Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਆਨ-ਲਾਈਨ ਬਾਈਬਲ | ਪਵਿੱਤਰ ਬਾਈਬਲ—ਨਵੀਂ ਦੁਨੀਆਂ ਅਨੁਵਾਦ

ਯੂਹੰਨਾ 11:1-57

11  ਬੈਥਨੀਆ ਪਿੰਡ ਵਿਚ ਲਾਜ਼ਰ ਨਾਂ ਦਾ ਇਕ ਆਦਮੀ ਬੀਮਾਰ ਸੀ ਅਤੇ ਉਸ ਦੀਆਂ ਭੈਣਾਂ ਮਰੀਅਮ ਅਤੇ ਮਾਰਥਾ ਵੀ ਉੱਥੇ ਰਹਿੰਦੀਆਂ ਸਨ।  ਇਹ ਉਹੀ ਮਰੀਅਮ ਹੈ ਜਿਸ ਨੇ ਪ੍ਰਭੂ ਦੇ ਪੈਰਾਂ ’ਤੇ ਅਤਰ ਮਲ਼ਿਆ ਸੀ ਅਤੇ ਆਪਣੇ ਵਾਲ਼ਾਂ ਨਾਲ ਉਸ ਦੇ ਪੈਰ ਪੂੰਝੇ ਸਨ। ਉਸ ਦਾ ਭਰਾ ਲਾਜ਼ਰ ਬੀਮਾਰ ਸੀ।  ਇਸ ਲਈ, ਉਸ ਦੀਆਂ ਭੈਣਾਂ ਨੇ ਪ੍ਰਭੂ ਨੂੰ ਸੁਨੇਹਾ ਘੱਲਿਆ: “ਪ੍ਰਭੂ, ਦੇਖ! ਤੇਰਾ ਪਿਆਰਾ ਦੋਸਤ ਬੀਮਾਰ ਹੈ।”  ਪਰ ਜਦੋਂ ਯਿਸੂ ਨੂੰ ਸੁਨੇਹਾ ਮਿਲਿਆ, ਤਾਂ ਉਸ ਨੇ ਕਿਹਾ: “ਇਸ ਬੀਮਾਰੀ ਦਾ ਅੰਜਾਮ ਮੌਤ ਨਹੀਂ, ਸਗੋਂ ਇਸ ਰਾਹੀਂ ਪਰਮੇਸ਼ੁਰ ਦੀ ਅਤੇ ਉਸ ਦੇ ਪੁੱਤਰ ਦੀ ਮਹਿਮਾ ਹੋਵੇਗੀ।”  ਯਿਸੂ ਮਾਰਥਾ, ਉਸ ਦੀ ਭੈਣ ਮਰੀਅਮ ਅਤੇ ਲਾਜ਼ਰ ਨਾਲ ਪਿਆਰ ਕਰਦਾ ਸੀ।  ਪਰ ਜਦੋਂ ਉਸ ਨੇ ਲਾਜ਼ਰ ਦੇ ਬੀਮਾਰ ਹੋਣ ਬਾਰੇ ਸੁਣਿਆ, ਤਾਂ ਉਹ ਜਿੱਥੇ ਰਹਿ ਰਿਹਾ ਸੀ, ਉੱਥੇ ਦੋ ਦਿਨ ਹੋਰ ਰਿਹਾ।  ਇਸ ਤੋਂ ਬਾਅਦ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਆਓ ਦੁਬਾਰਾ ਯਹੂਦੀਆ ਨੂੰ ਚਲੀਏ।”  ਚੇਲਿਆਂ ਨੇ ਉਸ ਨੂੰ ਕਿਹਾ: “ਗੁਰੂ ਜੀ, ਅਜੇ ਕੁਝ ਸਮਾਂ ਪਹਿਲਾਂ ਹੀ ਤਾਂ ਯਹੂਦੀਆ ਵਿਚ ਲੋਕਾਂ ਨੇ ਤੈਨੂੰ ਪੱਥਰਾਂ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਕੀ ਤੂੰ ਦੁਬਾਰਾ ਉੱਥੇ ਜਾਏਂਗਾ?”  ਯਿਸੂ ਨੇ ਜਵਾਬ ਦਿੱਤਾ: “ਕੀ ਦਿਨੇ ਬਾਰਾਂ ਘੰਟੇ ਚਾਨਣ ਨਹੀਂ ਹੁੰਦਾ? ਜੇ ਕੋਈ ਚਾਨਣ ਵਿਚ ਤੁਰਦਾ ਹੈ, ਤਾਂ ਉਹ ਕਿਸੇ ਚੀਜ਼ ਨਾਲ ਠੋਕਰ ਨਹੀਂ ਖਾਂਦਾ ਕਿਉਂਕਿ ਚਾਨਣ ਹੋਣ ਕਰਕੇ ਉਹ ਦੇਖ ਸਕਦਾ ਹੈ। 10  ਪਰ ਜੇ ਉਹ ਰਾਤ ਨੂੰ ਤੁਰਦਾ ਹੈ, ਤਾਂ ਉਹ ਕਿਸੇ ਚੀਜ਼ ਨਾਲ ਠੋਕਰ ਖਾਂਦਾ ਹੈ ਕਿਉਂਕਿ ਉਸ ਨੂੰ ਰਾਹ ਦਿਖਾਉਣ ਲਈ ਚਾਨਣ ਨਹੀਂ ਹੈ।” 11  ਇਹ ਗੱਲਾਂ ਕਹਿਣ ਤੋਂ ਬਾਅਦ ਉਸ ਨੇ ਉਨ੍ਹਾਂ ਨੂੰ ਕਿਹਾ: “ਲਾਜ਼ਰ ਸਾਡਾ ਦੋਸਤ ਸੌਂ ਰਿਹਾ ਹੈ, ਪਰ ਮੈਂ ਉਸ ਨੂੰ ਜਗਾਉਣ ਜਾ ਰਿਹਾ ਹਾਂ।” 12  ਇਸ ਲਈ ਚੇਲਿਆਂ ਨੇ ਉਸ ਨੂੰ ਕਿਹਾ: “ਪ੍ਰਭੂ, ਜੇ ਉਹ ਸੌਂ ਰਿਹਾ ਹੈ, ਤਾਂ ਉਹ ਠੀਕ ਹੋ ਜਾਵੇਗਾ।” 13  ਯਿਸੂ ਨੇ ਤਾਂ ਉਸ ਦੇ ਮਰਨ ਬਾਰੇ ਗੱਲ ਕੀਤੀ ਸੀ, ਪਰ ਉਨ੍ਹਾਂ ਨੂੰ ਲੱਗਾ ਕਿ ਉਹ ਲਾਜ਼ਰ ਦੇ ਸੌਣ ਤੇ ਆਰਾਮ ਕਰਨ ਬਾਰੇ ਗੱਲ ਕਰ ਰਿਹਾ ਸੀ। 14  ਇਸ ਲਈ ਯਿਸੂ ਨੇ ਉਨ੍ਹਾਂ ਨੂੰ ਸਾਫ਼-ਸਾਫ਼ ਦੱਸ ਦਿੱਤਾ: “ਲਾਜ਼ਰ ਮਰ ਗਿਆ ਹੈ, 15  ਅਤੇ ਤੁਹਾਡੇ ਲਈ ਚੰਗਾ ਹੈ ਕਿ ਮੈਂ ਉੱਥੇ ਨਹੀਂ ਸੀ ਕਿਉਂਕਿ ਹੁਣ ਮੈਂ ਜੋ ਕਰਾਂਗਾ, ਉਸ ਨਾਲ ਤੁਹਾਡੀ ਨਿਹਚਾ ਪਹਿਲਾਂ ਨਾਲੋਂ ਵੀ ਮਜ਼ਬੂਤ ਹੋ ਜਾਵੇਗੀ। ਆਓ ਆਪਾਂ ਉਸ ਕੋਲ ਚਲੀਏ।” 16  ਇਸ ਲਈ ਥੋਮਾ ਉਰਫ਼ ਦੀਦੁਮੁਸ* ਨੇ ਦੂਸਰੇ ਚੇਲਿਆਂ ਨੂੰ ਕਿਹਾ: “ਚਲੋ ਆਪਾਂ ਵੀ ਉਸ ਨਾਲ ਮਰਨ ਚਲੀਏ।” 17  ਫਿਰ ਜਦੋਂ ਯਿਸੂ ਉੱਥੇ ਪਹੁੰਚਿਆ, ਤਾਂ ਉਸ ਨੇ ਦੇਖਿਆ ਕਿ ਲਾਜ਼ਰ ਨੂੰ ਕਬਰ ਵਿਚ ਰੱਖਿਆਂ ਚਾਰ ਦਿਨ ਹੋ ਗਏ ਸਨ। 18  ਬੈਥਨੀਆ ਯਰੂਸ਼ਲਮ ਤੋਂ ਲਗਭਗ ਤਿੰਨ ਕਿਲੋਮੀਟਰ ਦੂਰ ਸੀ। 19  ਉਸ ਵੇਲੇ ਲਾਜ਼ਰ ਦੇ ਮਰਨ ਕਰਕੇ ਮਾਰਥਾ ਅਤੇ ਮਰੀਅਮ ਨੂੰ ਦਿਲਾਸਾ ਦੇਣ ਬਹੁਤ ਸਾਰੇ ਯਹੂਦੀ ਆਏ ਹੋਏ ਸਨ। 20  ਜਦੋਂ ਮਾਰਥਾ ਨੇ ਸੁਣਿਆ ਕਿ ਯਿਸੂ ਆ ਰਿਹਾ ਸੀ, ਤਾਂ ਉਹ ਉਸ ਨੂੰ ਰਾਹ ਵਿਚ ਮਿਲਣ ਗਈ, ਪਰ ਮਰੀਅਮ ਘਰੇ ਰਹੀ। 21  ਫਿਰ ਯਿਸੂ ਨੂੰ ਮਿਲ ਕੇ ਮਾਰਥਾ ਨੇ ਕਿਹਾ: “ਪ੍ਰਭੂ, ਜੇ ਤੂੰ ਇੱਥੇ ਹੁੰਦਾ, ਤਾਂ ਮੇਰਾ ਵੀਰ ਨਾ ਮਰਦਾ। 22  ਪਰ ਮੈਨੂੰ ਹਾਲੇ ਵੀ ਭਰੋਸਾ ਹੈ ਕਿ ਤੂੰ ਪਰਮੇਸ਼ੁਰ ਤੋਂ ਜੋ ਵੀ ਮੰਗੇਂਗਾ, ਪਰਮੇਸ਼ੁਰ ਤੈਨੂੰ ਦੇ ਦੇਵੇਗਾ।” 23  ਯਿਸੂ ਨੇ ਉਸ ਨੂੰ ਕਿਹਾ: “ਤੇਰਾ ਭਰਾ ਦੁਬਾਰਾ ਜੀਉਂਦਾ ਹੋ ਜਾਵੇਗਾ।” 24  ਮਾਰਥਾ ਨੇ ਕਿਹਾ: “ਮੈਨੂੰ ਪਤਾ ਉਹ ਆਖ਼ਰੀ ਦਿਨ ’ਤੇ ਦੁਬਾਰਾ ਜੀਉਂਦਾ ਹੋਵੇਗਾ।” 25  ਯਿਸੂ ਨੇ ਉਸ ਨੂੰ ਕਿਹਾ: “ਮੈਂ ਹੀ ਹਾਂ ਜਿਸ ਰਾਹੀਂ ਮਰੇ ਹੋਇਆਂ ਨੂੰ ਜੀਉਂਦਾ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਜ਼ਿੰਦਗੀ ਮਿਲੇਗੀ। ਜਿਹੜਾ ਮੇਰੇ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਹ ਭਾਵੇਂ ਮਰ ਵੀ ਜਾਵੇ, ਉਹ ਦੁਬਾਰਾ ਜੀਉਂਦਾ ਹੋ ਜਾਵੇਗਾ; 26  ਅਤੇ ਜਿਹੜਾ ਜੀਉਂਦਾ ਹੈ ਅਤੇ ਮੇਰੇ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਹ ਕਦੇ ਨਹੀਂ ਮਰੇਗਾ। ਕੀ ਤੂੰ ਇਸ ਗੱਲ ਦਾ ਵਿਸ਼ਵਾਸ ਕਰਦੀ ਹੈਂ?” 27  ਮਾਰਥਾ ਨੇ ਉਸ ਨੂੰ ਕਿਹਾ: “ਹਾਂ ਪ੍ਰਭੂ, ਮੈਨੂੰ ਵਿਸ਼ਵਾਸ ਹੈ ਕਿ ਤੂੰ ਮਸੀਹ ਅਤੇ ਪਰਮੇਸ਼ੁਰ ਦਾ ਪੁੱਤਰ ਹੈਂ ਜਿਸ ਦੇ ਦੁਨੀਆਂ ਵਿਚ ਆਉਣ ਬਾਰੇ ਧਰਮ-ਗ੍ਰੰਥ ਵਿਚ ਲਿਖਿਆ ਗਿਆ ਸੀ।” 28  ਇਹ ਕਹਿਣ ਤੋਂ ਬਾਅਦ ਉਸ ਨੇ ਜਾ ਕੇ ਆਪਣੀ ਭੈਣ ਮਰੀਅਮ ਨੂੰ ਹੌਲੀ ਦੇਣੀ ਦੱਸਿਆ: “ਗੁਰੂ ਆ ਗਿਆ ਹੈ ਅਤੇ ਤੈਨੂੰ ਬੁਲਾ ਰਿਹਾ ਹੈ।” 29  ਇਹ ਸੁਣ ਕੇ ਮਰੀਅਮ ਝੱਟ ਉੱਠੀ ਅਤੇ ਉਸ ਨੂੰ ਮਿਲਣ ਚਲੀ ਗਈ। 30  ਯਿਸੂ ਅਜੇ ਪਿੰਡ ਵਿਚ ਨਹੀਂ ਆਇਆ ਸੀ, ਪਰ ਉਸੇ ਜਗ੍ਹਾ ਸੀ ਜਿੱਥੇ ਮਾਰਥਾ ਉਸ ਨੂੰ ਮਿਲੀ ਸੀ। 31  ਜਦੋਂ ਮਰੀਅਮ ਨੂੰ ਦਿਲਾਸਾ ਦੇ ਰਹੇ ਯਹੂਦੀਆਂ ਨੇ ਉਸ ਨੂੰ ਝੱਟ ਉੱਠ ਕੇ ਘਰੋਂ ਬਾਹਰ ਜਾਂਦਿਆਂ ਦੇਖਿਆ, ਤਾਂ ਉਹ ਵੀ ਉਸ ਦੇ ਪਿੱਛੇ-ਪਿੱਛੇ ਗਏ ਕਿਉਂਕਿ ਉਨ੍ਹਾਂ ਨੂੰ ਲੱਗਾ ਕਿ ਉਹ ਕਬਰ ’ਤੇ ਰੋਣ ਲਈ ਜਾ ਰਹੀ ਸੀ। 32  ਫਿਰ ਮਰੀਅਮ ਉੱਥੇ ਪਹੁੰਚੀ ਜਿੱਥੇ ਯਿਸੂ ਸੀ ਅਤੇ ਉਸ ਨੂੰ ਦੇਖਦਿਆਂ ਸਾਰ ਉਸ ਦੇ ਪੈਰੀਂ ਪੈ ਕੇ ਕਹਿਣ ਲੱਗੀ: “ਪ੍ਰਭੂ, ਜੇ ਤੂੰ ਇੱਥੇ ਹੁੰਦਾ, ਤਾਂ ਮੇਰਾ ਵੀਰ ਨਾ ਮਰਦਾ।” 33  ਇਸ ਲਈ, ਜਦੋਂ ਯਿਸੂ ਨੇ ਉਸ ਨੂੰ ਅਤੇ ਉਸ ਨਾਲ ਆਏ ਯਹੂਦੀਆਂ ਨੂੰ ਰੋਂਦੇ ਦੇਖਿਆ, ਤਾਂ ਉਸ ਦਾ ਵੀ ਦਿਲ ਭਰ ਆਇਆ* ਅਤੇ ਉਹ ਬਹੁਤ ਦੁਖੀ ਹੋਇਆ; 34  ਅਤੇ ਉਸ ਨੇ ਪੁੱਛਿਆ: “ਤੁਸੀਂ ਉਸ ਨੂੰ ਕਿੱਥੇ ਰੱਖਿਆ ਹੈ?” ਉਨ੍ਹਾਂ ਨੇ ਉਸ ਨੂੰ ਕਿਹਾ: “ਪ੍ਰਭੂ, ਆ ਕੇ ਦੇਖ ਲੈ।” 35  ਯਿਸੂ ਰੋਣ ਲੱਗ ਪਿਆ। 36  ਇਸ ਲਈ ਯਹੂਦੀ ਕਹਿਣ ਲੱਗੇ: “ਦੇਖੋ! ਇਹ ਉਸ ਨਾਲ ਕਿੰਨਾ ਪਿਆਰ ਕਰਦਾ ਸੀ!” 37  ਪਰ ਕਈਆਂ ਨੇ ਕਿਹਾ: “ਕੀ ਇਹ ਆਦਮੀ ਜਿਸ ਨੇ ਅੰਨ੍ਹੇ ਦੀਆਂ ਅੱਖਾਂ ਖੋਲ੍ਹੀਆਂ ਸਨ, ਇਸ ਨੂੰ ਮਰਨ ਤੋਂ ਨਹੀਂ ਬਚਾ ਸਕਦਾ ਸੀ?” 38  ਯਿਸੂ ਦਾ ਦਿਲ ਦੁਬਾਰਾ ਭਰ ਆਇਆ। ਫਿਰ ਉਹ ਕਬਰ ’ਤੇ ਆ ਗਿਆ। ਕਬਰ ਅਸਲ ਵਿਚ ਇਕ ਗੁਫਾ ਸੀ ਜਿਸ ਦੇ ਮੂੰਹ ਉੱਤੇ ਇਕ ਪੱਥਰ ਰੱਖਿਆ ਹੋਇਆ ਸੀ। 39  ਯਿਸੂ ਨੇ ਕਿਹਾ: “ਪੱਥਰ ਨੂੰ ਹਟਾ ਦਿਓ।” ਲਾਜ਼ਰ ਦੀ ਭੈਣ ਮਾਰਥਾ ਨੇ ਕਿਹਾ: “ਪ੍ਰਭੂ, ਉਸ ਦੀ ਲੋਥ ਵਿੱਚੋਂ ਬੋ ਆਉਣ ਲੱਗ ਪਈ ਹੋਣੀ ਕਿਉਂਕਿ ਉਸ ਨੂੰ ਮਰੇ ਨੂੰ ਚਾਰ ਦਿਨ ਹੋ ਗਏ ਹਨ।” 40  ਯਿਸੂ ਨੇ ਉਸ ਨੂੰ ਕਿਹਾ: “ਕੀ ਮੈਂ ਤੈਨੂੰ ਨਹੀਂ ਕਿਹਾ ਸੀ ਕਿ ਜੇ ਤੂੰ ਵਿਸ਼ਵਾਸ ਕਰੇਂਗੀ, ਤਾਂ ਤੂੰ ਪਰਮੇਸ਼ੁਰ ਦੀ ਮਹਿਮਾ ਦੇਖੇਂਗੀ?” 41  ਇਸ ਲਈ ਉਨ੍ਹਾਂ ਨੇ ਪੱਥਰ ਹਟਾ ਦਿੱਤਾ। ਫਿਰ ਯਿਸੂ ਨੇ ਆਕਾਸ਼ ਵੱਲ ਦੇਖ ਕੇ ਕਿਹਾ: “ਹੇ ਪਿਤਾ, ਮੈਂ ਤੇਰਾ ਧੰਨਵਾਦ ਕਰਦਾ ਹਾਂ ਕਿ ਤੂੰ ਮੇਰੀ ਫ਼ਰਿਆਦ ਸੁਣ ਲਈ ਹੈ। 42  ਮੈਂ ਜਾਣਦਾ ਹਾਂ ਕਿ ਤੂੰ ਹਮੇਸ਼ਾ ਮੇਰੀ ਸੁਣਦਾ ਹੈਂ, ਫਿਰ ਵੀ ਇੱਥੇ ਖੜ੍ਹੀ ਭੀੜ ਦੀ ਖ਼ਾਤਰ ਮੈਂ ਕਿਹਾ ਤਾਂਕਿ ਇਹ ਵਿਸ਼ਵਾਸ ਕਰਨ ਕਿ ਤੂੰ ਮੈਨੂੰ ਘੱਲਿਆ ਹੈ।” 43  ਅਤੇ ਇਹ ਗੱਲਾਂ ਕਹਿਣ ਤੋਂ ਬਾਅਦ ਉਸ ਨੇ ਉੱਚੀ ਆਵਾਜ਼ ਵਿਚ ਕਿਹਾ: “ਲਾਜ਼ਰ, ਬਾਹਰ ਆ ਜਾ!” 44  ਉਹ ਆਦਮੀ ਜਿਹੜਾ ਮਰ ਗਿਆ ਸੀ, ਬਾਹਰ ਆ ਗਿਆ। ਉਸ ਦੇ ਹੱਥਾਂ-ਪੈਰਾਂ ’ਤੇ ਪੱਟੀਆਂ ਬੱਝੀਆਂ ਹੋਈਆਂ ਸਨ ਅਤੇ ਮੂੰਹ ’ਤੇ ਕੱਪੜਾ ਲਪੇਟਿਆ ਹੋਇਆ ਸੀ। ਯਿਸੂ ਨੇ ਉਨ੍ਹਾਂ ਨੂੰ ਕਿਹਾ: “ਉਸ ਦੀਆਂ ਪੱਟੀਆਂ ਖੋਲ੍ਹ ਦਿਓ ਅਤੇ ਉਸ ਨੂੰ ਜਾਣ ਦਿਓ।” 45  ਇਸ ਲਈ ਜਿਹੜੇ ਯਹੂਦੀ ਮਰੀਅਮ ਕੋਲ ਆਏ ਸਨ, ਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੇ ਇਹ ਦੇਖ ਕੇ ਯਿਸੂ ਉੱਤੇ ਨਿਹਚਾ ਕੀਤੀ; 46  ਪਰ ਉਨ੍ਹਾਂ ਵਿੱਚੋਂ ਕੁਝ ਲੋਕ ਫ਼ਰੀਸੀਆਂ ਕੋਲ ਗਏ ਅਤੇ ਉਨ੍ਹਾਂ ਨੂੰ ਉਹ ਸਾਰਾ ਕੁਝ ਦੱਸਿਆ ਜੋ ਯਿਸੂ ਨੇ ਕੀਤਾ ਸੀ। 47  ਇਸ ਕਰਕੇ ਮੁੱਖ ਪੁਜਾਰੀਆਂ ਅਤੇ ਫ਼ਰੀਸੀਆਂ ਨੇ ਮਹਾਸਭਾ ਨੂੰ ਇਕੱਠਾ ਕੀਤਾ ਅਤੇ ਕਹਿਣ ਲੱਗੇ: “ਅਸੀਂ ਹੁਣ ਕੀ ਕਰੀਏ, ਇਹ ਆਦਮੀ ਤਾਂ ਬਹੁਤ ਸਾਰੇ ਚਮਤਕਾਰ ਕਰ ਰਿਹਾ ਹੈ? 48  ਜੇ ਅਸੀਂ ਇਸ ਨੂੰ ਨਾ ਰੋਕਿਆ, ਤਾਂ ਸਾਰੇ ਇਸ ਉੱਤੇ ਨਿਹਚਾ ਕਰਨ ਲੱਗ ਪੈਣਗੇ ਅਤੇ ਰੋਮੀ ਆ ਕੇ ਸਾਡੇ ਮੰਦਰ ਅਤੇ ਸਾਡੀ ਕੌਮ ਉੱਤੇ ਕਬਜ਼ਾ ਕਰ ਲੈਣਗੇ।” 49  ਉੱਥੇ ਉਨ੍ਹਾਂ ਵਿਚ ਕਾਇਫ਼ਾ ਵੀ ਸੀ ਜਿਹੜਾ ਉਸ ਸਾਲ ਮਹਾਂ ਪੁਜਾਰੀ ਸੀ। ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਕੁਝ ਨਹੀਂ ਜਾਣਦੇ; 50  ਤੁਸੀਂ ਇਹ ਕਿਉਂ ਨਹੀਂ ਸਮਝਦੇ ਕਿ ਇਸ ਵਿਚ ਤੁਹਾਡਾ ਹੀ ਭਲਾ ਹੈ ਜੇ ਇਕ ਬੰਦਾ ਸਾਰੇ ਲੋਕਾਂ ਲਈ ਮਰੇ, ਇਸ ਦੀ ਬਜਾਇ ਕਿ ਪੂਰੀ ਕੌਮ ਤਬਾਹ ਹੋਵੇ?” 51  ਉਸ ਨੇ ਇਹ ਗੱਲ ਆਪਣੇ ਵੱਲੋਂ ਨਹੀਂ ਕਹੀ ਸੀ, ਸਗੋਂ ਉਸ ਸਾਲ ਮਹਾਂ ਪੁਜਾਰੀ ਹੋਣ ਕਰਕੇ ਉਸ ਨੇ ਭਵਿੱਖਬਾਣੀ ਕੀਤੀ ਸੀ ਕਿ ਯਿਸੂ ਇਸ ਕੌਮ ਦੇ ਲਈ ਮਰੇਗਾ, 52  ਅਤੇ ਸਿਰਫ਼ ਇਸ ਕੌਮ ਲਈ ਹੀ ਨਹੀਂ, ਸਗੋਂ ਇਸ ਲਈ ਵੀ ਕਿ ਪਰਮੇਸ਼ੁਰ ਦੇ ਖਿੰਡੇ ਹੋਏ ਬੱਚਿਆਂ ਨੂੰ ਇਕੱਠਾ ਕਰ ਕੇ ਉਨ੍ਹਾਂ ਵਿਚ ਏਕਾ ਕੀਤਾ ਜਾਵੇ। 53  ਇਸ ਲਈ, ਉਸ ਦਿਨ ਤੋਂ ਉਹ ਉਸ ਨੂੰ ਮਾਰਨ ਦੀ ਸਾਜ਼ਸ਼ ਘੜਨ ਲੱਗ ਪਏ। 54  ਇਸ ਕਰਕੇ ਯਿਸੂ ਨੇ ਯਹੂਦੀਆਂ ਵਿਚ ਖੁੱਲ੍ਹੇ-ਆਮ ਤੁਰਨਾ-ਫਿਰਨਾ ਛੱਡ ਦਿੱਤਾ, ਪਰ ਉਹ ਉੱਥੋਂ ਇਫ਼ਰਾਈਮ ਨਾਂ ਦੇ ਸ਼ਹਿਰ ਵਿਚ ਚਲਾ ਗਿਆ ਜੋ ਉਜਾੜ ਲਾਗੇ ਸੀ ਅਤੇ ਆਪਣੇ ਚੇਲਿਆਂ ਨਾਲ ਉੱਥੇ ਰਿਹਾ। 55  ਹੁਣ ਯਹੂਦੀਆਂ ਦਾ ਪਸਾਹ ਦਾ ਤਿਉਹਾਰ ਨੇੜੇ ਸੀ ਅਤੇ ਪਿੰਡਾਂ ਦੇ ਬਹੁਤ ਸਾਰੇ ਲੋਕ ਪਸਾਹ ਤੋਂ ਪਹਿਲਾਂ ਯਹੂਦੀ ਰੀਤ ਅਨੁਸਾਰ ਆਪਣੇ ਆਪ ਨੂੰ ਸ਼ੁੱਧ ਕਰਨ ਲਈ ਯਰੂਸ਼ਲਮ ਗਏ। 56  ਉਹ ਉੱਥੇ ਯਿਸੂ ਨੂੰ ਲੱਭਣ ਲੱਗੇ ਅਤੇ ਮੰਦਰ ਵਿਚ ਇਕ-ਦੂਜੇ ਨੂੰ ਪੁੱਛਣ ਲੱਗੇ: “ਤੁਹਾਨੂੰ ਕੀ ਲੱਗਦਾ? ਕੀ ਉਹ ਤਿਉਹਾਰ ਵਿਚ ਆਊਗਾ ਜਾਂ ਨਹੀਂ?” 57  ਅਤੇ ਮੁੱਖ ਪੁਜਾਰੀ ਤੇ ਫ਼ਰੀਸੀਆਂ ਨੇ ਹੁਕਮ ਦਿੱਤਾ ਹੋਇਆ ਸੀ ਕਿ ਜੇ ਕਿਸੇ ਨੂੰ ਯਿਸੂ ਦਾ ਅਤਾ-ਪਤਾ ਲੱਗੇ, ਤਾਂ ਉਹ ਆ ਕੇ ਦੱਸੇ ਤਾਂਕਿ ਉਸ ਨੂੰ ਫੜ ਲਿਆ ਜਾਵੇ।

ਫੁਟਨੋਟ

ਯੂਨਾਨੀ ਸ਼ਬਦ ਦੀਦੁਮੁਸ ਦਾ ਮਤਲਬ ਹੈ ਜੌੜਾ।
ਯੂਨਾਨੀ ਵਿਚ, “ਪਨੈਵਮਾ।” ਅਪੈਂਡਿਕਸ 7 ਦੇਖੋ।