Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਪਹਿਰਾਬੁਰਜ—ਸਟੱਡੀ ਐਡੀਸ਼ਨ  |  ਅਗਸਤ 2014

ਤੁਸੀਂ ਜਿੱਥੇ ਕਿਤੇ ਵੀ ਹੋ, ਯਹੋਵਾਹ ਦੀ ਆਵਾਜ਼ ਸੁਣੋ

ਤੁਸੀਂ ਜਿੱਥੇ ਕਿਤੇ ਵੀ ਹੋ, ਯਹੋਵਾਹ ਦੀ ਆਵਾਜ਼ ਸੁਣੋ

“ਤੁਹਾਡੇ ਕੰਨ ਤੁਹਾਡੇ ਪਿੱਛੋਂ ਏਹ ਗੱਲ ਸੁਣਨਗੇ ਕਿ ਤੁਹਾਡਾ ਰਾਹ ਏਹੋ ਈ ਹੈ।”ਯਸਾ. 30:21.

1, 2. ਯਹੋਵਾਹ ਆਪਣੇ ਸੇਵਕਾਂ ਨਾਲ ਗੱਲ ਕਿਵੇਂ ਕਰਦਾ ਹੈ?

ਪੁਰਾਣੇ ਜ਼ਮਾਨੇ ਵਿਚ ਯਹੋਵਾਹ ਨੇ ਦੂਤਾਂ, ਦਰਸ਼ਣਾਂ, ਸੁਪਨਿਆਂ ਜਾਂ ਹੋਰ ਤਰੀਕਿਆਂ ਨਾਲ ਆਪਣੇ ਸੇਵਕਾਂ ਦੀ ਅਗਵਾਈ ਕੀਤੀ ਸੀ। ਇਨ੍ਹਾਂ ਰਾਹੀਂ ਪਰਮੇਸ਼ੁਰ ਨੇ ਉਨ੍ਹਾਂ ਨੂੰ ਜ਼ਾਹਰ ਕੀਤਾ ਸੀ ਕਿ ਭਵਿੱਖ ਵਿਚ ਕੀ ਹੋਵੇਗਾ ਜਾਂ ਉਨ੍ਹਾਂ ਨੂੰ ਖ਼ਾਸ ਕੰਮ ਕਰਨ ਲਈ ਦਿੱਤੇ ਸਨ। (ਗਿਣ. 7:89; ਹਿਜ਼. 1:1; ਦਾਨੀ. 2:19) ਯਹੋਵਾਹ ਨੇ ਸੇਧ ਦੇਣ ਲਈ ਉਨ੍ਹਾਂ ਲੋਕਾਂ ਨੂੰ ਵੀ ਵਰਤਿਆ ਜਿਹੜੇ ਧਰਤੀ ਉੱਤੇ ਉਸ ਦੇ ਸੰਗਠਨ ਵਿਚ ਸੇਵਾ ਕਰਦੇ ਸਨ। ਭਾਵੇਂ ਯਹੋਵਾਹ ਦੇ ਲੋਕਾਂ ਨੂੰ ਜਿੱਦਾਂ ਮਰਜ਼ੀ ਉਸ ਦਾ ਸੰਦੇਸ਼ ਮਿਲਿਆ, ਪਰ ਜਿਨ੍ਹਾਂ ਨੇ ਉਸ ਦੀਆਂ ਹਿਦਾਇਤਾਂ ਮੰਨੀਆਂ, ਉਨ੍ਹਾਂ ਨੂੰ ਬਰਕਤਾਂ ਮਿਲੀਆਂ।

2 ਅੱਜ ਯਹੋਵਾਹ ਬਾਈਬਲ, ਆਪਣੀ ਪਵਿੱਤਰ ਸ਼ਕਤੀ ਤੇ ਮੰਡਲੀ ਦੇ ਜ਼ਰੀਏ ਆਪਣੇ ਲੋਕਾਂ ਨੂੰ ਸੇਧ ਦਿੰਦਾ ਹੈ। (ਰਸੂ. 9:31; 15:28; 2 ਤਿਮੋ. 3:16, 17) ਸਾਨੂੰ ਜੋ ਸੇਧ ਮਿਲਦੀ ਹੈ, ਉਹ ਬਿਲਕੁਲ ਸਪੱਸ਼ਟ ਹੈ। ਸਾਨੂੰ ਇੱਦਾਂ ਲੱਗਦਾ ਹੈ ਜਿਵੇਂ ਅਸੀਂ ਆਪਣੇ ਪਿੱਛਿਓਂ ਯਹੋਵਾਹ ਨੂੰ ਇਹ ਕਹਿੰਦਿਆਂ ਸੁਣਦੇ ਹਾਂ ਕਿ “ਤੁਹਾਡਾ ਰਾਹ ਏਹੋ ਈ ਹੈ, ਏਸ ਵਿੱਚ ਚੱਲੋ।” (ਯਸਾ. 30:21) ਯਹੋਵਾਹ ਯਿਸੂ ਦੇ ਜ਼ਰੀਏ ਵੀ ਆਪਣੀ ਆਵਾਜ਼ ਸਾਡੇ ਤਕ ਪਹੁੰਚਾਉਂਦਾ ਹੈ ਜਿਸ ਨੂੰ ਉਸ ਨੇ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਰਾਹੀਂ ਮੰਡਲੀ ਨੂੰ ਸੇਧ ਦੇਣ ਲਈ ਨਿਯੁਕਤ ਕੀਤਾ ਹੈ। (ਮੱਤੀ 24:45) ਸਾਨੂੰ ਜੋ ਵੀ ਸੇਧ ਮਿਲਦੀ ਹੈ, ਉਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਕਿਉਂਕਿ ਇਸ ਮੁਤਾਬਕ ਚੱਲਣ ਨਾਲ ਹੀ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ।ਇਬ. 5:9.

3. ਸਾਨੂੰ ਯਹੋਵਾਹ ਦੀਆਂ ਹਿਦਾਇਤਾਂ ਮੰਨਣ ਤੋਂ ਕੌਣ ਰੋਕ ਸਕਦਾ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

3 ਸ਼ੈਤਾਨ ਜਾਣਦਾ ਹੈ ਕਿ ਯਹੋਵਾਹ ਦੀ ਅਗਵਾਈ ਵਿਚ ਚੱਲ ਕੇ ਸਾਡੀ ਜ਼ਿੰਦਗੀ ਬਚੇਗੀ, ਇਸ ਲਈ ਉਹ ਸਾਡਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂਕਿ ਅਸੀਂ ਯਹੋਵਾਹ  ਦੀ ਆਵਾਜ਼ ਨਾ ਸੁਣੀਏ। ਇਸ ਤੋਂ ਇਲਾਵਾ, ਸਾਡਾ ਆਪਣਾ ‘ਧੋਖੇਬਾਜ਼ ਦਿਲ’ ਸਾਨੂੰ ਯਹੋਵਾਹ ਦੀਆਂ ਹਿਦਾਇਤਾਂ ਪੂਰੀ ਤਰ੍ਹਾਂ ਮੰਨਣ ਤੋਂ ਰੋਕ ਸਕਦਾ ਹੈ। (ਯਿਰ. 17:9) ਇਸ ਲਈ ਆਓ ਆਪਾਂ ਦੇਖੀਏ ਕਿ ਅਸੀਂ ਉਨ੍ਹਾਂ ਰੁਕਾਵਟਾਂ ਨੂੰ ਕਿਵੇਂ ਪਾਰ ਕਰ ਸਕਦੇ ਹਾਂ ਜਿਨ੍ਹਾਂ ਕਰਕੇ ਸਾਡੇ ਲਈ ਪਰਮੇਸ਼ੁਰ ਦੀ ਆਵਾਜ਼ ਸੁਣਨੀ ਔਖੀ ਹੁੰਦੀ ਹੈ। ਆਪਾਂ ਇਹ ਵੀ ਦੇਖਾਂਗੇ ਕਿ ਯਹੋਵਾਹ ਦੀ ਗੱਲ ਸੁਣਨ ਅਤੇ ਉਸ ਨਾਲ ਲਗਾਤਾਰ ਗੱਲਬਾਤ ਕਰਨ ਨਾਲ ਹਰ ਹਾਲਤ ਵਿਚ ਉਸ ਨਾਲ ਸਾਡਾ ਰਿਸ਼ਤਾ ਕਿਵੇਂ ਕਾਇਮ ਰਹਿ ਸਕਦਾ ਹੈ।

ਸ਼ੈਤਾਨ ਦੀਆਂ ਚਾਲਾਂ ਤੋਂ ਬਚਣਾ

4. ਸ਼ੈਤਾਨ ਲੋਕਾਂ ਦੀ ਸੋਚ ਉੱਤੇ ਕਿਵੇਂ ਅਸਰ ਪਾਉਣ ਦੀ ਕੋਸ਼ਿਸ਼ ਕਰਦਾ ਹੈ?

4 ਸ਼ੈਤਾਨ ਗ਼ਲਤ ਜਾਂ ਗੁਮਰਾਹ ਕਰਨ ਵਾਲੀ ਜਾਣਕਾਰੀ ਰਾਹੀਂ ਲੋਕਾਂ ਦੀ ਸੋਚ ਉੱਤੇ ਅਸਰ ਪਾਉਣ ਦੀ ਕੋਸ਼ਿਸ਼ ਕਰਦਾ ਹੈ। (1 ਯੂਹੰਨਾ 5:19 ਪੜ੍ਹੋ।) ਪੂਰੀ ਦੁਨੀਆਂ ਵਿਚ ਅਖ਼ਬਾਰਾਂ, ਕਿਤਾਬਾਂ, ਰਸਾਲਿਆਂ, ਰੇਡੀਓ, ਟੀ. ਵੀ. ਅਤੇ ਇੰਟਰਨੈੱਟ ਰਾਹੀਂ ਜਾਣਕਾਰੀ ਪਹੁੰਚਾਈ ਜਾਂਦੀ ਹੈ। ਇਨ੍ਹਾਂ ਵਿਚ ਕੁਝ ਜਾਣਕਾਰੀ ਫ਼ਾਇਦੇਮੰਦ ਹੁੰਦੀ ਹੈ, ਪਰ ਜ਼ਿਆਦਾਤਰ ਜਾਣਕਾਰੀ ਉਨ੍ਹਾਂ ਕੰਮਾਂ ਜਾਂ ਚਾਲ-ਚਲਣ ਨੂੰ ਹੱਲਾਸ਼ੇਰੀ ਦਿੰਦੀ ਹੈ ਜੋ ਯਹੋਵਾਹ ਦੇ ਅਸੂਲਾਂ ਦੇ ਉਲਟ ਹੈ। (ਯਿਰ. 2:13) ਮਿਸਾਲ ਲਈ, ਖ਼ਬਰਾਂ ਤੇ ਫ਼ਿਲਮਾਂ ਵਗੈਰਾ ਵਿਚ ਦਿਖਾਇਆ ਜਾਂਦਾ ਹੈ ਕਿ ਆਦਮੀ-ਆਦਮੀ ਜਾਂ ਤੀਵੀਂ-ਤੀਵੀਂ ਦਾ ਆਪਸ ਵਿਚ ਵਿਆਹ ਕਰਾਉਣਾ ਗ਼ਲਤ ਨਹੀਂ ਹੈ। ਇਸ ਕਰਕੇ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਸਮਲਿੰਗੀ ਸੰਬੰਧਾਂ ਬਾਰੇ ਬਾਈਬਲ ਦੇ ਵਿਚਾਰ ਹੱਦੋਂ ਵੱਧ ਸਖ਼ਤ ਹਨ।1 ਕੁਰਿੰ. 6:9, 10.

5. ਅਸੀਂ ਸ਼ੈਤਾਨ ਦੁਆਰਾ ਫੈਲਾਈ ਜਾਂਦੀ ਜਾਣਕਾਰੀ ਦੇ ਝਾਂਸੇ ਵਿਚ ਆਉਣ ਤੋਂ ਕਿਵੇਂ ਬਚ ਸਕਦੇ ਹਾਂ?

5 ਜਿਹੜੇ ਲੋਕ ਪਰਮੇਸ਼ੁਰ ਦੇ ਧਰਮੀ ਅਸੂਲਾਂ ਉੱਤੇ ਚੱਲਣਾ ਚਾਹੁੰਦੇ ਹਨ, ਉਹ ਸ਼ੈਤਾਨ ਦੁਆਰਾ ਫੈਲਾਈ ਜਾਂਦੀ ਗ਼ਲਤ ਜਾਣਕਾਰੀ ਦੇ ਝਾਂਸੇ ਵਿਚ ਆਉਣ ਤੋਂ ਕਿਵੇਂ ਬਚ ਸਕਦੇ ਹਨ? ਉਹ ਸਹੀ ਅਤੇ ਗ਼ਲਤ ਵਿਚ ਫ਼ਰਕ ਕਿਵੇਂ ਦੇਖ ਸਕਦੇ ਹਨ? ‘ਪਰਮੇਸ਼ੁਰ ਦੇ ਬਚਨ ਦੇ ਅਨੁਸਾਰ ਚੌਕਸੀ ਕਰ ਕੇ।’ (ਜ਼ਬੂ. 119:9) ਪਰਮੇਸ਼ੁਰ ਦੇ ਬਚਨ ਵਿਚ ਦਿੱਤੀ ਗਈ ਸੇਧ ਦੀ ਮਦਦ ਨਾਲ ਅਸੀਂ ਸਹੀ ਜਾਣਕਾਰੀ ਤੇ ਗੁਮਰਾਹ ਕਰਨ ਵਾਲੀ ਜਾਣਕਾਰੀ ਵਿਚ ਫ਼ਰਕ ਦੇਖ ਸਕਦੇ ਹਾਂ। (ਕਹਾ. 23:23) ਪਰਮੇਸ਼ੁਰ ਦੇ ਬਚਨ ਵਿੱਚੋਂ ਹਵਾਲਾ ਦਿੰਦੇ ਹੋਏ ਯਿਸੂ ਨੇ ਕਿਹਾ ਸੀ ਕਿ ‘ਇਨਸਾਨ ਨੂੰ ਜੀਉਂਦਾ ਰਹਿਣ ਵਾਸਤੇ ਯਹੋਵਾਹ ਦੇ ਮੂੰਹੋਂ ਨਿਕਲੇ ਹਰ ਬਚਨ ਦੀ ਲੋੜ ਹੈ।’ (ਮੱਤੀ 4:4) ਸਾਨੂੰ ਸਿੱਖਣ ਦੀ ਲੋੜ ਹੈ ਕਿ ਅਸੀਂ ਆਪਣੀ ਜ਼ਿੰਦਗੀ ਵਿਚ ਬਾਈਬਲ ਦੇ ਅਸੂਲ ਕਿਵੇਂ ਲਾਗੂ ਕਰ ਸਕਦੇ ਹਾਂ। ਉਦਾਹਰਣ ਲਈ, ਨਾਜਾਇਜ਼ ਸੰਬੰਧਾਂ ਬਾਰੇ ਯਹੋਵਾਹ ਦਾ ਕਾਨੂੰਨ ਲਿਖੇ ਜਾਣ ਤੋਂ ਬਹੁਤ ਸਮਾਂ ਪਹਿਲਾਂ ਹੀ ਨੌਜਵਾਨ ਯੂਸੁਫ਼ ਸਮਝ ਗਿਆ ਸੀ ਕਿ ਇਹ ਕੰਮ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਪਾਪ ਹੈ। ਜਦੋਂ ਪੋਟੀਫ਼ਰ ਦੀ ਪਤਨੀ ਨੇ ਉਸ ਨੂੰ ਬਹਿਕਾ ਕੇ ਗ਼ਲਤ ਕੰਮ ਕਰਾਉਣ ਦੀ ਕੋਸ਼ਿਸ਼ ਕੀਤੀ, ਤਾਂ ਉਸ ਨੇ ਯਹੋਵਾਹ ਦੀ ਅਣਆਗਿਆਕਾਰੀ ਕਰਨ ਬਾਰੇ ਕਦੀ ਸੋਚਿਆ ਵੀ ਨਹੀਂ। (ਉਤਪਤ 39:7-9 ਪੜ੍ਹੋ।) ਭਾਵੇਂ ਉਹ ਕਾਫ਼ੀ ਚਿਰ ਉਸ ਉੱਤੇ ਦਬਾਅ ਪਾਉਂਦੀ ਰਹੀ, ਪਰ ਯੂਸੁਫ਼ ਨੇ ਉਸ ਦੀ ਆਵਾਜ਼ ਸੁਣਨ ਦੀ ਬਜਾਇ ਯਹੋਵਾਹ ਦੀ ਆਵਾਜ਼ ਸੁਣੀ। ਸਹੀ ਤੇ ਗ਼ਲਤ ਵਿਚ ਫ਼ਰਕ ਦੇਖਣ ਲਈ ਜ਼ਰੂਰੀ ਹੈ ਕਿ ਅਸੀਂ ਸ਼ੈਤਾਨ ਦੀ ਆਵਾਜ਼ ਸੁਣਨ ਦੀ ਬਜਾਇ ਯਹੋਵਾਹ ਦੀ ਆਵਾਜ਼ ਸੁਣੀਏ।

6, 7. ਸ਼ੈਤਾਨ ਦੀ ਬੁਰੀ ਸਲਾਹ ਤੋਂ ਦੂਰ ਰਹਿਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?

6 ਦੁਨੀਆਂ ਵਿਚ ਧਰਮਾਂ ਦੀਆਂ ਸਿੱਖਿਆਵਾਂ ਇਕ-ਦੂਜੇ ਨਾਲ ਮੇਲ ਨਹੀਂ ਖਾਂਦੀਆਂ ਜਿਸ ਕਰਕੇ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਸੱਚੇ ਧਰਮ ਨੂੰ ਲੱਭਣਾ ਨਾਮੁਮਕਿਨ ਹੈ। ਪਰ ਜਿਹੜੇ ਲੋਕ ਯਹੋਵਾਹ ਦੀ ਅਗਵਾਈ ਤੋਂ ਫ਼ਾਇਦਾ ਲੈਣਾ ਚਾਹੁੰਦੇ ਹਨ, ਉਸ ਨੇ ਉਨ੍ਹਾਂ ਲਈ ਸੱਚਾਈ ਨੂੰ ਲੱਭਣਾ ਆਸਾਨ ਬਣਾਇਆ ਹੈ। ਸਾਨੂੰ ਫ਼ੈਸਲਾ ਕਰਨਾ ਪਵੇਗਾ ਕਿ ਅਸੀਂ ਕਿਸ ਦੀ ਆਵਾਜ਼ ਸੁਣਨੀ ਚਾਹੁੰਦੇ ਹਾਂ। ਇੱਕੋ ਸਮੇਂ ਤੇ ਦੋ ਆਵਾਜ਼ਾਂ ਵੱਲ ਧਿਆਨ ਦੇਣਾ ਨਾਮੁਮਕਿਨ ਹੁੰਦਾ ਹੈ, ਇਸ ਲਈ ਸਾਨੂੰ ਯਿਸੂ ਦੀ ‘ਆਵਾਜ਼ ਨੂੰ ਪਛਾਣਨ’ ਅਤੇ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਯਹੋਵਾਹ ਨੇ ਉਸ ਨੂੰ ਆਪਣੀਆਂ ਭੇਡਾਂ ਦਾ ਚਰਵਾਹਾ ਬਣਾਇਆ ਹੈ।ਯੂਹੰਨਾ 10:3-5 ਪੜ੍ਹੋ।

 7 ਯਿਸੂ ਨੇ ਕਿਹਾ ਸੀ: “ਤੁਸੀਂ ਜੋ ਵੀ ਸੁਣ ਰਹੇ ਹੋ, ਉਸ ਨੂੰ ਧਿਆਨ ਨਾਲ ਸੁਣੋ।” (ਮਰ. 4:24) ਯਹੋਵਾਹ ਦੀ ਸਲਾਹ ਸਹੀ ਅਤੇ ਸਪੱਸ਼ਟ ਹੈ, ਪਰ ਸਾਨੂੰ ਇਸ ਵੱਲ ਧਿਆਨ ਦੇਣ ਅਤੇ ਦਿਲੋਂ ਸਵੀਕਾਰ ਕਰਨ ਦੀ ਲੋੜ ਹੈ। ਜੇ ਅਸੀਂ ਖ਼ਬਰਦਾਰ ਨਾ ਰਹੀਏ, ਤਾਂ ਅਸੀਂ ਸ਼ਾਇਦ ਪਰਮੇਸ਼ੁਰ ਦੀ ਚੰਗੀ ਸਲਾਹ ਵੱਲ ਧਿਆਨ ਦੇਣ ਦੀ ਬਜਾਇ ਸ਼ੈਤਾਨ ਦੀ ਬੁਰੀ ਸਲਾਹ ਵੱਲ ਧਿਆਨ ਦੇਣ ਲੱਗ ਪਈਏ। ਤੁਸੀਂ ਕਦੀ ਵੀ ਦੁਨੀਆਂ ਦੇ ਗੀਤ-ਸੰਗੀਤ, ਵੀਡੀਓ, ਟੀ. ਵੀ., ਕਿਤਾਬਾਂ, ਦੋਸਤਾਂ, ਅਧਿਆਪਕਾਂ ਤੇ ਆਪਣੇ ਆਪ ਨੂੰ ਵਿਦਵਾਨ ਕਹਿਣ ਵਾਲੇ ਲੋਕਾਂ ਨੂੰ ਆਪਣੀ ਜ਼ਿੰਦਗੀ ਉੱਤੇ ਕੰਟ੍ਰੋਲ ਨਾ ਕਰਨ ਦਿਓ।ਕੁਲੁ. 2:8.

8. (ੳ) ਸਾਡਾ ਦਿਲ ਸਾਨੂੰ ਸ਼ੈਤਾਨ ਦੀਆਂ ਚਾਲਾਂ ਵਿਚ ਕਿੱਦਾਂ ਫਸਾ ਸਕਦਾ ਹੈ? (ਅ) ਜੇ ਅਸੀਂ ਆਪਣੇ ਪਾਪੀ ਝੁਕਾਅ ਤੋਂ ਖ਼ਬਰਦਾਰ ਨਹੀਂ ਰਹਿੰਦੇ, ਤਾਂ ਕੀ ਹੋ ਸਕਦਾ ਹੈ?

8 ਸ਼ੈਤਾਨ ਇਹ ਜਾਣਦਾ ਹੈ ਕਿ ਸਾਡੇ ਵਿਚ ਪਾਪ ਕਰਨ ਦਾ ਝੁਕਾਅ ਹੈ ਅਤੇ ਉਹ ਸਾਡੇ ਤੋਂ ਪਾਪ ਕਰਾਉਣ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਸ਼ੈਤਾਨ ਇਸ ਤਰ੍ਹਾਂ ਕਰਦਾ ਹੈ, ਤਾਂ ਸਾਡੇ ਲਈ ਆਪਣੇ ਚਾਲ-ਚਲਣ ਨੂੰ ਸ਼ੁੱਧ ਰੱਖਣਾ ਮੁਸ਼ਕਲ ਹੁੰਦਾ ਹੈ। (ਯੂਹੰ. 8:44-47) ਅਸੀਂ ਇਸ ਮੁਸ਼ਕਲ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ? ਗੌਰ ਕਰੋ ਕਿ ਇਕ ਇਨਸਾਨ ਉੱਤੇ ਕੁਝ ਪਲ ਮਜ਼ਾ ਲੈਣ ਦੀ ਇੱਛਾ ਇੰਨੀ ਹਾਵੀ ਹੋ ਜਾਂਦੀ ਹੈ ਕਿ ਉਹ ਗ਼ਲਤ ਕੰਮ ਕਰ ਬੈਠਦਾ ਹੈ ਜਿਸ ਨੂੰ ਕਰਨ ਬਾਰੇ ਉਸ ਨੇ ਕਦੀ ਸੋਚਿਆ ਵੀ ਨਹੀਂ ਹੋਣਾ। (ਰੋਮੀ. 7:15) ਉਸ ਤੋਂ ਬੁਰਾ ਕੰਮ ਕਿਉਂ ਹੋਇਆ? ਹੋ ਸਕਦਾ ਹੈ ਕਿ ਉਸ ਨੇ ਹੌਲੀ-ਹੌਲੀ ਯਹੋਵਾਹ ਦੀ ਆਵਾਜ਼ ਅਣਸੁਣੀ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਸ਼ਾਇਦ ਪ੍ਰਾਰਥਨਾ ਕਰਨੀ ਛੱਡ ਦਿੱਤੀ ਹੋਵੇ, ਉਹ ਪ੍ਰਚਾਰ ਵਿਚ ਢਿੱਲਾ ਪੈ ਗਿਆ ਹੋਵੇ ਜਾਂ ਉਸ ਨੇ ਬਾਕਾਇਦਾ ਮੀਟਿੰਗਾਂ ਵਿਚ ਜਾਣਾ ਛੱਡ ਦਿੱਤਾ ਹੋਵੇ। ਇਹ ਸਭ ਕੁਝ ਇਸ ਗੱਲ ਦੀ ਨਿਸ਼ਾਨੀ ਹੈ ਕਿ ਉਸ ਦੇ ਦਿਲ ਵਿਚ ਯਹੋਵਾਹ ਲਈ ਪਿਆਰ ਠੰਢਾ ਪੈ ਰਿਹਾ ਸੀ। ਸ਼ਾਇਦ ਉਸ ਨੂੰ ਇਸ ਗੱਲ ਦਾ ਅਹਿਸਾਸ ਨਾ ਹੋਇਆ ਹੋਵੇ ਜਾਂ ਫਿਰ ਜਾਣ-ਬੁੱਝ ਕੇ ਉਸ ਨੇ ਇਸ ਗੱਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੋਵੇ। ਇਸ ਕਰਕੇ ਅਖ਼ੀਰ ਵਿਚ ਉਹ ਆਪਣੀ ਇੱਛਾ ਪੂਰੀ ਕਰਨ ਲਈ ਗ਼ਲਤ ਕੰਮ ਕਰ ਬੈਠਾ। ਜੇ ਸਾਡੇ ਨਾਲ ਇਸ ਤਰ੍ਹਾਂ ਹੁੰਦਾ ਹੈ, ਤਾਂ ਸਾਨੂੰ ਤੁਰੰਤ ਕਦਮ ਚੁੱਕਣ ਦੀ ਲੋੜ ਹੈ ਤਾਂਕਿ ਅਸੀਂ ਇੰਨੀ ਵੱਡੀ ਗ਼ਲਤੀ ਕਰਨ ਤੋਂ ਬਚ ਸਕੀਏ। ਨਾਲੇ ਜੇ ਅਸੀਂ ਯਹੋਵਾਹ ਦੀ ਆਵਾਜ਼ ਸੁਣ ਰਹੇ ਹਾਂ, ਤਾਂ ਅਸੀਂ ਕਦੀ ਵੀ ਧਰਮ-ਤਿਆਗੀਆਂ ਦੀਆਂ ਗੱਲਾਂ ਨਹੀਂ ਸੁਣਾਂਗੇ।ਕਹਾ. 11:9.

9. ਦਿਲ ਵਿਚ ਗ਼ਲਤ ਇੱਛਾ ਪੈਦਾ ਹੋਣ ਤੇ ਸਾਡੇ ਲਈ ਛੇਤੀ ਤੋਂ ਛੇਤੀ ਕਦਮ ਚੁੱਕਣਾ ਕਿਉਂ ਜ਼ਰੂਰੀ ਹੈ?

9 ਬੀਮਾਰੀ ਦਾ ਸ਼ੁਰੂ ਵਿਚ ਹੀ ਪਤਾ ਲੱਗ ਜਾਣ ਕਰਕੇ ਇਕ ਵਿਅਕਤੀ ਦੀ ਜ਼ਿੰਦਗੀ ਬਚ ਸਕਦੀ ਹੈ। ਇਸੇ ਤਰ੍ਹਾਂ ਜੇ ਅਸੀਂ ਦੇਖ ਲੈਂਦੇ ਹਾਂ ਕਿ ਸਾਡੇ ਅੰਦਰ ਕੋਈ ਗ਼ਲਤ ਕੰਮ ਕਰਨ ਦਾ ਝੁਕਾਅ ਪੈਦਾ ਹੋ ਰਿਹਾ ਹੈ, ਤਾਂ ਗ਼ਲਤੀ ਕਰਨ ਤੋਂ ਬਚਣ ਲਈ ਸਾਨੂੰ ਜਲਦੀ ਤੋਂ ਜਲਦੀ ਕਦਮ ਚੁੱਕਣ ਦੀ ਲੋੜ ਹੈ, ਇਸ ਤੋਂ ਪਹਿਲਾਂ ਕਿ ‘ਸ਼ੈਤਾਨ ਆਪਣੀ ਮਰਜ਼ੀ ਕਰਾਉਣ ਲਈ ਸਾਨੂੰ ਜੀਉਂਦੇ-ਜੀ ਆਪਣੇ ਫੰਦੇ ਵਿਚ ਫਸਾ ਲਵੇ।’ (2 ਤਿਮੋ. 2:26) ਸਾਨੂੰ ਉਦੋਂ ਕੀ ਕਰਨਾ ਚਾਹੀਦਾ ਹੈ ਜਦੋਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਅਸੀਂ ਆਪਣੀ ਸੋਚ ਅਤੇ ਇੱਛਾਵਾਂ ਮੁਤਾਬਕ ਚੱਲ ਕੇ ਯਹੋਵਾਹ ਦੇ ਅਸੂਲਾਂ ਤੋਂ ਉਲਟ ਜਾ ਰਹੇ ਹਾਂ? ਸਾਨੂੰ ਬਿਨਾਂ ਦੇਰ ਕੀਤਿਆਂ ਨਿਮਰ ਬਣ ਕੇ ਉਸ ਕੋਲ ਮੁੜ ਆਉਣਾ ਚਾਹੀਦਾ ਹੈ ਅਤੇ ਪੂਰੇ ਦਿਲ ਨਾਲ ਉਸ ਦੀ ਸਲਾਹ ਮੰਨਣੀ ਚਾਹੀਦੀ ਹੈ। (ਯਸਾ. 44:22) ਸਾਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਸਾਡੇ ਇਕ ਗ਼ਲਤ ਫ਼ੈਸਲੇ ਦਾ ਸਾਡੇ ਉੱਤੇ ਇੰਨਾ ਬੁਰਾ ਅਸਰ ਪੈ ਸਕਦਾ ਹੈ ਕਿ ਯਹੋਵਾਹ ਕੋਲ ਮੁੜ ਆਉਣ ਤੋਂ ਬਾਅਦ ਵੀ ਸ਼ਾਇਦ ਸਾਨੂੰ ਇਨ੍ਹਾਂ ਦੇ ਬੁਰੇ ਅੰਜਾਮ ਭੁਗਤਣੇ ਪੈਣ। ਸੋ ਬਿਹਤਰ ਇਹੀ ਹੈ ਕਿ ਅਸੀਂ  ਤੁਰੰਤ ਕਦਮ ਚੁੱਕ ਕੇ ਕੁਰਾਹੇ ਪੈਣ ਅਤੇ ਗੰਭੀਰ ਗ਼ਲਤੀ ਕਰਨ ਤੋਂ ਬਚੀਏ।

ਭਗਤੀ ਦੇ ਕੰਮਾਂ ਵਿਚ ਲੱਗੇ ਰਹਿਣ ਨਾਲ ਅਸੀਂ ਸ਼ੈਤਾਨ ਦੀਆਂ ਚਾਲਾਂ ਤੋਂ ਕਿਵੇਂ ਬਚ ਸਕਦੇ ਹਾਂ? (ਪੈਰੇ 4-9 ਦੇਖੋ)

ਆਪਣੇ ਦਿਲ ਵਿੱਚੋਂ ਘਮੰਡ ਅਤੇ ਲਾਲਚ ਨੂੰ ਕੱਢਣਾ

10, 11. (ੳ) ਘਮੰਡੀ ਇਨਸਾਨ ਕਿਹੋ ਜਿਹਾ ਹੁੰਦਾ ਹੈ? (ਅ) ਅਸੀਂ ਕੋਰਹ, ਦਾਥਾਨ ਤੇ ਅਬੀਰਾਮ ਦੀ ਗ਼ਲਤੀ ਤੋਂ ਕੀ ਸਿੱਖਦੇ ਹਾਂ?

10 ਸਾਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਸਾਡਾ ਦਿਲ ਸਾਨੂੰ ਕੁਰਾਹੇ ਪਾ ਸਕਦਾ ਹੈ ਅਤੇ ਸਾਡਾ ਪਾਪੀ ਝੁਕਾਅ ਸਾਡੇ ’ਤੇ ਹਾਵੀ ਹੋ ਸਕਦਾ ਹੈ। ਇਸ ਸੰਬੰਧੀ ਘਮੰਡ ਅਤੇ ਲਾਲਚ ਦੀ ਮਿਸਾਲ ਲਓ। ਧਿਆਨ ਦਿਓ ਕਿ ਇਹ ਦੋਵੇਂ ਸਾਨੂੰ ਕਿਵੇਂ ਯਹੋਵਾਹ ਦੀ ਆਵਾਜ਼ ਸੁਣਨ ਤੋਂ ਰੋਕ ਸਕਦੇ ਹਨ ਅਤੇ ਗ਼ਲਤ ਰਾਹ ’ਤੇ ਲਿਜਾ ਸਕਦੇ ਹਨ। ਘਮੰਡੀ ਇਨਸਾਨ ਆਪਣੇ ਆਪ ਨੂੰ ਕੁਝ ਜ਼ਿਆਦਾ ਹੀ ਸਮਝਦਾ ਹੈ। ਉਹ ਸੋਚਦਾ ਹੈ ਕਿ ਉਸ ਨੂੰ ਆਪਣੀ ਮਨ-ਮਰਜ਼ੀ ਕਰਨ ਦਾ ਪੂਰਾ ਅਧਿਕਾਰ ਹੈ ਅਤੇ ਕੋਈ ਉਸ ਨੂੰ ਦੱਸ ਨਹੀਂ ਸਕਦਾ ਕਿ ਉਸ ਨੂੰ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ। ਇਸ ਕਰਕੇ ਉਸ ਨੂੰ ਲੱਗਦਾ ਹੈ ਕਿ ਉਸ ਨੂੰ ਕਿਸੇ ਦੀ ਸਲਾਹ ਦੀ ਲੋੜ ਨਹੀਂ ਹੈ, ਨਾ ਮਸੀਹੀ ਭੈਣਾਂ-ਭਰਾਵਾਂ, ਨਾ ਬਜ਼ੁਰਗਾਂ ਤੇ ਨਾ ਹੀ ਪਰਮੇਸ਼ੁਰ ਦੇ ਸੰਗਠਨ ਦੀ। ਇਸ ਤਰ੍ਹਾਂ ਦੇ ਇਨਸਾਨ ਨੂੰ ਯਹੋਵਾਹ ਦੀ ਆਵਾਜ਼ ਸੁਣਾਈ ਨਹੀਂ ਦਿੰਦੀ।

11 ਇਜ਼ਰਾਈਲੀਆਂ ਦੇ ਉਜਾੜ ਵਿਚ ਰਹਿਣ ਦੇ ਸਮੇਂ ਦੌਰਾਨ ਕੋਰਹ, ਦਾਥਾਨ ਤੇ ਅਬੀਰਾਮ ਨੇ ਮੂਸਾ ਅਤੇ ਹਾਰੂਨ ਦੇ ਅਧਿਕਾਰ ਦੇ ਵਿਰੁੱਧ ਬਗਾਵਤ ਕੀਤੀ ਸੀ। ਘਮੰਡ ਵਿਚ ਆ ਕੇ ਉਹ ਆਪਣੇ ਤਰੀਕੇ ਨਾਲ ਯਹੋਵਾਹ ਦੀ ਭਗਤੀ ਕਰਨੀ ਚਾਹੁੰਦੇ ਸਨ। ਯਹੋਵਾਹ ਨੇ ਇਹ ਦੇਖ ਕੇ ਕੀ ਕੀਤਾ? ਉਸ ਨੇ ਉਨ੍ਹਾਂ ਸਾਰੇ ਬਾਗ਼ੀਆਂ ਨੂੰ ਖ਼ਤਮ ਕਰ ਦਿੱਤਾ। (ਗਿਣ. 26:8-10) ਅਸੀਂ ਇਸ ਬਿਰਤਾਂਤ ਤੋਂ ਇਹ ਜ਼ਰੂਰੀ ਸਬਕ ਸਿੱਖਦੇ ਹਾਂ ਕਿ ਯਹੋਵਾਹ ਦੇ ਵਿਰੁੱਧ ਬਗਾਵਤ ਕਰਨ ਦਾ ਅੰਜਾਮ ਬਹੁਤ ਬੁਰਾ ਹੁੰਦਾ ਹੈ। ਇਸ ਲਈ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ‘ਨਾਸ ਤੋਂ ਪਹਿਲਾਂ ਹੰਕਾਰ ਹੁੰਦਾ ਹੈ।’ਕਹਾ. 16:18; ਯਸਾ. 13:11.

12, 13. (ੳ) ਇਹ ਦਿਖਾਉਣ ਲਈ ਇਕ ਉਦਾਹਰਣ ਦਿਓ ਕਿ ਲਾਲਚ ਦਾ ਅੰਜਾਮ ਬਹੁਤ ਬੁਰਾ ਹੁੰਦਾ ਹੈ। (ਅ) ਸਮਝਾਓ ਕਿ ਜੇ ਦਿਲ ਵਿੱਚੋਂ ਲਾਲਚ ਨੂੰ ਕੱਢਿਆ ਨਹੀਂ ਜਾਂਦਾ, ਤਾਂ ਇਹ ਕਿਵੇਂ ਛੇਤੀ ਨਾਲ ਵਧ ਸਕਦਾ ਹੈ।

12 ਲਾਲਚ ਕਰਨ ਦਾ ਅੰਜਾਮ ਵੀ ਬੁਰਾ ਹੁੰਦਾ ਹੈ। ਲਾਲਚੀ ਇਨਸਾਨ ਨੂੰ ਲੱਗਦਾ ਹੈ ਕਿ ਉਸ ਨੂੰ ਯਹੋਵਾਹ ਦੀ ਅਗਵਾਈ ਦੀ ਲੋੜ ਨਹੀਂ ਹੈ ਅਤੇ ਜੋ ਚੀਜ਼ ਉਸ ਦੀ ਨਹੀਂ ਹੈ, ਉਹ ਉਸ ਚੀਜ਼ ਨੂੰ ਵੀ ਲੈ ਸਕਦਾ ਹੈ। ਕੋੜ੍ਹ ਠੀਕ ਹੋਣ ਤੋਂ ਬਾਅਦ ਅਰਾਮ ਦੀ ਫ਼ੌਜ ਦਾ ਸੈਨਾਪਤੀ ਨਅਮਾਨ ਨਬੀ ਅਲੀਸ਼ਾ ਵਾਸਤੇ ਤੋਹਫ਼ੇ ਲੈ ਕੇ ਗਿਆ ਜਿਨ੍ਹਾਂ ਨੂੰ ਅਲੀਸ਼ਾ ਨੇ ਸਵੀਕਾਰ ਨਹੀਂ ਕੀਤਾ। ਪਰ ਅਲੀਸ਼ਾ ਦੇ ਸੇਵਾਦਾਰ ਗੇਹਾਜੀ ਦੇ ਮਨ ਵਿਚ ਉਨ੍ਹਾਂ ਤੋਹਫ਼ਿਆਂ ਦਾ ਲਾਲਚ ਆ ਗਿਆ। ਗੇਹਾਜੀ ਨੇ ਆਪਣੇ ਮਨ ਵਿਚ ਕਿਹਾ: “ਜੀਉਂਦੇ ਯਹੋਵਾਹ ਦੀ ਸੌਂਹ ਮੈਂ ਸੱਚ ਮੁੱਚ [ਨਅਮਾਨ] ਦੇ ਪਿੱਛੇ ਨੱਸਾਂਗਾ ਤੇ ਉਹ ਦੇ ਕੋਲੋਂ ਕੁਝ ਲੈ ਲਵਾਂਗਾ।” ਉਹ ਅਲੀਸ਼ਾ ਤੋਂ ਚੋਰੀ ਨਅਮਾਨ ਪਿੱਛੇ ਭੱਜਾ ਗਿਆ ਤੇ ਕੋਰਾ ਝੂਠ ਬੋਲ ਕੇ “ਇੱਕ ਤੋੜਾ ਚਾਂਦੀ ਤੇ ਦੋ ਜੋੜੇ ਬਸਤਰ” ਮੰਗੇ। ਗੇਹਾਜੀ ਦੇ ਇਸ ਗ਼ਲਤ ਕੰਮ ਦਾ ਅਤੇ ਯਹੋਵਾਹ ਦੇ ਨਬੀ ਨਾਲ ਝੂਠ ਬੋਲਣ ਦਾ ਕੀ ਨਤੀਜਾ ਨਿਕਲਿਆ? ਨਅਮਾਨ ਦਾ ਕੋੜ੍ਹ ਲਾਲਚੀ ਗੇਹਾਜੀ ਨੂੰ ਲੱਗ ਗਿਆ।2 ਰਾਜ. 5:20-27.

13 ਇਕ ਵਿਅਕਤੀ ਦੇ ਦਿਲ ਵਿਚ ਸ਼ਾਇਦ ਛੋਟੀਆਂ-ਛੋਟੀਆਂ ਚੀਜ਼ਾਂ ਲਈ ਲਾਲਚ ਪੈਦਾ ਹੋਣਾ ਸ਼ੁਰੂ ਹੋਵੇ। ਪਰ ਜੇ ਦਿਲ ਵਿੱਚੋਂ ਲਾਲਚ ਨੂੰ ਨਹੀਂ ਕੱਢਿਆ ਜਾਂਦਾ, ਤਾਂ ਲਾਲਚ ਵਧ ਸਕਦਾ ਹੈ ਅਤੇ ਇਹ ਉਸ ਵਿਅਕਤੀ ਦੀ ਜ਼ਿੰਦਗੀ ਨੂੰ ਕੰਟ੍ਰੋਲ ਕਰ ਸਕਦਾ ਹੈ। ਬਾਈਬਲ ਵਿਚ ਆਕਾਨ ਦੀ ਮਿਸਾਲ ਦਿਖਾਉਂਦੀ ਹੈ ਕਿ ਲਾਲਚ ਇਨਸਾਨ ਨੂੰ ਅੰਨ੍ਹਾ ਕਰ ਦਿੰਦਾ ਹੈ। ਧਿਆਨ ਦਿਓ ਕਿ ਆਕਾਨ ਦੇ ਦਿਲ ਵਿਚ ਕਿੰਨੀ ਛੇਤੀ ਲਾਲਚ ਪੈਦਾ ਹੋਇਆ ਤੇ ਵਧਿਆ। ਉਸ ਨੇ ਕਿਹਾ: “ਮੈਂ ਲੁੱਟ ਵਿੱਚ ਇੱਕ ਸ਼ਿਨਆਰ ਦੇਸ ਦਾ ਸੋਹਣਾ ਚੋਗਾ ਡਿੱਠਾ ਅਤੇ ਦੋ ਸੌ ਰੁਪਏ ਚਾਂਦੀ ਅਤੇ ਪੰਜਾਹ ਤੋਲਾ ਤੋਲ ਵਿੱਚ ਸੋਨੇ ਦੀ ਇੱਕ ਇੱਟ ਤਾਂ ਮੈਨੂੰ ਲੋਭ ਆ ਗਿਆ ਅਤੇ ਮੈਂ ਓਹਨਾਂ ਨੂੰ ਚੁੱਕ ਲਿਆ।” ਦਿਲ ਵਿੱਚੋਂ ਲਾਲਚ ਕੱਢਣ ਦੀ ਬਜਾਇ ਆਕਾਨ ਨੇ ਇਹ ਚੀਜ਼ਾਂ ਚੋਰੀ ਕਰ ਲਈਆਂ ਅਤੇ ਇਨ੍ਹਾਂ ਨੂੰ ਆਪਣੇ ਤੰਬੂ ਵਿਚ ਲੁਕਾ ਦਿੱਤਾ। ਜਦੋਂ ਆਕਾਨ ਦੀ ਚੋਰੀ ਫੜੀ ਗਈ, ਤਾਂ ਯਹੋਸ਼ੁਆ ਨੇ ਉਸ ਨੂੰ ਕਿਹਾ ਕਿ ਯਹੋਵਾਹ ਉਸ ਨੂੰ ਸਜ਼ਾ ਦੇਵੇਗਾ। ਉਸੇ ਦਿਨ ਆਕਾਨ ਤੇ ਉਸ ਦੇ ਪਰਿਵਾਰ ਨੂੰ ਪੱਥਰ ਮਾਰ-ਮਾਰ ਕੇ ਮਾਰ ਦਿੱਤਾ ਗਿਆ। (ਯਹੋ. 7:11, 21, 24, 25) ਸਾਡੇ ਵਿੱਚੋਂ ਕਿਸੇ ਦੇ ਵੀ ਦਿਲ ਵਿਚ ਲਾਲਚ ਪੈਦਾ ਹੋ ਸਕਦਾ ਹੈ। ਇਸ ਲਈ ਆਓ ਆਪਾਂ ‘ਹਰ ਤਰ੍ਹਾਂ ਦੇ ਲੋਭ ਤੋਂ ਖ਼ਬਰਦਾਰ ਰਹੀਏ।’ (ਲੂਕਾ 12:15) ਅਨੈਤਿਕ ਕੰਮ ਕਰਨਾ ਵੀ ਇਕ ਤਰ੍ਹਾਂ ਦਾ ਲਾਲਚ ਹੈ। ਹੋ ਸਕਦਾ ਹੈ ਸਾਡੇ ਮਨ ਵਿਚ ਕਦੀ-ਕਦਾਈਂ ਗੰਦੇ ਵਿਚਾਰ ਆਉਣ ਜਾਂ ਅਸੀਂ ਆਪ ਅਜਿਹੇ ਵਿਚਾਰ ਆਪਣੇ ਮਨ ਵਿਚ ਲਿਆਈਏ, ਪਰ ਜ਼ਰੂਰੀ ਹੈ ਕਿ ਅਸੀਂ ਆਪਣੇ ਮਨ ਨੂੰ ਕਾਬੂ ਵਿਚ ਰੱਖੀਏ ਤਾਂਕਿ ਅਸੀਂ ਆਪਣੀਆਂ ਗ਼ਲਤ ਇੱਛਾਵਾਂ ਕਰਕੇ ਪਾਪ ਨਾ ਕਰ ਬੈਠੀਏ।ਯਾਕੂਬ 1:14, 15 ਪੜ੍ਹੋ।

14. ਜੇ ਅਸੀਂ ਲਾਲਚ ਜਾਂ ਘਮੰਡ ਵਿਚ ਆ ਕੇ ਕੋਈ ਗ਼ਲਤ ਕੰਮ ਕਰਨ ਬਾਰੇ ਸੋਚਦੇ ਹਾਂ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?

14 ਘਮੰਡ ਤੇ ਲਾਲਚ ਦਾ ਅੰਜਾਮ ਬਹੁਤ ਬੁਰਾ ਨਿਕਲ ਸਕਦਾ ਹੈ। ਜੇ ਅਸੀਂ ਗ਼ਲਤ ਰਾਹ ’ਤੇ ਚੱਲਣ ਦੇ ਬੁਰੇ ਨਤੀਜਿਆਂ  ਬਾਰੇ ਸੋਚਦੇ ਹਾਂ, ਤਾਂ ਅਸੀਂ ਘਮੰਡ ਤੇ ਲਾਲਚ ਕਰਕੇ ਯਹੋਵਾਹ ਦੀ ਆਵਾਜ਼ ਅਣਸੁਣੀ ਨਹੀਂ ਕਰਾਂਗੇ। (ਬਿਵ. 32:29) ਸੱਚੇ ਪਰਮੇਸ਼ੁਰ ਨੇ ਬਾਈਬਲ ਵਿਚ ਸਾਨੂੰ ਇਹੀ ਨਹੀਂ ਦੱਸਿਆ ਹੈ ਕਿ ਸਹੀ ਰਾਹ ਕੀ ਹੈ, ਸਗੋਂ ਇਹ ਵੀ ਦੱਸਿਆ ਹੈ ਕਿ ਸਹੀ ਰਾਹ ’ਤੇ ਚੱਲਣ ਦੇ ਕੀ ਫ਼ਾਇਦੇ ਹੁੰਦੇ ਹਨ ਅਤੇ ਗ਼ਲਤ ਰਾਹ ’ਤੇ ਚੱਲਣ ਦੇ ਕੀ ਅੰਜਾਮ ਨਿਕਲਦੇ ਹਨ। ਜੇ ਅਸੀਂ ਲਾਲਚ ਜਾਂ ਘਮੰਡ ਵਿਚ ਆ ਕੇ ਕੋਈ ਗ਼ਲਤ ਕੰਮ ਕਰਨ ਬਾਰੇ ਸੋਚਦੇ ਹਾਂ, ਤਾਂ ਇਸ ਦੇ ਨਤੀਜਿਆਂ ਬਾਰੇ ਸੋਚਣਾ ਸਮਝਦਾਰੀ ਦੀ ਗੱਲ ਹੋਵੇਗੀ। ਸਾਨੂੰ ਸੋਚਣਾ ਚਾਹੀਦਾ ਹੈ ਕਿ ਬੁਰੇ ਕੰਮ ਦਾ ਸਾਡੇ ’ਤੇ, ਸਾਡੇ ਪਰਿਵਾਰ ਅਤੇ ਦੋਸਤਾਂ-ਮਿੱਤਰਾਂ ’ਤੇ ਅਤੇ ਖ਼ਾਸ ਕਰਕੇ ਯਹੋਵਾਹ ਨਾਲ ਸਾਡੇ ਰਿਸ਼ਤੇ ’ਤੇ ਕੀ ਅਸਰ ਪਵੇਗਾ।

ਯਹੋਵਾਹ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਰੱਖੋ

15. ਯਿਸੂ ਦੀ ਮਿਸਾਲ ਤੋਂ ਅਸੀਂ ਯਹੋਵਾਹ ਨਾਲ ਗੱਲਬਾਤ ਕਰਨ ਬਾਰੇ ਕੀ ਸਿੱਖ ਸਕਦੇ ਹਾਂ?

15 ਯਹੋਵਾਹ ਸਾਡਾ ਭਲਾ ਚਾਹੁੰਦਾ ਹੈ। (ਜ਼ਬੂ. 1:1-3) ਜਦੋਂ ਸਾਨੂੰ ਸੇਧ ਦੀ ਲੋੜ ਹੁੰਦੀ ਹੈ, ਤਾਂ ਉਹ ਸਾਨੂੰ ਸੇਧ ਦਿੰਦਾ ਹੈ। (ਇਬਰਾਨੀਆਂ 4:16 ਪੜ੍ਹੋ।) ਭਾਵੇਂ ਯਿਸੂ ਮੁਕੰਮਲ ਸੀ, ਪਰ ਉਸ ਨੂੰ ਪਤਾ ਸੀ ਕਿ ਉਸ ਨੂੰ ਯਹੋਵਾਹ ਨਾਲ ਗੱਲਬਾਤ ਕਰਨ ਦੀ ਲੋੜ ਸੀ, ਇਸ ਲਈ ਉਸ ਨੇ ਲਗਾਤਾਰ ਪ੍ਰਾਰਥਨਾ ਕੀਤੀ। ਯਹੋਵਾਹ ਨੇ ਕਈ ਤਰੀਕਿਆਂ ਨਾਲ ਯਿਸੂ ਦੀ ਮਦਦ ਕੀਤੀ ਤੇ ਉਸ ਨੂੰ ਸੇਧ ਦਿੱਤੀ। ਉਸ ਨੇ ਯਿਸੂ ਦੀ ਸੇਵਾ ਕਰਨ ਲਈ ਦੂਤਾਂ ਨੂੰ ਘੱਲਿਆ, ਉਸ ਨੂੰ ਆਪਣੀ ਪਵਿੱਤਰ ਸ਼ਕਤੀ ਦਿੱਤੀ ਅਤੇ 12 ਰਸੂਲਾਂ ਦੀ ਚੋਣ ਕਰਨ ਸਮੇਂ ਸੇਧ ਦਿੱਤੀ। ਸਵਰਗੋਂ ਯਹੋਵਾਹ ਦੀ ਆਵਾਜ਼ ਸੁਣਾਈ ਦਿੱਤੀ ਤੇ ਯਹੋਵਾਹ ਨੇ ਦੱਸਿਆ ਕਿ ਉਹ ਯਿਸੂ ਤੋਂ ਖ਼ੁਸ਼ ਸੀ ਤੇ ਉਸ ਦੇ ਨਾਲ ਸੀ। (ਮੱਤੀ 3:17; 17:5; ਮਰ. 1:12, 13; ਲੂਕਾ 6:12, 13; ਯੂਹੰ. 12:28) ਯਿਸੂ ਵਾਂਗ ਸਾਨੂੰ ਵੀ ਪਰਮੇਸ਼ੁਰ ਨੂੰ ਪ੍ਰਾਰਥਨਾ ਕਰ ਕੇ ਆਪਣੇ ਦਿਲ ਦੀਆਂ ਗੱਲਾਂ ਦੱਸਣੀਆਂ ਚਾਹੀਦੀਆਂ ਹਨ। (ਜ਼ਬੂ. 62:7, 8; ਇਬ. 5:7) ਪ੍ਰਾਰਥਨਾ ਦੇ ਜ਼ਰੀਏ ਅਸੀਂ ਯਹੋਵਾਹ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਰੱਖ ਸਕਦੇ ਹਾਂ ਅਤੇ ਇਸ ਢੰਗ ਨਾਲ ਜ਼ਿੰਦਗੀ ਜੀ ਸਕਦੇ ਹਾਂ ਜਿਸ ਨਾਲ ਉਸ ਦੀ ਮਹਿਮਾ ਹੋਵੇ।

16. ਯਹੋਵਾਹ ਸਾਡੀ ਕਿਵੇਂ ਮਦਦ ਕਰਦਾ ਹੈ ਤਾਂਕਿ ਅਸੀਂ ਉਸ ਦੀ ਆਵਾਜ਼ ਸੁਣੀਏ?

16 ਭਾਵੇਂ ਯਹੋਵਾਹ ਸਲਾਹ ਦਿੰਦਾ ਹੈ, ਪਰ ਉਹ ਕਿਸੇ ਨੂੰ ਆਪਣੀ ਸਲਾਹ ਮੰਨਣ ਲਈ ਮਜਬੂਰ ਨਹੀਂ ਕਰਦਾ। ਸਾਨੂੰ ਉਸ ਦੀ ਪਵਿੱਤਰ ਸ਼ਕਤੀ ਲਈ ਬੇਨਤੀ ਕਰਨ ਦੀ ਲੋੜ ਹੈ ਅਤੇ ਉਹ ਖੁੱਲ੍ਹੇ ਦਿਲ ਨਾਲ ਸਾਨੂੰ ਪਵਿੱਤਰ ਸ਼ਕਤੀ ਦੇਵੇਗਾ। (ਲੂਕਾ 11:10-13 ਪੜ੍ਹੋ।) ਪਰ ਇਹ ਜ਼ਰੂਰੀ ਹੈ ਕਿ ਅਸੀਂ ‘ਧਿਆਨ ਨਾਲ ਸੁਣੀਏ।’ (ਲੂਕਾ 8:18) ਉਦਾਹਰਣ ਲਈ, ਮੰਨ ਲਓ ਅਸੀਂ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹਾਂ ਕਿ ਉਹ ਅਨੈਤਿਕ ਕੰਮ ਕਰਨ ਦੇ ਝੁਕਾਅ ਨੂੰ ਕਾਬੂ ਕਰਨ ਵਿਚ ਸਾਡੀ ਮਦਦ ਕਰੇ। ਪਰ ਜੇ ਅਸੀਂ ਗੰਦੀਆਂ ਤਸਵੀਰਾਂ ਜਾਂ ਫ਼ਿਲਮਾਂ ਵਗੈਰਾ ਦੇਖਦੇ ਰਹਿੰਦੇ ਹਾਂ, ਤਾਂ ਇਸ ਤੋਂ ਪਤਾ ਲੱਗੇਗਾ ਕਿ ਅਸੀਂ ਅਸਲ ਵਿਚ ਉਸ ਦੀ ਮਦਦ ਨਹੀਂ ਚਾਹੁੰਦੇ। ਸਾਨੂੰ ਉਸ ਜਗ੍ਹਾ ਜਾਂ ਉਨ੍ਹਾਂ ਹਾਲਾਤਾਂ ਵਿਚ ਹੋਣ ਦੀ ਲੋੜ ਹੈ ਜਿੱਥੇ ਯਹੋਵਾਹ ਦੀ ਸ਼ਕਤੀ ਹੁੰਦੀ ਹੈ। ਅਸੀਂ ਜਾਣਦੇ ਹਾਂ ਕਿ ਮੰਡਲੀ ਦੀਆਂ ਸਭਾਵਾਂ ਵਿਚ ਉਸ ਦੀ ਸ਼ਕਤੀ ਹੁੰਦੀ ਹੈ। ਯਹੋਵਾਹ ਦੇ ਬਹੁਤ ਸਾਰੇ ਸੇਵਕ ਸਭਾਵਾਂ ਵਿਚ ਧਿਆਨ ਨਾਲ ਯਹੋਵਾਹ ਦੀ ਆਵਾਜ਼ ਸੁਣ ਕੇ ਗ਼ਲਤ ਕੰਮ ਕਰਨ ਤੋਂ ਬਚੇ ਹਨ। ਇਸ ਦਾ ਨਤੀਜਾ ਇਹ ਨਿਕਲਿਆ ਕਿ ਉਨ੍ਹਾਂ ਨੂੰ ਆਪਣੇ ਦਿਲ ਵਿਚ ਪੈਦਾ ਹੋ ਰਹੀਆਂ ਗ਼ਲਤ ਇੱਛਾਵਾਂ ਦਾ ਪਤਾ ਲੱਗਾ ਤੇ ਉਨ੍ਹਾਂ ਨੇ ਇਨ੍ਹਾਂ ਇੱਛਾਵਾਂ ਨੂੰ ਕਾਬੂ ਕੀਤਾ।ਜ਼ਬੂ. 73:12-17; 143:10.

ਧਿਆਨ ਨਾਲ ਯਹੋਵਾਹ ਦੀ ਆਵਾਜ਼ ਸੁਣਦੇ ਰਹੋ

17. ਆਪਣੇ ਉੱਤੇ ਭਰੋਸਾ ਰੱਖਣਾ ਕਿਉਂ ਖ਼ਤਰਨਾਕ ਹੈ?

17 ਪੁਰਾਣੇ ਇਜ਼ਰਾਈਲ ਦੇ ਰਾਜੇ ਦਾਊਦ ਬਾਰੇ ਸੋਚੋ। ਨੌਜਵਾਨ ਹੁੰਦਿਆਂ ਉਸ ਨੇ ਫਲਸਤੀਨ ਦੇ ਦੈਂਤ ਗੋਲਿਅਥ ਨੂੰ ਹਰਾਇਆ ਸੀ। ਬਾਅਦ ਵਿਚ ਦਾਊਦ ਇਕ ਫ਼ੌਜੀ ਤੇ ਰਾਜਾ ਬਣਿਆ ਅਤੇ ਉਸ ਨੇ ਆਪਣੀ ਪਰਜਾ ਦੀ ਰੱਖਿਆ ਕੀਤੀ ਤੇ ਉਨ੍ਹਾਂ ਲਈ ਫ਼ੈਸਲੇ ਕੀਤੇ। ਪਰ ਜਦੋਂ ਦਾਊਦ ਨੇ ਆਪਣੇ ਉੱਤੇ ਭਰੋਸਾ ਰੱਖਿਆ, ਤਾਂ ਉਸ ਦੇ ਦਿਲ ਨੇ ਉਸ ਨੂੰ ਬਹਿਕਾਇਆ ਜਿਸ ਕਰਕੇ ਉਸ ਨੇ ਬਥ-ਸ਼ਬਾ ਨਾਲ ਗ਼ਲਤ ਕੰਮ ਕੀਤਾ ਤੇ ਉਸ ਦੇ ਪਤੀ ਊਰਿੱਯਾਹ ਨੂੰ ਮਰਵਾਉਣ ਦੀ ਸਾਜ਼ਸ਼ ਵੀ ਘੜੀ। ਜਦੋਂ ਯਹੋਵਾਹ ਨੇ ਉਸ ਨੂੰ ਝਿੜਕਿਆ, ਤਾਂ ਉਸ ਨੇ ਨਿਮਰ ਬਣ ਕੇ ਆਪਣੀ ਗ਼ਲਤੀ ਮੰਨੀ ਤੇ ਯਹੋਵਾਹ ਨਾਲ ਦੁਬਾਰਾ ਰਿਸ਼ਤਾ ਕਾਇਮ ਕੀਤਾ।ਜ਼ਬੂ. 51:4, 6, 10, 11.

18. ਯਹੋਵਾਹ ਦੀ ਆਵਾਜ਼ ਸੁਣਦੇ ਰਹਿਣ ਵਿਚ ਕਿਹੜੀ ਚੀਜ਼ ਸਾਡੀ ਮਦਦ ਕਰ ਸਕਦੀ ਹੈ?

18 ਆਓ ਆਪਾਂ 1 ਕੁਰਿੰਥੀਆਂ 10:12 ਵਿਚ ਦਿੱਤੀ ਸਲਾਹ ਮੰਨੀਏ ਤੇ ਆਪਣੇ ਉੱਤੇ ਹੱਦੋਂ ਵੱਧ ਭਰੋਸਾ ਨਾ ਰੱਖੀਏ। ਬਾਈਬਲ ਸਾਫ਼ ਦੱਸਦੀ ਹੈ ਕਿ ਅਸੀਂ ਆਪਣੇ ਕਦਮਾਂ ਨੂੰ ਸੇਧ ਨਹੀਂ ਦੇ ਸਕਦੇ, ਇਸ ਕਰਕੇ ਅਸੀਂ ਜਾਂ ਤਾਂ ਯਹੋਵਾਹ ਦੀ ਆਵਾਜ਼ ਸੁਣਾਂਗੇ ਜਾਂ ਫਿਰ ਉਸ ਦੇ ਦੁਸ਼ਮਣ ਸ਼ੈਤਾਨ ਦੀ। (ਯਿਰ. 10:23) ਆਓ ਆਪਾਂ ਲਗਾਤਾਰ ਪ੍ਰਾਰਥਨਾ ਕਰ ਕੇ ਤੇ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲ ਕੇ ਹਮੇਸ਼ਾ ਧਿਆਨ ਨਾਲ ਯਹੋਵਾਹ ਦੀ ਆਵਾਜ਼ ਸੁਣਦੇ ਰਹੀਏ।