Skip to content

Skip to table of contents

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

ਰਸੂਲਾਂ ਦੇ ਕੰਮ 5:1-42

5  ਦੂਜੇ ਪਾਸੇ, ਹਨਾਨਿਆ ਨਾਂ ਦੇ ਇਕ ਆਦਮੀ ਨੇ ਆਪਣੀ ਪਤਨੀ ਸਫ਼ੀਰਾ ਨਾਲ ਮਿਲ ਕੇ ਆਪਣੀ ਕੁਝ ਜਾਇਦਾਦ ਵੇਚੀ।  ਪਰ ਉਸ ਨੇ ਚੁੱਪ-ਚੁਪੀਤੇ ਕੁਝ ਪੈਸਾ ਆਪਣੇ ਕੋਲ ਰੱਖ ਲਿਆ ਅਤੇ ਉਸ ਦੀ ਪਤਨੀ ਨੂੰ ਇਸ ਬਾਰੇ ਪਤਾ ਸੀ ਅਤੇ ਬਾਕੀ ਪੈਸਾ ਜਾ ਕੇ ਰਸੂਲਾਂ ਦੇ ਚਰਨਾਂ ਵਿਚ ਰੱਖ ਦਿੱਤਾ।  ਪਤਰਸ ਨੇ ਉਸ ਨੂੰ ਪੁੱਛਿਆ: “ਹਨਾਨਿਆ, ਕੀ ਸ਼ੈਤਾਨ ਨੇ ਤੈਨੂੰ ਇੰਨੀ ਹਿੰਮਤ ਦੇ ਦਿੱਤੀ ਹੈ ਕਿ ਤੂੰ ਪਵਿੱਤਰ ਸ਼ਕਤੀ ਨਾਲ ਝੂਠ ਬੋਲੇਂ ਅਤੇ ਆਪਣੀ ਜ਼ਮੀਨ ਦਾ ਕੁਝ ਪੈਸਾ ਚੁੱਪ-ਚਪੀਤੇ ਆਪਣੇ ਕੋਲ ਰੱਖ ਲਵੇਂ?  ਉਹ ਜ਼ਮੀਨ ਤੇਰੀ ਹੀ ਸੀ। ਨਾਲੇ ਜ਼ਮੀਨ ਵੇਚ ਕੇ ਮਿਲੇ ਪੈਸੇ ਵੀ ਤੇਰੇ ਹੀ ਸਨ, ਤੂੰ ਉਨ੍ਹਾਂ ਨਾਲ ਜੋ ਮਰਜ਼ੀ ਕਰਦਾ। ਤਾਂ ਫਿਰ, ਤੂੰ ਇੰਨਾ ਘਟੀਆ ਕੰਮ ਕਰਨ ਬਾਰੇ ਸੋਚਿਆ ਵੀ ਕਿਵੇਂ? ਤੂੰ ਇਨਸਾਨਾਂ ਨਾਲ ਨਹੀਂ, ਪਰਮੇਸ਼ੁਰ ਨਾਲ ਝੂਠ ਬੋਲਿਆ ਹੈ।”  ਇਹ ਸੁਣਦਿਆਂ ਸਾਰ ਹਨਾਨਿਆ ਡਿਗ ਕੇ ਮਰ ਗਿਆ। ਅਤੇ ਜਿੰਨਿਆਂ ਨੇ ਵੀ ਇਸ ਬਾਰੇ ਸੁਣਿਆ, ਉਨ੍ਹਾਂ ਸਾਰਿਆਂ ਦੇ ਦਿਲਾਂ ਵਿਚ ਪਰਮੇਸ਼ੁਰ ਦਾ ਡਰ ਬੈਠ ਗਿਆ।  ਪਰ ਨੌਜਵਾਨਾਂ ਨੇ ਉੱਠ ਕੇ ਉਸ ਦੀ ਲਾਸ਼ ਨੂੰ ਕਫ਼ਨ ਵਿਚ ਲਪੇ­ਟਿਆ ਅਤੇ ਬਾਹਰ ਲਿਜਾ ਕੇ ਦਫ਼ਨਾ ਦਿੱਤਾ।  ਇਸ ਤੋਂ ਤਕਰੀਬਨ ਤਿੰਨ ਘੰਟਿਆਂ ਬਾਅਦ ਉਸ ਦੀ ਪਤਨੀ ਸਫ਼ੀਰਾ ਅੰਦਰ ਆਈ। ਪਰ ਉਸ ਨੂੰ ਪਤਾ ਨਹੀਂ ਸੀ ਕਿ ਉਸ ਦੇ ਪਤੀ ਨਾਲ ਕੀ ਹੋਇਆ ਸੀ।  ਪਤਰਸ ਨੇ ਉਸ ਨੂੰ ਪੁੱਛਿਆ: “ਮੈਨੂੰ ਦੱਸ, ਕੀ ਤੁਸੀਂ ਦੋਵਾਂ ਨੇ ਜ਼ਮੀਨ ਐਨੇ ਦੀ ਵੇਚੀ ਹੈ?” ਉਸ ਨੇ ਕਿਹਾ: “ਹਾਂ, ਐਨੇ ਦੀ ਹੀ ਵੇਚੀ ਹੈ।”  ਇਸ ਲਈ ਪਤਰਸ ਨੇ ਉਸ ਨੂੰ ਕਿਹਾ: “ਤੁਸੀਂ ਦੋਵਾਂ ਨੇ ਯਹੋਵਾਹ ਦੀ ਸ਼ਕਤੀ ਦੀ ਪਰੀਖਿਆ ਲੈਣ ਦੀ ਆਪਸ ਵਿਚ ਸਲਾਹ ਕਿਉਂ ਕੀਤੀ? ਦੇਖ! ਤੇਰੇ ਪਤੀ ਨੂੰ ਦਫ਼ਨਾਉਣ ਵਾਲੇ ਵਾਪਸ ਆ ਗਏ ਹਨ ਅਤੇ ਉਹ ਤੈਨੂੰ ਵੀ ਚੁੱਕ ਕੇ ਲੈ ਜਾਣਗੇ।” 10  ਉਹ ਉਸੇ ਵੇਲੇ ਪਤਰਸ ਦੇ ਪੈਰਾਂ ਵਿਚ ਡਿਗ ਕੇ ਮਰ ਗਈ। ਨੌਜਵਾਨਾਂ ਨੇ ਅੰਦਰ ਆ ਕੇ ਦੇਖਿਆ ਕਿ ਉਹ ਮਰੀ ਪਈ ਸੀ ਅਤੇ ਉਸ ਨੂੰ ਲਿਜਾ ਕੇ ਉਸ ਦੇ ਪਤੀ ਕੋਲ ਦਫ਼ਨਾ ਦਿੱਤਾ। 11  ਇਸ ਕਰਕੇ, ਯਰੂਸ਼ਲਮ ਦੇ ਸਾਰੇ ਚੇਲਿਆਂ ਦੇ ਦਿਲਾਂ ਵਿਚ ਅਤੇ ਉਨ੍ਹਾਂ ਸਾਰਿਆਂ ਦੇ ਦਿਲਾਂ ਵਿਚ ਜਿਨ੍ਹਾਂ ਨੇ ਇਸ ਬਾਰੇ ਸੁਣਿਆ ਪਰਮੇਸ਼ੁਰ ਦਾ ਡਰ ਬੈਠ ਗਿਆ। 12  ਇਸ ਤੋਂ ਇਲਾਵਾ, ਰਸੂਲ ਲੋਕਾਂ ਸਾਮ੍ਹਣੇ ਬਹੁਤ ਸਾਰੀਆਂ ਨਿਸ਼ਾਨੀਆਂ ਦਿਖਾਉਂਦੇ ਰਹੇ ਅਤੇ ਚਮਤਕਾਰ ਕਰਦੇ ਰਹੇ; ਅਤੇ ਉਹ ਸਾਰੇ ਇਕ ਮਨ ਨਾਲ ਸੁਲੇਮਾਨ ਦੇ ਬਰਾਂਡੇ ਵਿਚ ਇਕੱਠੇ ਹੁੰਦੇ ਸਨ। 13  ਇਹ ਸੱਚ ਹੈ ਕਿ ਦੂਸਰੇ* ਉਨ੍ਹਾਂ ਨਾਲ ਰਲ਼ਣ ਤੋਂ ਡਰਦੇ ਸਨ; ਪਰ ਲੋਕ ਉਨ੍ਹਾਂ ਦੀ ਸ਼ਲਾਘਾ ਕਰਦੇ ਸਨ। 14  ਨਾਲੇ, ਪ੍ਰਭੂ ਉੱਤੇ ਨਿਹਚਾ ਕਰਨ ਵਾਲੇ ਆਦਮੀਆਂ ਤੇ ਤੀਵੀਆਂ ਦੀ ਗਿਣਤੀ ਵਧਦੀ ਜਾ ਰਹੀ ਸੀ। 15  ਉਹ ਬੀਮਾਰਾਂ ਨੂੰ ਵੀ ਛੋਟੇ ਪਲੰਘਾਂ ਅਤੇ ਮੰਜੀਆਂ ਉੱਤੇ ਪਾ ਕੇ ਚੌਂਕਾਂ ਵਿਚ ਇਸ ਆਸ ਨਾਲ ਲਿਆਉਂਦੇ ਸਨ ਕਿ ਜਦੋਂ ਪਤਰਸ ਉੱਧਰੋਂ ਦੀ ਲੰਘੇ, ਤਾਂ ਉਸ ਦਾ ਪਰਛਾਵਾਂ ਹੀ ਉਨ੍ਹਾਂ ਉੱਤੇ ਪੈ ਜਾਵੇ ਤੇ ਉਹ ਠੀਕ ਹੋ ਜਾਣ। 16  ਨਾਲੇ, ਯਰੂਸ਼ਲਮ ਦੇ ਆਲੇ-ਦੁਆਲੇ ਦੇ ਸ਼ਹਿਰਾਂ ਤੋਂ ਵੀ ਭੀੜਾਂ ਦੀਆਂ ਭੀੜਾਂ ਬੀਮਾਰਾਂ ਨੂੰ ਅਤੇ ਉਨ੍ਹਾਂ ਨੂੰ ਲੈ ਕੇ ਆਉਂਦੀਆਂ ਸਨ ਜਿਨ੍ਹਾਂ ਨੂੰ ਦੁਸ਼ਟ ਦੂਤ ਚਿੰਬੜੇ ਹੋਏ ਸਨ ਅਤੇ ਉਨ੍ਹਾਂ ਸਾਰਿਆਂ ਨੂੰ ਚੰਗਾ ਕੀਤਾ ਜਾਂਦਾ ਸੀ। 17  ਪਰ ਮਹਾਂ ਪੁਜਾਰੀ ਅਤੇ ਉਸ ਦੇ ਨਾਲ ਸਦੂਕੀਆਂ ਦੇ ਪੰਥ ਦੇ ਲੋਕ ਈਰਖਾ ਨਾਲ ਭਰੇ ਹੋਏ ਸਨ ਅਤੇ ਉਨ੍ਹਾਂ ਨੇ ਗੁੱਸੇ ਵਿਚ ਉੱਠ ਕੇ 18  ਰਸੂਲਾਂ ਨੂੰ ਫੜ ਕੇ ਜੇਲ੍ਹ ਵਿਚ ਸੁੱਟ ਦਿੱਤਾ। 19  ਪਰ ਉਸੇ ਰਾਤ ਯਹੋਵਾਹ ਦੇ ਦੂਤ ਨੇ ਆ ਕੇ ਜੇਲ੍ਹ ਦੇ ਦਰਵਾਜ਼ੇ ਖੋਲ੍ਹ ਦਿੱਤੇ ਅਤੇ ਉਨ੍ਹਾਂ ਨੂੰ ਬਾਹਰ ਕੱਢ ਕੇ ਕਿਹਾ: 20  “ਤੁਸੀਂ ਮੰਦਰ ਨੂੰ ਚਲੇ ਜਾਓ ਅਤੇ ਲੋਕਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਬਾਰੇ ਸਭ ਕੁਝ ਸਿਖਾਉਂਦੇ ਰਹੋ।” 21  ਇਹ ਸੁਣ ਕੇ, ਉਹ ਤੜਕੇ ਮੰਦਰ ਵਿਚ ਚਲੇ ਗਏ ਅਤੇ ਲੋਕਾਂ ਨੂੰ ਸਿਖਾਉਣ ਲੱਗੇ। ਉੱਧਰ ਮਹਾਂ ਪੁਜਾਰੀ ਅਤੇ ਉਸ ਦੇ ਨਾਲ ਜੋ ਵੀ ਸਨ ਆਏ ਅਤੇ ਉਨ੍ਹਾਂ ਨੇ ਮਹਾਸਭਾ ਨੂੰ ਅਤੇ ਇਜ਼ਰਾਈਲ ਕੌਮ ਦੇ ਬਜ਼ੁਰਗਾਂ ਦੀ ਸਾਰੀ ਸਭਾ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਨੇ ਰਸੂਲਾਂ ਨੂੰ ਜੇਲ੍ਹ ਵਿੱਚੋਂ ਲਿਆਉਣ ਲਈ ਪਹਿਰੇਦਾਰਾਂ ਨੂੰ ਘੱਲਿਆ। 22  ਪਰ ਜਦੋਂ ਪਹਿਰੇਦਾਰ ਉੱਥੇ ਪਹੁੰਚੇ, ਤਾਂ ਉਨ੍ਹਾਂ ਨੇ ਦੇਖਿਆ ਕਿ ਰਸੂਲ ਜੇਲ੍ਹ ਵਿਚ ਨਹੀਂ ਸਨ। ਇਸ ਲਈ ਉਨ੍ਹਾਂ ਨੇ ਵਾਪਸ ਆ ਕੇ ਦੱਸਿਆ: 23  “ਅਸੀਂ ਜਾ ਕੇ ਦੇਖਿਆ ਕਿ ਜੇਲ੍ਹ ਨੂੰ ਜਿੰਦਾ ਲੱਗਾ ਹੋਇਆ ਸੀ ਅਤੇ ­ਦਰਵਾਜ਼ਿਆਂ ’ਤੇ ਪਹਿਰੇਦਾਰ ਖੜ੍ਹੇ ਸਨ। ਪਰ ਜਦ ਦਰਵਾਜ਼ੇ ਖੋਲ੍ਹ ਕੇ ਦੇਖਿਆ, ਤਾਂ ਅੰਦਰ ਕੋਈ ਵੀ ਨਹੀਂ ਸੀ।” 24  ਜਦੋਂ ਮੰਦਰ ਦੇ ਪਹਿਰੇਦਾਰਾਂ ਦੇ ਮੁਖੀ ਅਤੇ ਮੁੱਖ ਪੁਜਾਰੀਆਂ ਨੇ ਇਹ ਸੁਣਿਆ, ਤਾਂ ਉਹ ਉਲਝਣ ਵਿਚ ਪੈ ਗਏ ਕਿ ਹੁਣ ਕੀ ਹੋਊ? 25  ਪਰ ਇਕ ਆਦਮੀ ਨੇ ਆ ਕੇ ਉਨ੍ਹਾਂ ਨੂੰ ਦੱਸਿਆ: “ਜਿਨ੍ਹਾਂ ਆਦਮੀਆਂ ਨੂੰ ਤੁਸੀਂ ਜੇਲ੍ਹ ਵਿਚ ਬੰਦ ਕੀਤਾ ਸੀ, ਉਹ ਮੰਦਰ ਵਿਚ ਖੜ੍ਹੇ ਹਨ ਅਤੇ ਲੋਕਾਂ ਨੂੰ ਸਿੱਖਿਆ ਦੇ ਰਹੇ ਹਨ।” 26  ਫਿਰ ਪਹਿਰੇਦਾਰਾਂ ਦੇ ਮੁਖੀ ਨੇ ਆਪਣੇ ਪਹਿਰੇਦਾਰਾਂ ਨਾਲ ਜਾ ਕੇ ਰਸੂਲਾਂ ਨੂੰ ਫੜ ਲਿਆਂਦਾ, ਪਰ ਉਨ੍ਹਾਂ ਨੇ ਰਸੂਲਾਂ ਨਾਲ ਕੋਈ ਜ਼ੋਰ-ਜ਼ਬਰਦਸਤੀ ਨਹੀਂ ਕੀਤੀ ਕਿਉਂਕਿ ਉਹ ਡਰਦੇ ਸਨ ਕਿ ਕਿਤੇ ਲੋਕ ਉਨ੍ਹਾਂ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਨਾ ਮਾਰ ਦੇਣ। 27  ਉਨ੍ਹਾਂ ਨੇ ਰਸੂਲਾਂ ਨੂੰ ਲਿਆ ਕੇ ਮਹਾਸਭਾ ਦੇ ਹਾਲ ਵਿਚ ਖੜ੍ਹਾ ਕਰ ਦਿੱਤਾ। ਫਿਰ ਮਹਾਂ ਪੁਜਾਰੀ ਨੇ ਉਨ੍ਹਾਂ ਨੂੰ ਪੁੱਛ-ਗਿੱਛ ਕਰਦੇ ਹੋਏ 28  ਕਿਹਾ: “ਅਸੀਂ ਤੁਹਾਨੂੰ ਸਖ਼ਤੀ ਨਾਲ ਹੁਕਮ ਦਿੱਤਾ ਸੀ ਕਿ ਇਸ ਨਾਂ ’ਤੇ ਸਿੱਖਿਆ ਦੇਣੀ ਬੰਦ ਕਰੋ, ਪਰ ਤੁਸੀਂ ਸਾਰੇ ਯਰੂਸ਼ਲਮ ਨੂੰ ਆਪਣੀ ਸਿੱਖਿਆ ਨਾਲ ਭਰ ਦਿੱਤਾ ਹੈ ਅਤੇ ਤੁਸੀਂ ਪੱਕਾ ਧਾਰ ਲਿਆ ਹੈ ਕਿ ਤੁਸੀਂ ਇਸ ਆਦਮੀ ਦਾ ਖ਼ੂਨ ਸਾਡੇ ਸਿਰ ਪਾਓਗੇ।” 29  ਜਵਾਬ ਵਿਚ ਪਤਰਸ ਤੇ ਦੂਸਰੇ ਰਸੂਲਾਂ ਨੇ ਕਿਹਾ: “ਪਰਮੇਸ਼ੁਰ ਹੀ ਸਾਡਾ ਰਾਜਾ ਹੈ, ਇਸ ਕਰਕੇ ਅਸੀਂ ਇਨਸਾਨਾਂ ਦੀ ਬਜਾਇ ਉਸ ਦਾ ਹੀ ਹੁਕਮ ਮੰਨਾਂਗੇ। 30  ਸਾਡੇ ਪਿਉ-ਦਾਦਿਆਂ ਦੇ ਪਰਮੇਸ਼ੁਰ ਨੇ ਯਿਸੂ ਨੂੰ ਜੀਉਂਦਾ ਕੀਤਾ ਜਿਸ ਨੂੰ ਤੁਸੀਂ ਸੂਲ਼ੀ ਉੱਤੇ ਟੰਗ ਕੇ ਮਾਰ ਦਿੱਤਾ ਸੀ। 31  ਪਰਮੇਸ਼ੁਰ ਨੇ ਉਸ ਨੂੰ ਆਪਣੇ ਸੱਜੇ ਹੱਥ ਬੈਠਣ ਦਾ ਮਾਣ ਬਖ਼ਸ਼ਿਆ ਹੈ ਅਤੇ ਉਸ ਨੂੰ ਲੋਕਾਂ ਨੂੰ ਬਚਾਉਣ ਅਤੇ ਉਨ੍ਹਾਂ ਨੂੰ ਜੀਵਨ ਦੇਣ ਲਈ ਨਿਯੁਕਤ ਕੀਤਾ ਹੈ। ਪਰਮੇਸ਼ੁਰ ਨੇ ਇਹ ਇਸ ਲਈ ਕੀਤਾ ਹੈ ਤਾਂਕਿ ਇਜ਼ਰਾਈਲ ਦੇ ਲੋਕਾਂ ਨੂੰ ਤੋਬਾ ਕਰਨ ਅਤੇ ਆਪਣੇ ਪਾਪਾਂ ਦੀ ਮਾਫ਼ੀ ਪਾਉਣ ਦਾ ਮੌਕਾ ਮਿਲੇ। 32  ਅਤੇ ਅਸੀਂ ਸਾਰੇ ਇਨ੍ਹਾਂ ਗੱਲਾਂ ਦੇ ਗਵਾਹ ਹਾਂ ਅਤੇ ਪਵਿੱਤਰ ਸ਼ਕਤੀ ਇਨ੍ਹਾਂ ਗੱਲਾਂ ਦੀ ਗਵਾਹੀ ਦੇਣ ਵਿਚ ਸਾਡੀ ਮਦਦ ਕਰਦੀ ਹੈ। ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨੂੰ ਇਹ ਸ਼ਕਤੀ ਦਿੱਤੀ ਹੈ ਜਿਹੜੇ ਉਸ ਨੂੰ ਆਪਣਾ ਰਾਜਾ ਮੰਨ ਕੇ ਉਸ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ।” 33  ਜਦੋਂ ਉਨ੍ਹਾਂ ਨੇ ਇਹ ਸੁਣਿਆ, ਤਾਂ ਉਹ ਗੁੱਸੇ ਨਾਲ ਲਾਲ-ਪੀਲ਼ੇ ਹੋ ਗਏ ਅਤੇ ਉਹ ਰਸੂਲਾਂ ਨੂੰ ਜਾਨੋਂ ਮਾਰ ਦੇਣਾ ਚਾਹੁੰਦੇ ਸਨ। 34  ਪਰ ਮਹਾਸਭਾ ਵਿਚ ਗਮਲੀਏਲ ਨਾਂ ਦਾ ਇਕ ਫ਼ਰੀਸੀ ਖੜ੍ਹਾ ਹੋਇਆ। ਉਹ ਕਾਨੂੰਨ ਦਾ ਸਿੱਖਿਅਕ ਸੀ ਅਤੇ ਲੋਕ ਉਸ ਦਾ ਬਹੁਤ ਆਦਰ-ਮਾਣ ਕਰਦੇ ਸਨ। ਉਸ ਨੇ ਰਸੂਲਾਂ ਨੂੰ ਥੋੜ੍ਹੇ ਸਮੇਂ ਲਈ ਬਾਹਰ ਲੈ ਜਾਣ ਦਾ ਹੁਕਮ ਦਿੱਤਾ। 35  ਫਿਰ ਉਸ ਨੇ ਮਹਾਸਭਾ ਨੂੰ ਕਿਹਾ: ­“ਇਜ਼ਰਾਈਲ ਦੇ ਲੋਕੋ, ਇਸ ਗੱਲ ਵਿਚ ਖ਼ਬਰਦਾਰ ਰਹੋ ਕਿ ਤੁਸੀਂ ਇਨ੍ਹਾਂ ਆਦਮੀਆਂ ਨੂੰ ਕਿਹੜੀ ਸਜ਼ਾ ਦੇਣ ਦਾ ਮਨ ਬਣਾਇਆ ਹੈ। 36  ਮਿਸਾਲ ਲਈ, ਕੁਝ ਸਮਾਂ ਪਹਿਲਾਂ ਥਿਉਦਾਸ ਨਾਂ ਦਾ ਇਕ ਬੰਦਾ ਹੁੰਦਾ ਸੀ ਜੋ ਕਹਿੰਦਾ ਹੁੰਦਾ ਸੀ ਕਿ ਉਹ ਵੀ ਕੁਝ ਹੈ ਅਤੇ ਲਗਭਗ 400 ਲੋਕ ਉਸ ਨਾਲ ਰਲ਼ ਗਏ। ਪਰ ਉਸ ਦੇ ਮਾਰੇ ਜਾਣ ਤੋਂ ਬਾਅਦ ਉਸ ਮਗਰ ਲੱਗੇ ਸਾਰੇ ਲੋਕ ਖਿੰਡ-ਪੁੰਡ ਗਏ ਤੇ ਉਸ ਦੀ ਟੋਲੀ ਖ਼ਤਮ ਹੋ ਗਈ। 37  ਉਸ ਤੋਂ ਬਾਅਦ ­ਮਰਦਮਸ਼ੁਮਾਰੀ ਦੇ ਦਿਨਾਂ ਵਿਚ ਯਹੂਦਾ ਗਲੀਲੀ ਖੜ੍ਹਾ ਹੋਇਆ ਅਤੇ ਉਸ ਨੇ ਲੋਕਾਂ ਨੂੰ ਆਪਣੇ ਪਿੱਛੇ ਲਾ ਲਿਆ। ਪਰ ਉਹ ਆਦਮੀ ਮਰ ਗਿਆ ਤੇ ਉਸ ਦੇ ਪਿੱਛੇ ਚੱਲਣ ਵਾਲੇ ਸਾਰੇ ਲੋਕ ਖਿੰਡ ਗਏ। 38  ਸੋ ਇਸ ਮਾਮਲੇ ਵਿਚ ਵੀ, ਮੈਂ ਤੁਹਾਨੂੰ ਇਹੀ ਕਹਿੰਦਾ ਹਾਂ ਕਿ ਇਨ੍ਹਾਂ ਆਦਮੀਆਂ ਦੇ ਕੰਮ ਵਿਚ ਦਖ਼ਲ ਨਾ ਦਿਓ, ਸਗੋਂ ਇਨ੍ਹਾਂ ਨੂੰ ਜਾਣ ਦਿਓ; ਕਿਉਂਕਿ ਜੇ ਇਹ ਸਿੱਖਿਆ ਜਾਂ ਕੰਮ ਇਨਸਾਨਾਂ ਦਾ ਹੈ, ਤਾਂ ਇਹ ਖ਼ਤਮ ਹੋ ਜਾਵੇਗਾ; 39  ਪਰ ਜੇ ਇਹ ਸਿੱਖਿਆ ਜਾਂ ਕੰਮ ਪਰਮੇਸ਼ੁਰ ਦਾ ਹੈ, ਤਾਂ ਤੁਸੀਂ ਇਸ ਨੂੰ ਖ਼ਤਮ ਨਹੀਂ ਕਰ ਸਕੋਗੇ। ਕਿਤੇ ਇੱਦਾਂ ਨਾ ਹੋਵੇ ਕਿ ਤੁਸੀਂ ਪਰਮੇਸ਼ੁਰ ਨਾਲ ਲੜਾਈ ਮੁੱਲ ਲੈ ਲਓ।” 40  ਉਨ੍ਹਾਂ ਨੇ ਉਸ ਦੀ ਗੱਲ ਮੰਨ ਲਈ ਅਤੇ ਉਨ੍ਹਾਂ ਨੇ ਰਸੂਲਾਂ ਨੂੰ ਬੁਲਾ ਕੇ ਉਨ੍ਹਾਂ ਦੇ ਕੋਰੜੇ ਮਰਵਾਏ ਅਤੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਉਹ ਯਿਸੂ ਦੇ ਨਾਂ ’ਤੇ ਸਿੱਖਿਆ ਨਾ ਦੇਣ, ਅਤੇ ਫਿਰ ਉਨ੍ਹਾਂ ਨੂੰ ਛੱਡ ਦਿੱਤਾ। 41  ਇਸ ਲਈ, ਰਸੂਲ ਮਹਾਸਭਾ ਦੇ ਮੁਹਰਿਓਂ ਚਲੇ ਗਏ ਅਤੇ ਇਸ ਗੱਲੋਂ ਖ਼ੁਸ਼ ਸਨ ਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਯਿਸੂ ਦੇ ਨਾਂ ਦੀ ਖ਼ਾਤਰ ਬੇਇੱਜ਼ਤ ਕੀਤੇ ਜਾਣ ਦਾ ਸਨਮਾਨ ਬਖ਼ਸ਼ਿਆ। 42  ਅਤੇ ਉਹ ਰੋਜ਼ ਬਿਨਾਂ ਰੁਕੇ ਮੰਦਰ ਵਿਚ ਅਤੇ ਘਰ-ਘਰ ਜਾ ਕੇ ਸਿੱਖਿਆ ਦਿੰਦੇ ਰਹੇ ਅਤੇ ਯਿਸੂ ਮਸੀਹ ਬਾਰੇ ਖ਼ੁਸ਼ ਖ਼ਬਰੀ ਦਾ ਐਲਾਨ ਕਰਦੇ ਰਹੇ।

ਫੁਟਨੋਟ

ਉਹ ਲੋਕ ਜਿਨ੍ਹਾਂ ਦੀ ਹਨਾਨਿਆ ਅਤੇ ਸਫ਼ੀਰਾ ਵਾਂਗ ਮਾੜੀ ਨੀਅਤ ਸੀ।