“ਜਿਸ ਤਰ੍ਹਾਂ ਤੁਸੀਂ ਆਪ ਚਾਹੁੰਦੇ ਹੋ ਕਿ ਦੂਸਰੇ ਤੁਹਾਡੇ ਨਾਲ ਪੇਸ਼ ਆਉਣ, ਤੁਸੀਂ ਵੀ ਉਨ੍ਹਾਂ ਨਾਲ ਉਸੇ ਤਰ੍ਹਾਂ ਪੇਸ਼ ਆਓ।”ਮੱਤੀ 7:12.

1. ਕੀ ਕੋਈ ਫ਼ਰਕ ਪੈਂਦਾ ਕਿ ਅਸੀਂ ਪ੍ਰਚਾਰ ’ਤੇ ਲੋਕਾਂ ਨਾਲ ਕਿੱਦਾਂ ਪੇਸ਼ ਆਉਂਦੇ ਹਾਂ? ਇਕ ਮਿਸਾਲ ਦਿਓ। (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

ਕੁਝ ਸਾਲ ਪਹਿਲਾਂ ਫਿਜੀ ਵਿਚ ਇਕ ਮਸੀਹੀ ਜੋੜਾ ਲੋਕਾਂ ਨੂੰ ਮੈਮੋਰੀਅਲ ਦੇ ਸੱਦਾ-ਪੱਤਰ ਵੰਡ ਰਿਹਾ ਸੀ। ਜਦ ਇਹ ਜੋੜਾ ਇਕ ਔਰਤ ਨਾਲ ਉਸ ਦੇ ਘਰ ਦੇ ਬਾਹਰ ਖੜ੍ਹਾ ਗੱਲ ਕਰ ਰਿਹਾ ਸੀ, ਤਾਂ ਮੀਂਹ ਸ਼ੁਰੂ ਹੋ ਗਿਆ। ਭਰਾ ਨੇ ਇਕ ਛਤਰੀ ਉਸ ਔਰਤ ਨੂੰ ਦੇ ਦਿੱਤੀ ਅਤੇ ਉਸ ਨੇ ਤੇ ਉਸ ਦੀ ਪਤਨੀ ਨੇ ਇਕ ਛਤਰੀ ਲੈ ਲਈ। ਫਿਰ ਮੈਮੋਰੀਅਲ ਵਿਚ ਉਸ ਔਰਤ ਨੂੰ ਦੇਖ ਕੇ ਇਹ ਜੋੜਾ ਬਹੁਤ ਖ਼ੁਸ਼ ਹੋਇਆ। ਔਰਤ ਨੇ ਕਿਹਾ ਕਿ ਉਸ ਨੂੰ ਗਵਾਹਾਂ ਦੀ ਬਹੁਤੀ ਗੱਲਬਾਤ ਤਾਂ ਯਾਦ ਨਹੀਂ, ਪਰ ਉਹ ਉਸ ਨਾਲ ਜਿੱਦਾਂ ਪੇਸ਼ ਆਏ, ਉਸ ਨੂੰ ਦੇਖ ਕੇ ਉਹ ਮੈਮੋਰੀਅਲ ਵਿਚ ਆਈ। ਇਹ ਸਭ ਕੁਝ ਇਸ ਕਰਕੇ ਹੋਇਆ ਕਿਉਂਕਿ ਇਹ ਜੋੜਾ ਇਕ ਉੱਤਮ ਅਸੂਲ ’ਤੇ ਚੱਲਿਆ ਸੀ।

2. ਉੱਤਮ ਅਸੂਲ ਕੀ ਹੈ ਅਤੇ ਅਸੀਂ ਇਸ ਅਸੂਲ ਨੂੰ ਕਿੱਦਾਂ ਲਾਗੂ ਕਰ ਸਕਦੇ ਹਾਂ?

2 ਇਹ ਉੱਤਮ ਅਸੂਲ ਕੀ ਹੈ? ਇਹ ਯਿਸੂ ਤੋਂ ਮਿਲੀ ਇਕ ਸਲਾਹ ਹੈ ਜਿਸ ਵਿਚ ਉਸ ਨੇ ਕਿਹਾ: “ਜਿਸ ਤਰ੍ਹਾਂ ਤੁਸੀਂ ਆਪ ਚਾਹੁੰਦੇ ਹੋ ਕਿ ਦੂਸਰੇ ਤੁਹਾਡੇ ਨਾਲ ਪੇਸ਼ ਆਉਣ, ਤੁਸੀਂ ਵੀ ਉਨ੍ਹਾਂ ਨਾਲ ਉਸੇ ਤਰ੍ਹਾਂ ਪੇਸ਼ ਆਓ।” (ਮੱਤੀ 7:12) ਅਸੀਂ ਇਸ ਅਸੂਲ ਨੂੰ ਆਪਣੇ ’ਤੇ ਦੋ ਤਰੀਕਿਆਂ ਨਾਲ ਲਾਗੂ ਕਰ ਸਕਦੇ ਹਾਂ। ਪਹਿਲਾਂ ਆਪਣੇ ਆਪ ਨੂੰ ਪੁੱਛੋ, ‘ਮੈਂ ਦੂਜਿਆਂ ਤੋਂ ਕਿਹੋ ਜਿਹੇ ਸਲੂਕ ਦੀ ਉਮੀਦ ਰੱਖਦਾ ਹਾਂ?’ ਫਿਰ ਸਾਨੂੰ ਉੱਦਾਂ ਹੀ ਦੂਜਿਆਂ ਨਾਲ ਪੇਸ਼ ਆਉਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ।1 ਕੁਰਿੰ. 10:24.

3, 4. (ੳ) ਮਸੀਹੀ ਭੈਣਾਂ-ਭਰਾਵਾਂ ਤੋਂ ਇਲਾਵਾ ਹੋਰਨਾਂ ਨਾਲ ਵੀ ਪੇਸ਼ ਆਉਂਦੇ ਵੇਲੇ ਸਾਨੂੰ ਇਹ ਉੱਤਮ ਅਸੂਲ ਕਿਉਂ ਲਾਗੂ ਕਰਨਾ ਚਾਹੀਦਾ ਹੈ? ਸਮਝਾਓ। (ਅ) ਅਸੀਂ ਇਸ ਲੇਖ ਵਿਚ ਕੀ ਚਰਚਾ ਕਰਾਂਗੇ?

 3 ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਪੇਸ਼ ਆਉਂਦੇ ਵੇਲੇ ਉੱਤਮ ਅਸੂਲ ਲਾਗੂ ਕਰਦੇ ਹਾਂ। ਪਰ ਯਿਸੂ ਨੇ ਇਹ ਨਹੀਂ ਕਿਹਾ ਸੀ ਕਿ ਸਾਨੂੰ ਸਿਰਫ਼ ਆਪਣੇ ਭੈਣਾਂ-ਭਰਾਵਾਂ ਨਾਲ ਪੇਸ਼ ਆਉਂਦੇ ਵੇਲੇ ਹੀ ਇਹ ਅਸੂਲ ਲਾਗੂ ਕਰਨਾ ਚਾਹੀਦਾ। ਅਸਲ ਵਿਚ ਉਸ ਨੇ ਉੱਤਮ ਅਸੂਲ ਦੀ ਗੱਲ ਉਦੋਂ ਕੀਤੀ ਸੀ ਜਦੋਂ ਉਹ ਦੱਸ ਰਿਹਾ ਸੀ ਕਿ ਸਾਨੂੰ ਆਮ ਲੋਕਾਂ ਨਾਲ ਇੱਥੋਂ ਤਕ ਕਿ ਆਪਣੇ ਦੁਸ਼ਮਣਾਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ। (ਲੂਕਾ 6:27, 28, 31, 35 ਪੜ੍ਹੋ।) ਜੇ ਸਾਨੂੰ ਆਪਣੇ ਦੁਸ਼ਮਣਾਂ ਨਾਲ ਪੇਸ਼ ਆਉਂਦੇ ਵੇਲੇ ਇਹ ਅਸੂਲ ਲਾਗੂ ਕਰਨਾ ਚਾਹੀਦਾ ਹੈ, ਤਾਂ ਲੋਕਾਂ ਨੂੰ ਪ੍ਰਚਾਰ ਕਰਦੇ ਸਮੇਂ ਇਸ ਅਸੂਲ ਨੂੰ ਲਾਗੂ ਕਰਨਾ ਹੋਰ ਵੀ ਜ਼ਿਆਦਾ ਜ਼ਰੂਰੀ ਹੈ। ਉਨ੍ਹਾਂ ਵਿੱਚੋਂ ਸ਼ਾਇਦ ਬਹੁਤ ਜਣੇ “ਹਮੇਸ਼ਾ ਦੀ ਜ਼ਿੰਦਗੀ ਦਾ ਰਾਹ ਦਿਖਾਉਣ ਵਾਲੀ ਸੱਚਾਈ ਨੂੰ ਕਬੂਲ ਕਰਨ ਲਈ ਮਨੋਂ ਤਿਆਰ” ਹੋਣ।ਰਸੂ. 13:48.

4 ਹੁਣ ਅਸੀਂ ਚਾਰ ਸਵਾਲਾਂ ’ਤੇ ਚਰਚਾ ਕਰਾਂਗੇ ਜਿਨ੍ਹਾਂ ਉੱਤੇ ਅਸੀਂ ਪ੍ਰਚਾਰ ਕਰਦੇ ਸਮੇਂ ਸੋਚ-ਵਿਚਾਰ ਕਰ ਸਕਦੇ ਹਾਂ: ਮੈਂ ਕਿਨ੍ਹਾਂ ਨਾਲ ਗੱਲ ਕਰ ਰਿਹਾ ਹਾਂ? ਮੈਂ ਉਨ੍ਹਾਂ ਨਾਲ ਕਿੱਥੇ ਗੱਲ ਕਰ ਰਿਹਾ ਹਾਂ? ਲੋਕਾਂ ਨਾਲ ਗੱਲ ਕਰਨ ਦਾ ਸਭ ਤੋਂ ਵਧੀਆ ਸਮਾਂ ਕਿਹੜਾ ਹੈ? ਮੈਨੂੰ ਲੋਕਾਂ ਨਾਲ ਕਿੱਦਾਂ ਗੱਲ ਸ਼ੁਰੂ ਕਰਨੀ ਚਾਹੀਦੀ ਹੈ? ਇਨ੍ਹਾਂ ਸਵਾਲਾਂ ’ਤੇ ਚਰਚਾ ਕਰਨ ਨਾਲ ਅਸੀਂ ਦੇਖ ਸਕਾਂਗੇ ਕਿ ਲੋਕ ਦੂਜਿਆਂ ਤੋਂ ਕਿਹੋ ਜਿਹੇ ਸਲੂਕ ਦੀ ਉਮੀਦ ਰੱਖਦੇ ਹਨ। ਫਿਰ ਸਾਨੂੰ ਪਤਾ ਲੱਗੇਗਾ ਕਿ ਅਸੀਂ ਹਰ ਕਿਸੇ ਨਾਲ ਕਿਵੇਂ ਵਧੀਆ ਢੰਗ ਨਾਲ ਗੱਲ ਕਰ ਸਕਦੇ ਹਾਂ।1 ਕੁਰਿੰ. 9:19-23.

ਮੈਂ ਕਿਨ੍ਹਾਂ ਨਾਲ ਗੱਲ ਕਰ ਰਿਹਾ ਹਾਂ?

5. ਅਸੀਂ ਆਪਣੇ ਆਪ ਨੂੰ ਕਿਹੜੇ ਸਵਾਲ ਪੁੱਛ ਸਕਦੇ ਹਾਂ?

5 ਪ੍ਰਚਾਰ ਵਿਚ ਮਿਲਣ ਵਾਲੇ ਹਰ ਵਿਅਕਤੀ ਦਾ ਆਪੋ-ਆਪਣਾ ਪਿਛੋਕੜ ਤੇ ਸਮੱਸਿਆਵਾਂ ਹੁੰਦੀਆਂ ਹਨ। (2 ਇਤ. 6:29) ਜਦ ਅਸੀਂ ਕਿਸੇ ਨੂੰ ਖ਼ੁਸ਼ ਖ਼ਬਰੀ ਸੁਣਾਉਂਦੇ ਹਾਂ, ਤਾਂ ਸਾਨੂੰ ਆਪਣੇ ਆਪ ਨੂੰ ਪੁੱਛਣ ਦੀ ਲੋੜ ਹੈ: ‘ਜੇਕਰ ਮੈਂ ਘਰ-ਮਾਲਕ ਦੀ ਥਾਂ ਹੁੰਦਾ, ਤਾਂ ਮੈਂ ਕਿਹੋ ਜਿਹੇ ਸਲੂਕ ਦੀ ਉਮੀਦ ਰੱਖਦਾ? ਕੀ ਮੈਂ ਚਾਹੁੰਦਾ ਕਿ ਦੂਸਰੇ ਮੈਨੂੰ ਜਾਣਨ ਤੋਂ ਬਗੈਰ ਹੀ ਮੇਰੇ ਬਾਰੇ ਰਾਇ ਕਾਇਮ ਕਰ ਲੈਣ? ਜਾਂ ਕੀ ਮੈਂ ਇਹ ਚਾਹੁੰਦਾ ਕਿ ਉਹ ਪਹਿਲਾਂ ਮੈਨੂੰ ਜਾਣਨ?’ ਇਨ੍ਹਾਂ ਸਵਾਲਾਂ ’ਤੇ ਚਰਚਾ ਕਰਨ ਨਾਲ ਅਸੀਂ ਜਾਣ ਸਕਦੇ ਹਾਂ ਕਿ ਸਾਨੂੰ ਹਰ ਕਿਸੇ ਨਾਲ ਕਿੱਦਾਂ ਪੇਸ਼ ਆਉਣਾ ਚਾਹੀਦਾ ਹੈ।

6, 7. ਜੇ ਪ੍ਰਚਾਰ ਵਿਚ ਸਾਡੇ ਨਾਲ ਕੋਈ ਝਗੜਦਾ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?

6 ਮਿਸਾਲ ਲਈ, ਮਸੀਹੀ ਬਾਈਬਲ ਦੀ ਸਲਾਹ ਨੂੰ ਮੰਨਦੇ ਹੋਏ ਸਾਰਿਆਂ ਨਾਲ “ਸਲੀਕੇ ਨਾਲ ਗੱਲ” ਕਰਨ ਦੀ ਕੋਸ਼ਿਸ਼ ਕਰਦੇ ਹਨ। (ਕੁਲੁ. 4:6) ਪਰ ਅਸੀਂ ਸਾਰੇ ਨਾਮੁਕੰਮਲ ਹਾਂ ਜਿਸ ਕਰਕੇ ਅਸੀਂ ਕਿਸੇ ਨੂੰ ਕੁਝ ਕਹਿ ਦੇਈਏ ਅਤੇ ਫਿਰ ਬਾਅਦ ਵਿਚ ਉਸ ਗੱਲ ’ਤੇ ਪਛਤਾਈਏ। (ਯਾਕੂ. 3:2) ਸ਼ਾਇਦ ਸਾਡਾ ਦਿਨ ਚੰਗਾ ਨਾ ਰਿਹਾ ਹੋਣ ਕਰਕੇ ਅਸੀਂ ਗੁੱਸੇ ਵਿਚ ਕਿਸੇ ਨੂੰ ਕੁਝ ਕਹਿ ਦਿੰਦੇ ਹਾਂ, ਤਾਂ ਅਸੀਂ ਉਮੀਦ ਰੱਖਦੇ ਹਾਂ ਕਿ ਦੂਜਾ ਇਨਸਾਨ ਸਾਨੂੰ ਰੁੱਖੇ ਸੁਭਾਅ ਦਾ ਨਹੀਂ ਸਮਝੇਗਾ ਜਾਂ ਇਹ ਨਹੀਂ ਸੋਚੇਗਾ ਕਿ ਅਸੀਂ ਹਮੇਸ਼ਾ ਦੂਜਿਆਂ ਨਾਲ ਇੱਦਾਂ ਹੀ ਪੇਸ਼ ਆਉਂਦੇ ਹਾਂ। ਇਸ ਤਰ੍ਹਾਂ ਅਸੀਂ ਯਾਦ ਰੱਖ ਸਕਾਂਗੇ ਕਿ ਜਿਹੜੇ ਲੋਕ ਪ੍ਰਚਾਰ ਵਿਚ ਸਾਡੇ ਨਾਲ ਰੁੱਖੇ ਢੰਗ ਨਾਲ ਗੱਲ ਕਰਦੇ ਹਨ ਉਹ ਵੀ ਸ਼ਾਇਦ ਬਾਅਦ ਵਿਚ ਪਛਤਾਉਣ।

7 ਜੇ ਪ੍ਰਚਾਰ ਵਿਚ ਤੁਹਾਡੇ ਨਾਲ ਕੋਈ ਝਗੜਦਾ ਹੈ, ਤਾਂ ਕੀ ਤੁਸੀਂ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹੋ ਕਿ ਉਹ ਇੱਦਾਂ ਕਿਉਂ ਪੇਸ਼ ਆ ਰਿਹਾ ਹੈ? ਹੋ ਸਕਦਾ ਹੈ ਕਿ ਉਸ ਨੂੰ ਨੌਕਰੀ ’ਤੇ ਕੋਈ ਸਮੱਸਿਆ ਹੋਵੇ ਜਾਂ ਸਕੂਲ ਦੇ ਕੰਮ ਦਾ ਫ਼ਿਕਰ ਹੋਵੇ। ਸ਼ਾਇਦ ਉਹ ਕਿਸੇ ਗੰਭੀਰ ਬੀਮਾਰੀ ਦਾ ਸਾਮ੍ਹਣਾ ਕਰ ਰਿਹਾ ਹੋਵੇ। ਬਹੁਤ ਸਾਰੇ ਮੌਕਿਆਂ ’ਤੇ ਇਸ ਤਰ੍ਹਾਂ ਹੋਇਆ ਹੈ ਕਿ ਪਹਿਲਾਂ ਘਰ-ਮਾਲਕ ਗੁੱਸੇ ਨਾਲ ਬੋਲੇ, ਪਰ ਜਦ ਯਹੋਵਾਹ ਦੇ ਗਵਾਹ ਉਨ੍ਹਾਂ ਨਾਲ ਬੜੀ ਹੀ ਨਰਮਾਈ ਤੇ ਆਦਰ ਨਾਲ ਪੇਸ਼ ਆਏ, ਤਾਂ ਉਹ ਗੱਲ ਸੁਣਨ ਲਈ ਤਿਆਰ ਹੋ ਗਏ।ਕਹਾ. 15:1; 1 ਪਤ. 3:15.

8. ਸਾਨੂੰ “ਹਰ ਤਰ੍ਹਾਂ ਦੇ ਲੋਕਾਂ” ਨੂੰ ਰਾਜ ਦਾ ਸੰਦੇਸ਼ ਸੁਣਾਉਣ ਤੋਂ ਪਿੱਛੇ ਕਿਉਂ ਨਹੀਂ ਹਟਣਾ ਚਾਹੀਦਾ?

8 ਅਸੀਂ ਹਰ ਤਰ੍ਹਾਂ ਦੇ ਲੋਕਾਂ ਨੂੰ ਪ੍ਰਚਾਰ ਕਰਦੇ ਹਾਂ। ਪਿਛਲੇ ਕੁਝ ਹੀ ਸਾਲਾਂ ਵਿਚ ਪਹਿਰਾਬੁਰਜ ਵਿਚ “ਬਾਈਬਲ ਬਦਲਦੀ ਹੈ ਜ਼ਿੰਦਗੀਆਂ” ਨਾਂ ਦੇ ਲੜੀਵਾਰ ਲੇਖਾਂ ਵਿਚ 60 ਤੋਂ ਜ਼ਿਆਦਾ ਤਜਰਬੇ ਛਾਪੇ ਗਏ ਹਨ। * ਇਨ੍ਹਾਂ ਵਿੱਚੋਂ ਕੁਝ ਤਜਰਬੇ ਉਨ੍ਹਾਂ ਲੋਕਾਂ ਦੇ ਹਨ ਜਿਹੜੇ ਪਹਿਲਾਂ ਚੋਰ, ਸ਼ਰਾਬੀ, ਕਿਸੇ ਗੈਂਗ ਦੇ ਮੈਂਬਰ ਜਾਂ ਨਸ਼ੇ ਦੇ ਆਦੀ  ਸਨ। ਕੁਝ ਲੋਕ ਪਹਿਲਾਂ ਨੇਤਾ ਜਾਂ ਧਾਰਮਿਕ ਆਗੂ ਹੁੰਦੇ ਸਨ ਜਾਂ ਕੈਰੀਅਰ ਬਣਾਉਣ ਦੇ ਚੱਕਰਾਂ ਵਿਚ ਪਏ ਰਹਿੰਦੇ ਸਨ। ਕੁਝ ਤਾਂ ਬਦਚਲਣੀ ਵਾਲੀ ਜ਼ਿੰਦਗੀ ਜੀਉਂਦੇ ਸਨ। ਪਰ ਉਨ੍ਹਾਂ ਸਾਰਿਆਂ ਨੇ ਖ਼ੁਸ਼ ਖ਼ਬਰੀ ਨੂੰ ਸੁਣਿਆ, ਬਾਈਬਲ ਸਟੱਡੀ ਕੀਤੀ, ਆਪਣੀਆਂ ਜ਼ਿੰਦਗੀਆਂ ਵਿਚ ਤਬਦੀਲੀਆਂ ਕੀਤੀਆਂ ਅਤੇ ਸੱਚਾਈ ਵਿਚ ਆ ਗਏ। ਇਸ ਲਈ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਕੁਝ ਲੋਕ ਰਾਜ ਦੇ ਸੰਦੇਸ਼ ਨੂੰ ਕਦੇ ਨਹੀਂ ਸੁਣਨਗੇ। (1 ਕੁਰਿੰਥੀਆਂ 6:9-11 ਪੜ੍ਹੋ।) ਸਾਨੂੰ ਪਤਾ ਹੈ ਕਿ ‘ਹਰ ਤਰ੍ਹਾਂ ਦੇ ਲੋਕ’ ਸੱਚਾਈ ਵਿਚ ਆ ਸਕਦੇ ਹਨ।1 ਕੁਰਿੰ. 9:22.

ਮੈਂ ਉਨ੍ਹਾਂ ਨਾਲ ਕਿੱਥੇ ਗੱਲ ਕਰ ਰਿਹਾ ਹਾਂ?

9. ਘਰ-ਘਰ ਪ੍ਰਚਾਰ ਕਰਦਿਆਂ ਸਾਨੂੰ ਕੁਝ ਗੱਲਾਂ ਦਾ ਧਿਆਨ ਕਿਉਂ ਰੱਖਣਾ ਚਾਹੀਦਾ ਹੈ?

9 ਪ੍ਰਚਾਰ ਵਿਚ ਅਸੀਂ ਲੋਕਾਂ ਨੂੰ ਕਿੱਥੇ ਮਿਲਦੇ ਹਾਂ? ਜ਼ਿਆਦਾਤਰ ਉਨ੍ਹਾਂ ਦੇ ਘਰਾਂ ਵਿਚ। (ਮੱਤੀ 10:11-13) ਸਾਨੂੰ ਸਾਰਿਆਂ ਨੂੰ ਆਪਣਾ ਘਰ ਬਹੁਤ ਪਿਆਰਾ ਹੁੰਦਾ ਹੈ, ਇਸ ਲਈ ਅਸੀਂ ਨਹੀਂ ਚਾਹੁੰਦੇ ਕਿ ਕੋਈ ਸਾਡੇ ਘਰ ਜਾਂ ਚੀਜ਼ਾਂ ਦਾ ਨੁਕਸਾਨ ਕਰੇ। ਅਸੀਂ ਚਾਹੁੰਦੇ ਹਾਂ ਕਿ ਸਾਨੂੰ ਘਰ ਵਿਚ ਕੋਈ ਡਰ ਨਾ ਹੋਵੇ ਅਤੇ ਕੋਈ ਸਾਡੀ ਇਜਾਜ਼ਤ ਦੇ ਬਿਨਾਂ ਅੰਦਰ ਨਾ ਆਵੇ। ਸੋ ਘਰ-ਘਰ ਪ੍ਰਚਾਰ ਕਰਦਿਆਂ ਸਾਨੂੰ ਵੀ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।ਰਸੂ. 5:42.

10. ਸਾਨੂੰ ਕੀ ਨਹੀਂ ਕਰਨਾ ਚਾਹੀਦਾ ਤਾਂਕਿ ਲੋਕ ਸਾਡੇ ’ਤੇ ਸ਼ੱਕ ਨਾ ਕਰਨ?

10 ਅੱਜ ਦੁਨੀਆਂ ਜੁਰਮ ਨਾਲ ਭਰੀ ਹੋਈ ਹੈ, ਇਸ ਲਈ ਬਹੁਤ ਸਾਰੇ ਘਰ-ਮਾਲਕ ਅਜਨਬੀ ਲੋਕਾਂ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਦੇ ਹਨ। (2 ਤਿਮੋ. 3:1-5) ਸਾਨੂੰ ਕੁਝ ਵੀ ਇੱਦਾਂ ਦਾ ਨਹੀਂ ਕਰਨਾ ਚਾਹੀਦਾ ਜਿਸ ਕਰਕੇ ਲੋਕ ਸਾਡੇ ’ਤੇ ਸ਼ੱਕ ਕਰਨ। ਮਿਸਾਲ ਲਈ, ਅਸੀਂ ਕਿਸੇ ਦੇ ਘਰ ਦਾ ਦਰਵਾਜ਼ਾ ਖੜਕਾਉਂਦੇ ਹਾਂ। ਅੰਦਰੋਂ ਕੋਈ ਜਵਾਬ ਨਾ ਮਿਲਣ ਤੇ ਸ਼ਾਇਦ ਅਸੀਂ ਖਿੜਕੀ ਵਿੱਚੋਂ ਝਾਤੀਆਂ ਮਾਰੀਏ ਜਾਂ ਅੰਦਰ ਚਲੇ ਜਾਈਏ। ਕੀ ਤੁਹਾਡੇ ਇਲਾਕੇ ਵਿਚ ਇੱਦਾਂ ਕਰਨਾ ਘਰ-ਮਾਲਕ ਨੂੰ ਚੰਗਾ ਲੱਗੇਗਾ? ਉਸ ਦੇ ਗੁਆਂਢੀ ਕੀ ਸੋਚਣਗੇ? ਇਹ ਸੱਚ ਹੈ ਕਿ ਸਾਨੂੰ ਸਾਰੇ ਲੋਕਾਂ ਨੂੰ ਪ੍ਰਚਾਰ ਕਰਨਾ ਚਾਹੀਦਾ ਹੈ। (ਰਸੂ. 10:42) ਅਸੀਂ ਲੋਕਾਂ ਨੂੰ ਰੱਬ ਬਾਰੇ ਸਿਖਾਉਣ ਲਈ ਉਤਾਵਲੇ ਹਾਂ। (ਰੋਮੀ. 1:14, 15) ਪਰ ਅਸੀਂ ਸਮਝਦਾਰੀ ਦਿਖਾਉਂਦੇ ਹੋਏ ਕੁਝ ਵੀ ਇੱਦਾਂ ਦਾ ਨਹੀਂ ਕਰਾਂਗੇ ਜੋ ਲੋਕਾਂ ਨੂੰ ਚੰਗਾ ਨਾ ਲੱਗੇ। ਪੌਲੁਸ ਰਸੂਲ ਨੇ ਲਿਖਿਆ: “ਅਸੀਂ ਨਹੀਂ ਚਾਹੁੰਦੇ ਕਿ ਸਾਡੀ ਸੇਵਕਾਈ ਵਿਚ ਕੋਈ ਨੁਕਸ ਕੱਢੇ, ਇਸ ਲਈ ਅਸੀਂ ਦੂਸਰਿਆਂ ਦੇ ਸਾਮ੍ਹਣੇ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਖੜ੍ਹੀ ਨਹੀਂ ਕਰਦੇ।” (2 ਕੁਰਿੰ. 6:3) ਜੇ ਅਸੀਂ ਪ੍ਰਚਾਰ ਵਿਚ ਇਨ੍ਹਾਂ ਗੱਲਾਂ ਦਾ ਧਿਆਨ ਰੱਖਦੇ ਹਾਂ, ਤਾਂ ਲੋਕ ਸੱਚਾਈ ਵੱਲ ਖਿੱਚੇ ਜਾ ਸਕਦੇ ਹਨ।1 ਪਤਰਸ 2:12 ਪੜ੍ਹੋ।

ਅਸੀਂ ਕਿਸੇ ਦੇ ਘਰ ਜਾ ਕੇ ਅਜਿਹਾ ਕੁਝ ਨਹੀਂ ਕਰਾਂਗੇ ਜਿਸ ਕਰਕੇ ਉਸ ਨੂੰ ਸਾਡੇ ’ਤੇ ਸ਼ੱਕ ਹੋਵੇ (ਪੈਰਾ 10 ਦੇਖੋ)

ਲੋਕਾਂ ਨਾਲ ਗੱਲ ਕਰਨ ਦਾ ਸਭ ਤੋਂ ਵਧੀਆ ਸਮਾਂ ਕਿਹੜਾ ਹੈ?

11. ਸਾਨੂੰ ਕਿਉਂ ਚੰਗਾ ਲੱਗਦਾ ਹੈ ਜਦ ਦੂਜੇ ਸਾਡੇ ਸਮੇਂ ਦੀ ਕਦਰ ਕਰਦੇ ਹਨ?

11 ਮਸੀਹੀ ਹੋਣ ਦੇ ਨਾਤੇ ਜ਼ਿਆਦਾਤਰ ਭੈਣਾਂ-ਭਰਾਵਾਂ ਦੀ ਜ਼ਿੰਦਗੀ ਰੁਝੇਵਿਆਂ ਭਰੀ ਹੈ। ਸਾਰੇ ਕੰਮ ਕਰਨ ਲਈ ਅਸੀਂ ਪਹਿਲਾਂ ਹੀ ਪਲੈਨ ਬਣਾਉਂਦੇ ਹਾਂ ਤਾਂਕਿ ਅਸੀਂ ਸਹੀ ਢੰਗ ਨਾਲ ਆਪਣੇ ਸਮੇਂ ਦੀ ਵਰਤੋਂ ਕਰ ਸਕੀਏ। (ਅਫ਼. 5:16; ਫ਼ਿਲਿ. 1:10) ਸੋ ਜੇ ਅਸੀਂ ਕਿਸੇ ਕੰਮ ਲਈ ਸਮਾਂ ਰੱਖਿਆ ਹੈ ਅਤੇ ਉਸ ਸਮੇਂ ਕੋਈ ਹੋਰ ਕੰਮ ਆ ਜਾਂਦਾ ਹੈ, ਤਾਂ ਸ਼ਾਇਦ ਅਸੀਂ ਖਿਝ ਜਾਈਏ। ਸਾਨੂੰ ਚੰਗਾ ਲੱਗਦਾ ਹੈ ਜਦ ਦੂਜੇ ਸਾਡੇ ਸਮੇਂ ਦੀ ਕਦਰ ਕਰਦੇ ਹਨ ਅਤੇ ਸਮਝਦੇ ਹਨ ਕਿ ਅਸੀਂ ਉਨ੍ਹਾਂ ਨਾਲ ਬਹੁਤਾ ਸਮਾਂ ਨਹੀਂ ਬਿਤਾ ਸਕਦੇ। ਉੱਤਮ ਅਸੂਲ ਸਾਡੀ ਦੂਜੇ ਲੋਕਾਂ ਦੇ ਸਮੇਂ ਦੀ ਕਦਰ ਕਰਨ ਵਿਚ ਕਿੱਦਾਂ ਮਦਦ ਕਰ ਸਕਦਾ ਹੈ?

12. ਅਸੀਂ ਕਿੱਦਾਂ ਜਾਣ ਸਕਦੇ ਹਾਂ ਕਿ ਲੋਕਾਂ ਨੂੰ ਮਿਲਣ ਜਾਣ ਦਾ ਸਭ ਤੋਂ ਵਧੀਆ ਸਮਾਂ ਕਿਹੜਾ ਹੈ?

12 ਲੋਕਾਂ ਨਾਲ ਗੱਲ ਕਰਨ ਦਾ ਸਭ ਤੋਂ ਵਧੀਆ ਸਮਾਂ ਕਿਹੜਾ ਹੈ? ਆਪਣੇ ਆਪ ਨੂੰ ਪੁੱਛੋ: ‘ਸਾਡੇ ਇਲਾਕੇ ਵਿਚ ਲੋਕ ਕਦੋਂ ਘਰ ਹੁੰਦੇ ਹਨ? ਕਿਹੜੇ ਸਮੇਂ ਉਹ ਸਾਡੀ ਗੱਲ ਵੱਲ ਜ਼ਿਆਦਾ ਧਿਆਨ ਦੇਣਗੇ?’ ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਚੰਗਾ ਹੋਵੇਗਾ ਕਿ ਜੇ ਅਸੀਂ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਆਪਣੇ ਸਮੇਂ ਵਿਚ ਫੇਰ-ਬਦਲ ਕਰੀਏ। ਦੁਨੀਆਂ ਦੇ ਕੁਝ ਹਿੱਸਿਆਂ ਵਿਚ ਦੁਪਹਿਰੋਂ ਬਾਅਦ ਜਾਂ ਸ਼ਾਮ ਦਾ ਸਮਾਂ ਘਰ-ਘਰ ਪ੍ਰਚਾਰ ਕਰਨ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਜੇ ਤੁਹਾਡੇ ਇਲਾਕੇ ਵਿਚ ਇੱਦਾਂ ਹੈ, ਤਾਂ ਕੀ ਤੁਸੀਂ ਵੀ ਦੁਪਹਿਰੋਂ ਬਾਅਦ ਜਾਂ ਸ਼ਾਮ ਨੂੰ ਕੁਝ ਸਮਾਂ ਕੱਢ ਕੇ ਘਰ-ਘਰ ਪ੍ਰਚਾਰ ਕਰ ਸਕਦੇ ਹੋ? (1 ਕੁਰਿੰਥੀਆਂ 10:24 ਪੜ੍ਹੋ।) ਜਦ ਅਸੀਂ ਲੋਕਾਂ ਦੇ ਸਮੇਂ ਮੁਤਾਬਕ ਉਨ੍ਹਾਂ ਨੂੰ ਮਿਲਣ ਲਈ ਕੁਰਬਾਨੀਆਂ ਕਰਦੇ ਹਾਂ, ਤਾਂ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਨੂੰ ਜ਼ਰੂਰ ਬਰਕਤਾਂ ਦੇਵੇਗਾ।

13. ਅਸੀਂ ਘਰ-ਮਾਲਕ ਲਈ ਆਦਰ ਕਿੱਦਾਂ ਦਿਖਾ ਸਕਦੇ ਹਾਂ?

 13 ਅਸੀਂ ਹੋਰ ਕਿੱਦਾਂ ਦਿਖਾ ਸਕਦੇ ਹਾਂ ਕਿ ਅਸੀਂ ਘਰ-ਮਾਲਕ ਦਾ ਆਦਰ ਕਰਦੇ ਹਾਂ? ਜਦ ਸਾਨੂੰ ਕੋਈ ਅਜਿਹਾ ਇਨਸਾਨ ਮਿਲਦਾ ਹੈ ਜੋ ਸਾਡੇ ਸੰਦੇਸ਼ ਨੂੰ ਸੁਣਦਾ ਹੈ, ਤਾਂ ਸਾਨੂੰ ਉਸ ਨੂੰ ਚੰਗੀ ਤਰ੍ਹਾਂ ਗਵਾਹੀ ਦੇਣੀ ਚਾਹੀਦੀ ਹੈ। ਪਰ ਸਾਨੂੰ ਉਸ ਨਾਲ ਬਹੁਤ ਲੰਬੇ ਸਮੇਂ ਲਈ ਗੱਲਬਾਤ ਨਹੀਂ ਕਰਨੀ ਚਾਹੀਦੀ। ਸ਼ਾਇਦ ਘਰ-ਮਾਲਕ ਨੇ ਉਹ ਸਮਾਂ ਕੋਈ ਹੋਰ ਜ਼ਰੂਰੀ ਕੰਮ ਕਰਨ ਲਈ ਰੱਖਿਆ ਹੋਵੇ। ਜੇਕਰ ਉਹ ਕਹਿੰਦਾ ਹੈ ਕਿ ਉਹ ਬਿਜ਼ੀ ਹੈ, ਤਾਂ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਉਸ ਦਾ ਜ਼ਿਆਦਾ ਸਮਾਂ ਨਹੀਂ ਲਵਾਂਗੇ ਅਤੇ ਕਹੇ ਮੁਤਾਬਕ ਸਾਨੂੰ ਆਪਣੀ ਗੱਲਬਾਤ ਥੋੜ੍ਹੇ ਸਮੇਂ ਵਿਚ ਖ਼ਤਮ ਕਰ ਦੇਣੀ ਚਾਹੀਦੀ ਹੈ। (ਮੱਤੀ 5:37) ਗੱਲਬਾਤ ਖ਼ਤਮ ਕਰਦਿਆਂ ਅਸੀਂ ਉਸ ਨੂੰ ਪੁੱਛ ਸਕਦੇ ਹਾਂ ਕਿ ਅਸੀਂ ਉਸ ਨੂੰ ਦੁਬਾਰਾ ਕਦੋਂ ਮਿਲ ਸਕਦੇ ਹਾਂ। ਕੁਝ ਪ੍ਰਚਾਰਕ ਇਨ੍ਹਾਂ ਵਧੀਆ ਸ਼ਬਦਾਂ ਨਾਲ ਆਪਣੀ ਗੱਲਬਾਤ ਖ਼ਤਮ ਕਰਦੇ ਹਨ: “ਮੈਨੂੰ ਤੁਹਾਨੂੰ ਦੁਬਾਰਾ ਮਿਲ ਕੇ ਬਹੁਤ ਖ਼ੁਸ਼ੀ ਹੋਵੇਗੀ। ਕੀ ਮੈਂ ਆਉਣ ਤੋਂ ਪਹਿਲਾਂ ਤੁਹਾਨੂੰ ਫ਼ੋਨ ਜਾਂ ਮੈਸਿਜ ਕਰ ਸਕਦਾ ਹਾਂ?” ਜਦ ਅਸੀਂ ਲੋਕਾਂ ਦੇ ਸਮੇਂ ਮੁਤਾਬਕ ਉਨ੍ਹਾਂ ਨਾਲ ਗੱਲਬਾਤ ਕਰਦੇ ਹਾਂ, ਤਾਂ ਅਸੀਂ ਪੌਲੁਸ ਦੀ ਉਦਾਹਰਣ ’ਤੇ ਚੱਲ ਰਹੇ ਹੁੰਦੇ ਹਾਂ ਜੋ ‘ਆਪਣੇ ਹੀ ਭਲੇ ਬਾਰੇ ਨਹੀਂ, ਸਗੋਂ ਬਹੁਤਿਆਂ ਦੇ ਭਲੇ ਬਾਰੇ ਸੋਚਦਾ ਸੀ ਤਾਂਕਿ ਉਹ ਬਚਾਏ ਜਾਣ।’1 ਕੁਰਿੰ. 10:33.

ਮੈਨੂੰ ਲੋਕਾਂ ਨਾਲ ਕਿੱਦਾਂ ਗੱਲ ਸ਼ੁਰੂ ਕਰਨੀ ਚਾਹੀਦੀ ਹੈ?

14-16. (ੳ) ਸਾਨੂੰ ਘਰ-ਮਾਲਕ ਨੂੰ ਆਪਣੇ ਆਉਣ ਦਾ ਕਾਰਨ ਕਿਉਂ ਦੱਸਣਾ ਚਾਹੀਦਾ ਹੈ? ਸਮਝਾਓ। (ਅ) ਇਕ ਸਫ਼ਰੀ ਨਿਗਾਹਬਾਨ ਆਪਣੀ ਗੱਲਬਾਤ ਕਿੱਦਾਂ ਸ਼ੁਰੂ ਕਰਦਾ ਹੈ?

14 ਮੰਨ ਲਓ ਕਿ ਤੁਹਾਨੂੰ ਕਿਸੇ ਅਜਨਬੀ ਦਾ ਫ਼ੋਨ ਆਉਂਦਾ ਹੈ ਅਤੇ ਉਹ ਤੁਹਾਡੇ ਕੋਲੋਂ ਪੁੱਛਦਾ ਹੈ ਕਿ ਤੁਸੀਂ ਕਿੱਦਾਂ ਦਾ ਖਾਣਾ ਪਸੰਦ ਕਰਦੇ ਹੋ। ਤੁਸੀਂ ਸੋਚਦੇ ਹੋ ਕਿ ਫ਼ੋਨ ਕਰਨ ਵਾਲਾ ਕੌਣ ਹੈ ਅਤੇ ਉਹ ਕੀ ਚਾਹੁੰਦਾ ਹੈ। ਤੁਸੀਂ ਉਸ ਨਾਲ ਰੁੱਖੇ ਢੰਗ ਨਾਲ ਪੇਸ਼ ਨਹੀਂ ਆਉਣਾ ਚਾਹੁੰਦੇ, ਇਸ ਲਈ ਸ਼ਾਇਦ ਤੁਸੀਂ ਥੋੜ੍ਹਾ ਚਿਰ ਗੱਲ ਕਰੋ।  ਪਰ ਫਿਰ ਤੁਸੀਂ ਗੱਲਬਾਤ ਖ਼ਤਮ ਕਰਨੀ ਚਾਹੁੰਦੇ ਹੋ। ਦੂਜੇ ਪਾਸੇ, ਮੰਨ ਲਓ ਕਿ ਫ਼ੋਨ ਕਰਨ ਵਾਲਾ ਪਹਿਲਾਂ ਦੱਸਦਾ ਹੈ ਕਿ ਉਹ ਕੌਣ ਹੈ ਅਤੇ ਫ਼ੋਨ ਕਰ ਕੇ ਲੋਕਾਂ ਨੂੰ ਚੰਗਾ ਭੋਜਨ ਖਾਣ ਬਾਰੇ ਸਲਾਹ ਦੇਣੀ ਉਸ ਦਾ ਕੰਮ ਹੈ। ਉਹ ਬੜੇ ਹੀ ਪਿਆਰ ਨਾਲ ਦੱਸਦਾ ਹੈ ਕਿ ਉਸ ਕੋਲ ਕੁਝ ਜਾਣਕਾਰੀ ਹੈ ਜੋ ਤੁਹਾਡੇ ਕੰਮ ਆ ਸਕਦੀ ਹੈ। ਤੁਸੀਂ ਸ਼ਾਇਦ ਉਸ ਦੀ ਗੱਲ ਸੁਣਨ ਲਈ ਤਿਆਰ ਹੋ ਜਾਓ। ਜੀ ਹਾਂ, ਅਸੀਂ ਉਨ੍ਹਾਂ ਲੋਕਾਂ ਨਾਲ ਗੱਲ ਕਰਨੀ ਪਸੰਦ ਕਰਦੇ ਹਾਂ ਜੋ ਆਪਣੀ ਪਛਾਣ ਲੁਕਾਏ ਬਿਨਾਂ ਸਾਡੇ ਨਾਲ ਗੱਲ ਕਰਦੇ ਹਨ। ਪ੍ਰਚਾਰ ਵਿਚ ਅਸੀਂ ਇਹ ਗੱਲ ਕਿੱਦਾਂ ਲਾਗੂ ਕਰ ਸਕਦੇ ਹਾਂ?

15 ਬਹੁਤ ਸਾਰੇ ਇਲਾਕਿਆਂ ਵਿਚ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਘਰ-ਮਾਲਕ ਨੂੰ ਆਪਣੇ ਆਉਣ ਦਾ ਕਾਰਨ ਦੱਸੀਏ। ਇਹ ਸੱਚ ਹੈ ਕਿ ਸਾਡੇ ਕੋਲ ਬਹੁਤ ਹੀ ਜ਼ਰੂਰੀ ਜਾਣਕਾਰੀ ਹੈ ਜਿਸ ਦੀ ਘਰ-ਮਾਲਕ ਨੂੰ ਲੋੜ ਹੈ। ਨਾਲੇ ਅਸੀਂ ਲੋਕਾਂ ਦੇ ਵਿਚਾਰ ਜਾਣਨ ਦੇ ਲਈ ਉਨ੍ਹਾਂ ਕੋਲੋਂ ਸਵਾਲ ਪੁੱਛਦੇ ਹਾਂ ਤਾਂਕਿ ਅਸੀਂ ਬਾਈਬਲ ਤੋਂ ਜਵਾਬ ਦੇ ਸਕੀਏ। ਪਰ ਮੰਨ ਲਓ ਕਿ ਅਸੀਂ ਆਪਣੇ ਬਾਰੇ ਕੁਝ ਦੱਸੇ ਬਿਨਾਂ ਸਿੱਧਾ ਉਸ ਨੂੰ ਸਵਾਲ ਪੁੱਛ ਲੈਂਦੇ ਹਾਂ: “ਜੇ ਤੁਹਾਡੇ ਹੱਥ-ਵੱਸ ਹੁੰਦਾ, ਤਾਂ ਤੁਸੀਂ ਦੁਨੀਆਂ ਦੀ ਕਿਹੜੀ ਸਮੱਸਿਆ ਨੂੰ ਹੱਲ ਕਰਦੇ?” ਇਹ ਸੁਣ ਕੇ ਘਰ-ਮਾਲਕ ਸ਼ਾਇਦ ਹੈਰਾਨ ਹੋਵੇ: ‘ਇਹ ਕੌਣ ਹੈ ਅਤੇ ਮੈਨੂੰ ਇਹ ਸਵਾਲ ਕਿਉਂ ਪੁੱਛ ਰਿਹਾ ਹੈ? ਇਹ ਕਾਹਦੇ ਬਾਰੇ ਗੱਲ ਕਰ ਰਿਹਾ ਹੈ?’ ਅਸੀਂ ਚਾਹੁੰਦੇ ਹਾਂ ਕਿ ਘਰ-ਮਾਲਕ ਸਾਡੀ ਗੱਲ ਸੁਣੇ। (ਫ਼ਿਲਿ 2:3, 4) ਅਸੀਂ ਇਹ ਕਿੱਦਾਂ ਕਰ ਸਕਦੇ ਹਾਂ?

16 ਇਕ ਸਫ਼ਰੀ ਨਿਗਾਹਬਾਨ ਦੱਸਦਾ ਹੈ ਕਿ ਜਦ ਲੋਕ ਜਾਣ ਜਾਂਦੇ ਹਨ ਕਿ ਤੁਸੀਂ ਉਨ੍ਹਾਂ ਨੂੰ ਕਿਉਂ ਮਿਲਣ ਆਏ ਹੋ, ਤਾਂ ਉਹ ਆਰਾਮ ਨਾਲ ਤੁਹਾਡੀ ਗੱਲ ਸੁਣਦੇ ਹਨ। ਇਹ ਭਰਾ ਘਰ-ਮਾਲਕ ਨੂੰ ਨਮਸਤੇ ਕਹਿਣ ਤੋਂ ਬਾਅਦ ਉਸ ਨੂੰ ਟ੍ਰੈਕਟ ਕੀ ਤੁਸੀਂ ਸੱਚਾਈ ਜਾਣਨੀ ਚਾਹੁੰਦੇ ਹੋ? ਫੜਾ ਕੇ ਕਹਿੰਦਾ ਹੈ: “ਅਸੀਂ ਇਸ ਇਲਾਕੇ ਵਿਚ ਸਾਰਿਆਂ ਨੂੰ ਇਹ ਟ੍ਰੈਕਟ ਦੇ ਰਹੇ ਹਾਂ। ਇਸ ਵਿਚ ਛੇ ਸਵਾਲਾਂ ’ਤੇ ਚਰਚਾ ਕੀਤੀ ਗਈ ਹੈ।” ਫਿਰ ਉਹ ਪੁੱਛਦਾ ਹੈ: “ਕੀ ਤੁਸੀਂ ਇਨ੍ਹਾਂ ਵਿੱਚੋਂ ਕਿਸੇ ਸਵਾਲ ਬਾਰੇ ਕਦੇ ਸੋਚਿਆ ਹੈ?” ਜੇਕਰ ਘਰ-ਮਾਲਕ ਇਕ ਸਵਾਲ ਚੁਣਦਾ ਹੈ, ਤਾਂ ਭਰਾ ਟ੍ਰੈਕਟ ਖੋਲ੍ਹ ਕੇ ਉਸ ਨੂੰ ਦੱਸਦਾ ਹੈ ਕਿ ਬਾਈਬਲ ਇਸ ਸਵਾਲ ਦਾ ਕੀ ਜਵਾਬ ਦਿੰਦੀ ਹੈ। ਜੇ ਘਰ-ਮਾਲਕ ਕੋਈ ਸਵਾਲ ਚੁਣ ਨਹੀਂ ਪਾਉਂਦਾ, ਤਾਂ ਉਹ ਆਪ ਇਕ ਸਵਾਲ ਚੁਣ ਕੇ ਉਸ ’ਤੇ ਚਰਚਾ ਕਰਦਾ ਹੈ। ਪਰ ਕਈ ਹੋਰ ਤਰੀਕਿਆਂ ਨਾਲ ਵੀ ਗੱਲ ਸ਼ੁਰੂ ਕੀਤੀ ਜਾ ਸਕਦੀ ਹੈ। ਕੁਝ ਇਲਾਕਿਆਂ ਵਿਚ ਲੋਕਾਂ ਨਾਲ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਨਮਸਤੇ ਕਹਿਣ ਅਤੇ ਆਪਣੇ ਬਾਰੇ ਕੁਝ ਦੱਸਣ ਦੀ ਲੋੜ ਹੁੰਦੀ ਹੈ। ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਅਸੀਂ ਗੱਲਬਾਤ ਸ਼ੁਰੂ ਕਰਨ ਦੇ ਢੰਗ ਵਿਚ ਫੇਰ-ਬਦਲ ਕਰੀਏ ਤਾਂਕਿ ਲੋਕ ਸਾਡਾ ਸੰਦੇਸ਼ ਸੁਣਨ।

ਪ੍ਰਚਾਰ ਕਰਦੇ ਵੇਲੇ ਉੱਤਮ ਅਸੂਲ ’ਤੇ ਚੱਲਦੇ ਰਹੋ।

17. ਇਸ ਲੇਖ ਵਿਚ ਦੱਸੇ ਕਿਹੜੇ ਕੁਝ ਤਰੀਕਿਆਂ ਰਾਹੀਂ ਅਸੀਂ ਉੱਤਮ ਅਸੂਲ ਨੂੰ ਪ੍ਰਚਾਰ ਵਿਚ ਲਾਗੂ ਕਰ ਸਕਦੇ ਹਾਂ?

17 ਅਸੀਂ ਕਿਹੜੇ ਕੁਝ ਤਰੀਕਿਆਂ ਰਾਹੀਂ ਉੱਤਮ ਅਸੂਲ ਨੂੰ ਆਪਣੇ ਪ੍ਰਚਾਰ ਵਿਚ ਲਾਗੂ ਕਰ ਸਕਦੇ ਹਾਂ? ਅਸੀਂ ਹਰ ਵਿਅਕਤੀ ਨਾਲ ਉਸ ਦੇ ਪਿਛੋਕੜ ਅਤੇ ਲੋੜਾਂ ਅਨੁਸਾਰ ਪੇਸ਼ ਆਵਾਂਗੇ। ਅਸੀਂ ਕਿਸੇ ਦੇ ਘਰ ਜਾ ਕੇ ਅਜਿਹਾ ਕੁਝ ਨਹੀਂ ਕਰਾਂਗੇ ਜਿਸ ਕਰਕੇ ਉਸ ਨੂੰ ਸਾਡੇ ’ਤੇ ਸ਼ੱਕ ਹੋਵੇ। ਅਸੀਂ ਉਸ ਸਮੇਂ ਲੋਕਾਂ ਨੂੰ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰਾਂਗੇ ਜਦੋਂ ਉਹ ਘਰ ਹੁੰਦੇ ਹਨ ਅਤੇ ਉਨ੍ਹਾਂ ਕੋਲ ਗੱਲ ਸੁਣਨ ਦਾ ਸਮਾਂ ਵੀ ਹੁੰਦਾ ਹੈ। ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਘਰ-ਮਾਲਕ ਨੂੰ ਆਪਣੇ ਆਉਣ ਦਾ ਕਾਰਨ ਦੱਸਾਂਗੇ ਤਾਂਕਿ ਲੋਕ ਸਾਡੀ ਗੱਲ ਸੁਣਨ।

18. ਜਿੱਦਾਂ ਅਸੀਂ ਚਾਹੁੰਦੇ ਹਾਂ ਕਿ ਲੋਕ ਸਾਡੇ ਨਾਲ ਪੇਸ਼ ਆਉਣ, ਉੱਦਾਂ ਹੀ ਪ੍ਰਚਾਰ ਵਿਚ ਲੋਕਾਂ ਨਾਲ ਪੇਸ਼ ਆਉਣ ਦੇ ਕੀ ਫ਼ਾਇਦੇ ਹੋ ਸਕਦੇ ਹਨ?

18 ਜਦ ਅਸੀਂ ਆਪਣੇ ਇਲਾਕੇ ਵਿਚ ਲੋਕਾਂ ਨਾਲ ਬੜੇ ਹੀ ਪਿਆਰ ਨਾਲ ਪੇਸ਼ ਆਉਂਦੇ ਹਾਂ ਅਤੇ ਉਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਬਾਈਬਲ ਦੇ ਅਸੂਲਾਂ ’ਤੇ ਚੱਲਦੇ ਹਾਂ ਜਿਸ ਕਰਕੇ ਸਾਡੇ ਸਵਰਗੀ ਪਿਤਾ ਦੀ ਮਹਿਮਾ ਹੁੰਦੀ ਹੈ। (ਮੱਤੀ 5:16) ਜੇ ਅਸੀਂ ਲੋਕਾਂ ਨਾਲ ਆਦਰ ਨਾਲ ਪੇਸ਼ ਆਉਂਦੇ ਹਾਂ, ਤਾਂ ਸ਼ਾਇਦ ਬਹੁਤ ਸਾਰੇ ਲੋਕ ਸੱਚਾਈ ਬਾਰੇ ਸਿੱਖਣ ਲਈ ਤਿਆਰ ਹੋ ਜਾਣ। (1 ਤਿਮੋ. 4:16) ਭਾਵੇਂ ਲੋਕ ਸਾਡੀ ਗੱਲ ਸੁਣਨ ਜਾਂ ਨਾ ਸੁਣਨ, ਪਰ ਸਾਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਅਸੀਂ ਪੂਰੀ ਵਾਹ ਲਾ ਕੇ ਪ੍ਰਚਾਰ ਕਰਦੇ ਹਾਂ। (2 ਤਿਮੋ. 4:5) ਆਓ ਆਪਾਂ ਪੌਲੁਸ ਦੀ ਮਿਸਾਲ ’ਤੇ ਚੱਲਦੇ ਰਹੀਏ ਜਿਸ ਨੇ ਲਿਖਿਆ: “ਮੈਂ ਸਭ ਕੁਝ ਖ਼ੁਸ਼ ਖ਼ਬਰੀ ਦੀ ਖ਼ਾਤਰ ਕਰਦਾ ਹਾਂ ਤਾਂਕਿ ਮੈਂ ਇਹ ਖ਼ੁਸ਼ ਖ਼ਬਰੀ ਦੂਸਰਿਆਂ ਨੂੰ ਸੁਣਾ ਸਕਾਂ।” (1 ਕੁਰਿੰ. 9:23) ਇਸ ਲਈ ਆਓ ਆਪਾਂ ਪ੍ਰਚਾਰ ਕਰਦੇ ਵੇਲੇ ਹਮੇਸ਼ਾ ਉੱਤਮ ਅਸੂਲ ਨੂੰ ਲਾਗੂ ਕਰਦੇ ਰਹੀਏ।

^ ਪੇਰਗ੍ਰੈਫ 8 ਪੰਜਾਬੀ ਦੇ ਪਹਿਰਾਬੁਰਜ ਵਿਚ 9 ਤਜਰਬੇ ਛਪੇ ਹਨ।