਜੋ ਦੁੱਖਾਂ-ਤਕਲੀਫ਼ਾਂ ਵਿਚ ਸਾਡਾ ਸਾਥ ਦਿੰਦੇ ਹਨ! ਜੇ ਕਿਸੇ ਭੈਣ ਜਾਂ ਭਰਾ ਵਾਸਤੇ ਮੀਟਿੰਗਾਂ ਵਿਚ ਆਉਣਾ ਸੌਖਾ ਬਣਾਉਣ ਲਈ ਦੂਸਰੇ ਭੈਣ-ਭਰਾ ਸੈਂਟ ਨਾ ਲਾਉਣ ਦਾ ਫ਼ੈਸਲਾ ਕਰਦੇ ਹਨ, ਤਾਂ ਇਹ ਇਕ ਤਰ੍ਹਾਂ ਨਾਲ ਉਨ੍ਹਾਂ ਦੀ ਕੁਰਬਾਨੀ ਹੋਵੇਗੀ। ਪਰ ਪਿਆਰ ਸਾਨੂੰ ਇਸ ਤਰ੍ਹਾਂ ਕਰਨ ਲਈ ਪ੍ਰੇਰਿਤ ਕਰੇਗਾ।

 ਕੀ ਬਾਈਬਲ ਤੋਂ ਇਲਾਵਾ ਇਸ ਗੱਲ ਦਾ ਕੋਈ ਸਬੂਤ ਹੈ ਕਿ ਪੁੰਤੀਅਸ ਪਿਲਾਤੁਸ ਨਾਂ ਦਾ ਬੰਦਾ ਸੱਚ-ਮੁੱਚ ਸੀ?

ਇਸ ਪੱਥਰ ’ਤੇ ਲਾਤੀਨੀ ਭਾਸ਼ਾ ਵਿਚ ਪਿਲਾਤੁਸ ਦਾ ਨਾਂ ਉੱਕਰਿਆ ਹੋਇਆ ਹੈ

ਬਾਈਬਲ ਪੜ੍ਹਨ ਵਾਲੇ ਲੋਕ ਪੁੰਤੀਅਸ ਪਿਲਾਤੁਸ ਤੋਂ ਚੰਗੀ ਤਰ੍ਹਾਂ ਵਾਕਫ਼ ਹਨ ਕਿਉਂਕਿ ਉਸ ਨੇ ਯਿਸੂ ਦੇ ਮੁਕੱਦਮੇ ਦੀ ਸੁਣਵਾਈ ਕਰ ਕੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਸੀ। (ਮੱਤੀ 27:1, 2, 24-26) ਪਰ ਉਸ ਵਕਤ ਦੇ ਕਈ ਇਤਿਹਾਸਕ ਰਿਕਾਰਡਾਂ ਵਿਚ ਉਸ ਦੇ ਨਾਂ ਦਾ ਜ਼ਿਕਰ ਆਉਂਦਾ ਹੈ। ਦੀ ਐਂਕਰ ਬਾਈਬਲ ਡਿਕਸ਼ਨਰੀ ਮੁਤਾਬਕ ਇਤਿਹਾਸਕ ਦਸਤਾਵੇਜ਼ਾਂ ਵਿਚ ਉਸ ਬਾਰੇ “ਯਹੂਦੀਆ ਦੇ ਦੂਸਰੇ ਰੋਮੀ ਰਾਜਪਾਲਾਂ ਨਾਲੋਂ ਕਿਤੇ ਵੱਧ ਜਾਣਕਾਰੀ ਦਿੱਤੀ ਗਈ ਹੈ।”

ਯਹੂਦੀ ਇਤਿਹਾਸਕਾਰ ਜੋਸੀਫ਼ਸ ਦੀਆਂ ਲਿਖਤਾਂ ਵਿਚ ਪਿਲਾਤੁਸ ਦਾ ਨਾਂ ਕਈ ਵਾਰ ਆਉਂਦਾ ਹੈ। ਜੋਸੀਫ਼ਸ ਨੇ ਤਿੰਨ ਖ਼ਾਸ ਘਟਨਾਵਾਂ ਦਾ ਜ਼ਿਕਰ ਕੀਤਾ ਜਦੋਂ ਪਿਲਾਤੁਸ ਨੂੰ ਯਹੂਦੀਆ ’ਤੇ ਰਾਜ ਕਰਦਿਆਂ ਔਖਿਆਈਆਂ ਦਾ ਸਾਮ੍ਹਣਾ ਕਰਨਾ ਪਿਆ ਸੀ। ਚੌਥੀ ਘਟਨਾ ਬਾਰੇ ਯਹੂਦੀ ਇਤਿਹਾਸਕਾਰ ਫੀਲੋ ਨੇ ਦੱਸਿਆ। ਰੋਮ ਦੇ ਰਾਜਿਆਂ ਦਾ ਇਤਿਹਾਸ ਲਿਖਣ ਵਾਲੇ ਰੋਮੀ ਲੇਖਕ ਟੈਸੀਟਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਤਾਈਬੀਰੀਅਸ ਦੇ ਰਾਜ ਦੌਰਾਨ ਪੁੰਤੀਅਸ ਪਿਲਾਤੁਸ ਨੇ ਹੀ ਯਿਸੂ ਨੂੰ ਮੌਤ ਦੀ ਸਜ਼ਾ ਦਿੱਤੀ ਸੀ।

ਸਾਲ 1961 ਵਿਚ ਇਜ਼ਰਾਈਲ ਦੇ ਕੈਸਰੀਆ ਸ਼ਹਿਰ ਦੇ ਪੁਰਾਣੇ ਰੋਮੀ ਥੀਏਟਰ ਵਿਚ ਖੁਦਾਈ ਕਰ ਰਹੇ ਪੁਰਾਤੱਤਵ-ਵਿਗਿਆਨੀਆਂ ਨੂੰ ਪੱਥਰ ਦਾ ਇਕ ਟੁਕੜਾ ਮਿਲਿਆ ਸੀ ਜਿਸ ’ਤੇ ਲਾਤੀਨੀ ਭਾਸ਼ਾ ਵਿਚ ਪਿਲਾਤੁਸ ਦਾ ਨਾਂ ਸਾਫ਼-ਸਾਫ਼ ਉੱਕਰਿਆ ਹੋਇਆ ਹੈ। ਇਸ ਪੱਥਰ ਉੱਤੇ ਉੱਕਰੀ ਪੂਰੀ ਲਿਖਤ ਮੌਜੂਦ ਨਹੀਂ ਹੈ, ਪਰ ਮੰਨਿਆ ਜਾਂਦਾ ਹੈ ਕਿ ਪੂਰੀ ਲਿਖਤ ਇਹ ਸੀ: “ਯਹੂਦੀਆ ਦੇ ਰਾਜਪਾਲ ਪੁੰਤੀਅਸ ਪਿਲਾਤੁਸ ਨੇ (ਇਹ) ਤਾਈਬੀਰੀਅਮ ਪੂਜਨੀਕ ਦੇਵੀ-ਦੇਵਤਿਆਂ ਨੂੰ ਸਮਰਪਿਤ ਕੀਤਾ ਸੀ।” ਇਹ ਤਾਈਬੀਰੀਅਮ ਸ਼ਾਇਦ ਇਕ ਮੰਦਰ ਸੀ ਜਿੱਥੇ ਰੋਮੀ ਸਮਰਾਟ ਤਾਈਬੀਰੀਅਸ ਦੀ ਪੂਜਾ ਕੀਤੀ ਜਾਂਦੀ ਸੀ।

ਜੇ ਕੋਈ ਭੈਣ ਕਿਸੇ ਭਰਾ ਨੂੰ ਸਟੱਡੀ ਤੇ ਲੈ ਕੇ ਜਾਂਦੀ ਹੈ, ਤਾਂ ਕੀ ਉਸ ਨੂੰ ਆਪਣਾ ਸਿਰ ਢਕਣਾ ਚਾਹੀਦਾ ਹੈ?

15 ਜੁਲਾਈ 2002 ਦੇ ਪਹਿਰਾਬੁਰਜ ਵਿਚ “ਪਾਠਕਾਂ ਵੱਲੋਂ ਸਵਾਲ” ਛਾਪਿਆ ਗਿਆ ਸੀ। ਇਸ ਵਿਚ ਦੱਸਿਆ ਗਿਆ ਸੀ ਕਿ ਕਿਸੇ ਭਰਾ ਦੀ ਹਾਜ਼ਰੀ ਵਿਚ ਇਕ ਭੈਣ ਨੂੰ ਸਟੱਡੀ ਕਰਵਾਉਂਦੇ ਵੇਲੇ ਆਪਣਾ ਸਿਰ ਢਕਣਾ ਚਾਹੀਦਾ ਹੈ, ਚਾਹੇ ਭਰਾ ਨੇ ਬਪਤਿਸਮਾ ਲਿਆ ਹੈ ਜਾਂ ਨਹੀਂ। ਇਸ ਮਾਮਲੇ ’ਤੇ ਹੋਰ ਸੋਚ-ਵਿਚਾਰ ਕਰਨ ਤੋਂ ਬਾਅਦ ਇਸ ਹਿਦਾਇਤ ਵਿਚ ਤਬਦੀਲੀ ਕੀਤੀ ਗਈ ਹੈ।

ਜੇ ਭੈਣ ਕਿਸੇ ਬਪਤਿਸਮਾ-ਪ੍ਰਾਪਤ ਭਰਾ ਨੂੰ ਆਪਣੀ ਸਟੱਡੀ ਤੇ ਲੈ ਕੇ ਜਾਂਦੀ ਹੈ, ਤਾਂ ਉਸ ਨੂੰ ਸਟੱਡੀ ਕਰਾਉਂਦੇ ਵੇਲੇ ਆਪਣਾ ਸਿਰ ਜ਼ਰੂਰ ਢਕਣਾ ਚਾਹੀਦਾ ਹੈ। ਇਸ ਤਰ੍ਹਾਂ ਉਹ ਯਹੋਵਾਹ ਵੱਲੋਂ ਮਸੀਹੀ ਮੰਡਲੀ ਵਿਚ ਕੀਤੇ ਗਏ ਅਧੀਨਗੀ ਦੇ ਇੰਤਜ਼ਾਮ ਦਾ ਆਦਰ ਕਰਦੀ ਹੈ ਕਿਉਂਕਿ ਸਿੱਖਿਆ ਦੇਣ ਦੀ ਜ਼ਿੰਮੇਵਾਰੀ ਭਰਾਵਾਂ ਦੀ ਹੈ। (1 ਕੁਰਿੰ. 11:5, 6, 10) ਜੇ ਭਰਾ ਸਟੱਡੀ ਕਰਵਾਉਣ ਦੇ ਕਾਬਲ ਹੈ, ਤਾਂ ਉਹ ਭਰਾ ਨੂੰ ਸਟੱਡੀ ਕਰਵਾਉਣ ਲਈ ਕਹਿ ਸਕਦੀ ਹੈ।

ਦੂਜੇ ਪਾਸੇ, ਜੇ ਕੋਈ ਭੈਣ ਕਿਸੇ ਬਪਤਿਸਮਾ-ਰਹਿਤ ਪਬਲੀਸ਼ਰ ਨੂੰ, ਜੋ ਉਸ ਦਾ ਪਤੀ ਨਹੀਂ ਹੈ, ਆਪਣੇ ਨਾਲ ਕੁਝ ਸਮੇਂ ਤੋਂ ਚੱਲ ਰਹੀ ਬਾਈਬਲ ਸਟੱਡੀ ਤੇ ਲੈ ਕੇ ਜਾਂਦੀ ਹੈ, ਤਾਂ ਬਾਈਬਲ ਮੁਤਾਬਕ ਉਸ ਨੂੰ ਆਪਣਾ ਸਿਰ ਢਕਣ ਦੀ ਲੋੜ ਨਹੀਂ ਹੈ। ਪਰ ਫਿਰ ਵੀ ਜੇ ਉਸ ਦੀ ਜ਼ਮੀਰ ਕਹਿੰਦੀ ਹੈ, ਤਾਂ ਉਹ ਬਾਈਬਲ ਸਟੱਡੀ ਕਰਵਾਉਂਦੇ ਵੇਲੇ ਆਪਣਾ ਸਿਰ ਢਕ ਸਕਦੀ ਹੈ।

^ ਪੈਰਾ 2 ਇਸ ਵਿਸ਼ੇ ਬਾਰੇ ਜਾਣਕਾਰੀ ਲਈ ਅੰਗ੍ਰੇਜ਼ੀ ਦੇ ਜਾਗਰੂਕ ਬਣੋ!, 8 ਅਗਸਤ 2000, ਸਫ਼ੇ 8-10 ਉੱਤੇ ਦਿੱਤਾ ਲੇਖ ਦੇਖੋ।