ਫਿਲੇਮੋਨ 1:1-25
1 ਪਿਆਰੇ ਭਰਾ ਅਤੇ ਸਹਿਕਰਮੀ ਫਿਲੇਮੋਨ, ਮੈਂ ਪੌਲੁਸ, ਜਿਹੜਾ ਯਿਸੂ ਮਸੀਹ ਦੀ ਖ਼ਾਤਰ ਕੈਦ ਵਿਚ ਹਾਂ, ਭਰਾ ਤਿਮੋਥਿਉਸ ਨਾਲ ਤੈਨੂੰ,
2 ਨਾਲੇ ਆਪਣੀ ਭੈਣ ਅੱਫੀਆ ਨੂੰ, ਅਰਖਿਪੁੱਸ ਨੂੰ ਜੋ ਮਸੀਹ ਵਿਚ ਸਾਡੇ ਨਾਲ ਦਾ ਫ਼ੌਜੀ ਹੈ, ਅਤੇ ਤੇਰੇ ਘਰ ਵਿਚ ਇਕੱਠੀ ਹੁੰਦੀ ਮੰਡਲੀ ਨੂੰ ਇਹ ਚਿੱਠੀ ਲਿਖ ਰਿਹਾ ਹਾਂ:
3 ਅਸੀਂ ਦੁਆ ਕਰਦੇ ਹਾਂ ਕਿ ਤੁਹਾਡੇ ਸਾਰਿਆਂ ਉੱਤੇ ਸਾਡੇ ਪਿਤਾ ਪਰਮੇਸ਼ੁਰ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੀ ਅਪਾਰ ਕਿਰਪਾ ਅਤੇ ਸ਼ਾਂਤੀ ਹੋਵੇ।
4 ਮੈਂ ਜਦ ਵੀ ਪ੍ਰਾਰਥਨਾ ਵਿਚ ਤੇਰਾ ਜ਼ਿਕਰ ਕਰਦਾ ਹਾਂ, ਤਾਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ
5 ਕਿਉਂਕਿ ਮੈਨੂੰ ਖ਼ਬਰ ਮਿਲਦੀ ਰਹਿੰਦੀ ਹੈ ਕਿ ਤੂੰ ਪ੍ਰਭੂ ਯਿਸੂ ਉੱਤੇ ਨਿਹਚਾ ਕਰਦਾ ਹੈਂ ਤੇ ਉਸ ਨਾਲ ਅਤੇ ਸਾਰੇ ਪਵਿੱਤਰ ਸੇਵਕਾਂ ਨਾਲ ਪਿਆਰ ਕਰਦਾ ਹੈਂ।
6 ਮੈਂ ਪ੍ਰਾਰਥਨਾ ਕਰਦਾ ਹਾਂ ਕਿ ਮਸੀਹ ਦਾ ਚੇਲਾ ਹੋਣ ਕਰਕੇ ਤੂੰ ਮਸੀਹ ਰਾਹੀਂ ਸਾਨੂੰ ਮਿਲੀ ਹਰ ਚੰਗੀ ਚੀਜ਼ ਨੂੰ ਕਬੂਲ ਕਰੇਂ।
7 ਮੈਨੂੰ ਤੇਰੇ ਪਿਆਰ ਬਾਰੇ ਸੁਣ ਕੇ ਬਹੁਤ ਖ਼ੁਸ਼ੀ ਅਤੇ ਤਸੱਲੀ ਮਿਲੀ ਹੈ ਕਿਉਂਕਿ ਤੇਰੇ ਤੋਂ ਪਵਿੱਤਰ ਸੇਵਕਾਂ ਦੇ ਦਿਲਾਂ ਨੂੰ ਤਾਜ਼ਗੀ ਮਿਲੀ ਹੈ।
8 ਮਸੀਹ ਦਾ ਰਸੂਲ ਹੋਣ ਕਰਕੇ ਮੈਂ ਤੈਨੂੰ ਸਹੀ ਕੰਮ ਕਰਨ ਦਾ ਹੁਕਮ ਦੇ ਸਕਦਾ ਹਾਂ,
9 ਪਰ ਮੈਂ ਤੈਨੂੰ ਪਿਆਰ ਦਾ ਵਾਸਤਾ ਦਿੰਦਾ ਹਾਂ। ਨਾਲੇ ਇਹ ਧਿਆਨ ਰੱਖ ਕਿ ਮੈਂ ਪੌਲੁਸ ਬੁੱਢਾ ਹੋ ਚੁੱਕਾ ਹਾਂ ਅਤੇ ਯਿਸੂ ਮਸੀਹ ਦੀ ਖ਼ਾਤਰ ਹੁਣ ਕੈਦੀ ਵੀ ਹਾਂ;
10 ਮੈਂ ਆਪਣੇ ਬੱਚੇ ਉਨੇਸਿਮੁਸ ਦੀ ਖ਼ਾਤਰ ਤੈਨੂੰ ਬੇਨਤੀ ਕਰਦਾ ਹਾਂ ਜਿਸ ਲਈ ਮੈਂ ਕੈਦ ਵਿਚ ਹੁੰਦੇ ਹੋਏ ਪਿਤਾ ਸਮਾਨ ਬਣਿਆ।
11 ਉਹ ਪਹਿਲਾਂ ਤੇਰੇ ਲਈ ਕਿਸੇ ਕੰਮ ਜੋਗਾ ਨਹੀਂ ਸੀ, ਪਰ ਹੁਣ ਤੇਰੇ ਅਤੇ ਮੇਰੇ ਲਈ ਬੜੇ ਕੰਮ ਦਾ ਹੈ।
12 ਮੈਂ ਉਸ ਨੂੰ, ਹਾਂ, ਆਪਣੇ ਕਲੇਜੇ ਦੇ ਟੁਕੜੇ ਨੂੰ, ਤੇਰੇ ਕੋਲ ਵਾਪਸ ਘੱਲ ਰਿਹਾ ਹਾਂ।
13 ਮੈਂ ਤੇਰੀ ਥਾਂ ਉਸ ਨੂੰ ਆਪਣੇ ਕੋਲ ਹੀ ਰੱਖਣਾ ਚਾਹੁੰਦਾ ਹਾਂ ਤਾਂਕਿ ਖ਼ੁਸ਼ ਖ਼ਬਰੀ ਦੀ ਖ਼ਾਤਰ ਮੈਂ ਜੋ ਕੈਦ ਕੱਟ ਰਿਹਾ ਹਾਂ, ਉਸ ਦੌਰਾਨ ਉਹ ਮੇਰੀ ਸੇਵਾ ਕਰਦਾ ਰਹੇ।
14 ਪਰ ਤੇਰੀ ਸਲਾਹ ਤੋਂ ਬਿਨਾਂ ਮੈਂ ਕੁਝ ਨਹੀਂ ਕਰਨਾ ਚਾਹੁੰਦਾ, ਤਾਂਕਿ ਤੂੰ ਜੋ ਭਲਾ ਕਰੇਂ ਉਹ ਖ਼ੁਸ਼ੀ-ਖ਼ੁਸ਼ੀ ਕਰੇਂ ਨਾ ਕਿ ਮਜਬੂਰ ਹੋ ਕੇ।
15 ਉਹ ਸ਼ਾਇਦ ਇਸ ਕਰਕੇ ਥੋੜ੍ਹੇ ਸਮੇਂ ਲਈ ਤੇਰੇ ਨਾਲ ਨਹੀਂ ਸੀ ਤਾਂਕਿ ਉਹ ਵਾਪਸ ਆ ਕੇ ਹਮੇਸ਼ਾ ਤੇਰੇ ਨਾਲ ਰਹੇ,
16 ਪਰ ਹੁਣ ਉਹ ਸਿਰਫ਼ ਗ਼ੁਲਾਮ ਹੀ ਨਹੀਂ, ਸਗੋਂ ਭਰਾ ਵੀ ਹੈ ਅਤੇ ਮੈਨੂੰ ਬਹੁਤ ਪਿਆਰਾ ਹੈ। ਪਰ ਤੇਰੇ ਲਈ ਤਾਂ ਹੋਰ ਵੀ ਜ਼ਿਆਦਾ ਕਿਉਂਕਿ ਹੁਣ ਤੁਹਾਡਾ ਦੋਹਾਂ ਦਾ ਰਿਸ਼ਤਾ ਸਿਰਫ਼ ਗ਼ੁਲਾਮ ਤੇ ਮਾਲਕ ਵਾਲਾ ਹੀ ਨਹੀਂ ਰਿਹਾ, ਸਗੋਂ ਉਹ ਤੇਰਾ ਮਸੀਹੀ ਭਰਾ ਵੀ ਬਣ ਗਿਆ ਹੈ।
17 ਇਸ ਲਈ ਜੇ ਤੂੰ ਮੈਨੂੰ ਆਪਣਾ ਸਾਥੀ ਸਮਝਦਾ ਹੈਂ, ਤਾਂ ਤੂੰ ਉਸ ਦਾ ਉਵੇਂ ਹੀ ਪਿਆਰ ਨਾਲ ਸੁਆਗਤ ਕਰੀਂ ਜਿਵੇਂ ਤੂੰ ਮੇਰਾ ਕਰਦਾ।
18 ਇਸ ਤੋਂ ਇਲਾਵਾ, ਜੇ ਉਸ ਨੇ ਤੇਰਾ ਕੋਈ ਨੁਕਸਾਨ ਕੀਤਾ ਹੈ ਜਾਂ ਉਸ ਨੇ ਤੇਰਾ ਕੁਝ ਦੇਣਾ ਹੈ, ਤਾਂ ਉਹ ਮੇਰੇ ਖਾਤੇ ਪਾ ਦੇਈਂ।
19 ਮੈਂ ਪੌਲੁਸ ਇਹ ਚਿੱਠੀ ਆਪਣੇ ਹੱਥੀਂ ਲਿਖ ਰਿਹਾ ਹਾਂ: ਜੋ ਵੀ ਤੇਰਾ ਬਣਦਾ ਹੈ, ਮੈਂ ਦੇ ਦਿਆਂਗਾ, ਨਾਲੇ ਮੈਨੂੰ ਇਹ ਕਹਿਣ ਦੀ ਲੋੜ ਨਹੀਂ ਕਿ ਤੂੰ ਆਪਣੀ ਜ਼ਿੰਦਗੀ ਲਈ ਮੇਰਾ ਕਰਜ਼ਦਾਰ ਹੈਂ।
20 ਮੇਰੇ ਭਰਾ, ਅਸੀਂ ਦੋਵੇਂ ਪ੍ਰਭੂ ਦੇ ਚੇਲੇ ਹਾਂ, ਇਸ ਲਈ ਮੈਂ ਚਾਹੁੰਦਾ ਹਾਂ ਕਿ ਮੈਨੂੰ ਤੇਰੇ ਤੋਂ ਇਹ ਫ਼ਾਇਦਾ ਹੋਵੇ ਕਿ ਮਸੀਹ ਦਾ ਚੇਲਾ ਹੋਣ ਦੇ ਨਾਤੇ ਤੂੰ ਮੇਰਾ ਜੀਅ ਖ਼ੁਸ਼ ਕਰੇਂ।
21 ਮੈਂ ਤੈਨੂੰ ਇਹ ਚਿੱਠੀ ਇਸ ਭਰੋਸੇ ਨਾਲ ਲਿਖ ਰਿਹਾ ਹਾਂ ਕਿ ਮੈਂ ਤੈਨੂੰ ਜੋ ਕਰਨ ਲਈ ਕਹਾਂਗਾ, ਤੂੰ ਉਸ ਤੋਂ ਵੀ ਵੱਧ ਕਰੇਂਗਾ।
22 ਨਾਲੇ ਮੇਰੇ ਰਹਿਣ ਦਾ ਵੀ ਇੰਤਜ਼ਾਮ ਕਰ ਰੱਖੀਂ ਕਿਉਂਕਿ ਮੈਨੂੰ ਉਮੀਦ ਹੈ ਕਿ ਤੁਹਾਡੀਆਂ ਪ੍ਰਾਰਥਨਾਵਾਂ ਸਦਕਾ ਮੈਨੂੰ ਤੁਹਾਡੀ ਸਾਰਿਆਂ ਦੀ ਸੇਵਾ ਕਰਨ ਵਾਸਤੇ ਕੈਦ ਵਿੱਚੋਂ ਰਿਹਾਈ ਮਿਲੇਗੀ।
23 ਯਿਸੂ ਮਸੀਹ ਦੀ ਖ਼ਾਤਰ ਕੈਦ ਵਿਚ ਮੇਰੇ ਸਾਥੀ ਇਪਫਰਾਸ ਵੱਲੋਂ ਨਮਸਕਾਰ,
24 ਨਾਲੇ ਮੇਰੇ ਨਾਲ ਸੇਵਾ ਕਰਨ ਵਾਲੇ ਮਰਕੁਸ, ਅਰਿਸਤਰਖੁਸ, ਦੇਮਾਸ ਅਤੇ ਲੂਕਾ ਵੱਲੋਂ ਵੀ ਨਮਸਕਾਰ।
25 ਤੁਹਾਡੇ ਸਹੀ ਰਵੱਈਏ ਕਰਕੇ ਪ੍ਰਭੂ ਯਿਸੂ ਮਸੀਹ ਦੀ ਅਪਾਰ ਕਿਰਪਾ ਤੁਹਾਡੇ ਸਾਰਿਆਂ ਉੱਤੇ ਹੋਵੇ।