Skip to content

Skip to table of contents

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਹਿਲੀ ਸਦੀ ਵਿਚ ਯਹੂਦੀ ਲੋਕ ਮਸੀਹ ਦੇ “ਆਉਣ ਦਾ ਇੰਤਜ਼ਾਰ” ਕਿਉਂ ਕਰ ਰਹੇ ਸਨ?

ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਦਿਨਾਂ ਵਿਚ “ਲੋਕ ਮਸੀਹ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਸਨ। ਇਸ ਲਈ ਸਾਰੇ ਲੋਕ ਆਪਣੇ ਮਨਾਂ ਵਿਚ ਯੂਹੰਨਾ ਬਾਰੇ ਸੋਚਦੇ ਹੁੰਦੇ ਸਨ, ‘ਕਿਤੇ ਇਹੀ ਮਸੀਹ ਤਾਂ ਨਹੀਂ?’” (ਲੂਕਾ 3:15) ਉਸ ਵੇਲੇ ਯਹੂਦੀ ਲੋਕ ਮਸੀਹ ਦੇ ਆਉਣ ਦਾ ਇੰਤਜ਼ਾਰ ਕਿਉਂ ਕਰ ਰਹੇ ਸਨ? ਕੁਝ ਕਾਰਨਾਂ ’ਤੇ ਗੌਰ ਕਰੋ।

ਯਿਸੂ ਦੇ ਜਨਮ ਤੋਂ ਬਾਅਦ ਯਹੋਵਾਹ ਦਾ ਫ਼ਰਿਸ਼ਤਾ ਕੁਝ ਚਰਵਾਹਿਆਂ ਦੇ ਸਾਮ੍ਹਣੇ ਪ੍ਰਗਟ ਹੋਇਆ ਜੋ ਬੈਤਲਹਮ ਨੇੜੇ ਖੇਤਾਂ ਵਿਚ ਆਪਣੇ ਇੱਜੜਾਂ ਦੀ ਰਖਵਾਲੀ ਕਰ ਰਹੇ ਸਨ। ਦੂਤ ਨੇ ਐਲਾਨ ਕੀਤਾ: “ਅੱਜ ਦਾਊਦ ਦੇ ਸ਼ਹਿਰ ਵਿਚ ਤੁਹਾਡੇ ਲਈ ਇਕ ਮੁਕਤੀਦਾਤਾ ਪੈਦਾ ਹੋਇਆ ਹੈ, ਉਹੀ ਮਸੀਹ ਤੇ ਪ੍ਰਭੂ ਹੈ।” (ਲੂਕਾ 2:8-11) ਇਸ ਤੋਂ ਬਾਅਦ “ਸਵਰਗੀ ਦੂਤਾਂ ਦੀ ਫ਼ੌਜ ਉਸ ਦੂਤ ਨਾਲ ਆ ਰਲ਼ੀ ਅਤੇ ਉਹ ਸਾਰੇ ਪਰਮੇਸ਼ੁਰ ਦੀ ਵਡਿਆਈ ਕਰਦੇ ਹੋਏ ਕਹਿਣ ਲੱਗੇ: * ‘ਸਵਰਗ ਵਿਚ ਪਰਮੇਸ਼ੁਰ ਦੀ ਜੈ-ਜੈਕਾਰ ਹੋਵੇ ਅਤੇ ਧਰਤੀ ਉੱਤੇ ਉਨ੍ਹਾਂ ਲੋਕਾਂ ਨੂੰ ਸ਼ਾਂਤੀ ਮਿਲੇ ਜਿਨ੍ਹਾਂ ਤੋਂ ਉਹ ਖ਼ੁਸ਼ ਹੈ।’”ਲੂਕਾ 2:13, 14.

ਇਸ ਐਲਾਨ ਦਾ ਉਨ੍ਹਾਂ ਚਰਵਾਹਿਆਂ ’ਤੇ ਇੰਨਾ ਜ਼ਬਰਦਸਤ ਅਸਰ ਪਿਆ ਕਿ ਉਹ ਫ਼ੌਰਨ ਬੈਤਲਹਮ ਗਏ। ਉੱਥੇ ਯੂਸੁਫ਼ ਤੇ ਮਰੀਅਮ ਨੂੰ ਮਿਲਣ ਅਤੇ ਨੰਨ੍ਹੇ ਯਿਸੂ ਨੂੰ ਦੇਖਣ ਤੋਂ ਬਾਅਦ “ਉਨ੍ਹਾਂ ਨੇ ਸਾਰੀਆਂ ਗੱਲਾਂ ਲੋਕਾਂ ਨੂੰ ਦੱਸੀਆਂ ਜੋ ਦੂਤ ਨੇ ਉਨ੍ਹਾਂ ਨੂੰ ਬੱਚੇ ਬਾਰੇ ਦੱਸੀਆਂ ਸਨ।” ਨਤੀਜੇ ਵਜੋਂ “ਜਿਨ੍ਹਾਂ ਨੇ ਵੀ ਚਰਵਾਹਿਆਂ ਦੀਆਂ ਗੱਲਾਂ ਸੁਣੀਆਂ, ਉਹ ਸਭ ਹੈਰਾਨ ਹੋਏ।” (ਲੂਕਾ 2:17, 18) ਇਨ੍ਹਾਂ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਚਰਵਾਹਿਆਂ ਨੇ ਯੂਸੁਫ਼ ਤੇ ਮਰੀਅਮ ਤੋਂ ਇਲਾਵਾ ਹੋਰਨਾਂ ਨੂੰ ਵੀ ਇਹ ਗੱਲਾਂ ਦੱਸੀਆਂ। ਫਿਰ ਵਾਪਸ ਜਾਂਦਿਆਂ ਰਾਹ ਵਿਚ ਅਤੇ ਘਰ ਪਹੁੰਚ ਕੇ ਵੀ ਚਰਵਾਹੇ “ਪਰਮੇਸ਼ੁਰ ਦੀ ਵਡਿਆਈ ਕਰਨ ਲੱਗੇ ਕਿਉਂਕਿ ਉਨ੍ਹਾਂ ਨੇ ਉਹੀ ਸੁਣਿਆ ਤੇ ਦੇਖਿਆ ਜੋ ਉਨ੍ਹਾਂ ਨੂੰ ਦੱਸਿਆ ਗਿਆ ਸੀ।” (ਲੂਕਾ 2:20) ਜੀ ਹਾਂ, ਉਨ੍ਹਾਂ ਨੇ ਮਸੀਹ ਬਾਰੇ ਖ਼ੁਸ਼ੀ ਦੀ ਖ਼ਬਰ ਆਪਣੇ ਤਕ ਹੀ ਨਹੀਂ ਰੱਖੀ, ਸਗੋਂ ਦੂਜਿਆਂ ਨੂੰ ਵੀ ਦੱਸੀ।

ਮੂਸਾ ਦੇ ਕਾਨੂੰਨ ਮੁਤਾਬਕ ਜਦ ਮਰੀਅਮ ਆਪਣੇ ਜੇਠੇ ਪੁੱਤਰ ਨੂੰ ਯਹੋਵਾਹ ਅੱਗੇ ਪੇਸ਼ ਕਰਨ ਲਈ ਯਰੂਸ਼ਲਮ ਲਿਆਈ, ਤਾਂ ਅੱਨਾ ਨਾਂ ਦੀ ਨਬੀਆ “ਪਰਮੇਸ਼ੁਰ ਦਾ ਧੰਨਵਾਦ ਕਰਨ ਲੱਗੀ ਅਤੇ ਯਰੂਸ਼ਲਮ ਦੇ ਛੁਟਕਾਰੇ ਦਾ ਇੰਤਜ਼ਾਰ ਕਰ ਰਹੇ ਲੋਕਾਂ ਨੂੰ ਬੱਚੇ ਬਾਰੇ ਦੱਸਣ ਲੱਗੀ।” (ਲੂਕਾ 2:36-38; ਕੂਚ 13:12) ਇੱਦਾਂ ਮਸੀਹ ਦੇ ਜਨਮ ਦੀ ਖ਼ਬਰ ਹਰ ਪਾਸੇ ਫੈਲਦੀ ਗਈ।

ਬਾਅਦ ਵਿਚ “ਪੂਰਬ ਵੱਲੋਂ ਜੋਤਸ਼ੀ ਯਰੂਸ਼ਲਮ ਆਏ ਅਤੇ ਉਨ੍ਹਾਂ ਨੇ ਪੁੱਛਿਆ: ‘ਉਹ ਬੱਚਾ ਕਿੱਥੇ ਹੈ ਜਿਹੜਾ ਯਹੂਦੀਆਂ ਦਾ ਰਾਜਾ ਬਣੇਗਾ? ਜਦੋਂ ਅਸੀਂ ਪੂਰਬ ਵਿਚ ਸਾਂ, ਤਾਂ ਅਸੀਂ ਉਸ ਦਾ ਤਾਰਾ ਦੇਖਿਆ ਸੀ ਅਤੇ ਅਸੀਂ ਬੱਚੇ ਨੂੰ ਨਮਸਕਾਰ ਕਰਨ ਆਏ ਹਾਂ।’” (ਮੱਤੀ 2:1, 2) ਇਹ ਸੁਣ ਕੇ “ਰਾਜਾ ਹੇਰੋਦੇਸ ਅਤੇ ਯਰੂਸ਼ਲਮ ਦੇ ਸਾਰੇ ਲੋਕ ਘਬਰਾ ਗਏ। ਰਾਜੇ ਨੇ ਮੁੱਖ ਪੁਜਾਰੀਆਂ ਅਤੇ ਗ੍ਰੰਥੀਆਂ ਨੂੰ ਇਕੱਠਾ ਕਰ ਕੇ ਪੁੱਛਿਆ ਕਿ ਮਸੀਹ ਦਾ ਜਨਮ ਕਿੱਥੇ ਹੋਣਾ ਸੀ।” (ਮੱਤੀ 2:3, 4) ਹਾਂ, ਇਹ ਖ਼ਬਰ ਚਾਰੇ ਪਾਸੇ ਅੱਗ ਵਾਂਗ ਫੈਲ  ਰਹੀ ਸੀ ਕਿ ਵਾਅਦਾ ਕੀਤੇ ਹੋਏ ਮਸੀਹ ਦਾ ਜਨਮ ਹੋ ਗਿਆ ਸੀ! *

ਜਿਵੇਂ ਅਸੀਂ ਪਹਿਲਾਂ ਦੇਖਿਆ ਸੀ, ਲੂਕਾ 3:15 ਮੁਤਾਬਕ ਕੁਝ ਯਹੂਦੀਆਂ ਨੇ ਸੋਚਿਆ ਕਿ ਸ਼ਾਇਦ ਯੂਹੰਨਾ ਬਪਤਿਸਮਾ ਦੇਣ ਵਾਲਾ ਹੀ ਮਸੀਹ ਹੈ। ਪਰ ਯੂਹੰਨਾ ਨੇ ਇਸ ਗੱਲ ਦਾ ਇਨਕਾਰ ਕਰਦਿਆਂ ਕਿਹਾ: “ਜਿਹੜਾ ਮੇਰੇ ਤੋਂ ਬਾਅਦ ਆ ਰਿਹਾ ਹੈ, ਉਸ ਕੋਲ ਮੇਰੇ ਨਾਲੋਂ ਜ਼ਿਆਦਾ ਅਧਿਕਾਰ ਹੈ ਅਤੇ ਮੈਂ ਤਾਂ ਉਸ ਦੀ ਜੁੱਤੀ ਲਾਹੁਣ ਦੇ ਵੀ ਕਾਬਲ ਨਹੀਂ ਹਾਂ। ਉਹ ਤੁਹਾਨੂੰ ਪਵਿੱਤਰ ਸ਼ਕਤੀ ਅਤੇ ਅੱਗ ਨਾਲ ਬਪਤਿਸਮਾ ਦੇਵੇਗਾ।” (ਮੱਤੀ 3:11) ਯੂਹੰਨਾ ਦੀ ਗੱਲ ਸੁਣ ਕੇ ਲੋਕ ਮਸੀਹ ਨੂੰ ਦੇਖਣ ਲਈ ਹੋਰ ਵੀ ਉਤਾਵਲੇ ਹੋ ਗਏ ਹੋਣੇ।

ਕੀ ਪਹਿਲੀ ਸਦੀ ਵਿਚ ਯਹੂਦੀ ਦਾਨੀਏਲ 9:24-27 ਵਿਚ ਲਿਖੀ 70 ਹਫ਼ਤਿਆਂ ਦੀ ਭਵਿੱਖਬਾਣੀ ਨੂੰ ਸਮਝਦੇ ਸਨ? ਕੀ ਉਨ੍ਹਾਂ ਨੇ ਇਸ ਭਵਿੱਖਬਾਣੀ ਦੀ ਮਦਦ ਨਾਲ ਹਿਸਾਬ-ਕਿਤਾਬ ਲਾਇਆ ਸੀ ਕਿ ਮਸੀਹ ਨੇ ਕਦੋਂ ਆਉਣਾ ਸੀ? ਸ਼ਾਇਦ, ਪਰ ਸਾਡੇ ਕੋਲ ਇਸ ਦਾ ਕੋਈ ਸਬੂਤ ਨਹੀਂ ਹੈ। ਯਿਸੂ ਦੇ ਜ਼ਮਾਨੇ ਵਿਚ 70 ਹਫ਼ਤਿਆਂ ਦੀ ਭਵਿੱਖਬਾਣੀ ਬਾਰੇ ਲੋਕਾਂ ਦੀ ਸਮਝ ਵੱਖੋ-ਵੱਖਰੀ ਸੀ ਅਤੇ ਉਨ੍ਹਾਂ ਦੀਆਂ ਗੱਲਾਂ ਇਕ-ਦੂਜੇ ਨਾਲ ਮੇਲ ਨਹੀਂ ਸੀ ਖਾਂਦੀਆਂ। ਨਾਲੇ ਉਨ੍ਹਾਂ ਦੀ ਸਮਝ ਸਾਡੀ ਸਮਝ ਤੋਂ ਬਿਲਕੁਲ ਅਲੱਗ ਸੀ। *

ਮਿਸਾਲ ਲਈ, ਉਸ ਜ਼ਮਾਨੇ ਵਿਚ ਰਹਿੰਦੇ ਐਸੀਨ ਲੋਕਾਂ ’ਤੇ ਗੌਰ ਕਰੋ। ਮੰਨਿਆ ਜਾਂਦਾ ਹੈ ਕਿ ਇਹ ਸੰਨਿਆਸੀਆਂ ਦਾ ਇਕ ਯਹੂਦੀ ਪੰਥ ਸੀ। ਇਹ ਲੋਕ ਸਿਖਾਉਂਦੇ ਸਨ ਕਿ 490 ਸਾਲਾਂ ਦੇ ਅਖ਼ੀਰ ਵਿਚ ਇਕ ਨਹੀਂ, ਸਗੋਂ ਦੋ ਮਸੀਹ ਆਉਣਗੇ। ਪਰ ਸਾਨੂੰ ਪੱਕਾ ਪਤਾ ਨਹੀਂ ਕਿ ਉਨ੍ਹਾਂ ਨੇ ਇਹ ਹਿਸਾਬ-ਕਿਤਾਬ ਦਾਨੀਏਲ ਦੀ ਭਵਿੱਖਬਾਣੀ ਮੁਤਾਬਕ ਲਾਇਆ ਸੀ ਜਾਂ ਨਹੀਂ। ਜੇ ਲਾਇਆ ਵੀ ਹੋਵੇ, ਤਾਂ ਵੀ ਸਾਡੇ ਲਈ ਇਹ ਮੰਨਣਾ ਔਖਾ ਹੈ ਕਿ ਜ਼ਿਆਦਾਤਰ ਯਹੂਦੀ ਇਸ ਭਵਿੱਖਬਾਣੀ ਬਾਰੇ ਐਸੀਨ ਲੋਕਾਂ ਦੀ ਸਮਝ ’ਤੇ ਇਤਬਾਰ ਕਰਦੇ ਸਨ ਕਿਉਂਕਿ ਇਹ ਲੋਕ ਸਮਾਜ ਤੋਂ ਵੱਖਰੇ ਰਹਿੰਦੇ ਸਨ।

ਦੂਜੀ ਸਦੀ ਵਿਚ ਕੁਝ ਯਹੂਦੀ ਲੋਕ ਮੰਨਦੇ ਸਨ ਕਿ 70 ਹਫ਼ਤਿਆਂ ਦੀ ਭਵਿੱਖਬਾਣੀ 607 ਈਸਵੀ ਪੂਰਵ ਵਿਚ ਪਹਿਲੇ ਮੰਦਰ ਦੀ ਤਬਾਹੀ ਤੋਂ ਲੈ ਕੇ 70 ਈਸਵੀ ਵਿਚ ਦੂਸਰੇ ਮੰਦਰ ਦੀ ਤਬਾਹੀ ਤਕ ਦੇ ਸਾਲਾਂ ਦੌਰਾਨ ਪੂਰੀ ਹੋਈ। ਪਰ ਕੁਝ ਹੋਰ ਯਹੂਦੀ ਮੰਨਦੇ ਸਨ ਕਿ ਇਹ ਭਵਿੱਖਬਾਣੀ ਦੂਸਰੀ ਸਦੀ ਈਸਵੀ ਪੂਰਵ ਵਿਚ ਮੈਕਾਬੀਆਂ ਦੇ ਜ਼ਮਾਨੇ ਦੌਰਾਨ ਪੂਰੀ ਹੋਈ। ਸੋ ਪਹਿਲੀ ਸਦੀ ਵਿਚ ਯਹੂਦੀ ਇਸ ਗੱਲ ਬਾਰੇ ਆਪਸ ਵਿਚ ਸਹਿਮਤ ਨਹੀਂ ਸਨ ਕਿ 70 ਹਫ਼ਤਿਆਂ ਨੂੰ ਕਿਵੇਂ ਗਿਣਿਆ ਜਾਣਾ ਚਾਹੀਦਾ ਸੀ।

ਜੇ ਪਹਿਲੀ ਸਦੀ ਵਿਚ ਲੋਕਾਂ ਨੂੰ ਪਤਾ ਹੁੰਦਾ ਕਿ 70 ਹਫ਼ਤਿਆਂ ਦੀ ਭਵਿੱਖਬਾਣੀ ਕਦੋਂ ਪੂਰੀ ਹੋਣੀ ਸੀ, ਤਾਂ ਸ਼ਾਇਦ ਰਸੂਲਾਂ ਅਤੇ ਪਹਿਲੀ ਸਦੀ ਦੇ ਮਸੀਹੀਆਂ ਨੇ ਇਸ ਦਾ ਜ਼ਿਕਰ ਜ਼ਰੂਰ ਕੀਤਾ ਹੁੰਦਾ। ਕਿਉਂ? ਕਿਉਂਕਿ ਉਸ ਸਮੇਂ ਦੇ ਮਸੀਹੀ ਇਸ ਭਵਿੱਖਬਾਣੀ ਤੋਂ ਸਾਬਤ ਕਰ ਸਕਦੇ ਸਨ ਕਿ ਵਾਅਦਾ ਕੀਤਾ ਹੋਇਆ ਮਸੀਹ, ਯਿਸੂ ਐਨ ਸਹੀ ਸਮੇਂ ’ਤੇ ਆਇਆ ਸੀ। ਪਰ ਸਾਡੇ ਕੋਲ ਇਸ ਗੱਲ ਦਾ ਕੋਈ ਸਬੂਤ ਨਹੀਂ ਕਿ ਉਨ੍ਹਾਂ ਨੇ ਇੱਦਾਂ ਕੀਤਾ ਸੀ।

ਇਕ ਹੋਰ ਗੱਲ ’ਤੇ ਗੌਰ ਕਰੋ। ਮੱਤੀ, ਮਰਕੁਸ, ਲੂਕਾ ਅਤੇ ਯੂਹੰਨਾ ਬਾਈਬਲ ਵਿਚ ਅਕਸਰ ਇਸ ਗੱਲ ਦਾ ਜ਼ਿਕਰ ਕਰਦੇ ਹਨ ਕਿ ਯਿਸੂ ਮਸੀਹ ਨੇ ਇਬਰਾਨੀ ਧਰਮ-ਗ੍ਰੰਥ ਦੀਆਂ ਭਵਿੱਖਬਾਣੀਆਂ ਕਿਵੇਂ ਪੂਰੀਆਂ ਕੀਤੀਆਂ। (ਮੱਤੀ 1:22, 23; 2:13-15; 4:13-16) ਪਰ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਇਹ ਨਹੀਂ ਦੱਸਿਆ ਕਿ ਯਿਸੂ ਨੇ 70 ਹਫ਼ਤਿਆਂ ਦੀ ਭਵਿੱਖਬਾਣੀ ਕਿਵੇਂ ਪੂਰੀ ਕੀਤੀ।

ਤਾਂ ਫਿਰ ਅਸੀਂ ਕੀ ਸਿੱਖਿਆ ਹੈ? ਸਾਨੂੰ ਪੱਕਾ ਪਤਾ ਨਹੀਂ ਕਿ ਯਿਸੂ ਦੇ ਸਮੇਂ ਵਿਚ ਲੋਕ 70 ਹਫ਼ਤਿਆਂ ਦੀ ਭਵਿੱਖਬਾਣੀ ਨੂੰ ਸਹੀ ਤਰ੍ਹਾਂ ਸਮਝਦੇ ਸਨ ਜਾਂ ਨਹੀਂ। ਪਰ ਮੱਤੀ, ਮਰਕੁਸ, ਲੂਕਾ ਅਤੇ ਯੂਹੰਨਾ ਦੀਆਂ ਕਿਤਾਬਾਂ ਤੋਂ ਸਾਨੂੰ ਠੋਸ ਸਬੂਤ ਮਿਲਦੇ ਹਨ ਕਿ ਉਸ ਵੇਲੇ ਲੋਕ ਮਸੀਹ ਦੇ “ਆਉਣ ਦਾ ਇੰਤਜ਼ਾਰ” ਕਿਉਂ ਕਰ ਰਹੇ ਸਨ।

^ ਪੇਰਗ੍ਰੈਫ 4 ਬਾਈਬਲ ਇਹ ਨਹੀਂ ਕਹਿੰਦੀ ਕਿ ਯਿਸੂ ਦੇ ਜਨਮ ਵੇਲੇ ਦੂਤ ਗਾ ਰਹੇ ਸਨ।

^ ਪੇਰਗ੍ਰੈਫ 7 ਸ਼ਾਇਦ ਅਸੀਂ ਸੋਚੀਏ ਕਿ ਜੋਤਸ਼ੀ ਇਹ ਕਿੱਦਾਂ ਜਾਣਦੇ ਸਨ ਕਿ ਪੂਰਬ ਵਿਚ ਦਿਸਣ ਵਾਲੇ ‘ਤਾਰੇ’ ਦਾ ‘ਯਹੂਦੀਆਂ ਦੇ ਰਾਜੇ’ ਨਾਲ ਤਅੱਲਕ ਸੀ? ਕੀ ਇੱਦਾਂ ਤਾਂ ਨਹੀਂ ਕਿ ਉਨ੍ਹਾਂ ਨੇ ਇਜ਼ਰਾਈਲ ਵਿਚ ਸਫ਼ਰ ਕਰਦਿਆਂ ਯਿਸੂ ਦੇ ਜਨਮ ਦੀ ਖ਼ਬਰ ਸੁਣੀ ਸੀ?

^ ਪੇਰਗ੍ਰੈਫ 9 70 ਹਫ਼ਤਿਆਂ ਦੀ ਭਵਿੱਖਬਾਣੀ ਬਾਰੇ ਜਾਣਨ ਲਈ ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਦਿਓ! ਨਾਂ ਦੀ ਕਿਤਾਬ ਦਾ 11ਵਾਂ ਅਧਿਆਇ ਦੇਖੋ।