Skip to content

Skip to table of contents

Advanced Search

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

1 ਯੂਹੰਨਾ 4:1-21

4  ਪਿਆਰਿਓ, ਕਈ ਸੰਦੇਸ਼ ਪਰਮੇਸ਼ੁਰ ਤੋਂ ਆਏ ਲੱਗਦੇ ਹਨ।* ਇਸ ਲਈ, ਤੁਸੀਂ ਹਰ ਸੰਦੇਸ਼ ਉੱਤੇ ਵਿਸ਼ਵਾਸ ਨਾ ਕਰੋ, ਸਗੋਂ ਇਨ੍ਹਾਂ ਨੂੰ ਪਰਖ ਕੇ ਦੇਖੋ ਕਿ ਇਹ ਸੱਚੀਂ ਪਰਮੇਸ਼ੁਰ ਤੋਂ ਆਏ ਹਨ ਜਾਂ ਨਹੀਂ ਕਿਉਂਕਿ ਬਹੁਤ ਸਾਰੇ ਝੂਠੇ ਨਬੀ ਦੁਨੀਆਂ ਵਿਚ ਆ ਚੁੱਕੇ ਹਨ।  ਤੁਸੀਂ ਇਸ ਗੱਲ ਤੋਂ ਜਾਣ ਸਕਦੇ ਹੋ ਕਿ ਕਿਹੜਾ ਸੰਦੇਸ਼ ਪਰਮੇਸ਼ੁਰ ਤੋਂ ਆਇਆ ਹੈ: ਜਿਸ ਸੰਦੇਸ਼ ਵਿਚ ਇਹ ਕਬੂਲ ਕੀਤਾ ਜਾਂਦਾ ਹੈ ਕਿ ਯਿਸੂ ਮਸੀਹ ਇਨਸਾਨ ਦੇ ਰੂਪ ਵਿਚ ਆਇਆ ਸੀ, ਉਹ ਸੰਦੇਸ਼ ਪਰਮੇਸ਼ੁਰ ਤੋਂ ਹੈ,  ਪਰ ਜਿਸ ਸੰਦੇਸ਼ ਵਿਚ ਯਿਸੂ ਨੂੰ ਕਬੂਲ ਨਹੀਂ ਕੀਤਾ ਜਾਂਦਾ, ਉਹ ਪਰਮੇਸ਼ੁਰ ਤੋਂ ਨਹੀਂ ਹੈ। ਇਸ ਦੀ ਬਜਾਇ, ਇਹ ਸੰਦੇਸ਼ ਮਸੀਹ ਦੇ ਵਿਰੋਧੀ ਤੋਂ ਹੈ। ਤੁਸੀਂ ਸੁਣਿਆ ਸੀ ਕਿ ਉਹ ਇਹ ਸੰਦੇਸ਼ ਸੁਣਾਵੇਗਾ, ਸਗੋਂ ਇਹ ਸੰਦੇਸ਼ ਹੁਣ ਦੁਨੀਆਂ ਵਿਚ ਸੁਣਾਇਆ ਜਾ ਰਿਹਾ ਹੈ।  ਪਿਆਰੇ ਬੱਚਿਓ, ਤੁਸੀਂ ਪਰਮੇਸ਼ੁਰ ਵੱਲ ਹੋ ਅਤੇ ਤੁਸੀਂ ਝੂਠੇ ਨਬੀਆਂ ਨੂੰ ਜਿੱਤ ਲਿਆ ਹੈ, ਕਿਉਂਕਿ ਪਰਮੇਸ਼ੁਰ ਜਿਹੜਾ ਤੁਹਾਡੇ ਨਾਲ ਹੈ, ਸ਼ੈਤਾਨ ਨਾਲੋਂ ਤਾਕਤਵਰ ਹੈ ਜਿਹੜਾ ਦੁਨੀਆਂ ਨਾਲ ਹੈ।  ਝੂਠੇ ਨਬੀ ਦੁਨੀਆਂ ਵੱਲ ਹਨ; ਇਸੇ ਕਰਕੇ ਉਹ ਦੁਨਿਆਵੀ ਗੱਲਾਂ ਹੀ ਕਰਦੇ ਹਨ ਅਤੇ ਦੁਨੀਆਂ ਉਨ੍ਹਾਂ ਦੀਆਂ ਗੱਲਾਂ ਸੁਣਦੀ ਹੈ।  ਅਸੀਂ ਪਰਮੇਸ਼ੁਰ ਵੱਲ ਹਾਂ। ਜਿਹੜਾ ਇਨਸਾਨ ਪਰਮੇਸ਼ੁਰ ਨੂੰ ਜਾਣ ਲੈਂਦਾ ਹੈ, ਉਹ ਸਾਡੀ ਗੱਲ ਸੁਣਦਾ ਹੈ; ਜਿਹੜਾ ਪਰਮੇਸ਼ੁਰ ਵੱਲ ਨਹੀਂ ਹੈ, ਉਹ ਸਾਡੀ ਗੱਲ ਨਹੀਂ ਸੁਣਦਾ। ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਕਿਹੜਾ ਸੰਦੇਸ਼ ਸੱਚਾ ਹੈ ਅਤੇ ਕਿਹੜਾ ਝੂਠਾ।  ਪਿਆਰਿਓ, ਆਓ ਆਪਾਂ ਇਕ-ਦੂਸਰੇ ਨੂੰ ਪਿਆਰ ਕਰਦੇ ਰਹੀਏ, ਕਿਉਂਕਿ ਪਿਆਰ ਪਰਮੇਸ਼ੁਰ ਤੋਂ ਹੈ ਅਤੇ ਜਿਹੜੇ ਪਿਆਰ ਕਰਦੇ ਹਨ, ਉਹ ਪਰਮੇਸ਼ੁਰ ਦੇ ਬੱਚੇ ਹਨ ਅਤੇ ਪਰਮੇਸ਼ੁਰ ਨੂੰ ਜਾਣਦੇ ਹਨ।  ਪਰ ਜਿਹੜੇ ਪਿਆਰ ਨਹੀਂ ਕਰਦੇ, ਉਹ ਪਰਮੇਸ਼ੁਰ ਨੂੰ ਨਹੀਂ ਜਾਣਦੇ ਕਿਉਂਕਿ ਪਰਮੇਸ਼ੁਰ ਪਿਆਰ ਹੈ।  ਸਾਡੇ ਲਈ ਪਰਮੇਸ਼ੁਰ ਦਾ ਪਿਆਰ ਇਸ ਤਰ੍ਹਾਂ ਜ਼ਾਹਰ ਹੋਇਆ ਸੀ ਕਿ ਪਰਮੇਸ਼ੁਰ ਨੇ ਆਪਣੇ ਇਕਲੌਤੇ ਪੁੱਤਰ* ਨੂੰ ਦੁਨੀਆਂ ਵਿਚ ਘੱਲਿਆ ਤਾਂਕਿ ਉਸ ਰਾਹੀਂ ਸਾਨੂੰ ਜ਼ਿੰਦਗੀ ਮਿਲੇ। 10  ਪਰਮੇਸ਼ੁਰ ਨੇ ਆਪਣਾ ਪਿਆਰ ਇਸ ਕਰਕੇ ਜ਼ਾਹਰ ਨਹੀਂ ਕੀਤਾ ਕਿ ਅਸੀਂ ਉਸ ਨੂੰ ਪਿਆਰ ਕੀਤਾ, ਸਗੋਂ ਉਸ ਨੇ ਸਾਡੇ ਨਾਲ ਪਿਆਰ ਕੀਤਾ ਅਤੇ ਸਾਡੇ ਪਾਪਾਂ ਲਈ ਕੁਰਬਾਨੀ ਦੇਣ ਵਾਸਤੇ ਆਪਣੇ ਪੁੱਤਰ ਨੂੰ ਘੱਲਿਆ, ਤਾਂਕਿ ਸਾਡੀ ਉਸ ਨਾਲ ਸੁਲ੍ਹਾ ਹੋ ਸਕੇ। 11  ਪਿਆਰਿਓ, ਜੇ ਪਰਮੇਸ਼ੁਰ ਨੇ ਇਸ ਤਰ੍ਹਾਂ ਸਾਡੇ ਨਾਲ ਪਿਆਰ ਕੀਤਾ, ਤਾਂ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਅਸੀਂ ਇਕ-ਦੂਸਰੇ ਨਾਲ ਪਿਆਰ ਕਰੀਏ। 12  ਕਿਸੇ ਨੇ ਪਰਮੇਸ਼ੁਰ ਨੂੰ ਕਦੇ ਨਹੀਂ ਦੇਖਿਆ। ਜੇ ਅਸੀਂ ਇਕ-ਦੂਸਰੇ ਨੂੰ ਪਿਆਰ ਕਰਦੇ ਰਹਿੰਦੇ ਹਾਂ, ਤਾਂ ਪਰਮੇਸ਼ੁਰ ਸਾਡੇ ਨਾਲ ਰਹਿੰਦਾ ਹੈ ਅਤੇ ਅਸੀਂ ਉਸ ਵਾਂਗ ਪੂਰੇ ਦਿਲ ਨਾਲ ਪਿਆਰ ਕਰਦੇ ਹਾਂ। 13  ਅਸੀਂ ਜਾਣਦੇ ਹਾਂ ਕਿ ਅਸੀਂ ਉਸ ਨਾਲ ਅਤੇ ਉਹ ਸਾਡੇ ਨਾਲ ਏਕਤਾ ਵਿਚ ਬੱਝਾ ਰਹਿੰਦਾ ਹੈ ਕਿਉਂਕਿ ਉਸ ਨੇ ਸਾਨੂੰ ਆਪਣੀ ਪਵਿੱਤਰ ਸ਼ਕਤੀ ਦਿੱਤੀ ਹੈ। 14  ਇਸ ਤੋਂ ਇਲਾਵਾ, ਅਸੀਂ ਆਪ ਦੇਖਿਆ ਹੈ ਅਤੇ ਇਸ ਗੱਲ ਦੀ ਗਵਾਹੀ ਦਿੰਦੇ ਹਾਂ ਕਿ ਪਿਤਾ ਨੇ ਆਪਣੇ ਪੁੱਤਰ ਨੂੰ ਮੁਕਤੀਦਾਤੇ ਵਜੋਂ ਦੁਨੀਆਂ ਵਿਚ ਘੱਲਿਆ ਸੀ। 15  ਜਿਹੜਾ ਵੀ ਇਹ ਕਬੂਲ ਕਰਦਾ ਹੈ ਕਿ ਯਿਸੂ ਮਸੀਹ ਪਰਮੇਸ਼ੁਰ ਦਾ ਪੁੱਤਰ ਹੈ, ਪਰਮੇਸ਼ੁਰ ਉਸ ਨਾਲ ਅਤੇ ਉਹ ਪਰਮੇਸ਼ੁਰ ਨਾਲ ਏਕਤਾ ਵਿਚ ਬੱਝਾ ਰਹਿੰਦਾ ਹੈ। 16  ਅਤੇ ਅਸੀਂ ਜਾਣ ਗਏ ਹਾਂ ਕਿ ਪਰਮੇਸ਼ੁਰ ਸਾਡੇ ਨਾਲ ਪਿਆਰ ਕਰਦਾ ਹੈ ਅਤੇ ਸਾਨੂੰ ਉਸ ਦੇ ਪਿਆਰ ਉੱਤੇ ਭਰੋਸਾ ਹੈ। ਪਰਮੇਸ਼ੁਰ ਪਿਆਰ ਹੈ ਅਤੇ ਜਿਹੜਾ ਪਿਆਰ ਕਰਦਾ ਰਹਿੰਦਾ ਹੈ, ਉਹ ਪਰਮੇਸ਼ੁਰ ਨਾਲ ਅਤੇ ਪਰਮੇਸ਼ੁਰ ਉਸ ਨਾਲ ਏਕਤਾ ਵਿਚ ਬੱਝਾ ਰਹਿੰਦਾ ਹੈ। 17  ਇਸ ਕਰਕੇ, ਅਸੀਂ ਪੂਰੇ ਦਿਲ ਨਾਲ ਪਿਆਰ ਕਰਦੇ ਹਾਂ, ਤਾਂਕਿ ਅਸੀਂ ਨਿਆਂ ਦੇ ਦਿਨ ਬੇਝਿਜਕ ਗੱਲ ਕਰ ਸਕੀਏ ਕਿਉਂਕਿ ਇਸ ਦੁਨੀਆਂ ਵਿਚ ਅਸੀਂ ਮਸੀਹ ਵਰਗੇ ਹਾਂ। 18  ਪਿਆਰ ਵਿਚ ਡਰ ਨਹੀਂ ਹੁੰਦਾ। ਪਰ ਅਸੀਂ ਪੂਰੇ ਦਿਲ ਨਾਲ ਪਿਆਰ ਕਰਦੇ ਹਾਂ ਅਤੇ ਆਪਣੇ ਅੰਦਰੋਂ ਡਰ ਕੱਢ ਦਿੰਦੇ ਹਾਂ ਕਿਉਂਕਿ ਡਰ ਸਾਨੂੰ ਰੋਕਦਾ ਹੈ। ਅਸਲ ਵਿਚ, ਜਿਸ ਇਨਸਾਨ ਦੇ ਦਿਲ ਵਿਚ ਡਰ ਹੁੰਦਾ ਹੈ, ਉਸ ਦੇ ਪਿਆਰ ਵਿਚ ਕਮੀ ਹੁੰਦੀ ਹੈ। 19  ਪਰ ਜਿੱਥੋਂ ਤਕ ਸਾਡੀ ਗੱਲ ਹੈ, ਅਸੀਂ ਇਸ ਕਰਕੇ ਪਿਆਰ ਕਰਦੇ ਹਾਂ ਕਿਉਂਕਿ ਪਹਿਲਾਂ ਪਰਮੇਸ਼ੁਰ ਨੇ ਸਾਡੇ ਨਾਲ ਪਿਆਰ ਕੀਤਾ। 20  ਜੇ ਕੋਈ ਕਹਿੰਦਾ ਹੈ: “ਮੈਂ ਪਰਮੇਸ਼ੁਰ ਨਾਲ ਪਿਆਰ ਕਰਦਾ ਹਾਂ,” ਪਰ ਆਪਣੇ ਭਰਾ ਨਾਲ ਨਫ਼ਰਤ ਕਰਦਾ ਹੈ, ਤਾਂ ਉਹ ਝੂਠਾ ਹੈ। ਕਿਉਂਕਿ ਜਿਹੜਾ ਆਪਣੇ ਭਰਾ ਨਾਲ ਪਿਆਰ ਨਹੀਂ ਕਰਦਾ ਜਿਸ ਨੂੰ ਉਸ ਨੇ ਦੇਖਿਆ ਹੈ, ਉਹ ਪਰਮੇਸ਼ੁਰ ਨਾਲ ਪਿਆਰ ਨਹੀਂ ਕਰ ਸਕਦਾ ਜਿਸ ਨੂੰ ਉਸ ਨੇ ਕਦੇ ਦੇਖਿਆ ਹੀ ਨਹੀਂ। 21  ਅਤੇ ਸਾਨੂੰ ਉਸ ਤੋਂ ਇਹ ਹੁਕਮ ਮਿਲਿਆ ਹੈ ਕਿ ਜਿਹੜਾ ਪਰਮੇਸ਼ੁਰ ਨਾਲ ਪਿਆਰ ਕਰਦਾ ਹੈ, ਉਹ ਆਪਣੇ ਭਰਾ ਨਾਲ ਵੀ ਪਿਆਰ ਕਰੇ।

ਫੁਟਨੋਟ

ਯੂਨਾਨੀ ਵਿਚ, “ਪਨੈਵਮਾ।” ਅਪੈਂਡਿਕਸ 7 ਦੇਖੋ।
ਜਾਂ, “ਇੱਕੋ-ਇਕ ਪੁੱਤਰ ਜਿਸ ਨੂੰ ਪਰਮੇਸ਼ੁਰ ਨੇ ਆਪਣੇ ਹੱਥੀਂ ਬਣਾਇਆ ਸੀ।”