Skip to content

Skip to table of contents

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

ਯੂਹੰਨਾ 20:1-31

20  ਹਫ਼ਤੇ ਦੇ ਪਹਿਲੇ ਦਿਨ* ਸਵੇਰੇ-ਸਵੇਰੇ, ਜਦੋਂ ਅਜੇ ਹਨੇਰਾ ਹੀ ਸੀ, ਮਰੀਅਮ ਮਗਦਲੀਨੀ ਕਬਰ ’ਤੇ ਆਈ ਅਤੇ ਉਸ ਨੇ ਦੇਖਿਆ ਕਿ ਕਬਰ ਦੇ ਮੂੰਹ ਤੋਂ ਪੱਥਰ ਨੂੰ ਪਹਿਲਾਂ ਹੀ ਹਟਾ ਕੇ ਇਕ ਪਾਸੇ ਰੱਖਿਆ ਹੋਇਆ ਸੀ।  ਇਸ ਲਈ ਉਹ ਭੱਜ ਕੇ ਸ਼ਮਊਨ ਪਤਰਸ ਤੇ ਉਸ ਚੇਲੇ ਕੋਲ ਆਈ ਜਿਸ ਨੂੰ ਯਿਸੂ ਪਿਆਰ ਕਰਦਾ ਸੀ ਅਤੇ ਉਨ੍ਹਾਂ ਨੂੰ ਕਿਹਾ: “ਕੋਈ ਪ੍ਰਭੂ ਨੂੰ ਕਬਰ ਵਿੱਚੋਂ ਕੱਢ ਕੇ ਲੈ ਗਿਆ ਹੈ ਅਤੇ ਸਾਨੂੰ ਨਹੀਂ ਪਤਾ ਕਿ ਉਸ ਨੂੰ ਕਿੱਥੇ ਰੱਖਿਆ ਹੈ।”  ਪਤਰਸ ਅਤੇ ਉਹ ਦੂਸਰਾ ਚੇਲਾ ਕਬਰ ਵੱਲ ਨੂੰ ਤੁਰ ਪਏ।  ਫਿਰ ਤੁਰਦੇ-ਤੁਰਦੇ ਉਹ ਦੋਵੇਂ ਭੱਜਣ ਲੱਗ ਪਏ; ਪਰ ਦੂਸਰਾ ਚੇਲਾ ਤੇਜ ਭੱਜ ਕੇ ਪਤਰਸ ਤੋਂ ਅੱਗੇ ਨਿਕਲ ਗਿਆ ਅਤੇ ਕਬਰ ’ਤੇ ਪਹਿਲਾਂ ਪਹੁੰਚ ਗਿਆ।  ਅਤੇ ਉਸ ਨੇ ਝੁਕ ਕੇ ਦੇਖਿਆ ਕਿ ਉੱਥੇ ਪੱਟੀਆਂ ਪਈਆਂ ਹੋਈਆਂ ਸਨ, ਪਰ ਉਹ ਆਪ ਅੰਦਰ ਨਹੀਂ ਗਿਆ।  ਫਿਰ ਸ਼ਮਊਨ ਪਤਰਸ ਉਸ ਦੇ ਪਿੱਛੇ-ਪਿੱਛੇ ਆਇਆ ਅਤੇ ਕਬਰ ਦੇ ਅੰਦਰ ਚਲਾ ਗਿਆ। ਉਸ ਨੇ ਵੀ ਪੱਟੀਆਂ ਪਈਆਂ ਦੇਖੀਆਂ,  ਅਤੇ ਜਿਹੜਾ ਕੱਪੜਾ ਯਿਸੂ ਦੇ ਸਿਰ ਉੱਤੇ ਬੰਨ੍ਹਿਆ ਸੀ, ਉਹ ਪੱਟੀਆਂ ਨਾਲ ਨਹੀਂ ਸਗੋਂ ਲਪੇਟ ਕੇ ਵੱਖਰਾ ਰੱਖਿਆ ਹੋਇਆ ਸੀ।  ਫਿਰ ਦੂਜਾ ਚੇਲਾ ਵੀ ਜਿਹੜਾ ਪਹਿਲਾਂ ਕਬਰ ’ਤੇ ਆਇਆ ਸੀ, ਕਬਰ ਵਿਚ ਗਿਆ ਅਤੇ ਉਸ ਨੇ ਦੇਖ ਕੇ ਉਨ੍ਹਾਂ ਸਾਰੀਆਂ ਗੱਲਾਂ ’ਤੇ ਵਿਸ਼ਵਾਸ ਕੀਤਾ ਜੋ ਉਨ੍ਹਾਂ ਨੂੰ ਦੱਸੀਆਂ ਗਈਆਂ ਸਨ।  ਪਰ ਉਹ ਧਰਮ-ਗ੍ਰੰਥ ਵਿਚ ਲਿਖੀ ਇਸ ਗੱਲ ਦਾ ਮਤਲਬ ਅਜੇ ਨਹੀਂ ਸਮਝੇ ਸਨ ਕਿ ਯਿਸੂ ਨੇ ਮਰੇ ਹੋਏ ਲੋਕਾਂ ਵਿੱਚੋਂ ਜੀਉਂਦਾ ਹੋਣਾ ਸੀ। 10  ਅਤੇ ਉਹ ਚੇਲੇ ਵਾਪਸ ਆਪਣੇ ਘਰਾਂ ਨੂੰ ਚਲੇ ਗਏ। 11  ਪਰ ਮਰੀਅਮ ਬਾਹਰ ਕਬਰ ਦੇ ਲਾਗੇ ਖੜ੍ਹੀ ਰੋਂਦੀ ਰਹੀ। ਫਿਰ ਉਸ ਨੇ ਰੋਂਦੇ ਹੋਏ ਝੁਕ ਕੇ ਕਬਰ ਦੇ ਅੰਦਰ ਦੇਖਿਆ 12  ਅਤੇ ਜਿੱਥੇ ਯਿਸੂ ਦੀ ਲਾਸ਼ ਪਹਿਲਾਂ ਪਈ ਸੀ, ਉੱਥੇ ਉਸ ਨੇ ਚਿੱਟੇ ਕੱਪੜੇ ਪਾਈ ਦੋ ਦੂਤ ਬੈਠੇ ਦੇਖੇ, ਇਕ ਦੂਤ ਜਿੱਥੇ ਯਿਸੂ ਦਾ ਸਿਰ ਸੀ ਅਤੇ ਦੂਜਾ ਜਿੱਥੇ ਯਿਸੂ ਦੇ ਪੈਰ ਸਨ। 13  ਅਤੇ ਉਨ੍ਹਾਂ ਨੇ ਉਸ ਨੂੰ ਕਿਹਾ: “ਬੀਬੀ, ਤੂੰ ਕਿਉਂ ਰੋ ਰਹੀ ਹੈਂ?” ਉਸ ਨੇ ਉਨ੍ਹਾਂ ਨੂੰ ਕਿਹਾ: “ਕੋਈ ਮੇਰੇ ਪ੍ਰਭੂ ਨੂੰ ਲੈ ਗਿਆ ਹੈ ਅਤੇ ਮੈਨੂੰ ਨਹੀਂ ਪਤਾ ਕਿ ਉਸ ਨੂੰ ਕਿੱਥੇ ਰੱਖਿਆ ਗਿਆ ਹੈ।” 14  ਇਹ ਕਹਿਣ ਤੋਂ ਬਾਅਦ ਉਹ ਪਿੱਛੇ ਮੁੜੀ ਅਤੇ ਯਿਸੂ ਨੂੰ ਖੜ੍ਹਾ ਦੇਖਿਆ, ਪਰ ਉਸ ਨੇ ਯਿਸੂ ਨੂੰ ਪਛਾਣਿਆ ਨਹੀਂ। 15  ਯਿਸੂ ਨੇ ਉਸ ਨੂੰ ਕਿਹਾ: “ਬੀਬੀ, ਤੂੰ ਕਿਉਂ ਰੋ ਰਹੀ ਹੈਂ? ਤੂੰ ਕਿਸ ਨੂੰ ਲੱਭ ਰਹੀ ਹੈਂ?” ਉਸ ਨੂੰ ਮਾਲੀ ਸਮਝ ਕੇ ਮਰੀਅਮ ਨੇ ਕਿਹਾ: “ਵੀਰਾ, ਜੇ ਤੂੰ ਉਸ ਨੂੰ ਲੈ ਗਿਆ ਹੈਂ, ਤਾਂ ਮੈਨੂੰ ਦੱਸ ਤੂੰ ਉਸ ਨੂੰ ਕਿੱਥੇ ਰੱਖਿਆ ਹੈ, ਤਾਂਕਿ ਮੈਂ ਉਸ ਨੂੰ ਲੈ ਜਾਵਾਂ।” 16  ਯਿਸੂ ਨੇ ਉਸ ਨੂੰ ਕਿਹਾ: “ਮਰੀਅਮ!” ਉਸ ਨੇ ਪਿੱਛੇ ਮੁੜ ਕੇ ਇਬਰਾਨੀ ਵਿਚ ਕਿਹਾ: “ਰਬੋਨੀ!” (ਜਿਸ ਦਾ ਮਤਲਬ ਹੈ “ਗੁਰੂ!”) 17  ਯਿਸੂ ਨੇ ਉਸ ਨੂੰ ਕਿਹਾ: “ਮੈਂ ਅਜੇ ਉੱਪਰ ਪਿਤਾ ਕੋਲ ਨਹੀਂ ਗਿਆ ਹਾਂ, ਇਸ ਕਰਕੇ ਮੈਨੂੰ ਫੜੀ ਨਾ ਰੱਖ। ਪਰ ਜਾ ਕੇ ਮੇਰੇ ਭਰਾਵਾਂ ਨੂੰ ਦੱਸ, ‘ਮੈਂ ਉੱਪਰ ਆਪਣੇ ਪਿਤਾ ਅਤੇ ਤੁਹਾਡੇ ਪਿਤਾ ਕੋਲ ਅਤੇ ਆਪਣੇ ਪਰਮੇਸ਼ੁਰ ਅਤੇ ਤੁਹਾਡੇ ਪਰਮੇਸ਼ੁਰ ਕੋਲ ਜਾ ਰਿਹਾ ਹਾਂ।’” 18  ਮਰੀਅਮ ਮਗਦਲੀਨੀ ਨੇ ਆ ਕੇ ਚੇਲਿਆਂ ਨੂੰ ਇਹ ਖ਼ਬਰ ਦਿੱਤੀ: “ਮੈਂ ਪ੍ਰਭੂ ਨੂੰ ਦੇਖਿਆ ਹੈ!” ਅਤੇ ਉਸ ਨੇ ਉਨ੍ਹਾਂ ਨੂੰ ਉਹ ਸਾਰੀਆਂ ਗੱਲਾਂ ਦੱਸੀਆਂ ਜੋ ਪ੍ਰਭੂ ਨੇ ਉਸ ਨੂੰ ਕਹੀਆਂ ਸਨ। 19  ਉਸੇ ਦਿਨ ਸ਼ਾਮ ਨੂੰ, ਜੋ ਕਿ ਹਫ਼ਤੇ ਦਾ ਪਹਿਲਾ ਦਿਨ ਸੀ, ਚੇਲੇ ਯਹੂਦੀ ਆਗੂਆਂ ਤੋਂ ਡਰਦੇ ਮਾਰੇ ਘਰ ਦੇ ਅੰਦਰ ਸਨ ਅਤੇ ਦਰਵਾਜ਼ੇ ਦਾ ਕੁੰਡਾ ਲੱਗਾ ਹੋਣ ਦੇ ਬਾਵਜੂਦ ਵੀ ਯਿਸੂ ਉਨ੍ਹਾਂ ਦੇ ਵਿਚਕਾਰ ਆ ਖੜ੍ਹਾ ਹੋਇਆ ਅਤੇ ਉਨ੍ਹਾਂ ਨੂੰ ਕਿਹਾ: “ਰੱਬ ਤੁਹਾਨੂੰ ਸ਼ਾਂਤੀ ਬਖ਼ਸ਼ੇ।” 20  ਇਹ ਕਹਿਣ ਤੋਂ ਬਾਅਦ ਉਸ ਨੇ ਆਪਣੇ ਹੱਥ ਤੇ ਆਪਣੀ ਵੱਖੀ ਉਨ੍ਹਾਂ ਨੂੰ ਦਿਖਾਈ। ਚੇਲੇ ਪ੍ਰਭੂ ਨੂੰ ਦੇਖ ਕੇ ਬੜੇ ਖ਼ੁਸ਼ ਹੋਏ। 21  ਯਿਸੂ ਨੇ ਉਨ੍ਹਾਂ ਨੂੰ ਦੁਬਾਰਾ ਕਿਹਾ: “ਰੱਬ ਤੁਹਾਨੂੰ ਸ਼ਾਂਤੀ ਬਖ਼ਸ਼ੇ। ਜਿਵੇਂ ਪਿਤਾ ਨੇ ਮੈਨੂੰ ਦੁਨੀਆਂ ਵਿਚ ਘੱਲਿਆ, ਉਸੇ ਤਰ੍ਹਾਂ ਮੈਂ ਵੀ ਤੁਹਾਨੂੰ ਦੁਨੀਆਂ ਵਿਚ ਘੱਲ ਰਿਹਾ ਹਾਂ।” 22  ਇਹ ਕਹਿਣ ਤੋਂ ਬਾਅਦ ਉਸ ਨੇ ਉਨ੍ਹਾਂ ਉੱਤੇ ਫੂਕ ਮਾਰ ਕੇ ਕਿਹਾ: “ਪਵਿੱਤਰ ਸ਼ਕਤੀ ਪਾਓ। 23  ਜੇ ਤੁਸੀਂ ਕਿਸੇ ਇਨਸਾਨ ਦੇ ਪਾਪ ਮਾਫ਼ ਕਰਦੇ ਹੋ, ਤਾਂ ਪਰਮੇਸ਼ੁਰ ਦੁਆਰਾ ਉਸ ਦੇ ਪਾਪ ਪਹਿਲਾਂ ਹੀ ਮਾਫ਼ ਕਰ ਦਿੱਤੇ ਗਏ ਹਨ; ਅਤੇ ਜੇ ਤੁਸੀਂ ਕਿਸੇ ਇਨਸਾਨ ਦੇ ਪਾਪ ਮਾਫ਼ ਨਹੀਂ ਕਰਦੇ, ਤਾਂ ਪਰਮੇਸ਼ੁਰ ਦੁਆਰਾ ਉਸ ਦੇ ਪਾਪ ਮਾਫ਼ ਨਹੀਂ ਕੀਤੇ ਗਏ ਹਨ।” 24  ਪਰ ਬਾਰਾਂ ਰਸੂਲਾਂ ਵਿੱਚੋਂ ਇਕ ਰਸੂਲ ਥੋਮਾ ਜਿਸ ਨੂੰ ਦੀਦੁਮੁਸ* ਵੀ ਕਿਹਾ ਜਾਂਦਾ ਹੈ, ਉਸ ਵੇਲੇ ਉਨ੍ਹਾਂ ਨਾਲ ਨਹੀਂ ਸੀ ਜਦੋਂ ਯਿਸੂ ਆਇਆ ਸੀ। 25  ਇਸ ਕਰਕੇ ਦੂਸਰੇ ਚੇਲੇ ਉਸ ਨੂੰ ਦੱਸ ਰਹੇ ਸਨ: “ਅਸੀਂ ਪ੍ਰਭੂ ਨੂੰ ਦੇਖਿਆ ਹੈ!” ਪਰ ਉਸ ਨੇ ਉਨ੍ਹਾਂ ਨੂੰ ਕਿਹਾ: “ਜਦ ਤਕ ਮੈਂ ਉਸ ਦੇ ਹੱਥਾਂ ਵਿਚ ਕਿੱਲਾਂ ਦੇ ਜ਼ਖ਼ਮ ਨਾ ਦੇਖ ਲਵਾਂ ਤੇ ਕਿੱਲਾਂ ਦੇ ਜ਼ਖ਼ਮਾਂ ਵਿਚ ਆਪਣੀ ਉਂਗਲ ਅਤੇ ਉਸ ਦੀ ਵੱਖੀ ਵਿਚ ਆਪਣਾ ਹੱਥ ਨਾ ਪਾ ਲਵਾਂ, ਤਦ ਤਕ ਮੈਂ ਵਿਸ਼ਵਾਸ ਨਹੀਂ ਕਰਾਂਗਾ।” 26  ਫਿਰ ਅੱਠਾਂ ਦਿਨਾਂ ਬਾਅਦ ਚੇਲੇ ਦੁਬਾਰਾ ਘਰ ਵਿਚ ਸਨ ਅਤੇ ਥੋਮਾ ਵੀ ਉਨ੍ਹਾਂ ਦੇ ਨਾਲ ਸੀ। ਭਾਵੇਂ ਦਰਵਾਜ਼ੇ ਦਾ ਕੁੰਡਾ ਲੱਗਾ ਹੋਇਆ ਸੀ, ਫਿਰ ਵੀ ਯਿਸੂ ਆ ਕੇ ਉਨ੍ਹਾਂ ਵਿਚਕਾਰ ਖੜ੍ਹਾ ਹੋ ਗਿਆ ਅਤੇ ਕਿਹਾ: “ਰੱਬ ਤੁਹਾਨੂੰ ਸ਼ਾਂਤੀ ਬਖ਼ਸ਼ੇ।” 27  ਫਿਰ ਉਸ ਨੇ ਥੋਮਾ ਨੂੰ ਕਿਹਾ: “ਆਹ ਦੇਖ ਮੇਰੇ ਹੱਥ, ਆਪਣੀ ਉਂਗਲ ਇਨ੍ਹਾਂ ਵਿਚ ਪਾ ਅਤੇ ਆਪਣਾ ਹੱਥ ਮੇਰੀ ਵੱਖੀ ਵਿਚ ਪਾ ਅਤੇ ਸ਼ੱਕ ਕਰਨਾ ਛੱਡ ਕੇ ਵਿਸ਼ਵਾਸ ਕਰ।” 28  ਜਵਾਬ ਵਿਚ ਥੋਮਾ ਨੇ ਉਸ ਨੂੰ ਕਿਹਾ: “ਮੇਰੇ ਪ੍ਰਭੂ, ਮੇਰੇ ਪਰਮੇਸ਼ੁਰ!” 29  ਯਿਸੂ ਨੇ ਉਸ ਨੂੰ ਕਿਹਾ: “ਕੀ ਤੂੰ ਇਸ ਕਰਕੇ ਵਿਸ਼ਵਾਸ ਕਰਦਾ ਹੈਂ ਕਿਉਂਕਿ ਤੂੰ ਮੈਨੂੰ ਦੇਖ ਲਿਆ ਹੈ? ਧੰਨ ਹਨ ਉਹ ਜਿਹੜੇ ਦੇਖੇ ਬਿਨਾਂ ਵਿਸ਼ਵਾਸ ਕਰਦੇ ਹਨ।” 30  ਬੇਸ਼ੱਕ ਯਿਸੂ ਨੇ ਆਪਣੇ ਚੇਲਿਆਂ ਸਾਮ੍ਹਣੇ ਹੋਰ ਵੀ ਬਹੁਤ ਸਾਰੇ ਚਮਤਕਾਰ ਕੀਤੇ ਸਨ ਜਿਨ੍ਹਾਂ ਨੂੰ ਇਸ ਕਿਤਾਬ* ਵਿਚ ਨਹੀਂ ਲਿਖਿਆ ਗਿਆ ਹੈ। 31  ਪਰ ਜਿਹੜੇ ਚਮਤਕਾਰ ਲਿਖੇ ਗਏ ਹਨ ਉਹ ਇਸ ਕਰਕੇ ਲਿਖੇ ਗਏ ਹਨ ਤਾਂਕਿ ਤੁਸੀਂ ਵਿਸ਼ਵਾਸ ਕਰੋ ਕਿ ਯਿਸੂ ਹੀ ਮਸੀਹ ਤੇ ਪਰਮੇਸ਼ੁਰ ਦਾ ਪੁੱਤਰ ਹੈ ਅਤੇ ਵਿਸ਼ਵਾਸ ਕਰਨ ਕਰਕੇ ਤੁਹਾਨੂੰ ਉਸ ਦੇ ਨਾਂ ’ਤੇ ਜ਼ਿੰਦਗੀ ਮਿਲੇ।

ਫੁਟਨੋਟ

ਮੱਤੀ 28:1, ਫੁਟਨੋਟ ਦੇਖੋ।
ਜਾਂ, “ਜੌੜਾ।”
ਪੁਰਾਣੇ ਜ਼ਮਾਨੇ ਵਿਚ ਕਿਤਾਬਾਂ ਲੰਬੇ ਸਾਰੇ ਕਾਗਜ਼ ਦੇ ਰੂਪ ਵਿਚ ਹੁੰਦੀਆਂ ਸਨ ਅਤੇ ਇਹ ਕਾਗਜ਼ ਦੋਵੇਂ ਸਿਰਿਆਂ ਤੋਂ ਡੰਡਿਆਂ ਉੱਤੇ ਲਪੇਟਿਆ ਹੁੰਦਾ ਸੀ।