Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਆਨ-ਲਾਈਨ ਬਾਈਬਲ | ਪਵਿੱਤਰ ਬਾਈਬਲ—ਨਵੀਂ ਦੁਨੀਆਂ ਅਨੁਵਾਦ

1 ਪਤਰਸ 4:1-19

4  ਇਸ ਲਈ, ਇਹ ਜਾਣਦੇ ਹੋਏ ਕਿ ਮਸੀਹ ਨੇ ਇਨਸਾਨ ਹੁੰਦਿਆਂ ਦੁੱਖ ਝੱਲੇ ਸਨ, ਤੁਹਾਡਾ ਵੀ ਉਸ ਵਰਗਾ ਰਵੱਈਆ ਹੋਣਾ ਚਾਹੀਦਾ ਹੈ; ਕਿਉਂਕਿ ਜਿਸ ਇਨਸਾਨ ਨੇ ਦੁੱਖ ਝੱਲੇ ਹਨ, ਉਹ ਪਾਪ ਕਰਨ ਤੋਂ ਹਟ ਗਿਆ ਹੈ,  ਤਾਂਕਿ ਉਹ ਬਾਕੀ ਦੀ ਜ਼ਿੰਦਗੀ ਇਨਸਾਨਾਂ ਦੀਆਂ ਇੱਛਾਵਾਂ ਪੂਰੀਆਂ ਕਰਨ ਲਈ ਨਹੀਂ, ਸਗੋਂ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਵਿਚ ਲਾਵੇ।  ਕਿਉਂਕਿ ਤੁਸੀਂ ਦੁਨੀਆਂ ਦੇ ਲੋਕਾਂ ਦੀਆਂ ਇੱਛਾਵਾਂ ਪੂਰੀਆਂ ਕਰਨ ਵਿਚ ਪਹਿਲਾਂ ਬਥੇਰਾ ਸਮਾਂ ਲਾਇਆ ਹੈ। ਉਸ ਵੇਲੇ ਤੁਸੀਂ ਬੇਸ਼ਰਮ* ਹੋ ਕੇ ਗ਼ਲਤ ਕੰਮ ਕਰਦੇ ਸੀ, ਆਪਣੀਆਂ ਕਾਮ-ਵਾਸ਼ਨਾਵਾਂ ਨੂੰ ਕਾਬੂ ਵਿਚ ਨਹੀਂ ਰੱਖਦੇ ਸੀ, ਹੱਦੋਂ ਵੱਧ ਸ਼ਰਾਬਾਂ ਪੀਂਦੇ ਸੀ, ਪਾਰਟੀਆਂ ਵਿਚ ਰੰਗਰਲੀਆਂ ਮਨਾਉਂਦੇ ਸੀ, ਸ਼ਰਾਬ ਦੀਆਂ ਮਹਿਫ਼ਲਾਂ ਲਾਉਂਦੇ ਸੀ ਅਤੇ ਘਿਣਾਉਣੀ ਮੂਰਤੀ-ਪੂਜਾ ਕਰਦੇ ਸੀ।  ਪਰ ਹੁਣ ਤੁਸੀਂ ਲੋਕਾਂ ਨਾਲ ਅਯਾਸ਼ੀ ਦੇ ਰਾਹ ਉੱਤੇ ਨਹੀਂ ਚੱਲ ਰਹੇ ਹੋ, ਇਸ ਲਈ ਉਹ ਬੌਂਦਲੇ ਹੋਏ ਹਨ ਅਤੇ ਤੁਹਾਡੇ ਖ਼ਿਲਾਫ਼ ਬੁਰਾ-ਭਲਾ ਕਹਿੰਦੇ ਹਨ।  ਪਰ ਇਹ ਲੋਕ ਉਸ ਨਿਆਂਕਾਰ ਨੂੰ ਆਪਣਾ ਲੇਖਾ ਦੇਣਗੇ ਜਿਹੜਾ ਜੀਉਂਦਿਆਂ ਅਤੇ ਮਰੇ ਹੋਇਆਂ ਦਾ ਨਿਆਂ ਕਰਨ ਲਈ ਤਿਆਰ ਹੈ।  ਅਸਲ ਵਿਚ, ਮਰੇ ਹੋਏ ਲੋਕਾਂ* ਨੂੰ ਵੀ ਇਸੇ ਲਈ ਖ਼ੁਸ਼ ਖ਼ਬਰੀ ਸੁਣਾਈ ਗਈ ਸੀ, ਤਾਂਕਿ ਭਾਵੇਂ ਦੂਸਰੇ ਇਨਸਾਨਾਂ ਵਾਂਗ ਉਨ੍ਹਾਂ ਦਾ ਨਿਆਂ ਬਾਹਰੀ ਰੂਪ ਅਨੁਸਾਰ ਕੀਤਾ ਜਾਂਦਾ ਹੈ, ਪਰ ਉਹ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲ ਕੇ ਆਪਣੀ ਜ਼ਿੰਦਗੀ ਜੀਣ।  ਪਰ ਹੁਣ ਸਾਰੀਆਂ ਚੀਜ਼ਾਂ ਦਾ ਅੰਤ ਨੇੜੇ ਆ ਗਿਆ ਹੈ। ਇਸ ਲਈ ਸਮਝਦਾਰ ਬਣੋ ਅਤੇ ਪ੍ਰਾਰਥਨਾ ਕਰਨ ਲਈ ਹਮੇਸ਼ਾ ਤਿਆਰ ਰਹੋ।  ਸਭ ਤੋਂ ਜ਼ਰੂਰੀ ਗੱਲ ਹੈ ਕਿ ਇਕ-ਦੂਜੇ ਨਾਲ ਦਿਲੋਂ ਪਿਆਰ ਕਰੋ ਕਿਉਂਕਿ ਪਿਆਰ ਕਰਨ ਵਾਲੇ ਇਨਸਾਨ ਇਕ-ਦੂਜੇ ਨੂੰ ਮਾਫ਼ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ।  ਬਿਨਾਂ ਬੁੜ-ਬੁੜ ਕੀਤੇ ਇਕ-ਦੂਜੇ ਦੀ ਪਰਾਹੁਣਚਾਰੀ ਕਰੋ। 10  ਪਰਮੇਸ਼ੁਰ ਨੇ ਤੁਹਾਡੇ ’ਤੇ ਵੱਖੋ-ਵੱਖਰੇ ਤਰੀਕਿਆਂ ਨਾਲ ਅਪਾਰ ਕਿਰਪਾ ਕਰ ਕੇ ਤੁਹਾਨੂੰ ਹੁਨਰ ਬਖ਼ਸ਼ੇ ਹਨ। ਵਧੀਆ ਅਤੇ ਜ਼ਿੰਮੇਵਾਰ ਸੇਵਕਾਂ ਦੇ ਤੌਰ ਤੇ, ਤੁਸੀਂ ਆਪਣੇ ਹੁਨਰ ਇਕ-ਦੂਜੇ ਦੀ ਸੇਵਾ ਕਰਨ ਲਈ ਵਰਤੋ। 11  ਜੇ ਕੋਈ ਗੱਲ ਕਰਦਾ ਹੈ, ਤਾਂ ਉਹ ਉਸੇ ਤਰੀਕੇ ਨਾਲ ਗੱਲ ਕਰੇ ਜਿਵੇਂ ਉਹ ਪਰਮੇਸ਼ੁਰ ਦੇ ਸੰਦੇਸ਼ ਦੇਣ ਵੇਲੇ ਗੱਲ ਕਰਦਾ ਹੈ; ਜੇ ਕੋਈ ਸੇਵਾ ਕਰਦਾ ਹੈ, ਤਾਂ ਉਹ ਪਰਮੇਸ਼ੁਰ ਦੀ ਤਾਕਤ ਦਾ ਸਹਾਰਾ ਲੈ ਕੇ ਸੇਵਾ ਕਰੇ; ਤਾਂਕਿ ਯਿਸੂ ਮਸੀਹ ਰਾਹੀਂ ਸਾਰੀਆਂ ਗੱਲਾਂ ਵਿਚ ਪਰਮੇਸ਼ੁਰ ਦੀ ਮਹਿਮਾ ਹੋਵੇ। ਮਹਿਮਾ ਅਤੇ ਤਾਕਤ ਯੁਗੋ-ਯੁਗ ਉਸੇ ਦੀ ਹੋਵੇ। ਆਮੀਨ। 12  ਪਿਆਰੇ ਭਰਾਵੋ, ਇਸ ਗੱਲੋਂ ਹੈਰਾਨ ਨਾ ਹੋਵੋ ਕਿ ਤੁਹਾਨੂੰ ਅਗਨੀ ਪਰੀਖਿਆਵਾਂ ਵਿੱਚੋਂ ਦੀ ਲੰਘਣਾ ਪੈ ਰਿਹਾ ਹੈ, ਜਿਵੇਂ ਕਿ ਤੁਹਾਡੇ ਨਾਲ ਕੋਈ ਅਨੋਖੀ ਗੱਲ ਹੋ ਰਹੀ ਹੋਵੇ। 13  ਇਸ ਦੀ ਬਜਾਇ, ਖ਼ੁਸ਼ ਹੋਵੋ ਕਿਉਂਕਿ ਤੁਸੀਂ ਮਸੀਹ ਦੇ ਦੁੱਖਾਂ ਦੇ ਭਾਗੀਦਾਰ ਹੋ, ਤਾਂਕਿ ਉਸ ਸਮੇਂ ਵੀ ਤੁਹਾਨੂੰ ਹੱਦੋਂ ਵੱਧ ਖ਼ੁਸ਼ੀ ਮਿਲੇ ਜਦੋਂ ਉਸ ਦੀ ਮਹਿਮਾ ਪ੍ਰਗਟ ਕੀਤੀ ਜਾਵੇਗੀ। 14  ਜੇ ਤੁਹਾਨੂੰ ਮਸੀਹ ਦੇ ਨਾਂ ਕਰਕੇ ਬੇਇੱਜ਼ਤ ਕੀਤਾ ਜਾਂਦਾ ਹੈ, ਤਾਂ ਤੁਸੀਂ ਖ਼ੁਸ਼ ਹੋ ਕਿਉਂਕਿ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਅਤੇ ਇਸ ਸ਼ਕਤੀ ਦੀ ਮਹਿਮਾ ਤੁਹਾਡੇ ਉੱਤੇ ਰਹਿੰਦੀ ਹੈ। 15  ਪਰ ਇੱਦਾਂ ਨਾ ਹੋਵੇ ਕਿ ਤੁਹਾਡੇ ਵਿੱਚੋਂ ਕੋਈ ਕਿਸੇ ਦਾ ਕਤਲ ਕਰਨ ਕਰਕੇ ਜਾਂ ਚੋਰੀ ਕਰਨ ਕਰਕੇ ਜਾਂ ਬੁਰਾ ਕੰਮ ਕਰਨ ਕਰਕੇ ਜਾਂ ਦੂਜੇ ਲੋਕਾਂ ਦੇ ਮਾਮਲੇ ਵਿਚ ਲੱਤ ­ਅੜਾਉਣ ਕਰਕੇ ਦੁੱਖ ਝੱਲੇ। 16  ਪਰ ਜੇ ਕੋਈ ਮਸੀਹੀ ਹੋਣ ਕਰਕੇ ਦੁੱਖ ਝੱਲਦਾ ਹੈ, ਤਾਂ ਉਹ ਸ਼ਰਮਿੰਦਗੀ ਮਹਿਸੂਸ ਨਾ ਕਰੇ, ਸਗੋਂ ਮਸੀਹੀ ਦੇ ਤੌਰ ਤੇ ਆਪਣੀ ਜ਼ਿੰਦਗੀ ਬਤੀਤ ਕਰ ਕੇ ਪਰਮੇਸ਼ੁਰ ਦੀ ਮਹਿਮਾ ਕਰਦਾ ਰਹੇ। 17  ਕਿਉਂਕਿ ਨਿਆਂ ਕਰਨ ਦਾ ਮਿਥਿਆ ਸਮਾਂ ਆ ਗਿਆ ਹੈ ਅਤੇ ਨਿਆਂ ਪਰਮੇਸ਼ੁਰ ਦੇ ਘਰੋਂ ਸ਼ੁਰੂ ਹੋਵੇਗਾ। ਜੇ ਨਿਆਂ ਸਾਡੇ ਤੋਂ ਸ਼ੁਰੂ ਹੋਵੇਗਾ, ਤਾਂ ਉਨ੍ਹਾਂ ਲੋਕਾਂ ਦਾ ਕੀ ਹਸ਼ਰ ਹੋਵੇਗਾ ਜਿਹੜੇ ਪਰਮੇਸ਼ੁਰ ਦੀ ਖ਼ੁਸ਼ ਖ਼ਬਰੀ ਮੁਤਾਬਕ ਨਹੀਂ ਚੱਲਦੇ? 18  “ਅਤੇ ਜੇ ਧਰਮੀ ਇਨਸਾਨ ਮੁਸ਼ਕਲ ਨਾਲ ਬਚੇਗਾ, ਤਾਂ ਦੁਸ਼ਟ ਅਤੇ ਪਾਪੀ ਇਨਸਾਨ ਦਾ ਕੀ ਹਾਲ ਹੋਵੇਗਾ?” 19  ਇਸ ਲਈ ਜਿਹੜੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਕਰਕੇ ਦੁੱਖ ਝੱਲ ਰਹੇ ਹਨ, ਉਹ ਚੰਗੇ ਕੰਮ ਕਰਦੇ ਹੋਏ ਆਪਣੀਆਂ ਜ਼ਿੰਦਗੀਆਂ ਆਪਣੇ ­ਸਿਰਜਣਹਾਰ ਨੂੰ ਸੌਂਪਣ ਜਿਹੜਾ ਵਫ਼ਾਦਾਰ ਹੈ।

ਫੁਟਨੋਟ

ਜਾਂ, “ਢੀਠ।” ਢੀਠਪੁਣੇ ਜਾਂ ਬੇਸ਼ਰਮੀ ਵਿਚ ਛੋਟੇ-ਮੋਟੇ ਗ਼ਲਤ ਕੰਮ ਸ਼ਾਮਲ ਨਹੀਂ ਹਨ, ਸਗੋਂ ਇਸ ਵਿਚ ਪਰਮੇਸ਼ੁਰ ਦੇ ਅਸੂਲਾਂ ਦੇ ਖ਼ਿਲਾਫ਼ ਗੰਭੀਰ ਗ਼ਲਤੀਆਂ ਸ਼ਾਮਲ ਹੁੰਦੀਆਂ ਹਨ। ਢੀਠ ਜਾਂ ਬੇਸ਼ਰਮ ਇਨਸਾਨ ਦੇ ਕੰਮ ਪਰਮੇਸ਼ੁਰ ਦੇ ਅਸੂਲਾਂ ਤੋਂ ਉਲਟ ਹੋਣ ਦੇ ਨਾਲ-ਨਾਲ ਉਸ ਦਾ ਰਵੱਈਆ ਵੀ ਅਪਮਾਨਜਨਕ ਤੇ ਬੇਸ਼ਰਮੀ ਭਰਿਆ ਹੁੰਦਾ ਹੈ।
ਇੱਥੇ ਉਨ੍ਹਾਂ ਲੋਕਾਂ ਦੀ ਗੱਲ ਕੀਤੀ ਗਈ ਹੈ ਜਿਹੜੇ ਆਪਣੇ ਪਾਪਾਂ ਕਰਕੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਮਰਿਆਂ ਵਰਗੇ ਸਨ। ਅਫ਼ 2:1 ਦੇਖੋ।