ਤੁਸੀਂ ਸ਼ਾਇਦ ਕਿਸੇ ਨੂੰ ਜਾਂ ਕਈ ਜਣਿਆਂ ਨੂੰ ਜਾਣਦੇ ਹੋਵੋ ਜਿਨ੍ਹਾਂ ਦਾ ਤਲਾਕ ਹੋ ਚੁੱਕਾ ਹੈ। ਅੱਜ ਤਲਾਕ ਲੈਣਾ ਆਮ ਗੱਲ ਹੋ ਗਈ ਹੈ। ਉਦਾਹਰਣ ਲਈ, ਪੋਲੈਂਡ ਵਿਚ ਇਕ ਰਿਸਰਚ ਤੋਂ ਪਤਾ ਲੱਗਾ ਹੈ ਕਿ ਜਿਨ੍ਹਾਂ ਜੋੜਿਆਂ ਦੀ ਉਮਰ 30 ਸਾਲ ਹੈ ਤੇ ਉਨ੍ਹਾਂ ਦੇ ਵਿਆਹ ਨੂੰ ਤਿੰਨ ਤੋਂ ਛੇ ਸਾਲ ਹੋ ਚੁੱਕੇ ਹਨ, ਉਨ੍ਹਾਂ ਦੇ ਤਲਾਕ ਹੋਣ ਦੀ ਬਹੁਤ ਸੰਭਾਵਨਾ ਹੈ; ਪਰ ਸਿਰਫ਼ ਇਸ ਉਮਰ ਦੇ ਜੋੜਿਆਂ ਦੇ ਹੀ ਤਲਾਕ ਨਹੀਂ ਹੁੰਦੇ।

ਅਸਲ ਵਿਚ, ਸਪੇਨ ਵਿਚ ਪਰਿਵਾਰ ਸੰਬੰਧੀ ਪਾਲਸੀ ਬਣਾਉਣ ਵਾਲੀ ਸੰਸਥਾ ਦੱਸਦੀ ਹੈ: “[ਯੂਰਪ ਵਿਚ] ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਉੱਥੇ ਵਿਆਹ ਕਰਾਉਣ ਵਾਲੇ ਲੋਕਾਂ ਵਿੱਚੋਂ ਅੱਧਿਆਂ ਦੇ ਤਲਾਕ ਹੋ ਜਾਣਗੇ।” ਦੂਸਰੇ ਅਮੀਰ ਦੇਸ਼ਾਂ ਵਿਚ ਵੀ ਇਸੇ ਤਰ੍ਹਾਂ ਹੁੰਦਾ ਹੈ।

ਮਨ ਵਿਚ ਜਜ਼ਬਾਤਾਂ ਦਾ ਤੂਫ਼ਾਨ

ਜਿਨ੍ਹਾਂ ਦਾ ਤਲਾਕ ਹੋ ਜਾਂਦਾ ਹੈ, ਉਨ੍ਹਾਂ ਉੱਤੇ ਕੀ ਬੀਤਦੀ ਹੈ? ਪੂਰਬੀ ਯੂਰਪ ਵਿਚ ਵਿਆਹੁਤਾ ਜੀਵਨ ਬਾਰੇ ਇਕ ਤਜਰਬੇਕਾਰ ਸਲਾਹਕਾਰ ਨੇ ਕਿਹਾ: “ਤਲਾਕ ਇਸ ਗੱਲ ਦਾ ਸਬੂਤ ਹੁੰਦਾ ਹੈ ਕਿ ਪਤੀ-ਪਤਨੀ ਦਾ ਰਿਸ਼ਤਾ ਖ਼ਤਮ ਹੋ ਚੁੱਕਾ ਹੈ। ਉਨ੍ਹਾਂ ਲਈ ਇਕ-ਦੂਜੇ ਤੋਂ ਵੱਖਰਾ ਹੋਣਾ ਬਹੁਤ ਹੀ ਦੁਖਦਾਈ ਹੁੰਦਾ ਹੈ।” ਉਸ ਨੇ ਅੱਗੇ ਕਿਹਾ ਕਿ ਤਲਾਕ ਤੋਂ ਬਾਅਦ “ਉਨ੍ਹਾਂ ਦੇ ਮਨ ਵਿਚ ਦੁਖਦਾਈ ਜਜ਼ਬਾਤਾਂ ਦਾ ਤੂਫ਼ਾਨ ਉੱਠਦਾ ਹੈ। ਉਹ ਅੰਦਰੋਂ ਬਹੁਤ ਹੀ ਗੁੱਸੇ, ਅਫ਼ਸੋਸ, ਨਿਰਾਸ਼ਾ, ਦੁੱਖ ਤੇ ਸ਼ਰਮਿੰਦਗੀ ਨਾਲ ਭਰ ਜਾਂਦੇ ਹਨ।” ਇਸ ਕਰਕੇ ਕਈ ਜਣੇ ਆਤਮ-ਹੱਤਿਆ ਕਰਨ ਬਾਰੇ ਵੀ ਸੋਚਦੇ ਹਨ। “ਅਦਾਲਤ ਵਿਚ ਤਲਾਕ ਮਿਲ ਜਾਣ ਤੋਂ ਬਾਅਦ ਉਨ੍ਹਾਂ ਲਈ ਬਹੁਤ ਹੀ ਮੁਸ਼ਕਲ ਦੌਰ ਸ਼ੁਰੂ ਹੁੰਦਾ ਹੈ। ਤਲਾਕ ਹੋਣ ਤੋਂ ਬਾਅਦ ਵਿਅਕਤੀ ਜ਼ਿੰਦਗੀ ਵਿਚ ਖਾਲੀਪਣ ਮਹਿਸੂਸ ਕਰਦਾ ਹੈ ਤੇ ਦੂਸਰਿਆਂ ਤੋਂ ਦੂਰ ਰਹਿਣਾ ਚਾਹੁੰਦਾ ਹੈ। ਇਸ ਲਈ ਉਹ ਸੋਚਦਾ ਹੈ: ‘ਤਲਾਕ ਤੋਂ ਬਾਅਦ ਹੁਣ ਮੇਰੀ ਜ਼ਿੰਦਗੀ ਵਿਚ ਰਹਿ ਕੀ ਗਿਆ? ਮੇਰੇ ਜੀਉਣ ਦਾ ਕੀ ਫ਼ਾਇਦਾ?’”

ਈਵਾ ਦੱਸਦੀ ਹੈ ਕਿ ਕੁਝ ਸਾਲ ਪਹਿਲਾਂ ਤਲਾਕ ਹੋਣ ਤੋਂ ਬਾਅਦ ਉਸ ਨੇ ਕਿੱਦਾਂ ਮਹਿਸੂਸ ਕੀਤਾ: “ਜਦੋਂ ਮੇਰੇ ਗੁਆਂਢੀ ਤੇ ਨਾਲ ਕੰਮ ਕਰਨ ਵਾਲੇ ਲੋਕ ਮੈਨੂੰ ਤਲਾਕਸ਼ੁਦਾ ਕਹਿੰਦੇ ਸਨ, ਤਾਂ ਮੈਨੂੰ ਬਹੁਤ ਸ਼ਰਮਿੰਦਗੀ ਹੁੰਦੀ ਸੀ। ਮੈਂ ਅੰਦਰੋਂ ਗੁੱਸੇ ਨਾਲ ਭਰੀ ਰਹਿੰਦੀ ਸੀ। ਮੇਰੇ ਦੋ ਛੋਟੇ-ਛੋਟੇ ਬੱਚੇ ਸਨ। ਮੈਨੂੰ ਮਾਂ ਤੇ ਬਾਪ ਦੋਵੇਂ ਬਣ ਕੇ ਉਨ੍ਹਾਂ ਦੀ ਪਰਵਰਿਸ਼ ਕਰਨੀ ਪਈ।” * ਐਡਮ, ਜਿਸ ਨੇ 12 ਸਾਲ ਬਜ਼ੁਰਗ ਵਜੋਂ ਸੇਵਾ ਕੀਤੀ ਸੀ, ਦੱਸਦਾ ਹੈ: “ਮੈਂ ਆਪਣੀਆਂ ਹੀ ਨਜ਼ਰਾਂ ਵਿਚ ਡਿਗ ਗਿਆ ਹਾਂ ਜਿਸ ਕਰਕੇ ਕਈ ਵਾਰ ਮੈਨੂੰ ਬਹੁਤ ਗੁੱਸਾ ਆਉਂਦਾ ਹੈ ਤੇ ਦਿਲ ਕਰਦਾ ਹੈ ਕਿ ਮੈਂ ਕਿਸੇ ਨੂੰ ਨਾ ਮਿਲਾਂ।”

ਸਹੀ ਸੋਚ ਰੱਖਣੀ ਮੁਸ਼ਕਲ

ਭਵਿੱਖ ਬਾਰੇ ਚਿੰਤਾ ਹੋਣ ਕਰਕੇ ਕੁਝ ਲੋਕਾਂ ਲਈ ਤਲਾਕ ਤੋਂ ਕਈ ਸਾਲ ਬਾਅਦ ਵੀ ਆਪਣੀ ਸੋਚ ਨੂੰ ਕਾਬੂ ਰੱਖਣਾ ਮੁਸ਼ਕਲ ਹੁੰਦਾ ਹੈ। ਉਹ ਸ਼ਾਇਦ ਸੋਚਣ ਕਿ ਦੂਸਰਿਆਂ ਨੂੰ ਉਨ੍ਹਾਂ ਦੀ ਪਰਵਾਹ ਨਹੀਂ ਹੈ। ਇਸ ਤੋਂ ਇਲਾਵਾ, ਤਲਾਕ ਬਾਰੇ ਲੇਖ ਲਿਖਣ ਵਾਲੀ ਲੇਖਕਾ ਕਹਿੰਦੀ ਹੈ ਕਿ ਹੁਣ ਉਨ੍ਹਾਂ ਨੂੰ “ਆਪਣੀਆਂ ਆਦਤਾਂ ਬਦਲਣੀਆਂ ਪੈਣਗੀਆਂ ਅਤੇ ਇਕੱਲੇ ਸਮੱਸਿਆਵਾਂ ਨਾਲ ਨਜਿੱਠਣਾ ਪਵੇਗਾ।”

ਸਤਾਨੀਸਵਾਫ਼ ਯਾਦ ਕਰਦਾ ਹੈ: “ਮੇਰੀ ਪਤਨੀ ਤਲਾਕ ਤੋਂ ਬਾਅਦ ਮੈਨੂੰ ਆਪਣੀਆਂ ਦੋ ਬੱਚੀਆਂ ਨੂੰ ਮਿਲਣ ਨਹੀਂ ਦਿੰਦੀ ਸੀ। ਇਸ ਕਰਕੇ ਮੈਨੂੰ ਲੱਗਣ ਲੱਗ ਪਿਆ ਕਿ ਕਿਸੇ ਨੂੰ ਮੇਰੀ ਪਰਵਾਹ ਨਹੀਂ ਹੈ ਤੇ ਯਹੋਵਾਹ ਨੇ ਵੀ ਮੈਨੂੰ ਛੱਡ ਦਿੱਤਾ ਹੈ। ਮੇਰੇ ਵਿਚ ਜੀਉਣ ਦੀ ਖ਼ਾਹਸ਼ ਨਹੀਂ ਰਹੀ। ਪਰ ਸਮੇਂ ਦੇ ਬੀਤਣ ਨਾਲ ਮੈਨੂੰ ਅਹਿਸਾਸ ਹੋਇਆ ਕਿ ਮੈਂ ਗ਼ਲਤ ਸੋਚਦਾ ਸੀ।” ਵਾਂਦਾ ਨਾਂ ਦੀ ਇਕ ਗਵਾਹ ਨੂੰ ਵੀ ਤਲਾਕ ਤੋਂ ਬਾਅਦ ਆਪਣੇ ਭਵਿੱਖ ਦੀ ਚਿੰਤਾ ਸੀ। ਉਹ ਦੱਸਦੀ ਹੈ: “ਮੈਨੂੰ  ਪੂਰਾ ਯਕੀਨ ਸੀ ਕਿ ਕੁਝ ਸਮੇਂ ਬਾਅਦ ਭੈਣ-ਭਰਾ ਤੇ ਹੋਰ ਲੋਕ ਮੇਰੀ ਤੇ ਮੇਰੇ ਬੱਚਿਆਂ ਦੀ ਪਰਵਾਹ ਕਰਨੀ ਛੱਡ ਦੇਣਗੇ। ਪਰ ਹੁਣ ਮੈਂ ਦੇਖ ਸਕਦੀ ਹਾਂ ਕਿ ਭੈਣਾਂ-ਭਰਾਵਾਂ ਨੇ ਸਾਡਾ ਕਿੰਨਾ ਖ਼ਿਆਲ ਰੱਖਿਆ ਤੇ ਮੇਰਾ ਸਾਥ ਦਿੱਤਾ ਤਾਂਕਿ ਮੈਂ ਆਪਣੇ ਬੱਚਿਆਂ ਦੀ ਯਹੋਵਾਹ ਦੇ ਸੇਵਕ ਬਣਨ ਵਿਚ ਮਦਦ ਕਰ ਸਕਾਂ।”

ਇਨ੍ਹਾਂ ਟਿੱਪਣੀਆਂ ਤੋਂ ਤੁਸੀਂ ਦੇਖ ਸਕਦੇ ਹੋ ਕਿ ਤਲਾਕ ਤੋਂ ਬਾਅਦ ਕੁਝ ਭੈਣ-ਭਰਾ ਗ਼ਲਤ ਸੋਚਣ ਲੱਗ ਪੈਂਦੇ ਹਨ। ਉਹ ਸੋਚਦੇ ਹਨ ਕਿ ਉਨ੍ਹਾਂ ਦੀ ਕੋਈ ਅਹਿਮੀਅਤ ਨਹੀਂ ਹੈ ਅਤੇ ਉਹ ਇਸ ਕਾਬਲ ਨਹੀਂ ਹਨ ਕਿ ਦੂਸਰੇ ਉਨ੍ਹਾਂ ਦੀ ਪਰਵਾਹ ਕਰਨ। ਨਾਲੇ ਉਹ ਸ਼ਾਇਦ ਦੂਜਿਆਂ ਦੀ ਆਲੋਚਨਾ ਕਰਨੀ ਸ਼ੁਰੂ ਕਰ ਦੇਣ। ਨਤੀਜੇ ਵਜੋਂ ਉਹ ਸੋਚਣ ਲੱਗ ਪੈਣ ਕਿ ਮੰਡਲੀ ਦੇ ਭੈਣ-ਭਰਾ ਪੱਥਰ-ਦਿਲ ਹਨ ਤੇ ਉਨ੍ਹਾਂ ਦੇ ਦਿਲ ਵਿਚ ਕੋਈ ਹਮਦਰਦੀ ਨਹੀਂ ਹੈ। ਪਰ ਸਤਾਨੀਸਵਾਫ਼ ਤੇ ਵਾਂਦਾ ਦੇ ਤਜਰਬੇ ਤੋਂ ਪਤਾ ਲੱਗਦਾ ਹੈ ਕਿ ਜਿਨ੍ਹਾਂ ਮਸੀਹੀਆਂ ਦਾ ਤਲਾਕ ਹੁੰਦਾ ਹੈ, ਉਨ੍ਹਾਂ ਨੂੰ ਬਾਅਦ ਵਿਚ ਅਹਿਸਾਸ ਹੁੰਦਾ ਹੈ ਕਿ ਭੈਣ-ਭਰਾ ਉਨ੍ਹਾਂ ਦੀ ਕਿੰਨੀ ਪਰਵਾਹ ਕਰਦੇ ਹਨ। ਅਸਲ ਵਿਚ, ਭੈਣਾਂ-ਭਰਾਵਾਂ ਨੇ ਅਜਿਹੇ ਮਸੀਹੀਆਂ ਦਾ ਬਹੁਤ ਖ਼ਿਆਲ ਰੱਖਿਆ ਹੈ, ਉਦੋਂ ਵੀ ਜਦੋਂ ਸ਼ੁਰੂ-ਸ਼ੁਰੂ ਵਿਚ ਇਨ੍ਹਾਂ ਮਸੀਹੀਆਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੋਇਆ।

ਆਪਣੇ ਆਪ ਨੂੰ ਇਕੱਲੇ ਅਤੇ ਠੁਕਰਾਏ ਹੋਏ ਮਹਿਸੂਸ ਕਰਨਾ

ਯਾਦ ਰੱਖੋ ਕਿ ਸਾਡੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਅਜਿਹੇ ਮਸੀਹੀ ਸਮੇਂ-ਸਮੇਂ ਤੇ ਆਪਣੇ ਆਪ ਨੂੰ ਇਕੱਲੇ ਮਹਿਸੂਸ ਕਰਦੇ ਹਨ। ਖ਼ਾਸ ਕਰਕੇ ਭੈਣਾਂ ਨੂੰ ਲੱਗਦਾ ਹੈ ਕਿ ਦੂਜਿਆਂ ਨੂੰ ਉਨ੍ਹਾਂ ਦੀ ਪਰਵਾਹ ਨਹੀਂ ਹੈ। ਅਲੀਤਸੀਆ ਇਹ ਗੱਲ ਕਬੂਲ ਕਰਦੀ ਹੈ: “ਮੇਰਾ ਤਲਾਕ ਹੋਏ ਨੂੰ ਅੱਠ ਸਾਲ ਹੋ ਗਏ ਹਨ। ਪਰ ਮੈਂ ਅਜੇ ਵੀ ਕਦੀ-ਕਦਾਈਂ ਆਪਣੇ ਆਪ ਨੂੰ ਘਟੀਆ ਮਹਿਸੂਸ ਕਰਦੀ ਹਾਂ। ਜਦੋਂ ਇਸ ਤਰ੍ਹਾਂ ਹੁੰਦਾ ਹੈ, ਤਾਂ ਮੈਂ ਦੂਜਿਆਂ ਤੋਂ ਦੂਰ ਰਹਿੰਦੀ ਹਾਂ ਤੇ ਇਕੱਲੀ ਬੈਠ ਕੇ ਰੋਂਦੀ ਰਹਿੰਦੀ ਹਾਂ ਅਤੇ ਮੈਨੂੰ ਆਪਣੇ ਆਪ ’ਤੇ ਤਰਸ ਆਉਂਦਾ ਹੈ।”

ਤਲਾਕ ਹੋਣ ਤੋਂ ਬਾਅਦ ਇਸ ਤਰ੍ਹਾਂ ਮਹਿਸੂਸ ਕਰਨਾ ਕੁਦਰਤੀ ਹੈ। ਪਰ ਬਾਈਬਲ ਸਲਾਹ ਦਿੰਦੀ ਹੈ ਕਿ ਇਹ ਮਸੀਹੀ ਆਪਣੇ ਆਪ ਨੂੰ ਦੂਜਿਆਂ ਤੋਂ ਦੂਰ ਨਾ ਕਰਨ। ਇਸ ਸਲਾਹ ਤੋਂ ਉਲਟ ਚੱਲਣ ਵਾਲਾ ਵਿਅਕਤੀ “ਸਾਰੀ ਖਰੀ ਬੁੱਧੀ” ਨੂੰ ਮੰਨਣ ਤੋਂ ਇਨਕਾਰ ਕਰਦਾ ਹੈ। (ਕਹਾ. 18:1) ਪਰ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਨ ਵਾਲੇ ਵਿਅਕਤੀ ਨੂੰ ਇਕ ਹੋਰ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ। ਮਿਸਾਲ ਲਈ, ਜੇ ਕੋਈ ਭੈਣ ਇਕੱਲੀ ਮਹਿਸੂਸ ਕਰਦੀ ਹੈ, ਤਾਂ ਉਸ ਨੂੰ ਕਿਸੇ ਆਦਮੀ ਤੋਂ ਵਾਰ-ਵਾਰ ਸਲਾਹ ਨਹੀਂ ਲੈਣੀ ਚਾਹੀਦੀ ਜਾਂ ਦਿਲਾਸਾ ਲੈਣ ਲਈ ਉਸ ਨਾਲ ਗੱਲ ਨਹੀਂ ਕਰਨੀ ਚਾਹੀਦੀ। ਇਸ ਤਰ੍ਹਾਂ ਉਨ੍ਹਾਂ ਦੇ ਮਨ ਵਿਚ ਗ਼ਲਤ ਇੱਛਾਵਾਂ ਪੈਦਾ ਨਹੀਂ ਹੋਣਗੀਆਂ।

ਜਿਨ੍ਹਾਂ ਭੈਣਾਂ-ਭਰਾਵਾਂ ਦਾ ਤਲਾਕ ਹੋ ਜਾਂਦਾ ਹੈ, ਉਹ ਮਨੋਂ ਬਹੁਤ ਦੁਖੀ ਹੁੰਦੇ ਹਨ। ਉਨ੍ਹਾਂ ਨੂੰ ਆਪਣੇ ਭਵਿੱਖ ਦੀ ਚਿੰਤਾ ਹੁੰਦੀ ਹੈ ਅਤੇ ਉਹ ਮਹਿਸੂਸ ਕਰਦੇ ਹਨ ਕਿ ਉਹ ਇਕੱਲੇ ਹਨ ਅਤੇ ਉਨ੍ਹਾਂ ਨੂੰ ਠੁਕਰਾ ਦਿੱਤਾ ਗਿਆ ਹੈ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਮਹਿਸੂਸ ਕਰਨਾ ਕੁਦਰਤੀ ਹੈ ਤੇ ਇਨ੍ਹਾਂ ਭਾਵਨਾਵਾਂ ’ਤੇ ਕਾਬੂ ਪਾਉਣਾ ਔਖਾ ਹੈ। ਇਸ ਲਈ ਸਾਨੂੰ ਯਹੋਵਾਹ ਦੀ ਰੀਸ ਕਰਦੇ ਹੋਏ ਅਜਿਹੇ ਭੈਣਾਂ-ਭਰਾਵਾਂ ਨੂੰ ਸਹਾਰਾ ਦੇਣਾ ਚਾਹੀਦਾ ਹੈ। (ਜ਼ਬੂ. 55:22; 1 ਪਤ. 5:6, 7) ਅਸੀਂ ਪੂਰਾ ਯਕੀਨ ਰੱਖ ਸਕਦੇ ਹਾਂ ਕਿ ਅਸੀਂ ਉਨ੍ਹਾਂ ਦੀ ਜੋ ਵੀ ਮਦਦ ਕਰਦੇ ਹਾਂ, ਉਹ ਇਸ ਦੀ ਕਦਰ ਕਰਨਗੇ। ਜੀ ਹਾਂ, ਉਨ੍ਹਾਂ ਨੂੰ ਮੰਡਲੀ ਵਿਚ ਸੱਚੇ ਦੋਸਤਾਂ ਤੋਂ ਮਦਦ ਮਿਲੇਗੀ।ਕਹਾ. 17:17; 18:24.

^ ਪੇਰਗ੍ਰੈਫ 6 ਕੁਝ ਨਾਂ ਬਦਲੇ ਗਏ ਹਨ।