Skip to content

Skip to table of contents

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

1 ਤਿਮੋਥਿਉਸ 2:1-15

2  ਸਭ ਤੋਂ ਪਹਿਲਾਂ ਮੈਂ ਤਾਕੀਦ ਕਰਦਾ ਹਾਂ ਕਿ ਸਾਰੇ ਜਣੇ ਹਰ ਤਰ੍ਹਾਂ ਦੇ ਲੋਕਾਂ ਲਈ ਫ਼ਰਿਆਦਾਂ, ਪ੍ਰਾਰਥਨਾਵਾਂ, ਅਰ­ਦਾਸਾਂ ਤੇ ਧੰਨਵਾਦ ਕਰਦੇ ਰਹਿਣ।  ਰਾਜਿਆਂ ਅਤੇ ਉੱਚੀਆਂ ਪਦਵੀਆਂ ਉੱਤੇ ਬੈਠੇ ਸਾਰੇ ਲੋਕਾਂ ਲਈ ਵੀ ਇਸੇ ਤਰ੍ਹਾਂ ਕੀਤਾ ਜਾਵੇ; ਤਾਂਕਿ ਅਸੀਂ ਅਮਨ-ਚੈਨ ਨਾਲ ਆਪਣੀ ਜ਼ਿੰਦਗੀ ਜੀਉਂਦੇ ਹੋਏ ਪਰਮੇਸ਼ੁਰ ਦੀ ਭਗਤੀ ਗੰਭੀਰਤਾ ਨਾਲ ਕਰਦੇ ਰਹੀਏ।  ਇਨ੍ਹਾਂ ਸਾਰਿਆਂ ਲਈ ਪ੍ਰਾਰਥਨਾ ਕਰਨੀ ਸਾਡੇ ਮੁਕਤੀਦਾਤੇ ਪਰਮੇਸ਼ੁਰ ਦੀ ਨਜ਼ਰ ਵਿਚ ਚੰਗੀ ਗੱਲ ਹੈ ਅਤੇ ਇਸ ਤੋਂ ਉਸ ਨੂੰ ਖ਼ੁਸ਼ੀ ਹੁੰਦੀ ਹੈ।  ਉਸ ਦੀ ਇੱਛਾ ਹੈ ਕਿ ਹਰ ਤਰ੍ਹਾਂ ਦੇ ਲੋਕ ਬਚਾਏ ਜਾਣ ਅਤੇ ਸੱਚਾਈ ਦਾ ਸਹੀ ਗਿਆਨ ਪ੍ਰਾਪਤ ਕਰਨ।  ਕਿਉਂਕਿ ਪਰਮੇਸ਼ੁਰ ਇੱਕੋ ਹੈ ਅਤੇ ਪਰਮੇਸ਼ੁਰ ਤੇ ਇਨਸਾਨਾਂ ਵਿਚ ਇੱਕੋ ਵਿਚੋਲਾ ਹੈ, ਯਾਨੀ ਯਿਸੂ ਮਸੀਹ। ਇਸ ਆਦਮੀ ਨੇ  ਸਾਰੇ ਲੋਕਾਂ ਦੀ ਰਿਹਾਈ ਦੀ ਪੂਰੀ ਕੀਮਤ ਦੇਣ ਲਈ ਆਪਣੀ ਜਾਨ ਦੀ ਕੁਰਬਾਨੀ ਦਿੱਤੀ। ਸਮਾਂ ਆਉਣ ਤੇ ਇਨ੍ਹਾਂ ਗੱਲਾਂ ਦੀ ਗਵਾਹੀ ਦਿੱਤੀ ਜਾਵੇਗੀ।  ਇਸ ਗੱਲ ਦੀ ਗਵਾਹੀ ਦੇਣ ਲਈ ਹੀ ਮੈਨੂੰ ਪ੍ਰਚਾਰਕ ਅਤੇ ਰਸੂਲ ਬਣਾਇਆ ਗਿਆ ਹੈ ਤਾਂਕਿ ਮੈਂ ਕੌਮਾਂ ਨੂੰ ਨਿਹਚਾ ਅਤੇ ਸੱਚਾਈ ਦੀ ਸਿੱਖਿਆ ਦੇਵਾਂ। ਮੈਂ ਸੱਚ ਕਹਿ ਰਿਹਾ ਹਾਂ, ਝੂਠ ਨਹੀਂ ਬੋਲ ਰਿਹਾ।  ਇਸ ਲਈ ਮੈਂ ਚਾਹੁੰਦਾ ਹਾਂ ਕਿ ਜਿੱਥੇ ਕਿਤੇ ਵੀ ਤੁਸੀਂ ਇਕੱਠੇ ਹੁੰਦੇ ਹੋ, ਉੱਥੇ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਆਦਮੀ ਹੱਥ ਚੁੱਕ ਕੇ ਪ੍ਰਾਰਥਨਾ ਕਰਨ ਵਿਚ ਲੱਗੇ ਰਹਿਣ ਅਤੇ ਗੁੱਸੇ ਤੇ ਬਹਿਸਬਾਜ਼ੀ ਤੋਂ ਦੂਰ ਰਹਿਣ।  ਇਸੇ ਤਰ੍ਹਾਂ, ਮੈਂ ਚਾਹੁੰਦਾ ਹਾਂ ਕਿ ਤੀਵੀਆਂ ਸੋਚ-ਸਮਝ ਕੇ ਸਲੀਕੇਦਾਰ ਕੱਪੜੇ ਪਾਉਣ। ਉਨ੍ਹਾਂ ਦੇ ਪਹਿਰਾਵੇ ਤੋਂ ਸ਼ਰਮ-ਹਯਾ ਝਲਕਣੀ ਚਾਹੀਦੀ ਹੈ। ਨਾਲੇ ਉਹ ਵਾਲ਼ਾਂ ਦੇ ਵਧ-ਚੜ੍ਹ ਕੇ ਫ਼ੈਸ਼ਨ ਨਾ ਕਰਨ* ਅਤੇ ਨਾ ਹੀ ਸੋਨਾ ਜਾਂ ਮੋਤੀ ਜਾਂ ਮਹਿੰਗੇ-ਮਹਿੰਗੇ ਕੱਪੜੇ ਪਾਉਣ, 10  ਸਗੋਂ ਆਪਣੇ ਆਪ ਨੂੰ ਨੇਕ ਕੰਮਾਂ ਨਾਲ ਸ਼ਿੰਗਾਰਨ ਕਿਉਂਕਿ ਇਹੋ ਜਿਹਾ ਸ਼ਿੰਗਾਰ ਪਰਮੇਸ਼ੁਰ ਦੀ ਭਗਤੀ ਕਰਨ ਦਾ ਦਾਅਵਾ ਕਰਨ ਵਾਲੀਆਂ ਤੀਵੀਆਂ ਨੂੰ ਸ਼ੋਭਾ ਦਿੰਦਾ ਹੈ। 11  ਤੀਵੀਆਂ ਨੂੰ ਚਾਹੀਦਾ ਹੈ ਕਿ ਉਹ ਚੁੱਪ ਰਹਿ ਕੇ ਪੂਰੀ ਅਧੀਨਗੀ ਨਾਲ ਸਿੱਖਿਆ ਲੈਣ। 12  ਮੈਂ ਤੀਵੀਆਂ ਨੂੰ ਸਿੱਖਿਅਕ ਬਣਨ ਜਾਂ ਆਦਮੀਆਂ ਉੱਤੇ ਅਧਿਕਾਰ ਚਲਾਉਣ ਦੀ ਇਜਾਜ਼ਤ ਨਹੀਂ ਦਿੰਦਾ, ਸਗੋਂ ਉਹ ਚੁੱਪ ਰਹਿਣ। 13  ਕਿਉਂਕਿ ਆਦਮ ਨੂੰ ਪਹਿਲਾਂ ਬਣਾਇਆ ਗਿਆ ਸੀ ਤੇ ਫਿਰ ਹੱਵਾਹ ਨੂੰ। 14  ਨਾਲੇ ਆਦਮ ਧੋਖੇ ਵਿਚ ਨਹੀਂ ਆਇਆ ਸੀ, ਪਰ ਹੱਵਾਹ ਪੂਰੀ ਤਰ੍ਹਾਂ ਧੋਖੇ ਵਿਚ ਆ ਗਈ ਸੀ ਤੇ ਉਸ ਨੇ ਪਾਪ ਕੀਤਾ। 15  ਇਸ ਦੇ ਬਾਵਜੂਦ, ਤੀਵੀਆਂ ਮਾਵਾਂ ਬਣ ਕੇ ਬਚੀਆਂ ਰਹਿਣਗੀਆਂ,* ਬਸ਼ਰਤੇ ਕਿ ਉਹ ਨਿਹਚਾ ਅਤੇ ਪਿਆਰ ਕਰਦੀਆਂ ਰਹਿਣ ਤੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸ਼ੁੱਧ ਰਹਿਣ ਅਤੇ ਇਸ ਦੇ ਨਾਲ-ਨਾਲ ਸਮਝਦਾਰੀ ਤੋਂ ਕੰਮ ਲੈਂਦੀਆਂ ਰਹਿਣ।

ਫੁਟਨੋਟ

ਯੂਨਾਨੀ ਵਿਚ, “ਵਾਲ਼ ਨਾ ਗੁੰਦਣ।”
ਇੱਥੇ “ਬਚੀਆਂ ਰਹਿਣਗੀਆਂ” ਦਾ ਮਤਲਬ ਹੈ ਕਿ ਉਨ੍ਹਾਂ ਦੀ ਨਿਹਚਾ ਪੱਕੀ ਰਹੇਗੀ।