Skip to content

Skip to table of contents

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

 ਮੁੱਖ ਪੰਨੇ ਤੋਂ | ਦੁੱਖ ਦੀ ਘੜੀ​—ਕਿਵੇਂ ਸਹੀਏ?

ਮਾੜੀ ਸਿਹਤ

ਮਾੜੀ ਸਿਹਤ

ਅਰਜਨਟੀਨਾ ਤੋਂ ਮੇਬਲ ਨਾਂ ਦੀ ਔਰਤ ਤੰਦਰੁਸਤ ਸੀ ਅਤੇ ਉਹ ਇਕ ਫਿਜ਼ਿਓਥੈਰਾਪਿਸਟ ਵਜੋਂ ਕੰਮ ਕਰਦੀ ਸੀ। ਸਾਲ 2007 ਵਿਚ ਖ਼ਾਸ ਕਰਕੇ ਉਹ ਥੱਕੀ-ਥੱਕੀ ਰਹਿਣ ਲੱਗੀ ਅਤੇ ਉਸ ਨੂੰ ਬਹੁਤ ਜ਼ਿਆਦਾ ਸਿਰਦਰਦ ਹੋਣ ਲੱਗਾ। ਉਹ ਕਹਿੰਦੀ ਹੈ: “ਮੈਂ ਕਈ ਡਾਕਟਰਾਂ ਕੋਲ ਗਈ ਅਤੇ ਕਈ ਤਰ੍ਹਾਂ ਦੀਆਂ ਦਵਾਈਆਂ ਅਜ਼ਮਾ ਕੇ ਦੇਖੀਆਂ, ਪਰ ਕੋਈ ਫ਼ਰਕ ਨਹੀਂ ਪਿਆ।” ਆਖ਼ਰਕਾਰ ਉਸ ਨੇ ਐਮ.ਆਰ.ਆਈ. ਸਕੈਨ ਕਰਵਾਇਆ ਜਿਸ ਤੋਂ ਪਤਾ ਲੱਗਾ ਕਿ ਉਸ ਦੇ ਦਿਮਾਗ਼ ਵਿਚ ਟਿਊਮਰ ਸੀ। ਉਹ ਕਹਿੰਦੀ ਹੈ: “ਇਹ ਸੁਣ ਕੇ ਮੈਨੂੰ ਝਟਕਾ ਲੱਗਾ! ਮੈਂ ਯਕੀਨ ਹੀ ਨਹੀਂ ਕਰ ਸਕੀ ਕਿ ਇਹ ਬੀਮਾਰੀ ਮੇਰੀ ਜਾਨ ਦੀ ਦੁਸ਼ਮਣ ਬਣਦੀ ਜਾ ਰਹੀ ਸੀ।

“ਮੈਨੂੰ ਓਪਰੇਸ਼ਨ ਤੋਂ ਬਾਅਦ ਹੀ ਪਤਾ ਲੱਗਾ ਕਿ ਮੇਰੀ ਹਾਲਤ ਕਿੰਨੀ ਗੰਭੀਰ ਸੀ। ਮੇਰੀਆਂ ਅੱਖਾਂ ਆਈ.ਸੀ.ਯੂ. ਵਿਚ ਖੁੱਲ੍ਹੀਆਂ ਅਤੇ ਮੈਂ ਹਿਲ ਤਕ ਨਾ ਸਕੀ। ਮੈਂ ਸਿਰਫ਼ ਛੱਤ ਵੱਲ ਤੱਕਦੀ ਰਹਿੰਦੀ ਸੀ। ਓਪਰੇਸ਼ਨ ਤੋਂ ਪਹਿਲਾਂ ਮੈਂ ਹਰ ਕੰਮ ਆਪ ਕਰਦੀ ਸੀ। ਪਰ ਹੁਣ ਮੈਂ ਲਾਚਾਰ ਹੋ ਗਈ ਸੀ। ਆਈ.ਸੀ.ਯੂ ਵਿਚ ਮੈਨੂੰ ਬੜੀ ਘਬਰਾਹਟ ਹੁੰਦੀ ਸੀ। ਉੱਥੇ ਡਾਕਟਰੀ ਮਸ਼ੀਨਾਂ ਅਤੇ ਐਮਰਜੰਸੀ ਅਲਾਰਮਾਂ ਦਾ ਸ਼ੋਰ ਸੁਣਾਈ ਦਿੰਦਾ ਸੀ ਅਤੇ ਦੂਜੇ ਮਰੀਜ਼ਾਂ ਦੇ ਚੀਕ-ਚਿਹਾੜੇ। ਮੈਨੂੰ ਇੱਦਾਂ ਲੱਗਾ ਕਿ ਹਰ ਪਾਸੇ ਦਰਦ ਹੀ ਦਰਦ ਸੀ।

“ਅੱਜ ਮੈਂ ਕੁਝ ਹੱਦ ਤਕ ਠੀਕ ਮਹਿਸੂਸ ਕਰਦੀ ਹਾਂ। ਮੈਂ ਬਿਨਾਂ ਕਿਸੇ ਦੇ ਸਹਾਰੇ ਤੁਰ ਸਕਦੀ ਹਾਂ ਅਤੇ ਕਦੇ-ਕਦੇ ਮੈਂ ਇਕੱਲੀ ਬਾਹਰ ਚਲੀ ਜਾਂਦੀ ਹਾਂ। ਪਰ ਮੈਨੂੰ ਦੋ-ਦੋ ਚੀਜ਼ਾਂ ਦਿਖਾਈ ਦਿੰਦੀਆਂ ਹਨ ਅਤੇ ਕਮਜ਼ੋਰ ਮਾਸ-ਪੇਸ਼ੀਆਂ ਕਾਰਨ ਮੇਰੇ ਲਈ ਉੱਠਣ-ਬੈਠਣਾ ਔਖਾ ਹੋ ਗਿਆ ਹੈ।”

ਦੁੱਖ ਆਉਣ ’ਤੇ ਕੀ ਕਰੀਏ?

ਸਹੀ ਨਜ਼ਰੀਆ ਰੱਖੋ। ਬਾਈਬਲ ਵਿਚ ਲਿਖਿਆ ਹੈ: “ਆਨੰਦਮਈ ਦਿਮਾਗ਼ ਇੱਕ ਚੰਗੀ ਦਵਾ ਬਣਾਉਂਦਾ ਹੈ, ਪਰ ਉਦਾਸ ਮਹਿਸੂਸ ਕਰਨਾ ਹੱਡੀਆਂ ਨੂੰ ਵੀ ਸੁਕਾ ਦਿੰਦਾ ਹੈ।” (ਕਹਾਉਤਾਂ 17:22, ERV) ਮੇਬਲ ਯਾਦ ਕਰਦੀ ਹੈ: “ਓਪਰੇਸ਼ਨ ਦੌਰਾਨ ਮੈਂ ਉਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ ਜੋ ਮੇਰੇ ਮਰੀਜ਼ ਕਰਦੇ ਹੁੰਦੇ ਸਨ। ਮੈਂ ਜਦੋਂ ਫਿਜ਼ਿਓਥੈਰਾਪਿਸਟ ਵੱਲੋਂ ਦਿੱਤੀਆਂ ਕਸਰਤਾਂ ਕਰਦੀ ਸੀ, ਤਾਂ ਮੈਨੂੰ ਬਹੁਤ ਪੀੜ ਹੁੰਦੀ ਸੀ। ਕਦੇ-ਕਦੇ ਮੈਂ ਸੋਚਦੀ ਸੀ ਕਿ ਮੈਂ ਕਸਰਤਾਂ ਕਰਨੀਆਂ ਛੱਡ ਦੇਵਾਂ। ਮੈਂ ਅਜਿਹੇ ਗ਼ਲਤ ਖ਼ਿਆਲ ਆਪਣੇ ਮਨ ਵਿੱਚੋਂ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ ਕਿਉਂਕਿ ਮੈਂ ਜਾਣਦੀ ਸੀ ਕਿ ਜੇ ਮੈਂ ਲੱਗੀ ਰਹਾਂ, ਤਾਂ ਇਸ ਦਾ ਮੈਨੂੰ ਬਹੁਤ ਫ਼ਾਇਦਾ ਹੋਵੇਗਾ।”

ਜਿਨ੍ਹਾਂ ਗੱਲਾਂ ਤੋਂ ਤੁਹਾਨੂੰ ਉਮੀਦ ਮਿਲਦੀ ਹੈ, ਉਨ੍ਹਾਂ ’ਤੇ ਧਿਆਨ ਲਾਓ। ਮੇਬਲ ਕਹਿੰਦੀ ਹੈ: “ਮੈਂ ਬਾਈਬਲ ਵਿੱਚੋਂ ਪੜ੍ਹਿਆ ਸੀ ਕਿ ਹਾਦਸੇ ਕਿਉਂ ਵਾਪਰਦੇ ਹਨ। ਪਰ ਮੈਂ ਇਹ ਵੀ ਜਾਣਦੀ ਹਾਂ ਕਿ ਹਰ ਗੁਜ਼ਰਦੇ ਦਿਨ ਦੇ ਨਾਲ-ਨਾਲ ਅਸੀਂ ਉਸ ਸਮੇਂ ਦੇ ਬਹੁਤ ਨੇੜੇ ਆਉਂਦੇ ਜਾ ਰਹੇ ਹਾਂ ਜਦ ਦੁੱਖ-ਦਰਦ ਹਮੇਸ਼ਾ ਲਈ ਖ਼ਤਮ ਹੋ ਜਾਣਗੇ।” *

ਜਾਣੋ ਕਿ ਪਰਮੇਸ਼ੁਰ ਨੂੰ ਤੁਹਾਡਾ ਬਹੁਤ ਫ਼ਿਕਰ ਹੈ। (1 ਪਤਰਸ 5:7) ਮੇਬਲ ਯਾਦ ਕਰਦੀ ਹੈ ਕਿ ਕਿਹੜੀ ਗੱਲ ਨੇ ਉਸ ਦੀ ਮਦਦ ਕੀਤੀ। “ਜਦ ਉਹ ਮੈਨੂੰ ਓਪਰੇਸ਼ਨ ਲਈ ਲੈ ਗਏ, ਤਾਂ ਮੈਂ ਯਸਾਯਾਹ 41:10 ਦੇ ਸ਼ਬਦਾਂ ਦੀ ਸੱਚਾਈ ਦੇਖੀ ਜਿੱਥੇ ਪਰਮੇਸ਼ੁਰ ਕਹਿੰਦਾ ਹੈ: ‘ਨਾ ਡਰ, ਮੈਂ ਤੇਰੇ ਅੰਗ ਸੰਗ ਜੋ ਹਾਂ।’ ਮੈਨੂੰ ਇਹ ਜਾਣ ਕੇ ਬਹੁਤ ਸ਼ਾਂਤੀ ਮਿਲੀ ਕਿ ਮੇਰੇ ਨਾਲ ਜੋ ਕੁਝ ਹੋ ਰਿਹਾ ਹੈ, ਉਸ ਬਾਰੇ ਯਹੋਵਾਹ ਪਰਮੇਸ਼ੁਰ ਬਹੁਤ ਫ਼ਿਕਰ ਕਰਦਾ ਹੈ।”

ਕੀ ਤੁਸੀਂ ਜਾਣਦੇ ਹੋ? ਬਾਈਬਲ ਸਿਖਾਉਂਦੀ ਹੈ ਕਿ ਇਕ ਅਜਿਹਾ ਸਮਾਂ ਆਵੇਗਾ ਜਦ ਕੋਈ ਵੀ ਮਾੜੀ ਸਿਹਤ ਦਾ ਸ਼ਿਕਾਰ ਨਹੀਂ ਹੋਵੇਗਾ।​—ਯਸਾਯਾਹ 33:24; 35:5, 6. (g14 07-E)