Skip to content

Skip to table of contents

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

ਅਸੀਂ ਪਵਿੱਤਰ ਕਿਉਂ ਰਹੀਏ?

ਅਸੀਂ ਪਵਿੱਤਰ ਕਿਉਂ ਰਹੀਏ?

“ਤੁਸੀਂ ਪਵਿੱਤ੍ਰ ਹੋਵੋ।”ਲੇਵੀ. 11:45.

1. ਲੇਵੀਆਂ ਦੀ ਕਿਤਾਬ ਸਾਡੀ ਕਿਵੇਂ ਮਦਦ ਕਰ ਸਕਦੀ ਹੈ?

ਲੇਵੀਆਂ ਦੀ ਕਿਤਾਬ ਵਿਚ ਪਵਿੱਤਰਤਾ ਦਾ ਜਿੰਨੀ ਵਾਰ ਜ਼ਿਕਰ ਕੀਤਾ ਗਿਆ ਹੈ, ਉੱਨੀ ਵਾਰ ਬਾਈਬਲ ਦੀ ਹੋਰ ਕਿਸੇ ਵੀ ਕਿਤਾਬ ਵਿਚ ਜ਼ਿਕਰ ਨਹੀਂ ਕੀਤਾ ਗਿਆ। ਯਹੋਵਾਹ ਦੇ ਸੱਚੇ ਭਗਤਾਂ ਤੋਂ ਪਵਿੱਤਰ ਰਹਿਣ ਦੀ ਮੰਗ ਕੀਤੀ ਜਾਂਦੀ ਹੈ। ਇਸ ਲਈ ਲੇਵੀਆਂ ਦੀ ਕਿਤਾਬ ਨੂੰ ਸਮਝਣ ਤੇ ਇਸ ਦੀ ਕਦਰ ਕਰਨ ਨਾਲ ਸਾਨੂੰ ਪਵਿੱਤਰ ਰਹਿਣ ਵਿਚ ਮਦਦ ਮਿਲੇਗੀ।

2. ਲੇਵੀਆਂ ਦੀ ਕਿਤਾਬ ਦੀਆਂ ਕੁਝ ਖ਼ਾਸੀਅਤਾਂ ਕੀ ਹਨ?

2 ਮੂਸਾ ਦੁਆਰਾ ਲਿਖੀ ਲੇਵੀਆਂ ਦੀ ਕਿਤਾਬ ‘ਪੂਰੇ ਧਰਮ-ਗ੍ਰੰਥ’ ਦਾ ਹਿੱਸਾ ਹੈ ਜੋ ਸਿਖਾਉਣ ਲਈ ਫ਼ਾਇਦੇਮੰਦ ਹੈ। (2 ਤਿਮੋ. 3:16) ਇਸ ਕਿਤਾਬ ਦੇ ਹਰ ਅਧਿਆਇ ਵਿਚ ਯਹੋਵਾਹ ਦਾ ਨਾਂ ਲਗਭਗ 10 ਵਾਰ ਆਉਂਦਾ ਹੈ। ਲੇਵੀਆਂ ਦੀ ਕਿਤਾਬ ਨੂੰ ਸਮਝ ਕੇ ਸਾਡਾ ਇਰਾਦਾ ਮਜ਼ਬੂਤ ਹੋਵੇਗਾ ਕਿ ਅਸੀਂ ਅਜਿਹਾ ਕੋਈ ਵੀ ਕੰਮ ਨਹੀਂ ਕਰਾਂਗੇ ਜਿਸ ਨਾਲ ਪਰਮੇਸ਼ੁਰ ਦਾ ਨਾਂ ਬਦਨਾਮ ਹੋ ਸਕਦਾ ਹੈ। (ਲੇਵੀ. 22:32) ਇਸ ਕਿਤਾਬ ਵਿਚ ਵਾਰ-ਵਾਰ “ਮੈਂ ਯਹੋਵਾਹ ਹਾਂ” ਸ਼ਬਦ ਸਾਨੂੰ ਯਾਦ ਕਰਾਉਂਦੇ ਹਨ ਕਿ ਸਾਨੂੰ ਪਰਮੇਸ਼ੁਰ ਦਾ ਕਹਿਣਾ ਮੰਨਣਾ ਚਾਹੀਦਾ ਹੈ। ਆਓ ਆਪਾਂ ਇਸ ਲੇਖ ਤੇ ਅਗਲੇ ਲੇਖ ਵਿਚ ਲੇਵੀਆਂ ਦੀ ਕਿਤਾਬ ਵਿੱਚੋਂ ਕੁਝ ਅਹਿਮ ਗੱਲਾਂ ਸਿੱਖੀਏ ਜੋ ਪਰਮੇਸ਼ੁਰ ਦੀ ਸ਼ੁੱਧ ਭਗਤੀ ਕਰਨ ਵਿਚ ਸਾਡੀ ਮਦਦ ਕਰਨਗੀਆਂ।

ਪਵਿੱਤਰ ਰਹਿਣਾ ਜ਼ਰੂਰੀ

3, 4. ਹਾਰੂਨ ਤੇ ਉਸ ਦੇ ਪੁੱਤਰਾਂ ਦਾ ਸ਼ੁੱਧ ਕੀਤੇ ਜਾਣਾ ਕਿਸ ਗੱਲ ਨੂੰ ਦਰਸਾਉਂਦਾ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

3 ਲੇਵੀਆਂ 8:5, 6 ਪੜ੍ਹੋ। ਯਹੋਵਾਹ ਨੇ ਹਾਰੂਨ ਨੂੰ ਇਜ਼ਰਾਈਲ ਦੇ ਮਹਾਂ ਪੁਜਾਰੀ  ਵਜੋਂ ਤੇ ਉਸ ਦੇ ਪੁੱਤਰਾਂ ਨੂੰ ਪੁਜਾਰੀਆਂ ਵਜੋਂ ਸੇਵਾ ਕਰਨ ਲਈ ਚੁਣਿਆ ਸੀ। ਹਾਰੂਨ ਯਿਸੂ ਮਸੀਹ ਨੂੰ ਤੇ ਹਾਰੂਨ ਦੇ ਪੁੱਤਰ ਪਵਿੱਤਰ ਸ਼ਕਤੀ ਨਾਲ ਚੁਣੇ ਹੋਏ ਯਿਸੂ ਦੇ ਚੇਲਿਆਂ ਨੂੰ ਦਰਸਾਉਂਦੇ ਹਨ। ਤਾਂ ਫਿਰ ਕੀ ਹਾਰੂਨ ਦਾ ਪਾਣੀ ਨਾਲ ਸ਼ੁੱਧ ਕੀਤੇ ਜਾਣਾ ਯਿਸੂ ਦੇ ਸ਼ੁੱਧ ਕੀਤੇ ਜਾਣ ਨੂੰ ਦਰਸਾਉਂਦਾ ਸੀ? ਨਹੀਂ, ਕਿਉਂਕਿ ਯਿਸੂ ਪਾਪ ਤੋਂ ਰਹਿਤ ਤੇ “ਬੇਦਾਗ਼” ਸੀ। ਇਸ ਲਈ ਉਸ ਨੂੰ ਸ਼ੁੱਧ ਹੋਣ ਦੀ ਕੋਈ ਲੋੜ ਨਹੀਂ ਸੀ। (ਇਬ. 7:26; 9:14) ਪਰ ਹਾਰੂਨ ਦਾ ਸ਼ੁੱਧ ਕੀਤੇ ਜਾਣਾ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਯਿਸੂ ਨਿਰਦੋਸ਼ ਤੇ ਧਰਮੀ ਹੈ। ਫਿਰ ਹਾਰੂਨ ਦੇ ਪੁੱਤਰਾਂ ਦਾ ਸ਼ੁੱਧ ਕੀਤੇ ਜਾਣਾ ਕਿਸ ਗੱਲ ਨੂੰ ਦਰਸਾਉਂਦਾ ਹੈ?

4 ਹਾਰੂਨ ਦੇ ਪੁੱਤਰਾਂ ਦਾ ਸ਼ੁੱਧ ਕੀਤੇ ਜਾਣਾ ਉਨ੍ਹਾਂ ਮਸੀਹੀਆਂ ਦੇ ਸ਼ੁੱਧ ਕੀਤੇ ਜਾਣ ਨੂੰ ਦਰਸਾਉਂਦਾ ਹੈ ਜਿਨ੍ਹਾਂ ਨੂੰ ਸਵਰਗ ਵਿਚ ਪੁਜਾਰੀਆਂ ਵਜੋਂ ਸੇਵਾ ਕਰਨ ਲਈ ਚੁਣਿਆ ਗਿਆ ਹੈ। ਕੀ ਚੁਣੇ ਹੋਏ ਮਸੀਹੀਆਂ ਦਾ ਬਪਤਿਸਮਾ ਹਾਰੂਨ ਦੇ ਪੁੱਤਰਾਂ ਦੇ ਸ਼ੁੱਧ ਕੀਤੇ ਜਾਣ ਨਾਲ ਸੰਬੰਧ ਰੱਖਦਾ ਹੈ? ਨਹੀਂ, ਕਿਉਂਕਿ ਬਪਤਿਸਮੇ ਨਾਲ ਕਿਸੇ ਦੇ ਪਾਪ ਨਹੀਂ ਧੋ ਹੁੰਦੇ। ਇਸ ਦੀ ਬਜਾਇ, ਇਸ ਦਾ ਮਤਲਬ ਹੈ ਕਿ ਇਕ ਇਨਸਾਨ ਬਿਨਾਂ ਕਿਸੇ ਸ਼ਰਤ ਤੋਂ ਯਹੋਵਾਹ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਦਾ ਹੈ। ਚੁਣੇ ਹੋਏ ਮਸੀਹੀਆਂ ਨੂੰ “ਪਰਮੇਸ਼ੁਰ ਦੇ ਬਚਨ” ਰਾਹੀਂ ਸ਼ੁੱਧ ਕੀਤਾ ਗਿਆ ਹੈ। ਇਸ ਕਰਕੇ ਉਨ੍ਹਾਂ ਤੋਂ ਮੰਗ ਕੀਤੀ ਜਾਂਦੀ ਹੈ ਕਿ ਉਹ ਆਪਣੀਆਂ ਜ਼ਿੰਦਗੀਆਂ ਵਿਚ ਮਸੀਹ ਦੀਆਂ ਸਿੱਖਿਆਵਾਂ ਨੂੰ ਦਿਲੋਂ ਲਾਗੂ ਕਰਨ। (ਅਫ਼. 5:25-27) ਇਸ ਤਰ੍ਹਾਂ ਉਹ ਪਵਿੱਤਰ ਤੇ ਸ਼ੁੱਧ ਕੀਤੇ ਗਏ ਹਨ। ਪਰ “ਹੋਰ ਭੇਡਾਂ” ਬਾਰੇ ਕੀ?ਯੂਹੰ. 10:16.

5. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਹੋਰ ਭੇਡਾਂ ਨੂੰ ਪਰਮੇਸ਼ੁਰ ਦੇ ਬਚਨ ਰਾਹੀਂ ਪਵਿੱਤਰ ਤੇ ਸ਼ੁੱਧ ਕੀਤਾ ਗਿਆ ਹੈ?

5 ਹਾਰੂਨ ਦੇ ਪੁੱਤਰ ਯਿਸੂ ਦੀਆਂ ਹੋਰ ਭੇਡਾਂ ਯਾਨੀ “ਵੱਡੀ ਭੀੜ” ਦੇ ਮੈਂਬਰਾਂ ਨੂੰ ਨਹੀਂ ਦਰਸਾਉਂਦੇ। (ਪ੍ਰਕਾ. 7:9) ਤਾਂ ਫਿਰ ਕੀ ਇਨ੍ਹਾਂ ਮਸੀਹੀਆਂ ਨੂੰ ਵੀ ਪਰਮੇਸ਼ੁਰ ਦੇ ਬਚਨ ਰਾਹੀਂ ਪਵਿੱਤਰ ਤੇ ਸ਼ੁੱਧ ਕੀਤਾ ਗਿਆ ਹੈ? ਜੀ ਹਾਂ। ਜਦੋਂ ਧਰਤੀ ’ਤੇ ਰਹਿਣ ਦੀ ਉਮੀਦ ਰੱਖਣ ਵਾਲੇ ਲੋਕ ਬਾਈਬਲ ਵਿੱਚੋਂ ਪੜ੍ਹਦੇ ਹਨ ਕਿ ਯਿਸੂ ਦੀ ਕੁਰਬਾਨੀ ਵਿਚ ਕਿੰਨੀ ਤਾਕਤ ਹੈ ਤੇ ਇਸ ਦੀ ਕਿੰਨੀ ਅਹਿਮੀਅਤ ਹੈ, ਤਾਂ ਉਹ ਇਸ ਕੁਰਬਾਨੀ ’ਤੇ ਨਿਹਚਾ ਕਰਦੇ ਹਨ ਤੇ ਯਹੋਵਾਹ ਦੀ ‘ਦਿਨ-ਰਾਤ ਭਗਤੀ ਕਰਦੇ ਹਨ।’ (ਪ੍ਰਕਾ. 7:13-15) ਜਿੱਦਾਂ-ਜਿੱਦਾਂ ਉਹ ਆਪਣਾ ‘ਚਾਲ-ਚਲਣ ਨੇਕ ਰੱਖਦੇ’ ਹਨ, ਉੱਦਾਂ-ਉੱਦਾਂ ਇਸ ਗੱਲ ਦਾ ਸਬੂਤ ਮਿਲਦਾ ਹੈ ਕਿ ਚੁਣੇ ਹੋਏ ਮਸੀਹੀਆਂ ਤੇ ਹੋਰ ਭੇਡਾਂ ਨੂੰ ਲਗਾਤਾਰ ਸ਼ੁੱਧ ਕੀਤਾ ਜਾ ਰਿਹਾ ਹੈ। (1 ਪਤ. 2:12) ਯਹੋਵਾਹ ਇਨ੍ਹਾਂ ਮਸੀਹੀਆਂ ਦੀ ਸ਼ੁੱਧਤਾ ਤੇ ਏਕਤਾ ਨੂੰ ਦੇਖ ਕੇ ਕਿੰਨਾ ਖ਼ੁਸ਼ ਹੁੰਦਾ ਹੋਣਾ ਜੋ ਆਪਣੇ ਚਰਵਾਹੇ ਯਿਸੂ ਦੀ ਗੱਲ ਸੁਣ ਕੇ ਵਫ਼ਾਦਾਰ ਰਹਿੰਦੇ ਹਨ!

6. ਕਿਸ ਤਰ੍ਹਾਂ ਦੀ ਜਾਂਚ ਕਰਨੀ ਫ਼ਾਇਦੇਮੰਦ ਹੋ ਸਕਦੀ ਹੈ?

6 ਇਜ਼ਰਾਈਲੀ ਪੁਜਾਰੀਆਂ ਤੋਂ ਸ਼ੁੱਧ ਰਹਿਣ ਦੀ ਮੰਗ ਅੱਜ ਯਹੋਵਾਹ ਦੇ ਲੋਕਾਂ ਲਈ ਖ਼ਾਸ ਮਾਅਨੇ ਰੱਖਦੀ ਹੈ। ਜਿਹੜੇ ਲੋਕ ਸਾਡੇ ਨਾਲ ਸਟੱਡੀ ਕਰਦੇ ਹਨ, ਉਹ ਅਕਸਰ ਦੇਖਦੇ ਹਨ ਕਿ ਭਗਤੀ ਦੀਆਂ ਸਾਡੀਆਂ ਥਾਵਾਂ ਸਾਫ਼-ਸੁਥਰੀਆਂ ਹਨ, ਅਸੀਂ ਆਪਣੇ ਸਰੀਰਾਂ ਨੂੰ ਸਾਫ਼-ਸੁਥਰੇ ਰੱਖਦੇ ਹਾਂ ਤੇ ਸਾਫ਼ ਕੱਪੜੇ ਪਾਉਂਦੇ ਹਾਂ। ਪੁਜਾਰੀਆਂ ਦੀ ਸ਼ੁੱਧਤਾ ਸਾਡੀ ਇਹ ਜਾਣਨ ਵਿਚ ਮਦਦ ਕਰੇਗੀ ਕਿ ਜਿਹੜਾ ਵੀ ਯਹੋਵਾਹ ਦੀ ਭਗਤੀ ਕਰਨੀ ਚਾਹੁੰਦਾ ਹੈ, ਉਸ ਦਾ “ਮਨ ਪਵਿੱਤਰ” ਹੋਣਾ ਚਾਹੀਦਾ ਹੈ। (ਜ਼ਬੂਰਾਂ ਦੀ ਪੋਥੀ 24:3, 4 ਪੜ੍ਹੋ; ਯਸਾ. 2:2, 3) ਸਾਨੂੰ ਪਰਮੇਸ਼ੁਰ ਦੀ ਭਗਤੀ ਸ਼ੁੱਧ ਮਨ ਤੇ ਦਿਲ ਨਾਲ ਕਰਨ ਦੇ ਨਾਲ-ਨਾਲ ਆਪਣੇ ਸਰੀਰਾਂ ਨੂੰ ਵੀ ਸਾਫ਼ ਰੱਖਣਾ ਚਾਹੀਦਾ ਹੈ। ਇਸ ਲਈ ਸਾਨੂੰ ਸਮੇਂ-ਸਮੇਂ ਤੇ ਆਪਣੀ ਜਾਂਚ ਕਰਨੀ ਚਾਹੀਦੀ ਹੈ ਤੇ ਸ਼ਾਇਦ ਕਦੇ-ਕਦਾਈਂ ਸਾਨੂੰ ਆਪਣੇ ਵਿਚ ਜ਼ਰੂਰੀ ਤਬਦੀਲੀਆਂ ਕਰਨੀਆਂ ਪੈਣ ਤਾਂਕਿ ਅਸੀਂ ਪਵਿੱਤਰ ਰਹਿ ਸਕੀਏ। (2 ਕੁਰਿੰ. 13:5) ਮਿਸਾਲ ਲਈ, ਜੇ ਇਕ ਬਪਤਿਸਮਾ-ਪ੍ਰਾਪਤ ਵਿਅਕਤੀ ਜਾਣ-ਬੁੱਝ ਕੇ ਪੋਰਨੋਗ੍ਰਾਫੀ ਦੇਖਦਾ ਹੈ, ਤਾਂ ਉਸ ਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ: ‘ਕੀ ਮੈਂ ਆਪਣੇ ਆਪ ਨੂੰ ਪਵਿੱਤਰ ਸਾਬਤ ਕਰ ਰਿਹਾ ਹਾਂ?’ ਫਿਰ ਉਸ ਨੂੰ ਇਸ ਗੰਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਮਦਦ ਲੈਣੀ ਚਾਹੀਦੀ ਹੈ।ਯਾਕੂ. 5:14.

ਆਗਿਆਕਾਰ ਰਹਿ ਕੇ ਦਿਖਾਓ ਕਿ ਤੁਸੀਂ ਪਵਿੱਤਰ ਹੋ

7. ਲੇਵੀਆਂ 8:22-24 ਵਿਚ ਦੱਸੀਆਂ ਗੱਲਾਂ ਮੁਤਾਬਕ ਯਿਸੂ ਨੇ ਕਿਹੜੀ ਮਿਸਾਲ ਕਾਇਮ ਕੀਤੀ?

7 ਜਦੋਂ ਇਜ਼ਰਾਈਲ ਵਿਚ ਪੁਜਾਰੀਆਂ ਨੂੰ ਚੁਣਿਆ ਗਿਆ, ਤਾਂ ਮਹਾਂ ਪੁਜਾਰੀ ਹਾਰੂਨ ਤੇ ਉਸ ਦੇ ਪੁੱਤਰਾਂ ਦੇ ਸੱਜੇ ਕੰਨ, ਸੱਜੇ ਅੰਗੂਠੇ ਤੇ ਸੱਜੇ ਪੈਰ ਦੇ ਅੰਗੂਠੇ ’ਤੇ ਛੱਤ੍ਰੇ ਦਾ ਲਹੂ ਲਾਇਆ ਗਿਆ ਸੀ। (ਲੇਵੀਆਂ 8:22-24 ਪੜ੍ਹੋ।) ਲਹੂ ਦੀ ਇਸ ਤਰ੍ਹਾਂ ਵਰਤੋਂ ਕਰਨ ਦਾ ਮਤਲਬ ਸੀ ਕਿ ਪੁਜਾਰੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਆਗਿਆਕਾਰੀ ਨਾਲ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਨਗੇ। ਇਸੇ ਤਰ੍ਹਾਂ ਮਹਾਂ ਪੁਜਾਰੀ ਯਿਸੂ ਨੇ ਚੁਣੇ ਹੋਏ ਮਸੀਹੀਆਂ ਤੇ ਹੋਰ ਭੇਡਾਂ  ਲਈ ਵਧੀਆ ਮਿਸਾਲ ਕਾਇਮ ਕੀਤੀ। ਉਸ ਦੇ ਕੰਨ ਯਹੋਵਾਹ ਦੀ ਗੱਲ ਸੁਣਨ ਵੱਲ ਲੱਗੇ ਰਹਿੰਦੇ ਸਨ ਤਾਂਕਿ ਉਹ ਉਸ ਦੀ ਸੇਧ ਵਿਚ ਚੱਲੇ। ਯਿਸੂ ਨੇ ਆਪਣੇ ਹੱਥਾਂ ਨੂੰ ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਵਰਤਿਆ ਤੇ ਉਸ ਦੇ ਪੈਰ ਕਦੇ ਵੀ ਪਵਿੱਤਰ ਰਾਹ ਤੋਂ ਪੁੱਠੇ ਪਾਸੇ ਨਹੀਂ ਗਏ।ਯੂਹੰ. 4:31-34.

8. ਯਹੋਵਾਹ ਦੇ ਸਾਰੇ ਭਗਤਾਂ ਨੂੰ ਕੀ ਕਰਨਾ ਚਾਹੀਦਾ ਹੈ?

8 ਚੁਣੇ ਹੋਏ ਮਸੀਹੀਆਂ ਤੇ ਯਿਸੂ ਦੀਆਂ ਹੋਰ ਭੇਡਾਂ ਨੂੰ ਆਪਣੇ ਵਫ਼ਾਦਾਰ ਮਹਾਂ ਪੁਜਾਰੀ ਦੀ ਮਿਸਾਲ ’ਤੇ ਚੱਲਣਾ ਚਾਹੀਦਾ ਹੈ। ਯਹੋਵਾਹ ਦੇ ਸਾਰੇ ਭਗਤਾਂ ਨੂੰ ਉਸ ਦੇ ਬਚਨ ਵਿਚ ਪਾਈਆਂ ਜਾਂਦੀਆਂ ਹਿਦਾਇਤਾਂ ਮੁਤਾਬਕ ਚੱਲਣਾ ਚਾਹੀਦਾ ਹੈ। ਇਸ ਤਰ੍ਹਾਂ ਅਸੀਂ ਉਸ ਦੀ ਪਵਿੱਤਰ ਸ਼ਕਤੀ ਨੂੰ ਉਦਾਸ ਕਰਨ ਤੋਂ ਬਚ ਸਕਦੇ ਹਾਂ। (ਅਫ਼. 4:30) ਉਨ੍ਹਾਂ ਨੂੰ ‘ਸਿੱਧੇ ਰਾਹ ’ਤੇ ਤੁਰਦੇ ਰਹਿਣਾ’ ਚਾਹੀਦਾ ਹੈ।ਇਬ. 12:13.

9. ਪ੍ਰਬੰਧਕ ਸਭਾ ਦੇ ਮੈਂਬਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਵਾਲੇ ਤਿੰਨ ਭਰਾਵਾਂ ਨੇ ਕੀ ਕਿਹਾ ਤੇ ਉਨ੍ਹਾਂ ਦੀਆਂ ਗੱਲਾਂ ਤੁਹਾਡੀ ਪਵਿੱਤਰ ਰਹਿਣ ਵਿਚ ਕਿਵੇਂ ਮਦਦ ਕਰ ਸਕਦੀਆਂ ਹਨ?

9 ਤਿੰਨ ਭਰਾਵਾਂ ਵੱਲੋਂ ਦਿਲੋਂ ਦੱਸੀਆਂ ਗੱਲਾਂ ’ਤੇ ਗੌਰ ਕਰੋ ਜਿਨ੍ਹਾਂ ਦੀ ਉਮੀਦ ਧਰਤੀ ਉੱਤੇ ਰਹਿਣ ਦੀ ਹੈ ਤੇ ਜਿਨ੍ਹਾਂ ਨੇ ਕਈ ਸਾਲਾਂ ਤੋਂ ਪ੍ਰਬੰਧਕ ਸਭਾ ਦੇ ਮੈਂਬਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਹੈ। ਇਕ ਭਰਾ ਨੇ ਕਿਹਾ: “ਭਾਵੇਂ ਕਿ ਚੁਣੇ ਹੋਏ ਭਰਾਵਾਂ ਨਾਲ ਸੇਵਾ ਕਰਨੀ ਖ਼ਾਸ ਸਨਮਾਨ ਹੈ, ਪਰ ਇਨ੍ਹਾਂ ਭਰਾਵਾਂ ਦੇ ਇੰਨੇ ਨੇੜੇ ਰਹਿ ਕੇ ਕੰਮ ਕਰਦਿਆਂ ਕਦੇ-ਕਦਾਈਂ ਇਨ੍ਹਾਂ ਦੀਆਂ ਕਮੀਆਂ-ਕਮਜ਼ੋਰੀਆਂ ਨਜ਼ਰ ਆਉਂਦੀਆਂ ਹਨ ਕਿਉਂਕਿ ਇਹ ਭਰਾ ਵੀ ਨਾਮੁਕੰਮਲ ਹਨ। ਫਿਰ ਵੀ ਸਾਲਾਂ ਤੋਂ ਮੇਰਾ ਇਹੀ ਟੀਚਾ ਰਿਹਾ ਹੈ ਕਿ ਮੈਂ ਅਗਵਾਈ ਲੈਣ ਵਾਲੇ ਭਰਾਵਾਂ ਦਾ ਆਗਿਆਕਾਰ ਰਹਾਂ।” ਦੂਜੇ ਭਰਾ ਨੇ ਕਿਹਾ: “‘ਮਸੀਹ ਦੇ ਆਗਿਆਕਾਰ’ ਰਹਿਣ ਬਾਰੇ 2 ਕੁਰਿੰਥੀਆਂ 10:5 ਵਰਗੇ ਹਵਾਲਿਆਂ ਨੇ ਮੇਰੀ ਮਦਦ ਕੀਤੀ ਹੈ ਕਿ ਮੈਂ ਅਗਵਾਈ ਲੈਣ ਵਾਲੇ ਭਰਾਵਾਂ ਦੇ ਆਗਿਆਕਾਰ ਰਹਾਂ ਤੇ ਉਨ੍ਹਾਂ ਦਾ ਸਾਥ ਦੇਵਾਂ। ਇਸ ਤਰ੍ਹਾਂ ਮੈਂ ਦਿਲੋਂ ਆਗਿਆਕਾਰ ਰਹਿੰਦਾ ਹਾਂ।” ਤੀਜੇ ਭਰਾ ਨੇ ਕਿਹਾ: “ਜੇ ਅਸੀਂ ਉਨ੍ਹਾਂ ਚੀਜ਼ਾਂ ਨਾਲ ਪਿਆਰ ਕਰਦੇ ਹਾਂ ਜਿਨ੍ਹਾਂ ਨੂੰ ਯਹੋਵਾਹ ਪਿਆਰ ਕਰਦਾ ਹੈ, ਉਨ੍ਹਾਂ ਚੀਜ਼ਾਂ ਨੂੰ ਨਫ਼ਰਤ ਕਰਦੇ ਹਾਂ ਜਿਨ੍ਹਾਂ ਨੂੰ ਪਰਮੇਸ਼ੁਰ ਨਫ਼ਰਤ ਕਰਦਾ ਹੈ, ਹਮੇਸ਼ਾ ਉਸ ਦੀ ਅਗਵਾਈ ਵਿਚ ਚੱਲਦੇ ਹਾਂ ਅਤੇ ਉਹ ਕੰਮ ਕਰਦੇ ਹਾਂ ਜਿਨ੍ਹਾਂ ਤੋਂ ਉਸ ਨੂੰ ਖ਼ੁਸ਼ੀ ਹੁੰਦੀ ਹੈ, ਤਾਂ ਅਸੀਂ ਉਸ ਦੇ ਸੰਗਠਨ ਅਤੇ ਉਨ੍ਹਾਂ ਭਰਾਵਾਂ ਦੀ ਆਗਿਆ ਮੰਨਦੇ ਹਾਂ ਜਿਨ੍ਹਾਂ ਨੂੰ ਉਹ ਧਰਤੀ ਲਈ ਆਪਣਾ ਮਕਸਦ ਪੂਰਾ ਕਰਨ ਲਈ ਵਰਤ ਰਿਹਾ ਹੈ।” ਇਸ ਭਰਾ ਨੂੰ ਪਤਾ ਲੱਗਾ ਕਿ ਨੇਥਨ ਨੌਰ, ਜੋ ਪ੍ਰਬੰਧਕ ਸਭਾ ਦਾ ਮੈਂਬਰ ਬਣਿਆ, ਨੇ 1925 ਦੇ ਪਹਿਰਾਬੁਰਜ ਦੇ ਲੇਖ “ਕੌਮ ਦਾ ਜਨਮ” ਵਿਚ ਛਪੀਆਂ ਗੱਲਾਂ ਨੂੰ ਝੱਟ ਮੰਨ ਲਿਆ ਭਾਵੇਂ ਕਿ ਕੁਝ ਜਣਿਆਂ ਨੇ ਉਨ੍ਹਾਂ ਗੱਲਾਂ ’ਤੇ ਸਵਾਲ ਖੜ੍ਹੇ ਕੀਤੇ ਸਨ। ਇਸ ਭਰਾ ’ਤੇ ਨੇਥਨ ਨੌਰ ਦੀ ਆਗਿਆਕਾਰੀ ਦਾ ਜ਼ਬਰਦਸਤ ਅਸਰ ਪਿਆ। ਤਿੰਨ ਭਰਾਵਾਂ ਦੀਆਂ ਦੱਸੀਆਂ ਗੱਲਾਂ ’ਤੇ ਸੋਚ-ਵਿਚਾਰ ਕਰਨ ਨਾਲ ਸਾਨੂੰ ਪਰਮੇਸ਼ੁਰ ਦੇ ਆਗਿਆਕਾਰ ਰਹਿਣ ਤੇ ਪਵਿੱਤਰ ਰਹਿਣ ਵਿਚ ਮਦਦ ਮਿਲ ਸਕਦੀ ਹੈ।

ਲਹੂ ਸੰਬੰਧੀ ਦਿੱਤੇ ਪਰਮੇਸ਼ੁਰ ਦੇ ਕਾਨੂੰਨ ਦੀ ਪਾਲਣਾ ਕਰਨੀ

10. ਲਹੂ ਸੰਬੰਧੀ ਦਿੱਤੇ ਪਰਮੇਸ਼ੁਰ ਦੇ ਕਾਨੂੰਨ ਦੀ ਪਾਲਣਾ ਕਰਨੀ ਕਿੰਨੀ ਕੁ ਜ਼ਰੂਰੀ ਹੈ?

10 ਲੇਵੀਆਂ 17:10 ਪੜ੍ਹੋ। ਯਹੋਵਾਹ ਨੇ ਇਜ਼ਰਾਈਲੀਆਂ ਨੂੰ ‘ਕਿਸੇ ਵੀ ਪਰਕਾਰ ਦਾ ਲਹੂ’ ਖਾਣ ਤੋਂ ਮਨ੍ਹਾ ਕੀਤਾ ਸੀ। ਮਸੀਹੀਆਂ ਤੋਂ ਵੀ ਮੰਗ ਕੀਤੀ ਜਾਂਦੀ ਹੈ ਕਿ ਉਹ ਜਾਨਵਰਾਂ ਤੇ ਇਨਸਾਨਾਂ ਦੇ ਲਹੂ ਤੋਂ ਦੂਰ ਰਹਿਣ। (ਰਸੂ. 15:28, 29) ਅਸੀਂ ਇਹ ਸੋਚ ਕੇ ਹੀ ਕੰਬ ਜਾਂਦੇ ਹਾਂ ਕਿ ਪਰਮੇਸ਼ੁਰ ਸਾਡਾ ‘ਵਿਰੋਧੀ ਬਣੇ’ ਤੇ ਸਾਨੂੰ ਮੰਡਲੀ ਵਿੱਚੋਂ ਛੇਕ ਦੇਵੇ। ਅਸੀਂ ਉਸ ਨੂੰ ਪਿਆਰ ਕਰਦੇ ਹਾਂ ਤੇ ਉਸ ਦਾ ਕਹਿਣਾ ਮੰਨਣਾ ਚਾਹੁੰਦੇ ਹਾਂ। ਜਦੋਂ ਸਾਡੀ ਜਾਨ ਖ਼ਤਰੇ ਵਿਚ ਹੁੰਦੀ ਹੈ, ਉਦੋਂ ਵੀ ਅਸੀਂ ਉਨ੍ਹਾਂ ਲੋਕਾਂ ਦਾ ਕਹਿਣਾ ਨਹੀਂ ਮੰਨਾਂਗੇ ਜੋ ਸਾਡੇ ’ਤੇ ਪਰਮੇਸ਼ੁਰ ਦਾ ਕਾਨੂੰਨ ਤੋੜਨ ਦਾ ਜ਼ੋਰ ਪਾਉਂਦੇ ਹਨ ਕਿਉਂਕਿ ਉਹ ਨਾ ਤਾਂ ਯਹੋਵਾਹ ਨੂੰ ਜਾਣਦੇ ਹਨ ਤੇ ਨਾ ਹੀ ਉਸ ਦਾ ਕਹਿਣਾ ਮੰਨਦੇ ਹਨ। ਸਾਨੂੰ ਪਤਾ ਹੈ ਕਿ ਖ਼ੂਨ ਨਾ ਲੈਣ ਤੇ ਲੋਕ ਸਾਡਾ ਮਜ਼ਾਕ ਉਡਾਉਣਗੇ, ਪਰ ਅਸੀਂ ਪਰਮੇਸ਼ੁਰ ਦਾ ਕਹਿਣਾ ਮੰਨਾਂਗੇ। (ਯਹੂ. 17, 18) ਕਿਹੜੀ ਗੱਲ ਸਾਡੀ ਇਹ ਪੱਕਾ ਇਰਾਦਾ ਕਰਨ ਵਿਚ ਮਦਦ ਕਰੇਗੀ ਕਿ ਅਸੀਂ ਨਾ ਲਹੂ ਖਾਈਏ ਤੇ ਨਾ ਹੀ ਲਈਏ?ਬਿਵ. 12:23.

11. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਪ੍ਰਾਸਚਿਤ ਦੇ ਦਿਨ ਲਹੂ ਦੀ ਵਰਤੋਂ ਇਕ ਮਾਮੂਲੀ ਜਿਹੀ ਰਸਮ ਨਹੀਂ ਸੀ?

11 ਪ੍ਰਾਚੀਨ ਇਜ਼ਰਾਈਲ ਵਿਚ ਮਹਾਂ ਪੁਜਾਰੀ ਹਰ ਸਾਲ ਪ੍ਰਾਸਚਿਤ ਦੇ ਦਿਨ ਜਾਨਵਰਾਂ ਦੇ ਲਹੂ ਦੀ ਵਰਤੋਂ ਕਰਦਾ ਸੀ। ਇਹ ਗੱਲ ਲਹੂ ਬਾਰੇ ਪਰਮੇਸ਼ੁਰ ਦੇ ਵਿਚਾਰ ਨੂੰ ਸਮਝਣ ਵਿਚ ਸਾਡੀ ਮਦਦ ਕਰਦੀ ਹੈ। ਲਹੂ ਨੂੰ ਸਿਰਫ਼ ਖ਼ਾਸ ਮਕਸਦ ਲਈ ਵਰਤਿਆ ਜਾਂਦਾ ਸੀ। ਇਹ ਲਹੂ ਉਨ੍ਹਾਂ  ਲੋਕਾਂ ਦੇ ਪਾਪਾਂ ਦੀ ਮਾਫ਼ੀ ਲਈ ਵਰਤਿਆ ਜਾਂਦਾ ਸੀ ਜੋ ਯਹੋਵਾਹ ਤੋਂ ਮਾਫ਼ੀ ਪਾਉਣੀ ਚਾਹੁੰਦੇ ਸਨ। ਬਲਦ ਤੇ ਬੱਕਰੇ ਦੇ ਲਹੂ ਨੂੰ ਇਕਰਾਰ ਦੇ ਸੰਦੂਕ ਦੇ ਢੱਕਣ ਉੱਤੇ ਅਤੇ ਇਸ ਦੇ ਅੱਗੇ ਛਿੜਕਿਆ ਜਾਂਦਾ ਸੀ। (ਲੇਵੀ. 16:14, 15, 19) ਇਸ ਤਰ੍ਹਾਂ ਕਰਨ ਨਾਲ ਯਹੋਵਾਹ ਇਜ਼ਰਾਈਲੀਆਂ ਦੇ ਪਾਪ ਮਾਫ਼ ਕਰਦਾ ਸੀ। ਨਾਲੇ ਯਹੋਵਾਹ ਨੇ ਹੁਕਮ ਦਿੱਤਾ ਸੀ ਕਿ ਜੇ ਕੋਈ ਇਨਸਾਨ ਖਾਣ ਲਈ ਜਾਨਵਰ ਨੂੰ ਮਾਰਦਾ ਸੀ, ਤਾਂ ਉਸ ਦਾ ਲਹੂ ਪੂਰੀ ਤਰ੍ਹਾਂ ਕੱਢ ਕੇ ਮਿੱਟੀ ਵਿਚ ਦੱਬਿਆ ਜਾਣਾ ਸੀ ਕਿਉਂਕਿ “ਸਾਰੇ ਮਾਸ ਦੀ ਜਿੰਦ ਉਸ ਦਾ ਲਹੂ ਹੈ।” (ਲੇਵੀ. 17:11-14) ਕੀ ਇਹ ਇਕ ਤਰ੍ਹਾਂ ਦੀ ਮਾਮੂਲੀ ਜਿਹੀ ਰਸਮ ਸੀ? ਨਹੀਂ। ਪ੍ਰਾਸਚਿਤ ਦੇ ਦਿਨ ਲਹੂ ਦੀ ਵਰਤੋਂ ਅਤੇ ਧਰਤੀ ’ਤੇ ਲਹੂ ਡੋਲਣ ਦਾ ਹੁਕਮ ਲਹੂ ਸੰਬੰਧੀ ਉਸ ਹੁਕਮ ਨਾਲ ਮੇਲ ਖਾਂਦਾ ਸੀ ਜੋ ਯਹੋਵਾਹ ਨੇ ਪਹਿਲਾਂ ਨੂਹ ਤੇ ਉਸ ਦੇ ਪੁੱਤਰਾਂ ਨੂੰ ਦਿੱਤਾ ਸੀ। (ਉਤ. 9:3-6) ਯਹੋਵਾਹ ਪਰਮੇਸ਼ੁਰ ਨੇ ਜ਼ਿੰਦਗੀ ਬਚਾਉਣ ਲਈ ਲਹੂ ਖਾਣ ਤੋਂ ਮਨ੍ਹਾ ਕੀਤਾ ਸੀ। ਇਹ ਗੱਲ ਮਸੀਹੀਆਂ ਲਈ ਕੀ ਮਾਅਨੇ ਰੱਖਦੀ ਹੈ?

12. ਇਬਰਾਨੀ ਮਸੀਹੀਆਂ ਨੂੰ ਲਿਖੀ ਚਿੱਠੀ ਵਿਚ ਪੌਲੁਸ ਨੇ ਲਹੂ ਦਾ ਸੰਬੰਧ ਮਾਫ਼ੀ ਨਾਲ ਕਿਵੇਂ ਜੋੜਿਆ?

12 ਜਦੋਂ ਇਬਰਾਨੀ ਮਸੀਹੀਆਂ ਨੂੰ ਪੌਲੁਸ ਰਸੂਲ ਨੇ ਲਹੂ ਦੀ ਸ਼ੁੱਧ ਕਰਨ ਦੀ ਤਾਕਤ ਬਾਰੇ ਸਮਝਾਇਆ, ਤਾਂ ਉਸ ਨੇ ਲਿਖਿਆ: “ਮੂਸਾ ਦੇ ਕਾਨੂੰਨ ਅਨੁਸਾਰ ਤਕਰੀਬਨ ਸਾਰੀਆਂ ਚੀਜ਼ਾਂ ਲਹੂ ਨਾਲ ਸ਼ੁੱਧ ਕੀਤੀਆਂ ਜਾਂਦੀਆਂ ਹਨ ਅਤੇ ਜਿੰਨਾ ਚਿਰ ਲਹੂ ਨਹੀਂ ਵਹਾਇਆ ਜਾਂਦਾ, ਉੱਨਾ ਚਿਰ ਪਾਪਾਂ ਦੀ ਮਾਫ਼ੀ ਨਹੀਂ ਮਿਲਦੀ।” (ਇਬ. 9:22) ਪੌਲੁਸ ਨੇ ਜਾਨਵਰਾਂ ਦੀਆਂ ਬਲ਼ੀਆਂ ਬਾਰੇ ਦੱਸਦਿਆਂ ਕਿਹਾ ਕਿ ਭਾਵੇਂ ਇਨ੍ਹਾਂ ਦਾ ਫ਼ਾਇਦਾ ਥੋੜ੍ਹੇ ਚਿਰ ਲਈ ਹੁੰਦਾ ਸੀ, ਪਰ ਇਨ੍ਹਾਂ ਤੋਂ ਇਜ਼ਰਾਈਲੀਆਂ ਨੂੰ ਚੇਤੇ ਆਉਂਦਾ ਸੀ ਕਿ ਉਹ ਪਾਪੀ ਸਨ ਤੇ ਉਨ੍ਹਾਂ ਨੂੰ ਆਪਣੇ ਪਾਪਾਂ ਤੋਂ ਪੂਰੀ ਤਰ੍ਹਾਂ ਮਾਫ਼ੀ ਪਾਉਣ ਲਈ ਕਿਸੇ ਹੋਰ ਉੱਤਮ ਬਲ਼ੀ ਦੀ ਲੋੜ ਸੀ। ਜੀ ਹਾਂ, ‘ਮੂਸਾ ਦਾ ਕਾਨੂੰਨ ਆਉਣ ਵਾਲੀਆਂ ਚੰਗੀਆਂ ਚੀਜ਼ਾਂ ਦਾ ਪਰਛਾਵਾਂ ਹੀ ਸੀ, ਨਾ ਕਿ ਉਨ੍ਹਾਂ ਚੀਜ਼ਾਂ ਦਾ ਅਸਲੀ ਰੂਪ।’ (ਇਬ. 10:1-4) ਪਾਪਾਂ ਦੀ ਮਾਫ਼ੀ ਪਾਉਣ ਦਾ ਰਸਤਾ ਕਿਵੇਂ ਖੁੱਲ੍ਹਿਆ?

13. ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਕਿ ਯਿਸੂ ਨੇ ਆਪਣੇ ਲਹੂ ਦੀ ਕੀਮਤ ਯਹੋਵਾਹ ਨੂੰ ਭੇਟ ਕੀਤੀ ਹੈ?

13 ਅਫ਼ਸੀਆਂ 1:7 ਪੜ੍ਹੋ। ਯਿਸੂ ਮਸੀਹ ਨੇ ਸਾਰੇ ਇਨਸਾਨਾਂ ਲਈ ਖ਼ੁਸ਼ੀ-ਖ਼ੁਸ਼ੀ “ਆਪਣੀ ਜਾਨ ਕੁਰਬਾਨ ਕੀਤੀ” ਤੇ ਇਹ ਕੁਰਬਾਨੀ ਉਨ੍ਹਾਂ ਸਾਰਿਆਂ ਲਈ ਬਹੁਤ ਮਾਅਨੇ ਰੱਖਦੀ ਹੈ ਜੋ ਉਸ ਨੂੰ ਤੇ ਉਸ ਦੇ ਪਿਤਾ ਨੂੰ ਪਿਆਰ ਕਰਦੇ ਹਨ। (ਗਲਾ. 2:20) ਪਰ ਯਿਸੂ ਨੇ ਆਪਣੀ ਮੌਤ ਅਤੇ ਦੁਬਾਰਾ ਜੀਉਂਦਾ ਹੋਣ ਤੋਂ ਬਾਅਦ ਜੋ ਕੀਤਾ, ਉਸ ਕਰਕੇ ਸਾਨੂੰ ਸਾਡੇ ਪਾਪਾਂ ਦੀ ਪੂਰੀ ਤਰ੍ਹਾਂ ਮਾਫ਼ੀ ਮਿਲਣੀ ਸੰਭਵ ਹੋਈ। ਯਿਸੂ ਨੇ ਉਹ ਗੱਲ ਪੂਰੀ ਕੀਤੀ ਜੋ ਮੂਸਾ ਦੇ  ਕਾਨੂੰਨ ਮੁਤਾਬਕ ਆਉਣ ਵਾਲੀਆਂ ਚੀਜ਼ਾਂ ਦਾ ਪਰਛਾਵਾਂ ਸੀ। ਪ੍ਰਾਸਚਿਤ ਦੇ ਦਿਨ ਮਹਾਂ ਜਾਜਕ ਬਲ਼ੀ ਚੜ੍ਹਾਏ ਜਾਨਵਰਾਂ ਦਾ ਕੁਝ ਖ਼ੂਨ ਤੰਬੂ ਦੇ ਅੱਤ ਪਵਿੱਤਰ ਕਮਰੇ ਵਿਚ ਅਤੇ ਸੁਲੇਮਾਨ ਦੇ ਜ਼ਮਾਨੇ ਵਿਚ ਮੰਦਰ ਵਿਚ ਲੈ ਕੇ ਜਾਂਦਾ ਸੀ ਅਤੇ ਇਸ ਨੂੰ ਪਰਮੇਸ਼ੁਰ ਅੱਗੇ ਚੜ੍ਹਾਉਂਦਾ ਸੀ ਜਿਵੇਂ ਕਿ ਪਰਮੇਸ਼ੁਰ ਉੱਥੇ ਮੌਜੂਦ ਹੋਵੇ। (ਲੇਵੀ. 16:11-15) ਇਸੇ ਤਰ੍ਹਾਂ ਯਿਸੂ ਆਪਣੇ ਵਹਾਏ ਹੋਏ ਲਹੂ ਦੀ ਕੀਮਤ ਲੈ ਕੇ ਖ਼ੁਦ ਸਵਰਗ ਗਿਆ ਤੇ ਇਸ ਨੂੰ ਯਹੋਵਾਹ ਅੱਗੇ ਭੇਟ ਕੀਤਾ। (ਇਬ. 9:6, 7, 11-14, 24-28) ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਸਾਡੇ ਪਾਪ ਮਾਫ਼ ਕੀਤੇ ਗਏ ਹਨ ਤੇ ਸਾਡੀ ਜ਼ਮੀਰ ਸ਼ੁੱਧ ਕੀਤੀ ਗਈ ਹੈ ਕਿਉਂਕਿ ਅਸੀਂ ਯਿਸੂ ਦੇ ਵਹਾਏ ਲਹੂ ’ਤੇ ਨਿਹਚਾ ਕਰਦੇ ਹਾਂ!

14, 15. ਲਹੂ ਸੰਬੰਧੀ ਯਹੋਵਾਹ ਦੇ ਕਾਨੂੰਨ ਨੂੰ ਸਮਝਣਾ ਤੇ ਉਸ ਨੂੰ ਮੰਨਣਾ ਕਿਉਂ ਜ਼ਰੂਰੀ ਹੈ?

14 ਹੁਣ ਸ਼ਾਇਦ ਤੁਹਾਨੂੰ ਪਤਾ ਲੱਗ ਗਿਆ ਹੋਵੇ ਕਿ ਯਹੋਵਾਹ ‘ਕਿਸੇ ਵੀ ਪਰਕਾਰ ਦਾ ਲਹੂ’ ਖਾਣ ਤੋਂ ਮਨ੍ਹਾ ਕਿਉਂ ਕਰਦਾ ਹੈ। (ਲੇਵੀ. 17:10) ਕੀ ਤੁਹਾਨੂੰ ਕਾਰਨ ਪਤਾ ਲੱਗਾ ਕਿ ਪਰਮੇਸ਼ੁਰ ਲਹੂ ਨੂੰ ਪਵਿੱਤਰ ਕਿਉਂ ਸਮਝਦਾ ਹੈ? ਉਹ ਲਹੂ ਨੂੰ ਜ਼ਿੰਦਗੀ ਸਮਝਦਾ ਹੈ। (ਉਤ. 9:4) ਕੀ ਤੁਸੀਂ ਸਹਿਮਤ ਹੋ ਕਿ ਸਾਨੂੰ ਲਹੂ ਬਾਰੇ ਪਰਮੇਸ਼ੁਰ ਵਰਗਾ ਨਜ਼ਰੀਆ ਰੱਖਣਾ ਚਾਹੀਦਾ ਹੈ ਤੇ ਲਹੂ ਤੋਂ ਦੂਰ ਰਹਿਣ ਦੇ ਉਸ ਦੇ ਹੁਕਮ ਨੂੰ ਮੰਨਣਾ ਚਾਹੀਦਾ ਹੈ? ਅਸੀਂ ਤਾਂ ਹੀ ਯਹੋਵਾਹ ਨਾਲ ਸ਼ਾਂਤੀ ਭਰਿਆ ਰਿਸ਼ਤਾ ਬਣਾ ਸਕਦੇ ਹਾਂ ਜੇ ਅਸੀਂ ਯਿਸੂ ਦੀ ਕੁਰਬਾਨੀ ’ਤੇ ਨਿਹਚਾ ਰੱਖਦੇ ਹਾਂ ਤੇ ਇਸ ਗੱਲ ਦੀ ਕਦਰ ਕਰਦੇ ਹਾਂ ਕਿ ਸਾਡੇ ਸ੍ਰਿਸ਼ਟੀਕਰਤਾ ਦੀਆਂ ਨਜ਼ਰਾਂ ਵਿਚ ਲਹੂ ਖ਼ਾਸ ਮਾਅਨੇ ਰੱਖਦਾ ਹੈ।ਕੁਲੁ. 1:19, 20.

15 ਸਾਡੇ ਵਿੱਚੋਂ ਕਿਸੇ ਨੂੰ ਵੀ ਲਹੂ ਲੈਣ ਜਾਂ ਨਾ ਲੈਣ ਦਾ ਅਚਾਨਕ ਫ਼ੈਸਲਾ ਕਰਨਾ ਪੈ ਸਕਦਾ ਹੈ। ਜਾਂ ਸਾਡੇ ਕਿਸੇ ਪਰਿਵਾਰ ਦੇ ਮੈਂਬਰ ਜਾਂ ਸਾਡੇ ਕਿਸੇ ਦੋਸਤ ਨੂੰ ਵੀ ਅਚਾਨਕ ਇਹੀ ਫ਼ੈਸਲਾ ਕਰਨਾ ਪੈ ਸਕਦਾ ਹੈ। ਇਸ ਦੁਖਦਾਈ ਘੜੀ ਵਿਚ ਲਹੂ ਦੇ ਅੰਸ਼ਾਂ ਤੇ ਇਲਾਜ ਬਾਰੇ ਵੀ ਫ਼ੈਸਲੇ ਕਰਨ ਦੀ ਲੋੜ ਪੈ ਸਕਦੀ ਹੈ। ਇਸ ਲਈ ਅਜਿਹੀ ਔਖੀ ਘੜੀ ਆਉਣ ਤੋਂ ਪਹਿਲਾਂ ਹੀ ਰਿਸਰਚ ਤੇ ਤਿਆਰੀ ਕਰਨੀ ਬਹੁਤ ਜ਼ਰੂਰੀ ਹੈ। ਪ੍ਰਾਰਥਨਾ ਦੇ ਨਾਲ-ਨਾਲ ਇਹ ਕੰਮ ਕਰਨ ਨਾਲ ਅਸੀਂ ਆਪਣੇ ਇਰਾਦੇ ਦੇ ਪੱਕੇ ਰਹਿ ਸਕਾਂਗੇ ਅਤੇ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕਰਾਂਗੇ। ਯਕੀਨਨ, ਅਸੀਂ ਪਰਮੇਸ਼ੁਰ ਦੇ ਬਚਨ ਵਿਚ ਮਨ੍ਹਾ ਕੀਤੇ ਗਏ ਕਿਸੇ ਵੀ ਕੰਮ ਨੂੰ ਕਰ ਕੇ ਪਰਮੇਸ਼ੁਰ ਨੂੰ ਦੁਖੀ ਨਹੀਂ ਕਰਨਾ ਚਾਹੁੰਦੇ। ਬਹੁਤ ਸਾਰੇ ਡਾਕਟਰ ਤੇ ਹੋਰ ਕਈ ਲੋਕ ਅਪੀਲ ਕਰਦੇ ਹਨ ਕਿ ਜ਼ਿੰਦਗੀਆਂ ਬਚਾਉਣ ਲਈ ਖ਼ੂਨ ਦਾਨ ਕਰੋ। ਪਰ ਯਹੋਵਾਹ ਦੇ ਪਵਿੱਤਰ ਲੋਕ ਮੰਨਦੇ ਹਨ ਕਿ ਸਿਰਫ਼ ਸ੍ਰਿਸ਼ਟੀਕਰਤਾ ਨੂੰ ਹੀ ਇਹ ਦੱਸਣ ਦਾ ਹੱਕ ਹੈ ਕਿ ਲਹੂ ਦੀ ਕਿਵੇਂ ਵਰਤੋ ਕੀਤੀ ਜਾਣੀ ਚਾਹੀਦੀ ਹੈ। ਉਸ ਲਈ ‘ਕਿਸੇ ਵੀ ਪਰਕਾਰ ਦਾ ਲਹੂ’ ਪਵਿੱਤਰ ਹੈ। ਸਾਨੂੰ ਲਹੂ ਸੰਬੰਧੀ ਦਿੱਤੇ ਉਸ ਦੇ ਕਾਨੂੰਨ ਦੀ ਪਾਲਣਾ ਕਰਨ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ। ਆਪਣੇ ਪਵਿੱਤਰ ਚਾਲ-ਚਲਣ ਰਾਹੀਂ ਅਸੀਂ ਸਾਬਤ ਕਰਦੇ ਹਾਂ ਕਿ ਅਸੀਂ ਇਸ ਗੱਲ ਦੀ ਕਦਰ ਕਰਦੇ ਹਾਂ ਕਿ ਯਿਸੂ ਦੇ ਲਹੂ ਵਿਚ ਜ਼ਿੰਦਗੀਆਂ ਬਚਾਉਣ ਦੀ ਤਾਕਤ ਹੈ। ਸਿਰਫ਼ ਉਸ ਦੇ ਵਹਾਏ ਲਹੂ ਕਰਕੇ ਹੀ ਸਾਨੂੰ ਸਾਡੇ ਪਾਪਾਂ ਦੀ ਮਾਫ਼ੀ ਤੇ ਹਮੇਸ਼ਾ ਦੀ ਜ਼ਿੰਦਗੀ ਮਿਲਣੀ ਹੈ।ਯੂਹੰ. 3:16.

ਕੀ ਤੁਸੀਂ ਲਹੂ ਸੰਬੰਧੀ ਦਿੱਤੇ ਯਹੋਵਾਹ ਦੇ ਕਾਨੂੰਨ ਦੀ ਪਾਲਣਾ ਕਰਨ ਦਾ ਪੱਕਾ ਇਰਾਦਾ ਕੀਤਾ ਹੈ? (ਪੈਰੇ 14, 15 ਦੇਖੋ)

ਯਹੋਵਾਹ ਕਿਉਂ ਚਾਹੁੰਦਾ ਹੈ ਕਿ ਅਸੀਂ ਪਵਿੱਤਰ ਬਣੀਏ?

16. ਯਹੋਵਾਹ ਦੇ ਲੋਕਾਂ ਨੂੰ ਪਵਿੱਤਰ ਕਿਉਂ ਹੋਣਾ ਚਾਹੀਦਾ ਹੈ?

16 ਜਦੋਂ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਆਜ਼ਾਦ ਕਰਾਇਆ, ਤਾਂ ਉਸ ਨੇ ਕਿਹਾ: “ਮੈਂ ਯਹੋਵਾਹ ਹਾਂ ਜੋ ਤੁਹਾਨੂੰ ਮਿਸਰ ਦੀ ਧਰਤੀ ਵਿੱਚੋਂ ਬਾਹਰ ਲਿਆਇਆ ਤਾਂ ਜੋ ਮੈਂ ਤੁਹਾਡਾ ਪਰਮੇਸ਼ੁਰ ਹੋ ਸਕਾਂ। ਤੁਹਾਨੂੰ ਓਵੇਂ ਹੀ ਪਵਿੱਤਰ ਹੋਣਾ ਚਾਹੀਦਾ ਹੈ ਜਿਵੇਂ ਮੈਂ ਪਵਿੱਤਰ ਹਾਂ।” (ਲੇਵੀ. 11:45, ERV) ਇਜ਼ਰਾਈਲ ਦੇ ਲੋਕਾਂ ਤੋਂ ਪਵਿੱਤਰ ਰਹਿਣ ਦੀ ਉਮੀਦ ਕੀਤੀ ਜਾਂਦੀ ਸੀ ਕਿਉਂਕਿ ਯਹੋਵਾਹ ਪਵਿੱਤਰ ਹੈ। ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਸਾਨੂੰ ਵੀ ਪਵਿੱਤਰ ਹੋਣਾ ਚਾਹੀਦਾ ਹੈ। ਲੇਵੀਆਂ ਦੀ ਕਿਤਾਬ ਤੋਂ ਇਹ ਗੱਲ ਪੂਰੀ ਤਰ੍ਹਾਂ ਸਾਫ਼ ਹੋ ਗਈ ਹੈ।

17. ਤੁਸੀਂ ਹੁਣ ਲੇਵੀਆਂ ਦੀ ਕਿਤਾਬ ਬਾਰੇ ਕਿਵੇਂ ਮਹਿਸੂਸ ਕਰਦੇ ਹੋ?

17 ਲੇਵੀਆਂ ਦੇ ਕਿਤਾਬ ਦੇ ਥੋੜ੍ਹੇ ਜਿਹੇ ਹਿੱਸੇ ’ਤੇ ਗੌਰ ਕਰਨ ਨਾਲ ਸਾਨੂੰ ਯਕੀਨਨ ਫ਼ਾਇਦਾ ਹੋਇਆ ਹੈ। ਇਸ ਲੇਖ ਨੂੰ ਪੜ੍ਹ ਕੇ ਬਾਈਬਲ ਦੀ ਇਸ ਕਿਤਾਬ ਲਈ ਸਾਡੀ ਕਦਰ ਵਧੀ ਹੈ। ਲੇਵੀਆਂ ਦੀ ਕਿਤਾਬ ਵਿਚ ਪਾਈ ਜਾਂਦੀ ਅਨਮੋਲ ਜਾਣਕਾਰੀ ’ਤੇ ਸੋਚ-ਵਿਚਾਰ ਕਰ ਕੇ ਸਾਨੂੰ ਕਾਰਨ ਪਤਾ ਲੱਗੇ ਹਨ ਕਿ ਸਾਨੂੰ ਪਵਿੱਤਰ ਕਿਉਂ ਹੋਣਾ ਚਾਹੀਦਾ ਹੈ। ਪਰ ਅਸੀਂ ਲੇਵੀਆਂ ਦੀ ਕਿਤਾਬ ਤੋਂ ਹੋਰ ਕਿਹੜੀਆਂ ਅਹਿਮ ਗੱਲਾਂ ਸਿੱਖ ਸਕਦੇ ਹਾਂ? ਯਹੋਵਾਹ ਦੀ ਪਵਿੱਤਰ ਸੇਵਾ ਕਰਨ ਸੰਬੰਧੀ ਅਸੀਂ ਇਸ ਕਿਤਾਬ ਤੋਂ ਹੋਰ ਕੀ ਸਿੱਖ ਸਕਦੇ ਹਾਂ? ਇਨ੍ਹਾਂ ਗੱਲਾਂ ’ਤੇ ਅਗਲੇ ਲੇਖ ਵਿਚ ਚਰਚਾ ਕੀਤੀ ਜਾਵੇਗੀ।