Skip to content

Skip to table of contents

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

ਹੌਸਲਾ ਰੱਖੋ—ਯਹੋਵਾਹ ਤੁਹਾਡਾ ਸਹਾਰਾ ਹੈ!

ਹੌਸਲਾ ਰੱਖੋ—ਯਹੋਵਾਹ ਤੁਹਾਡਾ ਸਹਾਰਾ ਹੈ!

“ਅਸੀਂ ਪੂਰੇ ਹੌਸਲੇ ਨਾਲ ਕਹਿ ਸਕਦੇ ਹਾਂ: ‘ਯਹੋਵਾਹ ਮੇਰਾ ਸਹਾਰਾ ਹੈ।’”ਇਬ. 13:6.

1, 2. ਵਿਦੇਸ਼ਾਂ ਵਿਚ ਕੰਮ ਕਰਦੇ ਲੋਕਾਂ ਲਈ ਘਰ ਵਾਪਸ ਆਉਣਾ ਮੁਸ਼ਕਲ ਕਿਉਂ ਹੋ ਸਕਦਾ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

ਨਵੀਨ ਵਿਦੇਸ਼ ਵਿਚ ਚੰਗੀ-ਖ਼ਾਸੀ ਕਮਾਈ ਵਾਲੀ ਨੌਕਰੀ ਕਰਦਾ ਸੀ। ਫਿਰ ਉਹ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦੀ ਸਟੱਡੀ ਕਰਨ ਲੱਗਾ। ਉਸ ਨੇ ਸਿੱਖਿਆ ਕਿ ਉਸ ਦੇ ਪਰਿਵਾਰ ਨੂੰ ਪੈਸੇ ਨਾਲੋਂ ਜ਼ਿਆਦਾ ਉਸ ਦੀ ਲੋੜ ਸੀ। ਉਸ ਦਾ ਫ਼ਰਜ਼ ਬਣਦਾ ਸੀ ਕਿ ਉਹ ਘਰ ਵਾਪਸ ਜਾ ਕੇ ਆਪਣੇ ਪਰਿਵਾਰ ਦੀ ਦੇਖ-ਭਾਲ ਕਰੇ ਅਤੇ ਉਨ੍ਹਾਂ ਨਾਲ ਮਿਲ ਕੇ ਪਰਮੇਸ਼ੁਰ ਦੀ ਸੇਵਾ ਕਰੇ। ਇਸ ਲਈ ਉਸ ਨੇ ਵਾਪਸ ਘਰ ਜਾਣ ਦਾ ਫ਼ੈਸਲਾ ਲਿਆ। *ਅਫ਼. 6:4.

2 ਜਦ ਨਵੀਨ ਆਪਣੇ ਪਰਿਵਾਰ ਕੋਲ ਵਾਪਸ ਆਇਆ, ਤਾਂ ਉਸ ਨੂੰ ਪੂਰਾ ਯਕੀਨ ਸੀ ਕਿ ਯਹੋਵਾਹ ਉਸ ਤੋਂ ਬਹੁਤ ਖ਼ੁਸ਼ ਸੀ। ਪਰ ਇੱਦਾਂ ਕਰਨਾ ਨਵੀਨ ਲਈ ਸੌਖਾ ਨਹੀਂ ਸੀ ਕਿਉਂਕਿ ਉਸ ਨੂੰ ਆਪਣੇ ਪਰਿਵਾਰ ਨਾਲ ਦੁਬਾਰਾ ਰਿਸ਼ਤਾ ਮਜ਼ਬੂਤ ਕਰਨ ਲਈ ਕਾਫ਼ੀ ਸਮਾਂ ਲੱਗਣਾ ਸੀ। ਨਾਲੇ ਉਸ ਨੂੰ ਵਿਚ ਆਪਣੀ ਪਤਨੀ ਤੇ ਬੱਚਿਆਂ ਦੀ ਦੇਖ-ਭਾਲ ਕਰਨ ਲਈ ਸਖ਼ਤ ਮਿਹਨਤ ਕਰਨੀ ਪੈਣੀ ਸੀ। ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਤੋਰ ਸਕਦਾ ਸੀ? ਕੀ ਮੰਡਲੀ ਦੇ ਭੈਣ-ਭਰਾ ਉਸ ਦੀ ਮਦਦ ਕਰ ਸਕਦੇ ਸਨ?

ਯਹੋਵਾਹ ਤੇ ਪਰਿਵਾਰ ਨਾਲ ਰਿਸ਼ਤਾ ਮਜ਼ਬੂਤ ਕਰਨਾ

3. ਜਦ ਮਾਪੇ ਬੱਚਿਆਂ ਤੋਂ ਦੂਰ ਰਹਿੰਦੇ ਹਨ, ਤਾਂ ਇਸ ਦਾ ਬੱਚਿਆਂ ’ਤੇ ਕੀ ਅਸਰ ਪੈਂਦਾ ਹੈ?

3 ਨਵੀਨ ਮੰਨਦਾ ਹੈ: “ਜਦੋਂ ਮੇਰੇ ਬੱਚਿਆਂ ਨੂੰ ਮੇਰੀ ਸਭ ਤੋਂ ਜ਼ਿਆਦਾ ਲੋੜ ਸੀ ਉਦੋਂ ਮੈਂ ਉਨ੍ਹਾਂ ਨਾਲ ਨਹੀਂ ਸੀ। ਮੈਂ ਨਾ ਤਾਂ ਉਨ੍ਹਾਂ ਨੂੰ ਸਹੀ ਰਾਹ ਦਿਖਾ ਸਕਿਆ ਅਤੇ ਨਾ ਹੀ ਪਿਆਰ ਕਰ ਸਕਿਆ। ਮੈਂ ਉਨ੍ਹਾਂ ਨੂੰ ਬਾਈਬਲ ਦੀਆਂ ਕਹਾਣੀਆਂ ਪੜ੍ਹ ਕੇ ਨਹੀਂ ਸੁਣਾ ਸਕਿਆ, ਉਨ੍ਹਾਂ  ਨਾਲ ਪ੍ਰਾਰਥਨਾ ਨਹੀਂ ਕਰ ਸਕਿਆ, ਉਨ੍ਹਾਂ ਨੂੰ ਲਾਡ-ਪਿਆਰ ਨਹੀਂ ਕਰ ਸਕਿਆ ਅਤੇ ਨਾ ਹੀ ਉਨ੍ਹਾਂ ਨਾਲ ਹੱਸ-ਖੇਡ ਸਕਿਆ।” (ਬਿਵ. 6:7) ਉਸ ਦੀ ਵੱਡੀ ਧੀ ਮੰਜੂ ਯਾਦ ਕਰਦੀ ਹੈ: “ਮੈਨੂੰ ਘਰ ਵਿਚ ਪਾਪਾ ਦੀ ਕਮੀ ਬਹੁਤ ਮਹਿਸੂਸ ਹੁੰਦੀ ਸੀ। ਜਦ ਉਹ ਘਰ ਵਾਪਸ ਆਏ, ਤਾਂ ਮੈਨੂੰ ਇੰਨਾ ਤਾਂ ਪਤਾ ਸੀ ਕਿ ਉਹ ਮੇਰੇ ਪਾਪਾ ਹਨ, ਪਰ ਮੈਂ ਉਨ੍ਹਾਂ ਨੂੰ ਦਿਲੋਂ ਪਿਆਰ ਨਹੀਂ ਸੀ ਕਰਦੀ। ਜਦ ਉਹ ਮੈਨੂੰ ਗਲੇ ਲਾਉਂਦੇ ਸਨ, ਤਾਂ ਮੈਨੂੰ ਆਪਣਾਪਨ ਨਹੀਂ ਸੀ ਲੱਗਦਾ।”

4. ਜਦ ਇਕ ਪਿਤਾ ਆਪਣੇ ਪਰਿਵਾਰ ਤੋਂ ਦੂਰ ਰਹਿੰਦਾ ਹੈ, ਤਾਂ ਉਸ ਲਈ ਪਰਿਵਾਰ ਦੇ ਮੁਖੀ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਕਿਉਂ ਔਖੀਆਂ ਹੁੰਦੀਆਂ ਹਨ?

4 ਜੇ ਪਿਤਾ ਪਰਿਵਾਰ ਤੋਂ ਜ਼ਿਆਦਾ ਸਮੇਂ ਲਈ ਦੂਰ ਰਹੇਗਾ, ਤਾਂ ਉਸ ਲਈ ਪਰਿਵਾਰ ਦੇ ਮੁਖੀ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਜ਼ਿਆਦਾ ਔਖੀਆਂ ਹੋ ਜਾਣਗੀਆਂ। ਨਵੀਨ ਦੀ ਪਤਨੀ ਸੰਜਨਾ ਕਹਿੰਦੀ ਹੈ: “ਮੈਨੂੰ ਮਾਂ-ਬਾਪ ਦੋਨਾਂ ਦੀਆਂ ਜ਼ਿੰਮੇਵਾਰੀਆਂ ਸੰਭਾਲਣੀਆਂ ਪੈਂਦੀਆਂ ਸਨ। ਮੇਰੀ ਆਦਤ ਬਣ ਗਈ ਸੀ ਕਿ ਮੈਂ ਹੀ ਪਰਿਵਾਰ ਦੇ ਸਾਰੇ ਫ਼ੈਸਲੇ ਕਰਾਂ। ਪਰ ਜਦ ਮੇਰੇ ਪਤੀ ਘਰ ਵਾਪਸ ਆਏ, ਤਾਂ ਮੈਨੂੰ ਸਿੱਖਣਾ ਪਿਆ ਕਿ ਆਪਣੇ ਪਤੀ ਦੇ ਅਧੀਨ ਹੋਣ ਦਾ ਕੀ ਮਤਲਬ ਹੁੰਦਾ ਹੈ। ਹੁਣ ਵੀ ਕਦੀ-ਕਦੀ ਮੈਨੂੰ ਖ਼ੁਦ ਨੂੰ ਯਾਦ ਕਰਾਉਣਾ ਪੈਂਦਾ ਹੈ ਕਿ ਫ਼ੈਸਲੇ ਲੈਣ ਦੀ ਜ਼ਿੰਮੇਵਾਰੀ ਮੇਰੀ ਨਹੀਂ, ਸਗੋਂ ਉਨ੍ਹਾਂ ਦੀ ਹੈ।” (ਅਫ਼. 5:22, 23) ਨਵੀਨ ਕਹਿੰਦਾ ਹੈ: “ਮੇਰੀਆਂ ਧੀਆਂ ਕਿਸੇ ਕੰਮ ਦੀ ਇਜਾਜ਼ਤ ਲੈਣ ਲਈ ਸਿਰਫ਼ ਆਪਣੀ ਮੰਮੀ ਕੋਲ ਜਾਂਦੀਆਂ ਸਨ। ਇਸ ਲਈ ਸਾਨੂੰ ਦੋਵਾਂ ਨੂੰ ਅਹਿਸਾਸ ਹੋਇਆ ਕਿ ਬੱਚਿਆਂ ਲਈ ਇਹ ਸਮਝਣਾ ਜ਼ਰੂਰੀ ਸੀ ਕਿ ਮੰਮੀ-ਡੈਡੀ ਮਿਲ ਕੇ ਫ਼ੈਸਲੇ ਕਰਦੇ ਹਨ। ਨਾਲੇ ਮੈਨੂੰ ਸਿੱਖਣਾ ਪਿਆ ਕਿ ਮੈਂ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਬਾਈਬਲ ਮੁਤਾਬਕ ਕਿਵੇਂ ਨਿਭਾ ਸਕਦਾ ਹਾਂ।”

5. ਨਵੀਨ ਨੇ ਦੁਬਾਰਾ ਆਪਣੇ ਪਰਿਵਾਰ ਨਾਲ ਰਿਸ਼ਤਾ ਕਿਵੇਂ ਮਜ਼ਬੂਤ ਕੀਤਾ ਅਤੇ ਇਸ ਦਾ ਕੀ ਨਤੀਜਾ ਨਿਕਲਿਆ?

5 ਨਵੀਨ ਨੇ ਪੱਕਾ ਇਰਾਦਾ ਕੀਤਾ ਕਿ ਉਹ ਆਪਣੇ ਪਰਿਵਾਰ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰੇਗਾ ਅਤੇ ਯਹੋਵਾਹ ਦੇ ਨੇੜੇ ਆਉਣ ਵਿਚ ਵੀ ਉਨ੍ਹਾਂ ਦੀ ਮਦਦ ਕਰੇਗਾ। ਉਸ ਨੇ ਕਿਹਾ: “ਮੈਂ ਆਪਣੀ ਕਹਿਣੀ ਤੇ ਕਰਨੀ ਰਾਹੀਂ ਆਪਣੇ ਬੱਚਿਆਂ ਦੇ ਦਿਲਾਂ ਵਿਚ ਸੱਚਾਈ ਬਿਠਾਉਣੀ ਚਾਹੁੰਦਾ ਸੀ। ਮੈਂ ਸਿਰਫ਼ ਇਹ ਕਹਿਣਾ ਹੀ ਨਹੀਂ ਚਾਹੁੰਦਾ ਸੀ ਕਿ ਮੈਂ ਯਹੋਵਾਹ ਨੂੰ ਪਿਆਰ ਕਰਦਾ ਹਾਂ, ਸਗੋਂ ਆਪਣੇ ਕੰਮਾਂ ਰਾਹੀਂ ਇਸ ਦਾ ਸਬੂਤ ਦੇਣਾ ਚਾਹੁੰਦਾ ਸੀ।” (1 ਯੂਹੰ. 3:18) ਕੀ ਯਹੋਵਾਹ ਨੇ ਨਵੀਨ ਦੀਆਂ ਕੋਸ਼ਿਸ਼ਾਂ ’ਤੇ ਬਰਕਤ ਪਾਈ? ਮੰਜੂ ਦੱਸਦੀ ਹੈ: “ਪਾਪਾ ਇਕ ਚੰਗੇ ਪਿਤਾ ਬਣਨ ਦੀ ਪੂਰੀ ਕੋਸ਼ਿਸ਼ ਕਰ ਰਹੇ ਸਨ ਅਤੇ ਸਾਨੂੰ ਦਿਲੋਂ ਪਿਆਰ ਦਿਖਾ ਰਹੇ ਸਨ ਜਿਸ ਦਾ ਸਾਡੇ ’ਤੇ ਗਹਿਰਾ ਅਸਰ ਪਿਆ। ਉਹ ਮੰਡਲੀ ਵਿਚ ਜ਼ਿੰਮੇਵਾਰੀਆਂ ਸੰਭਾਲਣ ਲਈ ਵੀ ਮਿਹਨਤ ਕਰ ਰਹੇ ਸਨ ਅਤੇ ਇਹ ਦੇਖ ਕੇ ਸਾਨੂੰ ਉਨ੍ਹਾਂ ’ਤੇ ਬੜਾ ਮਾਣ ਹੋਇਆ। ਹਾਲਾਂਕਿ ਇਹ ਦੁਨੀਆਂ ਸਾਨੂੰ ਯਹੋਵਾਹ ਤੋਂ ਦੂਰ ਲੈ ਜਾਣ ਲਈ ਆਪਣੇ ਵੱਲ ਖਿੱਚ ਰਹੀ ਸੀ, ਪਰ ਮੰਮੀ-ਡੈਡੀ ਨੂੰ ਪਰਮੇਸ਼ੁਰ ਦੀ ਸੇਵਾ ਵਿਚ ਲੱਗਿਆਂ ਦੇਖ ਕੇ ਸਾਡਾ ਵੀ ਦਿਲ ਕਰਦਾ ਸੀ ਕਿ ਅਸੀਂ ਉਨ੍ਹਾਂ ਦੀ ਰੀਸ ਕਰੀਏ। ਪਾਪਾ ਨੇ ਵਾਅਦਾ ਕੀਤਾ ਕਿ ਉਹ ਸਾਨੂੰ ਦੁਬਾਰਾ ਕਦੇ ਛੱਡ ਕੇ ਨਹੀਂ ਜਾਣਗੇ ਅਤੇ ਉਨ੍ਹਾਂ ਨੇ ਆਪਣਾ ਇਹ ਵਾਅਦਾ ਨਿਭਾਇਆ ਵੀ। ਜੇ ਉਹ ਸਾਨੂੰ ਛੱਡ ਕੇ ਚਲੇ ਜਾਂਦੇ, ਤਾਂ ਸ਼ਾਇਦ ਅੱਜ ਮੈਂ ਯਹੋਵਾਹ ਦੇ ਸੰਗਠਨ ਵਿਚ ਨਾ ਹੁੰਦੀ।”

ਆਪਣਾ ਕਸੂਰ ਮੰਨੋ

6. ਬਾਲਕਨ ਦੇਸ਼ਾਂ ਵਿਚ ਲੜਾਈ ਦੇ ਸਮੇਂ ਦੌਰਾਨ ਕੁਝ ਮਾਪਿਆਂ ਨੇ ਕੀ ਸਿੱਖਿਆ?

6 ਬੱਚੇ ਚਾਹੁੰਦੇ ਹਨ ਕਿ ਮਾਪੇ ਉਨ੍ਹਾਂ ਨਾਲ ਸਮਾਂ ਬਿਤਾਉਣ। ਕੁਝ ਤਜਰਬਿਆਂ ਤੋਂ ਪਤਾ ਲੱਗਦਾ ਹੈ ਕਿ ਯੂਰਪ ਦੇ ਬਾਲਕਨ ਦੇਸ਼ਾਂ ਵਿਚ ਲੜਾਈ ਲੱਗੀ ਹੋਣ ਦੇ ਬਾਵਜੂਦ ਵੀ ਯਹੋਵਾਹ ਦੇ ਗਵਾਹਾਂ ਦੇ ਬੱਚੇ ਖ਼ੁਸ਼ ਸਨ। ਕਿਉਂ? ਲੜਾਈ ਕਰਕੇ ਮਾਪੇ ਕੰਮ ’ਤੇ ਨਹੀਂ ਜਾ ਸਕਦੇ ਸਨ ਜਿਸ ਕਾਰਨ ਉਹ ਆਪਣੇ ਬੱਚਿਆਂ ਨਾਲ ਘਰੇ ਰਹਿੰਦੇ ਸਨ। ਉਹ ਉਨ੍ਹਾਂ ਨਾਲ ਖੇਡਦੇ, ਗੱਲਾਂ ਕਰਦੇ ਅਤੇ ਬਾਈਬਲ ਦੀ ਸਟੱਡੀ ਕਰਦੇ ਸਨ। ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਬੱਚੇ ਪੈਸੇ ਅਤੇ ਤੋਹਫ਼ਿਆਂ ਨਾਲੋਂ ਜ਼ਿਆਦਾ ਆਪਣੇ ਮਾਪਿਆਂ ਦਾ ਪਿਆਰ ਚਾਹੁੰਦੇ ਹਨ। ਬਾਈਬਲ ਵੀ ਇਹੀ ਕਹਿੰਦੀ ਹੈ ਕਿ ਜੇ ਮਾਪੇ ਆਪਣੇ ਬੱਚਿਆਂ ਨੂੰ ਸਮਾਂ ਅਤੇ ਧਿਆਨ ਦੇਣਗੇ, ਤਾਂ ਬੱਚੇ ਚੰਗੀ ਤਰ੍ਹਾਂ ਵਧ-ਫੁੱਲ ਸਕਣਗੇ।ਕਹਾ. 22:6.

7, 8. (ੳ) ਵਿਦੇਸ਼ਾਂ ਤੋਂ ਵਾਪਸ ਆਉਣ ਤੋਂ ਬਾਅਦ ਕੁਝ ਮਾਪੇ ਹੈਰਾਨ ਕਿਉਂ ਹੁੰਦੇ ਹਨ? (ਅ) ਮਾਪੇ ਬੱਚਿਆਂ ਨਾਲ ਆਪਣੇ ਰਿਸ਼ਤੇ ਨੂੰ ਕਿਵੇਂ ਮਜ਼ਬੂਤ ਕਰ ਸਕਦੇ ਹਨ?

7 ਜਦ ਕੁਝ ਮਾਪੇ ਵਿਦੇਸ਼ਾਂ ਤੋਂ ਘਰ ਵਾਪਸ ਆਉਂਦੇ ਹਨ, ਤਾਂ ਉਹ ਆਪਣੇ ਪਰਿਵਾਰ ਦੇ ਹਾਲਾਤ ਦੇਖ ਕੇ ਹੱਕੇ-ਬੱਕੇ ਰਹਿ ਜਾਂਦੇ ਹਨ। ਕਿਉਂ? ਕਿਉਂਕਿ ਕੁਝ ਬੱਚਿਆਂ ਦੇ ਮਨ ਵਿਚ ਮਾਪਿਆਂ ਖ਼ਿਲਾਫ਼ ਬੜੇ ਗਿਲੇ-ਸ਼ਿਕਵੇ ਹੁੰਦੇ ਹਨ ਜਾਂ ਉਹ ਇੱਦਾਂ ਪੇਸ਼ ਆਉਂਦੇ ਹਨ ਜਿੱਦਾਂ ਉਨ੍ਹਾਂ ਨੂੰ ਮੰਮੀ ਜਾਂ ਡੈਡੀ ਦੇ ਘਰ ਵਾਪਸ ਆਉਣ ਦੀ ਕੋਈ ਪਰਵਾਹ ਨਹੀਂ। ਇਹ ਦੇਖ ਕੇ ਮਾਪੇ ਸ਼ਾਇਦ ਬੱਚੇ ਨੂੰ ਕਹਿਣ: “ਮੈਂ ਤੇਰੇ ਲਈ ਕੀ ਕੁਝ ਨਹੀਂ ਕੀਤਾ? ਤੂੰ ਇੰਨਾ ਨਾਸ਼ੁਕਰਾ ਕਿੱਦਾਂ ਹੋ ਗਿਆ?” ਪਰ ਸੱਚ ਤਾਂ ਇਹ ਹੈ ਕਿ ਮਾਂ ਜਾਂ ਬਾਪ ਦੇ ਵਿਦੇਸ਼ ਜਾਣ ਨਾਲ ਬੱਚਿਆਂ ਦੇ ਦਿਲਾਂ ’ਤੇ ਗਹਿਰੀ ਸੱਟ ਲੱਗਦੀ ਹੈ। ਸੋ ਮਾਪੇ ਇਸ ਦਰਾੜ ਨੂੰ ਕਿਵੇਂ ਭਰ ਸਕਦੇ ਹਨ?

8 ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਉਹ ਪਰਿਵਾਰ ਦੇ ਮੈਂਬਰਾਂ ਦੇ ਜਜ਼ਬਾਤਾਂ ਨੂੰ ਸਮਝਣ ਵਿਚ ਤੁਹਾਡੀ ਮਦਦ ਕਰੇ। ਫਿਰ ਆਪਣੇ ਪਰਿਵਾਰ ਨਾਲ ਗੱਲ ਕਰਦੇ ਹੋਏ ਕਬੂਲ ਕਰੋ ਕਿ ਰਿਸ਼ਤਿਆਂ ਵਿਚ ਆਈਆਂ ਦੂਰੀਆਂ ਲਈ ਕੁਝ ਹੱਦ ਤਕ ਤੁਸੀਂ ਜ਼ਿੰਮੇਵਾਰ ਹੋ। ਤੁਹਾਡੇ ਦਿਲੋਂ ਮਾਫ਼ੀ ਮੰਗਣ ਨਾਲ ਸ਼ਾਇਦ ਉਨ੍ਹਾਂ ਦਾ ਸੁਭਾਅ  ਹੌਲੀ-ਹੌਲੀ ਬਦਲ ਜਾਵੇ। ਜਦ ਤੁਹਾਡਾ ਜੀਵਨ ਸਾਥੀ ਅਤੇ ਬੱਚੇ ਦੇਖਦੇ ਹਨ ਕਿ ਤੁਸੀਂ ਰਿਸ਼ਤਿਆਂ ਨੂੰ ਸੁਧਾਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹੋ, ਤਾਂ ਉਹ ਸਮਝਣਗੇ ਕਿ ਤੁਸੀਂ ਦਿਲੋਂ ਚਾਹੁੰਦੇ ਹੋ ਕਿ ਸਾਰਾ ਪਰਿਵਾਰ ਖ਼ੁਸ਼ ਰਹੇ। ਜੇ ਤੁਸੀਂ ਧੀਰਜ ਰੱਖੋ ਅਤੇ ਹੌਸਲਾ ਨਾ ਹਾਰੋ, ਤਾਂ ਸ਼ਾਇਦ ਤੁਹਾਡਾ ਪਰਿਵਾਰ ਹੌਲੀ-ਹੌਲੀ ਤੁਹਾਨੂੰ ਪਿਆਰ ਅਤੇ ਤੁਹਾਡੀ ਇੱਜ਼ਤ ਕਰਨ ਲੱਗ ਪਵੇ।

‘ਆਪਣਿਆਂ ਦਾ ਧਿਆਨ ਰੱਖੋ’

9. ‘ਆਪਣਿਆਂ ਦਾ ਧਿਆਨ ਰੱਖਣ’ ਲਈ ਸਾਨੂੰ ਕੀ ਨਹੀਂ ਕਰਨਾ ਚਾਹੀਦਾ ਅਤੇ ਕਿਉਂ?

9 ਪੌਲੁਸ ਰਸੂਲ ਨੇ ਸਮਝਾਇਆ ਸੀ ਕਿ ਜਦ ਸਿਆਣੇ ਭੈਣ-ਭਰਾ ਆਪਣੀਆਂ ਲੋੜਾਂ ਆਪ ਪੂਰੀਆਂ ਨਹੀਂ ਕਰ ਪਾਉਂਦੇ, ਤਾਂ ਉਨ੍ਹਾਂ ਦੇ ਬੱਚਿਆਂ ਤੇ ਦੋਹਤੇ-ਪੋਤਿਆਂ ਨੂੰ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। ਪਰ ਪੌਲੁਸ ਨੇ ਇਹ ਵੀ ਕਿਹਾ ਕਿ ਸਾਰੇ ਮਸੀਹੀਆਂ ਨੂੰ ਰੋਟੀ, ਕੱਪੜਾ ਤੇ ਮਕਾਨ ਵਰਗੀਆਂ ਲੋੜਾਂ ਨਾਲ ਸੰਤੁਸ਼ਟ ਹੋਣਾ ਚਾਹੀਦਾ ਹੈ। ਸਾਨੂੰ ਹੋਰ ਪੈਸੇ ਜਾਂ ਚੀਜ਼ਾਂ ਇਕੱਠੀਆਂ ਕਰਨ ਦੇ ਚੱਕਰਾਂ ਵਿਚ ਨਹੀਂ ਪੈਣਾ ਚਾਹੀਦਾ। (1 ਤਿਮੋਥਿਉਸ 5:4, 8; 6:6-10 ਪੜ੍ਹੋ।) ਇਹ ਦੁਨੀਆਂ ਤਾਂ ਬਹੁਤ ਜਲਦ ਖ਼ਤਮ ਹੋਣ ਵਾਲੀ ਹੈ, ਇਸ ਲਈ ‘ਆਪਣਿਆਂ ਦਾ ਧਿਆਨ ਰੱਖਣ’ ਲਈ ਇਕ ਮਸੀਹੀ ਨੂੰ ਇਸ ਦੁਨੀਆਂ ਵਿਚ ਅਮੀਰ ਬਣਨ ਦੇ ਸੁਪਨੇ ਨਹੀਂ ਦੇਖਣੇ ਚਾਹੀਦੇ। (1 ਯੂਹੰ. 2:15-17) “ਧਨ ਦੀ ਧੋਖਾ ਦੇਣ ਵਾਲੀ ਤਾਕਤ” ਜਾਂ “ਜ਼ਮਾਨੇ ਵਿਚ ਜ਼ਿੰਦਗੀ ਦੀਆਂ ਚਿੰਤਾਵਾਂ” ਕਰਕੇ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਮਿਲਣ ਵਾਲੀ ਜ਼ਿੰਦਗੀ ਸਾਡੇ ਹੱਥੋਂ ਨਿਕਲ ਸਕਦੀ ਹੈ। ਇਸ ਲਈ ਆਓ ਆਪਾਂ ਖ਼ਬਰਦਾਰ ਰਹੀਏ ਅਤੇ ‘ਅਸਲੀ ਜ਼ਿੰਦਗੀ ਨੂੰ ਘੁੱਟ ਕੇ ਫੜੀ’ ਰੱਖੀਏ।ਮਰ. 4:19; ਲੂਕਾ 21:34-36; 1 ਤਿਮੋ. 6:19.

10. ਕਰਜ਼ਾ ਨਾ ਲੈਣਾ ਅਕਲਮੰਦੀ ਕਿਉਂ ਹੈ?

10 ਯਹੋਵਾਹ ਜਾਣਦਾ ਹੈ ਕਿ ਸਾਨੂੰ ਆਪਣੇ ਗੁਜ਼ਾਰੇ ਲਈ ਥੋੜ੍ਹੇ-ਬਹੁਤੇ ਪੈਸੇ ਦੀ ਲੋੜ ਹੈ। ਪਰ ਜਿੱਦਾਂ ਯਹੋਵਾਹ ਤੋਂ ਮਿਲਦੀ ਬੁੱਧ ਸਾਡੀ ਹਿਫਾਜ਼ਤ ਤੇ ਮਦਦ ਕਰ ਸਕਦੀ ਹੈ, ਉੱਦਾਂ ਪੈਸਾ ਨਹੀਂ ਕਰ ਸਕਦਾ। (ਉਪ. 7:12; ਲੂਕਾ 12:15) ਕਈ ਵਾਰ ਲੋਕਾਂ ਨੂੰ ਅਹਿਸਾਸ ਨਹੀਂ ਹੁੰਦਾ ਕਿ ਵਿਦੇਸ਼ਾਂ ਵਿਚ ਕੰਮ ਕਰਨ ਲਈ ਉਨ੍ਹਾਂ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ। ਬਾਹਰਲੇ ਦੇਸ਼ਾਂ ਵਿਚ ਜਾਣਾ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਕਿ ਤੁਸੀਂ ਉੱਥੇ ਜਾ ਕੇ ਪੈਸੇ ਕਮਾ ਲਓਗੇ। ਇਸ ਦੀ ਬਜਾਇ ਉੱਥੇ ਜਾ ਕੇ ਤੁਸੀਂ ਹੋਰ ਮੁਸ਼ਕਲਾਂ ਵਿਚ ਫਸ ਸਕਦੇ ਹੋ ਕਿਉਂਕਿ ਵਿਦੇਸ਼ਾਂ ਤੋਂ ਵਾਪਸ ਆਏ ਕਈ ਲੋਕਾਂ ਦੇ ਸਿਰਾਂ ’ਤੇ ਹੋਰ ਕਰਜ਼ਾ ਚੜ੍ਹਿਆ ਹੁੰਦਾ ਹੈ। ਪਰਮੇਸ਼ੁਰ ਦੀ ਸੇਵਾ ਵਿਚ ਹੋਰ ਸਮਾਂ ਲਾਉਣ ਦੀ ਬਜਾਇ ਉਹ ਆਪਣੇ ਕਰਜ਼ਦਾਰਾਂ ਦੇ ਗ਼ੁਲਾਮ ਬਣ ਕੇ ਰਹਿ ਜਾਂਦੇ ਹਨ। (ਕਹਾਉਤਾਂ 22:7 ਪੜ੍ਹੋ।) ਇਸ ਲਈ ਅਕਲਮੰਦੀ ਦੀ ਗੱਲ ਹੈ ਕਿ ਤੁਸੀਂ ਕਿਸੇ ਦੇ ਕਰਜ਼ਦਾਰ ਨਾ ਬਣੋ।

11. ਬਜਟ ਬਣਾਉਣ ਨਾਲ ਪਰਿਵਾਰ ਦੀ ਕਿਵੇਂ ਮਦਦ ਹੁੰਦੀ ਹੈ?

11 ਨਵੀਨ ਜਾਣਦਾ ਸੀ ਕਿ ਘਰ ਵਾਪਸ ਆਉਣ ਤੋਂ ਬਾਅਦ ਉਸ ਨੂੰ ਆਪਣੇ ਪਰਿਵਾਰ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰਨ ਲਈ ਧਿਆਨ ਨਾਲ ਖ਼ਰਚਾ ਕਰਨ ਦੀ ਲੋੜ ਸੀ। ਇਸ ਲਈ ਉਸ ਨੇ ਆਪਣੀ ਪਤਨੀ ਨਾਲ ਬੈਠ ਕੇ ਬਜਟ ਬਣਾਇਆ ਅਤੇ ਫ਼ੈਸਲਾ ਕੀਤਾ ਕਿ ਉਹ ਫਾਲਤੂ ਖ਼ਰਚਾ ਨਹੀਂ ਕਰਨਗੇ। ਹੁਣ ਉਹ ਬਹੁਤ ਸੋਚ-ਸਮਝ ਕੇ ਖ਼ਰਚਾ ਕਰਦੇ ਸਨ ਕਿਉਂਕਿ ਉਨ੍ਹਾਂ ਕੋਲ ਪਹਿਲਾਂ ਨਾਲੋਂ ਘੱਟ ਪੈਸੇ ਸਨ। ਇਸ ਮਾਮਲੇ ਵਿਚ ਬੱਚਿਆਂ ਨੇ ਮਾਪਿਆਂ ਦਾ ਸਾਥ ਦਿੱਤਾ ਅਤੇ ਉਨ੍ਹਾਂ ਨੇ ਵਾਧੂ ਚੀਜ਼ਾਂ ’ਤੇ ਖ਼ਰਚਾ ਨਹੀਂ ਕੀਤਾ। * ਨਵੀਨ ਕਹਿੰਦਾ ਹੈ: “ਮਿਸਾਲ ਲਈ, ਮੈਂ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਤੋਂ ਹਟਾ ਕੇ ਚੰਗੇ ਸਰਕਾਰੀ ਸਕੂਲ ਵਿਚ ਪਾ ਦਿੱਤਾ।” ਸਾਰੇ ਪਰਿਵਾਰ ਨੇ ਪ੍ਰਾਰਥਨਾ ਕੀਤੀ ਕਿ ਨਵੀਨ ਨੂੰ ਅਜਿਹਾ ਕੰਮ ਲੱਭੇ ਜਿਸ ਕਰਕੇ ਉਹ ਪਰਿਵਾਰ ਨਾਲ ਮਿਲ ਕੇ ਸਾਰੀਆਂ ਮੀਟਿੰਗਾਂ ਅਤੇ ਪ੍ਰਚਾਰ ਵਿਚ ਜਾ ਸਕੇ। ਯਹੋਵਾਹ ਨੇ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਕਿਵੇਂ ਦਿੱਤਾ?

12, 13. ਨਵੀਨ ਨੇ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਕੀ ਕੀਤਾ ਅਤੇ ਯਹੋਵਾਹ ਨੇ ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਦਿੱਤੀਆਂ?

12 ਨਵੀਨ ਦੱਸਦਾ ਹੈ: “ਪਹਿਲੇ ਦੋ ਸਾਲਾਂ ਤਕ ਸਾਡੇ ਲਈ ਗੁਜ਼ਾਰਾ ਤੋਰਨਾ ਬਹੁਤ ਔਖਾ ਸੀ। ਮੇਰੇ ਜਮ੍ਹਾ ਕੀਤੇ ਹੋਏ ਪੈਸੇ ਖ਼ਤਮ ਹੁੰਦੇ ਜਾ ਰਹੇ ਸਨ ਅਤੇ ਮੇਰੀ ਤਨਖ਼ਾਹ ਨਾਲ ਘਰ ਦੇ ਖ਼ਰਚੇ ਪੂਰੇ ਨਹੀਂ ਸੀ ਹੁੰਦੇ। ਨਾਲੇ ਕੰਮ ਤੋਂ ਬਾਅਦ ਮੈਂ ਬਹੁਤ ਥੱਕਿਆ ਹੁੰਦਾ ਸੀ। ਪਰ ਇਸ ਦੇ ਬਾਵਜੂਦ ਅਸੀਂ ਸਾਰੀਆਂ ਮੀਟਿੰਗਾਂ ਅਤੇ ਪ੍ਰਚਾਰ ਵਿਚ ਇਕੱਠੇ ਜਾਂਦੇ ਸੀ।” ਨਵੀਨ ਨੇ ਆਪਣਾ ਮਨ ਬਣਾ ਲਿਆ ਸੀ ਕਿ ਉਹ ਅਜਿਹੀ ਨੌਕਰੀ ਨਹੀਂ ਕਰੇਗਾ ਜਿਸ ਕਾਰਨ ਉਸ ਨੂੰ ਮਹੀਨਿਆਂ ਜਾਂ ਸਾਲਾਂ ਤਾਈਂ ਆਪਣੇ ਪਰਿਵਾਰ ਤੋਂ ਦੂਰ ਰਹਿਣਾ ਪਵੇ। ਉਹ ਕਹਿੰਦਾ ਹੈ: “ਮੈਂ ਵੱਖ-ਵੱਖ ਕੰਮ-ਧੰਦੇ ਕਰਨੇ ਸਿੱਖੇ ਤਾਂਕਿ ਜੇ ਮੈਨੂੰ ਇਕ ਕੰਮ ਨਹੀਂ ਸੀ ਮਿਲਦਾ, ਤਾਂ ਮੈਂ ਕੋਈ ਹੋਰ ਕੰਮ ਕਰ ਸਕਦਾ ਸੀ।”

ਕੀ ਤੁਸੀਂ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਵੱਖ-ਵੱਖ ਕੰਮ-ਧੰਦੇ ਸਿੱਖ ਸਕਦੇ ਹੋ? (ਪੈਰਾ 12 ਦੇਖੋ)

13 ਨਵੀਨ ਨੂੰ ਆਪਣਾ ਕਰਜ਼ਾ ਚੁਕਾਉਣ ਵਿਚ ਕਾਫ਼ੀ ਸਮਾਂ ਲੱਗਾ ਜਿਸ ਕਰਕੇ ਉਸ ਨੂੰ ਬਹੁਤ ਵਿਆਜ ਦੇਣਾ ਪਿਆ। ਪਰ ਯਹੋਵਾਹ ਦੀ ਮਰਜ਼ੀ ਮੁਤਾਬਕ ਆਪਣੇ ਪਰਿਵਾਰ ਨਾਲ ਰਹਿਣ ਲਈ ਉਹ ਕੋਈ ਵੀ ਕੀਮਤ ਚੁਕਾਉਣ ਲਈ ਤਿਆਰ ਸੀ। ਉਹ ਕਹਿੰਦਾ ਹੈ: “ਜਿੰਨਾ ਪੈਸਾ ਮੈਂ ਵਿਦੇਸ਼ ਵਿਚ ਕਮਾਉਂਦਾ ਸੀ, ਹੁਣ ਮੈਂ ਉਸ ਦੇ ਦਸਵੇਂ ਹਿੱਸੇ ਤੋਂ ਵੀ ਘੱਟ ਕਮਾਉਂਦਾ ਹਾਂ, ਪਰ ਅਸੀਂ ਭੁੱਖੇ ਨਹੀਂ ਮਰਦੇ। ਜੀ ਹਾਂ, ‘ਯਹੋਵਾਹ ਦਾ ਹੱਥ ਛੋਟਾ ਨਹੀਂ।’ ਅਸੀਂ ਪਾਇਨੀਅਰਿੰਗ ਵੀ ਕਰਨ ਦਾ ਫ਼ੈਸਲਾ ਕੀਤਾ।” ਕਮਾਲ ਦੀ ਗੱਲ ਇਹ ਹੈ ਕਿ ਉਸ ਤੋਂ ਕੁਝ ਹੀ ਸਮੇਂ ਬਾਅਦ ਦੇਸ਼ ਦੀ ਆਰਥਿਕ ਹਾਲਤ ਸੁਧਰਨ ਲੱਗੀ ਅਤੇ ਉਸ ਲਈ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਨਾ ਪਹਿਲਾਂ ਨਾਲੋਂ ਸੌਖਾ ਹੋ ਗਿਆ।ਯਸਾ. 59:1.

 ਰਿਸ਼ਤੇਦਾਰਾਂ ਤੋਂ ਦਬਾਅ ਦਾ ਸਾਮ੍ਹਣਾ ਕਰਨਾ

14, 15. ਜੇ ਸਾਡੇ ਰਿਸ਼ਤੇਦਾਰ ਯਹੋਵਾਹ ਦੀ ਸੇਵਾ ਕਰਨ ਦੀ ਬਜਾਇ ਸਾਡੇ ’ਤੇ ਪੈਸੇ ਕਮਾਉਣ ਦਾ ਜ਼ੋਰ ਪਾਉਂਦੇ ਹਨ, ਤਾਂ ਅਸੀਂ ਕੀ ਕਰ ਸਕਦੇ ਹਾਂ? ਬਾਈਬਲ ਦੇ ਅਸੂਲਾਂ ਮੁਤਾਬਕ ਚੱਲਣ ਦਾ ਕੀ ਨਤੀਜਾ ਨਿਕਲ ਸਕਦਾ ਹੈ?

14 ਕਈ ਥਾਵਾਂ ਵਿਚ ਰਿਵਾਜ ਹੈ ਕਿ ਲੋਕ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਪੈਸੇ ਤੇ ਤੋਹਫ਼ੇ ਦਿੰਦੇ ਹਨ। ਨਵੀਨ ਕਹਿੰਦਾ ਹੈ: “ਸਾਡੇ ਸਭਿਆਚਾਰ ਵਿਚ ਇਹ ਜ਼ਰੂਰੀ ਹੈ ਕਿ ਅਸੀਂ ਇਕ-ਦੂਜੇ ਨੂੰ ਤੋਹਫ਼ੇ ਦੇਈਏ ਜਿਸ ਤੋਂ ਸਾਨੂੰ ਖ਼ੁਸ਼ੀ ਮਿਲਦੀ ਹੈ। ਫਿਰ ਵੀ ਸਾਨੂੰ ਦੇਖਣਾ ਪੈਂਦਾ ਹੈ ਕਿ ਅਸੀਂ ਕਿੰਨਾ ਕੁ ਦੇ ਸਕਦੇ ਹਾਂ। ਇਸ ਲਈ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਪਿਆਰ ਨਾਲ ਸਮਝਾਇਆ ਕਿ ਮੈਂ ਆਪਣੀ ਹੈਸੀਅਤ ਮੁਤਾਬਕ ਉਨ੍ਹਾਂ ਦੀ ਮਦਦ ਕਰਾਂਗਾ। ਪਰ ਪਹਿਲਾਂ ਮੈਂ ਯਹੋਵਾਹ ਪਰਮੇਸ਼ੁਰ ਨੂੰ ਖ਼ੁਸ਼ ਕਰਾਂਗਾ ਅਤੇ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਾਂਗਾ।”

15 ਜਿਹੜੇ ਭੈਣ-ਭਰਾ ਵਿਦੇਸ਼ਾਂ ਤੋਂ ਘਰ ਵਾਪਸ ਆਉਂਦੇ ਹਨ ਜਾਂ ਆਪਣੇ ਪਰਿਵਾਰਾਂ ਨੂੰ ਛੱਡ ਕੇ ਵਿਦੇਸ਼ ਜਾਣ ਤੋਂ ਇਨਕਾਰ ਕਰਦੇ ਹਨ, ਉਨ੍ਹਾਂ ਨੂੰ ਅਕਸਰ ਰਿਸ਼ਤੇਦਾਰਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਹਨ ਜਾਂ ਉਨ੍ਹਾਂ ਦੀ ਨਾਰਾਜ਼ਗੀ ਸਹਿਣੀ ਪੈਂਦੀ ਹੈ। ਉਨ੍ਹਾਂ ਦੇ ਕੁਝ ਰਿਸ਼ਤੇਦਾਰ ਸ਼ਾਇਦ ਇਹ ਕਹਿਣ ਕਿ ਉਹ ਖ਼ੁਦਗਰਜ਼ ਹਨ ਤੇ ਆਪਣੇ ਪਰਿਵਾਰ ਨੂੰ ਪਿਆਰ ਨਹੀਂ ਕਰਦੇ। (ਕਹਾ. 19:6, 7) ਨਵੀਨ ਦੀ ਧੀ ਮੰਜੂ ਕਹਿੰਦੀ ਹੈ ਕਿ ‘ਜਦ ਅਸੀਂ ਪੈਸੇ ਦੀ ਬਜਾਇ ਯਹੋਵਾਹ ਦੀ ਭਗਤੀ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਹਾਂ, ਤਾਂ ਸ਼ਾਇਦ ਇਕ ਦਿਨ ਸਾਡੇ ਰਿਸ਼ਤੇਦਾਰ ਸਮਝ ਜਾਣ ਕਿ ਅਸੀਂ ਯਹੋਵਾਹ ਨੂੰ ਕਿੰਨਾ ਪਿਆਰ ਕਰਦੇ ਹਾਂ। ਪਰ ਜੇ ਅਸੀਂ ਉਨ੍ਹਾਂ ਦੀ ਹਰ ਗੱਲ ਵਿਚ ਹਾਂ ਨਾਲ ਹਾਂ ਮਿਲਾਉਂਦੇ ਹਾਂ, ਤਾਂ ਉਹ ਇਹ ਕਿੱਦਾਂ ਸਮਝਣਗੇ ਕਿ ਸਾਡੇ ਲਈ ਬਾਈਬਲ ਦੇ ਅਸੂਲਾਂ ਮੁਤਾਬਕ ਚੱਲਣਾ ਬਹੁਤ ਜ਼ਰੂਰੀ ਹੈ?’1 ਪਤਰਸ 3:1, 2 ਵਿਚ ਨੁਕਤਾ ਦੇਖੋ।

ਪਰਮੇਸ਼ੁਰ ’ਤੇ ਆਪਣੀ ਨਿਹਚਾ ਦਾ ਸਬੂਤ ਦਿਓ

16. (ੳ) ਇਕ ਇਨਸਾਨ “ਆਪਣੀਆਂ ਝੂਠੀਆਂ ਦਲੀਲਾਂ ਨਾਲ ਆਪਣੇ ਆਪ ਨੂੰ ਧੋਖਾ” ਕਿਵੇਂ ਦੇ ਸਕਦਾ ਹੈ? (ਯਾਕੂ. 1:22) (ਅ) ਯਹੋਵਾਹ ਸਾਡੇ ਕਿਹੜੇ ਫ਼ੈਸਲਿਆਂ ’ਤੇ ਬਰਕਤ ਪਾਉਂਦਾ ਹੈ?

16 ਇਕ ਭੈਣ ਆਪਣੇ ਪਤੀ ਤੇ ਬੱਚਿਆਂ ਨੂੰ ਛੱਡ ਕੇ ਪੈਸੇ ਕਮਾਉਣ ਲਈ ਕਿਸੇ ਹੋਰ ਦੇਸ਼ ਵਿਚ ਗਈ ਅਤੇ ਉਸ ਨੇ ਉੱਥੇ ਦੇ ਬਜ਼ੁਰਗਾਂ ਨੂੰ ਕਿਹਾ: “ਮੇਰੇ ਪਰਿਵਾਰ ਨੇ ਕਈ ਕੁਰਬਾਨੀਆਂ ਕੀਤੀਆਂ ਤਾਂਕਿ ਮੈਂ ਇੱਥੇ ਆ ਸਕਾਂ। ਇੰਨਾ ਹੀ ਨਹੀਂ, ਮੇਰੇ ਪਤੀ ਨੇ ਮੰਡਲੀ ਵਿਚ ਬਜ਼ੁਰਗ ਵਜੋਂ ਸੇਵਾ ਕਰਨੀ ਵੀ ਛੱਡ ਦਿੱਤੀ। ਸੋ ਮੈਂ ਉਮੀਦ ਕਰਦੀ ਹਾਂ ਕਿ ਯਹੋਵਾਹ ਮੇਰੇ ਇਸ ਫ਼ੈਸਲੇ ’ਤੇ ਬਰਕਤ ਪਾਵੇ।” ਪਰ ਕੀ ਅਸੀਂ ਯਹੋਵਾਹ ਤੋਂ ਬਰਕਤਾਂ ਪਾਉਣ ਦੀ ਉਮੀਦ ਰੱਖ ਸਕਦੇ ਹਾਂ ਜੇ ਅਸੀਂ ਉਸ ਦੀ ਮਰਜ਼ੀ ਖ਼ਿਲਾਫ਼ ਜਾ ਕੇ ਕੋਈ ਫ਼ੈਸਲਾ ਕਰਦੇ ਹਾਂ ਅਤੇ ਉਸ ਦੀ ਸੇਵਾ ਵਿਚ ਮਿਲੇ ਸਨਮਾਨ ਬਿਨਾਂ ਕਿਸੇ ਵਜ੍ਹਾ ਛੱਡ ਦਿੰਦੇ ਹਾਂ? ਪਰ ਜੇ ਅਸੀਂ ਯਹੋਵਾਹ ’ਤੇ ਨਿਹਚਾ ਰੱਖਦਿਆਂ ਸਹੀ ਫ਼ੈਸਲੇ ਕਰਦੇ ਹਾਂ, ਤਾਂ ਉਹ ਹਮੇਸ਼ਾ ਸਾਨੂੰ ਬਰਕਤਾਂ ਦਿੰਦਾ ਹੈ।ਇਬਰਾਨੀਆਂ 11:6; 1 ਯੂਹੰਨਾ 5:13-15 ਪੜ੍ਹੋ।

17. ਸਾਨੂੰ ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਯਹੋਵਾਹ ਦੀ ਅਗਵਾਈ ਕਿਉਂ ਲੈਣੀ ਚਾਹੀਦੀ ਹੈ ਅਤੇ ਅਸੀਂ ਇਹ ਕਿਵੇਂ ਕਰ ਸਕਦੇ ਹਾਂ?

17 ਇਸ ਲਈ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਯਹੋਵਾਹ ਦੀ ਅਗਵਾਈ ਲਓ ਤਾਂਕਿ ਤੁਹਾਨੂੰ ਬਾਅਦ ਵਿਚ ਪਛਤਾਵਾ ਨਾ  ਹੋਵੇ। ਪ੍ਰਾਰਥਨਾ ਵਿਚ ਉਸ ਕੋਲੋਂ ਪਵਿੱਤਰ ਸ਼ਕਤੀ ਅਤੇ ਸਮਝ ਮੰਗੋ। (2 ਤਿਮੋ. 1:7) ਆਪਣੇ ਆਪ ਨੂੰ ਪੁੱਛੋ: ‘ਮੈਂ ਯਹੋਵਾਹ ਲਈ ਕਿਹੜੀਆਂ ਕੁਰਬਾਨੀਆਂ ਕਰਨ ਲਈ ਤਿਆਰ ਹਾਂ? ਕੀ ਮੈਂ ਪਰਮੇਸ਼ੁਰ ਦਾ ਕਹਿਣਾ ਮੰਨਦੇ ਹੋਏ ਆਪਣੇ ਪਰਿਵਾਰ ਨਾਲ ਰਹਾਂਗਾ ਚਾਹੇ ਕਿ ਸਾਡੇ ਕੋਲ ਗੁਜ਼ਾਰੇ ਲਈ ਘੱਟ ਪੈਸੇ ਹੋਣ?’ (ਲੂਕਾ 14:33) ਮੰਡਲੀ ਦੇ ਬਜ਼ੁਰਗਾਂ ਤੋਂ ਮਦਦ ਲਓ ਅਤੇ ਬਾਈਬਲ ਦੇ ਅਸੂਲਾਂ ਮੁਤਾਬਕ ਦਿੱਤੀ ਸਲਾਹ ’ਤੇ ਚੱਲੋ। ਇੱਦਾਂ ਤੁਸੀਂ ਆਪਣੀ ਨਿਹਚਾ ਦਾ ਸਬੂਤ ਦੇਵੋਗੇ ਕਿ ਤੁਹਾਨੂੰ ਯਹੋਵਾਹ ਦੇ ਵਾਅਦਿਆਂ ’ਤੇ ਪੂਰਾ ਭਰੋਸਾ ਹੈ ਕਿ ਉਹ ਤੁਹਾਡੀ ਮਦਦ ਕਰੇਗਾ। ਬਜ਼ੁਰਗ ਤੁਹਾਡੇ ਲਈ ਫ਼ੈਸਲੇ ਨਹੀਂ ਕਰ ਸਕਦੇ, ਪਰ ਉਹ ਅਜਿਹੇ ਫ਼ੈਸਲੇ ਲੈਣ ਵਿਚ ਤੁਹਾਡੀ ਜ਼ਰੂਰ ਮਦਦ ਕਰ ਸਕਦੇ ਹਨ ਜਿਨ੍ਹਾਂ ਤੋਂ ਤੁਹਾਨੂੰ ਜ਼ਿੰਦਗੀ ਵਿਚ ਖ਼ੁਸ਼ੀ ਮਿਲੇਗੀ।2 ਕੁਰਿੰ. 1:24.

18. ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਦੀ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ? ਅਸੀਂ ਲੋੜ ਪੈਣ ’ਤੇ ਭੈਣਾਂ-ਭਰਾਵਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ?

18 ਯਹੋਵਾਹ ਨੇ ਪਰਿਵਾਰ ਦੇ ਮੁਖੀ ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਕਿ ਉਹ ਆਪਣੇ ਘਰਦਿਆਂ ਦੀਆਂ ਲੋੜਾਂ ਪੂਰੀਆਂ ਕਰੇ। ਸਾਨੂੰ ਉਨ੍ਹਾਂ ਭੈਣਾਂ-ਭਰਾਵਾਂ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ ਜੋ ਆਪਣੇ ਪਰਿਵਾਰਾਂ ਨਾਲ ਰਹਿ ਕੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹਨ, ਭਾਵੇਂ ਦੂਜੇ ਉਨ੍ਹਾਂ ’ਤੇ ਬਾਹਰ ਜਾਣ ਦਾ ਦਬਾਅ ਪਾਉਂਦੇ ਹਨ ਜਾਂ ਉਨ੍ਹਾਂ ਦੇ ਮਨ ਵਿਚ ਹੋਰ ਪੈਸੇ ਕਮਾਉਣ ਦਾ ਲਾਲਚ ਆਉਂਦਾ ਹੈ। ਕੀ ਇਹ ਭੈਣ-ਭਰਾ ਤਾਰੀਫ਼ ਦੇ ਲਾਇਕ ਨਹੀਂ ਹਨ? ਅਜਿਹੇ ਵਫ਼ਾਦਾਰ ਭੈਣਾਂ-ਭਰਾਵਾਂ ਲਈ ਪ੍ਰਾਰਥਨਾ ਕਰਨ ਦੇ ਨਾਲ-ਨਾਲ ਸਾਨੂੰ ਉਨ੍ਹਾਂ ਨੂੰ ਆਪਣੇ ਪਿਆਰ ਦਾ ਸਬੂਤ ਵੀ ਦੇਣਾ ਚਾਹੀਦਾ ਹੈ। ਜੇ ਅਚਾਨਕ ਕਿਸੇ ਕੁਦਰਤੀ ਆਫ਼ਤ ਜਾਂ ਬੀਮਾਰੀ ਕਾਰਨ ਭੈਣਾਂ-ਭਰਾਵਾਂ ਨੂੰ ਸਾਡੀ ਮਦਦ ਦੀ ਲੋੜ ਹੈ, ਤਾਂ ਅਸੀਂ ਉਨ੍ਹਾਂ ਦਾ ਸਾਥ ਦੇ ਸਕਦੇ ਹਾਂ। (ਗਲਾ. 6:2, 5; 1 ਪਤ. 3:8) ਕੀ ਤੁਸੀਂ ਉਨ੍ਹਾਂ ਦੀ ਕੰਮ ਲੱਭਣ ਵਿਚ ਮਦਦ ਕਰ ਸਕਦੇ ਹੋ? ਕੀ ਤੁਸੀਂ ਅਚਾਨਕ ਲੋੜ ਪੈਣ ’ਤੇ ਉਨ੍ਹਾਂ ਨੂੰ ਥੋੜ੍ਹੇ-ਬਹੁਤੇ ਪੈਸੇ ਜਾਂ ਕੁਝ ਖਾਣ-ਪੀਣ ਲਈ ਦੇ ਸਕਦੇ ਹੋ? ਤੁਹਾਡੇ ਇੱਦਾਂ ਕਰਨ ਨਾਲ ਉਹ ਸ਼ਾਇਦ ਆਪਣੇ ਪਰਿਵਾਰਾਂ ਨੂੰ ਛੱਡ ਕੇ ਕਿਤੇ ਹੋਰ ਕੰਮ ਕਰਨ ਲਈ ਨਾ ਜਾਣ।ਕਹਾ. 3:27, 28; 1 ਯੂਹੰ. 3:17.

ਯਾਦ ਰੱਖੋ ਯਹੋਵਾਹ ਤੁਹਾਡਾ ਸਹਾਰਾ ਹੈ!

19, 20. ਮਸੀਹੀ ਕਿਉਂ ਭਰੋਸਾ ਰੱਖ ਸਕਦੇ ਹਨ ਕਿ ਯਹੋਵਾਹ ਉਨ੍ਹਾਂ ਦੀ ਮਦਦ ਕਰੇਗਾ?

19 ਬਾਈਬਲ ਕਹਿੰਦੀ ਹੈ: “ਤੁਸੀਂ ਜ਼ਿੰਦਗੀ ਵਿਚ ਪੈਸੇ ਨਾਲ ਪਿਆਰ ਨਾ ਕਰੋ ਅਤੇ ਤੁਹਾਡੇ ਕੋਲ ਜੋ ਵੀ ਹੈ, ਉਸੇ ਵਿਚ ਸੰਤੁਸ਼ਟ ਰਹੋ। ਕਿਉਂਕਿ ਪਰਮੇਸ਼ੁਰ ਨੇ ਕਿਹਾ ਹੈ: ‘ਮੈਂ ਕਦੀ ਵੀ ਤੈਨੂੰ ਨਹੀਂ ਛੱਡਾਂਗਾ ਅਤੇ ਨਾ ਹੀ ਕਦੀ ਤੈਨੂੰ ਤਿਆਗਾਂਗਾ।’ ਇਸ ਕਰਕੇ ਅਸੀਂ ਪੂਰੇ ਹੌਸਲੇ ਨਾਲ ਕਹਿ ਸਕਦੇ ਹਾਂ: ‘ਯਹੋਵਾਹ ਮੇਰਾ ਸਹਾਰਾ ਹੈ; ਮੈਂ ਨਹੀਂ ਡਰਾਂਗਾ। ਇਨਸਾਨ ਮੇਰਾ ਕੀ ਵਿਗਾੜ ਸਕਦਾ ਹੈ?’” (ਇਬ. 13:5, 6) ਪਰਮੇਸ਼ੁਰ ਆਪਣਾ ਇਹ ਵਾਅਦਾ ਕਿਵੇਂ ਨਿਭਾਉਂਦਾ ਹੈ?

20 ਇਕ ਗ਼ਰੀਬ ਦੇਸ਼ ਵਿਚ ਰਹਿੰਦੇ ਮੰਡਲੀ ਦੇ ਇਕ ਬਜ਼ੁਰਗ ਨੇ ਕਿਹਾ: “ਲੋਕ ਅਕਸਰ ਕਹਿੰਦੇ ਹਨ ਕਿ ਯਹੋਵਾਹ ਦੇ ਗਵਾਹ ਕਿੰਨੇ ਖ਼ੁਸ਼ ਨਜ਼ਰ ਆਉਂਦੇ ਹਨ। ਉਨ੍ਹਾਂ ਨੇ ਦੇਖਿਆ ਹੈ ਕਿ ਗ਼ਰੀਬ ਭੈਣ-ਭਰਾ ਵੀ ਸਲੀਕੇਦਾਰ ਕੱਪੜੇ ਪਾਉਂਦੇ ਹਨ ਅਤੇ ਉਨ੍ਹਾਂ ਦੇ ਹਾਲਾਤ ਦੂਜਿਆਂ ਨਾਲੋਂ ਚੰਗੇ ਹਨ।” ਵਾਕਈ ਯਿਸੂ ਦੇ ਵਾਅਦੇ ਮੁਤਾਬਕ ਜੇ ਅਸੀਂ ਰਾਜ ਨੂੰ ਪਹਿਲ ਦਿੰਦੇ ਹਾਂ, ਤਾਂ ਪਰਮੇਸ਼ੁਰ ਸਾਡੀ ਹਰ ਲੋੜ ਪੂਰੀ ਕਰਦਾ ਹੈ। (ਮੱਤੀ 6:28-30, 33) ਜੀ ਹਾਂ, ਤੁਹਾਡਾ ਸਵਰਗੀ ਪਿਤਾ ਯਹੋਵਾਹ ਤੁਹਾਨੂੰ ਬਹੁਤ ਪਿਆਰ ਕਰਦਾ ਹੈ ਅਤੇ ਉਹ ਹਮੇਸ਼ਾ ਤੁਹਾਡਾ ਤੇ ਤੁਹਾਡੇ ਬੱਚਿਆਂ ਦਾ ਭਲਾ ਚਾਹੁੰਦਾ ਹੈ। ਬਾਈਬਲ ਕਹਿੰਦੀ ਹੈ: “ਯਹੋਵਾਹ ਦੀਆਂ ਅੱਖਾਂ ਤਾਂ ਸਾਰੀ ਧਰਤੀ ਉੱਤੇ ਫਿਰਦੀਆਂ ਹਨ ਤਾਂ ਜੋ ਉਹ ਉਨ੍ਹਾਂ ਦੀ ਸਹਾਇਤਾ ਲਈ ਜਿਨ੍ਹਾਂ ਦਾ ਦਿਲ ਉਸ ਉੱਤੇ ਪੂਰਨ ਨਿਹਚਾ ਰੱਖਦਾ ਹੈ ਆਪਣੇ ਆਪ ਨੂੰ ਸਮਰਥ ਵਿਖਾਵੇ।” (2 ਇਤ. 16:9) ਪਰਮੇਸ਼ੁਰ ਨੇ ਸਾਨੂੰ ਪਰਿਵਾਰ ਬਾਰੇ ਅਤੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਬਾਰੇ ਜੋ ਵੀ ਹੁਕਮ ਦਿੱਤੇ ਹਨ ਉਹ ਸਾਡੇ ਹੀ ਫ਼ਾਇਦੇ ਲਈ ਹਨ। ਇਨ੍ਹਾਂ ਮੁਤਾਬਕ ਚੱਲ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ਨੂੰ ਪਿਆਰ ਕਰਦੇ ਹਾਂ ਅਤੇ ਉਸ ’ਤੇ ਭਰੋਸਾ ਰੱਖਦੇ ਹਾਂ। “ਪਰਮੇਸ਼ੁਰ ਨਾਲ ਪਿਆਰ ਕਰਨ ਦਾ ਮਤਲਬ ਹੈ ਕਿ ਅਸੀਂ ਉਸ ਦੇ ਹੁਕਮ ਮੰਨੀਏ ਅਤੇ ਉਸ ਦੇ ਹੁਕਮ ਸਾਡੇ ਲਈ ਬੋਝ ਨਹੀਂ ਹਨ।”1 ਯੂਹੰ. 5:3.

21, 22. ਤੁਸੀਂ ਯਹੋਵਾਹ ’ਤੇ ਭਰੋਸਾ ਰੱਖਣ ਦਾ ਪੱਕਾ ਇਰਾਦਾ ਕਿਉਂ ਕੀਤਾ ਹੈ?

21 ਨਵੀਨ ਕਹਿੰਦਾ ਹੈ: “ਆਪਣੀ ਪਤਨੀ ਤੇ ਬੱਚਿਆਂ ਤੋਂ ਦੂਰ ਰਹਿੰਦਿਆਂ ਬਿਤਾਇਆ ਸਮਾਂ ਮੈਨੂੰ ਕਦੇ ਵਾਪਸ ਨਹੀਂ ਮਿਲ ਸਕਦਾ। ਪਰ ਹੁਣ ਮੈਂ ਉਸ ਬਾਰੇ ਸੋਚ-ਸੋਚ ਕੇ ਪਰੇਸ਼ਾਨ ਨਹੀਂ ਹੁੰਦਾ। ਜਿਨ੍ਹਾਂ ਨਾਲ ਮੈਂ ਕੰਮ ਕਰਦਾ ਹੁੰਦਾ ਸੀ, ਉਨ੍ਹਾਂ ਕੋਲ ਪੈਸੇ ਤਾਂ ਬਹੁਤ ਹਨ ਪਰ ਖ਼ੁਸ਼ੀ ਨਹੀਂ। ਉਨ੍ਹਾਂ ਦੇ ਪਰਿਵਾਰ ਗੰਭੀਰ ਮੁਸ਼ਕਲਾਂ ਵਿਚ ਫਸੇ ਹੋਏ ਹਨ। ਪਰ ਸਾਡਾ ਪਰਿਵਾਰ ਦਿਲੋਂ ਖ਼ੁਸ਼ ਹੈ! ਹਾਲਾਂਕਿ ਇਸ ਦੇਸ਼ ਵਿਚ ਸਾਡੇ ਕੋਲ ਬਹੁਤਾ ਪੈਸਾ ਨਹੀਂ ਹੈ, ਪਰ ਮੈਨੂੰ ਇਹ ਦੇਖ ਕੇ ਖ਼ੁਸ਼ੀ ਹੁੰਦੀ ਹੈ ਕਿ ਭੈਣ-ਭਰਾ ਪਰਮੇਸ਼ੁਰ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇ ਰਹੇ ਹਨ। ਅਸੀਂ ਆਪਣੀ ਜ਼ਿੰਦਗੀ ਵਿਚ ਯਿਸੂ ਦੇ ਸ਼ਬਦਾਂ ਨੂੰ ਪੂਰੇ ਹੁੰਦਿਆਂ ਦੇਖ ਰਹੇ ਹਾਂ।”ਮੱਤੀ 6:33 ਪੜ੍ਹੋ।

22 ਤਾਂ ਫਿਰ ਭੈਣੋ-ਭਰਾਵੋ ਹੌਸਲਾ ਰੱਖੋ! ਯਹੋਵਾਹ ਦਾ ਕਹਿਣਾ ਮੰਨੋ ਅਤੇ ਉਸ ’ਤੇ ਭਰੋਸਾ ਰੱਖੋ। ਜੇ ਤੁਸੀਂ ਯਹੋਵਾਹ, ਆਪਣੇ ਜੀਵਨ ਸਾਥੀ ਅਤੇ ਬੱਚਿਆਂ ਨੂੰ ਪਿਆਰ ਕਰਦੇ ਹੋ, ਤਾਂ ਤੁਸੀਂ ਪਰਿਵਾਰ ਦੇ ਮੁਖੀ ਵਜੋਂ ਆਪਣੀ ਜ਼ਿੰਮੇਵਾਰੀ ਵਧੀਆ ਢੰਗ ਨਾਲ ਨਿਭਾ ਸਕੋਗੇ। ਫਿਰ ਤੁਸੀਂ ਪੂਰੇ ਦਿਲ ਨਾਲ ਕਹਿ ਸਕੋਗੇ: “ਯਹੋਵਾਹ ਮੇਰਾ ਸਹਾਰਾ ਹੈ।”

^ ਪੇਰਗ੍ਰੈਫ 1 ਇਸ ਲੇਖ ਵਿਚ ਨਾਂ ਬਦਲੇ ਗਏ ਹਨ।

^ ਪੇਰਗ੍ਰੈਫ 11 ਜਨਵਰੀ-ਮਾਰਚ 2012 ਦੇ ਪਹਿਰਾਬੁਰਜ ਵਿਚ “ਚਾਦਰ ਦੇਖ ਕੇ ਪੈਰ ਪਸਾਰੋ—ਇਹ ਕਿਵੇਂ ਕੀਤਾ ਜਾ ਸਕਦਾ ਹੈ?” ਨਾਂ ਦਾ ਲੇਖ ਦੇਖੋ।