Skip to content

Skip to table of contents

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

ਮੱਤੀ 22:1-46

22  ਯਿਸੂ ਨੇ ਜਵਾਬ ਦਿੰਦਿਆਂ ਉਨ੍ਹਾਂ ਨੂੰ ਹੋਰ ਮਿਸਾਲਾਂ ਦਿੱਤੀਆਂ। ਉਸ ਨੇ ਕਿਹਾ:  “ਸਵਰਗ ਦਾ ਰਾਜ ਇਕ ਰਾਜੇ ਵਰਗਾ ਹੈ ਜਿਸ ਨੇ ਆਪਣੇ ਪੁੱਤਰ ਦੇ ਵਿਆਹ ਦੀ ਦਾਅਵਤ ਦਿੱਤੀ।  ਉਸ ਨੇ ਦਾਅਵਤ ਵਿਚ ਸੱਦੇ ਲੋਕਾਂ ਨੂੰ ਬੁਲਾਉਣ ਲਈ ਆਪਣੇ ਨੌਕਰਾਂ ਨੂੰ ਘੱਲਿਆ, ਪਰ ਉਨ੍ਹਾਂ ਨੇ ਆਉਣਾ ਨਾ ਚਾਹਿਆ।  ਉਸ ਨੇ ਇਹ ਕਹਿ ਕੇ ਹੋਰ ਨੌਕਰ ਘੱਲੇ, ‘ਉਨ੍ਹਾਂ ਨੂੰ ਕਹਿਓ: “ਦੇਖੋ! ਮੈਂ ਖਾਣਾ ਤਿਆਰ ਕਰਾ ਲਿਆ ਹੈ, ਮੈਂ ਆਪਣੇ ਬਲਦ ਅਤੇ ਪਲ਼ੇ ਹੋਏ ਜਾਨਵਰ ਵੱਢ ਲਏ ਹਨ ਅਤੇ ਸਾਰਾ ਕੁਝ ਤਿਆਰ ਹੈ। ਇਸ ਲਈ ਵਿਆਹ ਦੀ ਦਾਅਵਤ ਵਿਚ ਆ ਜਾਓ।”’  ਪਰ ਉਨ੍ਹਾਂ ਨੇ ਕੋਈ ਪਰਵਾਹ ਨਾ ਕੀਤੀ, ਸਗੋਂ ਇਕ ਜਣਾ ਆਪਣੇ ਖੇਤਾਂ ਨੂੰ ਚਲਾ ਗਿਆ, ਦੂਜਾ ਆਪਣਾ ਵਪਾਰ ਕਰਨ ਚਲਾ ਗਿਆ  ਤੇ ਬਾਕੀਆਂ ਨੇ ਨੌਕਰਾਂ ਨੂੰ ਫੜ ਕੇ ਬੇਇੱਜ਼ਤ ਕੀਤਾ ਅਤੇ ਉਨ੍ਹਾਂ ਨੂੰ ਮਾਰ ਸੁੱਟਿਆ।  “ਇਸ ਕਰਕੇ, ਰਾਜੇ ਨੂੰ ਬਹੁਤ ਗੁੱਸਾ ਚੜ੍ਹਿਆ ਅਤੇ ਉਸ ਨੇ ਆਪਣੀ ਫ਼ੌਜ ਘੱਲ ਕੇ ਉਨ੍ਹਾਂ ਕਾਤਲਾਂ ਨੂੰ ਮਾਰ ਦਿੱਤਾ ਅਤੇ ਉਨ੍ਹਾਂ ਦੇ ਸ਼ਹਿਰ ਨੂੰ ਅੱਗ ਲਾ ਦਿੱਤੀ।  ਫਿਰ ਉਸ ਨੇ ਆਪਣੇ ਨੌਕਰਾਂ ਨੂੰ ਕਿਹਾ, ‘ਵਿਆਹ ਦੀ ਦਾਅਵਤ ਤਾਂ ਤਿਆਰ ਹੈ, ਪਰ ਜਿਹੜੇ ਸੱਦੇ ਗਏ ਸਨ, ਉਹ ਦਾਅਵਤ ਦੇ ਲਾਇਕ ਨਹੀਂ ਸਨ।  ਇਸ ਲਈ ਤੁਸੀਂ ਸ਼ਹਿਰੋਂ ਬਾਹਰ ਜਾਂਦੇ ਰਸਤਿਆਂ ਵਿਚ ਜਾਓ ਅਤੇ ਉੱਥੇ ਜਿਹੜਾ ਵੀ ਤੁਹਾਨੂੰ ਮਿਲੇ, ਉਸ ਨੂੰ ਦਾਅਵਤ ਲਈ ਸੱਦ ਲਿਆਓ।’ 10  ਨੌਕਰ ਰਾਹਾਂ ਵਿਚ ਗਏ ਅਤੇ ਉਨ੍ਹਾਂ ਨੂੰ ਚੰਗੇ-ਮਾੜੇ ਜੋ ਵੀ ਲੋਕ ਮਿਲੇ, ਉਹ ਉਨ੍ਹਾਂ ਸਾਰਿਆਂ ਨੂੰ ਲੈ ਆਏ ਅਤੇ ਵਿਆਹ ਦੀ ਦਾਅਵਤ ਵਾਲਾ ਕਮਰਾ ਮਹਿਮਾਨਾਂ* ਨਾਲ ਭਰ ਗਿਆ। 11  “ਜਦੋਂ ਰਾਜਾ ਮਹਿਮਾਨਾਂ ਦੀ ਜਾਂਚ ਕਰਨ ਅੰਦਰ ਆਇਆ, ਤਾਂ ਉਸ ਨੇ ਇਕ ਆਦਮੀ ਨੂੰ ਦੇਖਿਆ ਜਿਸ ਨੇ ਦਾਅਵਤ ਵਾਲੇ ਕੱਪੜੇ ਨਹੀਂ ਪਾਏ ਹੋਏ ਸਨ। 12  ਇਸ ਲਈ ਰਾਜੇ ਨੇ ਉਸ ਨੂੰ ਕਿਹਾ: ‘ਓ ਭਾਈ, ਤੂੰ ਦਾਅਵਤ ਵਾਲੇ ਕੱਪੜੇ ਪਾਏ ਬਿਨਾਂ ਅੰਦਰ ਕਿੱਦਾਂ ਆ ਗਿਆ?’ ਉਸ ਆਦਮੀ ਨੂੰ ਕੋਈ ਜਵਾਬ ਨਾ ਸੁੱਝਿਆ। 13  ਫਿਰ ਰਾਜੇ ਨੇ ਆਪਣੇ ਸੇਵਾਦਾਰਾਂ ਨੂੰ ਕਿਹਾ, ‘ਇਸ ਦੇ ਹੱਥ-ਪੈਰ ਬੰਨ੍ਹ ਕੇ ਬਾਹਰ ਹਨੇਰੇ ਵਿਚ ਸੁੱਟ ਦਿਓ ਜਿੱਥੇ ਇਹ ਆਪਣੀ ਮਾੜੀ ਹਾਲਤ ’ਤੇ ਰੋਵੇ-ਪਿੱਟੇਗਾ।’ 14  “ਸੱਦਿਆ ਤਾਂ ਬਹੁਤ ਲੋਕਾਂ ਨੂੰ ਸੀ, ਪਰ ਚੁਣਿਆ ਥੋੜ੍ਹਿਆਂ ਨੂੰ ਹੀ।” 15  ਫਿਰ ਫ਼ਰੀਸੀ ਉੱਥੋਂ ਚਲੇ ਗਏ ਅਤੇ ਉਨ੍ਹਾਂ ਨੇ ਸਲਾਹ ਕੀਤੀ ਕਿ ਯਿਸੂ ਨੂੰ ਉਸ ਦੀਆਂ ਗੱਲਾਂ ਵਿਚ ਕਿਵੇਂ ਫਸਾਇਆ ਜਾਵੇ। 16  ਇਸ ਲਈ ਉਨ੍ਹਾਂ ਨੇ ਯਿਸੂ ਨੂੰ ਇਹ ਪੁੱਛਣ ਲਈ ਆਪਣੇ ਚੇਲਿਆਂ ਅਤੇ ਹੇਰੋਦੀਆਂ ਨੂੰ ਘੱਲਿਆ: “ਗੁਰੂ ਜੀ, ਅਸੀਂ ਜਾਣਦੇ ਹਾਂ ਕਿ ਤੂੰ ਸੱਚ ਬੋਲਦਾ ਹੈਂ ਅਤੇ ਪਰਮੇਸ਼ੁਰ ਦੇ ਰਾਹ ਦੀ ਹੀ ਸਿੱਖਿਆ ਦਿੰਦਾ ਹੈਂ ਤੇ ਤੈਨੂੰ ਇਹ ਫ਼ਿਕਰ ਨਹੀਂ ਕਿ ਲੋਕ ਤੇਰੇ ਬਾਰੇ ਕੀ ਸੋਚਦੇ ਹਨ ਤੇ ਨਾ ਹੀ ਤੂੰ ਕਿਸੇ ਦਾ ਰੁਤਬਾ ਜਾਂ ਬਾਹਰੀ ਰੂਪ ਦੇਖਦਾ ਹੈਂ। 17  ਇਸ ਲਈ ਸਾਨੂੰ ਇਸ ਬਾਰੇ ਆਪਣੀ ਰਾਇ ਦੱਸ: ਕੀ ਰਾਜੇ* ਨੂੰ ਟੈਕਸ ਦੇਣਾ ਜਾਇਜ਼ ਹੈ ਜਾਂ ਨਹੀਂ?” 18  ਯਿਸੂ ਜਾਣਦਾ ਸੀ ਕਿ ਉਨ੍ਹਾਂ ਦੇ ਮਨਾਂ ਵਿਚ ਖੋਟ ਸੀ, ਇਸ ਲਈ ਉਸ ਨੇ ਉਨ੍ਹਾਂ ਨੂੰ ਕਿਹਾ: “ਓਏ ਮੱਕਾਰੋ, ਤੁਸੀਂ ਕਿਉਂ ਮੈਨੂੰ ਅਜ਼ਮਾ ਰਹੇ ਹੋ? 19  ਮੈਨੂੰ ਉਹ ਸਿੱਕਾ ਦਿਖਾਓ ਜੋ ਤੁਸੀਂ ਟੈਕਸ ਭਰਨ ਲਈ ਦਿੰਦੇ ਹੋ।” ਉਨ੍ਹਾਂ ਨੇ ਉਸ ਨੂੰ ਇਕ ਦੀਨਾਰ* ਦਿੱਤਾ। 20  ਉਸ ਨੇ ਉਨ੍ਹਾਂ ਨੂੰ ਪੁੱਛਿਆ: “ਇਸ ਸਿੱਕੇ ਉੱਤੇ ਕਿਸ ਦੀ ਸ਼ਕਲ ਅਤੇ ਕਿਹਦੇ ਨਾਂ ਦੀ ਛਾਪ ਹੈ?” 21  ਉਨ੍ਹਾਂ ਨੇ ਕਿਹਾ: “ਰਾਜੇ ਦੀ।” ਫਿਰ ਉਸ ਨੇ ਉਨ੍ਹਾਂ ਨੂੰ ਕਿਹਾ: “ਇਸ ਲਈ, ਰਾਜੇ ਦੀਆਂ ਚੀਜ਼ਾਂ ਰਾਜੇ ਨੂੰ ਦਿਓ, ਪਰ ਪਰਮੇਸ਼ੁਰ ਦੀਆਂ ਚੀਜ਼ਾਂ ਪਰਮੇਸ਼ੁਰ ਨੂੰ ਦਿਓ।” 22  ਜਦੋਂ ਉਨ੍ਹਾਂ ਨੇ ਇਹ ਗੱਲ ਸੁਣੀ, ਤਾਂ ਉਹ ਹੈਰਾਨ ਰਹਿ ਗਏ ਅਤੇ ਉਸ ਨੂੰ ਛੱਡ ਕੇ ਚਲੇ ਗਏ। 23  ਹੁਣ ਸਦੂਕੀ, ਜੋ ਮੰਨਦੇ ਸਨ ਕਿ ਮਰੇ ਹੋਏ ਲੋਕਾਂ ਨੂੰ ਜੀਉਂਦਾ ਨਹੀਂ ਕੀਤਾ ਜਾਵੇਗਾ, ਯਿਸੂ ਕੋਲ ਆਏ ਅਤੇ ਉਨ੍ਹਾਂ ਨੇ ਉਸ ਨੂੰ ਪੁੱਛਿਆ: 24  “ਗੁਰੂ ਜੀ, ਮੂਸਾ ਨੇ ਕਿਹਾ ਸੀ: ‘ਜੇ ਕੋਈ ਆਦਮੀ ­ਬੇਔਲਾਦ ਮਰ ਜਾਵੇ, ਤਾਂ ਉਸ ਦਾ ਭਰਾ ਉਸ ਦੀ ਵਿਧਵਾ ਪਤਨੀ ਨਾਲ ਵਿਆਹ ਕਰਾਵੇ ਅਤੇ ਆਪਣੇ ਮਰੇ ਹੋਏ ਭਰਾ ਲਈ ਔਲਾਦ ਪੈਦਾ ਕਰੇ।’ 25  ਸਾਡੇ ਇੱਥੇ ਸੱਤ ਭਰਾ ਸਨ, ਪਹਿਲੇ ਨੇ ਵਿਆਹ ਕਰਾਇਆ, ਪਰ ਉਹ ਬੇਔਲਾਦ ਮਰ ਗਿਆ। ਫਿਰ ਉਸ ਦੇ ਭਰਾ ਨੇ ਉਸ ਦੀ ਪਤਨੀ ਨਾਲ ਵਿਆਹ ਕਰਾ ਲਿਆ। 26  ਪਰ ਦੂਸਰੇ ਨਾਲ ਵੀ ਇਸੇ ਤਰ੍ਹਾਂ ਹੋਇਆ, ਫਿਰ ਤੀਸਰੇ ਨਾਲ ਵੀ, ਸੋ ਸੱਤੇ ਭਰਾ ਬੇਔਲਾਦ ਮਰ ਗਏ। 27  ਅਖ਼ੀਰ ਵਿਚ ਉਹ ਤੀਵੀਂ ਵੀ ਮਰ ਗਈ। 28  ਇਸ ਲਈ, ਜਦ ਉਨ੍ਹਾਂ ਸਾਰਿਆਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ, ਤਾਂ ਉਹ ਤੀਵੀਂ ਉਨ੍ਹਾਂ ਵਿੱਚੋਂ ਕਿਸ ਦੀ ਪਤਨੀ ਹੋਵੇਗੀ? ਕਿਉਂਕਿ ਸੱਤਾਂ ਨੇ ਹੀ ਉਸ ਨਾਲ ਵਿਆਹ ਕਰਵਾਇਆ ਸੀ।” 29  ਜਵਾਬ ਵਿਚ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਗ਼ਲਤ ਹੋ ਕਿਉਂਕਿ ਤੁਸੀਂ ਨਾ ਪਰਮੇਸ਼ੁਰ ਦੇ ਬਚਨ ਨੂੰ ਅਤੇ ਨਾ ਹੀ ਉਸ ਦੀ ਸ਼ਕਤੀ ਨੂੰ ਜਾਣਦੇ ਹੋ, 30  ਦੁਬਾਰਾ ਜੀਉਂਦੇ ਹੋਣ ਤੋਂ ਬਾਅਦ ਨਾ ਆਦਮੀ ਵਿਆਹ ਕਰਨਗੇ ਅਤੇ ਨਾ ਹੀ ਤੀਵੀਆਂ ਵਿਆਹੀਆਂ ਜਾਣਗੀਆਂ, ਸਗੋਂ ਉਹ ਸਵਰਗੀ ਦੂਤਾਂ ਵਰਗੇ ਹੋਣਗੇ। 31  ਜਿਹੜੇ ਲੋਕ ਦੁਬਾਰਾ ਜੀਉਂਦੇ ਕੀਤੇ ਜਾਣਗੇ, ਉਨ੍ਹਾਂ ਬਾਰੇ ਪਰਮੇਸ਼ੁਰ ਨੇ ਜੋ ਕਿਹਾ ਸੀ, ਕੀ ਤੁਸੀਂ ਉਸ ਬਾਰੇ ਇਹ ਨਹੀਂ ਪੜ੍ਹਿਆ: 32  ‘ਮੈਂ ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਹਾਂ’? ਉਹ ਮਰਿਆਂ ਦਾ ਨਹੀਂ, ਸਗੋਂ ਜੀਉਂਦਿਆਂ ਦਾ ਪਰਮੇਸ਼ੁਰ ਹੈ।” 33  ਇਹ ਸੁਣ ਕੇ ਲੋਕ ਉਸ ਦੀ ਸਿੱਖਿਆ ਤੋਂ ਦੰਗ ਰਹਿ ਗਏ। 34  ਜਦੋਂ ਫ਼ਰੀਸੀਆਂ ਨੇ ਸੁਣਿਆ ਕਿ ਉਸ ਨੇ ਸਦੂਕੀਆਂ ਦੇ ਮੂੰਹ ਬੰਦ ਕਰ ਦਿੱਤੇ ਸਨ, ਤਾਂ ਸਾਰੇ ਫ਼ਰੀਸੀ ਇਕੱਠੇ ਹੋ ਕੇ ਆਏ। 35  ਉਨ੍ਹਾਂ ਵਿੱਚੋਂ ਇਕ ਫ਼ਰੀਸੀ ਮੂਸਾ ਦੇ ਕਾਨੂੰਨ ਦਾ ਮਾਹਰ ਸੀ। ਉਸ ਨੇ ਯਿਸੂ ਨੂੰ ਪਰਖਣ ਲਈ ਪੁੱਛਿਆ: 36  “ਗੁਰੂ ਜੀ, ਮੂਸਾ ਦੇ ਕਾਨੂੰਨ ਵਿਚ ਸਭ ਤੋਂ ਵੱਡਾ ਹੁਕਮ ਕਿਹੜਾ ਹੈ?” 37  ਯਿਸੂ ਨੇ ਉਸ ਨੂੰ ਦੱਸਿਆ: “‘ਤੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਜਾਨ ਨਾਲ ਅਤੇ ਆਪਣੀ ਪੂਰੀ ਸਮਝ ਨਾਲ ਪਿਆਰ ਕਰ।’ 38  ਇਹੀ ਪਹਿਲਾ ਅਤੇ ਸਭ ਤੋਂ ਵੱਡਾ ਹੁਕਮ ਹੈ। 39  ਅਤੇ ਦੂਸਰਾ ਹੁਕਮ ਇਹ ਹੈ: ‘ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।’ 40  ਇਨ੍ਹਾਂ ਦੋਵਾਂ ਹੁਕਮਾਂ ਉੱਤੇ ਮੂਸਾ ਦਾ ਸਾਰਾ ਕਾਨੂੰਨ ਅਤੇ ਨਬੀਆਂ ਦੀਆਂ ਸਿੱਖਿਆਵਾਂ ਆਧਾਰਿਤ ਹਨ।” 41  ਜਦੋਂ ਅਜੇ ਫ਼ਰੀਸੀ ਯਿਸੂ ਦੇ ਆਲੇ-ਦੁਆਲੇ ਹੀ ਖੜ੍ਹੇ ਸਨ, ਉਸ ਨੇ ਉਨ੍ਹਾਂ ਨੂੰ ਪੁੱਛਿਆ: 42  “ਤੁਸੀਂ ਮਸੀਹ ਬਾਰੇ ਕੀ ਸੋਚਦੇ ਹੋ? ਉਹ ਕਿਹਦਾ ਪੁੱਤਰ ਹੈ?” ਉਨ੍ਹਾਂ ਨੇ ਜਵਾਬ ਦਿੱਤਾ: “ਦਾਊਦ ਦਾ।” 43  ਉਸ ਨੇ ਉਨ੍ਹਾਂ ਨੂੰ ਅੱਗੇ ਪੁੱਛਿਆ: “ਤਾਂ ਫਿਰ ਦਾਊਦ ਨੇ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਇੱਥੇ ਉਸ ਨੂੰ ਪ੍ਰਭੂ ਕਿਉਂ ਕਿਹਾ ਸੀ, 44  ‘ਯਹੋਵਾਹ ਨੇ ਮੇਰੇ ਪ੍ਰਭੂ ਨੂੰ ਕਿਹਾ: “ਤੂੰ ਉਦੋਂ ਤਕ ਮੇਰੇ ਸੱਜੇ ਪਾਸੇ ਬੈਠ ਜਦੋਂ ਤਕ ਮੈਂ ਤੇਰੇ ਦੁਸ਼ਮਣਾਂ ਨੂੰ ਤੇਰੇ ਪੈਰਾਂ ਹੇਠ ਨਾ ਕਰ ਦਿਆਂ”’? 45  ਜੇ ਦਾਊਦ ਖ਼ੁਦ ਮਸੀਹ ਨੂੰ ਪ੍ਰਭੂ ਕਹਿੰਦਾ ਹੈ, ਤਾਂ ਫਿਰ ਉਹ ਉਸ ਦਾ ਪੁੱਤਰ ਕਿਵੇਂ ਹੋ ਸਕਦਾ ਹੈ?” 46  ਕੋਈ ਵੀ ਉਸ ਨੂੰ ਜਵਾਬ ਨਾ ਦੇ ਸਕਿਆ ਅਤੇ ਨਾ ਹੀ ਉਸ ਦਿਨ ਤੋਂ ਬਾਅਦ ਕਿਸੇ ਨੇ ਉਸ ਨੂੰ ਸਵਾਲ ਪੁੱਛਣ ਦਾ ਹੀਆ ਕੀਤਾ।

ਫੁਟਨੋਟ

ਜਾਂ, “ਮੇਜ਼ ਦੁਆਲੇ ਬੈਠੇ ਲੋਕਾਂ।”
ਯੂਨਾਨੀ ਵਿਚ, “ਕੈਸਰ,” ਯਾਨੀ ਰੋਮ ਦਾ ਸਮਰਾਟ।
ਮੱਤੀ 20:2, ਫੁਟਨੋਟ ਦੇਖੋ।