Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਆਨ-ਲਾਈਨ ਬਾਈਬਲ | ਪਵਿੱਤਰ ਬਾਈਬਲ—ਨਵੀਂ ਦੁਨੀਆਂ ਅਨੁਵਾਦ

2 ਤਿਮੋਥਿਉਸ 3:1-17

3  ਪਰ ਇਹ ਜਾਣ ਲੈ ਕਿ ਆਖ਼ਰੀ ਦਿਨ ਖ਼ਾਸ ਤੌਰ ਤੇ ਮੁਸੀਬਤਾਂ ਨਾਲ ਭਰੇ ਹੋਣਗੇ ਅਤੇ ਇਨ੍ਹਾਂ ਦਾ ਸਾਮ੍ਹਣਾ ਕਰਨਾ ਬਹੁਤ ਮੁਸ਼ਕਲ ਹੋਵੇਗਾ।  ਕਿਉਂਕਿ ਲੋਕ ਸੁਆਰਥੀ, ਪੈਸੇ ਦੇ ਪ੍ਰੇਮੀ, ਸ਼ੇਖ਼ੀਬਾਜ਼, ਹੰਕਾਰੀ, ਨਿੰਦਿਆ ਕਰਨ ਵਾਲੇ, ਮਾਤਾ-ਪਿਤਾ ਦਾ ਕਹਿਣਾ ਨਾ ਮੰਨਣ ਵਾਲੇ, ਨਾ­ਸ਼ੁਕਰੇ, ਵਿਸ਼ਵਾਸਘਾਤੀ,  ਨਿਰਮੋਹੀ, ਕਿਸੇ ਗੱਲ ’ਤੇ ਰਾਜ਼ੀ ਨਾ ਹੋਣ ਵਾਲੇ, ਦੂਜਿਆਂ ਨੂੰ ਬਦਨਾਮ ਕਰਨ ਵਾਲੇ, ਅਸੰਜਮੀ, ਵਹਿਸ਼ੀ, ਭਲਾਈ ਨਾਲ ਪਿਆਰ ਨਾ ਕਰਨ ਵਾਲੇ,  ਧੋਖੇਬਾਜ਼, ਜ਼ਿੱਦੀ ਅਤੇ ਘਮੰਡ ਨਾਲ ਫੁੱਲੇ ਹੋਏ ਹੋਣਗੇ। ਉਹ ਪਰਮੇਸ਼ੁਰ ਨਾਲ ਪਿਆਰ ਕਰਨ ਦੀ ਬਜਾਇ ਮੌਜ-ਮਸਤੀ ਦੇ ਪ੍ਰੇਮੀ ਹੋਣਗੇ  ਅਤੇ ਉਹ ਭਗਤੀ ਦਾ ਦਿਖਾਵਾ ਤਾਂ ਕਰਨਗੇ, ਪਰ ਇਸ ਮੁਤਾਬਕ ਆਪਣੀ ਜ਼ਿੰਦਗੀ ਨਹੀਂ ਜੀਉਣਗੇ; ਇਨ੍ਹਾਂ ਲੋਕਾਂ ਤੋਂ ਦੂਰ ਰਹਿ।  ਇਨ੍ਹਾਂ ਵਿੱਚੋਂ ਹੀ ਕੁਝ ਆਦਮੀ ਚਲਾਕੀ ਨਾਲ ਹੋਰਨਾਂ ਦੇ ਘਰਾਂ ਵਿਚ ਆਪਣੇ ਪੈਰ ਜਮਾ ਲੈਂਦੇ ਹਨ ਅਤੇ ਡਾਂਵਾਡੋਲ ਤੀਵੀਆਂ ਨੂੰ ਆਪਣੇ ਵੱਸ ਵਿਚ ਕਰ ਲੈਂਦੇ ਹਨ ਜਿਹੜੀਆਂ ਪਾਪ ਨਾਲ ਲੱਦੀਆਂ ਹੋਈਆਂ ਹਨ ਅਤੇ ਆਪਣੀਆਂ ਕਈ ਤਰ੍ਹਾਂ ਦੀਆਂ ਇੱਛਾਵਾਂ ਪੂਰੀਆਂ ਕਰਨ ਵਿਚ ਹੀ ਲੱਗੀਆਂ ਰਹਿੰਦੀਆਂ ਹਨ।  ਇਹ ਤੀਵੀਆਂ ਹਮੇਸ਼ਾ ਸਿੱਖਦੀਆਂ ਤਾਂ ਰਹਿੰਦੀਆਂ ਹਨ, ਪਰ ਸੱਚਾਈ ਨੂੰ ਕਦੀ ਵੀ ਪੂਰੀ ਤਰ੍ਹਾਂ ਨਹੀਂ ਸਮਝਦੀਆਂ।  ਜਿਵੇਂ ਯੰਨੇਸ ਤੇ ਯੰਬਰੇਸ ਨੇ ਮੂਸਾ ਦਾ ਵਿਰੋਧ ਕੀਤਾ ਸੀ, ਉਸੇ ਤਰ੍ਹਾਂ ਇਹ ਆਦਮੀ ਵੀ ਸੱਚਾਈ ਦਾ ਵਿਰੋਧ ਕਰਦੇ ਰਹਿੰਦੇ ਹਨ। ਇਨ੍ਹਾਂ ਆਦਮੀਆਂ ਦੇ ਮਨ ਪੂਰੀ ਤਰ੍ਹਾਂ ਭ੍ਰਿਸ਼ਟ ਹੋ ਚੁੱਕੇ ਹਨ ਅਤੇ ਮਸੀਹੀ ਸਿੱਖਿਆਵਾਂ ਤੋਂ ਉਲਟ ਚੱਲਣ ਕਰਕੇ ਪਰਮੇਸ਼ੁਰ ਨੇ ਇਨ੍ਹਾਂ ਨੂੰ ਨਾਮਨਜ਼ੂਰ ਕਰ ਦਿੱਤਾ ਹੈ।  ਪਰ ਇਹ ਆਦਮੀ ਆਪਣੇ ਇਰਾਦਿਆਂ ਵਿਚ ਕਾਮਯਾਬ ਨਹੀਂ ਹੋ ­ਸਕਣਗੇ ਕਿਉਂਕਿ ਇਨ੍ਹਾਂ ਦੀ ਮੂਰਖਤਾ ਸਾਰਿਆਂ ਸਾਮ੍ਹਣੇ ਪੂਰੀ ਤਰ੍ਹਾਂ ਜ਼ਾਹਰ ਹੋ ਜਾਵੇਗੀ, ਜਿਵੇਂ ਯੰਨੇਸ ਤੇ ਯੰਬਰੇਸ ਦੀ ਮੂਰਖਤਾ ਜ਼ਾਹਰ ਹੋ ਗਈ ਸੀ। 10  ਪਰ ਤੂੰ ਮੇਰੀ ਸਿੱਖਿਆ, ਮੇਰੀ ਜ਼ਿੰਦਗੀ, ਮੇਰੇ ਮਕਸਦ, ਮੇਰੀ ਨਿਹਚਾ, ਮੇਰੇ ਧੀਰਜ, ਮੇਰੇ ਪਿਆਰ ਤੇ ਮੇਰੀ ਸਹਿਣਸ਼ੀਲਤਾ ਨੂੰ ਨੇੜਿਓਂ ਦੇਖਿਆ ਹੈ। 11  ਨਾਲੇ ਤੂੰ ਜਾਣਦਾ ਹੈਂ ਕਿ ਮੈਂ ਅੰਤਾਕੀਆ, ਇਕੁਨਿਉਮ ਤੇ ਲੁਸਤ੍ਰਾ ਵਰਗੀਆਂ ਥਾਵਾਂ ਵਿਚ ਕਿੰਨੇ ­ਅਤਿਆਚਾਰ ਤੇ ਦੁੱਖ ਸਹੇ ਸਨ। ਮੈਂ ਇਹ ਸਾਰੇ ­ਅਤਿਆਚਾਰ ਸਹੇ, ਪਰ ਪ੍ਰਭੂ ਨੇ ਮੈਨੂੰ ਇਨ੍ਹਾਂ ਸਾਰਿਆਂ ਵਿੱਚੋਂ ਬਚਾਇਆ। 12  ਅਸਲ ਵਿਚ, ਜਿਹੜੇ ਵੀ ਯਿਸੂ ਮਸੀਹ ਦੇ ਚੇਲੇ ਬਣ ਕੇ ਪਰਮੇਸ਼ੁਰ ਦੀ ਭਗਤੀ ਕਰਦਿਆਂ ਆਪਣੀ ਜ਼ਿੰਦਗੀ ਜੀਉਣੀ ਚਾਹੁੰਦੇ ਹਨ, ਉਹ ਸਾਰੇ ਸਤਾਏ ਜਾਣਗੇ। 13  ਪਰ ਦੁਸ਼ਟ ਅਤੇ ਫਰੇਬੀ ਇਨਸਾਨ ਬੁਰੇ ਤੋਂ ਬੁਰੇ ਹੁੰਦੇ ਜਾਣਗੇ ਅਤੇ ਉਹ ਦੂਸਰਿਆਂ ਨੂੰ ਵੀ ਗੁਮਰਾਹ ਕਰਨਗੇ ਤੇ ਆਪ ਵੀ ਗੁਮਰਾਹ ਹੋਣਗੇ। 14  ਪਰ ਤੂੰ ਜਿਹੜੀਆਂ ਗੱਲਾਂ ਸਿੱਖੀਆਂ ਹਨ ਅਤੇ ਜਿਨ੍ਹਾਂ ਬਾਰੇ ਤੈਨੂੰ ਸਮਝਾ ਕੇ ਯਕੀਨ ਦਿਵਾਇਆ ਗਿਆ ਹੈ, ਉਨ੍ਹਾਂ ਗੱਲਾਂ ਉੱਤੇ ਚੱਲਦਾ ਰਹਿ ਅਤੇ ਯਾਦ ਰੱਖ ਕਿ ਉਹ ਗੱਲਾਂ ਤੂੰ ਕਿਨ੍ਹਾਂ ਤੋਂ ਸਿੱਖੀਆਂ ਸਨ 15  ਅਤੇ ਤੂੰ ਛੋਟੇ ਹੁੰਦਿਆਂ ਤੋਂ ਪਵਿੱਤਰ ਲਿਖਤਾਂ ਨੂੰ ਜਾਣਦਾ ਹੈਂ। ਇਹ ਲਿਖਤਾਂ ਤੈਨੂੰ ਬੁੱਧੀਮਾਨ ਬਣਾ ਸਕਦੀਆਂ ਹਨ ਜਿਨ੍ਹਾਂ ਦੀ ਮਦਦ ਨਾਲ ਤੈਨੂੰ ਮੁਕਤੀ ਮਿਲ ਸਕਦੀ ਹੈ ਕਿਉਂਕਿ ਤੂੰ ਯਿਸੂ ਮਸੀਹ ਉੱਤੇ ਨਿਹਚਾ ਕੀਤੀ ਹੈ। 16  ਪੂਰਾ ਧਰਮ-ਗ੍ਰੰਥ ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਲਿਖਿਆ ਗਿਆ ਹੈ ਅਤੇ ਇਹ ਸਿਖਾਉਣ, ਤਾੜਨ, ਸੁਧਾਰਨ ਅਤੇ ਪਰਮੇਸ਼ੁਰ ਦੇ ਸਹੀ ਮਿਆਰਾਂ ਮੁਤਾਬਕ ਅਨੁਸ਼ਾਸਨ ਦੇਣ ਲਈ ਫ਼ਾਇਦੇਮੰਦ ਹੈ, 17  ਤਾਂਕਿ ਪਰਮੇਸ਼ੁਰ ਦਾ ਸੇਵਕ ਹਰ ਚੰਗਾ ਕੰਮ ਕਰਨ ਲਈ ਪੂਰੀ ਤਰ੍ਹਾਂ ਕਾਬਲ ਅਤੇ ਤਿਆਰ ਹੋਵੇ।

ਫੁਟਨੋਟ