Skip to content

Skip to table of contents

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

1 ਪਤਰਸ 2:1-25

2  ਇਸ ਲਈ ਤੁਸੀਂ ਹਰ ਤਰ੍ਹਾਂ ਦੀ ਬੁਰਾਈ, ਧੋਖੇਬਾਜ਼ੀ, ਪਖੰਡ, ਈਰਖਾ ਅਤੇ ਦੂਸਰਿਆਂ ਦੀ ਬੇਇੱਜ਼ਤੀ ਕਰਨੀ ਛੱਡ ਦਿਓ।  ਨਵ-ਜੰਮੇ ਬੱਚਿਆਂ ਵਾਂਗ ਤੁਸੀਂ ਆਪਣੇ ਅੰਦਰ ਪਰਮੇਸ਼ੁਰ ਦੇ ਬਚਨ ਵਿਚ ਪਾਏ ਜਾਂਦੇ ਖਾਲਸ ਦੁੱਧ ਲਈ ਭੁੱਖ ਪੈਦਾ ਕਰੋ, ਤਾਂਕਿ ਤੁਸੀਂ ਵਧੋ-ਫੁੱਲੋ ਅਤੇ ਮੁਕਤੀ ਪਾਓ,  ਕਿਉਂਕਿ ਤੁਸੀਂ ਆਪਣੇ ਤਜਰਬੇ ਤੋਂ ਦੇਖ ਲਿਆ ਹੈ ਕਿ ਪ੍ਰਭੂ ਦਿਆਲੂ ਹੈ।  ਇਨਸਾਨਾਂ ਨੇ ਜੀਉਂਦੇ ਪੱਥਰ ਯਾਨੀ ਸਾਡੇ ਪ੍ਰਭੂ ਨੂੰ ਨਿਕੰਮਾ ਕਿਹਾ, ਪਰ ਪਰਮੇਸ਼ੁਰ ਨੇ ਉਸ ਨੂੰ ਚੁਣਿਆ ਅਤੇ ਕੀਮਤੀ ਗਿਣਿਆ। ਇਸ ਕੀਮਤੀ ਪੱਥਰ ਕੋਲ ਆਉਣ ਕਰਕੇ  ਤੁਸੀਂ ਵੀ ਜੀਉਂਦੇ ਪੱਥਰ ਬਣ ਗਏ ਹੋ ਅਤੇ ਤੁਹਾਨੂੰ ਪਵਿੱਤਰ ਸ਼ਕਤੀ ਰਾਹੀਂ ਬਣਾਏ ਜਾ ਰਹੇ ਘਰ ਵਿਚ ਲਾਇਆ ਜਾ ਰਿਹਾ ਹੈ, ਤਾਂਕਿ ਤੁਸੀਂ ਪੁਜਾਰੀਆਂ ਦੀ ਪਵਿੱਤਰ ਮੰਡਲੀ ਬਣ ਸਕੋ ਅਤੇ ਯਿਸੂ ਮਸੀਹ ਰਾਹੀਂ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਅਜਿਹੀਆਂ ਬਲ਼ੀਆਂ ਚੜ੍ਹਾ ਸਕੋ ਜੋ ਪਰਮੇਸ਼ੁਰ ਨੂੰ ਮਨਜ਼ੂਰ ਹਨ।  ਕਿਉਂਕਿ ਧਰਮ-ਗ੍ਰੰਥ ਵਿਚ ਲਿਖਿਆ ਹੋਇਆ ਹੈ: “ਦੇਖੋ! ਮੈਂ ਸੀਓਨ ਵਿਚ ਨੀਂਹ ਦੇ ਕੋਨੇ ਦਾ ਪੱਥਰ ਰੱਖ ਰਿਹਾ ਹਾਂ ਜੋ ਚੁਣਿਆ ਹੋਇਆ ਤੇ ਕੀਮਤੀ ਪੱਥਰ ਹੈ; ਅਤੇ ਉਸ ਉੱਤੇ ਨਿਹਚਾ ਕਰਨ ਵਾਲੇ ਕਦੇ ਨਿਰਾਸ਼ ਨਹੀਂ ਹੋਣਗੇ।”  ਉਹ ਤੁਹਾਡੇ ਲਈ ਕੀਮਤੀ ਹੈ ਕਿਉਂਕਿ ਤੁਸੀਂ ਨਿਹਚਾ ਕਰਦੇ ਹੋ; ਪਰ ਜਿਹੜੇ ਨਿਹਚਾ ਨਹੀਂ ਕਰਦੇ ਹਨ, ਉਨ੍ਹਾਂ ਲਈ “ਇਹ ਪੱਥਰ ਜਿਸ ਨੂੰ ਰਾਜ ਮਿਸਤਰੀਆਂ ਨੇ ਨਿਕੰਮਾ ਕਿਹਾ, ਕੋਨੇ ਦਾ ਮੁੱਖ ਪੱਥਰ ਬਣ ਗਿਆ ਹੈ,”  ਅਤੇ “ਠੋਕਰ ਦਾ ਪੱਥਰ ਅਤੇ ਰੁਕਾਵਟ ਪਾਉਣ ਵਾਲੀ ਚਟਾਨ” ਬਣ ਗਿਆ ਹੈ। ਉਹ ਠੋਕਰ ਖਾਂਦੇ ਹਨ ਕਿਉਂਕਿ ਉਹ ਬਚਨ ਦੀ ਪਾਲਣਾ ਨਹੀਂ ਕਰਦੇ। ਅਜਿਹੇ ਲੋਕਾਂ ਦਾ ਇਹੀ ਅੰਜਾਮ ਹੁੰਦਾ ਹੈ।  ਪਰ ਤੁਸੀਂ “ਚੁਣਿਆ ਹੋਇਆ ਵੰਸ, ਰਾਜ ਕਰਨ ਵਾਲੇ ਪੁਜਾਰੀਆਂ ਦੀ ਮੰਡਲੀ, ਪਵਿੱਤਰ ਕੌਮ ਅਤੇ ਪਰਮੇਸ਼ੁਰ ਦੇ ਖ਼ਾਸ ਲੋਕ ਹੋ, ਤਾਂਕਿ ਤੁਸੀਂ ਹਰ ਪਾਸੇ ਉਸ ਦੇ ਗੁਣ ਗਾਓ” ਜਿਹੜਾ ਤੁਹਾਨੂੰ ਹਨੇਰੇ ਵਿੱਚੋਂ ਕੱਢ ਕੇ ਆਪਣੇ ਸ਼ਾਨਦਾਰ ਚਾਨਣ ਵਿਚ ਲਿਆਇਆ ਹੈ। 10  ਕਿਉਂਕਿ ਪਹਿਲਾਂ ਤੁਹਾਡੀ ਆਪਣੀ ਕੋਈ ਪਛਾਣ ਨਹੀਂ ਸੀ, ਪਰ ਹੁਣ ਤੁਸੀਂ ਪਰਮੇਸ਼ੁਰ ਦੇ ਲੋਕ ਹੋ; ਪਹਿਲਾਂ ਤੁਹਾਡੇ ਉੱਤੇ ਦਇਆ ਨਹੀਂ ਕੀਤੀ ਗਈ ਸੀ, ਪਰ ਹੁਣ ਤੁਹਾਡੇ ਉੱਤੇ ਦਇਆ ਕੀਤੀ ਗਈ ਹੈ। 11  ਪਿਆਰੇ ਭਰਾਵੋ, ਮੈਂ ਤੁਹਾਨੂੰ ਤਾਕੀਦ ਕਰਦਾ ਹਾਂ ਕਿ ਦੁਨੀਆਂ ਵਿਚ ਥੋੜ੍ਹੇ ਸਮੇਂ ਲਈ ਪਰਦੇਸੀਆਂ ਵਜੋਂ ਰਹਿੰਦੇ ਹੋਏ ਸਰੀਰਕ ਇੱਛਾਵਾਂ ਦੇ ਗ਼ੁਲਾਮ ਨਾ ਬਣੋ ਜਿਹੜੀਆਂ ਤੁਹਾਡੇ ਨਾਲ ਲੜਾਈ ਲੜ ਰਹੀਆਂ ਹਨ। 12  ਦੁਨੀਆਂ ਦੇ ਲੋਕਾਂ ਵਿਚ ਆਪਣਾ ਚਾਲ-ਚਲਣ ਹਮੇਸ਼ਾ ਨੇਕ ਰੱਖੋ ਤਾਂਕਿ ਜਦੋਂ ਉਹ ਤੁਹਾਡੇ ਉੱਤੇ ਗ਼ਲਤ ਕੰਮ ਕਰਨ ਦਾ ਝੂਠਾ ਦੋਸ਼ ਲਾਉਣ, ਤਾਂ ਉਨ੍ਹਾਂ ਸਾਮ੍ਹਣੇ ਤੁਹਾਡੇ ਚੰਗੇ ਕੰਮਾਂ ਦੀ ਮਿਸਾਲ ਹੋਵੇ ਅਤੇ ਉਹ ਉਸ ਦਿਨ ਪਰਮੇਸ਼ੁਰ ਦੀ ਵਡਿਆਈ ਕਰਨ ਜਦੋਂ ਉਹ ਜਾਂਚ-ਪੜਤਾਲ ਕਰਨ ਆਵੇਗਾ। 13  ਪ੍ਰਭੂ ਦੀ ਖ਼ਾਤਰ ਆਪਣੇ ਆਪ ਨੂੰ ­ਅਧਿਕਾਰ ਰੱਖਣ ਵਾਲੇ ਇਨਸਾਨਾਂ ਦੇ ਅਧੀਨ ਕਰੋ: ਚਾਹੇ ਉਹ ਰਾਜਾ ਹੋਵੇ ਜੋ ਦੂਸਰਿਆਂ ਤੋਂ ਵੱਡਾ ਹੁੰਦਾ ਹੈ 14  ਜਾਂ ਫਿਰ ਰਾਜੇ ਦੇ ਰਾਜਪਾਲ ਹੋਣ ਜਿਨ੍ਹਾਂ ਨੂੰ ਰਾਜਾ ਗ਼ਲਤ ਕੰਮ ਕਰਨ ਵਾਲਿਆਂ ਨੂੰ ਸਜ਼ਾ ਦੇਣ ਅਤੇ ਚੰਗੇ ਕੰਮ ਕਰਨ ਵਾਲਿਆਂ ਦੀ ਤਾਰੀਫ਼ ਕਰਨ ਲਈ ਘੱਲਦਾ ਹੈ। 15  ਕਿਉਂਕਿ ਪਰਮੇਸ਼ੁਰ ਦੀ ਇਹ ਇੱਛਾ ਹੈ ਕਿ ਚੰਗੇ ਕੰਮ ਕਰ ਕੇ ਤੁਸੀਂ ਮੂਰਖਾਂ ਦੇ ਮੂੰਹ ਬੰਦ ਕਰ ਸਕੋ ਜਿਹੜੇ ਬਿਨਾਂ ਸੋਚੇ-ਸਮਝੇ ਗੱਲਾਂ ਕਰਦੇ ਹਨ। 16  ਆਜ਼ਾਦ ਲੋਕਾਂ ਵਾਂਗ ਜੀਓ, ਪਰ ਆਪਣੀ ਆਜ਼ਾਦੀ ਨੂੰ ਗ਼ਲਤ ਕੰਮ ਕਰਨ ਲਈ ਨਾ ਵਰਤੋ, ਸਗੋਂ ਪਰਮੇਸ਼ੁਰ ਦੇ ਗ਼ੁਲਾਮ ਬਣੇ ਰਹੋ। 17  ਸਾਰਿਆਂ ਦਾ ਆਦਰ ਕਰੋ, ਆਪਣੇ ਸਾਰੇ ਭਰਾਵਾਂ ਨਾਲ ਪਿਆਰ ਕਰੋ, ਪਰਮੇਸ਼ੁਰ ਤੋਂ ਡਰੋ ਅਤੇ ਰਾਜੇ ਦਾ ਆਦਰ ਕਰੋ। 18  ਨੌਕਰ ਆਪਣੇ ਮਾਲਕਾਂ ਦਾ ਆਦਰ ਕਰਦੇ ਹੋਏ ਉਨ੍ਹਾਂ ਦੇ ਅਧੀਨ ਰਹਿਣ, ਸਿਰਫ਼ ਉਨ੍ਹਾਂ ਮਾਲਕਾਂ ਦੇ ਹੀ ਨਹੀਂ ਜਿਹੜੇ ਚੰਗੇ ਅਤੇ ਨਰਮ ਸੁਭਾਅ ਦੇ ਹਨ, ਸਗੋਂ ਉਨ੍ਹਾਂ ਦੇ ਵੀ ਅਧੀਨ ਰਹਿਣ ਜਿਨ੍ਹਾਂ ਨੂੰ ਖ਼ੁਸ਼ ਕਰਨਾ ਔਖਾ ਹੈ। 19  ਜੇ ਪਰਮੇਸ਼ੁਰ ਸਾਮ੍ਹਣੇ ਆਪਣੀ ਜ਼ਮੀਰ ਨੂੰ ਸਾਫ਼ ਰੱਖਣ ਦੀ ਖ਼ਾਤਰ ਕੋਈ ਇਨਸਾਨ ਮੁਸੀਬਤਾਂ ਅਤੇ ਬੇਇਨਸਾਫ਼ੀਆਂ ਝੱਲਦਾ ਹੈ, ਤਾਂ ਉਹ ਤਾਰੀਫ਼ ਦੇ ਲਾਇਕ ਹੈ। 20  ਪਰ ਜੇ ਤੁਸੀਂ ਪਾਪ ਕਰਨ ਕਰਕੇ ਕੁੱਟ ਖਾਂਦੇ ਹੋ, ਤਾਂ ਇਹ ਦੇ ਵਿਚ ਕੀ ਵਡਿਆਈ ਹੈ? ਇਸ ਦੀ ਬਜਾਇ, ਜੇ ਤੁਸੀਂ ਚੰਗੇ ਕੰਮ ਕਰਨ ਕਰਕੇ ਦੁੱਖ ਝੱਲਦੇ ਹੋ, ਤਾਂ ਤੁਸੀਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਤਾਰੀਫ਼ ਦੇ ਲਾਇਕ ਹੋ। 21  ਅਸਲ ਵਿਚ, ਤੁਸੀਂ ਇਸੇ ਲਈ ਸੱਦੇ ਗਏ ਸੀ ਕਿਉਂਕਿ ਮਸੀਹ ਨੇ ਵੀ ਤੁਹਾਡੀ ਖ਼ਾਤਰ ਦੁੱਖ ਝੱਲੇ ਅਤੇ ਤੁਹਾਡੇ ਲਈ ਮਿਸਾਲ ਕਾਇਮ ਕੀਤੀ ਤਾਂਕਿ ਤੁਸੀਂ ਉਸ ਦੇ ਨਕਸ਼ੇ-ਕਦਮਾਂ ਉੱਤੇ ਧਿਆਨ ਨਾਲ ਚੱਲੋ। 22  ਉਸ ਨੇ ਕੋਈ ਪਾਪ ਨਹੀਂ ਕੀਤਾ ਅਤੇ ਨਾ ਹੀ ਆਪਣੇ ਮੂੰਹੋਂ ਧੋਖਾ ਦੇਣ ਵਾਲੀਆਂ ਗੱਲਾਂ ਕਹੀਆਂ। 23  ਜਦੋਂ ਲੋਕ ਉਸ ਦੀ ਬੇਇੱਜ਼ਤੀ ਕਰਦੇ ਸਨ, ਤਾਂ ਉਹ ਬਦਲੇ ਵਿਚ ਉਨ੍ਹਾਂ ਦੀ ਬੇਇੱਜ਼ਤੀ ਨਹੀਂ ਕਰਦਾ ਸੀ। ਜਦੋਂ ਲੋਕ ਉਸ ਨੂੰ ਸਤਾਉਂਦੇ ਸਨ, ਤਾਂ ਉਹ ਉਨ੍ਹਾਂ ਨੂੰ ਡਰਾਉਂਦਾ-ਧਮਕਾਉਂਦਾ ਨਹੀਂ ਸੀ, ਪਰ ਉਸ ਨੇ ਆਪਣੇ ਆਪ ਨੂੰ ਸੱਚਾ ਨਿਆਂ ਕਰਨ ਵਾਲੇ ਦੇ ਹੱਥ ਵਿਚ ਸੌਂਪ ਦਿੱਤਾ। 24  ਉਹ ਸਾਡੇ ਪਾਪ ਆਪਣੇ ਸਿਰ ਲੈ ਕੇ ਸੂਲ਼ੀ ਉੱਤੇ ਚੜ੍ਹ ਗਿਆ, ਤਾਂਕਿ ਸਾਨੂੰ ਆਪਣੇ ਪਾਪਾਂ ਤੋਂ ਛੁਟਕਾਰਾ ਮਿਲੇ ਅਤੇ ਅਸੀਂ ਨੇਕ ਕੰਮ ਕਰਦੇ ਹੋਏ ਆਪਣੀ ਜ਼ਿੰਦਗੀ ਗੁਜ਼ਾਰੀਏ। ਅਤੇ “ਉਸ ਦੇ ਜ਼ਖ਼ਮਾਂ ਨਾਲ ਤੁਸੀਂ ਚੰਗੇ ਹੋਏ।” 25  ਕਿਉਂਕਿ ਤੁਸੀਂ ­ਭਟਕੀਆਂ ਹੋਈਆਂ ਭੇਡਾਂ ਵਾਂਗ ਸੀ, ਪਰ ਹੁਣ ਤੁਸੀਂ ਆਪਣੇ ਚਰਵਾਹੇ ਅਤੇ ਆਪਣੀਆਂ ਜ਼ਿੰਦਗੀਆਂ ਦੇ ਰਖਵਾਲੇ ਕੋਲ ਮੁੜ ਆਏ ਹੋ।

ਫੁਟਨੋਟ