ਉਦੋਂ ਕੀ ਜੇ ਤੁਹਾਡੇ ਘਰ ਵਿਚ ਹਮੇਸ਼ਾ ਹੀ ਲੜਾਈ ਹੁੰਦੀ ਰਹਿੰਦੀ ਹੈ? ਸ਼ਾਇਦ ਲੜਾਈ ਮਾਰ-ਕੁਟਾਈ ਤਕ ਪਹੁੰਚ ਗਈ ਹੈ। ਸ਼ਾਇਦ ਤੁਹਾਨੂੰ ਪਤਾ ਵੀ ਨਾ ਹੋਵੇ ਕਿ ਲੜਾਈ ਸ਼ੁਰੂ ਕਿੱਦਾਂ ਹੋਈ। ਪਰ ਫਿਰ ਵੀ ਤੁਸੀਂ ਇਕ-ਦੂਸਰੇ ਨੂੰ ਪਿਆਰ ਕਰਦੇ ਹੋ ਅਤੇ ਦੁਖੀ ਨਹੀਂ ਕਰਨਾ ਚਾਹੁੰਦੇ।

ਯਾਦ ਰੱਖੋ ਕਿ ਜੇ ਤੁਸੀਂ ਕਿਸੇ ਗੱਲ ’ਤੇ ਸਹਿਮਤ ਨਹੀਂ ਵੀ ਹੁੰਦੇ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਤੁਹਾਡਾ ਪਰਿਵਾਰ ਟੁੱਟ ਕੇ ਬਿਖਰ ਰਿਹਾ ਹੈ। ਘਰ ਦਾ ਮਾਹੌਲ ਸਿਰਫ਼ ਮਤਭੇਦਾਂ ਕਰਕੇ ਚੰਗਾ ਜਾਂ ਮਾੜਾ ਨਹੀਂ ਬਣਦਾ। ਤੁਸੀਂ ਮਤਭੇਦਾਂ ਨੂੰ ਜਿਸ ਤਰੀਕੇ ਨਾਲ ਸੁਲਝਾਉਂਦੇ ਹੋ, ਉਸ ਦਾ ਅਸਰ ਵੀ ਮਾਹੌਲ ’ਤੇ ਪੈ ਸਕਦਾ ਹੈ। ਕੁਝ ਗੱਲਾਂ ’ਤੇ ਗੌਰ ਕਰੋ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਲੜਾਈ ਕਰਨੀ ਛੱਡ ਸਕਦੇ ਹੋ।

1. ਇੱਟ ਦਾ ਜਵਾਬ ਪੱਥਰ ਨਾਲ ਨਾ ਦਿਓ

ਤਾੜੀ ਇਕ ਹੱਥ ਨਾਲ ਨਹੀਂ ਵੱਜਦੀ, ਪਰ ਜਦੋਂ ਇਕ ਜਣਾ ਬੋਲਣ ਦੀ ਬਜਾਇ ਸੁਣਨਾ ਸ਼ੁਰੂ ਕਰਦਾ ਹੈ, ਤਾਂ ਤੁਹਾਡੀ ਗਰਮਾ-ਗਰਮ ਬਹਿਸ ਠੰਢੀ ਹੋ ਸਕਦੀ ਹੈ। ਜਦੋਂ ਤੁਹਾਨੂੰ ਕੋਈ ਗੁੱਸਾ ਚੜ੍ਹਾਉਂਦਾ ਵੀ ਹੈ, ਤਾਂ ਬਦਲੇ ਦੀ ਅੱਗ ਨੂੰ ਬੁਝਾਓ। ਆਪਣੇ ’ਤੇ ਕਾਬੂ ਰੱਖ ਕੇ ਆਪਣੀ ਮਾਣ-ਮਰਿਆਦਾ ਬਣਾਈ ਰੱਖੋ। ਘਰ ਵਿਚ ਜੰਗ ਦਾ ਮੈਦਾਨ ਜਿੱਤਣ ਨਾਲੋਂ ਜ਼ਿਆਦਾ ਜ਼ਰੂਰੀ ਹੈ ਪਰਿਵਾਰ ਵਿਚ ਸ਼ਾਂਤੀ ਬਣਾਉਣੀ।

“ਜਿੱਥੇ ਬਾਲਣ ਨਹੀਂ ਉੱਥੇ ਅੱਗ ਬੁੱਝ ਜਾਂਦੀ ਹੈ, ਅਤੇ ਜਿੱਥੇ ਫੁਸ ਫੁਸੀਆਂ ਨਹੀਂ ਉੱਥੇ ਝਗੜਾ ਮੁੱਕ ਜਾਂਦਾ ਹੈ।”ਕਹਾਉਤਾਂ 26:20.

2. ਘਰਦਿਆਂ ਦੇ ਜਜ਼ਬਾਤਾਂ ਨੂੰ ਸਮਝੋ

ਗੱਲ ਨੂੰ ਵਿੱਚੋਂ ਕੱਟਣ ਜਾਂ ਪਹਿਲਾਂ ਹੀ ਰਾਇ ਕਾਇਮ ਕਰਨ ਦੀ ਬਜਾਇ ਹਮਦਰਦੀ ਨਾਲ ਗੱਲ ਸੁਣਦੇ ਰਹਿਣ ਨਾਲ ਗੁੱਸੇ ਦੀ ਅੱਗ ਬੁੱਝ ਸਕਦੀ ਹੈ ਅਤੇ ਸ਼ਾਂਤੀ ਕਾਇਮ ਕੀਤੀ ਜਾ ਸਕਦੀ ਹੈ। ਇਕ-ਦੂਜੇ ਦੇ ਇਰਾਦਿਆਂ ’ਤੇ ਸ਼ੱਕ ਨਾ ਕਰੋ, ਸਗੋਂ ਇਕ-ਦੂਜੇ ਦੇ ਜਜ਼ਬਾਤਾਂ ਨੂੰ ਸਮਝੋ। ਇਹ ਨਾ ਸੋਚੋ ਕਿ ਦੂਜੇ ਵਿਅਕਤੀ ਨੇ ਜੋ ਕੁਝ ਕਿਹਾ ਜਾਂ ਕੀਤਾ, ਉਹ ਉਸ ਨੇ ਜਾਣ-ਬੁੱਝ ਕੇ ਕੀਤਾ ਹੈ। ਕਿਉਂ? ਕਿਉਂਕਿ ਗ਼ਲਤੀਆਂ ਤਾਂ ਸਾਰਿਆਂ ਕੋਲੋਂ ਹੁੰਦੀਆਂ ਹਨ। ਉਸ ਨੇ ਸ਼ਾਇਦ ਬਿਨਾਂ ਸੋਚੇ-ਸਮਝੇ ਜਾਂ ਦਿਲ ਨੂੰ ਗਹਿਰੀ ਚੋਟ ਲੱਗਣ ਕਰਕੇ ਚੁੱਭਵੀਆਂ ਗੱਲਾਂ ਕਹੀਆਂ ਹੋਣ, ਨਾ ਕਿ ਇਸ ਕਰਕੇ ਕਿ ਉਹ ਬੁਰਾ ਇਨਸਾਨ ਹੈ ਜਾਂ ਬਦਲਾ ਲੈਣਾ ਚਾਹੁੰਦਾ ਹੈ।

“ਹਮਦਰਦੀ, ਦਇਆ, ਨਿਮਰਤਾ, ਨਰਮਾਈ ਤੇ ਧੀਰਜ ਨੂੰ ਕੱਪੜਿਆਂ ਵਾਂਗ ਪਹਿਨ ਲਓ।”ਕੁਲੁੱਸੀਆਂ 3:12.

3. ਗੁੱਸੇ ਨੂੰ ਠੰਢਾ ਕਰੋ

ਜੇ ਤੁਹਾਨੂੰ ਛੇਤੀ ਗੁੱਸਾ ਆ ਜਾਂਦਾ ਹੈ, ਤਾਂ ਵਧੀਆ ਹੋਵੇਗਾ ਕਿ ਤੁਸੀਂ ਚੁੱਪ-ਚਾਪ ਥੋੜ੍ਹੇ ਚਿਰ ਲਈ ਉੱਥੋਂ ਚਲੇ ਜਾਓ ਤਾਂਕਿ ਤੁਹਾਡਾ ਗੁੱਸਾ ਠੰਢਾ ਹੋ ਸਕੇ। ਸ਼ਾਇਦ ਤੁਸੀਂ ਦੂਸਰੇ ਕਮਰੇ ਵਿਚ ਜਾਂ ਬਾਹਰ ਕਿਤੇ ਜਾ ਸਕਦੇ ਹੋ ਤਾਂਕਿ ਤੁਸੀਂ ਸ਼ਾਂਤ ਹੋ ਸਕੋ। ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਜਵਾਬ ਨਹੀਂ ਦੇਣਾ ਚਾਹੁੰਦੇ, ਗੱਲ ਟਾਲਣੀ ਚਾਹੁੰਦੇ ਹੋ ਜਾਂ ਫਿਰ ਚੁੱਪ ਵੱਟ ਲੈਣੀ ਚਾਹੁੰਦੇ ਹੋ। ਇਸ ਦੀ ਬਜਾਇ, ਇਸ ਸਮੇਂ ਤੁਸੀਂ ਸ਼ਾਇਦ ਧੀਰਜ ਅਤੇ ਸਮਝਦਾਰੀ ਲਈ ਪਰਮੇਸ਼ੁਰ ਨੂੰ ਪ੍ਰਾਰਥਨਾ ਕਰ ਸਕਦੇ ਹੋ।

“ਝਗੜਾ ਛਿੜਨ ਤੋਂ ਪਹਿਲਾਂ ਉਹ ਨੂੰ ਛੱਡ ਦੇਹ।”ਕਹਾਉਤਾਂ 17:14.

 4. ਪਹਿਲਾਂ ਤੋਲੋ, ਫਿਰ ਬੋਲੋ

ਹਾਲਾਤ ਸੁਧਰਨਗੇ ਨਹੀਂ ਜੇ ਤੁਸੀਂ ਇਹ ਸੋਚਣ ਲੱਗ ਪਏ ਕਿ ਦੂਸਰੇ ਨੂੰ ਠੇਸ ਪਹੁੰਚਾਉਣ ਲਈ ਤੁਸੀਂ ਕੀ ਕਹਿ ਸਕਦੇ ਹੋ। ਇਸ ਦੀ ਬਜਾਇ ਕੋਈ ਅਜਿਹੀ ਗੱਲ ਕਹੋ ਜਿਸ ਨਾਲ ਤੁਹਾਡੇ ਪਿਆਰੇ ਦੇ ਦਿਲ ਨੂੰ ਰਾਹਤ ਮਿਲੇ। ਇਹ ਨਾ ਕਹੋ ਕਿ ਉਸ ਨੂੰ ਕਿਸ ਤਰ੍ਹਾਂ ਸੋਚਣਾ ਚਾਹੀਦਾ ਹੈ, ਸਗੋਂ ਨਿਮਰਤਾ ਨਾਲ ਉਸ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਦਿਓ ਅਤੇ ਜੇ ਉਹ ਤੁਹਾਨੂੰ ਸਮਝਦਾਰੀ ਨਾਲ ਕੋਈ ਸਲਾਹ ਦਿੰਦਾ ਹੈ, ਤਾਂ ਉਸ ਨੂੰ ਸਵੀਕਾਰ ਕਰੋ।

“ਬੇਸੋਚੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰ ਵਾਂਙੁ ਵਿੰਨ੍ਹਦੀਆਂ ਹਨ, ਪਰ ਬੁੱਧਵਾਨ ਦੀ ਜ਼ਬਾਨ ਚੰਗਾ ਕਰ ਦਿੰਦੀ ਹੈ।”ਕਹਾਉਤਾਂ 12:18.

5. ਆਪਣੀ ਆਵਾਜ਼ ਨੀਵੀਂ ਰੱਖੋ ਤੇ ਸੁਲ੍ਹਾ ਕਰੋ

ਜੇ ਪਰਿਵਾਰ ਦਾ ਇਕ ਮੈਂਬਰ ਆਪੇ ਤੋਂ ਬਾਹਰ ਹੋ ਜਾਵੇ, ਤਾਂ ਦੂਸਰੇ ਦਾ ਗੁੱਸਾ ਆਸਾਨੀ ਨਾਲ ਭੜਕ ਸਕਦਾ ਹੈ। ਭਾਵੇਂ ਤੁਹਾਨੂੰ ਜਿੰਨੀ ਮਰਜ਼ੀ ਠੇਸ ਪਹੁੰਚੀ ਹੋਵੇ, ਫਿਰ ਵੀ ਦੂਸਰੇ ਨੂੰ ਚੁਭਵੀਆਂ ਗੱਲਾਂ ਕਹਿਣ ਜਾਂ ਬੇਇੱਜ਼ਤੀ ਕਰਨ ਦੀ ਇੱਛਾ ਨੂੰ ਦਬਾ ਦਿਓ ਜਾਂ ਆਪਣੀ ਆਵਾਜ਼ ਉੱਚੀ ਨਾ ਕਰੋ। ਇੱਦਾਂ ਦੀਆਂ ਗੱਲਾਂ ਕਹਿਣ ਤੋਂ ਪਰਹੇਜ਼ ਕਰੋ: “ਤੈਨੂੰ ਤਾਂ ਮੇਰੀ ਕੋਈ ਪਰਵਾਹ ਨਹੀਂ” ਜਾਂ “ਤੂੰ ਮੇਰੀ ਕਦੇ ਕੋਈ ਗੱਲ ਨਹੀਂ ਸੁਣਦਾ।” ਇਸ ਦੀ ਬਜਾਇ ਆਪਣੇ ਜੀਵਨ ਸਾਥੀ ਨੂੰ ਸ਼ਾਂਤੀ ਨਾਲ ਦੱਸੋ ਕਿ ਉਸ ਨੇ ਜੋ ਕਿਹਾ ਜਾਂ ਕੀਤਾ, ਉਸ ਦਾ ਤੁਹਾਡੇ ’ਤੇ ਕੀ ਅਸਰ ਪਿਆ (“ਮੈਨੂੰ ਬੁਰਾ ਲੱਗਾ ਜਦੋਂ ਤੁਸੀਂ . . .”)। ਧੱਕੇ ਮਾਰਨੇ, ਚਪੇੜਾਂ ਮਾਰਨੀਆਂ, ਠੁੱਡਾਂ ਮਾਰਨੀਆਂ ਜਾਂ ਹੋਰ ਕਿਸੇ ਤਰ੍ਹਾਂ ਦੀ ਹਿੰਸਾ ਸਰਾਸਰ ਗ਼ਲਤ ਹੈ। ਗਾਲ਼ਾਂ ਕੱਢਣੀਆਂ, ਇਕ-ਦੂਜੇ ਨੂੰ ਥੱਲੇ ਲਾਉਣਾ ਜਾਂ ਧਮਕੀਆਂ ਦੇਣੀਆਂ ਵੀ ਗ਼ਲਤ ਹਨ।

“ਹਰ ਤਰ੍ਹਾਂ ਦਾ ਵੈਰ, ਗੁੱਸਾ, ਕ੍ਰੋਧ, ਚੀਕ-ਚਿਹਾੜਾ ਤੇ ਗਾਲ਼ੀ-ਗਲੋਚ ਕਰਨੋਂ ਹਟ ਜਾਓ, ਨਾਲੇ ਹਰ ਤਰ੍ਹਾਂ ਦੀ ਬੁਰਾਈ ਨੂੰ ਆਪਣੇ ਤੋਂ ਦੂਰ ਕਰੋ।”ਅਫ਼ਸੀਆਂ 4:31.

6. ਛੇਤੀ ਹੀ ਮਾਫ਼ੀ ਮੰਗੋ ਤੇ ਦੱਸੋ ਕਿ ਤੁਸੀਂ ਸਮੱਸਿਆ ਨੂੰ ਕਿੱਦਾਂ ਸੁਲਝਾਓਗੇ

ਆਪਣੇ ਔਗੁਣਾਂ ਨੂੰ ਸ਼ਾਂਤੀ ਕਾਇਮ ਕਰਨ ਵਿਚ ਅੜਿੱਕਾ ਨਾ ਬਣਨ ਦਿਓ। ਜਦੋਂ ਤੁਸੀਂ ਲੜਦੇ ਹੋ, ਤਾਂ ਹਾਰ ਤੁਹਾਡੀ ਦੋਵਾਂ ਦੀ ਹੁੰਦੀ ਹੈ। ਜੇ ਤੁਸੀਂ ਸ਼ਾਂਤੀ ਬਣਾਉਂਦੇ ਹੋ, ਤਾਂ ਦੋਵਾਂ ਦੀ ਜਿੱਤ ਹੁੰਦੀ ਹੈ। ਤੁਹਾਨੂੰ ਸਮਝਣ ਦੀ ਲੋੜ ਹੈ ਕਿ ਕਸੂਰ ਤੁਹਾਡਾ ਵੀ ਹੋ ਸਕਦਾ। ਜੇ ਤੁਹਾਨੂੰ ਲੱਗਦਾ ਵੀ ਹੈ ਕਿ ਤੁਹਾਡੀ ਕੋਈ ਗ਼ਲਤੀ ਨਹੀਂ, ਫਿਰ ਵੀ ਮਾਫ਼ੀ ਮੰਗੋ ਕਿ ਤੁਹਾਨੂੰ ਗੁੱਸਾ ਆਇਆ, ਤੁਸੀਂ ਬੁਰਾ-ਭਲਾ ਕਿਹਾ ਜਾਂ ਅਣਜਾਣੇ ਵਿਚ ਪਰੇਸ਼ਾਨੀ ਨੂੰ ਵਧਾਇਆ। ਘਮੰਡ ਅਤੇ ਲੜਾਈ ਜਿੱਤਣ ਨਾਲੋਂ ਜ਼ਿਆਦਾ ਜ਼ਰੂਰੀ ਹੈ ਸ਼ਾਂਤੀ ਭਰਿਆ ਰਿਸ਼ਤਾ ਬਣਾਉਣਾ। ਜੇ ਕੋਈ ਮਾਫ਼ੀ ਮੰਗਦਾ ਹੈ, ਤਾਂ ਫਟਾਫਟ ਮਾਫ਼ ਕਰ ਦਿਓ। (g15-E 12)

“ਜਾਹ, ਨੀਵਾਂ ਹੋ ਕੇ ਆਪਣੇ ਗੁਆਂਢੀ ਨੂੰ ਮਨਾ ਲੈ।”ਕਹਾਉਤਾਂ 6:3.

ਜਦੋਂ ਲੜਾਈ ਮੁੱਕ ਜਾਂਦੀ ਹੈ, ਤਾਂ ਤੁਸੀਂ ਪਰਿਵਾਰ ਵਿਚ ਸ਼ਾਂਤੀ ਕਿਵੇਂ ਬਣਾ ਸਕਦੇ ਹੋ? ਇਹ ਆਪਾਂ ਅਗਲੇ ਲੇਖ ਵਿਚ ਦੇਖਾਂਗੇ।