Skip to content

Skip to table of contents

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

 ਜੀਵਨੀ

ਪੂਰੇ ਸਮੇਂ ਦੀ ਸੇਵਾ ਨੇ ਖੋਲ੍ਹੇ ਕਈ ਦਰਵਾਜ਼ੇ

ਪੂਰੇ ਸਮੇਂ ਦੀ ਸੇਵਾ ਨੇ ਖੋਲ੍ਹੇ ਕਈ ਦਰਵਾਜ਼ੇ

ਆਪਣੀ 65 ਸਾਲਾਂ ਦੀ ਪੂਰੇ ਸਮੇਂ ਦੀ ਸੇਵਾ ’ਤੇ ਸੋਚ-ਵਿਚਾਰ ਕਰਨ ਤੋਂ ਬਾਅਦ ਮੈਂ ਇਹ ਕਹਿ ਸਕਦਾ ਹਾਂ ਕਿ ਮੈਨੂੰ ਪਰਮੇਸ਼ੁਰ ਦੀ ਸੇਵਾ ਵਿਚ ਖ਼ੁਸ਼ੀ ਹੀ ਖ਼ੁਸ਼ੀ ਮਿਲੀ ਹੈ। ਇਸ ਦਾ ਮਤਲਬ ਇਹ ਨਹੀਂ ਕਿ ਮੈਂ ਜ਼ਿੰਦਗੀ ਵਿਚ ਉਦਾਸੀ ਤੇ ਮਾਯੂਸੀ ਭਰੇ ਦਿਨ ਨਹੀਂ ਦੇਖੇ। (ਜ਼ਬੂ. 34:12; 94:19) ਪਰ ਮੈਂ ਦਿਲੋਂ ਕਹਿ ਸਕਦਾ ਹਾਂ ਕਿ ਪਰਮੇਸ਼ੁਰ ਦੀ ਸੇਵਾ ਵਿਚ ਮੈਨੂੰ ਬਹੁਤ ਸਾਰੀਆਂ ਬਰਕਤਾਂ ਮਿਲੀਆਂ ਹਨ।

ਮੈਂ 7 ਸਤੰਬਰ 1950 ਨੂੰ ਬਰੁਕਲਿਨ ਬੈਥਲ ਪਰਿਵਾਰ ਦਾ ਮੈਂਬਰ ਬਣਿਆ। ਉਸ ਵੇਲੇ ਬੈਥਲ ਵਿਚ 19 ਤੋਂ ਲੈ ਕੇ 80 ਸਾਲਾਂ ਦੀ ਉਮਰ ਤਕ ਦੇ 355 ਭੈਣ-ਭਰਾ ਸੇਵਾ ਕਰਦੇ ਸਨ ਜੋ ਵੱਖੋ-ਵੱਖਰੇ ਦੇਸ਼ਾਂ ਤੋਂ ਆਏ ਸਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਭੈਣ-ਭਰਾ ਚੁਣੇ ਹੋਏ ਮਸੀਹੀ ਸਨ।

ਮੈਂ ਸੱਚਾਈ ਵਿਚ ਕਿਵੇਂ ਆਇਆ?

10 ਸਾਲ ਦੀ ਉਮਰ ਵਿਚ ਆਪਣੇ ਬਪਤਿਸਮੇ ਵਾਲੇ ਦਿਨ

ਮੈਂ ਆਪਣੇ ਮੰਮੀ ਜੀ ਤੋਂ ਸਾਡੇ “ਖ਼ੁਸ਼ਦਿਲ ਪਰਮੇਸ਼ੁਰ” ਬਾਰੇ ਸਿੱਖਿਆ। (1 ਤਿਮੋ. 1:11) ਜਦ ਮੈਂ ਛੋਟਾ ਹੀ ਸੀ, ਤਾਂ ਮੇਰੇ ਮੰਮੀ ਜੀ ਨੇ ਯਹੋਵਾਹ ਦੀ ਸੇਵਾ ਕਰਨੀ ਸ਼ੁਰੂ ਕੀਤੀ। ਦਸਾਂ ਸਾਲਾਂ ਦੀ ਉਮਰ ਵਿਚ ਮੈਂ 1 ਜੁਲਾਈ 1939 ਨੂੰ ਇਕ ਜ਼ੋਨ ਅਸੈਂਬਲੀ (ਹੁਣ ਸਰਕਟ ਅਸੈਂਬਲੀ) ਵਿਚ ਬਪਤਿਸਮਾ ਲਿਆ। ਇਹ ਅਸੈਂਬਲੀ ਅਮਰੀਕਾ ਦੇ ਨੈਬਰਾਸਕਾ ਰਾਜ ਦੇ ਕੋਲੰਬਸ ਸ਼ਹਿਰ ਵਿਚ ਹੋਈ ਸੀ ਜਿੱਥੇ ਭਰਾਵਾਂ ਨੇ ਇਕ ਛੋਟਾ ਜਿਹਾ ਹਾਲ ਕਿਰਾਏ ’ਤੇ ਲਿਆ ਸੀ। ਉੱਥੇ ਤਕਰੀਬਨ 100 ਲੋਕ ਭਰਾ ਜੋਸਫ਼ ਰਦਰਫ਼ਰਡ ਦੇ ਭਾਸ਼ਣ “ਫਾਸ਼ੀਵਾਦ ਜਾਂ ਆਜ਼ਾਦੀ” ਦੀ ਰਿਕਾਰਡਿੰਗ ਸੁਣਨ ਲਈ ਇਕੱਠੇ ਹੋਏ ਸਨ। ਭਾਸ਼ਣ ਅਜੇ ਚੱਲ ਹੀ ਰਿਹਾ ਸੀ ਕਿ ਹਾਲ ਦੇ ਬਾਹਰ ਇਕ ਭੀੜ ਇਕੱਠੀ ਹੋ ਗਈ। ਲੋਕਾਂ ਨੇ ਜ਼ਬਰਦਸਤੀ ਅੰਦਰ ਵੜ ਕੇ ਸਾਡੀ ਮੀਟਿੰਗ ਰੋਕ ਦਿੱਤੀ ਤੇ ਸਾਨੂੰ ਉਸ ਜਗ੍ਹਾ ਤੋਂ ਭਜਾ ਦਿੱਤਾ। ਫਿਰ ਅਸੀਂ ਉਸ ਜਗ੍ਹਾ ਦੇ ਨੇੜੇ ਇਕ ਭਰਾ ਦੇ ਫ਼ਾਰਮ ’ਤੇ ਭਾਸ਼ਣ ਦਾ ਬਾਕੀ ਰਹਿੰਦਾ ਹਿੱਸਾ ਸੁਣਨ ਲਈ ਇਕੱਠੇ ਹੋਏ। ਇਸ ਲਈ ਮੈਂ ਆਪਣੇ ਬਪਤਿਸਮੇ ਦੀ ਤਾਰੀਖ਼ ਕਦੇ ਨਹੀਂ ਭੁੱਲਿਆ!

ਮੇਰੇ ਮੰਮੀ ਜੀ ਨੇ ਬੜੀ ਮਿਹਨਤ ਨਾਲ ਸੱਚਾਈ ਵਿਚ ਮੇਰੀ ਪਰਵਰਿਸ਼ ਕੀਤੀ। ਹਾਲਾਂਕਿ ਮੇਰੇ ਡੈਡੀ ਜੀ ਇਕ ਨੇਕ ਤੇ ਚੰਗੇ ਇਨਸਾਨ ਸਨ, ਪਰ ਉਨ੍ਹਾਂ ਨੂੰ ਧਰਮ ਵਿਚ ਬਹੁਤੀ ਦਿਲਚਸਪੀ ਨਹੀਂ ਸੀ ਅਤੇ ਉਨ੍ਹਾਂ ਨੇ ਮੈਨੂੰ ਪਰਮੇਸ਼ੁਰ ਬਾਰੇ ਨਹੀਂ ਸਿਖਾਇਆ। ਮੈਂ ਆਪਣੇ ਮੰਮੀ ਜੀ ਨਾਲ ਓਮਾਹਾ ਮੰਡਲੀ ਦੀਆਂ ਮੀਟਿੰਗਾਂ ਵਿਚ ਜਾਂਦਾ ਸੀ ਅਤੇ ਉਨ੍ਹਾਂ ਨੇ ਤੇ ਦੂਜੇ ਭੈਣਾਂ-ਭਰਾਵਾਂ ਨੇ ਮੇਰਾ ਹੌਸਲਾ ਵਧਾਇਆ ਕਿ ਮੈਂ ਸੱਚਾਈ ਵਿਚ ਹੋਰ ਤਰੱਕੀ ਕਰਾਂ।

ਪਾਇਨੀਅਰਿੰਗ ਕਰਨ ਦਾ ਫ਼ੈਸਲਾ

ਜਦ ਮੈਂ ਹਾਈ ਸਕੂਲ ਤੋਂ ਗ੍ਰੈਜੂਏਟ ਹੋਣ ਵਾਲਾ ਸੀ, ਤਾਂ ਮੈਨੂੰ ਫ਼ੈਸਲਾ ਕਰਨਾ ਪੈਣਾ ਸੀ ਕਿ ਮੈਂ ਅੱਗੇ ਜਾ ਕੇ ਆਪਣੀ ਜ਼ਿੰਦਗੀ ਵਿਚ ਕੀ ਕਰਾਂਗਾ। ਹਰ ਸਾਲ ਜਦ ਸਕੂਲ ਵਿਚ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਸਨ, ਤਾਂ ਮੈਂ ਉਨ੍ਹਾਂ ਮਹੀਨਿਆਂ ਦੌਰਾਨ ਆਪਣੀ ਉਮਰ ਦੇ ਭੈਣਾਂ-ਭਰਾਵਾਂ ਨਾਲ ਮਿਲ ਕੇ ਪਾਇਨੀਅਰਿੰਗ ਕਰਦਾ ਸੀ।

ਜੌਨ ਚਮਿਕਲਿਸ ਅਤੇ ਟੈੱਡ ਜੈਰਸ ਨਾਂ ਦੇ ਦੋ ਕੁਆਰੇ ਭਰਾ ਗਿਲਿਅਡ ਸਕੂਲ ਦੀ ਸੱਤਵੀਂ ਕਲਾਸ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਸਾਡੇ ਇਲਾਕੇ ਵਿਚ ਸਰਕਟ ਓਵਰਸੀਅਰ ਵਜੋਂ ਸੇਵਾ ਕਰਨ ਆਏ। ਮੈਂ ਇਹ ਜਾਣ ਕੇ ਹੈਰਾਨ ਰਹਿ ਗਿਆ ਕਿ ਉਹ ਸਿਰਫ਼ 21-22 ਸਾਲਾਂ ਦੇ ਸਨ। ਉਸ ਵੇਲੇ ਮੈਂ 18 ਸਾਲਾਂ ਦਾ ਸੀ ਅਤੇ ਛੇਤੀ ਹੀ ਹਾਈ ਸਕੂਲ ਤੋਂ ਗ੍ਰੈਜੂਏਟ ਹੋਣ ਵਾਲਾ ਸੀ। ਮੈਨੂੰ ਅਜੇ ਵੀ ਯਾਦ ਹੈ ਜਦ ਭਰਾ ਚਮਿਕਲਿਸ ਨੇ ਮੈਨੂੰ ਪੁੱਛਿਆ ਕਿ ਮੈਂ ਆਪਣੀ ਜ਼ਿੰਦਗੀ ਵਿਚ ਕੀ ਕਰਾਂਗਾ। ਜਦ ਮੈਂ ਉਨ੍ਹਾਂ ਨੂੰ ਆਪਣਾ ਇਰਾਦਾ  ਦੱਸਿਆ, ਤਾਂ ਉਨ੍ਹਾਂ ਨੇ ਵੀ ਮੇਰੀ ਹਾਂ ਵਿਚ ਹਾਂ ਮਿਲਾਉਂਦਿਆਂ ਕਿਹਾ: “ਬਿਨਾਂ ਦੇਰ ਕੀਤਿਆਂ ਪੂਰੇ ਸਮੇਂ ਦੀ ਸੇਵਾ ਵਿਚ ਲੱਗ ਜਾ। ਤੂੰ ਨਹੀਂ ਜਾਣਦਾ ਕਿ ਇੱਦਾਂ ਕਰਨ ਨਾਲ ਤੇਰੇ ਲਈ ਸੇਵਾ ਦੇ ਕਿਹੜੇ ਦਰਵਾਜ਼ੇ ਖੁੱਲ੍ਹ ਸਕਦੇ ਹਨ।” ਇਸ ਸਲਾਹ ਦੇ ਨਾਲ-ਨਾਲ ਉਨ੍ਹਾਂ ਭਰਾਵਾਂ ਦੀ ਮਿਸਾਲ ਨੇ ਮੇਰੇ ’ਤੇ ਗਹਿਰੀ ਛਾਪ ਛੱਡੀ। ਸੋ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਮੈਂ 1948 ਵਿਚ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ।

ਬੈਥਲ ਵਿਚ ਆਉਣਾ

ਜੁਲਾਈ 1950 ਵਿਚ ਮੈਂ ਆਪਣੇ ਮੰਮੀ-ਡੈਡੀ ਨਾਲ ਨਿਊਯਾਰਕ ਸਿਟੀ ਦੇ ਯੈਂਕੀ ਸਟੇਡੀਅਮ ਵਿਚ ਅੰਤਰਰਾਸ਼ਟਰੀ ਜ਼ਿਲ੍ਹਾ ਸੰਮੇਲਨ ਲਈ ਗਿਆ। ਸੰਮੇਲਨ ਵਿਚ ਉਨ੍ਹਾਂ ਭੈਣਾਂ-ਭਰਾਵਾਂ ਲਈ ਇਕ ਮੀਟਿੰਗ ਰੱਖੀ ਗਈ ਸੀ ਜੋ ਬੈਥਲ ਵਿਚ ਸੇਵਾ ਕਰਨੀ ਚਾਹੁੰਦੇ ਸਨ। ਮੈਂ ਵੀ ਉਸ ਮੀਟਿੰਗ ਵਿਚ ਗਿਆ ਅਤੇ ਬੈਥਲ ਲਈ ਫ਼ਾਰਮ ਭਰ ਕੇ ਦੇ ਦਿੱਤਾ।

ਹਾਲਾਂਕਿ ਮੇਰੇ ਡੈਡੀ ਜੀ ਨੂੰ ਮੇਰੇ ਘਰ ਰਹਿਣ ਅਤੇ ਮੇਰੇ ਪਾਇਨੀਅਰਿੰਗ ਕਰਨ ’ਤੇ ਕੋਈ ਇਤਰਾਜ਼ ਨਹੀਂ ਸੀ। ਪਰ ਉਨ੍ਹਾਂ ਨੂੰ ਲੱਗਦਾ ਸੀ ਕਿ ਮੈਨੂੰ ਘਰ ਵਿਚ ਰਹਿਣ ਤੇ ਖਾਣ-ਪੀਣ ਦਾ ਖ਼ਰਚਾ ਦੇਣਾ ਚਾਹੀਦਾ ਹੈ। ਸੋ ਇਕ ਦਿਨ ਅਗਸਤ ਵਿਚ ਜਦ ਮੈਂ ਨੌਕਰੀ ਦੀ ਤਲਾਸ਼ ਵਿਚ ਜਾ ਰਿਹਾ ਸੀ, ਤਾਂ ਪਹਿਲਾਂ ਮੈਂ ਲੈੱਟਰ-ਬਾਕਸ ਖੋਲ੍ਹ ਕੇ ਡਾਕ ਚੈੱਕ ਕੀਤੀ। ਮੈਨੂੰ ਬਰੁਕਲਿਨ ਤੋਂ ਇਕ ਚਿੱਠੀ ਮਿਲੀ ਜਿਸ ਵਿਚ ਭਰਾ ਨੇਥਨ ਨੌਰ ਨੇ ਲਿਖਿਆ ਸੀ: “ਸਾਨੂੰ ਤੁਹਾਡਾ ਬੈਥਲ ਦਾ ਫ਼ਾਰਮ ਮਿਲ ਗਿਆ ਹੈ। ਮੈਂ ਜਾਣਦਾ ਹਾਂ ਕਿ ਤੁਸੀਂ ਬੈਥਲ ਵਿਚ ਤਦ ਤਕ ਸੇਵਾ ਕਰੋਗੇ ਜਦ ਤਕ ਯਹੋਵਾਹ ਤੁਹਾਨੂੰ ਕੋਈ ਹੋਰ ਜ਼ਿੰਮੇਵਾਰੀ ਨਹੀਂ ਦੇ ਦਿੰਦਾ। ਮੈਂ ਚਾਹੁੰਦਾ ਹਾਂ ਕਿ ਤੁਸੀਂ 7 ਸਤੰਬਰ 1950 ਨੂੰ 124 ਕੋਲੰਬੀਆ ਹਾਈਟਸ, ਬਰੁਕਲਿਨ, ਨਿਊਯਾਰਕ ਵਿਖੇ ਬੈਥਲ ਵਿਚ ਆ ਜਾਓ।”

ਜਦ ਮੇਰੇ ਡੈਡੀ ਜੀ ਉਸ ਦਿਨ ਕੰਮ ਤੋਂ ਘਰ ਵਾਪਸ ਆਏ, ਤਾਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਨੂੰ ਨੌਕਰੀ ਲੱਭ ਗਈ ਹੈ। ਉਨ੍ਹਾਂ ਨੇ ਕਿਹਾ: “ਵਧੀਆ, ਤੂੰ ਕਿੱਥੇ ਕੰਮ ਕਰੇਂਗਾ?” ਮੈਂ ਜਵਾਬ ਵਿਚ ਕਿਹਾ: “ਬਰੁਕਲਿਨ ਬੈਥਲ ’ਚ। ਮੈਨੂੰ ਹਰ ਮਹੀਨੇ 10 ਡਾਲਰ ਮਿਲਣਗੇ।” ਇਹ ਸੁਣ ਕੇ ਉਨ੍ਹਾਂ ਨੂੰ ਥੋੜ੍ਹਾ ਧੱਕਾ ਲੱਗਾ, ਪਰ ਉਨ੍ਹਾਂ ਨੇ ਕਿਹਾ ਕਿ ਜੇ ਮੈਂ ਜ਼ਿੰਦਗੀ ਵਿਚ ਇਹੀ ਕਰਨਾ ਚਾਹੁੰਦਾ ਹਾਂ, ਤਾਂ ਮੈਨੂੰ ਦਿਲ ਲਾ ਕੇ ਕੰਮ ਕਰਨਾ ਚਾਹੀਦਾ ਹੈ। ਇਸ ਤੋਂ ਕੁਝ ਸਮੇਂ ਬਾਅਦ ਉਨ੍ਹਾਂ ਨੇ 1953 ਵਿਚ ਯੈਂਕੀ ਸਟੇਡੀਅਮ ਵਿਖੇ ਬਪਤਿਸਮਾ ਲੈ ਲਿਆ।

ਆਪਣੇ ਪਾਇਨੀਅਰ ਸਾਥੀ ਐਲਫ੍ਰੈਡ ਨੁਸਰਾਲਾ ਨਾਲ

ਮੈਂ ਐਲਫ੍ਰੈਡ ਨੁਸਰਾਲਾ ਨਾਂ ਦੇ ਭਰਾ ਨਾਲ ਪਾਇਨੀਅਰਿੰਗ ਕਰਦਾ ਸੀ। ਸੋ ਮੈਨੂੰ ਇਹ ਜਾਣ ਕੇ ਬਹੁਤ ਖ਼ੁਸ਼ੀ ਹੋਈ ਕਿ ਉਸ ਨੂੰ ਵੀ ਬੈਥਲ ਜਾਣ ਦਾ ਸੱਦਾ ਮਿਲਿਆ ਸੀ ਅਤੇ ਅਸੀਂ ਦੋਵੇਂ ਇਕੱਠੇ ਬੈਥਲ ਗਏ। ਬਾਅਦ ਵਿਚ ਉਸ ਦਾ ਵਿਆਹ ਜੋਨ ਨਾਂ ਦੀ ਭੈਣ ਨਾਲ ਹੋਇਆ ਅਤੇ ਉਹ ਦੋਵੇਂ ਗਿਲਿਅਡ ਸਕੂਲ ਗਏ ਅਤੇ ਉਨ੍ਹਾਂ ਨੇ ਲੇਬਨਾਨ ਵਿਚ ਮਿਸ਼ਨਰੀ ਸੇਵਾ ਕੀਤੀ। ਫਿਰ ਅਮਰੀਕਾ ਵਾਪਸ ਆ ਕੇ ਐਲਫ੍ਰੈਡ ਤੇ ਉਸ ਦੀ ਪਤਨੀ ਨੇ ਸਫ਼ਰੀ ਕੰਮ ਕੀਤਾ।

ਬੈਥਲ ਵਿਚ ਜ਼ਿੰਮੇਵਾਰੀਆਂ

ਬੈਥਲ ਵਿਚ ਮੈਂ ਸਭ ਤੋਂ ਪਹਿਲਾਂ ਬਾਈਂਡਰੀ ਵਿਭਾਗ ਵਿਚ ਕੰਮ ਕੀਤਾ ਜਿੱਥੇ ਕਿਤਾਬਾਂ ਸੀਤੀਆਂ ਤੇ ਇਨ੍ਹਾਂ ’ਤੇ ਜਿੱਲਦਾਂ ਲਾਈਆਂ ਜਾਂਦੀਆਂ ਸਨ। ਮੈਂ ਜਿਸ ਪਹਿਲੀ ਕਿਤਾਬ ’ਤੇ ਕੰਮ ਕੀਤਾ ਉਸ ਦਾ ਨਾਂ ਸੀ ਧਰਮ ਨੇ ਮਨੁੱਖਜਾਤੀ ਲਈ ਕੀ ਕੀਤਾ ਹੈ? (ਅੰਗ੍ਰੇਜ਼ੀ) ਬਾਈਂਡਰੀ ਵਿਚ ਅੱਠ ਮਹੀਨੇ ਕੰਮ ਕਰਨ ਤੋਂ ਬਾਅਦ ਮੈਨੂੰ ਸੇਵਾ ਵਿਭਾਗ ਵਿਚ ਭਰਾ ਟੌਮਸ ਜੇ. ਸਲਵਨ ਦੀ ਨਿਗਰਾਨੀ ਅਧੀਨ ਕੰਮ ਕਰਨ ਦਾ ਮੌਕਾ ਮਿਲਿਆ। ਭਰਾ ਸਲਵਨ ਬਹੁਤ ਸਮਝਦਾਰ ਸਨ ਕਿਉਂਕਿ ਉਹ ਕਈ ਸਾਲਾਂ ਤੋਂ ਸੰਗਠਨ ਵਿਚ ਕੰਮ ਕਰਦੇ ਆਏ ਸਨ। ਉਨ੍ਹਾਂ ਨਾਲ ਕੰਮ ਕਰ ਕੇ ਮੈਨੂੰ ਬੜਾ ਮਜ਼ਾ ਆਇਆ ਅਤੇ ਮੈਂ ਉਨ੍ਹਾਂ ਤੋਂ ਬਹੁਤ ਕੁਝ ਸਿੱਖਿਆ।

ਮੈਂ ਸੇਵਾ ਵਿਭਾਗ ਵਿਚ ਤਕਰੀਬਨ ਤਿੰਨ ਸਾਲ ਕੰਮ ਕੀਤਾ ਅਤੇ ਇਸ ਤੋਂ ਬਾਅਦ ਫੈਕਟਰੀ ਦੇ ਓਵਰਸੀਅਰ ਭਰਾ ਮੈਕਸ ਲਾਰਸਨ ਨੇ ਮੈਨੂੰ ਦੱਸਿਆ ਕਿ ਭਰਾ ਨੌਰ ਮੈਨੂੰ ਮਿਲਣਾ ਚਾਹੁੰਦੇ ਸਨ। ਮੈਂ ਘਬਰਾ ਗਿਆ ਕਿ ਕਿਤੇ ਮੈਥੋਂ ਕੋਈ ਗ਼ਲਤੀ ਤਾਂ ਨਹੀਂ ਹੋ ਗਈ। ਮੇਰੀ ਜਾਨ ਵਿਚ ਜਾਨ ਆਈ ਜਦ ਭਰਾ ਨੌਰ ਨੇ ਮੈਨੂੰ ਪੁੱਛਿਆ ਕਿ ਮੈਂ ਆਉਣ ਵਾਲੇ ਸਮੇਂ ਵਿਚ ਕਿਤੇ ਬੈਥਲ ਤਾਂ ਨਹੀਂ ਛੱਡਣਾ ਚਾਹੁੰਦਾ। ਉਨ੍ਹਾਂ ਨੂੰ ਥੋੜ੍ਹੇ ਸਮੇਂ ਲਈ ਆਪਣੇ ਆਫ਼ਿਸ ਵਿਚ ਕਿਸੇ ਦੀ ਮਦਦ ਚਾਹੀਦੀ ਸੀ ਅਤੇ ਉਹ ਜਾਣਨਾ ਚਾਹੁੰਦੇ ਸਨ ਕਿ ਮੈਂ ਉਨ੍ਹਾਂ ਨਾਲ ਕੰਮ ਕਰ ਸਕਦਾ ਹਾਂ ਜਾਂ ਨਹੀਂ। ਮੈਂ ਉਨ੍ਹਾਂ ਨੂੰ ਕਿਹਾ ਕਿ ਫਿਲਹਾਲ ਮੇਰਾ ਬੈਥਲ ਛੱਡਣ ਦਾ ਕੋਈ ਇਰਾਦਾ ਨਹੀਂ। ਸੋ ਮੈਨੂੰ ਥੋੜ੍ਹੇ ਸਮੇਂ ਲਈ ਹੀ ਨਹੀਂ, ਸਗੋਂ ਅਗਲੇ 20 ਸਾਲ ਉਨ੍ਹਾਂ ਨਾਲ ਮਿਲ ਕੇ ਕੰਮ ਕਰਨ ਦਾ ਖ਼ਾਸ ਸਨਮਾਨ ਮਿਲਿਆ।

ਮੈਨੂੰ ਭਰਾ ਸਲਵਨ ਤੇ ਭਰਾ ਨੌਰ ਤੋਂ ਇਲਾਵਾ ਭਰਾ ਮਿਲਟਨ ਹੈੱਨਸ਼ਲ, ਕਲਾਉਸ ਜੈਨਸਨ, ਮੈਕਸ ਲਾਰਸਨ, ਹੂਗੋ ਰੀਮਰ ਅਤੇ ਗ੍ਰਾਂਟ ਸੂਟਰ ਨਾਲ ਵੀ ਮਿਲ ਕੇ ਕੰਮ ਕਰਨ ਦਾ ਮੌਕਾ ਮਿਲਿਆ। ਮੈਂ ਅਕਸਰ ਕਹਿੰਦਾ ਹਾਂ ਕਿ ਮੈਂ ਬੈਥਲ ਵਿਚ ਜੋ ਸਿੱਖਿਆ ਹੈ, ਉਹ ਮੈਂ ਕਿਸੇ ਵੀ ਯੂਨੀਵਰਸਿਟੀ ਵਿਚ ਪੈਸੇ ਖ਼ਰਚ ਕਰ ਕੇ ਨਹੀਂ ਸਿੱਖ ਸਕਦਾ ਸੀ।

 ਜਿਨ੍ਹਾਂ ਭਰਾਵਾਂ ਨਾਲ ਮੈਂ ਕੰਮ ਕੀਤਾ, ਉਹ ਸੰਗਠਨ ਦੇ ਹਰ ਕੰਮ ਨੂੰ ਬੜੇ ਹੀ ਵਧੀਆ ਢੰਗ ਨਾਲ ਕਰਦੇ ਸਨ। ਭਰਾ ਨੌਰ ਦਿਨ-ਰਾਤ ਕੰਮ ਕਰਦੇ ਸਨ ਤਾਂਕਿ ਰਾਜ ਦੇ ਕੰਮਾਂ ਨੂੰ ਦੁਨੀਆਂ ਦੇ ਕੋਨੇ-ਕੋਨੇ ਤਕ ਵਧਾਇਆ ਜਾ ਸਕੇ। ਉਨ੍ਹਾਂ ਨਾਲ ਕੰਮ ਕਰਨ ਵਾਲੇ ਜਾਣਦੇ ਸਨ ਕਿ ਭਰਾ ਨੌਰ ਨਾਲ ਕਿਸੇ ਵੀ ਮਸਲੇ ਬਾਰੇ ਗੱਲ ਕੀਤੀ ਜਾ ਸਕਦੀ ਸੀ। ਜੇ ਕਿਸੇ ਗੱਲ ਬਾਰੇ ਸਾਡੇ ਵਿਚਾਰ ਉਨ੍ਹਾਂ ਨਾਲੋਂ ਅਲੱਗ ਹੁੰਦੇ ਸਨ, ਤਾਂ ਵੀ ਅਸੀਂ ਉਨ੍ਹਾਂ ਨਾਲ ਬਿਨਾਂ ਡਰੇ ਖੁੱਲ੍ਹ ਕੇ ਗੱਲਬਾਤ ਕਰ ਸਕਦੇ ਸੀ।

ਇਕ ਵਾਰ ਭਰਾ ਨੌਰ ਨੇ ਮੈਨੂੰ ਸਮਝਾਇਆ ਕਿ ਸਾਨੂੰ ਛੋਟੀਆਂ-ਛੋਟੀਆਂ ਗੱਲਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਮਿਸਾਲ ਲਈ, ਉਨ੍ਹਾਂ ਨੇ ਮੈਨੂੰ ਦੱਸਿਆ ਕਿ ਜਦ ਉਹ ਫੈਕਟਰੀ ਦੇ ਓਵਰਸੀਅਰ ਸਨ, ਤਾਂ ਭਰਾ ਰਦਰਫ਼ਰਡ ਉਨ੍ਹਾਂ ਨੂੰ ਫ਼ੋਨ ’ਤੇ ਕਹਿੰਦੇ ਸਨ: “ਭਰਾ ਨੌਰ, ਜਦ ਤੁਸੀਂ ਫੈਕਟਰੀ ਤੋਂ ਖਾਣਾ ਖਾਣ ਆਓ, ਤਾਂ ਕੁਝ ਰਬੜਾਂ ਲਿਆ ਕੇ ਮੇਰੇ ਡੈੱਸਕ ’ਤੇ ਰੱਖ ਦੇਣਾ।” ਭਰਾ ਨੌਰ ਨੇ ਕਿਹਾ ਕਿ ਉਹ ਤੁਰੰਤ ਸਟੋਰ ਰੂਮ ਵਿੱਚੋਂ ਰਬੜਾਂ ਲੈ ਕੇ ਆਪਣੀ ਜੇਬ ਵਿਚ ਪਾ ਲੈਂਦੇ ਸਨ ਅਤੇ ਫਿਰ ਉਹ ਦੁਪਹਿਰੇ ਭਰਾ ਰਦਰਫ਼ਰਡ ਦੇ ਆਫ਼ਿਸ ਵਿਚ ਰੱਖ ਦਿੰਦੇ ਸਨ। ਭਾਵੇਂ ਕਿ ਇਹ ਛੋਟੀ ਜਿਹੀ ਗੱਲ ਸੀ, ਪਰ ਇਹ ਭਰਾ ਰਦਰਫ਼ਰਡ ਦੇ ਕੰਮ ਦੀਆਂ ਚੀਜ਼ਾਂ ਸਨ। ਫਿਰ ਭਰਾ ਨੌਰ ਨੇ ਮੈਨੂੰ ਕਿਹਾ: “ਮੈਂ ਵੀ ਚਾਹੁੰਦਾ ਹਾਂ ਕਿ ਮੇਰੇ ਡੈੱਸਕ ’ਤੇ ਘੜੀਆਂ ਹੋਈਆਂ ਪੈਂਸਿਲਾਂ ਹੋਣ। ਸੋ ਪਲੀਜ਼ ਤੁਸੀਂ ਰੋਜ਼ ਸਵੇਰੇ ਇਨ੍ਹਾਂ ਨੂੰ ਮੇਰੇ ਡੈੱਸਕ ’ਤੇ ਰੱਖ ਦਿਆ ਕਰੋ।” ਕਈ ਸਾਲਾਂ ਤਕ ਮੈਂ ਪੈਂਸਿਲਾਂ ਘੜ ਕੇ ਉਨ੍ਹਾਂ ਦੇ ਡੈੱਸਕ ’ਤੇ ਰੱਖਦਾ ਰਿਹਾ।

ਜਦ ਸਾਨੂੰ ਕੋਈ ਖ਼ਾਸ ਕੰਮ ਕਰਨ ਲਈ ਕਿਹਾ ਜਾਂਦਾ ਸੀ, ਤਾਂ ਭਰਾ ਨੌਰ ਅਕਸਰ ਸਾਨੂੰ ਧਿਆਨ ਨਾਲ ਸੁਣਨ ਲਈ ਕਹਿੰਦੇ ਸਨ। ਇਕ ਵਾਰ ਉਨ੍ਹਾਂ ਨੇ ਮੈਨੂੰ ਕੋਈ ਕੰਮ ਕਰਨ ਲਈ ਖ਼ਾਸ ਹਿਦਾਇਤਾਂ ਦਿੱਤੀਆਂ, ਪਰ ਮੈਂ ਉਨ੍ਹਾਂ ਦੀ ਗੱਲ ਧਿਆਨ ਨਾਲ ਨਹੀਂ ਸੁਣੀ ਅਤੇ ਮੇਰੇ ਕਾਰਨ ਉਨ੍ਹਾਂ ਦੀ ਬੇਇੱਜ਼ਤੀ ਹੋਈ। ਮੈਂ ਇੰਨਾ ਸ਼ਰਮਿੰਦਾ ਹੋਇਆ ਕਿ ਮੈਂ ਇਕ ਛੋਟੀ ਜਿਹੀ ਚਿੱਠੀ ਵਿਚ ਆਪਣੀ ਗ਼ਲਤੀ ਲਈ ਮਾਫ਼ੀ ਮੰਗੀ ਅਤੇ ਕਿਹਾ ਕਿ ਚੰਗਾ ਹੋਵੇਗਾ ਕਿ ਉਹ ਮੈਨੂੰ ਬੈਥਲ ਦੇ ਕਿਸੇ ਹੋਰ ਡਿਪਾਰਟਮੈਂਟ ਵਿਚ ਕੰਮ ਦੇ ਦੇਣ। ਉਸੇ ਦਿਨ ਭਰਾ ਨੌਰ ਨੇ ਮੇਰੇ ਕੋਲ ਆ ਕੇ ਕਿਹਾ: “ਰਾਬਰਟ, ਮੈਂ ਤੁਹਾਡੀ ਚਿੱਠੀ ਪੜ੍ਹ ਲਈ ਹੈ। ਮੈਂ ਮੰਨਦਾ ਹਾਂ ਕਿ ਤੁਸੀਂ ਗ਼ਲਤੀ ਕੀਤੀ ਹੈ, ਪਰ ਮੈਂ ਇਸ ਬਾਰੇ ਤੁਹਾਡੇ ਨਾਲ ਗੱਲ ਵੀ ਕੀਤੀ ਹੈ। ਮੈਨੂੰ ਯਕੀਨ ਹੈ ਕਿ ਤੁਸੀਂ ਅਗਲੀ ਵਾਰੀ ਇਸ ਗੱਲ ਦਾ ਧਿਆਨ ਰੱਖੋਗੇ। ਚੱਲੋ ਆਪਾਂ ਕੰਮ ਸ਼ੁਰੂ ਕਰੀਏ।” ਮੈਂ ਉਨ੍ਹਾਂ ਦਾ ਬਹੁਤ ਸ਼ੁਕਰਗੁਜ਼ਾਰ ਸਾਂ ਕਿ ਉਹ ਮੇਰੇ ਨਾਲ ਪਿਆਰ ਨਾਲ ਪੇਸ਼ ਆਏ।

ਵਿਆਹ ਕਰਾਉਣ ਦੀ ਖ਼ਾਹਸ਼

ਮੈਨੂੰ ਬੈਥਲ ਵਿਚ ਸੇਵਾ ਕਰਦੇ ਨੂੰ ਅੱਠ ਸਾਲ ਹੋ ਗਏ ਸਨ ਤੇ ਮੇਰਾ ਬੈਥਲ ਛੱਡਣ ਦਾ ਕੋਈ ਇਰਾਦਾ ਨਹੀਂ ਸੀ। ਪਰ ਫਿਰ ਮੇਰਾ ਮਨ ਬਦਲ ਗਿਆ। ਹੋਇਆ ਇੱਦਾਂ ਕਿ 1958 ਵਿਚ ਯੈਂਕੀ ਸਟੇਡੀਅਮ ਤੇ ਪੋਲੋ ਗਰਾਉਂਡਸ ਵਿਖੇ ਹੋਏ ਅੰਤਰਰਾਸ਼ਟਰੀ ਜ਼ਿਲ੍ਹਾ ਸੰਮੇਲਨ ਵਿਚ ਮੈਂ ਲੋਰੈਨ ਬਰੁੱਕਸ ਨੂੰ ਮਿਲਿਆ। ਮੈਂ ਪਹਿਲੀ ਵਾਰ ਉਸ ਨੂੰ 1955 ਵਿਚ ਮਿਲਿਆ ਸੀ ਜਦ ਉਹ ਕੈਨੇਡਾ ਦੇ ਮਾਂਟ੍ਰੀਆਲ ਸ਼ਹਿਰ ਵਿਚ ਪਾਇਨੀਅਰਿੰਗ ਕਰਦੀ ਸੀ। ਮੈਂ ਇਹ ਦੇਖ ਕੇ ਬਹੁਤ ਪ੍ਰਭਾਵਿਤ ਹੋਇਆ ਕਿ ਉਸ ਵਿਚ ਪੂਰੇ ਸਮੇਂ ਦੀ ਸੇਵਾ ਕਰਨ ਦਾ ਕਿੰਨਾ ਜੋਸ਼ ਸੀ ਅਤੇ ਉਹ ਯਹੋਵਾਹ ਦੇ ਸੰਗਠਨ ਦੇ ਕਹਿਣ ਤੇ ਕਿਤੇ ਵੀ ਜਾ ਕੇ ਪ੍ਰਚਾਰ ਕਰਨ ਲਈ ਤਿਆਰ ਸੀ। ਲੋਰੈਨ ਦੀ ਤਮੰਨਾ ਸੀ ਕਿ ਉਹ ਗਿਲਿਅਡ ਸਕੂਲ ਜਾਵੇ। ਫਿਰ 1956 ਵਿਚ ਸਿਰਫ਼ 22 ਸਾਲਾਂ ਦੀ ਉਮਰ ਵਿਚ ਉਸ ਨੂੰ ਗਿਲਿਅਡ ਸਕੂਲ ਦੀ 27ਵੀਂ ਕਲਾਸ ਲਈ ਬੁਲਾਇਆ ਗਿਆ। ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਸ ਨੂੰ ਬ੍ਰਾਜ਼ੀਲ ਵਿਚ ਇਕ ਮਿਸ਼ਨਰੀ ਵਜੋਂ ਭੇਜਿਆ ਗਿਆ। ਸਾਲ 1958 ਵਿਚ ਅਸੀਂ ਦੋਵੇਂ ਦੁਬਾਰਾ ਮਿਲੇ ਅਤੇ ਜਦ ਮੈਂ ਉਸ ਨੂੰ ਵਿਆਹ ਲਈ ਪੁੱਛਿਆ, ਤਾਂ ਉਸ ਨੇ ਹਾਂ ਕਰ ਦਿੱਤੀ। ਅਸੀਂ ਅਗਲੇ ਸਾਲ ਵਿਆਹ ਕਰਾਉਣ ਦਾ ਮਨ ਬਣਾਇਆ ਅਤੇ ਸੋਚਿਆ ਕਿ ਅਸੀਂ ਮਿਸ਼ਨਰੀਆਂ ਵਜੋਂ ਇਕੱਠੇ ਸੇਵਾ ਕਰਾਂਗੇ।

ਜਦ ਮੈਂ ਭਰਾ ਨੌਰ ਨੂੰ ਆਪਣੇ ਇਰਾਦੇ ਬਾਰੇ ਦੱਸਿਆ, ਤਾਂ ਉਨ੍ਹਾਂ ਨੇ ਮੈਨੂੰ ਸਲਾਹ ਦਿੱਤੀ ਕਿ ਅਸੀਂ ਤਿੰਨ ਸਾਲਾਂ ਤਕ ਇੰਤਜ਼ਾਰ ਕਰੀਏ  ਤਾਂਕਿ ਅਸੀਂ ਵਿਆਹ ਤੋਂ ਬਾਅਦ ਬਰੁਕਲਿਨ ਬੈਥਲ ਵਿਚ ਸੇਵਾ ਕਰ ਸਕੀਏ। ਉਸ ਵੇਲੇ ਜੇ ਵਿਆਹ ਤੋਂ ਬਾਅਦ ਪਤੀ-ਪਤਨੀ ਬੈਥਲ ਵਿਚ ਰਹਿਣਾ ਚਾਹੁੰਦੇ ਸਨ, ਤਾਂ ਇਹ ਜ਼ਰੂਰੀ ਸੀ ਕਿ ਉਨ੍ਹਾਂ ਵਿੱਚੋਂ ਇਕ ਜਣੇ ਨੇ ਬੈਥਲ ਵਿਚ ਘੱਟੋ-ਘੱਟ 10 ਸਾਲ ਸੇਵਾ ਕੀਤੀ ਹੋਵੇ ਅਤੇ ਦੂਜੇ ਜਣੇ ਨੇ ਤਿੰਨ ਸਾਲ। ਸੋ ਵਿਆਹ ਤੋਂ ਪਹਿਲਾਂ ਲੋਰੈਨ ਬ੍ਰਾਜ਼ੀਲ ਬੈਥਲ ਵਿਚ ਦੋ ਸਾਲ ਅਤੇ ਬਰੁਕਲਿਨ ਬੈਥਲ ਵਿਚ ਇਕ ਸਾਲ ਸੇਵਾ ਕਰਨ ਲਈ ਤਿਆਰ ਹੋ ਗਈ।

ਆਪਣੀ ਮੰਗਣੀ ਤੋਂ ਬਾਅਦ ਅਸੀਂ ਪਹਿਲੇ ਦੋ ਸਾਲਾਂ ਤਕ ਇਕ-ਦੂਜੇ ਨਾਲ ਚਿੱਠੀਆਂ ਦੇ ਜ਼ਰੀਏ ਹੀ ਗੱਲਬਾਤ ਕਰਦੇ ਸੀ। ਫ਼ੋਨ ’ਤੇ ਗੱਲ ਕਰਨੀ ਬਹੁਤ ਮਹਿੰਗੀ ਸੀ ਅਤੇ ਉਸ ਜ਼ਮਾਨੇ ਵਿਚ ਈ-ਮੇਲਾਂ ਦਾ ਕੋਈ ਸਿਸਟਮ ਨਹੀਂ ਸੀ। ਜਦ 16 ਸਤੰਬਰ 1961 ਵਿਚ ਸਾਡਾ ਵਿਆਹ ਹੋਇਆ, ਤਾਂ ਸਾਡੇ ਲਈ ਇਹ ਕਿੰਨੇ ਵੱਡੇ ਸਨਮਾਨ ਦੀ ਗੱਲ ਸੀ ਕਿ ਭਰਾ ਨੌਰ ਨੇ ਸਾਡੇ ਵਿਆਹ ਦਾ ਭਾਸ਼ਣ ਦਿੱਤਾ। ਵਾਕਈ, ਉਹ ਤਿੰਨ ਸਾਲ ਸਾਨੂੰ ਕਿੰਨੇ ਲੰਬੇ ਲੱਗੇ ਸਨ। ਭਾਵੇਂ ਇੰਤਜ਼ਾਰ ਕਰਨਾ ਔਖਾ ਸੀ, ਪਰ ਹੁਣ ਸਾਡੇ ਵਿਆਹ ਨੂੰ 50 ਸਾਲ ਹੋ ਗਏ ਹਨ ਅਤੇ ਇਸ ਦੌਰਾਨ ਸਾਨੂੰ ਬਹੁਤ ਸਾਰੀਆਂ ਬਰਕਤਾਂ ਤੇ ਖ਼ੁਸ਼ੀਆਂ ਮਿਲੀਆਂ ਹਨ।

ਵਿਆਹ ਵਾਲੇ ਦਿਨ। ਖੱਬੇ ਪਾਸੇ: ਨੇਥਨ ਨੌਰ, ਪੈਟਰਿਸ਼ਾ ਬਰੁੱਕਸ (ਲੋਰੈਨ ਦੀ ਭੈਣ), ਲੋਰੈਨ ਤੇ ਮੈਂ, ਕਰਟਸ ਜੌਨਸਨ, ਫੇਅ ਅਤੇ ਰੌਏ ਵੌਲਨ (ਮੇਰੇ ਮੰਮੀ-ਡੈਡੀ)

ਸੇਵਾ ਕਰਨ ਦੇ ਸਨਮਾਨ

ਸਾਲ 1964 ਵਿਚ ਮੈਨੂੰ ਜ਼ੋਨ ਓਵਰਸੀਅਰ ਵਜੋਂ ਦੂਜੇ ਦੇਸ਼ਾਂ ਵਿਚ ਜਾਣ ਦਾ ਸਨਮਾਨ ਮਿਲਿਆ। ਉਸ ਵੇਲੇ ਪਤਨੀਆਂ ਨੂੰ ਆਪਣੇ ਪਤੀਆਂ ਨਾਲ ਜਾਣ ਦੀ ਇਜਾਜ਼ਤ ਨਹੀਂ ਸੀ। ਪਰ ਸਾਲ 1977 ਤੋਂ ਪਤਨੀਆਂ ਨੂੰ ਆਪਣੇ ਪਤੀਆਂ ਨਾਲ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ। ਉਸ ਸਾਲ ਮੈਂ ਅਤੇ ਲੋਰੈਨ ਨੇ ਗ੍ਰਾਂਟ ਤੇ ਈਡਥ ਸੂਟਰ ਨਾਲ ਮਿਲ ਕੇ ਜਰਮਨੀ, ਆਸਟ੍ਰੀਆ, ਗ੍ਰੀਸ, ਸਾਈਪ੍ਰਸ, ਤੁਰਕੀ ਅਤੇ ਇਜ਼ਰਾਈਲ ਦੇ ਬ੍ਰਾਂਚ ਆਫ਼ਿਸਾਂ ਦਾ ਦੌਰਾ ਕੀਤਾ। ਮੈਂ ਕੁੱਲ ਮਿਲਾ ਕੇ ਦੁਨੀਆਂ ਦੇ 70 ਦੇਸ਼ਾਂ ਵਿਚ ਜਾ ਚੁੱਕਾ ਹਾਂ।

ਜਦ ਸਾਲ 1980 ਵਿਚ ਅਸੀਂ ਬ੍ਰਾਜ਼ੀਲ ਦਾ ਦੌਰਾ ਕੀਤਾ, ਤਾਂ ਅਸੀਂ ਭੂਮੱਧ-ਰੇਖਾ ’ਤੇ ਵੱਸੇ ਇਕ ਸ਼ਹਿਰ ਬਲੈਮ ਗਏ ਜਿੱਥੇ ਲੋਰੈਨ ਨੇ ਮਿਸ਼ਨਰੀ ਵਜੋਂ ਸੇਵਾ ਕੀਤੀ ਸੀ। ਨਾਲੇ ਅਸੀਂ ਮਾਨਿਓਸ ਸ਼ਹਿਰ ਵਿਚ ਰਹਿੰਦੇ ਭਰਾਵਾਂ ਨੂੰ ਵੀ ਮਿਲਣ ਲਈ ਰੁਕੇ। ਬ੍ਰਾਜ਼ੀਲ ਵਿਚ ਅਕਸਰ ਭੈਣਾਂ ਮਿਲਣ ਵੇਲੇ ਇਕ-ਦੂਜੇ ਨੂੰ ਚੁੰਮਦੀਆਂ ਹਨ ਅਤੇ ਭਰਾ ਇਕ-ਦੂਜੇ ਨਾਲ ਹੱਥ ਮਿਲਾਉਂਦੇ ਹਨ। ਪਰ ਜਦ ਇਕ ਸਟੇਡੀਅਮ ਵਿਚ ਭਾਸ਼ਣ ਦਿੱਤਾ ਜਾ ਰਿਹਾ ਸੀ, ਤਾਂ ਅਸੀਂ ਦੇਖਿਆ ਕਿ ਇਕੱਠੇ ਬੈਠੇ ਕੁਝ ਲੋਕ ਇੱਦਾਂ ਨਹੀਂ ਕਰ ਰਹੇ ਸਨ। ਕਿਉਂ?

ਉਹ ਸਾਡੇ ਪਿਆਰੇ ਭੈਣ-ਭਰਾ ਸਨ ਜੋ ਐਮੇਜ਼ਨ ਜੰਗਲ ਵਿਚ ਵੱਸੀ ਇਕ ਕੋੜ੍ਹੀਆਂ ਦੀ ਕਲੋਨੀ ਤੋਂ ਆਏ ਸਨ। ਆਪਣੀ ਬੀਮਾਰੀ ਕਰਕੇ ਉਹ ਦੂਜਿਆਂ ਨਾਲ ਗਲੇ ਨਹੀਂ ਮਿਲਦੇ ਸਨ ਅਤੇ ਹੱਥ ਨਹੀਂ ਮਿਲਾਉਂਦੇ ਸਨ। ਫਿਰ ਵੀ ਉਨ੍ਹਾਂ ਨੇ ਸਾਡੇ ਦਿਲਾਂ ਨੂੰ ਛੂਹ ਲਿਆ ਅਤੇ ਸਾਨੂੰ ਅੱਜ ਤਕ ਉਨ੍ਹਾਂ ਦੇ ਖ਼ੁਸ਼ੀ ਨਾਲ ਖਿੜੇ ਚਿਹਰੇ ਯਾਦ ਹਨ। ਜੀ ਹਾਂ, ਯਸਾਯਾਹ ਦੇ ਇਹ ਲਫ਼ਜ਼ ਕਿੰਨੇ ਸਹੀ ਹਨ: “ਮੇਰੇ ਦਾਸ ਖੁਸ਼ ਦਿਲੀ ਨਾਲ ਜੈਕਾਰੇ ਗਜਾਉਣਗੇ।”ਯਸਾ. 65:14.

ਬਰਕਤਾਂ ਤੇ ਖ਼ੁਸ਼ੀਆਂ ਭਰੀ ਜ਼ਿੰਦਗੀ

ਮੈਂ ਤੇ ਲੋਰੈਨ ਹਮੇਸ਼ਾ ਯਹੋਵਾਹ ਦੀ ਸੇਵਾ ਵਿਚ ਬਿਤਾਏ ਆਪਣੇ 60 ਤੋਂ ਜ਼ਿਆਦਾ ਸਾਲਾਂ ਬਾਰੇ ਸੋਚਦੇ ਹਾਂ। ਯਹੋਵਾਹ ਦੇ ਸੰਗਠਨ ਦੀ ਅਗਵਾਈ ਮੁਤਾਬਕ ਚੱਲਣ ਨਾਲ ਸਾਨੂੰ ਬਹੁਤ ਸਾਰੀਆਂ ਬਰਕਤਾਂ ਮਿਲੀਆਂ ਹਨ ਅਤੇ ਅਸੀਂ ਬਹੁਤ ਖ਼ੁਸ਼ ਹਾਂ ਕਿ ਅਸੀਂ ਉਸ ਸਦਕਾ ਆਪਣੀਆਂ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾ ਸਕੇ। ਹਾਲਾਂਕਿ ਹੁਣ ਮੈਂ ਪਹਿਲਾਂ ਵਾਂਗ ਅਲੱਗ-ਅਲੱਗ ਦੇਸ਼ਾਂ ਦਾ ਦੌਰਾ ਨਹੀਂ ਕਰ ਸਕਦਾ, ਪਰ ਮੈਂ ਪ੍ਰਬੰਧਕ ਸਭਾ ਦਾ ਇਕ ਸਹਾਇਕ ਹੋਣ ਦੇ ਨਾਤੇ ਕੋਆਰਡੀਨੇਟਰਾਂ ਦੀ ਕਮੇਟੀ ਤੇ ਸਰਵਿਸ ਕਮੇਟੀ ਨਾਲ ਕੰਮ ਕਰਦਾ ਹਾਂ। ਇਸ ਤਰੀਕੇ ਨਾਲ ਮੈਂ ਪੂਰੀ ਦੁਨੀਆਂ ਦੇ ਭੈਣਾਂ-ਭਰਾਵਾਂ ਦੀ ਮਦਦ ਕਰਨ ਵਿਚ ਇਕ ਛੋਟਾ ਜਿਹਾ ਹਿੱਸਾ ਪਾਉਂਦਾ ਹਾਂ ਅਤੇ ਇਸ ਸਨਮਾਨ ਦੀ ਮੈਂ ਦਿਲੋਂ ਕਦਰ ਕਰਦਾ ਹਾਂ। ਮੈਂ ਇਹ ਦੇਖ ਕੇ ਬਹੁਤ ਹੈਰਾਨ ਹਾਂ ਕਿ ਬਹੁਤ ਸਾਰੇ ਨੌਜਵਾਨ ਭੈਣਾਂ-ਭਰਾਵਾਂ ਨੇ ਪੂਰੇ ਸਮੇਂ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ ਹੈ। ਯਸਾਯਾਹ ਵਾਂਗ ਉਹ ਵੀ ਕਹਿੰਦੇ ਹਨ: “ਮੈਂ ਹਾਜ਼ਰ ਹਾਂ, ਮੈਨੂੰ ਘੱਲੋ।” (ਯਸਾ. 6:8) ਇਨ੍ਹਾਂ ਹਜ਼ਾਰਾਂ ਭੈਣਾਂ-ਭਰਾਵਾਂ ਨੇ ਇਸ ਗੱਲ ਨੂੰ ਆਪਣੀ ਜ਼ਿੰਦਗੀ ਵਿਚ ਪੂਰੇ ਹੁੰਦੇ ਦੇਖਿਆ ਹੈ ਜੋ ਇਕ ਸਰਕਟ ਓਵਰਸੀਅਰ ਨੇ ਬਹੁਤ ਪਹਿਲਾਂ ਕਹੀ ਸੀ: “ਬਿਨਾਂ ਦੇਰ ਕੀਤੇ ਪੂਰੇ ਸਮੇਂ ਦੀ ਸੇਵਾ ਵਿਚ ਲੱਗ ਜਾ। ਤੂੰ ਨਹੀਂ ਜਾਣਦਾ ਕਿ ਇੱਦਾਂ ਕਰਨ ਨਾਲ ਤੇਰੇ ਲਈ ਸੇਵਾ ਦੇ ਕਿਹੜੇ ਦਰਵਾਜ਼ੇ ਖੁੱਲ੍ਹ ਸਕਦੇ ਹਨ।”