Skip to content

Skip to secondary menu

ਯਹੋਵਾਹ ਦੇ ਗਵਾਹ

ਪੰਜਾਬੀ

ਪਹਿਰਾਬੁਰਜ—ਸਟੱਡੀ ਐਡੀਸ਼ਨ  |  2006-11-15

ਯਹੋਵਾਹ ਦੀ ਤਾੜਨਾ ਹਮੇਸ਼ਾ ਕਬੂਲ ਕਰੋ

ਯਹੋਵਾਹ ਦੀ ਤਾੜਨਾ ਹਮੇਸ਼ਾ ਕਬੂਲ ਕਰੋ

“ਤੂੰ ਯਹੋਵਾਹ ਦੀ ਤਾੜ ਨੂੰ ਤੁੱਛ ਨਾ ਜਾਣ।”—ਕਹਾਉਤਾਂ 3:11.

1. ਸਾਨੂੰ ਪਰਮੇਸ਼ੁਰ ਦੀ ਤਾੜਨਾ ਕਿਉਂ ਕਬੂਲ ਕਰਨੀ ਚਾਹੀਦੀ ਹੈ?

ਪ੍ਰਾਚੀਨ ਇਸਰਾਏਲ ਦਾ ਰਾਜਾ ਸੁਲੇਮਾਨ ਸਾਨੂੰ ਪਰਮੇਸ਼ੁਰ ਦੀ ਤਾੜਨਾ ਕਬੂਲ ਕਰਨ ਦਾ ਚੰਗਾ ਕਾਰਨ ਦੱਸਦਾ ਹੈ। ਉਹ ਕਹਿੰਦਾ ਹੈ: “ਹੇ ਮੇਰੇ ਪੁੱਤ੍ਰ, ਤੂੰ ਯਹੋਵਾਹ ਦੀ ਤਾੜ ਨੂੰ ਤੁੱਛ ਨਾ ਜਾਣ, ਅਤੇ ਜਾਂ ਉਹ ਤੈਨੂੰ ਝਿੜਕੇ ਤਾਂ ਅੱਕ ਨਾ ਜਾਈਂ, ਕਿਉਂ ਜੋ ਯਹੋਵਾਹ ਓਸੇ ਨੂੰ ਤਾੜਦਾ ਹੈ ਜਿਹ ਦੇ ਨਾਲ ਪਿਆਰ ਕਰਦਾ ਹੈ, ਜਿਵੇਂ ਪਿਉ ਉਸ ਪੁੱਤ੍ਰ ਨੂੰ ਜਿਸ ਤੋਂ ਉਹ ਪਰਸੰਨ ਹੈ।” (ਕਹਾਉਤਾਂ 3:11, 12) ਜੀ ਹਾਂ, ਸਾਡਾ ਸਵਰਗੀ ਪਿਤਾ ਸਾਨੂੰ ਇਸ ਲਈ ਤਾੜਦਾ ਹੈ ਕਿਉਂਕਿ ਉਹ ਸਾਨੂੰ ਪਿਆਰ ਕਰਦਾ ਹੈ।

2. “ਤਾੜਨਾ” ਦਾ ਕੀ ਮਤਲਬ ਹੈ ਅਤੇ ਸਾਨੂੰ ਤਾੜਨਾ ਕਿਵੇਂ ਮਿਲਦੀ ਹੈ?

2 “ਤਾੜਨਾ” ਦਾ ਮਤਲਬ ਹੈ ਝਾੜਨਾ, ਸੁਧਾਰਨਾ, ਹਿਦਾਇਤਾਂ ਦੇਣੀਆਂ ਅਤੇ ਸਿੱਖਿਆ ਦੇਣੀ। ਪੌਲੁਸ ਰਸੂਲ ਨੇ ਲਿਖਿਆ: “ਸਾਰੀ ਤਾੜਨਾ ਤਾਂ ਓਸ ਵੇਲੇ ਅਨੰਦ ਦੀ ਨਹੀਂ ਸਗੋਂ ਸੋਗ ਦੀ ਗੱਲ ਸੁੱਝਦੀ ਹੈ ਪਰ ਮਗਰੋਂ ਉਹ ਓਹਨਾਂ ਨੂੰ ਜਿਹੜੇ ਉਹ ਦੇ ਨਾਲ ਸਿਧਾਏ ਗਏ ਹਨ ਧਰਮ ਦਾ ਸ਼ਾਂਤੀ-ਦਾਇਕ ਫਲ ਦਿੰਦੀ ਹੈ।” (ਇਬਰਾਨੀਆਂ 12:11) ਪਰਮੇਸ਼ੁਰ ਦੀ ਤਾੜਨਾ ਕਬੂਲ ਕਰਨ ਨਾਲ ਸਾਨੂੰ ਧਰਮ ਦੇ ਰਾਹ ਤੇ ਚੱਲਣ ਵਿਚ ਮਦਦ ਮਿਲੇਗੀ ਅਤੇ ਅਸੀਂ ਆਪਣੇ ਪਵਿੱਤਰ ਪਰਮੇਸ਼ੁਰ ਦੇ ਹੋਰ ਨੇੜੇ ਜਾਵਾਂਗੇ। (ਜ਼ਬੂਰਾਂ ਦੀ ਪੋਥੀ 99:5) ਤਾੜਨਾ ਸ਼ਾਇਦ ਸਾਨੂੰ ਆਪਣੇ ਭੈਣਾਂ-ਭਰਾਵਾਂ ਤੋਂ, ਮਸੀਹੀ ਸਭਾਵਾਂ ਵਿਚ ਸਿੱਖੀਆਂ ਗੱਲਾਂ ਤੋਂ ਜਾਂ ਪਰਮੇਸ਼ੁਰ ਦੇ ਬਚਨ ਅਤੇ ‘ਮਾਤਬਰ ਮੁਖ਼ਤਿਆਰ’ ਦੇ ਪ੍ਰਕਾਸ਼ਨਾਂ ਨੂੰ ਪੜ੍ਹਨ ਰਾਹੀਂ ਮਿਲੇ। (ਲੂਕਾ 12:42-44) ਅਸੀਂ ਕਿੰਨੇ ਸ਼ੁਕਰਗੁਜ਼ਾਰ ਹੋ ਸਕਦੇ ਹਾਂ ਕਿ ਸਾਡੇ ਧਿਆਨ ਵਿਚ ਉਹ ਗੱਲ ਲਿਆਂਦੀ ਜਾਂਦੀ ਹੈ ਜਿਸ ਵਿਚ ਸਾਨੂੰ ਸੁਧਾਰ ਕਰਨ ਦੀ ਲੋੜ ਹੈ! ਪਰ ਉਸ ਵਿਅਕਤੀ ਨੂੰ ਕਿਸ ਤਰ੍ਹਾਂ ਦੀ ਤਾੜਨਾ ਦਿੱਤੀ ਜਾਵੇ ਜਿਸ ਨੇ ਗੰਭੀਰ ਪਾਪ ਕੀਤਾ ਹੈ?

ਕੁਝ ਕਲੀਸਿਯਾ ਵਿੱਚੋਂ ਕਿਉਂ ਛੇਕ ਦਿੱਤੇ ਜਾਂਦੇ ਹਨ?

3. ਕਲੀਸਿਯਾ ਦੇ ਕਿਸੇ ਮੈਂਬਰ ਨੂੰ ਕਦੋਂ ਛੇਕਿਆ ਜਾਂਦਾ ਹੈ?

3 ਪਰਮੇਸ਼ੁਰ ਦੇ ਸੇਵਕ ਬਾਈਬਲ ਅਤੇ ਬਾਈਬਲ ਤੇ ਆਧਾਰਿਤ ਪ੍ਰਕਾਸ਼ਨ ਪੜ੍ਹਦੇ ਹਨ। ਉਨ੍ਹਾਂ ਦੀਆਂ ਸਭਾਵਾਂ, ਅਸੈਂਬਲੀਆਂ ਅਤੇ ਜ਼ਿਲ੍ਹਾ ਸੰਮੇਲਨਾਂ ਵਿਚ ਯਹੋਵਾਹ ਦੇ ਮਿਆਰਾਂ ਉੱਤੇ ਚਰਚਾ ਕੀਤੀ ਜਾਂਦੀ ਹੈ। ਇਨ੍ਹਾਂ ਰਾਹੀਂ ਮਸੀਹੀਆਂ ਨੂੰ ਦੱਸਿਆ ਜਾਂਦਾ ਹੈ ਕਿ ਯਹੋਵਾਹ ਉਨ੍ਹਾਂ ਤੋਂ ਕੀ ਕੁਝ ਕਰਨ ਦੀ ਆਸ ਰੱਖਦਾ ਹੈ। ਸੋ ਕਲੀਸਿਯਾ ਦੇ ਕਿਸੇ ਮੈਂਬਰ ਨੂੰ ਕਲੀਸਿਯਾ ਵਿੱਚੋਂ ਤਾਂ ਹੀ ਛੇਕਿਆ ਜਾਂਦਾ ਹੈ ਜੇ ਉਹ ਬਿਨਾਂ ਪਛਤਾਏ ਗੰਭੀਰ ਪਾਪ ਕਰਨ ਵਿਚ ਲੱਗਾ ਰਹਿੰਦਾ ਹੈ।

4, 5. ਕਲੀਸਿਯਾ ਵਿੱਚੋਂ ਕਿਸੇ ਨੂੰ ਕੱਢੇ ਜਾਣ ਬਾਰੇ ਬਾਈਬਲ ਵਿਚ ਕਿਹੜੀ ਮਿਸਾਲ ਦਿੱਤੀ ਗਈ ਹੈ ਤੇ ਉਸ ਆਦਮੀ ਨੂੰ ਦੁਬਾਰਾ ਕਲੀਸਿਯਾ ਦੇ ਮੈਂਬਰ ਵਜੋਂ ਕਬੂਲ ਕਰਨ ਲਈ ਕਿਉਂ ਕਿਹਾ ਗਿਆ ਸੀ?

4 ਕਲੀਸਿਯਾ ਵਿੱਚੋਂ ਛੇਕੇ ਜਾਣ ਬਾਰੇ ਆਓ ਆਪਾਂ ਬਾਈਬਲ  ਵਿੱਚੋਂ ਇਕ ਮਿਸਾਲ ਦੇਖੀਏ। ਕੁਰਿੰਥੁਸ ਦੀ ਕਲੀਸਿਯਾ ਵਿਚ ‘ਹਰਾਮਕਾਰੀ ਹੋ ਰਹੀ ਸੀ ਅਤੇ ਅਜਿਹੀ ਹਰਾਮਕਾਰੀ ਜੋ ਪਰਾਈਆਂ ਕੌਮਾਂ ਵਿੱਚ ਭੀ ਨਹੀਂ ਹੁੰਦੀ ਭਈ ਇੱਕ ਜਣਾ ਆਪਣੇ ਪਿਉ ਦੀ ਤੀਵੀਂ ਰੱਖਦਾ ਸੀ।’ ਪੌਲੁਸ ਨੇ ਕਲੀਸਿਯਾ ਨੂੰ ਕਿਹਾ ਕਿ ਉਹ ‘ਇਹੋ ਜਿਹੇ ਮਨੁੱਖ ਨੂੰ ਸਰੀਰ ਦੇ ਨਾਸ਼ ਹੋਣ ਲਈ ਸ਼ਤਾਨ ਦੇ ਹਵਾਲੇ ਕਰਨ।’ (1 ਕੁਰਿੰਥੀਆਂ 5:1-5) ਕਲੀਸਿਯਾ ਵਿੱਚੋਂ ਕੱਢੇ ਗਏ ਵਿਅਕਤੀ ਨੂੰ ਸ਼ਤਾਨ ਦੇ ਹਵਾਲੇ ਕਰਨ ਦਾ ਮਤਲਬ ਸੀ ਕਿ ਉਹ ਫਿਰ ਸ਼ਤਾਨ ਦੀ ਦੁਨੀਆਂ ਦਾ ਹਿੱਸਾ ਬਣ ਗਿਆ ਸੀ। (1 ਯੂਹੰਨਾ 5:19) ਅਜਿਹੇ ਵਿਅਕਤੀ ਨੂੰ ਛੇਕਣ ਨਾਲ ਕਲੀਸਿਯਾ ਨੂੰ ਉਸ ਦੇ ਬੁਰੇ ਅਸਰ ਤੋਂ ਬਚਾਇਆ ਗਿਆ ਸੀ ਅਤੇ ਕਲੀਸਿਯਾ ਦੀ ਸ਼ੁੱਧਤਾ ਨੂੰ ਸੁਰੱਖਿਅਤ ਰੱਖਿਆ ਗਿਆ ਸੀ।—2 ਤਿਮੋਥਿਉਸ 4:22; 1 ਕੁਰਿੰਥੀਆਂ 5:11-13.

5 ਕੁਝ ਸਮਾਂ ਗੁਜ਼ਰਨ ਤੋਂ ਬਾਅਦ ਪੌਲੁਸ ਨੇ ਕੁਰਿੰਥੁਸ ਦੀ ਕਲੀਸਿਯਾ ਨੂੰ ਕਿਹਾ ਕਿ ਉਹ ਛੇਕੇ ਗਏ ਆਦਮੀ ਨੂੰ ਮੁੜ ਕਲੀਸਿਯਾ ਦੇ ਮੈਂਬਰ ਵਜੋਂ ਕਬੂਲ ਕਰਨ। ਕਿਉਂ? ਪੌਲੁਸ ਨੇ ਕਿਹਾ ਤਾਂਕਿ ‘ਸ਼ਤਾਨ ਉਨ੍ਹਾਂ ਨਾਲ ਹੱਥ ਨਾ ਕਰ ਜਾਏ।’ ਉਸ ਆਦਮੀ ਨੇ ਆਪਣੇ ਪਾਪ ਤੋਂ ਤੋਬਾ ਕਰ ਲਈ ਸੀ ਤੇ ਸਾਫ਼-ਸੁਥਰੀ ਜ਼ਿੰਦਗੀ ਜੀਉਣ ਲੱਗ ਪਿਆ ਸੀ। (2 ਕੁਰਿੰਥੀਆਂ 2:8-11) ਜੇ ਕੁਰਿੰਥੁਸ ਦੇ ਮਸੀਹੀ ਪੱਥਰਦਿਲ ਬਣ ਕੇ ਉਸ ਪਸ਼ਚਾਤਾਪੀ ਆਦਮੀ ਨੂੰ ਕਲੀਸਿਯਾ ਵਿਚ ਫਿਰ ਤੋਂ ਕਬੂਲ ਕਰਨ ਲਈ ਤਿਆਰ ਨਾ ਹੁੰਦੇ, ਤਾਂ ਉਨ੍ਹਾਂ ਨੇ ਸ਼ਤਾਨ ਦੀ ਇੱਛਾ ਪੂਰੀ ਕਰਨੀ ਸੀ। ਇਸ ਤਰ੍ਹਾਂ ਸ਼ਤਾਨ ਨੇ ਉਨ੍ਹਾਂ ਨਾਲ ਹੱਥ ਕਰ ਜਾਣਾ ਸੀ। ਪਰ ਉਨ੍ਹਾਂ ਨੇ ਜਲਦੀ ਹੀ ਉਸ ਆਦਮੀ ਨੂੰ ‘ਮਾਫ਼ ਕਰ ਦਿੱਤਾ ਅਤੇ ਦਿਲਾਸਾ ਦਿੱਤਾ।’—2 ਕੁਰਿੰਥੀਆਂ 2:5-7.

6. ਕਲੀਸਿਯਾ ਵਿੱਚੋਂ ਪਾਪੀ ਨੂੰ ਕੱਢਣ ਦਾ ਕੀ ਮਕਸਦ ਹੈ?

6 ਕਲੀਸਿਯਾ ਵਿੱਚੋਂ ਪਾਪੀ ਨੂੰ ਕੱਢਣ ਦਾ ਕੀ ਮਕਸਦ ਹੈ? ਇਸ ਨਾਲ ਯਹੋਵਾਹ ਦੇ ਪਵਿੱਤਰ ਨਾਂ ਨੂੰ ਕਲੰਕ ਲੱਗਣ ਤੋਂ ਬਚਾਇਆ ਜਾਂਦਾ ਹੈ ਤੇ ਕਲੀਸਿਯਾ ਦੇ ਭੈਣਾਂ-ਭਰਾਵਾਂ ਦੀ ਨੇਕਨਾਮੀ ਬਣੀ ਰਹਿੰਦੀ ਹੈ। (1 ਪਤਰਸ 1:14-16) ਤੋਬਾ ਨਾ ਕਰਨ ਵਾਲੇ ਬੰਦੇ ਨੂੰ ਕਲੀਸਿਯਾ ਵਿੱਚੋਂ ਕੱਢਣ ਨਾਲ ਪਰਮੇਸ਼ੁਰ ਦੇ ਮਿਆਰ ਬਰਕਰਾਰ ਰਹਿੰਦੇ ਹਨ ਅਤੇ ਕਲੀਸਿਯਾ ਸ਼ੁੱਧ ਰਹਿੰਦੀ ਹੈ। ਇਸ ਤਰ੍ਹਾਂ ਕਰਨ ਨਾਲ ਉਸ ਬੰਦੇ ਦੇ ਹੋਸ਼ ਵੀ ਟਿਕਾਣੇ ਆ ਸਕਦੇ ਹਨ।

ਪੌਲੁਸ ਰਸੂਲ ਨੇ ਇਕ ਬੰਦੇ ਨੂੰ ਛੇਕਣ ਲਈ ਕੁਰਿੰਥੁਸ ਦੀ ਕਲੀਸਿਯਾ ਨੂੰ ਕਿਉਂ ਹਿਦਾਇਤਾਂ ਦਿੱਤੀਆਂ ਸਨ?

ਤੋਬਾ ਕਰਨੀ ਜ਼ਰੂਰੀ ਹੈ

7. ਆਪਣੇ ਪਾਪਾਂ ਨੂੰ ਨਾ ਮੰਨਣ ਦਾ ਦਾਊਦ ਉੱਤੇ ਕੀ ਅਸਰ ਪਿਆ?

7 ਗੰਭੀਰ ਪਾਪ ਕਰਨ ਵਾਲੇ ਜ਼ਿਆਦਾਤਰ ਲੋਕ ਦਿਲੋਂ ਤੋਬਾ ਕਰਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਕਲੀਸਿਯਾ ਵਿੱਚੋਂ ਕੱਢਿਆ ਨਹੀਂ ਜਾਂਦਾ। ਪਰ ਕੁਝ ਲਈ ਤੋਬਾ ਕਰਨੀ ਇੰਨੀ ਆਸਾਨ ਨਹੀਂ ਹੁੰਦੀ। ਜ਼ਰਾ ਇਸਰਾਏਲ ਦੇ ਰਾਜਾ ਦਾਊਦ ਦੀ ਮਿਸਾਲ ਤੇ ਗੌਰ ਕਰੋ ਜਿਸ ਨੇ 32ਵਾਂ ਜ਼ਬੂਰ ਲਿਖਿਆ ਸੀ। ਇਸ ਜ਼ਬੂਰ ਤੋਂ ਪਤਾ ਲੱਗਦਾ ਹੈ ਕਿ ਦਾਊਦ ਨੇ ਕੁਝ ਸਮੇਂ ਲਈ ਬਥ-ਸ਼ਬਾ ਨਾਲ ਕੀਤੇ ਆਪਣੇ ਗੰਭੀਰ ਪਾਪ ਬਾਰੇ ਕਿਸੇ ਨੂੰ ਨਹੀਂ ਦੱਸਿਆ ਸੀ। ਉਹ ਆਪਣੇ ਪਾਪਾਂ ਕਾਰਨ ਦੁਖੀ ਰਹਿਣ ਲੱਗਾ ਤੇ ਇਸ ਦੁੱਖ ਨੇ ਉਸ ਦੀਆਂ ਹੱਡੀਆਂ ਸੁਕਾ ਦਿੱਤੀਆਂ ਜਿਵੇਂ ਗਰਮੀਆਂ ਵਿਚ ਧੁੱਪ ਦਰਖ਼ਤ ਦੀ ਨਮੀ ਨੂੰ ਸੋਖ ਲੈਂਦੀ ਹੈ। ਦਾਊਦ ਮਾਨਸਿਕ ਤੌਰ ਤੇ ਦੁਖੀ ਹੋਣ ਕਰਕੇ ਬੀਮਾਰ ਰਹਿਣ ਲੱਗ ਪਿਆ ਸੀ, ਪਰ ਜਦ ਉਸ ਨੇ ‘ਆਪਣੇ ਅਪਰਾਧਾਂ ਨੂੰ ਯਹੋਵਾਹ ਦੇ ਅੱਗੇ ਮੰਨ ਲਿਆ,’ ਤਾਂ ਯਹੋਵਾਹ ਨੇ ਉਸ ਨੂੰ ਮਾਫ਼ ਕਰ ਦਿੱਤਾ। (ਜ਼ਬੂਰਾਂ ਦੀ ਪੋਥੀ 32:3-5) ਫਿਰ ਦਾਊਦ ਨੇ ਗਾਇਆ: “ਧੰਨ ਹੈ ਉਹ ਆਦਮੀ ਜਿਹ ਦੀ ਬਦੀ ਯਹੋਵਾਹ ਉਹ ਦੇ ਲੇਖੇ ਨਹੀਂ ਲਾਉਂਦਾ।” (ਜ਼ਬੂਰਾਂ ਦੀ ਪੋਥੀ 32:1, 2) ਯਹੋਵਾਹ ਦੀ ਦਇਆ ਹੋਣ ਤੇ ਉਸ ਨੂੰ ਕਿੰਨੀ ਰਾਹਤ ਮਿਲੀ!

8, 9. ਕੋਈ ਵਿਅਕਤੀ ਕਿਵੇਂ ਜ਼ਾਹਰ ਕਰਦਾ ਹੈ ਕਿ ਉਸ ਨੇ ਤੋਬਾ ਕੀਤੀ ਹੈ ਅਤੇ ਕਲੀਸਿਯਾ ਵਿਚ ਬਹਾਲ ਹੋਣ ਲਈ ਤੋਬਾ ਕਰਨੀ ਕਿੰਨੀ ਕੁ ਜ਼ਰੂਰੀ ਹੈ?

8 ਜੇ ਪਾਪ ਕਰਨ ਵਾਲਾ ਵਿਅਕਤੀ ਪਰਮੇਸ਼ੁਰ ਦੀ ਦਇਆ ਚਾਹੁੰਦਾ ਹੈ, ਤਾਂ ਉਸ ਨੂੰ ਤੋਬਾ ਕਰਨ ਦੀ ਲੋੜ ਹੈ। ਪਰ ਤੋਬਾ ਦਾ ਮਤਲਬ ਸ਼ਰਮਿੰਦਾ ਹੋਣਾ ਜਾਂ ਆਪਣੇ ਪਾਪ ਦੇ ਜ਼ਾਹਰ ਹੋਣ ਦੀ ਚਿੰਤਾ ਕਰਨਾ ਨਹੀਂ ਹੈ। “ਤੋਬਾ” ਕਰਨ ਦਾ ਮਤਲਬ ਹੈ ਪਛਤਾਵੇ ਕਾਰਨ ਗ਼ਲਤ ਕੰਮਾਂ ਦੇ ਸੰਬੰਧ ਵਿਚ “ਆਪਣੇ ਵਿਚਾਰ ਬਦਲਣੇ।” ਤੋਬਾ ਕਰਨ ਵਾਲਾ ਅੰਦਰੋਂ ਬਹੁਤ ਦੁਖੀ ਹੁੰਦਾ ਹੈ ਤੇ ਉਹ ਆਪਣੀ ਗ਼ਲਤੀ ਨੂੰ ਸੁਧਾਰਨਾ ਚਾਹੁੰਦਾ ਹੈ।—ਜ਼ਬੂਰਾਂ ਦੀ ਪੋਥੀ 51:17; 2 ਕੁਰਿੰਥੀਆਂ 7:11.

9 ਮਸੀਹੀ ਕਲੀਸਿਯਾ ਵਿਚ ਬਹਾਲ ਹੋਣ ਲਈ ਤੋਬਾ ਕਰਨੀ ਬਹੁਤ ਜ਼ਰੂਰੀ ਹੈ। ਜੇ ਕਲੀਸਿਯਾ ਦੇ ਕਿਸੇ ਮੈਂਬਰ ਨੂੰ ਛੇਕਿਆਂ ਕੁਝ ਸਮਾਂ ਬੀਤ ਗਿਆ ਹੈ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਸ ਨੂੰ ਹੁਣ ਕਲੀਸਿਯਾ ਵਿਚ ਵਾਪਸ ਲਿਆਂਦਾ ਜਾ ਸਕਦਾ ਹੈ। ਕਲੀਸਿਯਾ ਵਿਚ ਬਹਾਲ ਹੋਣ ਤੋਂ ਪਹਿਲਾਂ ਉਸ ਨੂੰ ਆਪਣੇ ਆਪ ਵਿਚ ਕਾਫ਼ੀ ਸੁਧਾਰ ਕਰਨਾ ਪਵੇਗਾ। ਉਸ ਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਉਸ ਨੇ ਕਿੰਨਾ ਗੰਭੀਰ ਪਾਪ ਕੀਤਾ ਜਿਸ ਦੇ ਕਾਰਨ ਯਹੋਵਾਹ ਅਤੇ ਕਲੀਸਿਯਾ ਦੀ ਬਦਨਾਮੀ ਹੋਈ। ਉਸ ਨੂੰ ਤੋਬਾ ਕਰਨ, ਮਾਫ਼ੀ ਲਈ ਪ੍ਰਾਰਥਨਾ ਕਰਨ ਅਤੇ ਪਰਮੇਸ਼ੁਰ ਦੇ ਧਰਮੀ ਮਿਆਰਾਂ ਅਨੁਸਾਰ ਚੱਲਣ ਦੀ ਲੋੜ ਹੈ। ਜਦੋਂ ਉਹ ਕਲੀਸਿਯਾ ਵਿਚ ਬਹਾਲ ਹੋਣ ਲਈ ਬੇਨਤੀ ਕਰਦਾ ਹੈ, ਤਾਂ ਉਸ ਨੂੰ ਇਸ ਗੱਲ ਦਾ ਸਬੂਤ ਦੇਣਾ ਪਵੇਗਾ ਕਿ ਉਸ ਨੇ ਤੋਬਾ ਕੀਤੀ ਹੈ ਅਤੇ ਉਹ “ਤੋਬਾ ਦੇ ਲਾਇਕ ਕੰਮ” ਕਰ ਰਿਹਾ ਹੈ।—ਰਸੂਲਾਂ ਦੇ ਕਰਤੱਬ 26:20.

ਆਪਣੇ ਪਾਪ ਨੂੰ ਕਿਉਂ ਕਬੂਲ ਕਰੀਏ?

10, 11. ਸਾਨੂੰ ਪਾਪ ਲੁਕਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕਰਨੀ ਚਾਹੀਦੀ?

10 ਕੁਝ ਲੋਕ ਸ਼ਾਇਦ ਸੋਚਣ: ‘ਜੇ ਮੈਂ ਕਿਸੇ ਨੂੰ ਆਪਣੇ ਪਾਪ ਬਾਰੇ ਦੱਸਿਆ, ਤਾਂ ਮੈਨੂੰ ਸ਼ਰਮਿੰਦਾ ਕਰਨ ਵਾਲੇ ਸਵਾਲਾਂ ਦੇ ਜਵਾਬ  ਦੇਣੇ ਪੈਣਗੇ ਤੇ ਹੋ ਸਕਦਾ ਮੈਨੂੰ ਕਲੀਸਿਯਾ ਵਿੱਚੋਂ ਵੀ ਕੱਢ ਦਿੱਤਾ ਜਾਵੇ। ਪਰ ਜੇ ਮੈਂ ਚੁੱਪ ਰਹਾਂ, ਤਾਂ ਇਸ ਸਭ ਕਾਸੇ ਤੋਂ ਬਚਿਆ ਜਾ ਸਕਦਾ ਹੈ ਤੇ ਕਲੀਸਿਯਾ ਵਿਚ ਕਦੇ ਕਿਸੇ ਨੂੰ ਪਤਾ ਨਹੀਂ ਚੱਲੇਗਾ।’ ਅਜਿਹੀ ਸੋਚ ਰੱਖਣ ਵਾਲੇ ਲੋਕ ਕੁਝ ਜ਼ਰੂਰੀ ਗੱਲਾਂ ਭੁੱਲ ਜਾਂਦੇ ਹਨ। ਉਹ ਕਿਹੜੀਆਂ ਗੱਲਾਂ ਹਨ?

11 “ਯਹੋਵਾਹ ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ ਕਰੋਧ ਵਿੱਚ ਧੀਰਜੀ ਅਰ ਭਲਿਆਈ ਅਤੇ ਸਚਿਆਈ ਨਾਲ ਭਰਪੂਰ ਹੈ। ਅਤੇ ਹਜਾਰਾਂ ਲਈ ਭਲਿਆਈ ਰੱਖਣ ਵਾਲਾ ਹੈ ਅਤੇ ਕੁਧਰਮ ਅਪਰਾਧ ਅਰ ਪਾਪ ਦਾ ਬਖ਼ਸ਼ਣ ਹਾਰ” ਹੈ। ਪਰ ਉਹ ਆਪਣੇ ਲੋਕਾਂ ਨੂੰ ‘ਜੋਗ ਸਜ਼ਾ’ ਜ਼ਰੂਰ ਦਿੰਦਾ ਹੈ। (ਕੂਚ 34:6, 7; ਯਿਰਮਿਯਾਹ 30:11, ਪਵਿੱਤਰ ਬਾਈਬਲ ਨਵਾਂ ਅਨੁਵਾਦ) ਜੇ ਤੁਸੀਂ ਕੋਈ ਗੰਭੀਰ ਪਾਪ ਕਰ ਕੇ ਉਸ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਹੋ, ਤਾਂ ਤੁਸੀਂ ਪਰਮੇਸ਼ੁਰ ਦੀ ਦਇਆ ਪਾਉਣ ਦੀ ਉਮੀਦ ਕਿਵੇਂ ਰੱਖ ਸਕਦੇ ਹੋ? ਯਹੋਵਾਹ ਇਸ ਪਾਪ ਬਾਰੇ ਸਭ ਜਾਣਦਾ ਹੈ ਤੇ ਉਹ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰੇਗਾ।—ਕਹਾਉਤਾਂ 15:3; ਹਬੱਕੂਕ 1:13.

12, 13. ਪਾਪ ਲੁਕਾਉਣ ਦੀ ਕੋਸ਼ਿਸ਼ ਕਰਨ ਦਾ ਅੰਜਾਮ ਕੀ ਹੋ ਸਕਦਾ ਹੈ?

12 ਜੇ ਤੁਸੀਂ ਕੋਈ ਗੰਭੀਰ ਪਾਪ ਕੀਤਾ ਹੈ, ਤਾਂ ਇਸ ਨੂੰ ਕਬੂਲ ਕਰਨ ਨਾਲ ਤੁਸੀਂ ਦੁਬਾਰਾ ਸ਼ੁੱਧ ਅੰਤਹਕਰਣ ਪਾ ਸਕਦੇ ਹੋ। (1 ਤਿਮੋਥਿਉਸ 1:18-20) ਪਾਪ ਕਬੂਲ ਨਾ ਕਰਨ ਨਾਲ ਅੰਤਹਕਰਣ ਮਰ ਸਕਦਾ ਹੈ ਜਿਸ ਕਾਰਨ ਤੁਹਾਡੇ ਤੋਂ ਹੋਰ ਪਾਪ ਹੋ ਸਕਦੇ ਹਨ। ਯਾਦ ਰੱਖੋ ਕਿ ਤੁਸੀਂ ਸਿਰਫ਼ ਕਿਸੇ ਇਨਸਾਨ ਜਾਂ ਕਲੀਸਿਯਾ ਦੇ ਖ਼ਿਲਾਫ਼ ਹੀ ਪਾਪ ਨਹੀਂ ਕੀਤਾ, ਸਗੋਂ ਯਹੋਵਾਹ ਦੇ ਖ਼ਿਲਾਫ਼ ਵੀ ਪਾਪ ਕੀਤਾ ਹੈ। ਜ਼ਬੂਰਾਂ ਦੇ ਲਿਖਾਰੀ ਨੇ ਭਜਨ ਵਿਚ ਗਾਇਆ: “ਯਹੋਵਾਹ ਦਾ ਸਿੰਘਾਸਣ ਸੁਰਗ ਵਿੱਚ ਹੈ, ਉਹ ਦੀਆਂ ਅੱਖਾਂ ਤੱਕਦੀਆਂ ਹਨ, ਉਹ ਦੀਆਂ ਪਲਕਾਂ ਆਦਮੀ ਦੀ ਸੰਤਾਨ ਨੂੰ ਜਾਚਦੀਆਂ ਹਨ। ਯਹੋਵਾਹ ਧਰਮੀ ਨੂੰ ਜਾਚਦਾ ਹੈ, ਪਰ ਦੁਸ਼ਟ ਅਰ ਅਨ੍ਹੇਰੇ ਦੇ ਪ੍ਰੇਮੀ ਤੋਂ ਉਹ ਦਾ ਆਤਮਾ ਘਿਣ ਕਰਦਾ ਹੈ।”—ਜ਼ਬੂਰਾਂ ਦੀ ਪੋਥੀ 11:4, 5.

13 ਯਹੋਵਾਹ ਉਸ ਇਨਸਾਨ ਨੂੰ ਬਰਕਤ ਨਹੀਂ ਦੇਵੇਗਾ ਜੋ ਆਪਣੇ ਗੰਭੀਰ ਪਾਪ ਨੂੰ ਲੁਕਾਉਂਦਾ ਹੈ ਤੇ ਪਵਿੱਤਰ ਮਸੀਹੀ ਕਲੀਸਿਯਾ ਵਿਚ ਰਹਿਣ ਦੀ ਕੋਸ਼ਿਸ਼ ਕਰਦਾ ਹੈ। (ਯਾਕੂਬ 4:6) ਇਸ ਲਈ ਜੇ ਤੁਸੀਂ ਕੋਈ ਗੰਭੀਰ ਪਾਪ ਕੀਤਾ ਹੈ ਤੇ ਹੁਣ ਸਹੀ ਕੰਮ ਕਰਨੇ ਚਾਹੁੰਦੇ ਹੋ, ਤਾਂ ਸੱਚੇ ਦਿਲੋਂ ਆਪਣੇ ਪਾਪ ਨੂੰ ਕਬੂਲ ਕਰਨ ਤੋਂ ਨਾ ਹਿਚਕਿਚਾਓ। ਨਹੀਂ ਤਾਂ ਤੁਹਾਡਾ ਅੰਤਹਕਰਣ ਤੁਹਾਨੂੰ ਸਤਾਉਂਦਾ ਰਹੇਗਾ, ਖ਼ਾਸਕਰ ਜਦੋਂ ਤੁਸੀਂ ਆਪਣੇ ਗੰਭੀਰ ਪਾਪ ਵਰਗੇ ਪਾਪਾਂ ਬਾਰੇ ਕੁਝ ਪੜ੍ਹੋਗੇ ਜਾਂ ਸੁਣੋਗੇ। ਜ਼ਰਾ ਸੋਚੋ ਕਿ ਤੁਹਾਡੇ ਨਾਲ ਕੀ ਹੋਵੇਗਾ ਜੇ ਯਹੋਵਾਹ ਤੁਹਾਡੇ ਉੱਤੋਂ ਆਪਣੀ ਪਵਿੱਤਰ ਆਤਮਾ ਹਟਾ ਲਵੇ ਜਿਵੇਂ ਉਸ ਨੇ ਰਾਜਾ ਸ਼ਾਊਲ ਤੋਂ ਹਟਾ ਲਈ ਸੀ। (1 ਸਮੂਏਲ 16:14) ਯਹੋਵਾਹ ਦੀ ਪਵਿੱਤਰ ਆਤਮਾ ਹਟਣ ਨਾਲ  ਤੁਸੀਂ ਹੋਰ ਗੰਭੀਰ ਪਾਪ ਕਰਨ ਦੇ ਫੰਦੇ ਵਿਚ ਵੀ ਫਸ ਸਕਦੇ ਹੋ।

ਆਪਣੇ ਵਫ਼ਾਦਾਰ ਭਰਾਵਾਂ ਤੇ ਭਰੋਸਾ ਰੱਖੋ

14. ਪਾਪ ਕਰਨ ਵਾਲੇ ਨੂੰ ਯਾਕੂਬ 5:14, 15 ਵਿਚ ਦਿੱਤੀ ਸਲਾਹ ਤੇ ਕਿਉਂ ਚੱਲਣਾ ਚਾਹੀਦਾ ਹੈ?

14 ਤਾਂ ਫਿਰ ਤੋਬਾ ਕਰਨ ਵਾਲੇ ਵਿਅਕਤੀ ਨੂੰ ਕੀ ਕਰਨਾ ਚਾਹੀਦਾ ਹੈ? ਉਹ “ਕਲੀਸਿਯਾ ਦੇ ਬਜ਼ੁਰਗਾਂ ਨੂੰ ਸੱਦ ਘੱਲੇ ਅਤੇ ਓਹ ਪ੍ਰਭੁ ਦਾ ਨਾਮ ਲੈ ਕੇ ਉਹ ਨੂੰ ਤੇਲ ਝੱਸਣ ਅਤੇ ਉਹ ਦੇ ਲਈ ਪ੍ਰਾਰਥਨਾ ਕਰਨ। ਅਤੇ ਪ੍ਰਾਰਥਨਾ ਜਿਹੜੀ ਨਿਹਚਾ ਨਾਲ ਹੋਵੇ ਓਸ ਬਿਮਾਰ ਨੂੰ ਬਚਾਵੇਗੀ ਅਤੇ ਪ੍ਰਭੁ ਉਹ ਨੂੰ ਉਠਾ ਖੜਾ ਕਰੇਗਾ।” (ਯਾਕੂਬ 5:14, 15) ਉਹ ਬਜ਼ੁਰਗਾਂ ਨੂੰ ਆਪਣੇ ਪਾਪ ਬਾਰੇ ਦੱਸ ਕੇ ‘ਤੋਬਾ ਜੋਗਾ ਫਲ ਦਿੰਦਾ ਹੈ।’ (ਮੱਤੀ 3:8) ਵਫ਼ਾਦਾਰ ਤੇ ਦਇਆਵਾਨ ਬਜ਼ੁਰਗ ‘ਉਹ ਦੇ ਲਈ ਪ੍ਰਾਰਥਨਾ ਕਰਨਗੇ ਅਤੇ ਪ੍ਰਭੁ ਦਾ ਨਾਮ ਲੈ ਕੇ ਉਹ ਨੂੰ ਤੇਲ ਝੱਸਣਗੇ।’ ਉਨ੍ਹਾਂ ਦੁਆਰਾ ਬਾਈਬਲ ਵਿੱਚੋਂ ਦਿੱਤੀ ਸਲਾਹ ਠੰਢਕ ਪਹੁੰਚਾਉਣ ਵਾਲੇ ਤੇਲ ਵਾਂਗ ਹੈ ਜਿਸ ਤੋਂ ਉਸ ਨੂੰ ਆਰਾਮ ਮਿਲੇਗਾ।—ਯਿਰਮਿਯਾਹ 8:22.

15, 16. ਮਸੀਹੀ ਬਜ਼ੁਰਗ ਹਿਜ਼ਕੀਏਲ 34:15, 16 ਵਿਚ ਦਿੱਤੀ ਪਰਮੇਸ਼ੁਰ ਦੀ ਮਿਸਾਲ ਤੇ ਕਿਵੇਂ ਚੱਲਦੇ ਹਨ?

15 ਸਾਡੇ ਚਰਵਾਹੇ ਯਹੋਵਾਹ ਪਰਮੇਸ਼ੁਰ ਨੇ ਕਿੰਨੀ ਵਧੀਆ ਮਿਸਾਲ ਕਾਇਮ ਕੀਤੀ ਜਦੋਂ ਉਸ ਨੇ 537 ਈ. ਪੂ. ਵਿਚ ਯਹੂਦੀਆਂ ਨੂੰ ਬਾਬਲੀਆਂ ਦੀ ਗ਼ੁਲਾਮੀ ਵਿੱਚੋਂ ਛੁਡਾਇਆ ਸੀ ਅਤੇ 1919 ਵਿਚ ਅਧਿਆਤਮਿਕ ਇਸਰਾਏਲ ਨੂੰ ‘ਵੱਡੀ ਬਾਬੁਲ’ ਵਿੱਚੋਂ ਆਜ਼ਾਦ ਕਰਾਇਆ ਸੀ। (ਪਰਕਾਸ਼ ਦੀ ਪੋਥੀ 17:3-5; ਗਲਾਤੀਆਂ 6:16) ਇਸ ਤਰ੍ਹਾਂ ਉਸ ਨੇ ਆਪਣਾ ਇਹ ਵਾਅਦਾ ਪੂਰਾ ਕੀਤਾ: “ਮੈਂ ਹੀ ਆਪਣੇ ਇੱਜੜ ਨੂੰ ਚਾਰਾਂਗਾ ਅਤੇ ਮੈਂ ਹੀ ਉਨ੍ਹਾਂ ਨੂੰ ਲਟਾਵਾਂਗਾ, . . . ਮੈਂ ਗੁਵਾਚੀਆਂ ਹੋਈਆਂ ਦੀ ਭਾਲ ਕਰਾਂਗਾ ਅਤੇ ਕੱਢੀਆਂ ਹੋਈਆਂ ਨੂੰ ਮੋੜ ਲਿਆਵਾਂਗਾ ਅਤੇ ਟੁਟੀਆਂ ਨੂੰ ਬੰਨ੍ਹਾਂਗਾ ਅਤੇ ਲਿੱਸੀਆਂ ਨੂੰ ਤਕੜਿਆਂ ਕਰਾਂਗਾ।”—ਹਿਜ਼ਕੀਏਲ 34:15, 16.

16 ਇਕ ਚੰਗੇ ਚਰਵਾਹੇ ਵਾਂਗ ਯਹੋਵਾਹ ਆਪਣੇ ਲੋਕਾਂ ਨੂੰ ਚਰਾਉਂਦਾ, ਉਨ੍ਹਾਂ ਨੂੰ ਸੁਰੱਖਿਅਤ ਰੱਖਦਾ ਅਤੇ ਗੁਆਚਿਆਂ ਦੀ ਭਾਲ ਕਰਦਾ ਹੈ। ਇਸੇ ਤਰ੍ਹਾਂ ਮਸੀਹੀ ਚਰਵਾਹੇ ਇਸ ਗੱਲ ਦਾ ਧਿਆਨ ਰੱਖਦੇ ਹਨ ਕਿ ਪਰਮੇਸ਼ੁਰ ਦਾ ਇੱਜੜ ਪਰਮੇਸ਼ੁਰ ਦੇ ਗਿਆਨ ਨਾਲ ਰੱਜਿਆ-ਪੁੱਜਿਆ ਰਹੇ ਤੇ ਸੁਰੱਖਿਅਤ ਰਹੇ। ਬਜ਼ੁਰਗ ਉਸ ਭੇਡ ਦੀ ਭਾਲ ਕਰਦੇ ਹਨ ਜੋ ਕਲੀਸਿਯਾ ਤੋਂ ਦੂਰ ਚਲੇ ਜਾਂਦੀ ਹੈ। ਜਿਵੇਂ ਪਰਮੇਸ਼ੁਰ ਆਪਣੀ ‘ਟੁਟੀ’ ਯਾਨੀ ਜ਼ਖ਼ਮੀ ਭੇਡ ਦੇ ਪੱਟੀ ਬੰਨ੍ਹਦਾ ਹੈ, ਉਸੇ ਤਰ੍ਹਾਂ ਨਿਗਾਹਬਾਨ ਉਸ ਭੇਡ ਦੇ ਪੱਟੀ ਬੰਨ੍ਹਦੇ ਹਨ ਜੋ ਹੋਰਨਾਂ ਦੇ ਲਫ਼ਜ਼ਾਂ ਜਾਂ ਆਪਣੇ ਹੀ ਕੰਮਾਂ ਕਾਰਨ ਜ਼ਖ਼ਮੀ ਹੋਈ ਹੈ। ਜਿਸ ਤਰ੍ਹਾਂ ਪਰਮੇਸ਼ੁਰ ‘ਲਿੱਸੀਆਂ ਨੂੰ ਤਕੜਿਆਂ ਕਰਦਾ’ ਹੈ, ਉਸੇ ਤਰ੍ਹਾਂ  ਬਜ਼ੁਰਗ ਪਾਪ ਦੀ ਵਜ੍ਹਾ ਕਾਰਨ ਨਿਹਚਾ ਵਿਚ ਕਮਜ਼ੋਰ ਹੋਈਆਂ ਭੇਡਾਂ ਦੀ ਮਦਦ ਕਰਦੇ ਹਨ।

ਚਰਵਾਹੇ ਕਿਵੇਂ ਮਦਦ ਕਰਦੇ ਹਨ

17. ਸਾਨੂੰ ਬਜ਼ੁਰਗਾਂ ਦੀ ਮਦਦ ਭਾਲਣ ਤੋਂ ਕਿਉਂ ਨਹੀਂ ਹਿਚਕਿਚਾਉਣਾ ਚਾਹੀਦਾ?

17 ਕਲੀਸਿਯਾ ਦੇ ਬਜ਼ੁਰਗ ਖ਼ੁਸ਼ੀ-ਖ਼ੁਸ਼ੀ ਇਸ ਸਲਾਹ ਨੂੰ ਮੰਨਦੇ ਹਨ: “ਭੈ ਨਾਲ ਦਯਾ ਕਰੋ।” (ਯਹੂਦਾਹ 23) ਕੁਝ ਮਸੀਹੀਆਂ ਨੇ ਵਿਭਚਾਰ ਕਰ ਕੇ ਗੰਭੀਰ ਪਾਪ ਕੀਤਾ ਹੈ। ਪਰ ਜੇ ਉਹ ਦਿਲੋਂ ਤੋਬਾ ਕਰਦੇ ਹਨ, ਤਾਂ ਉਹ ਉਮੀਦ ਰੱਖ ਸਕਦੇ ਹਨ ਕਿ ਬਜ਼ੁਰਗ ਉਨ੍ਹਾਂ ਨਾਲ ਦਇਆ ਤੇ ਪਿਆਰ ਨਾਲ ਪੇਸ਼ ਆਉਣਗੇ ਕਿਉਂਕਿ ਉਹ ਪਰਮੇਸ਼ੁਰ ਨਾਲ ਉਨ੍ਹਾਂ ਦੇ ਰਿਸ਼ਤੇ ਨੂੰ ਸੁਧਾਰਨ ਲਈ ਉਤਾਵਲੇ ਰਹਿੰਦੇ ਹਨ। ਪੌਲੁਸ ਜੋ ਆਪ ਇਕ ਨਿਗਾਹਬਾਨ ਸੀ, ਨੇ ਕਿਹਾ: “ਇਹ ਨਹੀਂ ਜੋ ਅਸੀਂ ਤੁਹਾਡੀ ਨਿਹਚਾ ਉੱਤੇ ਹੁਕਮ ਚਲਾਉਂਦੇ ਹਾਂ ਸਗੋਂ ਤੁਹਾਡੇ ਅਨੰਦ ਦਾ ਉਪਰਾਲਾ ਕਰਨ ਵਾਲੇ ਹਾਂ।” (2 ਕੁਰਿੰਥੀਆਂ 1:24) ਇਸ ਲਈ ਮਸੀਹੀ ਨਿਗਾਹਬਾਨਾਂ ਦੀ ਮਦਦ ਭਾਲਣ ਤੋਂ ਨਾ ਹਿਚਕਿਚਾਓ।

18. ਬਜ਼ੁਰਗਾਂ ਨੂੰ ਪਾਪ ਕਰਨ ਵਾਲੇ ਭਰਾ ਜਾਂ ਭੈਣ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?

18 ਜੇ ਤੁਹਾਡੇ ਤੋਂ ਗੰਭੀਰ ਪਾਪ ਹੋਇਆ ਹੈ, ਤਾਂ ਤੁਸੀਂ ਬਜ਼ੁਰਗਾਂ ਤੇ ਭਰੋਸਾ ਕਿਉਂ ਰੱਖ ਸਕਦੇ ਹੋ? ਕਿਉਂਕਿ ਉਹ ਮੁੱਖ ਤੌਰ ਤੇ ਪਰਮੇਸ਼ੁਰ ਦੇ ਇੱਜੜ ਦੇ ਚਰਵਾਹੇ ਹਨ। (1 ਪਤਰਸ 5:1-4) ਕੋਈ ਵੀ ਪਿਆਰ ਕਰਨ ਵਾਲਾ ਚਰਵਾਹਾ ਆਪਣੇ ਲੇਲੇ ਨੂੰ ਕੁੱਟੇਗਾ ਨਹੀਂ ਜੇ ਉਸ ਨੇ ਆਪਣੇ ਆਪ ਨੂੰ ਸੱਟ ਲੁਆ ਲਈ ਹੈ। ਇਸ ਲਈ ਜਦੋਂ ਬਜ਼ੁਰਗ ਗ਼ਲਤੀ ਕਰਨ ਵਾਲੇ ਭਰਾ ਜਾਂ ਭੈਣ ਨਾਲ ਗੱਲ ਕਰਦੇ ਹਨ, ਉਸ ਵੇਲੇ ਉਹ ਜ਼ਿਆਦਾ ਧਿਆਨ ਇਸ ਗੱਲ ਵੱਲ ਨਹੀਂ ਲਾਉਂਦੇ ਕਿ ਉਸ ਨੇ ਜੁਰਮ ਕੀਤਾ ਹੈ ਤੇ ਉਸ ਨੂੰ ਇਸ ਦੀ ਸਜ਼ਾ ਮਿਲਣੀ ਹੀ ਚਾਹੀਦੀ ਹੈ, ਬਲਕਿ ਜ਼ਿਆਦਾ ਧਿਆਨ ਇਸ ਗੱਲ ਵੱਲ ਦਿੰਦੇ ਹਨ ਕਿ ਉਸ ਦੇ ਪਾਪ ਕਾਰਨ ਪਰਮੇਸ਼ੁਰ ਨਾਲ ਉਸ ਦਾ ਰਿਸ਼ਤਾ ਕਮਜ਼ੋਰ ਪੈ ਗਿਆ ਹੈ ਤੇ ਉਸ ਰਿਸ਼ਤੇ ਨੂੰ ਕਿਵੇਂ ਮਜ਼ਬੂਤ ਕੀਤਾ ਜਾਵੇ। (ਯਾਕੂਬ 5:13-20) ਬਜ਼ੁਰਗ ਬਘਿਆੜ ਵਾਂਗ ਇੱਜੜ ਨੂੰ ਪਾੜ ਖਾਣ ਦੀ ਬਜਾਇ ਬੜੇ ਪਿਆਰ ਨਾਲ ਪਰਮੇਸ਼ੁਰ ਦੇ ਮਿਆਰਾਂ ਅਨੁਸਾਰ ਨਿਆਂ ਕਰਨਗੇ। (ਰਸੂਲਾਂ ਦੇ ਕਰਤੱਬ 20:29, 30; ਯਸਾਯਾਹ 32:1, 2) ਹੋਰਨਾਂ ਮਸੀਹੀਆਂ ਦੀ ਤਰ੍ਹਾਂ ਬਜ਼ੁਰਗਾਂ ਨੂੰ ‘ਇਨਸਾਫ਼ ਕਰਨਾ, ਦਯਾ ਨਾਲ ਪ੍ਰੇਮ ਰੱਖਣਾ, ਅਤੇ ਅਧੀਨ ਹੋ ਕੇ ਆਪਣੇ ਪਰਮੇਸ਼ੁਰ ਨਾਲ ਚੱਲਣਾ’ ਚਾਹੀਦਾ ਹੈ। (ਮੀਕਾਹ 6:8) ਇਸ ਲਈ ਯਹੋਵਾਹ ਦੀ “ਜੂਹ ਦੀਆਂ ਭੇਡਾਂ” ਦੀ ਜ਼ਿੰਦਗੀ ਅਤੇ ਪਵਿੱਤਰ ਸੇਵਾ ਬਾਰੇ ਫ਼ੈਸਲਾ ਕਰਦਿਆਂ ਬਜ਼ੁਰਗਾਂ ਵਿਚ ਇਹ ਗੁਣ ਹੋਣੇ ਬਹੁਤ ਜ਼ਰੂਰੀ ਹਨ।—ਜ਼ਬੂਰਾਂ ਦੀ ਪੋਥੀ 100:3.

ਪੁਰਾਣੇ ਜ਼ਮਾਨੇ ਦੇ ਚਰਵਾਹਿਆਂ ਦੀ ਤਰ੍ਹਾਂ ਮਸੀਹੀ ਬਜ਼ੁਰਗ ਪਰਮੇਸ਼ੁਰ ਦੀਆਂ ਜ਼ਖ਼ਮੀ ਭੇਡਾਂ ਦੇ ਪੱਟੀ ਬੰਨ੍ਹਦੇ ਹਨ

19. ਕਿਸੇ ਭੈਣ ਜਾਂ ਭਰਾ ਨੂੰ ਸੁਧਾਰਨ ਵੇਲੇ ਕਲੀਸਿਯਾ ਦੇ ਬਜ਼ੁਰਗ ਕਿਹੋ ਜਿਹਾ ਰਵੱਈਆ ਰੱਖਦੇ ਹਨ?

19 ਮਸੀਹੀ ਚਰਵਾਹੇ ਪਵਿੱਤਰ ਆਤਮਾ ਦੁਆਰਾ ਚੁਣੇ ਗਏ ਹਨ ਤੇ ਉਹ ਇਸ ਦੀ ਸੇਧ ਵਿਚ ਚੱਲਣ ਦੀ ਕੋਸ਼ਿਸ਼ ਕਰਦੇ ਹਨ। “ਜੇ ਕੋਈ ਮਨੁੱਖ ਕਿਸੇ ਅਪਰਾਧ ਵਿੱਚ ਫੜਿਆ ਵੀ ਜਾਵੇ” ਯਾਨੀ ਅਣਜਾਣੇ ਵਿਚ ਗ਼ਲਤੀ ਕਰ ਬੈਠੇ, ਤਾਂ ਬਜ਼ੁਰਗ ‘ਅਜਿਹੇ ਮਨੁੱਖ ਨੂੰ ਨਰਮਾਈ ਦੇ ਸੁਭਾਉ ਨਾਲ ਸੁਧਾਰਨ’ ਦੀ ਕੋਸ਼ਿਸ਼ ਕਰਦੇ ਹਨ। (ਗਲਾਤੀਆਂ 6:1; ਰਸੂਲਾਂ ਦੇ ਕਰਤੱਬ 20:28) ਉਹ ਨਰਮਾਈ ਨਾਲ, ਪਰ ਇਸ ਦੇ ਨਾਲ ਹੀ ਪਰਮੇਸ਼ੁਰ ਦੇ ਮਿਆਰਾਂ ਤੇ ਦ੍ਰਿੜ੍ਹ ਰਹਿ ਕੇ ਉਸ ਦੀ ਸੋਚ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਹਨ ਜਿਵੇਂ ਇਕ ਚੰਗਾ ਡਾਕਟਰ ਟੁੱਟੀ ਹੋਈ ਹੱਡੀ ਨੂੰ ਬੜੇ ਧਿਆਨ ਨਾਲ ਸਹੀ  ਜਗ੍ਹਾ ਤੇ ਟਿਕਾਉਂਦਾ ਹੈ ਤਾਂਕਿ ਮਰੀਜ਼ ਨੂੰ ਬਹੁਤਾ ਦਰਦ ਨਾ ਹੋਵੇ ਤੇ ਉਹ ਠੀਕ ਵੀ ਹੋ ਜਾਵੇ। (ਕੁਲੁੱਸੀਆਂ 3:12) ਬਜ਼ੁਰਗ ਮਦਦ ਲਈ ਯਹੋਵਾਹ ਨੂੰ ਪ੍ਰਾਰਥਨਾ ਕਰਨ ਤੋਂ ਬਾਅਦ ਬਾਈਬਲ ਦੇ ਮਿਆਰਾਂ ਅਨੁਸਾਰ ਤੈ ਕਰਨਗੇ ਕਿ ਗ਼ਲਤੀ ਕਰਨ ਵਾਲੇ ਤੇ ਦਇਆ ਕੀਤੀ ਜਾਣੀ ਚਾਹੀਦੀ ਹੈ ਜਾਂ ਨਹੀਂ। ਇਸ ਲਈ ਉਨ੍ਹਾਂ ਦੇ ਫ਼ੈਸਲੇ ਤੋਂ ਪਰਮੇਸ਼ੁਰ ਦਾ ਨਜ਼ਰੀਆ ਝਲਕਦਾ ਹੈ।—ਮੱਤੀ 18:18.

20. ਕਲੀਸਿਯਾ ਨੂੰ ਕਦੋਂ ਦੱਸਣਾ ਜ਼ਰੂਰੀ ਹੁੰਦਾ ਹੈ ਕਿ ਕਿਸੇ ਭਰਾ ਜਾਂ ਭੈਣ ਨੂੰ ਤਾੜਿਆ ਗਿਆ ਹੈ?

20 ਜੇ ਸਾਰਿਆਂ ਨੂੰ ਪਾਪ ਬਾਰੇ ਪਤਾ ਹੈ ਜਾਂ ਬਾਅਦ ਵਿਚ ਪਤਾ ਲੱਗ ਹੀ ਜਾਣਾ ਹੈ, ਤਾਂ ਕਲੀਸਿਯਾ ਦੀ ਨੇਕਨਾਮੀ ਬਚਾਈ ਰੱਖਣ ਲਈ ਇਕ ਘੋਸ਼ਣਾ ਕਰਨੀ ਚੰਗੀ ਗੱਲ ਹੋਵੇਗੀ। ਕਲੀਸਿਯਾ ਨੂੰ ਜੇ ਸਾਵਧਾਨ ਕਰਨ ਦੀ ਲੋੜ ਹੈ, ਤਾਂ ਵੀ ਘੋਸ਼ਣਾ ਕੀਤੀ ਜਾਣੀ ਚਾਹੀਦੀ ਹੈ। ਜਿਸ ਸਮੇਂ ਦੌਰਾਨ ਜੁਡੀਸ਼ਲ ਕਮੇਟੀ ਦੁਆਰਾ ਤਾੜਿਆ ਗਿਆ ਭਰਾ ਜਾਂ ਭੈਣ ਅਧਿਆਤਮਿਕ ਤੌਰ ਤੇ ਰਾਜ਼ੀ ਹੋ ਰਹੀ ਹੈ, ਉਸ ਸਮੇਂ ਦੌਰਾਨ ਉਸ ਦੀ ਤੁਲਨਾ ਉਸ ਵਿਅਕਤੀ ਨਾਲ ਕੀਤੀ ਜਾ ਸਕਦੀ ਹੈ ਜਿਸ ਦੇ ਸੱਟ ਲੱਗੀ ਹੈ ਤੇ ਸੱਟ ਠੀਕ ਹੋਣ ਤਕ ਉਹ ਕੁਝ ਸਮੇਂ ਲਈ ਕੋਈ ਕੰਮ ਨਹੀਂ ਕਰ ਸਕਦਾ। ਤੋਬਾ ਕਰਨ ਵਾਲੇ ਭਰਾ ਜਾਂ ਭੈਣ ਲਈ ਫ਼ਾਇਦੇਮੰਦ ਹੋਵੇਗਾ ਕਿ ਉਹ ਕੁਝ ਸਮੇਂ ਲਈ ਸਭਾਵਾਂ ਵਿਚ ਟਿੱਪਣੀਆਂ ਨਾ ਕਰੇ, ਸਗੋਂ ਸਿਰਫ਼ ਸੁਣੇ। ਉਸ ਦੀ ਕਮਜ਼ੋਰੀ ਤੇ ਕਾਬੂ ਪਾਉਣ ਵਿਚ ਉਸ ਦੀ ਮਦਦ ਕਰਨ ਲਈ ਬਜ਼ੁਰਗ ਕਿਸੇ ਪ੍ਰਕਾਸ਼ਕ ਨੂੰ ਉਸ ਨਾਲ ਬਾਈਬਲ ਸਟੱਡੀ ਕਰਨ ਵਾਸਤੇ ਕਹਿ ਸਕਦੇ ਹਨ ਤਾਂਕਿ ਤੋਬਾ ਕਰਨ ਵਾਲਾ ਫਿਰ ਤੋਂ ‘ਨਿਹਚਾ ਵਿਚ ਪੱਕਾ’ ਹੋ ਜਾਵੇ। (ਤੀਤੁਸ 2:2) ਇਹ ਸਭ ਕੁਝ ਪਿਆਰ ਦੀ ਖ਼ਾਤਰ ਕੀਤਾ ਜਾਂਦਾ ਹੈ, ਨਾ ਕਿ ਗ਼ਲਤੀ ਕਰਨ ਵਾਲੇ ਨੂੰ ਸਜ਼ਾ ਦੇਣ ਲਈ।

21. ਕਲੀਸਿਯਾ ਵਿਚ ਕੁਝ ਮਸਲੇ ਕਿਵੇਂ ਸੁਲਝਾਏ ਜਾਂਦੇ ਹਨ?

21 ਬਜ਼ੁਰਗ ਕਈ ਤਰੀਕਿਆਂ ਨਾਲ ਭੈਣਾਂ-ਭਰਾਵਾਂ ਦੀ ਮਦਦ ਕਰ ਸਕਦੇ ਹਨ। ਮਿਸਾਲ ਲਈ, ਮੰਨ ਲਓ ਕਿ ਕਿਸੇ ਭਰਾ ਨੂੰ ਸੱਚਾਈ ਵਿਚ ਆਉਣ ਤੋਂ ਪਹਿਲਾਂ ਬਹੁਤ ਸ਼ਰਾਬ ਪੀਣ ਦੀ ਆਦਤ ਸੀ। ਭਾਵੇਂ ਉਸ ਨੇ ਕਾਫ਼ੀ ਹੱਦ ਤਕ ਆਪਣੀ ਬੁਰੀ ਆਦਤ ਉੱਤੇ ਕਾਬੂ ਪਾ ਲਿਆ ਹੈ, ਪਰ ਇਕ-ਅੱਧੀ ਵਾਰ ਜਦ ਉਹ ਘਰ ਵਿਚ ਇਕੱਲਾ ਸੀ, ਤਾਂ ਉਹ ਕਮਜ਼ੋਰ ਪੈ ਗਿਆ ਤੇ ਬਹੁਤ ਜ਼ਿਆਦਾ ਸ਼ਰਾਬ ਪੀ ਲਈ। ਜਾਂ ਸ਼ਾਇਦ ਇਕ ਭਰਾ ਨੇ ਕਾਫ਼ੀ ਚਿਰ ਪਹਿਲਾਂ ਸਿਗਰਟਾਂ ਪੀਣੀਆਂ ਛੱਡ ਦਿੱਤੀਆਂ ਸਨ। ਪਰ ਕੁਝ ਪਲਾਂ ਦੀ ਕਮਜ਼ੋਰੀ ਕਰਕੇ ਉਸ ਨੇ ਇਕ-ਦੋ ਵਾਰ ਚੋਰੀ-ਛੁਪੇ ਸਿਗਰਟ ਪੀਤੀ। ਭਾਵੇਂ ਕਿ ਉਸ ਨੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ ਹੈ ਤੇ ਉਹ ਮੰਨਦਾ ਹੈ ਕਿ ਪਰਮੇਸ਼ੁਰ ਨੇ ਉਸ ਨੂੰ ਮਾਫ਼ ਕਰ ਦਿੱਤਾ ਹੈ, ਤਾਂ ਵੀ ਉਸ ਨੂੰ ਕਿਸੇ ਬਜ਼ੁਰਗ ਦੀ ਮਦਦ ਲੈਣੀ ਚਾਹੀਦੀ ਹੈ ਤਾਂਕਿ ਅਜਿਹਾ ਪਾਪ ਕਰਨਾ ਉਸ ਦੀ ਆਦਤ ਨਾ ਬਣ ਜਾਵੇ। ਇਕ ਜਾਂ ਦੋ ਬਜ਼ੁਰਗ ਦੇਖ ਸਕਦੇ ਹਨ ਕਿ ਇਸ ਹਾਲਤ ਵਿਚ ਕੀ ਕਰਨਾ ਹੈ। ਪਰ ਬਜ਼ੁਰਗਾਂ ਨੂੰ ਚਾਹੀਦਾ ਹੈ ਕਿ ਉਹ ਪ੍ਰਧਾਨ ਨਿਗਾਹਬਾਨ ਨੂੰ ਦੱਸਣ ਕਿਉਂਕਿ ਹੋ ਸਕਦਾ ਕਿ ਹੋਰ ਗੱਲਾਂ ਦੀ ਜਾਂਚ ਕਰਨ ਦੀ ਲੋੜ ਪਵੇ।

ਪਰਮੇਸ਼ੁਰ ਦੀ ਤਾੜਨਾ ਕਬੂਲ ਕਰਦੇ ਰਹੋ

22, 23. ਤੁਹਾਨੂੰ ਪਰਮੇਸ਼ੁਰ ਦੀ ਤਾੜਨਾ ਕਿਉਂ ਕਬੂਲ ਕਰਦੇ ਰਹਿਣਾ ਚਾਹੀਦਾ ਹੈ?

22 ਪਰਮੇਸ਼ੁਰ ਦੀ ਮਿਹਰ ਪਾਉਣ ਲਈ ਹਰ ਮਸੀਹੀ ਨੂੰ ਯਹੋਵਾਹ ਦੀ ਤਾੜਨਾ ਵੱਲ ਧਿਆਨ ਦੇਣਾ ਚਾਹੀਦਾ ਹੈ। (1 ਤਿਮੋਥਿਉਸ 5:20) ਇਸ ਲਈ ਜਦ ਤੁਸੀਂ ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਵਿਚ ਕਿਸੇ ਸਲਾਹ ਬਾਰੇ ਪੜ੍ਹਦੇ ਹੋ ਜਾਂ ਯਹੋਵਾਹ ਦੇ ਲੋਕਾਂ ਦੀਆਂ ਸਭਾਵਾਂ, ਅਸੈਂਬਲੀਆਂ ਤੇ ਜ਼ਿਲ੍ਹਾ ਸੰਮੇਲਨਾਂ ਵਿਚ ਸਲਾਹ ਨੂੰ ਸੁਣਦੇ ਹੋ, ਤਾਂ ਇਸ ਸਲਾਹ ਨੂੰ ਮੰਨੋ। ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਸੁਚੇਤ ਰਹੋ। ਫਿਰ ਪਰਮੇਸ਼ੁਰ ਦੀ ਤਾੜਨਾ ਤੁਹਾਡੇ ਲਈ ਮਜ਼ਬੂਤ ਕੰਧ ਦੀ ਤਰ੍ਹਾਂ ਹੋਵੇਗੀ ਜਿਸ ਪਿੱਛੇ ਲੁਕ ਕੇ ਤੁਸੀਂ ਪਾਪ ਕਰਨ ਤੋਂ ਬਚੇ ਰਹੋਗੇ।

23 ਪਰਮੇਸ਼ੁਰ ਦੀ ਤਾੜਨਾ ਕਬੂਲ ਕਰਨ ਨਾਲ ਤੁਸੀਂ ਪਰਮੇਸ਼ੁਰ ਦੇ ਪ੍ਰੇਮ ਵਿਚ ਕਾਇਮ ਰਹੋਗੇ। ਇਹ ਸੱਚ ਹੈ ਕਿ ਕੁਝ ਲੋਕਾਂ ਨੂੰ ਮਸੀਹੀ ਕਲੀਸਿਯਾ ਵਿੱਚੋਂ ਕੱਢ ਦਿੱਤਾ ਗਿਆ ਹੈ, ਪਰ ਤੁਹਾਡੇ ਨਾਲ ਇੱਦਾਂ ਨਹੀਂ ਹੋਵੇਗਾ ਜੇ ਤੁਸੀਂ ‘ਮਨ ਦੀ ਵੱਡੀ ਚੌਕਸੀ ਕਰਦੇ’ ਹੋਏ ‘ਬੁੱਧਵਾਨਾਂ ਵਾਂਙੁ ਚੱਲਦੇ ਰਹੋਗੇ।’ (ਕਹਾਉਤਾਂ 4:23; ਅਫ਼ਸੀਆਂ 5:15) ਜੇ ਤੁਹਾਨੂੰ ਕਲੀਸਿਯਾ ਵਿੱਚੋਂ ਛੇਕਿਆ ਗਿਆ ਹੈ, ਤਾਂ ਕਿਉਂ ਨਾ ਤੁਸੀਂ ਦੁਬਾਰਾ ਕਲੀਸਿਯਾ ਦਾ ਮੈਂਬਰ ਬਣਨ ਬਾਰੇ ਸੋਚੋ? ਪਰਮੇਸ਼ੁਰ ਚਾਹੁੰਦਾ ਹੈ ਕਿ ਉਸ ਨੂੰ ਆਪਣਾ ਸਮਰਪਣ ਕਰ ਚੁੱਕੇ ਸਾਰੇ ਲੋਕ ਵਫ਼ਾਦਾਰੀ ਅਤੇ “ਮਨ ਦੀ ਖੁਸ਼ੀ ਨਾਲ” ਉਸ ਦੀ ਭਗਤੀ ਕਰਨ। (ਬਿਵਸਥਾ ਸਾਰ 28:47) ਤੁਸੀਂ ਜ਼ਿੰਦਗੀ ਭਰ ਵਫ਼ਾਦਾਰੀ ਤੇ ਖ਼ੁਸ਼ੀ ਨਾਲ ਉਸ ਦੀ ਭਗਤੀ ਕਰਦੇ ਰਹਿ ਸਕਦੇ ਹੋ ਜੇ ਤੁਸੀਂ ਹਮੇਸ਼ਾ ਯਹੋਵਾਹ ਦੀ ਤਾੜਨਾ ਕਬੂਲ ਕਰਦੇ ਰਹੋ।—ਜ਼ਬੂਰਾਂ ਦੀ ਪੋਥੀ 100:2.