Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਆਨ-ਲਾਈਨ ਬਾਈਬਲ | ਪਵਿੱਤਰ ਬਾਈਬਲ—ਨਵੀਂ ਦੁਨੀਆਂ ਅਨੁਵਾਦ

ਰੋਮੀਆਂ 3:1-31

3  ਤਾਂ ਫਿਰ, ਕੀ ਯਹੂਦੀ ਹੋਣ ਜਾਂ ਸੁੰਨਤ ਕਰਾਉਣ ਦਾ ਕੋਈ ਫ਼ਾਇਦਾ ਹੈ?  ਹਾਂ, ਬਹੁਤ ਫ਼ਾਇਦੇ ਹਨ। ਪਹਿਲਾਂ ਤਾਂ ਇਹ ਕਿ ਯਹੂਦੀਆਂ ਨੂੰ ਪਰਮੇਸ਼ੁਰ ਦੇ ਪਵਿੱਤਰ ਬਚਨ ਸੌਂਪੇ ਗਏ ਸਨ।  ਪਰ ਜੇ ਕੁਝ ਯਹੂਦੀਆਂ ਨੇ ਨਿਹਚਾ ਨਹੀਂ ਕੀਤੀ, ਤਾਂ ਕੀ ਹੋਇਆ? ਕੀ ਇਸ ਦਾ ਇਹ ਮਤਲਬ ਹੈ ਕਿ ਪਰਮੇਸ਼ੁਰ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ?  ਇਸ ਦਾ ਇਹ ਮਤਲਬ ਬਿਲਕੁਲ ਨਹੀਂ ਹੈ। ਪਰਮੇਸ਼ੁਰ ਹਮੇਸ਼ਾ ਸੱਚਾ ਸਾਬਤ ਹੁੰਦਾ ਹੈ, ਭਾਵੇਂ ਹਰ ਇਨਸਾਨ ਝੂਠਾ ਨਿਕਲੇ, ਕਿਉਂਕਿ ਇਹ ਲਿਖਿਆ ਹੈ: “ਤਾਂਕਿ ਤੂੰ ਆਪਣੀਆਂ ਗੱਲਾਂ ਵਿਚ ਧਰਮੀ ਸਾਬਤ ਹੋਵੇਂ ਅਤੇ ਤੂੰ ਆਪਣਾ ਮੁਕੱਦਮਾ ਜਿੱਤੇਂ।”  ਪਰ ਕੁਝ ਲੋਕ ਕਹਿੰਦੇ ਹਨ, ‘ਸਾਡੇ ਗ਼ਲਤ ਕੰਮਾਂ ਤੋਂ ਇਹ ਗੱਲ ਜ਼ਾਹਰ ਹੁੰਦੀ ਹੈ ਕਿ ਪਰਮੇਸ਼ੁਰ ਧਰਮੀ ਹੈ। ਤਾਂ ਕੀ ਇਸ ਦਾ ਇਹ ਮਤਲਬ ਨਹੀਂ ਕਿ ਪਰਮੇਸ਼ੁਰ ਸਾਨੂੰ ਸਜ਼ਾ ਦੇ ਕੇ ਸਾਡੇ ਨਾਲ ਅਨਿਆਂ ਕਰਦਾ ਹੈ?’  ਬਿਲਕੁਲ ਨਹੀਂ! ਜੇ ਪਰਮੇਸ਼ੁਰ ਅਨਿਆਂ ਕਰਦਾ ਹੈ, ਤਾਂ ਉਹ ਦੁਨੀਆਂ ਦਾ ਨਿਆਂ ਕਿਵੇਂ ਕਰੇਗਾ?  ਪਰ ਜੇ ਮੈਂ ਝੂਠ ਬੋਲਾਂ ਅਤੇ ਮੇਰੇ ਝੂਠ ਕਰਕੇ ਇਹ ਹੋਰ ਵੀ ਸਾਫ਼ ਦਿਖਾਈ ਦਿੰਦਾ ਹੈ ਕਿ ਪਰਮੇਸ਼ੁਰ ਸੱਚਾ ਹੈ ਅਤੇ ਉਸ ਦੀ ਵਡਿਆਈ ਹੁੰਦੀ ਹੈ, ਤਾਂ ਫਿਰ, ਮੇਰਾ ਨਿਆਂ ਕਰ ਕੇ ਮੈਨੂੰ ਪਾਪੀ ਕਿਉਂ ਠਹਿਰਾਇਆ ਜਾਂਦਾ ਹੈ?  ਅਤੇ ਅਸੀਂ ਇਹ ਕਿਉਂ ਨਾ ਕਹੀਏ, “ਆਓ ਆਪਾਂ ਬੁਰੇ ਕੰਮ ਕਰੀਏ, ਇਸ ਦੇ ਚੰਗੇ ਨਤੀਜੇ ਹੀ ਨਿਕਲਣਗੇ”? ਕੁਝ ਲੋਕ ਸਾਨੂੰ ਬਦਨਾਮ ਕਰਨ ਲਈ ਸਾਡੇ ਉੱਤੇ ਇਹੀ ਕਹਿਣ ਦਾ ਇਲਜ਼ਾਮ ਲਾਉਂਦੇ ਹਨ। ਇਨ੍ਹਾਂ ਲੋਕਾਂ ਨੂੰ ਜਾਇਜ਼ ਸਜ਼ਾ ਮਿਲੇਗੀ।  ਤਾਂ ਫਿਰ, ਕੀ ਅਸੀਂ ਇਹ ਸੋਚਦੇ ਹਾਂ ਕਿ ਅਸੀਂ ਯਹੂਦੀ ਬਾਕੀਆਂ ਨਾਲੋਂ ਵੱਡੇ ਹਾਂ? ਬਿਲਕੁਲ ਨਹੀਂ! ਕਿਉਂਕਿ ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਯਹੂਦੀ ਅਤੇ ਯੂਨਾਨੀ* ਦੋਵੇਂ ਪਾਪ ਦੇ ਵੱਸ ਵਿਚ ਹਨ; 10  ਠੀਕ ਜਿਵੇਂ ਲਿਖਿਆ ਹੈ: “ਕੋਈ ਵੀ ਇਨਸਾਨ ਧਰਮੀ ਨਹੀਂ ਹੈ, ਇਕ ਵੀ ਨਹੀਂ; 11  ਕਿਸੇ ਕੋਲ ਵੀ ਸਮਝ ਨਹੀਂ ਹੈ, ਕੋਈ ਵੀ ਪਰਮੇਸ਼ੁਰ ਦੀ ਭਾਲ ਨਹੀਂ ਕਰ ਰਿਹਾ। 12  ਸਾਰੇ ਇਨਸਾਨ ਕੁਰਾਹੇ ਪੈ ਚੁੱਕੇ ਹਨ ਅਤੇ ਸਾਰੇ ਦੇ ਸਾਰੇ ਨਿਕੰਮੇ ਹੋ ਚੁੱਕੇ ਹਨ; ਕੋਈ ਵੀ ਇਨਸਾਨ ਭਲਾਈ ਨਹੀਂ ਕਰਦਾ, ਇਕ ਵੀ ਨਹੀਂ।” 13  “ਉਨ੍ਹਾਂ ਦੇ ਸੰਘ ਖੁੱਲ੍ਹੀ ਕਬਰ ਹਨ, ਉਨ੍ਹਾਂ ਨੇ ਆਪਣੀਆਂ ਜ਼ਬਾਨਾਂ ਛਲ-ਕਪਟ ਕਰਨ ਲਈ ਵਰਤੀਆਂ ਹਨ।” “ਉਨ੍ਹਾਂ ਦੇ ਬੁੱਲ੍ਹਾਂ ’ਤੇ ਸੱਪਾਂ ਦਾ ਜ਼ਹਿਰ ਹੈ।” 14  “ਉਨ੍ਹਾਂ ਦੇ ਮੂੰਹ ਬੋਲ-ਕੁਬੋਲ ਤੇ ਕੌੜੇ ਸ਼ਬਦਾਂ ਨਾਲ ਭਰੇ ਹੋਏ ਹਨ।” 15  “ਉਨ੍ਹਾਂ ਦੇ ਪੈਰ ਖ਼ੂਨ ਵਹਾਉਣ ਲਈ ਤੇਜ਼ੀ ਨਾਲ ਭੱਜਦੇ ਹਨ।” 16  “ਉਹ ਲੋਕਾਂ ਨੂੰ ਬਰਬਾਦ ਕਰਦੇ ਹਨ ਅਤੇ ਦੁੱਖ ਦਿੰਦੇ ਹਨ, 17  ਅਤੇ ਉਹ ਸ਼ਾਂਤੀ ਦੇ ਰਾਹ ਉੱਤੇ ਤੁਰਨਾ ਨਹੀਂ ਜਾਣਦੇ।” 18  “ਉਨ੍ਹਾਂ ਨੂੰ ਰਤਾ ਵੀ ਪਰਮੇਸ਼ੁਰ ਦਾ ਡਰ ਨਹੀਂ ਹੈ।” 19  ਅਸੀਂ ਜਾਣਦੇ ਹਾਂ ਕਿ ਮੂਸਾ ਦੇ ਕਾਨੂੰਨ ਵਿਚ ਜੋ ਵੀ ਕਿਹਾ ਗਿਆ ਹੈ, ਉਹ ਸਭ ਕੁਝ ਯਹੂਦੀਆਂ ਨੂੰ ਕਿਹਾ ਗਿਆ ਹੈ। ਇਸ ਲਈ, ਜੇ ਉਨ੍ਹਾਂ ਵਿੱਚੋਂ ਕੋਈ ਕਹਿੰਦਾ ਹੈ ਕਿ ਉਹ ਨਿਰਦੋਸ਼ ਹੈ, ਤਾਂ ਇਹ ਕਾਨੂੰਨ ਉਸ ਦਾ ਮੂੰਹ ਬੰਦ ਕਰ ਦੇਵੇਗਾ। ਨਾਲੇ ਦੁਨੀਆਂ ਦੇ ਲੋਕਾਂ ਨੂੰ ਇਹ ਪਤਾ ਲੱਗ ਜਾਵੇਗਾ ਕਿ ਉਹ ਵੀ ਪਰਮੇਸ਼ੁਰ ਤੋਂ ਸਜ਼ਾ ਪਾਉਣ ਦੇ ਲਾਇਕ ਹਨ। 20  ਇਸ ਲਈ, ਕੋਈ ਵੀ ਇਨਸਾਨ ਇਸ ਕਾਨੂੰਨ ਅਨੁਸਾਰ ਕੰਮ ਕਰ ਕੇ ਪਰਮੇਸ਼ੁਰ ਸਾਮ੍ਹਣੇ ਧਰਮੀ ਨਹੀਂ ਠਹਿਰੇਗਾ, ਕਿਉਂਕਿ ਇਸ ਕਾਨੂੰਨ ਰਾਹੀਂ ਸਾਨੂੰ ਸਾਫ਼ ਪਤਾ ਲੱਗਦਾ ਹੈ ਕਿ ਪਾਪ ਅਸਲ ਵਿਚ ਕੀ ਹੈ। 21  ਪਰ ਹੁਣ ਇਹ ਗੱਲ ਸਾਫ਼ ਹੋ ਚੁੱਕੀ ਹੈ ਕਿ ਮੂਸਾ ਦੇ ਕਾਨੂੰਨ ਉੱਤੇ ਚੱਲੇ ਬਿਨਾਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਰਮੀ ­ਠਹਿਰਿਆ ਜਾ ਸਕਦਾ ਹੈ। ਇਹ ਗੱਲ ਮੂਸਾ ਦੇ ਕਾਨੂੰਨ ਅਤੇ ਨਬੀਆਂ ਦੀਆਂ ਲਿਖਤਾਂ ਵਿਚ ਵੀ ਦੱਸੀ ਗਈ ਹੈ, 22  ਜੀ ਹਾਂ, ਜਿਹੜੇ ਵੀ ਲੋਕ ਨਿਹਚਾ ਕਰਦੇ ਹਨ, ਉਹ ਸਾਰੇ ਯਿਸੂ ਉੱਤੇ ਨਿਹਚਾ ਕਰ ਕੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਰਮੀ ਠਹਿਰ ਸਕਦੇ ਹਨ। ਅਤੇ ਕਿਸੇ ਨਾਲ ਕੋਈ ­ਪੱਖਪਾਤ ਨਹੀਂ ਕੀਤਾ ਜਾਂਦਾ। 23  ਸਾਰਿਆਂ ਨੇ ਪਾਪ ਕੀਤਾ ਹੈ ਅਤੇ ਸਾਰੇ ਪਰਮੇਸ਼ੁਰ ਦੇ ­ਸ਼ਾਨਦਾਰ ਗੁਣ ਜ਼ਾਹਰ ਕਰਨ ਵਿਚ ­ਨਾਕਾਮਯਾਬ ਹੋਏ ਹਨ, 24  ਪਰ ਪਰਮੇਸ਼ੁਰ ਅਪਾਰ ਕਿਰਪਾ ਕਰ ਕੇ ਉਨ੍ਹਾਂ ਨੂੰ ਯਿਸੂ ਮਸੀਹ ਦੁਆਰਾ ਦਿੱਤੀ ਰਿਹਾਈ ਦੀ ਕੀਮਤ ਦੇ ਆਧਾਰ ’ਤੇ ਧਰਮੀ ਠਹਿਰਾਉਂਦਾ ਹੈ। ਇਹੀ ­ਵਰਦਾਨ ਹੈ ਜੋ ਪਰਮੇਸ਼ੁਰ ਉਨ੍ਹਾਂ ਨੂੰ ਦਿੰਦਾ ਹੈ। 25  ਪਰਮੇਸ਼ੁਰ ਨੇ ਮਸੀਹ ਦੀ ਕੁਰਬਾਨੀ ਦਿੱਤੀ ਤਾਂਕਿ ਉਸ ਦੇ ਲਹੂ ਵਿਚ ਨਿਹਚਾ ਕਰ ਕੇ ਇਨਸਾਨ ਪਰਮੇਸ਼ੁਰ ਨਾਲ ਸੁਲ੍ਹਾ ਕਰ ਸਕਣ। ਪਰਮੇਸ਼ੁਰ ਨੇ ਇਹ ਸਭ ਕੁਝ ਆਪਣੀ ਧਾਰਮਿਕਤਾ ਜ਼ਾਹਰ ਕਰਨ ਲਈ ਕੀਤਾ, ਕਿਉਂਕਿ ਉਸ ਨੇ ਧੀਰਜ ਰੱਖਦੇ ਹੋਏ ਬੀਤੇ ਸਮੇਂ ਵਿਚ ਲੋਕਾਂ ਦੇ ਪਾਪ ਮਾਫ਼ ਕੀਤੇ 26  ਅਤੇ ਪਰਮੇਸ਼ੁਰ ਮੌਜੂਦਾ ਸਮੇਂ ਵਿਚ ਵੀ ਆਪਣੀ ਧਾਰਮਿਕਤਾ ਜ਼ਾਹਰ ਕਰਦਾ ਹੈ ਜਦੋਂ ਉਹ ਉਨ੍ਹਾਂ ਇਨਸਾਨਾਂ ਨੂੰ ਧਰਮੀ ­ਠਹਿਰਾਉਂਦਾ ਹੈ ਜਿਹੜੇ ਯਿਸੂ ਉੱਤੇ ਨਿਹਚਾ ਕਰਦੇ ਹਨ। 27  ਤਾਂ ਫਿਰ, ਕੀ ਘਮੰਡ ਕਰਨ ਦਾ ਕੋਈ ਕਾਰਨ ਹੈ? ਬਿਲਕੁਲ ਨਹੀਂ। ਕਿਹੜੇ ਕਾਨੂੰਨ ਦੇ ਆਧਾਰ ’ਤੇ ਇਹ ਕਿਹਾ ਜਾ ਸਕਦਾ ਹੈ? ਕੀ ਉਸ ਕਾਨੂੰਨ ਦੇ ਆਧਾਰ ’ਤੇ ਜਿਹੜਾ ਦੇਖਦਾ ਹੈ ਕਿ ਲੋਕ ਕਿਹੜੇ ਕੰਮ ਕਰਦੇ ਹਨ? ਨਹੀਂ, ਬਿਲਕੁਲ ਨਹੀਂ, ਪਰ ਉਸ ਕਾਨੂੰਨ ਦੇ ਆਧਾਰ ’ਤੇ ਜੋ ਦੇਖਦਾ ਹੈ ਕਿ ਲੋਕ ਨਿਹਚਾ ਕਰਦੇ ਹਨ ਜਾਂ ਨਹੀਂ। 28  ਕਿਉਂਕਿ ਅਸੀਂ ਮੰਨਦੇ ਹਾਂ ਕਿ ਇਨਸਾਨ ਨਿਹਚਾ ਕਰਨ ਕਰਕੇ ਧਰਮੀ ਠਹਿਰਾਇਆ ਜਾਂਦਾ ਹੈ, ਨਾ ਕਿ ਮੂਸਾ ਦੇ ਕਾਨੂੰਨ ਅਨੁਸਾਰ ਕੰਮ ਕਰਨ ਕਰਕੇ। 29  ਜਾਂ ਕੀ ਉਹ ਸਿਰਫ਼ ਯਹੂਦੀਆਂ ਦਾ ਪਰਮੇਸ਼ੁਰ ਹੈ? ਕੀ ਉਹ ਦੁਨੀਆਂ ਦੇ ਬਾਕੀ ਲੋਕਾਂ ਦਾ ਵੀ ਪਰਮੇਸ਼ੁਰ ਨਹੀਂ ਹੈ? ਹਾਂ, ਉਹ ਦੁਨੀਆਂ ਦੇ ਲੋਕਾਂ ਦਾ ਵੀ ਪਰਮੇਸ਼ੁਰ ਹੈ। 30  ਕਿਉਂਕਿ ਇੱਕੋ ਪਰਮੇਸ਼ੁਰ ਹੈ, ਇਸ ਲਈ ਉਹ ਸੁੰਨਤ ਵਾਲਿਆਂ ਨੂੰ ਉਨ੍ਹਾਂ ਦੀ ਨਿਹਚਾ ਕਰਕੇ ਧਰਮੀ ਠਹਿਰਾਉਂਦਾ ਹੈ ਅਤੇ ਬੇਸੁੰਨਤਿਆਂ ਨੂੰ ਉਨ੍ਹਾਂ ਦੀ ਨਿਹਚਾ ਰਾਹੀਂ ਧਰਮੀ ਠਹਿਰਾਉਂਦਾ ਹੈ। 31  ਤਾਂ ਫਿਰ, ਕੀ ਅਸੀਂ ਆਪਣੀ ਨਿਹਚਾ ਰਾਹੀਂ ਕਾਨੂੰਨ ਨੂੰ ਰੱਦ ਕਰਦੇ ਹਾਂ? ਬਿਲਕੁਲ ਨਹੀਂ, ਸਗੋਂ ਅਸੀਂ ਜ਼ਾਹਰ ਕਰਦੇ ਹਾਂ ਕਿ ਕਾਨੂੰਨ ਜ਼ਰੂਰੀ ਹੈ।

ਫੁਟਨੋਟ

ਰੋਮੀ 1:16, ਫੁਟਨੋਟ ਦੇਖੋ।