Skip to content

Skip to table of contents

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

ਕੀ ਤੁਸੀਂ ‘ਮਤਲਬ ਸਮਝਦੇ’ ਹੋ?

ਕੀ ਤੁਸੀਂ ‘ਮਤਲਬ ਸਮਝਦੇ’ ਹੋ?

“ਉਸ ਨੇ ਧਰਮ-ਗ੍ਰੰਥ ਦਾ ਮਤਲਬ ਸਮਝਣ ਲਈ ਉਨ੍ਹਾਂ ਦੇ ਮਨ ਪੂਰੀ ਤਰ੍ਹਾਂ ਖੋਲ੍ਹ ਦਿੱਤੇ।”ਲੂਕਾ 24:45.

1, 2. ਜੀਉਂਦਾ ਹੋਣ ਤੋਂ ਬਾਅਦ ਉਸੇ ਦਿਨ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਵੇਂ ਹੌਸਲਾ ਦਿੱਤਾ ਸੀ?

ਯਿਸੂ ਦੇ ਦੋ ਚੇਲੇ ਤੁਰ ਕੇ ਇਕ ਪਿੰਡ ਨੂੰ ਜਾ ਰਹੇ ਹਨ ਜੋ ਯਰੂਸ਼ਲਮ ਤੋਂ ਲਗਭਗ 11 ਕਿਲੋਮੀਟਰ (7 ਮੀਲ) ਦੂਰ ਹੈ। ਯਿਸੂ ਦੀ ਮੌਤ ਕਾਰਨ ਉਹ ਗਮ ਵਿਚ ਡੁੱਬੇ ਹੋਏ ਹਨ ਅਤੇ ਉਨ੍ਹਾਂ ਨੂੰ ਉਸ ਦੇ ਦੁਬਾਰਾ ਜੀਉਂਦਾ ਹੋਣ ਬਾਰੇ ਅਜੇ ਪਤਾ ਨਹੀਂ ਲੱਗਾ ਹੈ। ਫਿਰ ਅਚਾਨਕ ਯਿਸੂ ਪ੍ਰਗਟ ਹੁੰਦਾ ਹੈ ਅਤੇ ਉਨ੍ਹਾਂ ਦੇ ਨਾਲ-ਨਾਲ ਤੁਰਨਾ ਸ਼ੁਰੂ ਕਰਦਾ ਹੈ। ‘ਉਹ ਉਨ੍ਹਾਂ ਨੂੰ ਮੂਸਾ ਦੇ ਕਾਨੂੰਨ ਅਤੇ ਨਬੀਆਂ ਦੀਆਂ ਸਾਰੀਆਂ ਲਿਖਤਾਂ ਤੋਂ ਸ਼ੁਰੂ ਕਰ ਕੇ ਧਰਮ-ਗ੍ਰੰਥ ਵਿਚ ਆਪਣੇ ਬਾਰੇ ਲਿਖੀਆਂ ਗੱਲਾਂ ਦਾ ਮਤਲਬ ਸਮਝਾਉਂਦਾ ਹੈ।’ (ਲੂਕਾ 24:13-15, 27) ਯਿਸੂ ਦੀਆਂ ਗੱਲਾਂ ਤੋਂ ਉਨ੍ਹਾਂ ਨੂੰ ਹੌਸਲਾ ਮਿਲਦਾ ਹੈ ਅਤੇ ‘ਉਨ੍ਹਾਂ ਦੇ ਦਿਲ ਜੋਸ਼ ਨਾਲ ਭਰ’ ਜਾਂਦੇ ਹਨ ਕਿਉਂਕਿ ਉਸ ਨੇ ਉਨ੍ਹਾਂ ਨੂੰ ‘ਧਰਮ-ਗ੍ਰੰਥ ਵਿਚ ਲਿਖੀਆਂ ਗੱਲਾਂ ਖੋਲ੍ਹ ਕੇ ਸਮਝਾਈਆਂ।’ਲੂਕਾ 24:32.

2 ਉਹ ਦੋਵੇਂ ਉਸੇ ਦਿਨ ਸ਼ਾਮ ਨੂੰ ਯਰੂਸ਼ਲਮ ਵਾਪਸ ਆ ਜਾਂਦੇ ਹਨ ਅਤੇ ਰਸੂਲਾਂ ਨੂੰ ਮਿਲ ਕੇ ਆਪਣਾ ਤਜਰਬਾ ਦੱਸਦੇ ਹਨ। ਅਜੇ ਉਹ ਗੱਲਾਂ ਕਰ ਹੀ ਰਹੇ ਹਨ ਕਿ ਯਿਸੂ ਉੱਥੇ ਪ੍ਰਗਟ ਹੋ ਜਾਂਦਾ ਹੈ। ਉਸ ਨੂੰ ਦੇਖ ਕੇ ਚੇਲੇ ਬਹੁਤ ਡਰ ਜਾਂਦੇ ਹਨ। ਉਨ੍ਹਾਂ ਦੇ ਮਨਾਂ ਵਿਚ ਸ਼ੱਕ ਪੈਦਾ ਹੋ ਜਾਂਦਾ ਹੈ ਕਿ ਉਹ ਯਿਸੂ ਹੀ ਹੈ ਜਾਂ ਕੋਈ ਹੋਰ। ਯਿਸੂ ਉਨ੍ਹਾਂ ਨੂੰ ਹੌਸਲਾ ਕਿਵੇਂ ਦਿੰਦਾ ਹੈ? ਬਾਈਬਲ ਦੱਸਦੀ ਹੈ: “ਉਸ ਨੇ ਧਰਮ-ਗ੍ਰੰਥ ਦਾ ਮਤਲਬ ਸਮਝਣ ਲਈ ਉਨ੍ਹਾਂ ਦੇ ਮਨ ਪੂਰੀ ਤਰ੍ਹਾਂ ਖੋਲ੍ਹ ਦਿੱਤੇ।”—ਲੂਕਾ 24:45.

3. ਸਾਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ ਅਤੇ ਕਿਹੜੀ ਗੱਲ ਆਪਣੀ ਸੇਵਕਾਈ ਪ੍ਰਤੀ ਸਹੀ ਨਜ਼ਰੀਆ ਰੱਖਣ ਵਿਚ ਸਾਡੀ ਮਦਦ ਕਰ ਸਕਦੀ ਹੈ?

3 ਯਿਸੂ ਦੇ ਉਨ੍ਹਾਂ ਚੇਲਿਆਂ ਵਾਂਗ ਅਸੀਂ ਵੀ ਕਈ ਵਾਰ ਨਿਰਾਸ਼ ਹੋ ਸਕਦੇ ਹਾਂ। ਭਾਵੇਂ ਅਸੀਂ ਪ੍ਰਭੂ ਦੇ ਕੰਮ ਵਿਚ ਬਿਜ਼ੀ ਰਹਿੰਦੇ ਹਾਂ, ਪਰ ਆਪਣੀ ਮਿਹਨਤ ਦਾ ਫਲ ਨਜ਼ਰ ਨਾ  ਆਉਣ ਕਰਕੇ ਅਸੀਂ ਮਾਯੂਸ ਹੋ ਗਏ ਹਾਂ। (1 ਕੁਰਿੰ. 15:58) ਜਾਂ ਸਾਨੂੰ ਲੱਗਦਾ ਹੈ ਕਿ ਸਾਡੀਆਂ ਸਟੱਡੀਆਂ ਤਰੱਕੀ ਨਹੀਂ ਕਰ ਰਹੀਆਂ। ਅਸੀਂ ਜਿਨ੍ਹਾਂ ਦੀ ਮਦਦ ਕਰ ਰਹੇ ਹਾਂ, ਸ਼ਾਇਦ ਉਹ ਯਹੋਵਾਹ ਤੋਂ ਮੂੰਹ ਮੋੜ ਲੈਣ। ਇਨ੍ਹਾਂ ਸਭ ਗੱਲਾਂ ਦੇ ਬਾਵਜੂਦ ਅਸੀਂ ਆਪਣੀ ਸੇਵਕਾਈ ਬਾਰੇ ਸਹੀ ਨਜ਼ਰੀਆ ਕਿਵੇਂ ਰੱਖ ਸਕਦੇ ਹਾਂ? ਬਾਈਬਲ ਵਿਚ ਦਰਜ ਯਿਸੂ ਦੁਆਰਾ ਦਿੱਤੀਆਂ ਮਿਸਾਲਾਂ ਦਾ ਮਤਲਬ ਚੰਗੀ ਤਰ੍ਹਾਂ ਸਮਝਣ ਨਾਲ ਅਸੀਂ ਸਹੀ ਨਜ਼ਰੀਆ ਰੱਖ ਸਕਦੇ ਹਾਂ। ਆਓ ਆਪਾਂ ਤਿੰਨ ਮਿਸਾਲਾਂ ਉੱਤੇ ਗੌਰ ਕਰ ਕੇ ਦੇਖੀਏ ਕਿ ਅਸੀਂ ਉਨ੍ਹਾਂ ਤੋਂ ਕੀ ਸਿੱਖ ਸਕਦੇ ਹਾਂ।

ਬੀ ਬੀਜਣ ਵਾਲਾ ਸੌਂਦਾ ਹੈ

4. ਸੌਂ ਰਹੇ ਬੀ ਬੀਜਣ ਵਾਲੇ ਦੀ ਮਿਸਾਲ ਦਾ ਕੀ ਮਤਲਬ ਹੈ?

4 ਮਰਕੁਸ 4:26-29 ਪੜ੍ਹੋ। ਯਿਸੂ ਦੁਆਰਾ ਦਿੱਤੀ ਸੌਂ ਰਹੇ ਬੀ ਬੀਜਣ ਵਾਲੇ ਦੀ ਮਿਸਾਲ ਦਾ ਕੀ ਮਤਲਬ ਹੈ? ਇਸ ਮਿਸਾਲ ਵਿਚ ਆਦਮੀ ਰਾਜ ਦਾ ਸੰਦੇਸ਼ ਸੁਣਾ ਰਹੇ ਹਰੇਕ ਪ੍ਰਚਾਰਕ ਨੂੰ ਦਰਸਾਉਂਦਾ ਹੈ। ਬੀ ਰਾਜ ਦੇ ਸੰਦੇਸ਼ ਨੂੰ ਦਰਸਾਉਂਦਾ ਹੈ ਜੋ ਅਸੀਂ ਨੇਕਦਿਲ ਲੋਕਾਂ ਨੂੰ ਸੁਣਾਉਂਦੇ ਹਾਂ। ਜਿੱਦਾਂ ਆਮ ਜ਼ਿੰਦਗੀ ਵਿਚ ਹੁੰਦਾ ਹੈ, ਬੀ ਬੀਜਣ ਵਾਲਾ “ਰੋਜ਼ ਰਾਤ ਨੂੰ ਸੌਂਦਾ ਤੇ ਸਵੇਰ ਨੂੰ ਉੱਠਦਾ ਹੈ।” ਬੀ ਬੀਜਣ ਤੋਂ ਲੈ ਕੇ ਵਾਢੀ ਤਕ ਪੌਦੇ ਨੂੰ ਵਧਣ ਲਈ ਸਮਾਂ ਲੱਗਦਾ ਹੈ। ਇਸ ਸਮੇਂ ਦੌਰਾਨ “ਬੀ ਪੁੰਗਰਦਾ ਤੇ ਵਧਦਾ ਹੈ।” ਇਹ ਵਾਧਾ ਹੌਲੀ-ਹੌਲੀ “ਖ਼ੁਦ-ਬ-ਖ਼ੁਦ” ਹੁੰਦਾ ਹੈ। ਇਸੇ ਤਰ੍ਹਾਂ ਇਕ ਵਿਅਕਤੀ ਹੌਲੀ-ਹੌਲੀ ਯਹੋਵਾਹ ਦੇ ਨੇੜੇ ਆਉਂਦਾ ਹੈ। ਜਦੋਂ ਉਹ ਇਸ ਹੱਦ ਤਕ ਤਰੱਕੀ ਕਰ ਲੈਂਦਾ ਹੈ ਕਿ ਉਹ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕਰਦਾ ਹੈ, ਤਾਂ ਉਹ ‘ਫਲ ਦਿੰਦਾ ਹੈ’ ਯਾਨੀ ਉਹ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈਂਦਾ ਹੈ।

5. ਯਿਸੂ ਨੇ ਸੌਂ ਰਹੇ ਬੀ ਬੀਜਣ ਵਾਲੇ ਦੀ ਮਿਸਾਲ ਕਿਉਂ ਦਿੱਤੀ ਸੀ?

5 ਯਿਸੂ ਨੇ ਇਹ ਮਿਸਾਲ ਕਿਉਂ ਦਿੱਤੀ ਸੀ? ਉਹ ਸਾਨੂੰ ਅਹਿਸਾਸ ਕਰਾਉਂਦਾ ਹੈ ਕਿ ਯਹੋਵਾਹ ਹੀ ਨੇਕਦਿਲ ਲੋਕਾਂ ਦੇ ਦਿਲਾਂ ਵਿਚ ਸੱਚਾਈ ਦੇ ਪੌਦੇ ਨੂੰ ਵਧਾਉਂਦਾ ਹੈ। (ਰਸੂ. 13:48; 1 ਕੁਰਿੰ. 3:7) ਅਸੀਂ ਬੀ ਬੀਜਦੇ ਅਤੇ ਪਾਣੀ ਦਿੰਦੇ ਹਾਂ, ਪਰ ਇਸ ਦਾ ਵਧਣਾ ਸਾਡੇ ਹੱਥ-ਵੱਸ ਨਹੀਂ ਹੁੰਦਾ। ਅਸੀਂ ਕਿਸੇ ਨੂੰ ਤਰੱਕੀ ਕਰਨ ਲਈ ਮਜਬੂਰ ਨਹੀਂ ਕਰ ਸਕਦੇ ਜਾਂ ਅਜਿਹਾ ਕੁਝ ਨਹੀਂ ਕਰ ਸਕਦੇ ਜਿਸ ਨਾਲ ਉਹ ਫਟਾਫਟ ਤਰੱਕੀ ਕਰੇ। ਬੀ ਬੀਜਣ ਵਾਲੇ ਆਦਮੀ ਵਾਂਗ ਅਸੀਂ ਨਹੀਂ ਜਾਣਦੇ ਕਿ ਵਾਧਾ ਕਿਵੇਂ ਹੁੰਦਾ ਹੈ। ਰੋਜ਼ਾਨਾ ਜ਼ਿੰਦਗੀ ਦੇ ਕੰਮਾਂ-ਕਾਰਾਂ ਵਿਚ ਰੁੱਝੇ ਹੋਣ ਕਰਕੇ ਸ਼ਾਇਦ ਸਾਨੂੰ ਵਾਧਾ ਨਜ਼ਰ ਨਾ ਆਵੇ। ਪਰ ਸਮੇਂ ਦੇ ਬੀਤਣ ਨਾਲ ਸ਼ਾਇਦ ਰਾਜ ਦਾ ਬੀ ਫਲ ਦੇਣਾ ਸ਼ੁਰੂ ਕਰ ਦੇਵੇ। ਫਿਰ ਨਵਾਂ ਚੇਲਾ ਸਾਡੇ ਨਾਲ ਵਾਢੀ ਦੇ ਕੰਮ ਵਿਚ ਹੱਥ ਵਟਾਉਣਾ ਸ਼ੁਰੂ ਕਰਦਾ ਹੈ ਅਤੇ ਸਾਨੂੰ ਉਸ ਦੀ ਮਦਦ ਦਾ ਫ਼ਾਇਦਾ ਹੁੰਦਾ ਹੈ।ਯੂਹੰ. 4:36-38.

6. ਬਾਈਬਲ ਸਟੱਡੀ ਦੀ ਤਰੱਕੀ ਬਾਰੇ ਸਾਨੂੰ ਕਿਹੜੀ ਗੱਲ ਕਬੂਲ ਕਰਨੀ ਚਾਹੀਦੀ ਹੈ?

6 ਅਸੀਂ ਇਸ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ? ਸਭ ਤੋਂ ਪਹਿਲਾਂ, ਸਾਨੂੰ ਕਬੂਲ ਕਰਨਾ ਪਵੇਗਾ ਕਿ ਇਹ ਗੱਲ ਸਾਡੇ ਹੱਥ-ਵੱਸ ਨਹੀਂ ਹੁੰਦੀ ਕਿ ਬਾਈਬਲ ਸਟੱਡੀ ਸੱਚਾਈ ਵਿਚ ਤਰੱਕੀ ਕਰਦੀ ਹੈ ਜਾਂ ਨਹੀਂ। ਜੇ ਅਸੀਂ ਨਿਮਰ ਹਾਂ, ਤਾਂ ਅਸੀਂ ਉਸ ਉੱਤੇ ਤਰੱਕੀ ਕਰਨ ਜਾਂ ਬਪਤਿਸਮਾ ਲੈਣ ਲਈ ਜ਼ੋਰ ਨਹੀਂ ਪਾਵਾਂਗੇ। ਅਸੀਂ ਆਪਣੇ ਵੱਲੋਂ ਉਸ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਤਾਂ ਕਰ ਸਕਦੇ ਹਾਂ, ਪਰ ਸਾਨੂੰ ਨਿਮਰਤਾ ਨਾਲ ਕਬੂਲ ਕਰਨਾ ਚਾਹੀਦਾ ਹੈ ਕਿ ਉਸ ਵਿਅਕਤੀ ਨੇ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਦਾ ਫ਼ੈਸਲਾ ਆਪ ਕਰਨਾ ਹੈ। ਯਹੋਵਾਹ ਨਾਲ ਪਿਆਰ ਹੋਣ ਕਰਕੇ ਹੀ ਹਰੇਕ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨੀ ਚਾਹੀਦੀ ਹੈ। ਜੇ ਕੋਈ ਯਹੋਵਾਹ ਨੂੰ ਦਿਲੋਂ ਪਿਆਰ ਨਹੀਂ ਕਰਦਾ, ਤਾਂ ਉਹ ਉਸ ਦੀ ਸੇਵਾ ਕਬੂਲ ਨਹੀਂ ਕਰੇਗਾ।ਜ਼ਬੂ. 51:12; 54:6; 110:3.

7, 8. (ੳ) ਸੌਂ ਰਹੇ ਬੀ ਬੀਜਣ ਵਾਲੇ ਦੀ ਮਿਸਾਲ ਤੋਂ ਅਸੀਂ ਹੋਰ ਕੀ ਸਿੱਖਦੇ ਹਾਂ? ਇਕ ਉਦਾਹਰਣ ਦਿਓ। (ਅ) ਇਸ ਤੋਂ ਅਸੀਂ ਯਹੋਵਾਹ ਅਤੇ ਯਿਸੂ ਬਾਰੇ ਕੀ ਸਿੱਖਦੇ ਹਾਂ?

7 ਦੂਸਰਾ, ਇਸ ਮਿਸਾਲ ਤੋਂ ਅਸੀਂ ਇਹ ਵੀ ਸਿੱਖਦੇ ਹਾਂ ਕਿ ਜੇ ਅਸੀਂ ਆਪਣੀ ਮਿਹਨਤ ਦਾ ਨਤੀਜਾ ਨਹੀਂ ਦੇਖਦੇ, ਤਾਂ ਸਾਨੂੰ ਨਿਰਾਸ਼ ਹੋਣ ਦੀ ਬਜਾਇ ਧੀਰਜ ਰੱਖਣਾ ਚਾਹੀਦਾ ਹੈ। (ਯਾਕੂ. 5:7, 8) ਜੇ ਅਸੀਂ ਆਪਣੇ ਵੱਲੋਂ ਬਾਈਬਲ ਸਟੱਡੀ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ, ਪਰ ਉਸ ਦੇ ਦਿਲ ਵਿਚ ਸੱਚਾਈ ਦਾ ਬੀ ਨਹੀਂ ਪੁੰਗਰਿਆ, ਤਾਂ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਉਸ ਨੂੰ ਵਧੀਆ ਤਰੀਕੇ ਨਾਲ ਨਹੀਂ ਸਿਖਾਇਆ। ਯਹੋਵਾਹ ਨਿਮਰ ਲੋਕਾਂ ਦੇ ਦਿਲਾਂ ਵਿਚ ਹੀ ਸੱਚਾਈ ਦਾ ਬੀ ਪੁੰਗਰਨ ਦਿੰਦਾ ਹੈ ਜੋ ਆਪਣੇ ਆਪ ਨੂੰ ਬਦਲਣ ਲਈ ਤਿਆਰ ਹਨ। (ਮੱਤੀ 13:23) ਪ੍ਰਚਾਰ ਵਿਚ ਸਾਡੀ ਕਾਮਯਾਬੀ ਇਸ ਗੱਲ ’ਤੇ ਨਿਰਭਰ ਨਹੀਂ ਕਰਦੀ ਕਿ ਅਸੀਂ ਕਿੰਨੇ ਲੋਕਾਂ ਦੀ ਬਪਤਿਸਮਾ ਲੈਣ ਵਿਚ ਮਦਦ ਕਰਦੇ ਹਾਂ। ਯਹੋਵਾਹ ਇਹ ਨਹੀਂ ਦੇਖਦਾ ਕਿ ਕਿੰਨੇ ਲੋਕ ਸਾਡੇ ਨਾਲ  ਬਾਈਬਲ ਸਟੱਡੀ ਕਰਨ ਲਈ ਤਿਆਰ ਹੁੰਦੇ ਹਨ ਜਾਂ ਬਪਤਿਸਮਾ ਲੈਂਦੇ ਹਨ। ਇਸ ਦੀ ਬਜਾਇ, ਉਹ ਇਸ ਗੱਲ ਦੀ ਕਦਰ ਕਰਦਾ ਹੈ ਕਿ ਅਸੀਂ ਕਿੰਨੀ ਮਿਹਨਤ ਤੇ ਵਫ਼ਾਦਾਰੀ ਨਾਲ ਇਹ ਕੰਮ ਕਰਦੇ ਹਾਂ।ਲੂਕਾ 10:17-20; 1 ਕੁਰਿੰਥੀਆਂ 3:8 ਪੜ੍ਹੋ।

8 ਤੀਸਰਾ, ਸਾਨੂੰ ਹਮੇਸ਼ਾ ਪਤਾ ਨਹੀਂ ਲੱਗਦਾ ਕਿ ਕਿਸੇ ਵਿਅਕਤੀ ਵਿਚ ਕਿਹੜੀਆਂ ਤਬਦੀਲੀਆਂ ਹੋ ਰਹੀਆਂ ਹਨ। ਉਦਾਹਰਣ ਲਈ, ਇਕ ਮਿਸ਼ਨਰੀ ਭਰਾ ਇਕ ਪਤੀ-ਪਤਨੀ ਨਾਲ ਸਟੱਡੀ ਕਰ ਰਿਹਾ ਸੀ ਜੋ ਪਬਲੀਸ਼ਰ ਬਣਨਾ ਚਾਹੁੰਦੇ ਸਨ। ਭਰਾ ਨੇ ਕਿਹਾ ਕਿ ਪਬਲੀਸ਼ਰ ਬਣਨ ਲਈ ਉਨ੍ਹਾਂ ਦੋਵਾਂ ਨੂੰ ਸਿਗਰਟਾਂ ਛੱਡਣੀਆਂ ਪੈਣਗੀਆਂ। ਉਹ ਉਨ੍ਹਾਂ ਦੀ ਗੱਲ ਸੁਣ ਕੇ ਹੱਕਾ-ਬੱਕਾ ਰਹਿ ਗਿਆ ਕਿ ਉਨ੍ਹਾਂ ਨੇ ਕਈ ਮਹੀਨੇ ਪਹਿਲਾਂ ਹੀ ਸਿਗਰਟਾਂ ਛੱਡ ਦਿੱਤੀਆਂ ਸਨ। ਕਿਉਂ? ਕਿਉਂਕਿ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਯਹੋਵਾਹ ਉਨ੍ਹਾਂ ਨੂੰ ਸਿਗਰਟਾਂ ਪੀਂਦਿਆਂ ਦੇਖਦਾ ਸੀ। ਨਾਲੇ ਉਹ ਦੋਗਲੀ ਜ਼ਿੰਦਗੀ ਜੀਉਣ ਵਾਲਿਆਂ ਨਾਲ ਨਫ਼ਰਤ ਕਰਦਾ ਹੈ। ਇਸ ਕਰਕੇ ਉਨ੍ਹਾਂ ਦੇ ਦਿਲਾਂ ਨੇ ਉਨ੍ਹਾਂ ਨੂੰ ਫ਼ੈਸਲਾ ਕਰਨ ਲਈ ਪ੍ਰੇਰਿਆ ਕਿ ਉਹ ਜਾਂ ਤਾਂ ਮਿਸ਼ਨਰੀ ਸਾਮ੍ਹਣੇ ਸਿਗਰਟਾਂ ਪੀਣ ਜਾਂ ਫਿਰ ਬਿਲਕੁਲ ਛੱਡ ਦੇਣ। ਉਨ੍ਹਾਂ ਦੇ ਦਿਲਾਂ ਵਿਚ ਯਹੋਵਾਹ ਲਈ ਪਿਆਰ ਪੈਦਾ ਹੋ ਗਿਆ ਸੀ ਅਤੇ ਇਸ ਪਿਆਰ ਨੇ ਉਨ੍ਹਾਂ ਦੀ ਸਹੀ ਫ਼ੈਸਲਾ ਕਰਨ ਵਿਚ ਮਦਦ ਕੀਤੀ। ਜੀ ਹਾਂ, ਸੱਚਾਈ ਦਾ ਬੀ ਉਨ੍ਹਾਂ ਦੇ ਅੰਦਰ ਵਧ-ਫੁੱਲ ਰਿਹਾ ਸੀ, ਭਾਵੇਂ ਕਿ ਮਿਸ਼ਨਰੀ ਨੂੰ ਇਹ ਵਾਧਾ ਨਜ਼ਰ ਨਹੀਂ ਆਇਆ ਸੀ।

ਜਾਲ਼

9. ਜਾਲ਼ ਦੀ ਮਿਸਾਲ ਦਾ ਕੀ ਮਤਲਬ ਹੈ?

9 ਮੱਤੀ 13:47-50 ਪੜ੍ਹੋ। ਯਿਸੂ ਦੁਆਰਾ ਦਿੱਤੀ ਜਾਲ਼ ਦੀ ਮਿਸਾਲ ਦਾ ਕੀ ਮਤਲਬ ਹੈ? ਯਿਸੂ ਨੇ ਸਾਰੇ ਲੋਕਾਂ ਨੂੰ ਰਾਜ ਦਾ ਸੰਦੇਸ਼ ਸੁਣਾਉਣ ਦੀ ਤੁਲਨਾ ਪਾਣੀ ਵਿਚ ਵੱਡਾ ਸਾਰਾ ਜਾਲ਼ ਪਾਉਣ ਨਾਲ ਕੀਤੀ ਸੀ। ਜਿਵੇਂ ਜਾਲ਼ ਵਿਚ ਵੱਡੀ ਗਿਣਤੀ ਵਿਚ “ਹਰ ਤਰ੍ਹਾਂ ਦੀਆਂ ਮੱਛੀਆਂ” ਫਸ ਜਾਂਦੀਆਂ ਹਨ, ਉਸੇ ਤਰ੍ਹਾਂ ਸਾਡੇ ਪ੍ਰਚਾਰ ਨੇ ਹਰ ਤਰ੍ਹਾਂ ਦੇ ਲੱਖਾਂ ਲੋਕਾਂ ਨੂੰ ਖਿੱਚਿਆ ਹੈ। (ਯਸਾ. 60:5) ਇਸ ਦਾ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਹਰ ਸਾਲ ਵੱਡੀ ਗਿਣਤੀ ਵਿਚ ਲੋਕ ਸਾਡੇ ਸੰਮੇਲਨਾਂ ਅਤੇ ਮੈਮੋਰੀਅਲ ਵਿਚ ਆਉਂਦੇ ਹਨ। ਇਨ੍ਹਾਂ ਵਿੱਚੋਂ ਕੁਝ ਲੋਕ “ਚੰਗੀਆਂ” ਮੱਛੀਆਂ ਵਰਗੇ ਹੁੰਦੇ ਹਨ ਅਤੇ ਉਹ ਮਸੀਹੀ ਮੰਡਲੀ ਦਾ ਹਿੱਸਾ ਬਣ ਜਾਂਦੇ ਹਨ। ਪਰ ਹੋਰ ਲੋਕ ‘ਨਾ ਖਾਧੀਆਂ ਜਾ ਸਕਣ’ ਵਾਲੀਆਂ ਮੱਛੀਆਂ ਵਰਗੇ ਹੁੰਦੇ ਹਨ ਜਿਨ੍ਹਾਂ ਨੂੰ ਯਹੋਵਾਹ ਕਬੂਲ ਨਹੀਂ ਕਰਦਾ।

ਮੱਤੀ 13:47-50 ਪੜ੍ਹਨ ਤੋਂ ਬਾਅਦ . . ..

10. ਯਿਸੂ ਨੇ ਜਾਲ਼ ਦੀ ਮਿਸਾਲ ਕਿਉਂ ਦਿੱਤੀ ਸੀ?

10 ਯਿਸੂ ਨੇ ਇਹ ਮਿਸਾਲ ਕਿਉਂ ਦਿੱਤੀ ਸੀ? ਮੱਛੀਆਂ ਨੂੰ ਅਲੱਗ-ਅਲੱਗ ਕਰਨ ਦਾ ਕੰਮ ਮਹਾਂਕਸ਼ਟ ਦੌਰਾਨ ਆਖ਼ਰੀ ਨਿਆਂ ਵੇਲੇ ਨਹੀਂ ਹੋਵੇਗਾ, ਸਗੋਂ ਦੁਸ਼ਟ ਦੁਨੀਆਂ ਦੇ ਆਖ਼ਰੀ ਦਿਨਾਂ ਦੌਰਾਨ ਹੋਵੇਗਾ। ਯਿਸੂ ਨੇ ਦੱਸਿਆ ਕਿ ਜਿਹੜੇ ਲੋਕ ਸੱਚਾਈ ਨੂੰ ਪਸੰਦ ਕਰਦੇ ਹਨ, ਉਨ੍ਹਾਂ ਵਿੱਚੋਂ ਸਾਰੇ ਯਹੋਵਾਹ ਦੇ ਪੱਖ ਵਿਚ ਨਹੀਂ ਖੜ੍ਹਨਗੇ। ਬਹੁਤ ਸਾਰੇ ਲੋਕ ਸਾਡੀਆਂ ਮੀਟਿੰਗਾਂ ਵਿਚ ਆਉਂਦੇ ਹਨ। ਕਈ ਹੋਰ ਸਾਡੇ ਨਾਲ ਬਾਈਬਲ ਦੀ ਸਟੱਡੀ ਕਰਦੇ ਹਨ, ਪਰ ਉਹ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਨਹੀਂ ਕਰਨਾ ਚਾਹੁੰਦੇ। (1 ਰਾਜ. 18:21) ਕਈਆਂ ਨੇ ਤਾਂ ਮੀਟਿੰਗਾਂ ਵਿਚ ਆਉਣਾ ਹੀ ਛੱਡ ਦਿੱਤਾ ਹੈ। ਕਈ ਨੌਜਵਾਨਾਂ ਨੂੰ ਉਨ੍ਹਾਂ ਦੇ ਮਾਪਿਆਂ ਨੇ ਬਚਪਨ ਤੋਂ ਸੱਚਾਈ ਸਿਖਾਈ ਹੈ, ਪਰ ਉਨ੍ਹਾਂ ਦੇ ਦਿਲ ਵਿਚ ਅਜੇ ਯਹੋਵਾਹ ਦੇ ਅਸੂਲਾਂ ਲਈ ਪਿਆਰ ਪੈਦਾ ਨਹੀਂ ਹੋਇਆ ਹੈ। ਯਿਸੂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਹਰੇਕ ਨੂੰ ਆਪ ਫ਼ੈਸਲਾ ਕਰਨਾ ਪਵੇਗਾ। ਜਿਹੜੇ ਲੋਕ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕਰਦੇ ਹਨ, ਉਹ ਉਸ ਦੀਆਂ ਨਜ਼ਰਾਂ ਵਿਚ “ਕੌਮਾਂ ਦਾ ਧਨ” ਯਾਨੀ ਬਹੁਮੁੱਲੇ ਹਨ।ਯਸਾ. 60:5.

. . . ਸੋਚੋ ਕਿ ਇਹ ਮਿਸਾਲ ਅੱਜ ਕਿਵੇਂ ਲਾਗੂ ਹੁੰਦੀ ਹੈ

11, 12. (ੳ) ਸਾਨੂੰ ਜਾਲ਼ ਦੀ ਮਿਸਾਲ ਤੋਂ ਕੀ ਫ਼ਾਇਦਾ ਹੋ ਸਕਦਾ ਹੈ? (ਅ) ਇਸ ਤੋਂ ਅਸੀਂ ਯਹੋਵਾਹ ਅਤੇ ਯਿਸੂ ਬਾਰੇ ਕੀ ਸਿੱਖਦੇ ਹਾਂ?

11 ਸਾਨੂੰ ਜਾਲ਼ ਦੀ ਮਿਸਾਲ ਤੋਂ ਕੀ ਫ਼ਾਇਦਾ ਹੋ ਸਕਦਾ ਹੈ? ਇਹ ਮਿਸਾਲ ਸਾਨੂੰ ਸਿਖਾਉਂਦੀ ਹੈ ਕਿ ਜੇ ਸਾਡੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਸਾਡੀ ਕੋਈ ਬਾਈਬਲ ਸਟੱਡੀ ਜਾਂ ਸਾਡਾ ਬੱਚਾ ਸੱਚਾਈ ਨੂੰ ਕਬੂਲ ਨਹੀਂ ਕਰਦਾ, ਤਾਂ ਸਾਨੂੰ ਹੱਦੋਂ ਵੱਧ ਨਿਰਾਸ਼ ਨਹੀਂ ਹੋਣਾ ਚਾਹੀਦਾ। ਬਾਈਬਲ ਸਟੱਡੀ ਕਰਨ ਜਾਂ ਬਚਪਨ ਤੋਂ ਸੱਚਾਈ ਸਿੱਖਣ ਦਾ ਮਤਲਬ ਇਹ ਨਹੀਂ ਹੈ ਕਿ ਇਕ ਵਿਅਕਤੀ ਦਾ ਆਪਣੇ ਆਪ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਕਾਇਮ ਹੋ ਜਾਵੇਗਾ। ਜਿਹੜੇ ਲੋਕ ਯਹੋਵਾਹ ਦੀ ਹਕੂਮਤ ਦੇ ਅਧੀਨ ਨਹੀਂ ਹੋਣਾ ਚਾਹੁੰਦੇ, ਉਨ੍ਹਾਂ ਨੂੰ ਪਰਮੇਸ਼ੁਰ ਦੇ ਲੋਕਾਂ ਵਿਚ ਸ਼ਾਮਲ ਨਹੀਂ ਕੀਤਾ ਜਾਵੇਗਾ।

ਜਿਹੜੇ ਲੋਕ ਸੱਚਾਈ ਨੂੰ ਪਸੰਦ ਕਰਦੇ ਹਨ, ਉਨ੍ਹਾਂ ਵਿੱਚੋਂ ਕੁਝ ਯਹੋਵਾਹ ਦੇ ਪੱਖ ਵਿਚ ਖੜ੍ਹਨਗੇ (ਪੈਰੇ 9-12 ਦੇਖੋ)

12 ਕੀ ਇਸ ਦਾ ਇਹ ਮਤਲਬ ਹੈ ਕਿ ਜਿਹੜੇ ਸੱਚਾਈ ਨੂੰ ਛੱਡ ਗਏ ਹਨ, ਉਨ੍ਹਾਂ ਨੂੰ ਕਦੀ ਵੀ ਮੰਡਲੀ  ਵਿਚ ਦੁਬਾਰਾ ਵਾਪਸ ਨਹੀਂ ਆਉਣ ਦਿੱਤਾ ਜਾਵੇਗਾ? ਜਾਂ ਜੇ ਕੋਈ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਨਹੀਂ ਕਰਦਾ, ਤਾਂ ਕੀ ਇਹ ਉਮੀਦ ਛੱਡ ਦੇਣੀ ਚਾਹੀਦੀ ਹੈ ਕਿ ਉਹ ਕਦੀ ਵੀ ਸੱਚਾਈ ਵਿਚ ਨਹੀਂ ਆਵੇਗਾ? ਨਹੀਂ। ਮਹਾਂਕਸ਼ਟ ਦੇ ਆਉਣ ਤਕ ਸਾਰਿਆਂ ਕੋਲ ਯਹੋਵਾਹ ਦੇ ਦੋਸਤ ਬਣਨ ਦਾ ਮੌਕਾ ਹੈ। ਯਹੋਵਾਹ ਉਨ੍ਹਾਂ ਸਾਰਿਆਂ ਨੂੰ ਕਹਿ ਰਿਹਾ ਹੈ: “ਤੁਸੀਂ ਮੇਰੀ ਵੱਲ ਮੁੜੋ ਤਾਂ ਮੈਂ ਤੁਹਾਡੀ ਵੱਲ ਮੁੜਾਂਗਾ।” (ਮਲਾ. 3:7) ਯਿਸੂ ਦੁਆਰਾ ਦਿੱਤੀ ਉਜਾੜੂ ਪੁੱਤਰ ਦੀ ਮਿਸਾਲ ਵਿਚ ਵੀ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਹੈ।ਲੂਕਾ 15:11-32 ਪੜ੍ਹੋ।

ਉਜਾੜੂ ਪੁੱਤਰ

13. ਉਜਾੜੂ ਪੁੱਤਰ ਦੀ ਮਿਸਾਲ ਦਾ ਕੀ ਮਤਲਬ ਹੈ?

13 ਯਿਸੂ ਦੁਆਰਾ ਦਿੱਤੀ ਉਜਾੜੂ ਪੁੱਤਰ ਦੀ ਮਿਸਾਲ ਦਾ ਕੀ ਮਤਲਬ ਹੈ? ਇਸ ਮਿਸਾਲ ਵਿਚ ਰਹਿਮਦਿਲ ਪਿਤਾ, ਸਾਡੇ ਪਿਆਰੇ ਪਿਤਾ ਯਹੋਵਾਹ ਨੂੰ ਦਰਸਾਉਂਦਾ ਹੈ। ਜਿਹੜਾ ਪੁੱਤਰ ਜਾਇਦਾਦ ਦਾ ਆਪਣਾ ਹਿੱਸਾ ਲੈ ਕੇ ਉਡਾ ਦਿੰਦਾ ਹੈ, ਉਹ ਉਨ੍ਹਾਂ ਲੋਕਾਂ ਨੂੰ ਦਰਸਾਉਂਦਾ ਹੈ ਜੋ ਗੁਮਰਾਹ ਹੋ ਕੇ ਮੰਡਲੀ ਨੂੰ ਛੱਡ ਗਏ ਹਨ। ਮੰਡਲੀ ਨੂੰ ਛੱਡ ਕੇ ਉਹ ਇਕ ਤਰ੍ਹਾਂ ਨਾਲ “ਕਿਸੇ ਦੂਰ ਦੇਸ਼” ਯਾਨੀ ਪਰਮੇਸ਼ੁਰ ਤੋਂ ਦੂਰ ਹੋ ਚੁੱਕੀ ਸ਼ੈਤਾਨ ਦੀ ਦੁਨੀਆਂ ਵਿਚ ਚਲੇ ਗਏ ਹਨ। (ਅਫ਼. 4:18; ਕੁਲੁ. 1:21) ਪਰ ਬਾਅਦ ਵਿਚ ਕੁਝ ਲੋਕ ਹੋਸ਼ ਵਿਚ ਆਉਂਦੇ ਹਨ ਅਤੇ ਯਹੋਵਾਹ ਕੋਲ ਵਾਪਸ ਆਉਣ ਦਾ ਫ਼ੈਸਲਾ ਕਰਦੇ ਹਨ, ਭਾਵੇਂ ਉਨ੍ਹਾਂ ਲਈ ਇਸ ਤਰ੍ਹਾਂ ਕਰਨਾ ਔਖਾ ਹੁੰਦਾ ਹੈ। ਜਦੋਂ ਉਹ ਨਿਮਰ ਬਣ ਕੇ ਆਪਣੀਆਂ ਗ਼ਲਤੀਆਂ ਦਾ ਦਿਲੋਂ ਪਛਤਾਵਾ ਕਰਦੇ ਹਨ, ਤਾਂ ਯਹੋਵਾਹ ਉਨ੍ਹਾਂ ਨੂੰ ਮਾਫ਼ ਕਰਦਾ ਹੈ ਅਤੇ ਵਾਪਸ ਆਉਣ ਤੇ ਉਨ੍ਹਾਂ ਦਾ ਸੁਆਗਤ ਕਰਦਾ ਹੈ।ਯਸਾ. 44:22; 1 ਪਤ. 2:25.

14. ਯਿਸੂ ਨੇ ਉਜਾੜੂ ਪੁੱਤਰ ਦੀ ਮਿਸਾਲ ਕਿਉਂ ਦਿੱਤੀ ਸੀ?

14 ਯਿਸੂ ਨੇ ਇਹ ਮਿਸਾਲ ਕਿਉਂ ਦਿੱਤੀ ਸੀ? ਯਿਸੂ ਨੇ ਬਹੁਤ ਹੀ ਸੋਹਣੇ ਤਰੀਕੇ ਨਾਲ ਸਮਝਾਇਆ ਕਿ ਯਹੋਵਾਹ ਚਾਹੁੰਦਾ ਹੈ ਕਿ ਗੁਮਰਾਹ ਹੋਏ ਲੋਕ ਉਸ ਕੋਲ ਵਾਪਸ ਆ ਜਾਣ। ਇਸ ਮਿਸਾਲ ਵਿਚ ਪਿਤਾ ਨੇ ਆਪਣੇ ਪੁੱਤਰ ਦੇ ਵਾਪਸ ਆਉਣ ਦੀ ਉਮੀਦ ਕਦੀ ਨਹੀਂ ਛੱਡੀ। ਜਦੋਂ ਉਸ ਨੇ ਆਪਣੇ ਪੁੱਤਰ ਨੂੰ ਵਾਪਸ ਆਉਂਦਿਆਂ ਦੇਖਿਆ, ਭਾਵੇਂ ਕਿ ‘ਪੁੱਤਰ ਅਜੇ ਦੂਰ ਹੀ ਸੀ,’ ਪਿਤਾ ਭੱਜ ਕੇ ਉਸ ਕੋਲ ਗਿਆ ਤੇ ਉਸ ਨੂੰ ਗਲ਼ੇ ਲਾਇਆ। ਸੱਚਾਈ ਛੱਡ ਕੇ ਜਾ ਚੁੱਕੇ ਲੋਕਾਂ ਨੂੰ ਇਸ ਗੱਲ ਤੋਂ ਕਿੰਨੀ ਪ੍ਰੇਰਣਾ ਮਿਲਦੀ ਹੈ ਕਿ ਉਹ ਬਿਨਾਂ ਦੇਰ ਕੀਤਿਆਂ ਯਹੋਵਾਹ ਕੋਲ ਵਾਪਸ ਆ ਜਾਣ। ਭਾਵੇਂ ਉਨ੍ਹਾਂ ਦਾ ਯਹੋਵਾਹ ਨਾਲ ਰਿਸ਼ਤਾ ਕਮਜ਼ੋਰ ਹੋ ਚੁੱਕਾ ਹੈ ਤੇ ਉਨ੍ਹਾਂ ਨੂੰ ਸ਼ਰਮਿੰਦਗੀ ਵੀ ਮਹਿਸੂਸ ਹੁੰਦੀ ਹੋਣੀ, ਵਾਪਸ ਆਉਣ ਵਿਚ ਉਨ੍ਹਾਂ ਦੀ ਹੀ ਭਲਾਈ ਹੈ। ਉਨ੍ਹਾਂ ਦੇ ਵਾਪਸ ਆਉਣ ਤੇ ਸਵਰਗ ਵਿਚ ਵੀ ਖ਼ੁਸ਼ੀਆਂ ਮਨਾਈਆਂ ਜਾਣਗੀਆਂ।ਲੂਕਾ 15:7.

15, 16. (ੳ) ਅਸੀਂ ਉਜਾੜੂ ਪੁੱਤਰ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ? ਕੁਝ ਤਜਰਬੇ ਦੱਸੋ। (ਅ) ਇਸ ਤੋਂ ਅਸੀਂ ਯਹੋਵਾਹ ਅਤੇ ਯਿਸੂ ਬਾਰੇ ਕੀ ਸਿੱਖਦੇ ਹਾਂ?

15 ਸਾਨੂੰ ਉਜਾੜੂ ਪੁੱਤਰ ਦੀ ਮਿਸਾਲ ਤੋਂ ਕੀ ਫ਼ਾਇਦਾ ਹੋ ਸਕਦਾ ਹੈ? ਸਾਨੂੰ ਯਹੋਵਾਹ ਦੀ ਰੀਸ ਕਰਨੀ ਚਾਹੀਦੀ ਹੈ। ਸਾਨੂੰ ਕਦੇ ਵੀ ਆਪਣੇ ਆਪ ਨੂੰ “ਵਧੀਕ ਧਰਮੀ” ਨਹੀਂ ਸਮਝਣਾ ਚਾਹੀਦਾ ਕਿ ਅਸੀਂ  ਤੋਬਾ ਕਰਨ ਵਾਲੇ ਪਾਪੀਆਂ ਦੇ ਵਾਪਸ ਆਉਣ ਤੇ ਉਨ੍ਹਾਂ ਦਾ ਸੁਆਗਤ ਹੀ ਨਾ ਕਰੀਏ। ਇਸ ਰਵੱਈਏ ਕਰਕੇ ਯਹੋਵਾਹ ਨਾਲ ਸਾਡਾ ਆਪਣਾ ਰਿਸ਼ਤਾ ਕਮਜ਼ੋਰ ਪੈ ਜਾਵੇਗਾ। (ਉਪ. 7:16) ਇਸ ਤੋਂ ਅਸੀਂ ਇਹ ਵੀ ਸਿੱਖਦੇ ਹਾਂ ਕਿ ਜੇ ਕੋਈ ਮੰਡਲੀ ਨੂੰ ਛੱਡ ਕੇ ਚਲਾ ਜਾਂਦਾ ਹੈ, ਤਾਂ ਸਾਨੂੰ ਉਸ ਨੂੰ “ਗੁਆਚੀ ਹੋਈ ਭੇਡ” ਸਮਝਣਾ ਚਾਹੀਦਾ ਹੈ ਅਤੇ ਉਸ ਦੇ ਲੱਭ ਜਾਣ ਦੀ ਉਮੀਦ ਨਹੀਂ ਛੱਡਣੀ ਚਾਹੀਦੀ। (ਜ਼ਬੂ. 119:176) ਜੇ ਸਾਨੂੰ ਕੋਈ ਵਿਅਕਤੀ ਮਿਲਦਾ ਹੈ ਜਿਸ ਨੇ ਮੰਡਲੀ ਨੂੰ ਛੱਡ ਦਿੱਤਾ ਹੈ, ਪਰ ਉਸ ਨੂੰ ਛੇਕਿਆ ਨਹੀਂ ਗਿਆ, ਤਾਂ ਕੀ ਅਸੀਂ ਵਾਪਸ ਆਉਣ ਲਈ ਉਸ ਦੀ ਪਿਆਰ ਨਾਲ ਮਦਦ ਕਰਾਂਗੇ? ਕੀ ਅਸੀਂ ਤੁਰੰਤ ਬਜ਼ੁਰਗਾਂ ਨੂੰ ਦੱਸਾਂਗੇ ਤਾਂਕਿ ਉਸ ਦੀ ਮਦਦ ਕੀਤੀ ਜਾ ਸਕੇ? ਜੇ ਅਸੀਂ ਉਜਾੜੂ ਪੁੱਤਰ ਦੀ ਮਿਸਾਲ ਤੋਂ ਸਿੱਖੀਆਂ ਗੱਲਾਂ ਉੱਤੇ ਚੱਲਾਂਗੇ, ਤਾਂ ਅਸੀਂ ਇਸ ਤਰ੍ਹਾਂ ਜ਼ਰੂਰ ਕਰਾਂਗੇ।

16 ਜਿਹੜੇ ਲੋਕ ਵਾਪਸ ਆਏ ਹਨ, ਉਹ ਯਹੋਵਾਹ ਦੇ ਰਹਿਮ, ਪਿਆਰ ਅਤੇ ਮੰਡਲੀ ਦੀ ਮਦਦ ਲਈ ਬਹੁਤ ਹੀ ਸ਼ੁਕਰਗੁਜ਼ਾਰ ਹਨ। ਇਕ ਭਰਾ ਛੇਕੇ ਜਾਣ ਤੋਂ 25 ਸਾਲ ਬਾਅਦ ਮੰਡਲੀ ਵਿਚ ਵਾਪਸ ਆਇਆ। ਉਹ ਕਹਿੰਦਾ ਹੈ: “ਮੰਡਲੀ ਵਿਚ ਦੁਬਾਰਾ ਬਹਾਲ ਹੋਣ ਤੋਂ ਬਾਅਦ ‘ਯਹੋਵਾਹ ਵੱਲੋਂ ਰਾਹਤ ਦੇ ਦਿਨ ਆਉਣ’ ਕਰਕੇ ਮੇਰੀ ਖ਼ੁਸ਼ੀ ਵਧਦੀ ਜਾ ਰਹੀ ਹੈ। (ਰਸੂ. 3:19) ਹਰੇਕ ਨੇ ਬੜੇ ਪਿਆਰ ਨਾਲ ਮੇਰੀ ਮਦਦ ਕੀਤੀ! ਹੁਣ ਮੈਂ ਦੁਬਾਰਾ ਯਹੋਵਾਹ ਦੇ ਪਰਿਵਾਰ ਦਾ ਹਿੱਸਾ ਬਣ ਗਿਆ ਹਾਂ।” ਇਕ ਜਵਾਨ ਭੈਣ ਯਹੋਵਾਹ ਤੋਂ 5 ਸਾਲ ਦੂਰ ਰਹਿਣ ਤੋਂ ਬਾਅਦ ਵਾਪਸ ਆਈ। ਉਹ ਕਹਿੰਦੀ ਹੈ: “ਯਿਸੂ ਨੇ ਜਿਸ ਪਿਆਰ ਦੀ ਗੱਲ ਕੀਤੀ ਸੀ, ਮੈਨੂੰ ਵਾਕਈ ਉਹ ਪਿਆਰ ਮਿਲਿਆ। ਮੈਂ ਦੱਸ ਨਹੀਂ ਸਕਦੀ ਕਿ ਇੰਨਾ ਪਿਆਰ ਮਿਲਣ ਤੇ ਮੈਂ ਕਿੱਦਾਂ ਮਹਿਸੂਸ ਕਰਦੀ ਹਾਂ। ਯਹੋਵਾਹ ਦੇ ਸੰਗਠਨ ਵਰਗਾ ਹੋਰ ਕੋਈ ਸੰਗਠਨ ਨਹੀਂ ਹੈ!”

17, 18. (ੳ) ਇਸ ਲੇਖ ਵਿਚ ਅਸੀਂ ਜਿਨ੍ਹਾਂ ਮਿਸਾਲਾਂ ’ਤੇ ਗੌਰ ਕੀਤਾ ਹੈ, ਉਨ੍ਹਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ? (ਅ) ਸਾਨੂੰ ਕੀ ਪੱਕਾ ਇਰਾਦਾ ਕਰਨਾ ਚਾਹੀਦਾ ਹੈ?

17 ਅਸੀਂ ਇਨ੍ਹਾਂ ਤਿੰਨ ਮਿਸਾਲਾਂ ਤੋਂ ਕੀ ਸਿੱਖਦੇ ਹਾਂ? ਪਹਿਲਾ, ਸਾਨੂੰ ਕਬੂਲ ਕਰਨਾ ਪਵੇਗਾ ਕਿ ਇਹ ਸਾਡੇ ਹੱਥ-ਵੱਸ ਨਹੀਂ ਹੈ ਕਿ ਸਾਡੀ ਬਾਈਬਲ ਸਟੱਡੀ ਕਿੰਨੀ ਕੁ ਛੇਤੀ ਤਰੱਕੀ ਕਰਦੀ ਹੈ। ਇਹ ਕੰਮ ਯਹੋਵਾਹ ਦਾ ਹੈ। ਦੂਸਰਾ, ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਜਿਹੜੇ ਲੋਕ ਮੀਟਿੰਗਾਂ ਵਿਚ ਆਉਂਦੇ ਹਨ ਤੇ ਸਾਡੇ ਨਾਲ ਸਟੱਡੀ ਕਰਦੇ ਹਨ, ਜ਼ਰੂਰੀ ਨਹੀਂ ਕਿ ਉਨ੍ਹਾਂ ਵਿੱਚੋਂ ਸਾਰੇ ਸੱਚਾਈ ਦਾ ਪੱਖ ਲੈਣਗੇ। ਅਖ਼ੀਰ ਵਿਚ, ਭਾਵੇਂ ਕੁਝ ਲੋਕ ਸੱਚਾਈ ਛੱਡ ਕੇ ਯਹੋਵਾਹ ਤੋਂ ਦੂਰ ਚਲੇ ਜਾਣ, ਪਰ ਸਾਨੂੰ ਉਨ੍ਹਾਂ ਦੇ ਵਾਪਸ ਆਉਣ ਦੀ ਉਮੀਦ ਕਦੇ ਨਹੀਂ ਛੱਡਣੀ ਚਾਹੀਦੀ। ਜੇ ਉਹ ਵਾਪਸ ਆਉਂਦੇ ਹਨ, ਤਾਂ ਯਹੋਵਾਹ ਵਾਂਗ ਸਾਨੂੰ ਉਨ੍ਹਾਂ ਦਾ ਸੁਆਗਤ ਕਰਨਾ ਚਾਹੀਦਾ ਹੈ।

18 ਆਓ ਆਪਾਂ ਸਾਰੇ ਗਿਆਨ, ਸਮਝ ਅਤੇ ਬੁੱਧ ਹਾਸਲ ਕਰਦੇ ਰਹੀਏ। ਯਿਸੂ ਦੀਆਂ ਮਿਸਾਲਾਂ ਪੜ੍ਹਦੇ ਹੋਏ ਇਨ੍ਹਾਂ ਸਵਾਲਾਂ ’ਤੇ ਗੌਰ ਕਰੋ: ਇਨ੍ਹਾਂ ਦਾ ਕੀ ਮਤਲਬ ਹੈ? ਇਨ੍ਹਾਂ ਨੂੰ ਬਾਈਬਲ ਵਿਚ ਕਿਉਂ ਲਿਖਵਾਇਆ ਗਿਆ ਹੈ? ਅਸੀਂ ਇਨ੍ਹਾਂ ਤੋਂ ਸਿੱਖੀਆਂ ਗੱਲਾਂ ਮੁਤਾਬਕ ਕਿਵੇਂ ਚੱਲ ਸਕਦੇ ਹਾਂ? ਅਸੀਂ ਇਨ੍ਹਾਂ ਤੋਂ ਯਹੋਵਾਹ ਅਤੇ ਯਿਸੂ ਬਾਰੇ ਕੀ ਸਿੱਖਦੇ ਹਾਂ? ਇਸ ਤਰ੍ਹਾਂ ਕਰਕੇ ਅਸੀਂ ਦਿਖਾਵਾਂਗੇ ਕਿ ਅਸੀਂ ਯਿਸੂ ਦੀਆਂ ਗੱਲਾਂ ਦਾ ਮਤਲਬ ਸੱਚ-ਮੁੱਚ ਸਮਝ ਰਹੇ ਹਾਂ।