Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਆਨ-ਲਾਈਨ ਬਾਈਬਲ | ਪਵਿੱਤਰ ਬਾਈਬਲ—ਨਵੀਂ ਦੁਨੀਆਂ ਅਨੁਵਾਦ

ਯਾਕੂਬ 3:1-18

3  ਮੇਰੇ ਭਰਾਵੋ, ਤੁਹਾਡੇ ਵਿੱਚੋਂ ਜ਼ਿਆਦਾ ਜਣੇ ਸਿੱਖਿਅਕ ਨਾ ਬਣਨ, ਕਿਉਂਕਿ ਸਿੱਖਿਅਕ ਹੋਣ ਦੇ ਨਾਤੇ ਸਾਡਾ ਨਿਆਂ ਜ਼ਿਆਦਾ ਸਖ਼ਤੀ ਨਾਲ ਕੀਤਾ ਜਾਵੇਗਾ।  ਅਸੀਂ ਸਾਰੇ ਜਣੇ ਕਈ ਵਾਰ ਗ਼ਲਤੀਆਂ ਕਰਦੇ ਹਾਂ। ਜੇ ਕੋਈ ਬੋਲਣ ਵਿਚ ਗ਼ਲਤੀ ਨਹੀਂ ਕਰਦਾ, ਤਾਂ ਉਹ ਮੁਕੰਮਲ ਇਨਸਾਨ ਹੈ ਅਤੇ ਆਪਣੇ ਪੂਰੇ ਸਰੀਰ ਨੂੰ ਕਾਬੂ ਵਿਚ ਰੱਖ ਸਕਦਾ ਹੈ।  ਅਸੀਂ ਘੋੜੇ ਨੂੰ ਕਾਬੂ ਵਿਚ ਰੱਖਣ ਲਈ ਉਸ ਦੇ ਮੂੰਹ ਵਿਚ ਲਗਾਮ ਪਾਉਂਦੇ ਹਾਂ ਤਾਂਕਿ ਅਸੀਂ ਜਿੱਧਰ ਚਾਹੀਏ ਉਸ ਨੂੰ ਲਿਜਾ ਸਕੀਏ।  ­ਸਮੁੰਦਰੀ ਜਹਾਜ਼ ਦੀ ਵੀ ਗੱਲ ਲੈ ਲਓ। ਭਾਵੇਂ ਜਹਾਜ਼ ਬਹੁਤ ਵੱਡਾ ਹੁੰਦਾ ਹੈ ਅਤੇ ਤੇਜ਼ ਹਵਾਵਾਂ ਨਾਲ ਚੱਲਦਾ ਹੈ, ਪਰ ਮਲਾਹ ਛੋਟੀ ਜਿਹੀ ਪਤਵਾਰ ਦੀ ਮਦਦ ਨਾਲ ਇਸ ਨੂੰ ਜਿੱਧਰ ਚਾਹੇ, ਲਿਜਾ ਸਕਦਾ ਹੈ।  ਇਸੇ ਤਰ੍ਹਾਂ, ਜੀਭ ਭਾਵੇਂ ਸਰੀਰ ਦਾ ਇਕ ਛੋਟਾ ਜਿਹਾ ਅੰਗ ਹੈ, ਪਰ ਇਹ ਕਿੰਨੀਆਂ ਵੱਡੀਆਂ-ਵੱਡੀਆਂ ਫੜ੍ਹਾਂ ਮਾਰਦੀ ਹੈ। ਧਿਆਨ ਦਿਓ ਕਿ ਇਕ ਛੋਟੀ ਜਿਹੀ ਚੰਗਿਆੜੀ ਪੂਰੇ ਜੰਗਲ ਨੂੰ ਸਾੜ ਕੇ ਸੁਆਹ ਕਰ ਸਕਦੀ ਹੈ!  ਜੀਭ ਅੱਗ ਹੈ। ਸਾਡੇ ਸਰੀਰ ਦੇ ਸਾਰੇ ਅੰਗਾਂ ਵਿੱਚੋਂ ਜੀਭ ਸਾਰੀ ਬੁਰਾਈ ਦੀ ਜੜ੍ਹ ਹੈ ਕਿਉਂਕਿ ਇਹ ਪੂਰੇ ਸਰੀਰ ਨੂੰ ਭ੍ਰਿਸ਼ਟ ਕਰਦੀ ਹੈ ਅਤੇ ਪੂਰੀ ਜ਼ਿੰਦਗੀ ਤਬਾਹ ਕਰ ਦਿੰਦੀ ਹੈ ਅਤੇ “ਗ਼ਹੈਨਾ”* ਦੀ ਅੱਗ ਵਾਂਗ ਤਬਾਹੀ ਮਚਾਉਂਦੀ ਹੈ।  ਇਨਸਾਨ ਹਰ ਕਿਸਮ ਦੇ ਜੰਗਲੀ ਜਾਨਵਰ, ਪੰਛੀ, ਘਿਸਰਨ ਵਾਲੇ ਜੀਵ-ਜੰਤੂ ਅਤੇ ਜਲ-ਜੰਤੂ ਨੂੰ ਕਾਬੂ ਕਰ ਕੇ ਪਾਲਤੂ ਬਣਾ ਸਕਦਾ ਹੈ ਅਤੇ ਬਣਾਇਆ ਵੀ ਹੈ।  ਪਰ ਜੀਭ ਨੂੰ ਦੁਨੀਆਂ ਦਾ ਕੋਈ ਵੀ ਇਨਸਾਨ ਕਾਬੂ ਨਹੀਂ ਕਰ ਸਕਦਾ। ਬੇਲਗਾਮ ਜੀਭ ਬੜੀ ਖ਼ਤਰਨਾਕ ਅਤੇ ਜ਼ਹਿਰੀਲੀ ਚੀਜ਼ ਹੁੰਦੀ ਹੈ।  ਇਕ ਪਾਸੇ ਤਾਂ ਅਸੀਂ ਇਸ ਦੇ ਨਾਲ ਆਪਣੇ ਪਿਤਾ ਯਹੋਵਾਹ ਦੀ ਮਹਿਮਾ ਕਰਦੇ ਹਾਂ ਅਤੇ ਦੂਜੇ ਪਾਸੇ ਇਸ ਦੇ ਨਾਲ ਅਸੀਂ ਇਨਸਾਨਾਂ ਨੂੰ ਬਦ-ਦੁਆ ਦਿੰਦੇ ਹਾਂ ਜਿਨ੍ਹਾਂ ਨੂੰ “ਪਰਮੇਸ਼ੁਰ ਵਰਗਾ” ਬਣਾਇਆ ਗਿਆ ਹੈ। 10  ਇੱਕੋ ਮੂੰਹੋਂ ਦੁਆਵਾਂ ਅਤੇ ਬਦ-ਦੁਆਵਾਂ ਨਿਕਲਦੀਆਂ ਹਨ। ਮੇਰੇ ਭਰਾਵੋ, ਇਸ ਤਰ੍ਹਾਂ ਹੋਣਾ ਚੰਗੀ ਗੱਲ ਨਹੀਂ ਹੈ। 11  ਕੀ ਕਦੇ ਇੱਕੋ ਚਸ਼ਮੇ ਵਿੱਚੋਂ ਮਿੱਠਾ ਤੇ ਖਾਰਾ ਪਾਣੀ ਫੁੱਟਦਾ ਹੈ? 12  ਮੇਰੇ ਭਰਾਵੋ, ਕੀ ਕਦੇ ਅੰਜੀਰ ਦੇ ­ਦਰਖ਼ਤ ਨੂੰ ਜ਼ੈਤੂਨ ਅਤੇ ਅੰਗੂਰੀ ਵੇਲਾਂ ਨੂੰ ਅੰਜੀਰਾਂ ਲੱਗਦੀਆਂ ਹਨ? ਖਾਰੇ ਪਾਣੀ ਦੇ ਚਸ਼ਮੇ ਵਿੱਚੋਂ ਕਦੇ ਵੀ ਮਿੱਠਾ ਪਾਣੀ ਨਹੀਂ ਨਿਕਲਦਾ। 13  ਤੁਹਾਡੇ ਵਿੱਚੋਂ ਕਿਹੜਾ ਬੁੱਧੀਮਾਨ ਅਤੇ ਸਮਝਦਾਰ ਹੈ? ਜਿਹੜਾ ਹੈ, ਉਹ ਆਪਣੇ ਚੰਗੇ ਚਾਲ-ਚਲਣ ਰਾਹੀਂ ਦਿਖਾਵੇ ਕਿ ਉਹ ਸਾਰੇ ਕੰਮ ਨਰਮਾਈ ਨਾਲ ਕਰਦਾ ਹੈ ਕਿਉਂਕਿ ਬੁੱਧ ਉਸ ਵਿਚ ਨਰ­ਮਾਈ ਪੈਦਾ ਕਰਦੀ ਹੈ। 14  ਪਰ ਜੇ ਤੁਹਾਡੇ ਮਨਾਂ ਵਿਚ ਇੰਨੀ ਜ਼ਿਆਦਾ ਈਰਖਾ ਅਤੇ ਲੜਾਈ-ਝਗੜਾ ਕਰਨ ਦੀ ਭਾਵਨਾ ਹੈ, ਤਾਂ ਆਪਣੇ ਬੁੱਧੀਮਾਨ ਹੋਣ ਬਾਰੇ ਸ਼ੇਖ਼ੀਆਂ ਨਾ ਮਾਰੋ। ਜੇ ਤੁਸੀਂ ਸ਼ੇਖ਼ੀਆਂ ਮਾਰਦੇ ਹੋ, ਤਾਂ ਤੁਸੀਂ ਝੂਠ ਬੋਲਦੇ ਹੋ। 15  ਇਹ ਉਹ ਬੁੱਧ ਨਹੀਂ ਜਿਹੜੀ ਸਵਰਗੋਂ ਮਿਲਦੀ ਹੈ, ਸਗੋਂ ਦੁਨਿਆਵੀ, ਸਰੀਰਕ ਤੇ ਸ਼ੈਤਾਨੀ ਹੈ। 16  ਕਿਉਂਕਿ ਜਿੱਥੇ ਈਰਖਾ ਅਤੇ ਲੜਾਈ-ਝਗੜਾ ਹੁੰਦਾ ਹੈ, ਉੱਥੇ ਗੜਬੜ ਅਤੇ ਹਰ ਤਰ੍ਹਾਂ ਦੀ ਬੁਰਾਈ ਵੀ ਹੁੰਦੀ ਹੈ। 17  ਪਰ ਜਿਸ ਇਨਸਾਨ ਨੂੰ ਸਵਰਗੋਂ ਬੁੱਧ ਮਿਲੀ ਹੈ, ਉਹ ਇਨਸਾਨ ਸਭ ਤੋਂ ਪਹਿਲਾਂ ਸ਼ੁੱਧ, ਫਿਰ ਸ਼ਾਂਤੀ-ਪਸੰਦ, ਆਪਣੀ ਗੱਲ ’ਤੇ ਅੜਿਆ ਨਾ ਰਹਿਣ ਵਾਲਾ, ਕਹਿਣਾ ਮੰਨਣ ਲਈ ਤਿਆਰ, ਦਇਆ ਅਤੇ ਚੰਗੇ ਕੰਮਾਂ ਨਾਲ ਭਰਪੂਰ ਹੁੰਦਾ ਹੈ ਅਤੇ ਉਹ ਪੱਖਪਾਤ ਤੇ ਪਖੰਡ ਨਹੀਂ ਕਰਦਾ। 18  ਇਸ ਤੋਂ ਇਲਾਵਾ, ਧਾਰਮਿਕਤਾ ਦੇ ਫਲ ਦਾ ਬੀ ਸ਼ਾਂਤੀ-ਪਸੰਦ ਲੋਕਾਂ ਵਿਚਕਾਰ ਸ਼ਾਂਤੀ ਭਰੇ ਹਾਲਾਤਾਂ ਦੌਰਾਨ ਹੀ ਬੀਜਿਆ ਜਾ ਸਕਦਾ ਹੈ।

ਫੁਟਨੋਟ

ਯਰੂਸ਼ਲਮ ਦੇ ਬਾਹਰ ਉਹ ਜਗ੍ਹਾ ਜਿੱਥੇ ਕੂੜਾ-ਕਰਕਟ ਸਾੜਿਆ ਜਾਂਦਾ ਸੀ। ਅਪੈਂਡਿਕਸ 9 ਦੇਖੋ।