Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਆਨ-ਲਾਈਨ ਬਾਈਬਲ | ਪਵਿੱਤਰ ਬਾਈਬਲ—ਨਵੀਂ ਦੁਨੀਆਂ ਅਨੁਵਾਦ

ਫ਼ਿਲਿੱਪੀਆਂ 2:1-30

2  ਤੁਸੀਂ ਮਸੀਹ ਨਾਲ ਏਕਤਾ ਵਿਚ ਬੱਝੇ ਹੋਏ ਹੋ, ਨਾਲੇ ਪਿਆਰ ਹੋਣ ਕਰਕੇ ਤੁਸੀਂ ਦੂਸਰਿਆਂ ਨੂੰ ਹੌਸਲਾ ਤੇ ਦਿਲਾਸਾ ਦਿੰਦੇ ਹੋ, ਉਨ੍ਹਾਂ ਦਾ ਫ਼ਿਕਰ ਕਰਦੇ ਹੋ ਅਤੇ ਉਨ੍ਹਾਂ ਨਾਲ ਮੋਹ ਤੇ ਹਮਦਰਦੀ ਰੱਖਦੇ ਹੋ।  ਹੁਣ ਇਸ ਗੱਲ ਵਿਚ ਵੀ ਮੇਰੀ ਖ਼ੁਸ਼ੀ ਨੂੰ ਹੋਰ ਵਧਾਓ ਕਿ ਤੁਸੀਂ ਸਾਰੇ ਇਕ ਮਨ ਹੋਵੋ ਅਤੇ ਇਕ-ਦੂਜੇ ਨਾਲ ਇੱਕੋ ਜਿਹਾ ਪਿਆਰ ਕਰੋ ਅਤੇ ਆਪਸ ਵਿਚ ਏਕਾ ਅਤੇ ਇੱਕੋ ਜਿਹੀ ਸੋਚ ਰੱਖੋ।  ਲੜਾਈ-ਝਗੜੇ ਦੀ ਭਾਵਨਾ ਨਾਲ ਜਾਂ ਹੰਕਾਰ ਵਿਚ ਆ ਕੇ ਕੋਈ ਕੰਮ ਨਾ ਕਰੋ, ਸਗੋਂ ਨਿਮਰ ਬਣ ਕੇ ਦੂਸਰਿਆਂ ਨੂੰ ਆਪਣੇ ਨਾਲੋਂ ਚੰਗੇ ਸਮਝੋ।  ਤੁਸੀਂ ਆਪਣੇ ਬਾਰੇ ਹੀ ਨਾ ਸੋਚੋ, ਸਗੋਂ ਦੂਸਰਿਆਂ ਦੇ ਭਲੇ ਬਾਰੇ ਵੀ ਸੋਚੋ।  ਤੁਹਾਡੇ ਮਨ ਦਾ ਸੁਭਾਅ ਮਸੀਹ ਯਿਸੂ ਵਰਗਾ ਹੋਵੇ।  ਭਾਵੇਂ ਉਹ ਪਰਮੇਸ਼ੁਰ ਵਰਗਾ ਸੀ, ਫਿਰ ਵੀ ਉਸ ਨੇ ਪਰਮੇਸ਼ੁਰ ਦੇ ਬਰਾਬਰ ਬਣਨ ਲਈ ਉਸ ਦੇ ਅਧਿਕਾਰ ਉੱਤੇ ਕਬਜ਼ਾ ਕਰਨ ਬਾਰੇ ਨਹੀਂ ਸੋਚਿਆ।  ਇਸ ਦੀ ਬਜਾਇ, ਉਹ ਆਪਣਾ ਸਭ ਕੁਝ ਤਿਆਗ ਕੇ ਗ਼ੁਲਾਮ ਬਣ ਗਿਆ ਅਤੇ ਇਨਸਾਨ ਦੇ ਰੂਪ ਵਿਚ ਆਇਆ।  ਇਸ ਤੋਂ ਇਲਾਵਾ, ਜਦੋਂ ਉਹ ਇਨਸਾਨ ਬਣ ਕੇ ਆਇਆ, ਤਾਂ ਉਸ ਨੇ ਆਪਣੇ ਆਪ ਨੂੰ ਨਿਮਰ ਕੀਤਾ ਅਤੇ ਉਹ ਮਰਨ ਤਕ, ਹਾਂ, ਤਸੀਹੇ ਦੀ ਸੂਲ਼ੀ ਉੱਤੇ ਮਰਨ ਤਕ ਆਗਿਆਕਾਰ ਰਿਹਾ।  ਇਸੇ ਕਰਕੇ ਪਰਮੇਸ਼ੁਰ ਨੇ ਮਿਹਰਬਾਨ ਹੋ ਕੇ ਉਸ ਨੂੰ ਪਹਿਲਾਂ ਨਾਲੋਂ ਜ਼ਿਆਦਾ ਉੱਚਾ ਰੁਤਬਾ ਦਿੱਤਾ ਅਤੇ ਉਸ ਨੂੰ ਉਹ ਨਾਂ ਦਿੱਤਾ ਜਿਹੜਾ ਸਾਰਿਆਂ ਨਾਵਾਂ ਨਾਲੋਂ ਉੱਚਾ ਹੈ, 10  ਤਾਂਕਿ ਜਿੰਨੇ ਵੀ ਸਵਰਗ ਵਿਚ ਅਤੇ ਧਰਤੀ ਉੱਤੇ ਅਤੇ ਧਰਤੀ ਦੇ ਹੇਠਾਂ ਹਨ, ਉਨ੍ਹਾਂ ਵਿੱਚੋਂ ਹਰੇਕ ਜਣਾ ਯਿਸੂ ਦੇ ਨਾਂ ’ਤੇ ਆਪਣੇ ਗੋਡੇ ਟੇਕੇ, 11  ਅਤੇ ਹਰ ਜ਼ਬਾਨ ਸਾਰਿਆਂ ਦੇ ਸਾਮ੍ਹਣੇ ਇਹ ਕਬੂਲ ਕਰੇ ਕਿ ਯਿਸੂ ਮਸੀਹ ਹੀ ਪ੍ਰਭੂ ਹੈ ਤਾਂਕਿ ਪਿਤਾ ਪਰਮੇਸ਼ੁਰ ਦੀ ਵਡਿਆਈ ਹੋਵੇ। 12  ਇਸ ਕਰਕੇ, ਪਿਆਰੇ ਭਰਾਵੋ, ਜਿਵੇਂ ਤੁਸੀਂ ਹਮੇਸ਼ਾ ਆਗਿਆਕਾਰੀ ਕਰਦੇ ਹੋ, ਨਾ ਸਿਰਫ਼ ਮੇਰੀ ਮੌਜੂਦਗੀ ਵਿਚ ਹੀ, ਸਗੋਂ ਮੇਰੀ ਗ਼ੈਰ-ਮੌਜੂਦਗੀ ਵਿਚ ਹੋਰ ਵੀ ਖ਼ੁਸ਼ੀ ਨਾਲ, ਉਸੇ ਤਰ੍ਹਾਂ ਤੁਸੀਂ ਡਰਦੇ ਅਤੇ ਕੰਬਦੇ ਹੋਏ ਮੁਕਤੀ ਪਾਉਣ ਦਾ ਜਤਨ ਕਰਦੇ ਰਹੋ। 13  ਕਿਉਂਕਿ ਪਰਮੇਸ਼ੁਰ ਹੀ ਹੈ ਜਿਹੜਾ ਆਪਣੀ ਖ਼ੁਸ਼ੀ ਲਈ ਤੁਹਾਨੂੰ ਤਕੜਾ ਕਰਦਾ ਹੈ ਅਤੇ ਤੁਹਾਡੇ ਵਿਚ ਕੰਮ ਕਰਨ ਦੀ ਇੱਛਾ ਪੈਦਾ ਕਰਦਾ ਹੈ ਅਤੇ ਤੁਹਾਨੂੰ ਕੰਮ ਕਰਨ ਦੀ ਤਾਕਤ ਬਖ਼ਸ਼ਦਾ ਹੈ। 14  ਤੁਸੀਂ ਸਾਰੇ ਕੰਮ ਬੁੜ-ਬੁੜ ਜਾਂ ਬਹਿਸ ਕੀਤੇ ਬਿਨਾਂ ਕਰਦੇ ਰਹੋ, 15  ਤਾਂਕਿ ਤੁਸੀਂ ਖ਼ਰਾਬ ਅਤੇ ਵਿਗੜੀ ਹੋਈ ਪੀੜ੍ਹੀ ਵਿਚ ਪਰਮੇਸ਼ੁਰ ਦੇ ਬੱਚੇ ਸਾਬਤ ਹੋ ਸਕੋ ਜਿਹੜੇ ਨਿਰਦੋਸ਼, ਮਾਸੂਮ ਤੇ ਬੇਦਾਗ਼ ਹਨ। ਇਸ ਪੀੜ੍ਹੀ ਵਿਚ ਤੁਸੀਂ ਦੁਨੀਆਂ ਵਿਚ ਚਾਨਣ ਵਾਂਗ ਚਮਕ ਰਹੇ ਹੋ। 16  ਤੁਸੀਂ ਜ਼ਿੰਦਗੀ ਦੇ ਬਚਨ ਨੂੰ ਘੁੱਟ ਕੇ ਫੜੀ ਰੱਖੋ ਤਾਂਕਿ ਮਸੀਹ ਦੇ ਦਿਨ ਵਿਚ ਮੇਰੇ ਕੋਲ ਖ਼ੁਸ਼ ਹੋਣ ਦਾ ਕਾਰਨ ਹੋਵੇ ਕਿ ਮੇਰੀ ਦੌੜ ਜਾਂ ਸਖ਼ਤ ਮਿਹਨਤ ਵਿਅਰਥ ਨਹੀਂ ਗਈ। 17  ਪਰ ਜੇ ਮੈਨੂੰ ਪੀਣ ਦੀ ਭੇਟ* ਵਾਂਗ ਤੁਹਾਡੀ ਸੇਵਾ ਦੇ ਬਲੀਦਾਨ ਉੱਤੇ ਡੋਲ੍ਹਿਆ ਵੀ ਜਾ ਰਿਹਾ ਹੈ ਜੋ ਸੇਵਾ ਤੁਸੀਂ ਆਪਣੀ ਨਿਹਚਾ ਕਰਕੇ ਕਰਦੇ ਹੋ, ਤਾਂ ਵੀ ਮੈਂ ਤੁਹਾਡੇ ਸਾਰਿਆਂ ਨਾਲ ਖ਼ੁਸ਼ੀਆਂ ਮਨਾਉਂਦਾ ਹਾਂ। 18  ਇਸੇ ਤਰ੍ਹਾਂ ਤੁਹਾਨੂੰ ਵੀ ਮੇਰੇ ਨਾਲ ਖ਼ੁਸ਼ੀ ਮਨਾਉਣੀ ਚਾਹੀਦੀ ਹੈ। 19  ਪਰ ਜੇ ਪ੍ਰਭੂ ਯਿਸੂ ਨੇ ਚਾਹਿਆ, ਤਾਂ ਮੈਂ ਜਲਦੀ ਹੀ ਤਿਮੋਥਿਉਸ ਨੂੰ ਤੁਹਾਡੇ ਕੋਲ ਘੱਲਾਂਗਾ ਤਾਂਕਿ ਤੁਹਾਡੀ ਖ਼ਬਰ-ਸਾਰ ਜਾਣ ਕੇ ਮੈਨੂੰ ਹੌਸਲਾ ਮਿਲੇ। 20  ਮੇਰੇ ਕੋਲ ਉਸ ਵਰਗਾ ਹੋਰ ਕੋਈ ਨਹੀਂ ਹੈ ਜੋ ਸੱਚੇ ਦਿਲੋਂ ਤੁਹਾਡਾ ਫ਼ਿਕਰ ਕਰਦਾ ਹੋਵੇ। 21  ਕਿਉਂਕਿ ਬਾਕੀ ਸਾਰੇ ਆਪਣੇ ਬਾਰੇ ਹੀ ਸੋਚਦੇ ਹਨ, ਨਾ ਕਿ ਮਸੀਹ ਯਿਸੂ ਦੇ ਕੰਮ ਬਾਰੇ। 22  ਪਰ ਤੁਸੀਂ ਜਾਣਦੇ ਹੋ ਕਿ ਜਿਵੇਂ ਇਕ ਬੱਚਾ ਆਪਣੇ ਪਿਤਾ ਦੀ ਮਦਦ ਕਰਦਾ ਹੈ, ਉਸੇ ਤਰ੍ਹਾਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਉਸ ਨੇ ਮੇਰੇ ਨਾਲ ਮਿਹਨਤ ਕਰ ਕੇ ਆਪਣੇ ਆਪ ਨੂੰ ਲਾਇਕ ਸਾਬਤ ਕੀਤਾ ਹੈ। 23  ਇਸ ਲਈ, ਜਦੋਂ ਮੈਨੂੰ ਇਹ ਪਤਾ ਲੱਗ ਜਾਵੇਗਾ ਕਿ ਮੇਰੇ ਨਾਲ ਕੀ ਹੋਵੇਗਾ, ਤਾਂ ਮੈਂ ਤਿਮੋਥਿਉਸ ਨੂੰ ਹੀ ਘੱਲਣ ਦੀ ਕੋਸ਼ਿਸ਼ ਕਰਾਂਗਾ। 24  ਅਸਲ ਵਿਚ, ਜੇ ਪ੍ਰਭੂ ਨੇ ਚਾਹਿਆ, ਤਾਂ ਮੈਂ ਵੀ ਆ ਕੇ ਤੁਹਾਨੂੰ ਛੇਤੀ ਮਿਲਾਂਗਾ। 25  ਫਿਲਹਾਲ ਮੈਂ ਸੋਚਦਾ ਹਾਂ ਕਿ ਇਪਾਫ੍ਰੋ­ਦੀਤੁਸ ਨੂੰ ਤੁਹਾਡੇ ਕੋਲ ਵਾਪਸ ਘੱਲਣਾ ਜ਼ਰੂਰੀ ਹੈ ਜਿਹੜਾ ਮੇਰਾ ਭਰਾ, ਸਹਿਕਰਮੀ, ਸਾਡੇ ਨਾਲ ਮਸੀਹ ਦਾ ਫ਼ੌਜੀ ਅਤੇ ਮੇਰੀ ਸੇਵਾ ਕਰਨ ਲਈ ਤੁਹਾਡੇ ਵੱਲੋਂ ਘੱਲਿਆ ਗਿਆ ਸੇਵਕ ਹੈ। 26  ਕਿਉਂਕਿ ਉਹ ਤੁਹਾਨੂੰ ਸਾਰਿਆਂ ਨੂੰ ਮਿਲਣ ਲਈ ਤਰਸ ਰਿਹਾ ਹੈ ਅਤੇ ਇਸ ਗੱਲੋਂ ਨਿਰਾਸ਼ ਹੈ ਕਿ ਤੁਹਾਨੂੰ ਉਸ ਦੇ ਬੀਮਾਰ ਹੋਣ ਦੀ ਖ਼ਬਰ ਮਿਲੀ ਸੀ। 27  ਉਹ ਇੰਨਾ ਬੀਮਾਰ ਹੋ ਗਿਆ ਸੀ ਕਿ ਮਰਨ ਕਿਨਾਰੇ ਪਹੁੰਚ ਗਿਆ ਸੀ; ਪਰ ਪਰਮੇਸ਼ੁਰ ਨੇ ਉਸ ਉੱਤੇ ਦਇਆ ਕੀਤੀ, ਅਸਲ ਵਿਚ ਇਕੱਲੇ ਉਸ ਉੱਤੇ ਹੀ ਨਹੀਂ, ਸਗੋਂ ਮੇਰੇ ਉੱਤੇ ਵੀ ਕੀਤੀ, ਤਾਂਕਿ ਮੇਰੇ ਦੁੱਖਾਂ ਵਿਚ ਵਾਧਾ ਨਾ ਹੋਵੇ। 28  ਇਸ ਲਈ, ਮੈਂ ਉਸ ਨੂੰ ਛੇਤੀ ਤੋਂ ਛੇਤੀ ਘੱਲ ਰਿਹਾ ਹਾਂ, ਤਾਂਕਿ ਉਸ ਨੂੰ ਮਿਲ ਕੇ ਤੁਹਾਨੂੰ ਦੁਬਾਰਾ ਖ਼ੁਸ਼ੀ ਮਿਲੇ ਅਤੇ ਮੇਰੀ ਵੀ ਚਿੰਤਾ ਘਟੇ। 29  ਇਸ ਲਈ ਉਸ ਦਾ ਉਵੇਂ ਹੀ ਖਿੜੇ ਮੱਥੇ ਸੁਆਗਤ ਕਰੋ ਜਿਵੇਂ ਤੁਸੀਂ ਪ੍ਰਭੂ ਦੇ ਚੇਲਿਆਂ ਦਾ ਕਰਦੇ ਹੋ ਅਤੇ ਉਸ ਵਰਗੇ ਭਰਾਵਾਂ ਦੀ ਕਦਰ ਕਰਦੇ ਰਹੋ 30  ਕਿਉਂਕਿ ਪ੍ਰਭੂ ਦੇ ਕੰਮ ਦੀ ਖ਼ਾਤਰ ਉਹ ਮਰਨ ਕਿਨਾਰੇ ਪਹੁੰਚ ਗਿਆ ਸੀ ਅਤੇ ਉਸ ਨੇ ਆਪਣੀ ਜਾਨ ਖ਼ਤਰੇ ਵਿਚ ਪਾਈ ਸੀ, ਤਾਂਕਿ ਤੁਹਾਡੀ ਗ਼ੈਰ-ਹਾਜ਼ਰੀ ਵਿਚ ਉਹ ਤੁਹਾਡੀ ਜਗ੍ਹਾ ਮੇਰੀ ਸੇਵਾ ਕਰੇ।

ਫੁਟਨੋਟ

ਇੱਥੇ ਪੌਲੁਸ ਨੇ ਆਪਣੀ ਤੁਲਨਾ “ਪੀਣ ਦੀ ਭੇਟ” ਨਾਲ ਕਰ ਕੇ ਆਪਣੀ ਇੱਛਾ ਜ਼ਾਹਰ ਕੀਤੀ ਸੀ ਕਿ ਉਹ ਆਪਣੇ ਮਸੀਹੀ ਭੈਣਾਂ-ਭਰਾਵਾਂ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਸੀ।