ਸ਼ੁੱਕਰਵਾਰ 11 ਮਾਰਚ 2011 ਨੂੰ ਜਪਾਨ ਵਿਚ 9.0 ਦੀ ਤੀਬਰਤਾ ਨਾਲ ਭੁਚਾਲ਼ ਆਇਆ। ਇਸ ਨੇ 15,000 ਲੋਕਾਂ ਦੀਆਂ ਜਾਨਾਂ ਲੈ ਲਈਆਂ ਅਤੇ 200 ਅਰਬ ਅਮਰੀਕੀ ਡਾਲਰਾਂ ਦਾ ਨੁਕਸਾਨ ਹੋਇਆ। 32 ਸਾਲਾਂ ਦੇ ਕੇਅ ਨੇ ਸੁਨਾਮੀ ਬਾਰੇ ਪਹਿਲਾਂ ਹੀ ਚੇਤਾਵਨੀ ਸੁਣੀ ਜਿਸ ਕਾਰਨ ਉੱਚੀ ਥਾਂ ਜਾ ਕੇ ਉਸ ਦੀ ਜਾਨ ਬਚੀ। ਉਹ ਕਹਿੰਦਾ ਹੈ: “ਜਦ ਅਗਲੀ ਸਵੇਰ ਮੈਂ ਆਪਣੀਆਂ ਚੀਜ਼ਾਂ ਇਕੱਠੀਆਂ ਕਰਨ ਲਈ ਘਰ ਵਾਪਸ ਗਿਆ, ਤਾਂ ਪਾਣੀ ਮੇਰਾ ਸਭ ਕੁਝ ਰੋੜ੍ਹ ਕੇ ਲੈ ਗਿਆ ਸੀ। ਮੇਰੇ ਘਰ ਦੀਆਂ ਸਿਰਫ਼ ਨੀਂਹਾਂ ਨਜ਼ਰ ਆਉਂਦੀਆਂ ਸਨ।

“ਮੈਨੂੰ ਇਹ ਸਮਝਣ ਵਿਚ ਸਮਾਂ ਲੱਗਾ ਕਿ ਮੇਰੀਆਂ ਸਿਰਫ਼ ਚੀਜ਼ਾਂ ਹੀ ਨਹੀਂ, ਸਗੋਂ ਮੇਰਾ ਸਾਰਾ ਕੁਝ ਮੇਰੇ ਹੱਥੋਂ ਚਲਾ ਗਿਆ ਸੀ। ਮੇਰੀ ਕਾਰ, ਕੰਪਿਊਟਰ ਜੋ ਮੈਂ ਕੰਮ ਲਈ ਵਰਤਦਾ ਸੀ, ਮੇਜ਼, ਕੁਰਸੀਆਂ, ਸੋਫਾ, ਕੀ-ਬੋਰਡ, ਮੇਰੀਆਂ ਗਿਟਾਰਾਂ, ਬੰਸਰੀ, ਪੇਂਟਿੰਗ ਦਾ ਸਾਰਾ ਸਮਾਨ ਅਤੇ ਤਸਵੀਰਾਂ ਸਭ ਕੁਝ ਤਬਾਹ ਹੋ ਗਿਆ।”

ਦੁੱਖ ਆਉਣ ’ਤੇ ਕੀ ਕਰੀਏ?

ਜੋ ਚੀਜ਼ਾਂ ਤੁਹਾਡੇ ਕੋਲ ਨਹੀਂ ਹਨ, ਉਨ੍ਹਾਂ ’ਤੇ ਧਿਆਨ ਲਾਉਣ ਦੀ ਬਜਾਇ ਜੋ ਚੀਜ਼ਾਂ ਤੁਹਾਡੇ ਕੋਲ ਹਨ ਉਨ੍ਹਾਂ ’ਤੇ ਧਿਆਨ ਲਾਓ। ਬਾਈਬਲ ਕਹਿੰਦੀ ਹੈ: “ਭਾਵੇਂ ਕਿਸੇ ਇਨਸਾਨ ਕੋਲ ਜਿੰਨੀਆਂ ਮਰਜ਼ੀ ਚੀਜ਼ਾਂ ਹੋਣ, ਪਰ ਉਸ ਦੀ ਜ਼ਿੰਦਗੀ ਇਨ੍ਹਾਂ ਚੀਜ਼ਾਂ ਉੱਤੇ ਨਿਰਭਰ ਨਹੀਂ ਕਰਦੀ।” (ਲੂਕਾ 12:15) ਕੇਅ ਯਾਦ ਕਰਦਾ ਹੈ: “ਪਹਿਲਾਂ ਮੈਂ ਉਨ੍ਹਾਂ ਚੀਜ਼ਾਂ ਦੀ ਲਿਸਟ ਬਣਾਈ ਜੋ ਮੈਨੂੰ ਚਾਹੀਦੀਆਂ ਸਨ, ਪਰ ਇੱਦਾਂ ਕਰਕੇ ਮੈਨੂੰ ਆਪਣੀਆਂ ਤਬਾਹ ਹੋਈਆਂ ਚੀਜ਼ਾਂ ਦੀ ਯਾਦ ਆਈ। ਫਿਰ ਮੈਂ ਫ਼ੈਸਲਾ ਕੀਤਾ ਕਿ ਮੈਂ ਸਿਰਫ਼ ਉਹੀ ਚੀਜ਼ਾਂ ਲਿਸਟ ਵਿਚ ਸ਼ਾਮਲ ਕਰਾਂਗਾ ਜਿਨ੍ਹਾਂ ਦੀ ਵਾਕਈ ਮੈਨੂੰ ਲੋੜ ਹੈ। ਜਦ ਮੇਰੀਆਂ ਜ਼ਰੂਰਤਾਂ ਪੂਰੀਆਂ ਹੋ ਜਾਂਦੀਆ ਸਨ, ਤਾਂ ਮੈਂ ਉਨ੍ਹਾਂ ਚੀਜ਼ਾਂ ਨੂੰ ਲਿਸਟ ਵਿੱਚੋਂ ਕੱਟ ਦਿੰਦਾ ਸੀ। ਇਸ ਤਰ੍ਹਾਂ ਕਰਨ ਨਾਲ ਮੈਂ ਆਪਣੀ ਜ਼ਿੰਦਗੀ ਦੁਬਾਰਾ ਸ਼ੁਰੂ ਕਰ ਸਕਿਆ।”

ਆਪਣੇ ਬਾਰੇ ਹੀ ਸੋਚੀ ਜਾਣ ਦੀ ਬਜਾਇ ਦੂਜਿਆਂ ਨੂੰ ਆਪਣੇ ਤਜਰਬੇ ਤੋਂ ਦਿਲਾਸਾ ਦਿਓ। ਕੇਅ ਦੱਸਦਾ ਹੈ ਕਿ “ਮੈਨੂੰ ਆਪਣੇ ਦੋਸਤਾਂ ਅਤੇ ਰਾਹਤ ਕੰਮਾਂ ਤੋਂ ਬਹੁਤ ਮਦਦ ਮਿਲੀ। ਪਰ ਮੈਨੂੰ ਲੈਣ ਦੀ ਆਦਤ ਹੋ ਗਈ ਜਿਸ ਕਾਰਨ ਮੈਂ ਆਪਣੀਆਂ ਨਜ਼ਰਾਂ ਵਿਚ ਡਿੱਗ ਗਿਆ। ਇਸ ਸਮੇਂ ਦੌਰਾਨ ਮੈਨੂੰ ਰਸੂਲਾਂ ਦੇ ਕੰਮ 20:35 ਦੀ ਗੱਲ ਚੇਤੇ ਆਈ ਜਿੱਥੇ ਲਿਖਿਆ ਹੈ: ‘ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।’ ਭਾਵੇਂ ਕਿ ਪੈਸੇ-ਧੇਲੇ ਪੱਖੋਂ ਮੈਂ ਕਿਸੇ ਦੀ ਜ਼ਿਆਦਾ ਮਦਦ ਨਹੀਂ ਕਰ ਸਕਦਾ ਸੀ, ਪਰ ਮੈਂ ਕੁਦਰਤੀ ਆਫ਼ਤ ਦੇ ਸ਼ਿਕਾਰ ਲੋਕਾਂ ਦੀ ਹੌਸਲਾ-ਅਫ਼ਜ਼ਾਈ ਕਰਨ ਲੱਗਾ। ਦਰਿਆ-ਦਿਲੀ ਦਿਖਾ ਕੇ ਮੈਨੂੰ ਬਹੁਤ ਮਦਦ ਮਿਲੀ।”

ਰੱਬ ਨੂੰ ਬੁੱਧ ਵਾਸਤੇ ਪ੍ਰਾਰਥਨਾ ਕਰੋ ਤਾਂਕਿ ਤੁਸੀਂ ਇਸ ਮੁਸ਼ਕਲ ਘੜੀ ਦਾ ਸਾਮ੍ਹਣਾ ਕਰ ਸਕੋ। ਕੇਅ ਨੂੰ ਬਾਈਬਲ ਦੇ ਇਸ ਵਾਅਦੇ ’ਤੇ ਪੂਰਾ ਵਿਸ਼ਵਾਸ ਸੀ ਕਿ ਰੱਬ ‘ਲਾਚਾਰ ਦੀ ਪ੍ਰਾਰਥਨਾ ਵੱਲ ਮੂੰਹ ਕਰੇਗਾ।’ (ਜ਼ਬੂਰਾਂ ਦੀ ਪੋਥੀ 102:17) ਤੁਸੀਂ ਵੀ ਇਸ ਵਾਅਦੇ ’ਤੇ ਪੂਰਾ ਯਕੀਨ ਕਰ ਸਕਦੇ ਹੋ।

ਕੀ ਤੁਸੀਂ ਜਾਣਦੇ ਹੋ? ਬਾਈਬਲ ਇਕ ਅਜਿਹੇ ਸਮੇਂ ਬਾਰੇ ਦੱਸਦੀ ਹੈ ਜਦ ਕਿਸੇ ਨੂੰ ਵੀ ਕੁਦਰਤੀ ਆਫ਼ਤਾਂ ਕਰਕੇ ਆਪਣਾ ਸਭ ਕੁਝ ਗੁਆਉਣ ਦਾ ਡਰ ਨਹੀਂ ਹੋਵੇਗਾ। *​—ਯਸਾਯਾਹ 65:21-23. (g14 07-E)

^ ਪੈਰਾ 9 ਧਰਤੀ ਲਈ ਪਰਮੇਸ਼ੁਰ ਦੇ ਮਕਸਦ ਬਾਰੇ ਹੋਰ ਸਿੱਖਣ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਦਾ ਤੀਜਾ ਅਧਿਆਇ ਦੇਖੋ।