Skip to content

Skip to table of contents

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

 ਮੁੱਖ ਪੰਨੇ ਤੋਂ

ਮਾਨਸਿਕ ਰੋਗ ਨੂੰ ਸਮਝੋ

ਮਾਨਸਿਕ ਰੋਗ ਨੂੰ ਸਮਝੋ

“ਆਪਣੀ ਬੀਮਾਰੀ ਬਾਰੇ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿੱਸਕ ਗਈ। ਮੇਰੇ ਲਈ ਮਾਨਸਿਕ ਰੋਗ ਨਾਲ ਜੁੜੀ ਸ਼ਰਮਿੰਦਗੀ ਸਹਿਣੀ ਬਹੁਤ ਔਖੀ ਸੀ,” ਕਲਾਉਡੀਆ ਦੱਸਦੀ ਹੈ ਜਿਸ ਨੂੰ ਬਾਈਪੋਲਰ ਡਿਸਆਰਡਰ ਅਤੇ ਪੋਸਟ ਟ੍ਰਾਮੇਟਿਕ ਸਟ੍ਰੈਸ ਡਿਸਆਰਡਰ ਸੀ।

“ਸਾਨੂੰ ਆਪਣੇ ਹਾਲਾਤਾਂ ਨੂੰ ਸਵੀਕਾਰ ਕਰਨ ਵਿਚ ਕਾਫ਼ੀ ਲੰਬਾ ਸਮਾਂ ਲੱਗਾ, ਪਰ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਆਪਣੀ ਪਤਨੀ ਨੂੰ ਸਹਾਰਾ ਦੇਣ ਦੀ ਲੋੜ ਸੀ,” ਕਲਾਉਡੀਆ ਦਾ ਪਤੀ ਮਾਰਕ ਕਹਿੰਦਾ ਹੈ।

ਜੇ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਜਾਂ ਦੋਸਤ-ਮਿੱਤਰ ਨੂੰ ਕੋਈ ਮਾਨਸਿਕ ਰੋਗ ਹੋ ਜਾਵੇ, ਤਾਂ ਤੁਸੀਂ ਕਿੱਦਾਂ ਮਹਿਸੂਸ ਕਰੋਗੇ? ਇਹ ਚੰਗੀ ਗੱਲ ਹੈ ਕਿ ਮਾਨਸਿਕ ਰੋਗਾਂ ਦਾ ਇਲਾਜ ਹੋ ਸਕਦਾ ਹੈ। ਆਓ ਆਪਾਂ ਕੁਝ ਗੱਲਾਂ ’ਤੇ ਗੌਰ ਕਰੀਏ ਜਿਨ੍ਹਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਅਤੇ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਮਾਨਸਿਕ ਬੀਮਾਰੀਆਂ ਨੂੰ ਹੋਰ ਚੰਗੀ ਤਰ੍ਹਾਂ ਸਮਝ ਸਕੋਗੇ।

 ਮਾਨਸਿਕ ਰੋਗਾਂ ਬਾਰੇ ਖ਼ਾਸ ਗੱਲਾਂ

“ਦੁਨੀਆਂ ਭਰ ਵਿਚ ਹਰ ਸਾਲ ਕਰੋੜਾਂ ਲੋਕ ਮਾਨਸਿਕ ਰੋਗਾਂ ਦੇ ਸ਼ਿਕਾਰ ਹੁੰਦੇ ਹਨ ਜਿਸ ਦਾ ਉਨ੍ਹਾਂ ਦੇ ਪਰਿਵਾਰਾਂ ਉੱਤੇ ਵੀ ਅਸਰ ਪੈਂਦਾ ਹੈ। ਹਰ ਚਾਰ ਜਣਿਆਂ ਵਿੱਚੋਂ ਇਕ ਨੂੰ ਜ਼ਿੰਦਗੀ ਵਿਚ ਕਦੇ-ਨਾ-ਕਦੇ ਮਾਨਸਿਕ ਰੋਗ ਹੁੰਦਾ ਹੈ। ਡਿਪਰੈਸ਼ਨ ਦੀ ਮਾਰ ਸਹਿਣ ਵਾਲਿਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਸ਼ਾਈਜ਼ੋਫਰੀਨੀਆ ਅਤੇ ਬਾਈਪੋਲਰ ਡਿਸਆਰਡਰ ਸਭ ਤੋਂ ਗੰਭੀਰ ਮਾਨਸਿਕ ਰੋਗ ਹਨ ਜਿਨ੍ਹਾਂ ਦਾ ਰੋਗੀ ਦੀ ਜ਼ਿੰਦਗੀ ਅਤੇ ਕੰਮਾਂ ’ਤੇ ਮਾੜਾ ਅਸਰ ਪੈਂਦਾ ਹੈ। . . . ਭਾਵੇਂ ਵੱਡੀ ਗਿਣਤੀ ਵਿਚ ਲੋਕਾਂ ਨੂੰ ਮਾਨਸਿਕ ਰੋਗ ਹਨ, ਪਰ ਬਹੁਤ ਸਾਰੇ ਰੋਗੀ ਜਾਂ ਉਨ੍ਹਾਂ ਦੇ ਪਰਿਵਾਰ ਇਹ ਗੱਲ ਲੁਕਾਉਂਦੇ ਹਨ, ਉਨ੍ਹਾਂ ਦਾ ਇਲਾਜ ਨਹੀਂ ਕਰਾਉਂਦੇ ਜਾਂ ਫਿਰ ਅਜਿਹੇ ਰੋਗੀਆਂ ਨਾਲ ਭੇਦ-ਭਾਵ ਕੀਤਾ ਜਾਂਦਾ ਹੈ।”—ਵਿਸ਼ਵ ਸਿਹਤ ਸੰਗਠਨ।

ਵਿਸ਼ਵ ਸਿਹਤ ਸੰਗਠਨ ਅਨੁਸਾਰ ਬਹੁਤ ਸਾਰੇ ਰੋਗੀ ਸ਼ਰਮਿੰਦਗੀ ਕਰਕੇ ਆਪਣਾ ਇਲਾਜ ਨਹੀਂ ਕਰਾਉਂਦੇ।

ਭਾਵੇਂ ਕਿ ਜ਼ਿਆਦਾਤਰ ਮਾਨਸਿਕ ਰੋਗਾਂ ਦਾ ਇਲਾਜ ਕੀਤਾ ਜਾ ਸਕਦਾ ਹੈ, ਪਰ ਅਮਰੀਕਾ ਵਿਚ ਲਗਭਗ 60% ਬਾਲਗਾਂ ਅਤੇ 8-15 ਸਾਲ ਦੀ ਉਮਰ ਦੇ ਤਕਰੀਬਨ 50% ਨੌਜਵਾਨਾਂ ਦਾ ਪਿਛਲੇ ਸਾਲ ਇਲਾਜ ਨਹੀਂ ਹੋਇਆ।—ਨੈਸ਼ਨਲ ਅਲਾਇੰਸ ਆਨ ਮੈਂਟਲ ਹੈਲਥ।

 ਮਾਨਸਿਕ ਰੋਗਾਂ ਨੂੰ ਸਮਝਣਾ

ਮਾਨਸਿਕ ਰੋਗ ਹੁੰਦਾ ਕੀ ਹੈ? ਮਾਹਰਾਂ ਅਨੁਸਾਰ ਮਾਨਸਿਕ ਰੋਗ ਦੇ ਸ਼ਿਕਾਰ ਵਿਅਕਤੀ ਦਾ ਆਪਣੀ ਸੋਚ, ਭਾਵਨਾਵਾਂ ਅਤੇ ਰਵੱਈਏ ਉੱਤੇ ਬਹੁਤ ਘੱਟ ਕੰਟ੍ਰੋਲ ਹੁੰਦਾ ਹੈ। ਰੋਗੀ ਲਈ ਦੂਸਰਿਆਂ ਨਾਲ ਮਿਲਣਾ-ਗਿਲ਼ਣਾ ਤੇ ਰੋਜ਼ਮੱਰਾ ਦੇ ਕੰਮ ਕਰਨੇ ਔਖੇ ਹੋ ਜਾਂਦੇ ਹਨ।

ਮਾਨਸਿਕ ਰੋਗ ਮਰੀਜ਼ ਦੀ ਆਪਣੀ ਕਿਸੇ ਕਮੀ-ਕਮਜ਼ੋਰੀ ਜਾਂ ਸੁਭਾਅ ਕਰਕੇ ਨਹੀਂ ਹੁੰਦਾ

ਕਈ ਮਰੀਜ਼ਾਂ ਵਿਚ ਬੀਮਾਰੀ ਦੇ ਲੱਛਣ ਛੇਤੀ ਨਜ਼ਰ ਆਉਣ ਲੱਗਦੇ ਹਨ ਤੇ ਕਈਆਂ ਵਿਚ ਲੰਬੇ ਸਮੇਂ ਬਾਅਦ। ਕਈਆਂ ਦੀ ਬੀਮਾਰੀ ਜ਼ਿਆਦਾ ਗੰਭੀਰ ਤੇ ਕਈਆਂ ਦੀ ਘੱਟ ਗੰਭੀਰ ਹੁੰਦੀ ਹੈ। ਇਹ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਮਰੀਜ਼ ਨੂੰ ਕਿਹੜਾ ਮਾਨਸਿਕ ਰੋਗ ਹੈ ਅਤੇ ਉਸ ਦੇ ਹਾਲਾਤ ਕਿਹੋ ਜਿਹੇ ਹਨ। ਇਹ ਰੋਗ ਕਿਸੇ ਵੀ ਲਿੰਗ, ਉਮਰ, ਸਭਿਆਚਾਰ, ਨਸਲ ਜਾਂ ਧਰਮ, ਪੜ੍ਹੇ-ਲਿਖੇ, ਅਨਪੜ੍ਹ ਅਤੇ ਅਮੀਰ-ਗ਼ਰੀਬ ਲੋਕਾਂ ਨੂੰ ਹੋ ਸਕਦਾ ਹੈ। ਇਹ ਰੋਗ ਮਰੀਜ਼ ਦੀ ਆਪਣੀ ਕਿਸੇ ਕਮੀ-ਕਮਜ਼ੋਰੀ ਜਾਂ ਸੁਭਾਅ ਕਰਕੇ ਨਹੀਂ ਹੁੰਦਾ। ਸਹੀ ਇਲਾਜ ਕਰਾਉਣ ਨਾਲ ਮਰੀਜ਼ ਆਪਣੀ ਜ਼ਿੰਦਗੀ ਵਧੀਆ ਢੰਗ ਨਾਲ ਜੀ ਸਕਦਾ ਹੈ ਤੇ ਆਪਣੇ ਕੰਮ-ਕਾਰ ਕਰ ਸਕਦਾ ਹੈ।

ਮਾਨਸਿਕ ਰੋਗਾਂ ਦਾ ਇਲਾਜ

ਮਾਨਸਿਕ ਰੋਗਾਂ ਦੇ ਡਾਕਟਰ ਬਹੁਤ ਸਾਰੇ ਰੋਗਾਂ ਦਾ ਚੰਗੀ ਤਰ੍ਹਾਂ ਇਲਾਜ ਕਰ ਸਕਦੇ ਹਨ। ਪਰ ਪਹਿਲਾ ਜ਼ਰੂਰੀ ਕਦਮ ਹੈ ਮਾਨਸਿਕ ਰੋਗਾਂ ਦੇ ਕਿਸੇ ਮਾਹਰ ਡਾਕਟਰ ਕੋਲੋਂ ਪੂਰੀ ਜਾਂਚ ਕਰਾਉਣੀ।

ਪਰ ਰੋਗੀ ਨੂੰ ਜਾਂਚ ਤੋਂ ਤਾਂ ਹੀ ਫ਼ਾਇਦਾ ਹੋਵੇਗਾ ਜੇ ਉਹ ਡਾਕਟਰ ਕੋਲੋਂ ਇਲਾਜ ਕਰਾਉਣ ਲਈ ਰਾਜ਼ੀ ਹੋ ਜਾਂਦਾ ਹੈ। ਇਸ ਲਈ, ਸ਼ਾਇਦ ਉਸ ਨੂੰ ਆਪਣੇ ਰੋਗ ਬਾਰੇ ਦੂਸਰਿਆਂ ਨਾਲ ਬੇਝਿਜਕੇ ਗੱਲ ਕਰਨ ਦੀ ਲੋੜ ਹੋਵੇ। ਉਸ ਨੂੰ ਇਲਾਜ ਕਰਾਉਣ ਲਈ ਮਾਨਸਿਕ ਰੋਗਾਂ ਦੇ ਚੰਗੇ ਡਾਕਟਰ ਨਾਲ ਗੱਲ ਕਰਨੀ ਜ਼ਰੂਰੀ ਹੈ। ਉਹ ਰੋਗੀ ਨੂੰ ਉਸ ਦੇ ਰੋਗ ਬਾਰੇ ਸਮਝਾ ਸਕਦਾ ਹੈ ਅਤੇ ਉਸ ਨੂੰ ਰੋਜ਼ਾਨਾ ਜ਼ਿੰਦਗੀ ਵਿਚ ਆਉਣ ਵਾਲੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰਨ ਵਿਚ ਮਦਦ ਦੇ ਸਕਦਾ ਹੈ। ਨਾਲੇ ਉਹ ਰੋਗੀ ਨੂੰ ਅੱਧ-ਵਿਚਾਲੇ ਇਲਾਜ ਨਾ ਛੱਡਣ ਦੀ ਅਹਿਮੀਅਤ ਬਾਰੇ ਵੀ ਸਮਝਾ ਸਕਦਾ ਹੈ। ਡਾਕਟਰਾਂ ਨਾਲ ਗੱਲਬਾਤ ਕਰਨ ਵੇਲੇ ਪਰਿਵਾਰ ਦਾ ਕੋਈ ਮੈਂਬਰ ਜਾਂ ਦੋਸਤ ਰੋਗੀ ਨੂੰ ਠੀਕ ਹੋ ਜਾਣ ਦਾ ਭਰੋਸਾ ਦਿਵਾ ਸਕਦਾ ਹੈ ਤੇ ਉਸ ਦੀ ਮਦਦ ਕਰ ਸਕਦਾ ਹੈ।

ਬਹੁਤ ਸਾਰੇ ਲੋਕਾਂ ਨੇ ਆਪਣੇ ਰੋਗਾਂ ਬਾਰੇ ਜਾਣਕਾਰੀ ਲੈ ਕੇ ਡਾਕਟਰਾਂ ਤੋਂ ਇਲਾਜ ਕਰਾਇਆ ਜਿਸ ਕਾਰਨ ਉਹ ਆਪਣੀ ਬੀਮਾਰੀ ਨੂੰ ਹੋਰ ਚੰਗੀ ਤਰ੍ਹਾਂ ਸਮਝ ਕੇ ਉਸ ਦਾ ਸਾਮ੍ਹਣਾ ਕਰ ਪਾ ਰਹੇ ਹਨ। ਮਾਰਕ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਕਹਿੰਦਾ ਹੈ: “ਮੇਰੀ ਪਤਨੀ ਦੀ ਬੀਮਾਰੀ ਦਾ ਪਤਾ ਲੱਗਣ ਤੋਂ ਪਹਿਲਾਂ ਸਾਨੂੰ ਮਾਨਸਿਕ ਰੋਗਾਂ ਬਾਰੇ ਐਨਾ ਨਹੀਂ ਸੀ ਪਤਾ। ਪਰ ਹੁਣ ਅਸੀਂ ਉਸ ਦੀ ਹਾਲਤ ਨੂੰ ਧਿਆਨ ਵਿਚ ਰੱਖ ਕੇ ਚੱਲਦੇ ਹਾਂ ਤੇ ਜ਼ਿਆਦਾ ਚਿੰਤਾ ਨਹੀਂ ਕਰਦੇ। ਸਮੇਂ ਦੇ ਬੀਤਣ ਨਾਲ ਸਾਨੂੰ ਭਰੋਸੇਮੰਦ ਡਾਕਟਰਾਂ ਦੀ ਮਦਦ ਅਤੇ ਪਰਿਵਾਰ ਤੇ ਦੋਸਤਾਂ ਦੇ ਸਹਾਰੇ ਤੋਂ ਬਹੁਤ ਫ਼ਾਇਦਾ ਹੋਇਆ ਹੈ।”

ਪਹਿਲਾ ਜ਼ਰੂਰੀ ਕਦਮ ਹੈ ਮਾਨਸਿਕ ਰੋਗਾਂ ਦੇ ਕਿਸੇ ਮਾਹਰ ਡਾਕਟਰ ਕੋਲੋਂ ਪੂਰੀ ਜਾਂਚ ਕਰਾਉਣੀ

 ਕਲਾਉਡੀਆ ਉਸ ਦੀ ਗੱਲ ਨਾਲ ਸਹਿਮਤ ਹੈ। ਉਹ ਮੰਨਦੀ ਹੈ: “ਪਹਿਲੀ ਵਾਰ ਆਪਣੀ ਬੀਮਾਰੀ ਬਾਰੇ ਸੁਣ ਕੇ ਮੈਨੂੰ ਇੱਦਾਂ ਲੱਗਾ ਜਿੱਦਾਂ ਮੈਨੂੰ ਕੈਦ ਦੀ ਸਜ਼ਾ ਦੇ ਦਿੱਤੀ ਗਈ ਹੋਵੇ। ਭਾਵੇਂ ਮੇਰੀ ਬੀਮਾਰੀ ਕਰਕੇ ਅਸੀਂ ਦੋਵੇਂ ਜਣੇ ਪਹਿਲਾਂ ਜਿੰਨਾ ਨਹੀਂ ਕਰ ਸਕਦੇ, ਪਰ ਮੈਂ ਸਿੱਖਿਆ ਹੈ ਕਿ ਪਹਾੜ ਵਰਗੀਆਂ ਰੁਕਾਵਟਾਂ ਵੀ ਪਾਰ ਕੀਤੀਆਂ ਜਾ ਸਕਦੀਆਂ ਹਨ। ਸੋ ਮੈਂ ਇਲਾਜ ਕਰ ਰਹੀ ਟੀਮ ਨੂੰ ਸਹਿਯੋਗ ਦਿੰਦੀ ਹਾਂ, ਦੂਸਰਿਆਂ ਨਾਲ ਰਿਸ਼ਤੇ ਕਾਇਮ ਕਰਦੀ ਹਾਂ ਅਤੇ ਆਪਣੀ ਹਾਲਤ ਅਨੁਸਾਰ ਫੇਰ-ਬਦਲ ਕਰਦੀ ਹਾਂ। ਇਸ ਤਰ੍ਹਾਂ ਮੈਂ ਆਪਣੀ ਬੀਮਾਰੀ ਨਾਲ ਜੀਉਣਾ ਸਿੱਖਿਆ ਹੈ।”

ਪਰਮੇਸ਼ੁਰ ਨਾਲ ਰਿਸ਼ਤਾ ਮਜ਼ਬੂਤ ਰੱਖਣਾ ਜ਼ਰੂਰੀ

ਬਾਈਬਲ ਇਹ ਨਹੀਂ ਕਹਿੰਦੀ ਕਿ ਪਰਮੇਸ਼ੁਰ ਨਾਲ ਮਜ਼ਬੂਤ ਰਿਸ਼ਤਾ ਹੋਣ ਕਰਕੇ ਬੀਮਾਰੀਆਂ ਠੀਕ ਹੋ ਜਾਂਦੀਆਂ ਹਨ। ਪਰ ਦੁਨੀਆਂ ਭਰ ਵਿਚ ਬਹੁਤ ਸਾਰੇ ਪਰਿਵਾਰਾਂ ਨੂੰ ਬਾਈਬਲ ਦੀਆਂ ਗੱਲਾਂ ਤੋਂ ਦਿਲਾਸਾ ਤੇ ਤਾਕਤ ਮਿਲੀ ਹੈ। ਉਦਾਹਰਣ ਲਈ, ਬਾਈਬਲ ਸਾਨੂੰ ਭਰੋਸਾ ਦਿਵਾਉਂਦੀ ਹੈ ਕਿ ਸਾਡਾ ਪਿਆਰਾ ਸਿਰਜਣਹਾਰ “ਟੁੱਟੇ ਦਿਲ ਵਾਲਿਆਂ” ਨੂੰ ਦਿਲਾਸਾ ਦਿੰਦਾ ਹੈ।ਜ਼ਬੂਰਾਂ ਦੀ ਪੋਥੀ 34:18.

ਭਾਵੇਂ ਬਾਈਬਲ ਕੋਈ ਡਾਕਟਰੀ ਕਿਤਾਬ ਨਹੀਂ ਹੈ, ਪਰ ਇਸ ਵਿਚ ਦਿੱਤੀ ਗਈ ਚੰਗੀ ਸਲਾਹ ਮਨ ਦਾ ਗਮ ਤੇ ਦੁਖਦਾਈ ਹਾਲਾਤਾਂ ਦਾ ਸਾਮ੍ਹਣਾ ਕਰਨ ਵਿਚ ਮਦਦ ਕਰ ਸਕਦੀ ਹੈ। ਇਹ ਚੰਗੇ ਭਵਿੱਖ ਦੀ ਉਮੀਦ ਵੀ ਦਿੰਦੀ ਹੈ ਜਦੋਂ ਜ਼ਿੰਦਗੀ ਵਿਚ ਕੋਈ ਬੀਮਾਰੀ ਤੇ ਦੁੱਖ-ਦਰਦ ਨਹੀਂ ਹੋਵੇਗਾ। ਪਰਮੇਸ਼ੁਰ ਦਾ ਬਚਨ ਵਾਅਦਾ ਕਰਦਾ ਹੈ: “ਤਦ ਅੰਨ੍ਹਿਆਂ ਦੀਆਂ ਅੱਖਾਂ ਸੁਜਾਖੀਆਂ ਹੋ ਜਾਣਗੀਆਂ, ਅਤੇ ਬੋਲਿਆਂ ਦੇ ਕੰਨ ਖੁਲ੍ਹ ਜਾਣਗੇ। ਤਦ ਲੰਙਾ ਹਿਰਨ ਵਾਂਙੁ ਚੌਂਕੜੀਆਂ ਭਰੇਗਾ, ਅਤੇ ਗੁੰਗੇ ਦੀ ਜ਼ਬਾਨ ਜੈਕਾਰਾ ਗਜਾਵੇਗੀ।”ਯਸਾਯਾਹ 35:5, 6. (g14-E 12)

^ ਪੈਰਾ 30 ਜਾਗਰੂਕ ਬਣੋ! ਰਸਾਲਾ ਇਹ ਨਹੀਂ ਦੱਸਦਾ ਕਿ ਤੁਹਾਨੂੰ ਕਿਹੜਾ ਇਲਾਜ ਕਰਵਾਉਣਾ ਚਾਹੀਦਾ ਹੈ ਜਾਂ ਕਿਹੜਾ ਨਹੀਂ। ਪਰ ਮਸੀਹੀਆਂ ਨੂੰ ਚਾਹੀਦਾ ਹੈ ਕਿ ਉਹ ਜਿਹੜਾ ਵੀ ਇਲਾਜ ਕਰਾਉਣ, ਉਹ ਬਾਈਬਲ ਦੇ ਅਸੂਲਾਂ ਮੁਤਾਬਕ ਹੋਵੇ।