Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਆਨ-ਲਾਈਨ ਬਾਈਬਲ | ਪਵਿੱਤਰ ਬਾਈਬਲ—ਨਵੀਂ ਦੁਨੀਆਂ ਅਨੁਵਾਦ

1 ਥੱਸਲੁਨੀਕੀਆਂ 1:1-10

1  ਮੈਂ ਪੌਲੁਸ, ਸਿਲਵਾਨੁਸ* ਅਤੇ ਤਿਮੋਥਿਉਸ ਨਾਲ ਮਿਲ ਕੇ ਥੱਸਲੁਨੀਕੀਆਂ ਦੀ ਮੰਡਲੀ ਨੂੰ, ਜਿਹੜੀ ਪਿਤਾ ਪਰਮੇਸ਼ੁਰ ਨਾਲ ਅਤੇ ਪ੍ਰਭੂ ਯਿਸੂ ਮਸੀਹ ਨਾਲ ਏਕਤਾ ਵਿਚ ਬੱਝੀ ਹੋਈ ਹੈ, ਚਿੱਠੀ ਲਿਖ ਰਿਹਾ ਹਾਂ: ਪਰਮੇਸ਼ੁਰ ਦੀ ਅਪਾਰ ਕਿਰਪਾ ਅਤੇ ਸ਼ਾਂਤੀ ਤੁਹਾਡੇ ਉੱਤੇ ਹੋਵੇ।  ਅਸੀਂ ਪ੍ਰਾਰਥਨਾ ਕਰਨ ਵੇਲੇ ਹਮੇਸ਼ਾ ਤੁਹਾਡਾ ਸਾਰਿਆਂ ਦਾ ਜ਼ਿਕਰ ­ਕਰਦਿਆਂ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ  ਕਿਉਂਕਿ ਅਸੀਂ ਆਪਣੇ ਪਿਤਾ ਪਰਮੇਸ਼ੁਰ ਦੀ ਹਜ਼ੂਰੀ ਵਿਚ ਹਮੇਸ਼ਾ ਉਨ੍ਹਾਂ ਕੰਮਾਂ ਨੂੰ ਯਾਦ ਰੱਖਦੇ ਹਾਂ ਜਿਹੜੇ ਤੁਸੀਂ ਨਿਹਚਾ ਅਤੇ ਪਿਆਰ ਕਰਨ ਕਰਕੇ ਕੀਤੇ ਹਨ। ਸਾਨੂੰ ਇਹ ਵੀ ਯਾਦ ਹੈ ਕਿ ਤੁਸੀਂ ਪ੍ਰਭੂ ਯਿਸੂ ਮਸੀਹ ਉੱਤੇ ਉਮੀਦ ਕਰਨ ਕਰਕੇ ਧੀਰਜ ਰੱਖਿਆ ਹੈ।  ਭਰਾਵੋ, ਪਰਮੇਸ਼ੁਰ ਤੁਹਾਨੂੰ ਪਿਆਰ ਕਰਦਾ ਹੈ ਅਤੇ ਅਸੀਂ ਜਾਣਦੇ ਹਾਂ ਕਿ ਉਸ ਨੇ ਤੁਹਾਨੂੰ ਚੁਣਿਆ ਹੈ,  ਕਿਉਂਕਿ ਅਸੀਂ ਤੁਹਾਨੂੰ ਜਿਹੜੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਸੀ, ਉਹ ਖੋਖਲੀਆਂ ਗੱਲਾਂ ਸਾਬਤ ਨਹੀਂ ਹੋਈਆਂ, ਸਗੋਂ ਇਸ ਖ਼ੁਸ਼ ਖ਼ਬਰੀ ਨੇ ਤੁਹਾਡੇ ਉੱਤੇ ਡੂੰਘਾ ਅਸਰ ਪਾਇਆ ਅਤੇ ਪਵਿੱਤਰ ਸ਼ਕਤੀ ਨੇ ਤੁਹਾਡੇ ਉੱਤੇ ਕੰਮ ਕੀਤਾ ਅਤੇ ਇਹ ਖ਼ੁਸ਼ ਖ਼ਬਰੀ ਤੁਹਾਨੂੰ ਪੂਰੇ ਵਿਸ਼ਵਾਸ ਨਾਲ ਸੁਣਾਈ ਗਈ ਸੀ। ਅਤੇ ਤੁਸੀਂ ਇਹ ਵੀ ਜਾਣਦੇ ਹੋ ਕਿ ਅਸੀਂ ਤੁਹਾਡੇ ਫ਼ਾਇਦੇ ਲਈ ਕੀ-ਕੀ ਕੀਤਾ ਸੀ।  ਇਸ ਲਈ ਤੁਸੀਂ ਸਾਡੀ ਅਤੇ ਪ੍ਰਭੂ ਦੀ ਮਿਸਾਲ ਉੱਤੇ ਚੱਲੇ ਕਿਉਂਕਿ ਤੁਸੀਂ ਬਹੁਤ ਕਸ਼ਟ ਸਹਿੰਦੇ ਹੋਏ ਪਰਮੇਸ਼ੁਰ ਦੇ ਬਚਨ ਨੂੰ ਖ਼ੁਸ਼ੀ ਨਾਲ ਕਬੂਲ ਕੀਤਾ ਜੋ ਖ਼ੁਸ਼ੀ ਪਵਿੱਤਰ ਸ਼ਕਤੀ ਦੁਆਰਾ ਮਿਲਦੀ ਹੈ,  ਅਤੇ ਤੁਸੀਂ ਮਕਦੂਨੀਆ* ਅਤੇ ਅਖਾਯਾ* ਵਿਚ ਮਸੀਹ ਦੇ ਸਾਰੇ ਚੇਲਿਆਂ ਲਈ ਮਿਸਾਲ ਬਣੇ।  ਅਸਲ ਵਿਚ, ਤੁਹਾਡੇ ਕਰਕੇ ਪੂਰੇ ਮਕਦੂਨੀਆ ਅਤੇ ਅਖਾਯਾ ਵਿਚ ਲੋਕਾਂ ਨੇ ਨਾ ਸਿਰਫ਼ ਯਹੋਵਾਹ ਦਾ ਬਚਨ ਸੁਣਿਆ, ਸਗੋਂ ਹਰ ਜਗ੍ਹਾ ਲੋਕਾਂ ਨੇ ਪਰਮੇਸ਼ੁਰ ਉੱਤੇ ਤੁਹਾਡੀ ਨਿਹਚਾ ਬਾਰੇ ਵੀ ਸੁਣਿਆ ਹੈ, ਇਸ ਕਰਕੇ ਸਾਨੂੰ ਹੋਰ ਕੁਝ ਕਹਿਣ ਦੀ ਲੋੜ ਨਹੀਂ ਹੈ।  ਇਨ੍ਹਾਂ ਥਾਵਾਂ ਵਿਚ ਲੋਕ ਆਪ ਦੱਸ ਰਹੇ ਹਨ ਕਿ ਅਸੀਂ ਪਹਿਲਾਂ ਤੁਹਾਨੂੰ ਕਿਵੇਂ ਮਿਲੇ ਸੀ ਅਤੇ ਤੁਸੀਂ ਕਿਵੇਂ ਆਪਣੀਆਂ ­ਮੂਰਤੀਆਂ ਨੂੰ ਛੱਡ ਕੇ ਜੀਉਂਦੇ ਅਤੇ ਸੱਚੇ ਪਰਮੇਸ਼ੁਰ ਦੇ ਦਾਸ ਬਣੇ ਸੀ 10  ਅਤੇ ਤੁਸੀਂ ਉਸ ਦੇ ਪੁੱਤਰ ਦੀ ਸਵਰਗੋਂ ਆਉਣ ਦੀ ਉਡੀਕ ਕਰਦੇ ਹੋ ਜਿਸ ਨੂੰ ਉਸ ਨੇ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ ਸੀ, ਯਾਨੀ ਯਿਸੂ ਜਿਸ ਨੇ ਸਾਨੂੰ ਪਰਮੇਸ਼ੁਰ ਦੇ ਕ੍ਰੋਧ ਤੋਂ ਬਚਾਇਆ ਹੈ ਜੋ ਜਲਦੀ ਹੀ ­ਭੜਕੇਗਾ।

ਫੁਟਨੋਟ

ਜਾਂ, “ਸੀਲਾਸ।”
ਰਸੂ 16:9, ਫੁਟਨੋਟ ਦੇਖੋ।
ਇਹ ਦੱਖਣੀ ਯੂਨਾਨ ਵਿਚ ਇਕ ਰੋਮੀ ਸੂਬਾ ਸੀ ਅਤੇ ਕੁਰਿੰਥੁਸ ਇਸ ਦੀ ਰਾਜਧਾਨੀ ਸੀ।