Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਜਾਗਰੂਕ ਬਣੋ!  |  ਜੁਲਾਈ 2014

ਸੰਸਾਰ ਉੱਤੇ ਨਜ਼ਰ

ਸੰਸਾਰ ਉੱਤੇ ਨਜ਼ਰ

ਚੀਨ

ਬੇਜਿੰਗ ਵਿਚ ਸਾਲ 2012 ਦੇ ਮੁਕਾਬਲੇ ਸਾਲ 2013 ਦੇ ਪਹਿਲੇ ਨੌਂ ਮਹੀਨਿਆਂ ਵਿਚ ਤਲਾਕ ਦੀ ਦਰ 41% ਵਧ ਗਈ। ਹਾਲ ਹੀ ਦੇ ਸਮੇਂ ਵਿਚ ਸਰਕਾਰ ਨੇ ਘਰ ਵੇਚਣ ’ਤੇ ਮਿਲਣ ਵਾਲੇ ਮੁਨਾਫ਼ੇ ਉੱਤੇ 20% ਟੈਕਸ ਲਾਇਆ ਹੈ। ਪਰ ਜੇ ਤਲਾਕਸ਼ੁਦਾ ਜੋੜਿਆਂ ਕੋਲ ਦੋ ਘਰ ਹਨ, ਤਾਂ ਕੁਝ ਹਾਲਾਤਾਂ ਵਿਚ ਇਕ ਘਰ ਵੇਚਣ ’ਤੇ ਉਨ੍ਹਾਂ ਨੂੰ ਇਹ ਨਵਾਂ ਟੈਕਸ ਨਹੀਂ ਦੇਣਾ ਪਵੇਗਾ। ਇਸ ਲਈ ਮਾਹਰ ਮੰਨਦੇ ਹਨ ਕਿ ਇਸ ਟੈਕਸ ਤੋਂ ਬਚਣ ਲਈ ਸ਼ਾਇਦ ਪਤੀ-ਪਤਨੀ ਤਲਾਕ ਲੈ ਰਹੇ ਹਨ।

ਦੁਨੀਆਂ

ਸੰਯੁਕਤ ਰਾਸ਼ਟਰ-ਸੰਘ ਨੇ ਸੁਝਾਅ ਦਿੱਤਾ ਹੈ ਕਿ ਸ਼ਾਇਦ ਕੁਪੋਸ਼ਣ ਤੋਂ ਬਚਣ ਵਾਸਤੇ ਜ਼ਿਆਦਾ ਤੋਂ ਜ਼ਿਆਦਾ ਲੋਕ ਕੀੜੇ-ਮਕੌੜੇ ਖਾਣਾ ਸ਼ੁਰੂ ਕਰ ਸਕਦੇ ਹਨ। ਇਨਸਾਨ ਘਾਹ-ਫੂਸ ਨਹੀਂ ਖਾ ਸਕਦੇ, ਪਰ ਕੀੜੇ-ਮਕੌੜੇ ਘਾਹ-ਫੂਸ ਖਾ ਸਕਦੇ ਹਨ, ਫਿਰ ਇਨ੍ਹਾਂ ਪੌਸ਼ਟਿਕ ਕੀੜੇ-ਮਕੌੜਿਆਂ ਨੂੰ ਇਨਸਾਨ ਖਾ ਸਕਦੇ ਹਨ। ਹਾਲ ਹੀ ਵਿਚ ਇਕ ਰਿਪੋਰਟ ਕਹਿੰਦੀ ਹੈ: “ਇਹ ਉਮੀਦ ਲਾਈ ਜਾਂਦੀ ਹੈ ਕਿ ਲੋਕ ਮੀਟ ਦੀ ਜਗ੍ਹਾ ਇਨ੍ਹਾਂ ਪੌਸ਼ਟਿਕ ਕੀੜੇ-ਮਕੌੜਿਆਂ ਨੂੰ ਖਾ ਕੇ ਕੁਪੋਸ਼ਣ ਤੋਂ ਬਚ ਸਕਦੇ ਹਨ।” ਪਰ ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ “ਕੁਝ ਦੇਸ਼ਾਂ ਵਿਚ ਲੋਕ ਇਨ੍ਹਾਂ [ਕੀੜੇ-ਮਕੌੜਿਆਂ] ਨੂੰ ਖਾਣਾ ਪਸੰਦ ਨਹੀਂ ਕਰਦੇ।”

ਕੈਨੇਡਾ

ਜਿਨ੍ਹਾਂ ਕਲਿਨਿਕਾਂ ਵਿਚ ਇਨਸਾਨਾਂ ਦੇ ਭਰੂਣ ਫ੍ਰੀਜ਼ਰ ਵਿਚ ਬਹੁਤ ਹੀ ਠੰਢੇ ਤਾਪਮਾਨ ’ਤੇ ਰੱਖੇ ਜਾਂਦੇ ਹਨ, ਉਨ੍ਹਾਂ ਦੇ ਸਾਮ੍ਹਣੇ ਇਹ ਕਾਨੂੰਨੀ ਤੇ ਨੈਤਿਕ ਪੱਖੋਂ ਸਵਾਲ ਖੜ੍ਹਾ ਹੁੰਦਾ ਹੈ ਕਿ ਉਹ ਇਨ੍ਹਾਂ ਭਰੂਣਾਂ ਦਾ ਕੀ ਕਰਨ। ਕਿਉਂ? ਕਿਉਂਕਿ ਇਨ੍ਹਾਂ ਦੇ “ਡੋਨਰਾਂ” ਦਾ ਹੁਣ ਕੋਈ ਅਤਾ-ਪਤਾ ਨਹੀਂ ਹੈ। ਇਕ ਕਲਿਨਿਕ ਦੱਸਦਾ ਹੈ ਕਿ ਉਨ੍ਹਾਂ ਕੋਲ ਇਨ-ਵਿਟਰੋ ਫਰਟੀਲਾਈਜ਼ੇਸ਼ਨ ਮਰੀਜ਼ਾਂ ਦੇ 1,000 ਭਰੂਣ ਹਨ ਜਿਨ੍ਹਾਂ ਦਾ “ਪਤਾ ਨਹੀਂ” ਲਗਾਇਆ ਜਾ ਸਕਦਾ।

ਆਇਰਲੈਂਡ

2013 ਤਕ ਆਇਰਲੈਂਡ ਵਿਚ ਕੈਥੋਲਿਕ ਲੋਕ ਜਾਂ ਤਾਂ ਆਪਣੇ ਧਰਮ ਅਨੁਸਾਰ ਵਿਆਹ ਕਰਾ ਸਕਦੇ ਸਨ ਜਾਂ ਫਿਰ ਕੋਰਟ ਮੈਰਿਜ। ਪਰ ਹੁਣ ਰੱਬ ਨੂੰ ਨਾ ਮੰਨਣ ਵਾਲੇ ਲੋਕ ਆਪਣੇ ਤਰੀਕੇ ਨਾਲ ਵਿਆਹ ਕਰਾ ਸਕਦੇ ਹਨ। ਇਕ ਖ਼ਬਰ ਮੁਤਾਬਕ “ਲੋਕ ਰੀਤਾਂ-ਰਿਵਾਜਾਂ ਮੁਤਾਬਕ ਵਿਆਹ ਨਹੀਂ ਕਰਾਉਣਾ ਚਾਹੁੰਦੇ, ਪਰ ਉਹ ਚਾਹੁੰਦੇ ਹਨ ਕਿ ਉਹ ਕੋਰਟ-ਮੈਰਿਜ ਤੋਂ ਵੀ ਕਿਤੇ ਵਧ ਕੇ ਧੂਮ-ਧਾਮ ਨਾਲ ਵਿਆਹ ਕਰਾਉਣ। ਇਸ ਕਾਰਨ ਰੀਤਾਂ-ਰਿਵਾਜਾਂ ਤੋਂ ਬਿਨਾਂ ਵਿਆਹ ਕਰਾਉਣ ਵਾਲੀਆਂ ਸੰਸਥਾਵਾਂ ਕੋਲ ਲੋਕਾਂ ਦੀ ਲਾਈਨ ਲੱਗੀ ਹੋਈ ਹੈ।” (g14 06-E)