Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਪਹਿਰਾਬੁਰਜ  |  ਨੰ. 3 2016

 ਮੁੱਖ ਪੰਨੇ ਤੋਂ | ਜਦੋਂ ਆਪਣਾ ਕੋਈ ਗੁਜ਼ਰ ਜਾਂਦਾ ਹੈ

ਗਮ ਨੂੰ ਸਹਿਣਾ

ਗਮ ਨੂੰ ਸਹਿਣਾ

ਗਮ ਨੂੰ ਸਹਿਣ ਬਾਰੇ ਸਲਾਹਾਂ ਦੀ ਕੋਈ ਕਮੀ ਨਹੀਂ। ਪਰ ਸਾਰੀਆਂ ਸਲਾਹਾਂ ਫ਼ਾਇਦੇਮੰਦ ਨਹੀਂ ਹਨ। ਮਿਸਾਲ ਲਈ, ਸ਼ਾਇਦ ਤੁਹਾਨੂੰ ਕੋਈ ਸਲਾਹ ਦੇਵੇ ਕਿ ਤੁਸੀਂ ਨਾ ਰੋਵੋ ਜਾਂ ਕਿਸੇ ਵੀ ਤਰੀਕੇ ਨਾਲ ਆਪਣੀਆਂ ਭਾਵਨਾਵਾਂ ਜ਼ਾਹਰ ਨਾ ਕਰੋ। ਦੂਸਰੇ ਸ਼ਾਇਦ ਤੁਹਾਨੂੰ ਇਸ ਤੋਂ ਉਲਟਾ ਕਰਨ ਲਈ ਮਜਬੂਰ ਕਰਨ ਕਿ ਤੁਸੀਂ ਆਪਣੀਆਂ ਭਾਵਨਾਵਾਂ ਖੁੱਲ੍ਹ ਕੇ ਜ਼ਾਹਰ ਕਰੋ। ਪਰ ਬਾਈਬਲ ਇਸ ਤੋਂ ਵਧੀਆ ਸਲਾਹ ਦਿੰਦੀ ਹੈ ਜਿਸ ਨਾਲ ਨਵੀਆਂ ਵਿਗਿਆਨਕ ਖੋਜਾਂ ਵੀ ਸਹਿਮਤ ਹਨ।

ਕਈ ਸਭਿਆਚਾਰਾਂ ਵਿਚ ਮੰਨਿਆ ਜਾਂਦਾ ਹੈ ਕਿ ਆਦਮੀ ਲਈ ਹੰਝੂ ਵਹਾਉਣਾ ਕਮਜ਼ੋਰੀ ਦੀ ਨਿਸ਼ਾਨੀ ਹੈ। ਪਰ ਕੀ ਸਾਰਿਆਂ ਦੇ ਸਾਮ੍ਹਣੇ ਰੋਣਾ ਸ਼ਰਮ ਦੀ ਗੱਲ ਮੰਨਣੀ ਚਾਹੀਦੀ ਹੈ? ਮਾਨਸਿਕ ਸਿਹਤ ਦੇ ਮਾਹਰ ਕਹਿੰਦੇ ਹਨ ਕਿ ਸੋਗ ਵੇਲੇ ਹੰਝੂ ਵਹਾਉਣਾ ਆਮ ਗੱਲ ਹੈ। ਸੋਗ ਕਰਨ ਨਾਲ ਤੁਹਾਨੂੰ ਜੀਉਣ ਦੀ ਤਾਕਤ ਮਿਲ ਸਕਦੀ ਹੈ ਭਾਵੇਂ ਤੁਹਾਡਾ ਗਮ ਜਿੰਨਾ ਮਰਜ਼ੀ ਗਹਿਰਾ ਕਿਉਂ ਨਾ ਹੋਵੇ। ਗਮ ਨੂੰ ਅੰਦਰ ਹੀ ਅੰਦਰ ਰੱਖਣ ਨਾਲ ਸਾਡਾ ਹੀ ਨੁਕਸਾਨ ਹੁੰਦਾ ਹੈ। ਬਾਈਬਲ ਇਸ ਗੱਲ ਨਾਲ ਸਹਿਮਤ ਨਹੀਂ ਕਿ ਸੋਗ ਵੇਲੇ ਹੰਝੂ ਵਹਾਉਣਾ ਗ਼ਲਤ ਹੈ ਜਾਂ ਕਮਜ਼ੋਰੀ ਦੀ ਨਿਸ਼ਾਨੀ ਹੈ। ਮਿਸਾਲ ਲਈ, ਜ਼ਰਾ ਯਿਸੂ ਬਾਰੇ ਸੋਚੋ। ਆਪਣੇ ਦੋਸਤ ਲਾਜ਼ਰ ਦੀ ਮੌਤ ਵੇਲੇ ਯਿਸੂ ਸਾਰਿਆਂ ਦੇ ਸਾਮ੍ਹਣੇ ਰੋਇਆ ਭਾਵੇਂ ਕਿ ਉਸ ਕੋਲ ਮਰ ਚੁੱਕੇ ਲੋਕਾਂ ਨੂੰ ਦੁਬਾਰਾ ਜੀਉਂਦੇ ਕਰਨ ਦੀ ਸ਼ਕਤੀ ਸੀ।ਯੂਹੰਨਾ 11:33-35.

ਗੁੱਸਾ ਆਉਣਾ ਵੀ ਸੋਗ ਦਾ ਹਿੱਸਾ ਹੈ, ਖ਼ਾਸਕਰ ਜਦੋਂ ਅਚਾਨਕ ਕਿਸੇ ਦੀ ਮੌਤ ਹੋ ਜਾਵੇ। ਕਈ ਗੱਲਾਂ ਕਰਕੇ ਸੋਗ ਕਰਨ ਵਾਲੇ ਨੂੰ ਗੁੱਸਾ ਆ ਸਕਦਾ ਹੈ, ਜਿਵੇਂ ਕਿ ਕਿਸੇ ਆਦਰਯੋਗ ਵਿਅਕਤੀ ਵੱਲੋਂ ਬਿਨਾਂ ਸੋਚੇ-ਸਮਝੇ ਕੁਝ ਕਹਿ ਦੇਣਾ। ਦੱਖਣੀ ਅਫ਼ਰੀਕਾ ਦਾ ਮਾਈਕ ਕਹਿੰਦਾ ਹੈ: “ਮੈਂ ਸਿਰਫ਼ 14 ਸਾਲਾਂ ਦਾ ਸੀ ਜਦੋਂ ਮੇਰੇ ਪਿਤਾ ਜੀ ਦੀ ਮੌਤ ਹੋ ਗਈ। ਸੰਸਕਾਰ ਵੇਲੇ ਚਰਚ ਦੇ ਇਕ ਪਾਦਰੀ ਨੇ ਕਿਹਾ ਕਿ ਰੱਬ ਨੂੰ ਚੰਗੇ ਲੋਕਾਂ ਦੀ ਲੋੜ ਹੈ, ਇਸ ਲਈ ਉਹ ਉਨ੍ਹਾਂ ਨੂੰ ਛੇਤੀ ਆਪਣੇ ਕੋਲ ਬੁਲਾ ਲੈਂਦਾ ਹੈ। * ਇਹ ਸੁਣ ਕੇ ਮੈਨੂੰ ਗੁੱਸਾ ਚੜ੍ਹ ਗਿਆ ਕਿਉਂਕਿ ਸਾਨੂੰ ਆਪਣੇ ਪਿਤਾ ਜੀ ਦੀ ਬਹੁਤ ਜ਼ਿਆਦਾ ਲੋੜ ਸੀ। ਅੱਜ 63 ਸਾਲਾਂ ਬਾਅਦ ਵੀ ਮੈਨੂੰ ਇਸ ਗੱਲ ਕਰਕੇ ਦੁੱਖ ਲੱਗਦਾ ਹੈ।”

ਦੋਸ਼ੀ ਮਹਿਸੂਸ ਕਰਨ ਬਾਰੇ ਕੀ? ਅਚਾਨਕ ਕਿਸੇ ਦੀ ਮੌਤ ਹੋਣ ਤੇ ਸੋਗ ਮਨਾਉਣ ਵਾਲਾ ਸ਼ਾਇਦ ਵਾਰ-ਵਾਰ ਸੋਚੇ, ‘ਉਹ ਸ਼ਾਇਦ ਨਾ ਮਰਦਾ ਜੇ ਮੈਂ ਇੱਦਾਂ ਕੀਤਾ ਹੁੰਦਾ ਜਾਂ ਉੱਦਾਂ ਕੀਤਾ ਹੁੰਦਾ।’ ਜਾਂ ਸ਼ਾਇਦ ਆਖ਼ਰੀ ਵਾਰ ਤੁਹਾਡੀ ਮਰਨ ਵਾਲੇ ਨਾਲ ਬਹਿਸ ਹੋਈ ਹੋਵੇ। ਇਨ੍ਹਾਂ ਗੱਲਾਂ ਕਰਕੇ ਸ਼ਾਇਦ ਤੁਸੀਂ ਹੋਰ ਜ਼ਿਆਦਾ ਦੋਸ਼ੀ ਮਹਿਸੂਸ ਕਰੋ।

ਜੇ ਤੁਹਾਨੂੰ ਗੁੱਸਾ ਆਉਂਦਾ ਹੈ ਅਤੇ ਤੁਸੀਂ ਦੋਸ਼ੀ ਮਹਿਸੂਸ ਕਰਦੇ ਹੋ, ਤਾਂ ਇਨ੍ਹਾਂ ਭਾਵਨਾਵਾਂ ਨੂੰ ਅੰਦਰ ਹੀ ਅੰਦਰ ਦਬਾ ਕੇ ਨਾ ਰੱਖੋ। ਇਸ ਦੀ ਬਜਾਇ, ਕਿਸੇ ਦੋਸਤ ਨਾਲ ਗੱਲ ਕਰੋ ਜੋ ਤੁਹਾਡੀ ਗੱਲ ਸੁਣੇਗਾ ਅਤੇ ਤੁਹਾਨੂੰ ਯਕੀਨ ਦਿਲਾਵੇਗਾ ਕਿ ਬਹੁਤ ਸਾਰੇ ਸੋਗ ਮਨਾ ਰਹੇ ਲੋਕਾਂ ਅੰਦਰ ਅਜਿਹੀਆਂ ਭਾਵਨਾਵਾਂ ਆ ਜਾਂਦੀਆਂ ਹਨ। ਬਾਈਬਲ ਸਾਨੂੰ ਯਾਦ ਕਰਾਉਂਦੀ ਹੈ: “ਮਿੱਤ੍ਰ ਹਰ ਵੇਲੇ ਪ੍ਰੇਮ ਕਰਦਾ ਹੈ, ਅਤੇ ਭਰਾ ਬਿਪਤਾ ਦੇ ਦਿਨ ਲਈ ਜੰਮਿਆ ਹੈ।”ਕਹਾਉਤਾਂ 17:17.

ਸਾਡਾ ਸਿਰਜਣਹਾਰ ਯਹੋਵਾਹ ਪਰਮੇਸ਼ੁਰ ਸੋਗ ਕਰਨ ਵਾਲੇ ਵਿਅਕਤੀ ਦਾ ਸਭ ਤੋਂ ਜਿਗਰੀ ਦੋਸਤ ਬਣ ਸਕਦਾ ਹੈ। ਪ੍ਰਾਰਥਨਾ ਵਿਚ ਆਪਣਾ ਦਿਲ ਉਸ ਅੱਗੇ ਖੋਲ੍ਹ ਦਿਓ ਕਿਉਂਕਿ “ਉਸ ਨੂੰ ਤੁਹਾਡਾ ਫ਼ਿਕਰ ਹੈ।” (1 ਪਤਰਸ 5:7) ਇਸ ਤੋਂ ਇਲਾਵਾ, ਉਹ ਵਾਅਦਾ ਕਰਦਾ ਹੈ ਕਿ ਉਹ ਉਸ ਅੱਗੇ ਦਿਲ ਖੋਲ੍ਹਣ ਵਾਲਿਆਂ ਦੇ ਦਿਲਾਂ-ਦਿਮਾਗਾਂ ਨੂੰ “ਸ਼ਾਂਤੀ” ਬਖ਼ਸ਼ੇਗਾ “ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ।” (ਫ਼ਿਲਿੱਪੀਆਂ 4:6, 7) ਨਾਲੇ ਰੱਬ ਨੂੰ ਮੌਕਾ ਦਿਓ ਕਿ ਉਹ ਤੁਹਾਨੂੰ ਆਪਣੇ ਬਚਨ ਬਾਈਬਲ ਰਾਹੀਂ ਹੌਸਲਾ ਦੇਵੇ। ਹੌਸਲਾ ਦੇਣ ਵਾਲੀਆਂ ਆਇਤਾਂ ਦੀ ਇਕ ਸੂਚੀ ਬਣਾਓ। (ਲੇਖ ਨਾਲ ਦਿੱਤੀ ਡੱਬੀ ਦੇਖੋ।) ਤੁਸੀਂ ਸ਼ਾਇਦ ਇਨ੍ਹਾਂ ਵਿੱਚੋਂ ਕੁਝ ਆਇਤਾਂ ਨੂੰ ਯਾਦ ਕਰਨਾ ਚਾਹੋ। ਇਨ੍ਹਾਂ ਆਇਤਾਂ ’ਤੇ ਸੋਚ-ਵਿਚਾਰ ਕਰਨ ਨਾਲ ਸ਼ਾਇਦ  ਰਾਤ ਨੂੰ ਤੁਹਾਡੀ ਮਦਦ ਹੋਵੇ ਜਦੋਂ ਤੁਸੀਂ ਇਕੱਲੇ ਹੁੰਦੇ ਹੋ ਅਤੇ ਤੁਹਾਨੂੰ ਨੀਂਦ ਨਹੀਂ ਆਉਂਦੀ।ਯਸਾਯਾਹ 57:15.

ਹਾਲ ਹੀ ਵਿਚ 40 ਕੁ ਸਾਲਾਂ ਦੇ ਆਦਮੀ ਜੈਕ ਦੀ ਪਿਆਰੀ ਪਤਨੀ ਦੀ ਕੈਂਸਰ ਨਾਲ ਮੌਤ ਹੋ ਗਈ। ਉਹ ਕਹਿੰਦਾ ਹੈ ਕਿ ਮੈਨੂੰ ਕਦੇ-ਕਦੇ ਬਹੁਤ ਇਕੱਲਾਪਣ ਮਹਿਸੂਸ ਹੁੰਦਾ ਹੈ। ਪਰ ਉਸ ਨੂੰ ਪ੍ਰਾਰਥਨਾ ਕਰ ਕੇ ਬਹੁਤ ਮਦਦ ਮਿਲੀ। ਉਹ ਕਹਿੰਦਾ ਹੈ: “ਜਦੋਂ ਮੈਂ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਹਾਂ, ਮੈਨੂੰ ਕਦੇ ਵੀ ਇਕੱਲਾਪਣ ਮਹਿਸੂਸ ਨਹੀਂ ਹੁੰਦਾ। ਅਕਸਰ ਮੇਰੀ ਰਾਤ ਨੂੰ ਜਾਗ ਖੁੱਲ੍ਹ ਜਾਂਦੀ ਹੈ ਤੇ ਮੈਨੂੰ ਦੁਬਾਰਾ ਨੀਂਦ ਨਹੀਂ ਆਉਂਦੀ। ਬਾਈਬਲ ਵਿੱਚੋਂ ਹੌਸਲੇ ਭਰੀਆਂ ਗੱਲਾਂ ਪੜ੍ਹ ਕੇ, ਇਨ੍ਹਾਂ ’ਤੇ ਸੋਚ-ਵਿਚਾਰ ਕਰ ਕੇ ਅਤੇ ਫਿਰ ਪ੍ਰਾਰਥਨਾ ਵਿਚ ਆਪਣੇ ਦਿਲ ਦੀਆਂ ਭਾਵਨਾਵਾਂ ਜ਼ਾਹਰ ਕਰ ਕੇ ਮੇਰੇ ਦਿਲ-ਦਿਮਾਗ਼ ਨੂੰ ਸ਼ਾਂਤੀ ਮਿਲਦੀ ਹੈ ਅਤੇ ਮੈਨੂੰ ਨੀਂਦ ਆ ਜਾਂਦੀ ਹੈ।”

ਵਨੇਸਾ ਨਾਂ ਦੀ ਕੁੜੀ ਦੀ ਮੰਮੀ ਦੀ ਬੀਮਾਰੀ ਕਰਕੇ ਮੌਤ ਹੋ ਗਈ। ਉਸ ਨੇ ਵੀ ਪ੍ਰਾਰਥਨਾ ਦੀ ਤਾਕਤ ਨੂੰ ਮਹਿਸੂਸ ਕੀਤਾ ਹੈ। ਉਹ ਕਹਿੰਦੀ ਹੈ: “ਮੈਂ ਆਪਣੀਆਂ ਔਖੀਆਂ ਘੜੀਆਂ ਵਿਚ ਬਸ ਰੱਬ ਦਾ ਨਾਂ ਲੈਂਦੀ ਸੀ ਤੇ ਫੁੱਟ-ਫੁੱਟ ਕੇ ਰੋਣ ਲੱਗ ਪੈਂਦੀ ਸੀ। ਯਹੋਵਾਹ ਨੇ ਮੇਰੀਆਂ ਦੁਆਵਾਂ ਨੂੰ ਸੁਣਿਆ ਤੇ ਹਮੇਸ਼ਾ ਮੈਨੂੰ ਤਾਕਤ ਦਿੱਤੀ।”

ਕੁਝ ਸਲਾਹਕਾਰ ਗਮ ਨੂੰ ਭੁਲਾਉਣ ਲਈ ਜੱਦੋ-ਜਹਿਦ ਕਰਨ ਵਾਲਿਆਂ ਨੂੰ ਸਲਾਹ ਦਿੰਦੇ ਹਨ ਕਿ ਉਹ ਦੂਜਿਆਂ ਦੀ ਮਦਦ ਕਰਨ ਜਾਂ ਸਮਾਜ-ਸੇਵਾ ਦੇ ਕੁਝ ਕੰਮ ਕਰਨ। ਇਸ ਤਰ੍ਹਾਂ ਕਰ ਕੇ ਤੁਹਾਨੂੰ ਖ਼ੁਸ਼ੀ ਮਿਲ ਸਕਦੀ ਹੈ ਤੇ ਤੁਹਾਡਾ ਗਮ ਘੱਟ ਸਕਦਾ ਹੈ। (ਰਸੂਲਾਂ ਦੇ ਕੰਮ 20:35) ਬਹੁਤ ਸਾਰੇ ਸੋਗ ਕਰ ਰਹੇ ਮਸੀਹੀਆਂ ਨੇ ਦੇਖਿਆ ਹੈ ਕਿ ਦੂਜਿਆਂ ਦੀ ਮਦਦ ਕਰਨ ਨਾਲ ਉਨ੍ਹਾਂ ਨੂੰ ਬਹੁਤ ਹੌਸਲਾ ਮਿਲਿਆ ਹੈ।2 ਕੁਰਿੰਥੀਆਂ 1:3, 4. ▪ (w16-E No. 3)

^ ਪੈਰਾ 5 ਇਹ ਬਾਈਬਲ ਦੀ ਸਿੱਖਿਆ ਨਹੀਂ ਹੈ। ਬਾਈਬਲ ਦੱਸਦੀ ਹੈ ਕਿ ਲੋਕ ਕਿਉਂ ਮਰਦੇ ਹਨ।—ਉਪਦੇਸ਼ਕ ਦੀ ਪੋਥੀ 9:12; ਯੂਹੰਨਾ 8:44; ਰੋਮੀਆਂ 5:12.