1 ਪਤਰਸ 3:1-22
3 ਇਸੇ ਤਰ੍ਹਾਂ ਪਤਨੀਓ, ਆਪਣੇ ਪਤੀਆਂ ਦੇ ਅਧੀਨ ਰਹੋ, ਤਾਂਕਿ ਜੇ ਤੁਹਾਡੇ ਵਿੱਚੋਂ ਕਿਸੇ ਦਾ ਪਤੀ ਪਰਮੇਸ਼ੁਰ ਦੇ ਬਚਨ ਨੂੰ ਨਾ ਮੰਨਦਾ ਹੋਵੇ, ਤਾਂ ਪਤਨੀ ਦੇ ਕੁਝ ਕਹੇ ਬਿਨਾਂ ਪਤੀ ਸ਼ਾਇਦ ਉਸ ਦੇ ਚਾਲ-ਚਲਣ ਨੂੰ ਦੇਖ ਕੇ ਨਿਹਚਾ ਕਰਨ ਲੱਗ ਪਵੇ
2 ਕਿਉਂਕਿ ਉਹ ਆਪਣੀ ਅੱਖੀਂ ਦੇਖੇਗਾ ਕਿ ਉਸ ਦੀ ਪਤਨੀ ਦਾ ਚਾਲ-ਚਲਣ ਨੇਕ ਹੈ ਅਤੇ ਉਹ ਦਿਲੋਂ ਉਸ ਦੀ ਇੱਜ਼ਤ ਕਰਦੀ ਹੈ।
3 ਅਤੇ ਤੁਸੀਂ ਆਪਣੇ ਬਾਹਰੀ ਰੂਪ ਨੂੰ ਸ਼ਿੰਗਾਰਨ ਵਿਚ ਨਾ ਲੱਗੀਆਂ ਰਹੋ, ਜਿਵੇਂ ਕਿ ਵਾਲ਼ ਗੁੰਦਣੇ, ਸੋਨੇ ਦੇ ਗਹਿਣੇ ਪਾਉਣੇ ਅਤੇ ਸ਼ਾਨਦਾਰ ਕੱਪੜੇ ਪਾਉਣੇ,
4 ਪਰ ਸ਼ਾਂਤ ਤੇ ਨਰਮ ਸੁਭਾਅ ਦਾ ਲਿਬਾਸ, ਜਿਹੜਾ ਕਦੀ ਪੁਰਾਣਾ ਨਹੀਂ ਹੁੰਦਾ, ਪਹਿਨ ਕੇ ਆਪਣੇ ਆਪ ਨੂੰ ਅੰਦਰੋਂ ਸ਼ਿੰਗਾਰੋ। ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਹੀ ਅਨਮੋਲ ਹੈ।
5 ਕਿਉਂਕਿ ਪੁਰਾਣੇ ਜ਼ਮਾਨਿਆਂ ਵਿਚ ਨੇਕ ਚਾਲ-ਚਲਣ ਵਾਲੀਆਂ ਅਤੇ ਪਰਮੇਸ਼ੁਰ ਉੱਤੇ ਭਰੋਸਾ ਰੱਖਣ ਵਾਲੀਆਂ ਔਰਤਾਂ ਆਪਣੇ ਆਪ ਨੂੰ ਇਸੇ ਤਰ੍ਹਾਂ ਸ਼ਿੰਗਾਰਦੀਆਂ ਸਨ ਅਤੇ ਆਪਣੇ ਪਤੀਆਂ ਦੇ ਅਧੀਨ ਰਹਿੰਦੀਆਂ ਸਨ,
6 ਜਿਵੇਂ ਸਾਰਾਹ ਅਬਰਾਹਾਮ ਦਾ ਕਹਿਣਾ ਮੰਨਦੀ ਸੀ ਅਤੇ ਉਸ ਨੂੰ “ਪ੍ਰਭੂ” ਕਹਿੰਦੀ ਸੀ। ਜੇ ਤੁਸੀਂ ਚੰਗੇ ਕੰਮ ਕਰਨ ਵਿਚ ਲੱਗੀਆਂ ਰਹੋ ਅਤੇ ਡਰ ਦੀਆਂ ਮਾਰੀਆਂ ਹੌਸਲਾ ਨਾ ਹਾਰੋ, ਤਾਂ ਤੁਸੀਂ ਸਾਰਾਹ ਦੀਆਂ ਧੀਆਂ ਵਰਗੀਆਂ ਹੋ।
7 ਇਸੇ ਤਰ੍ਹਾਂ ਪਤੀਓ, ਆਪਣੀਆਂ ਪਤਨੀਆਂ ਨਾਲ ਸਮਝਦਾਰੀ ਨਾਲ ਵੱਸੋ। ਉਹ ਨਾਜ਼ੁਕ ਹਨ, ਇਸ ਲਈ ਜਿਵੇਂ ਤੁਸੀਂ ਕਿਸੇ ਨਾਜ਼ੁਕ ਚੀਜ਼ ਦਾ ਖ਼ਿਆਲ ਰੱਖਦੇ ਹੋ, ਉਸੇ ਤਰ੍ਹਾਂ ਤੁਸੀਂ ਉਨ੍ਹਾਂ ਦਾ ਖ਼ਿਆਲ ਰੱਖੋ ਤੇ ਉਨ੍ਹਾਂ ਦੀ ਇੱਜ਼ਤ ਕਰੋ ਕਿਉਂਕਿ ਤੁਹਾਡੇ ਨਾਲ ਤੁਹਾਡੀਆਂ ਪਤਨੀਆਂ ਵੀ ਉਸ ਜ਼ਿੰਦਗੀ ਦੀਆਂ ਵਾਰਸ ਹਨ ਜੋ ਪਰਮੇਸ਼ੁਰ ਦੀ ਅਪਾਰ ਕਿਰਪਾ ਸਦਕਾ ਮਿਲੇਗੀ, ਤਾਂਕਿ ਤੁਹਾਡੀਆਂ ਪ੍ਰਾਰਥਨਾਵਾਂ ਵਿਚ ਕੋਈ ਰੁਕਾਵਟ ਨਾ ਆਵੇ।
8 ਅਖ਼ੀਰ ਵਿਚ, ਤੁਸੀਂ ਸਾਰੇ ਜਣੇ ਇੱਕੋ ਜਿਹੀ ਸੋਚ ਰੱਖੋ, ਤੁਸੀਂ ਦੁੱਖਾਂ ਵਿਚ ਇਕ-ਦੂਜੇ ਦਾ ਸਾਥ ਦਿਓ, ਭਰਾਵਾਂ ਨਾਲ ਪਿਆਰ ਰੱਖੋ, ਇਕ-ਦੂਜੇ ਲਈ ਹਮਦਰਦੀ ਦਿਖਾਓ ਅਤੇ ਨਿਮਰ ਬਣੋ।
9 ਜੇ ਕੋਈ ਤੁਹਾਡੇ ਨਾਲ ਬੁਰਾ ਕਰਦਾ ਹੈ, ਤਾਂ ਬਦਲੇ ਵਿਚ ਉਸ ਨਾਲ ਬੁਰਾ ਨਾ ਕਰੋ ਅਤੇ ਜੇ ਕੋਈ ਤੁਹਾਡੀ ਬੇਇੱਜ਼ਤੀ ਕਰਦਾ ਹੈ, ਤਾਂ ਬਦਲੇ ਵਿਚ ਉਸ ਦੀ ਬੇਇੱਜ਼ਤੀ ਨਾ ਕਰੋ। ਇਸ ਦੀ ਬਜਾਇ, ਉਨ੍ਹਾਂ ਦਾ ਭਲਾ ਕਰੋ* ਕਿਉਂਕਿ ਪਰਮੇਸ਼ੁਰ ਨੇ ਤੁਹਾਨੂੰ ਇਸੇ ਲਈ ਚੁਣਿਆ ਹੈ, ਫਿਰ ਉਹ ਤੁਹਾਨੂੰ ਬਰਕਤ ਦੇਵੇਗਾ।
10 “ਜਿਹੜਾ ਇਨਸਾਨ ਜ਼ਿੰਦਗੀ ਨਾਲ ਪਿਆਰ ਕਰਦਾ ਹੈ ਅਤੇ ਚੰਗੇ ਦਿਨ ਦੇਖਣੇ ਚਾਹੁੰਦਾ ਹੈ, ਉਹ ਆਪਣੀ ਜ਼ਬਾਨ ਨੂੰ ਬੁਰੀਆਂ ਗੱਲਾਂ ਕਹਿਣ ਤੋਂ ਰੋਕੇ ਅਤੇ ਆਪਣੇ ਬੁੱਲ੍ਹਾਂ ’ਤੇ ਧੋਖੇ-ਭਰੀਆਂ ਗੱਲਾਂ ਨਾ ਆਉਣ ਦੇਵੇ।
11 ਉਹ ਬੁਰਾਈ ਤੋਂ ਦੂਰ ਹੋਵੇ ਅਤੇ ਭਲੇ ਕੰਮ ਕਰੇ; ਅਤੇ ਉਹ ਸ਼ਾਂਤੀ ਕਾਇਮ ਕਰੇ ਅਤੇ ਇਸ ਨੂੰ ਕਾਇਮ ਰੱਖਣ ਵਿਚ ਲੱਗਾ ਰਹੇ।
12 ਕਿਉਂਕਿ ਯਹੋਵਾਹ ਦੀਆਂ ਨਜ਼ਰਾਂ ਧਰਮੀਆਂ ਉੱਤੇ ਟਿਕੀਆਂ ਹੋਈਆਂ ਹਨ ਅਤੇ ਉਸ ਦੇ ਕੰਨ ਉਨ੍ਹਾਂ ਦੀ ਫ਼ਰਿਆਦ ਸੁਣਨ ਵੱਲ ਲੱਗੇ ਹੋਏ ਹਨ; ਪਰ ਯਹੋਵਾਹ ਬੁਰੇ ਕੰਮ ਕਰਨ ਵਾਲਿਆਂ ਦੇ ਵਿਰੁੱਧ ਹੈ।”*
13 ਵਾਕਈ, ਜੇ ਤੁਸੀਂ ਜੋਸ਼ ਨਾਲ ਚੰਗੇ ਕੰਮ ਕਰਦੇ ਹੋ, ਤਾਂ ਕੌਣ ਤੁਹਾਡਾ ਨੁਕਸਾਨ ਕਰੇਗਾ?
14 ਪਰ ਜੇ ਤੁਹਾਨੂੰ ਨੇਕ ਕੰਮ ਕਰਨ ਕਰਕੇ ਦੁੱਖ ਝੱਲਣੇ ਵੀ ਪੈਂਦੇ ਹਨ, ਤਾਂ ਵੀ ਤੁਸੀਂ ਖ਼ੁਸ਼ ਹੋ। ਪਰ ਤੁਸੀਂ ਉਨ੍ਹਾਂ ਚੀਜ਼ਾਂ ਤੋਂ ਨਾ ਡਰੋ ਜਿਨ੍ਹਾਂ ਤੋਂ ਲੋਕ ਡਰਦੇ ਹਨ ਤੇ ਨਾ ਹੀ ਉਨ੍ਹਾਂ ਕਰਕੇ ਪਰੇਸ਼ਾਨ ਹੋਵੋ।
15 ਇਸ ਦੀ ਬਜਾਇ, ਆਪਣੇ ਦਿਲਾਂ ਵਿਚ ਸਵੀਕਾਰ ਕਰੋ ਕਿ ਮਸੀਹ ਹੀ ਪ੍ਰਭੂ ਹੈ ਅਤੇ ਉਹ ਪਵਿੱਤਰ ਹੈ। ਜੇ ਕੋਈ ਤੁਹਾਡੇ ਤੋਂ ਇਹ ਪੁੱਛਦਾ ਹੈ ਕਿ ਤੁਸੀਂ ਆਸ਼ਾ ਕਿਉਂ ਰੱਖਦੇ ਹੋ, ਤਾਂ ਉਸ ਨੂੰ ਜਵਾਬ ਦੇਣ ਲਈ ਹਮੇਸ਼ਾ ਤਿਆਰ ਰਹੋ, ਪਰ ਨਰਮਾਈ ਅਤੇ ਪੂਰੇ ਆਦਰ ਨਾਲ ਜਵਾਬ ਦਿਓ।
16 ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਆਪਣੀ ਜ਼ਮੀਰ ਨੂੰ ਸਾਫ਼ ਰੱਖੋ, ਤਾਂਕਿ ਕਿਸੇ ਵੀ ਗੱਲ ਵਿਚ ਤੁਹਾਡੇ ਖ਼ਿਲਾਫ਼ ਬੋਲਣ ਵਾਲੇ ਲੋਕ ਇਹ ਦੇਖ ਕੇ ਸ਼ਰਮਿੰਦੇ ਹੋਣ ਕਿ ਮਸੀਹ ਦੇ ਚੇਲੇ ਹੋਣ ਕਰਕੇ ਤੁਹਾਡਾ ਚਾਲ-ਚਲਣ ਚੰਗਾ ਹੈ।
17 ਜੇ ਪਰਮੇਸ਼ੁਰ ਤੁਹਾਡੇ ਉੱਤੇ ਦੁੱਖ ਆਉਣ ਦਿੰਦਾ ਹੈ, ਤਾਂ ਚੰਗਾ ਹੈ ਕਿ ਤੁਸੀਂ ਬੁਰੇ ਕੰਮਾਂ ਦੀ ਬਜਾਇ ਭਲੇ ਕੰਮਾਂ ਕਰਕੇ ਦੁੱਖ ਝੱਲੋ।
18 ਕਿਉਂਕਿ ਕੁਧਰਮੀਆਂ ਨੂੰ ਪਾਪਾਂ ਤੋਂ ਛੁਟਕਾਰਾ ਦੇਣ ਲਈ ਇਕ ਧਰਮੀ ਇਨਸਾਨ ਯਾਨੀ ਮਸੀਹ ਵੀ ਇੱਕੋ ਵਾਰ ਮਰਿਆ ਤਾਂਕਿ ਉਹ ਪਰਮੇਸ਼ੁਰ ਨਾਲ ਤੁਹਾਡੀ ਸੁਲ੍ਹਾ ਕਰਾਵੇ। ਉਸ ਨੂੰ ਇਨਸਾਨੀ ਸਰੀਰ ਵਿਚ ਮਾਰਿਆ ਗਿਆ, ਪਰ ਸਵਰਗੀ ਸਰੀਰ* ਵਿਚ ਦੁਬਾਰਾ ਜੀਉਂਦਾ ਕੀਤਾ ਗਿਆ।
19 ਫਿਰ ਉਸ ਨੇ ਜਾ ਕੇ ਕੈਦੀ ਦੂਤਾਂ ਨੂੰ ਪ੍ਰਚਾਰ* ਕੀਤਾ
20 ਜਿਨ੍ਹਾਂ ਨੇ ਪਹਿਲਾਂ ਨੂਹ ਦੇ ਦਿਨਾਂ ਵਿਚ ਅਣਆਗਿਆਕਾਰੀ ਕੀਤੀ ਸੀ। ਉਨ੍ਹਾਂ ਦਿਨਾਂ ਵਿਚ ਪਰਮੇਸ਼ੁਰ ਧੀਰਜ ਨਾਲ ਉਡੀਕ ਕਰ ਰਿਹਾ ਸੀ ਜਦੋਂ ਕਿਸ਼ਤੀ* ਬਣਾਈ ਜਾ ਰਹੀ ਸੀ ਅਤੇ ਉਸ ਕਿਸ਼ਤੀ ਰਾਹੀਂ ਕੁਝ ਲੋਕਾਂ ਨੂੰ ਯਾਨੀ ਅੱਠ ਲੋਕਾਂ ਨੂੰ ਪਾਣੀ ਵਿੱਚੋਂ ਬਚਾਇਆ ਗਿਆ ਸੀ।
21 ਇਹ ਘਟਨਾ ਬਪਤਿਸਮੇ ਨੂੰ ਦਰਸਾਉਂਦੀ ਹੈ ਅਤੇ ਬਪਤਿਸਮਾ ਯਿਸੂ ਮਸੀਹ ਦੇ ਦੁਬਾਰਾ ਜੀਉਂਦਾ ਹੋਣ ਕਰਕੇ ਹੁਣ ਤੁਹਾਨੂੰ ਵੀ ਬਚਾ ਰਿਹਾ ਹੈ। ਬਪਤਿਸਮਾ ਸਰੀਰ ਦੀ ਮੈਲ਼ ਲਾਹੁਣ ਲਈ ਨਹੀਂ ਲਿਆ ਜਾਂਦਾ, ਸਗੋਂ ਇਸ ਰਾਹੀਂ ਤੁਸੀਂ ਪਰਮੇਸ਼ੁਰ ਨੂੰ ਸਾਫ਼ ਜ਼ਮੀਰ ਵਾਸਤੇ ਫ਼ਰਿਆਦ ਕਰਦੇ ਹੋ।
22 ਹੁਣ ਯਿਸੂ ਸਵਰਗ ਨੂੰ ਚਲਾ ਗਿਆ ਹੈ ਅਤੇ ਪਰਮੇਸ਼ੁਰ ਦੇ ਸੱਜੇ ਪਾਸੇ ਹੈ ਅਤੇ ਦੂਤ ਅਤੇ ਅਧਿਕਾਰ ਰੱਖਣ ਵਾਲੇ ਉਸ ਦੇ ਅਧੀਨ ਕੀਤੇ ਗਏ ਹਨ।