Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਪਹਿਰਾਬੁਰਜ—ਸਟੱਡੀ ਐਡੀਸ਼ਨ  |  ਜਨਵਰੀ 2014

ਬਚਪਨ ਵਿਚ ਮੇਰਾ ਫ਼ੈਸਲਾ

ਬਚਪਨ ਵਿਚ ਮੇਰਾ ਫ਼ੈਸਲਾ

ਬਚਪਨ ਵਿਚ

1985 ਵਿਚ ਮੈਂ 10 ਸਾਲਾਂ ਦਾ ਸੀ ਅਤੇ ਸਾਡਾ ਪਰਿਵਾਰ ਅਮਰੀਕਾ ਦੇ ਕੋਲੰਬਸ, ਓਹੀਓ ਵਿਚ ਰਹਿੰਦਾ ਸੀ। ਉਦੋਂ ਮੇਰੇ ਸਕੂਲ ਵਿਚ ਕੰਬੋਡੀਆ ਤੋਂ ਕੁਝ ਬੱਚੇ ਆਏ ਜਿਨ੍ਹਾਂ ਵਿੱਚੋਂ ਇਕ ਮੁੰਡੇ ਨੂੰ ਥੋੜ੍ਹੀ-ਬਹੁਤੀ ਇੰਗਲਿਸ਼ ਆਉਂਦੀ ਸੀ। ਉਹ ਤਸਵੀਰਾਂ ਬਣਾ ਕੇ ਮੈਨੂੰ ਖ਼ੂਨ-ਖ਼ਰਾਬੇ ਅਤੇ ਆਪਣੀਆਂ ਜਾਨਾਂ ਬਚਾ ਕੇ ਭੱਜ ਰਹੇ ਲੋਕਾਂ ਦੀਆਂ ਡਰਾਉਣੀਆਂ ਕਹਾਣੀਆਂ ਸੁਣਾਉਂਦਾ ਹੁੰਦਾ ਸੀ। ਰਾਤ ਨੂੰ ਸੌਣ ਵੇਲੇ ਮੈਂ ਇਨ੍ਹਾਂ ਮਾਸੂਮ ਬੱਚਿਆਂ ਬਾਰੇ ਸੋਚ ਕੇ ਰੋਣ ਲੱਗ ਪੈਂਦਾ ਸੀ। ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਸੀ ਕਿ ਪਰਮੇਸ਼ੁਰ ਦੀ ਨਵੀਂ ਦੁਨੀਆਂ ਆਉਣ ਵਾਲੀ ਹੈ ਅਤੇ ਮਰੇ ਲੋਕਾਂ ਨੂੰ ਜ਼ਿੰਦਾ ਕੀਤਾ ਜਾਵੇਗਾ, ਪਰ ਉਨ੍ਹਾਂ ਨੂੰ ਮੇਰੀ ਭਾਸ਼ਾ ਨਹੀਂ ਸੀ ਆਉਂਦੀ। ਹਾਲਾਂਕਿ ਮੈਂ ਅਜੇ ਨਿਆਣਾ ਹੀ ਸੀ, ਫਿਰ ਵੀ ਮੈਂ ਕੰਬੋਡੀਅਨ ਭਾਸ਼ਾ ਸਿੱਖਣ ਦਾ ਫ਼ੈਸਲਾ ਕੀਤਾ ਤਾਂਕਿ ਮੈਂ ਉਨ੍ਹਾਂ ਬੱਚਿਆਂ ਨੂੰ ਯਹੋਵਾਹ ਬਾਰੇ ਦੱਸ ਸਕਾਂ। ਉਸ ਵੇਲੇ ਮੈਨੂੰ ਜ਼ਰਾ ਵੀ ਅਹਿਸਾਸ ਨਹੀਂ ਸੀ ਕਿ ਮੇਰੇ ਇਸ ਫ਼ੈਸਲੇ ਦਾ ਮੇਰੀ ਆਉਣ ਵਾਲੀ ਜ਼ਿੰਦਗੀ ’ਤੇ ਕੀ ਅਸਰ ਪਵੇਗਾ।

ਇਹ ਭਾਸ਼ਾ ਸਿੱਖਣੀ ਔਖੀ ਸੀ ਕਿਉਂਕਿ ਮੇਰੀ ਮਦਦ ਕਰਨ ਵਾਲਾ ਕੋਈ ਨਹੀਂ ਸੀ। ਮੈਂ ਦੋ ਵਾਰ ਹਿੰਮਤ ਹਾਰ ਬੈਠਾ, ਪਰ ਯਹੋਵਾਹ ਨੇ ਮੈਨੂੰ ਮੇਰੇ ਮਾਪਿਆਂ ਰਾਹੀਂ ਹੌਸਲਾ ਦਿੱਤਾ। ਕੁਝ ਸਮੇਂ ਬਾਅਦ ਸਕੂਲ ਦੇ ਟੀਚਰਾਂ ਅਤੇ ਬੱਚਿਆਂ ਨੇ ਮੇਰੇ ’ਤੇ ਜ਼ੋਰ ਪਾਇਆ ਕਿ ਮੈਂ ਚੰਗੀ-ਖ਼ਾਸੀ ਕਮਾਈ ਵਾਲੀ ਨੌਕਰੀ ਕਰਾਂ। ਪਰ ਮੈਂ ਪਾਇਨੀਅਰ ਬਣਨਾ ਚਾਹੁੰਦਾ ਸੀ, ਇਸ ਲਈ ਮੈਂ ਹਾਈ ਸਕੂਲ ਵਿਚ ਅਜਿਹੇ ਕੋਰਸ ਕੀਤੇ ਜਿਨ੍ਹਾਂ ਦੀ ਮਦਦ ਨਾਲ ਮੈਂ ਪਾਰਟ-ਟਾਈਮ ਨੌਕਰੀ ਲੱਭ ਸਕਦਾ ਸੀ। ਸਕੂਲ ਤੋਂ ਬਾਅਦ ਮੈਂ ਕੁਝ ਪਾਇਨੀਅਰਾਂ ਨਾਲ ਮਿਲ ਕੇ ਪ੍ਰਚਾਰ ਕਰਦਾ ਹੁੰਦਾ ਸੀ। ਨਾਲੇ ਮੈਂ ਸਟੂਡੈਂਟਸ ਨੂੰ ਇੰਗਲਿਸ਼ ਸਿਖਾਉਂਦਾ ਹੁੰਦਾ ਸੀ। ਬਾਅਦ ਵਿਚ ਇਹ ਫ਼ੈਸਲਾ ਮੇਰੇ ਬੜੇ ਕੰਮ ਆਇਆ।

ਜਦ ਮੈਂ 16 ਸਾਲਾਂ ਦਾ ਸੀ, ਤਾਂ ਮੈਨੂੰ ਪਤਾ ਲੱਗਾ ਕਿ ਅਮਰੀਕਾ ਦੇ ਲਾਂਗ ਬੀਚ, ਕੈਲੇਫ਼ੋਰਨੀਆ ਵਿਚ ਇਕ ਕੰਬੋਡੀਅਨ ਗਰੁੱਪ ਹੈ। ਮੈਂ ਇਸ ਗਰੁੱਪ ’ਤੇ ਗਿਆ ਅਤੇ ਭੈਣਾਂ-ਭਰਾਵਾਂ ਨੇ ਮੈਨੂੰ ਇਹ ਭਾਸ਼ਾ ਪੜ੍ਹਨੀ ਸਿਖਾਈ। ਆਪਣੀ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮੈਂ ਪਾਇਨੀਅਰ ਬਣਿਆ ਅਤੇ ਆਪਣੇ ਘਰ ਦੇ ਨੇੜੇ ਕੰਬੋਡੀਅਨ ਲੋਕਾਂ ਨੂੰ ਪ੍ਰਚਾਰ ਕਰਦਾ ਰਿਹਾ। ਜਦ ਮੈਂ 18 ਸਾਲਾਂ ਦਾ ਹੋਇਆ, ਤਾਂ ਮੈਂ ਕੰਬੋਡੀਆ ਜਾਣ ਬਾਰੇ ਸੋਚਣ ਲੱਗਾ। ਭਾਵੇਂ ਇਹ ਅਜੇ ਵੀ ਇਕ ਖ਼ਤਰਨਾਕ ਜਗ੍ਹਾ ਸੀ, ਪਰ ਇੱਥੇ ਰਹਿੰਦੇ ਇਕ ਕਰੋੜ ਲੋਕਾਂ ਵਿੱਚੋਂ ਜ਼ਿਆਦਾਤਰ ਨੇ ਕਦੇ ਵੀ ਖ਼ੁਸ਼ ਖ਼ਬਰੀ ਨਹੀਂ ਸੁਣੀ ਸੀ। ਉਸ ਵੇਲੇ ਪੂਰੇ ਦੇਸ਼ ਵਿਚ ਸਿਰਫ਼ 13 ਪਬਲੀਸ਼ਰਾਂ ਦੀ ਇਕ ਮੰਡਲੀ ਸੀ। ਮੈਂ 19 ਸਾਲਾਂ ਦੀ ਉਮਰ ਵਿਚ ਪਹਿਲੀ ਵਾਰ ਕੰਬੋਡੀਆ ਗਿਆ ਅਤੇ ਦੋ ਸਾਲਾਂ ਬਾਅਦ ਮੈਂ ਉੱਥੇ ਰਹਿਣ ਚਲਾ ਗਿਆ। ਇੱਥੇ ਮੈਨੂੰ ਇੰਗਲਿਸ਼ ਸਿਖਾਉਣ ਅਤੇ ਅਨੁਵਾਦ ਕਰਨ ਦਾ ਪਾਰਟ-ਟਾਈਮ ਕੰਮ ਲੱਭਾ ਜਿਸ ਨਾਲ ਮੈਂ ਪਾਇਨੀਅਰਿੰਗ ਕਰਦਿਆਂ ਆਪਣਾ ਗੁਜ਼ਾਰਾ ਤੋਰ ਸਕਿਆ। ਕੁਝ ਸਮੇਂ ਬਾਅਦ ਮੇਰਾ ਵਿਆਹ ਹੋ ਗਿਆ ਤੇ ਮੇਰੀ ਪਤਨੀ ਦੇ ਵੀ ਮੇਰੇ ਵਰਗੇ ਟੀਚੇ ਸਨ। ਅਸੀਂ ਦੋਨਾਂ ਨੇ ਮਿਲ ਕੇ ਕੰਬੋਡੀਆ ਵਿਚ ਕਈ ਲੋਕਾਂ ਦੀ ਯਹੋਵਾਹ ਦੇ ਗਵਾਹ ਬਣਨ ਵਿਚ ਮਦਦ ਕੀਤੀ ਹੈ।

ਵਾਕਈ ਯਹੋਵਾਹ ਨੇ ‘ਮੇਰੇ ਦਿਲ ਦੀ ਇੱਛਾ ਪੂਰੀ’ ਕੀਤੀ ਹੈ। (ਭਜਨ 37:4, CL) ਦੁਨੀਆਂ ਦਾ ਕੋਈ ਵੀ ਕੰਮ ਕਰਨ ਨਾਲੋਂ ਚੇਲੇ ਬਣਾਉਣ ਦਾ ਕੰਮ ਸਭ ਤੋਂ ਜ਼ਿਆਦਾ ਖ਼ੁਸ਼ੀ ਦਿੰਦਾ ਹੈ। ਜਦ ਮੈਂ 16 ਸਾਲ ਪਹਿਲਾਂ ਕੰਬੋਡੀਆ ਆਇਆ ਸੀ, ਤਾਂ ਇੱਥੇ ਸਿਰਫ਼ 13 ਪਬਲੀਸ਼ਰ ਸਨ। ਪਰ ਹੁਣ ਇੱਥੇ 12 ਮੰਡਲੀਆਂ ਅਤੇ 4 ਗਰੁੱਪ ਹਨ!—ਜੇਸਨ ਬਲੈਕਵੈੱਲ ਦੀ ਜ਼ਬਾਨੀ।