Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ

 ਪਾਠ 6

ਉਸ ਨੇ ਪਰਮੇਸ਼ੁਰ ਨੂੰ ਦਿਲ ਖੋਲ੍ਹ ਕੇ ਪ੍ਰਾਰਥਨਾ ਕੀਤੀ

ਉਸ ਨੇ ਪਰਮੇਸ਼ੁਰ ਨੂੰ ਦਿਲ ਖੋਲ੍ਹ ਕੇ ਪ੍ਰਾਰਥਨਾ ਕੀਤੀ

1, 2. (ੳ) ਸਫ਼ਰ ਦੀ ਤਿਆਰੀ ਕਰਦੇ ਸਮੇਂ ਹੰਨਾਹ ਖ਼ੁਸ਼ ਕਿਉਂ ਨਹੀਂ ਸੀ? (ਅ) ਅਸੀਂ ਹੰਨਾਹ ਦੀ ਕਹਾਣੀ ਤੋਂ ਕੀ ਸਿੱਖ ਸਕਦੇ ਹਾਂ?

ਹੰਨਾਹ ਸਫ਼ਰ ਦੀਆਂ ਤਿਆਰੀਆਂ ਵਿਚ ਰੁੱਝੀ ਹੋਈ ਹੈ ਤਾਂਕਿ ਉਹ ਆਪਣੀਆਂ ਸਮੱਸਿਆਵਾਂ ਬਾਰੇ ਨਾ ਸੋਚੇ। ਇਸ ਮੌਕੇ ’ਤੇ ਉਸ ਨੂੰ ਖ਼ੁਸ਼ ਹੋਣਾ ਚਾਹੀਦਾ ਹੈ। ਉਸ ਦਾ ਪਤੀ ਅਲਕਾਨਾਹ ਹਰ ਸਾਲ ਆਪਣੇ ਪਰਿਵਾਰ ਨੂੰ ਸ਼ੀਲੋਹ ਵਿਚ ਯਹੋਵਾਹ ਦੇ ਡੇਰੇ ਤੇ ਲੈ ਕੇ ਜਾਂਦਾ ਹੈ। ਯਹੋਵਾਹ ਚਾਹੁੰਦਾ ਹੈ ਕਿ ਸਾਰੇ ਜਣੇ ਉਸ ਦੇ ਡੇਰੇ ਵਿਚ ਖ਼ੁਸ਼ੀ-ਖ਼ੁਸ਼ੀ ਆਉਣ। (ਬਿਵਸਥਾ ਸਾਰ 16:15 ਪੜ੍ਹੋ।) ਬੇਸ਼ੱਕ ਹੰਨਾਹ ਬਚਪਨ ਤੋਂ ਡੇਰੇ ਵਿਚ ਖ਼ੁਸ਼ੀ-ਖ਼ੁਸ਼ੀ ਇਹ ਤਿਉਹਾਰ ਮਨਾਉਂਦੀ ਹੁੰਦੀ ਸੀ, ਪਰ ਹੁਣ ਕੁਝ ਸਾਲਾਂ ਤੋਂ ਹਾਲਾਤ ਬਦਲ ਚੁੱਕੇ ਹਨ।

2 ਉਸ ਦਾ ਪਤੀ ਅਲਕਾਨਾਹ ਉਸ ਨੂੰ ਬਹੁਤ ਪਿਆਰ ਕਰਦਾ ਹੈ। ਪਰ ਅਲਕਾਨਾਹ ਦੀ ਇਕ ਹੋਰ ਵੀ ਪਤਨੀ ਹੈ। ਉਸ ਦਾ ਨਾਂ ਪਨਿੰਨਾਹ ਹੈ ਤੇ ਉਹ ਹੰਨਾਹ ਦੀ ਜ਼ਿੰਦਗੀ ਨੂੰ ਨਰਕ ਬਣਾਉਣ ਤੇ ਤੁਲੀ ਹੋਈ ਹੈ। ਪਨਿੰਨਾਹ ਇਨ੍ਹਾਂ ਖ਼ੁਸ਼ੀ ਦੇ ਮੌਕਿਆਂ ਤੇ ਵੀ ਹੰਨਾਹ ਦਾ ਦਿਲ ਦੁਖਾਉਣ ਤੋਂ ਬਾਜ਼ ਨਹੀਂ ਆਉਂਦੀ। ਕਿਵੇਂ? ਪਰ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਯਹੋਵਾਹ ਉੱਤੇ ਨਿਹਚਾ ਹੋਣ ਕਰਕੇ ਹੰਨਾਹ ਇਨ੍ਹਾਂ ਹਾਲਾਤਾਂ ਦਾ ਸਾਮ੍ਹਣਾ ਕਿਵੇਂ ਕਰ ਸਕੀ? ਜੇ ਮੁਸ਼ਕਲਾਂ ਕਰਕੇ ਤੁਹਾਡੀਆਂ ਖ਼ੁਸ਼ੀਆਂ ਖੰਭ ਲਾ ਕੇ ਉੱਡ ਗਈਆਂ ਹਨ, ਤਾਂ ਹੰਨਾਹ ਦੀ ਕਹਾਣੀ ਤੁਹਾਡੀ ਮਦਦ ਕਰ ਸਕਦੀ ਹੈ।

“ਤੂੰ ਕਿਉਂ ਦੁੱਖੀ ਰਹਿੰਦੀ ਹੈਂ?”

3, 4. ਹੰਨਾਹ ਦੀ ਜ਼ਿੰਦਗੀ ਵਿਚ ਕਿਹੜੀਆਂ ਦੋ ਵੱਡੀਆਂ ਮੁਸ਼ਕਲਾਂ ਸਨ ਅਤੇ ਉਨ੍ਹਾਂ ਦਾ ਸਾਮ੍ਹਣਾ ਕਰਨਾ ਇੰਨਾ ਔਖਾ ਕਿਉਂ ਸੀ?

3 ਬਾਈਬਲ ਦੱਸਦੀ ਹੈ ਕਿ ਹੰਨਾਹ ਦੀ ਜ਼ਿੰਦਗੀ ਵਿਚ ਦੋ ਵੱਡੀਆਂ ਮੁਸ਼ਕਲਾਂ ਸਨ। ਇਕ ਨੂੰ ਤਾਂ ਉਹ ਥੋੜ੍ਹਾ-ਬਹੁਤਾ ਬਰਦਾਸ਼ਤ ਕਰ ਸਕਦੀ ਸੀ, ਪਰ ਦੂਜੀ ਉਸ ਦੇ ਬਰਦਾਸ਼ਤ ਤੋਂ ਬਾਹਰ ਸੀ। ਪਹਿਲੀ ਮੁਸ਼ਕਲ ਇਹ ਸੀ ਕਿ ਅਲਕਾਨਾਹ ਦੀਆਂ ਦੋ ਤੀਵੀਆਂ ਸਨ ਤੇ ਹੰਨਾਹ ਦੀ ਸੌਂਕਣ ਉਸ ਨੂੰ ਸਖ਼ਤ ਨਫ਼ਰਤ ਕਰਦੀ ਸੀ। ਦੂਜੀ, ਹੰਨਾਹ ਬੇਔਲਾਦ ਸੀ। ਇਹ ਹਾਲਤ ਸਹਿਣੀ ਕਿਸੇ ਵੀ ਤੀਵੀਂ ਵਾਸਤੇ ਬਹੁਤ ਔਖੀ ਹੁੰਦੀ ਹੈ ਜੋ ਮਾਂ ਬਣਨਾ ਚਾਹੁੰਦੀ ਹੈ। ਪਰ ਹੰਨਾਹ ਦੇ ਜ਼ਮਾਨੇ ਵਿਚ ਬੇਔਲਾਦ ਔਰਤ ਦੀ ਜ਼ਿੰਦਗੀ ਗਮਾਂ ਨਾਲ ਭਰ ਜਾਂਦੀ ਸੀ। ਹਰ ਪਰਿਵਾਰ ਚਾਹੁੰਦਾ ਸੀ ਕਿ ਉਨ੍ਹਾਂ ਦੇ ਖ਼ਾਨਦਾਨ ਨੂੰ ਅੱਗੇ ਵਧਾਉਣ ਵਾਲਾ ਕੋਈ ਹੋਵੇ। ਇਕ ਤੀਵੀਂ ਲਈ ਬੇਔਲਾਦ ਹੋਣਾ ਬੜੀ ਬਦਨਾਮੀ ਤੇ ਸ਼ਰਮ ਵਾਲੀ ਗੱਲ ਹੁੰਦੀ ਸੀ।

4 ਜੇ ਪਨਿੰਨਾਹ ਹੰਨਾਹ ਦੀ ਸੌਂਕਣ ਨਾ ਹੁੰਦੀ, ਤਾਂ ਉਹ ਆਪਣੇ ਬੇਔਲਾਦ ਹੋਣ ਦੇ ਦਰਦ ਨੂੰ ਹੌਸਲੇ ਨਾਲ ਸਹਾਰ ਲੈਂਦੀ। ਇਕ ਤੋਂ ਜ਼ਿਆਦਾ ਵਿਆਹ ਕਰਾਉਣ ਨਾਲ ਅਕਸਰ ਮਾੜੇ ਨਤੀਜੇ ਹੀ ਨਿਕਲਦੇ ਸਨ। ਅਜਿਹੇ ਘਰਾਂ ਵਿਚ ਲੜਾਈ-ਝਗੜਾ ਤੇ ਕਲੇਸ਼ ਹੀ ਰਹਿੰਦਾ ਸੀ। ਅਦਨ ਦੇ  ਬਾਗ਼ ਵਿਚ ਪਰਮੇਸ਼ੁਰ ਨੇ ਪਹਿਲੇ ਆਦਮੀ ਲਈ ਇਕ ਹੀ ਪਤਨੀ ਬਣਾਈ ਸੀ। ਇਸ ਤਰ੍ਹਾਂ ਉਸ ਨੇ ਅਸੂਲ ਬਣਾਇਆ ਸੀ ਕਿ ਇਕ ਇਨਸਾਨ ਦਾ ਇਕ ਹੀ ਜੀਵਨ ਸਾਥੀ ਹੋਵੇ। (ਉਤ. 2:24) ਬਾਈਬਲ ਦਿਖਾਉਂਦੀ ਹੈ ਕਿ ਇਕ ਤੋਂ ਜ਼ਿਆਦਾ ਵਿਆਹ ਕਰਾਉਣਾ ਬਹੁਤ ਹੀ ਗ਼ਲਤ ਫ਼ੈਸਲਾ ਹੈ। ਅਲਕਾਨਾਹ ਦਾ ਪਰਿਵਾਰ ਇਸ ਗੱਲ ਦੀ ਜੀਉਂਦੀ-ਜਾਗਦੀ ਮਿਸਾਲ ਸੀ।

5. ਪਨਿੰਨਾਹ ਹੰਨਾਹ ਨੂੰ ਕਿਉਂ ਅਤੇ ਕਿਵੇਂ ਦੁਖੀ ਕਰਦੀ ਸੀ?

5 ਅਲਕਾਨਾਹ ਹੰਨਾਹ ਨੂੰ ਪਨਿੰਨਾਹ ਨਾਲੋਂ ਜ਼ਿਆਦਾ ਪਿਆਰ ਕਰਦਾ ਸੀ। ਯਹੂਦੀ ਕਥਾ-ਕਹਾਣੀਆਂ ਮੁਤਾਬਕ ਉਸ ਦਾ ਪਹਿਲਾ ਵਿਆਹ ਹੰਨਾਹ ਨਾਲ ਅਤੇ ਫਿਰ ਕੁਝ ਸਾਲਾਂ ਬਾਅਦ ਪਨਿੰਨਾਹ ਨਾਲ ਹੋਇਆ। ਜੋ ਵੀ ਸੀ, ਪਨਿੰਨਾਹ ਹੰਨਾਹ ਤੋਂ ਬਹੁਤ ਸੜਦੀ ਸੀ ਅਤੇ ਉਸ ਨੂੰ ਦੁੱਖ ਦੇਣ ਵਿਚ ਉਹ ਕੋਈ ਕਸਰ ਨਹੀਂ ਛੱਡਦੀ ਸੀ। ਪਨਿੰਨਾਹ ਦੇ ਇਕ ਤੋਂ ਬਾਅਦ ਇਕ ਕਈ ਬੱਚੇ ਪੈਦਾ ਹੋਏ ਜਿਸ ਕਰਕੇ ਉਸ ਨੂੰ ਖ਼ੁਦ ’ਤੇ ਬੜਾ ਘਮੰਡ ਸੀ। ਹੰਨਾਹ ਦੇ ਕੋਈ ਬੱਚਾ ਨਹੀਂ ਸੀ ਤੇ ਇਸ ਕਰਕੇ ਪਨਿੰਨਾਹ ਉਸ ਨੂੰ ਦੁੱਖ ਪਹੁੰਚਾਉਣ ਦਾ ਕੋਈ ਵੀ ਮੌਕਾ ਆਪਣੇ ਹੱਥੋਂ ਨਹੀਂ ਜਾਣ ਦਿੰਦੀ ਸੀ। ਉਸ ਨੂੰ ਤਸੱਲੀ ਦੇਣ ਦੀ ਬਜਾਇ ਉਹ ਹੰਨਾਹ ਦੇ ਜ਼ਖ਼ਮਾਂ ’ਤੇ ਲੂਣ ਛਿੜਕਦੀ ਸੀ। ਬਾਈਬਲ ਕਹਿੰਦੀ ਹੈ ਕਿ ਪਨਿੰਨਾਹ ਤਾਅਨੇ-ਮੇਹਣੇ ਮਾਰ ਕੇ ਹੰਨਾਹ ਨੂੰ “ਅਕਾਉਣ ਲਈ ਬਹੁਤ ਛੇੜਦੀ ਸੀ।” (1 ਸਮੂ. 1:6) ਪਨਿੰਨਾਹ ਜਾਣ-ਬੁੱਝ ਕੇ ਤਾਅਨਿਆਂ ਦੇ ਤੀਰ ਮਾਰ-ਮਾਰ ਕੇ ਹੰਨਾਹ ਦਾ ਕਲ਼ੇਜਾ ਵਿੰਨ੍ਹਦੀ ਰਹਿੰਦੀ ਸੀ।

ਬੇਔਲਾਦ ਹੋਣ ਕਰਕੇ ਹੰਨਾਹ ਬਹੁਤ ਦੁਖੀ ਸੀ ਤੇ ਪਨਿੰਨਾਹ ਨੇ ਉਸ ਦਾ ਦੁੱਖ ਵਧਾਉਣ ਵਿਚ ਕੋਈ ਕਸਰ ਨਹੀਂ ਛੱਡੀ

6, 7. (ੳ) ਅਲਕਾਨਾਹ ਤੋਂ ਦਿਲਾਸਾ ਮਿਲਣ ਦੇ ਬਾਵਜੂਦ ਹੰਨਾਹ ਨੇ ਸ਼ਾਇਦ ਉਸ ਨੂੰ ਪੂਰੀ ਗੱਲ ਕਿਉਂ ਨਹੀਂ ਦੱਸੀ ਹੋਣੀ? (ਅ) ਕੀ ਹੰਨਾਹ ਦੇ ਕੋਈ ਬੱਚਾ ਨਾ ਹੋਣ ਦਾ ਇਹ ਮਤਲਬ ਸੀ ਕਿ ਯਹੋਵਾਹ ਉਸ ਤੋਂ ਨਾਰਾਜ਼ ਸੀ? ਸਮਝਾਓ। (ਫੁਟਨੋਟ ਦੇਖੋ।)

6 ਲੱਗਦਾ ਹੈ ਕਿ ਪਨਿੰਨਾਹ ਕੋਲ ਤਾਅਨੇ-ਮੇਹਣੇ ਦੇਣ ਦਾ ਸਭ ਤੋਂ ਵਧੀਆ ਮੌਕਾ ਉਦੋਂ ਹੁੰਦਾ ਸੀ ਜਦੋਂ ਹਰ ਸਾਲ ਪੂਰਾ ਪਰਿਵਾਰ ਤਿਉਹਾਰ ਮਨਾਉਣ ਸ਼ੀਲੋਹ ਜਾਂਦਾ ਸੀ। ਅਲਕਾਨਾਹ ਯਹੋਵਾਹ ਨੂੰ ਚੜ੍ਹਾਈਆਂ ਬਲ਼ੀਆਂ ਦੇ ਕਈ ਹਿੱਸੇ ਪਨਿੰਨਾਹ ਦੇ “ਪੁੱਤ੍ਰਾਂ ਅਤੇ ਉਹ ਦੀਆਂ ਧੀਆਂ” ਨੂੰ ਦਿੰਦਾ ਸੀ। ਪਰ ਪਿਆਰੀ ਹੰਨਾਹ ਨੂੰ ਖ਼ਾਸ ਹਿੱਸਾ ਮਿਲਦਾ ਸੀ। ਇਸ ਕਰਕੇ ਪਨਿੰਨਾਹ ਹੰਨਾਹ ਉੱਤੇ ਬਹੁਤ ਰੋਅਬ ਪਾਉਂਦੀ ਸੀ ਅਤੇ ਉਸ ਨੂੰ ਯਾਦ ਕਰਾਉਂਦੀ ਸੀ ਕਿ ਉਹ ਬੇਔਲਾਦ ਸੀ। ਇਸ ਕਾਰਨ ਬੇਚਾਰੀ ਹੰਨਾਹ ਰੋਣ ਲੱਗ ਜਾਂਦੀ ਸੀ ਤੇ ਉਸ ਦੀ ਭੁੱਖ-ਪਿਆਸ ਵੀ ਮਰ ਜਾਂਦੀ ਸੀ। ਅਲਕਾਨਾਹ ਤੋਂ ਇਹ ਗੱਲ ਲੁਕੀ ਹੋਈ ਨਹੀਂ ਸੀ ਕਿ ਹੰਨਾਹ ਦੁਖੀ ਸੀ ਤੇ ਕੁਝ ਖਾ-ਪੀ ਨਹੀਂ ਰਹੀ ਸੀ। ਉਸ ਨੇ ਹੰਨਾਹ ਨੂੰ ਦਿਲਾਸਾ ਦਿੰਦੇ ਹੋਏ ਕਿਹਾ: ‘ਤੂੰ ਕਿਉਂ ਰੋਂਦੀ ਹੈਂ? ਤੂੰ ਕੁਝ ਖਾਂਦੀ ਨਹੀਂ? ਤੂੰ ਕਿਉਂ ਦੁੱਖੀ ਰਹਿੰਦੀ ਹੈਂ? ਕੀ ਤੇਰੇ ਲਈ ਮੈਂ ਦੱਸਾਂ ਪੁੱਤਰਾਂ ਨਾਲੋਂ ਚੰਗਾ ਨਹੀਂ ਹਾਂ?’​—1 ਸਮੂ. 1:4-8, CL.

7 ਅਲਕਾਨਾਹ ਨੂੰ ਇੰਨਾ ਤਾਂ ਪਤਾ ਸੀ ਕਿ ਬੱਚਾ ਨਾ ਹੋਣ ਕਰਕੇ ਹੰਨਾਹ ਦੁਖੀ ਸੀ। ਹੰਨਾਹ ਨੂੰ ਇਸ ਗੱਲ ਤੋਂ ਜ਼ਰੂਰ ਤਸੱਲੀ ਮਿਲੀ ਹੋਵੇਗੀ ਕਿ ਉਸ ਦਾ ਪਤੀ ਉਸ ਨੂੰ ਕਿੰਨਾ ਪਿਆਰ ਕਰਦਾ ਸੀ। * ਪਰ ਅਲਕਾਨਾਹ ਨੇ ਪਨਿੰਨਾਹ ਦੇ ਤਾਅਨੇ-ਮਿਹਣਿਆਂ  ਦਾ ਕੋਈ ਜ਼ਿਕਰ ਨਹੀਂ ਕੀਤਾ ਤੇ ਨਾ ਹੀ ਬਾਈਬਲ ਵਿਚ ਦੱਸਿਆ ਹੈ ਕਿ ਹੰਨਾਹ ਨੇ ਆਪਣੇ ਪਤੀ ਨੂੰ ਇਸ ਬਾਰੇ ਦੱਸਿਆ ਸੀ। ਸ਼ਾਇਦ ਉਹ ਜਾਣਦੀ ਸੀ ਕਿ ਪਨਿੰਨਾਹ ਬਾਰੇ ਦੱਸਣ ਨਾਲ ਉਸ ਦੇ ਹਾਲਾਤ ਹੋਰ ਵੀ ਮਾੜੇ ਹੋ ਸਕਦੇ ਸਨ। ਨਾਲੇ ਸ਼ਾਇਦ ਅਲਕਾਨਾਹ ਵੀ ਇਸ ਮਾਮਲੇ ਵਿਚ ਕੁਝ ਨਹੀਂ ਕਰ ਸਕਦਾ ਸੀ। ਜੇ ਅਲਕਾਨਾਹ ਇਸ ਗੱਲ ਵਿਚ ਦਖ਼ਲਅੰਦਾਜ਼ੀ ਕਰਦਾ, ਤਾਂ ਕੀ ਪਤਾ ਕਿ ਪਨਿੰਨਾਹ ਹੰਨਾਹ ਦੇ ਹੋਰ ਵੀ ਵੈਰ ਪੈ ਜਾਂਦੀ ਅਤੇ ਉਸ ਦੇ ਬੱਚੇ ਤੇ ਨੌਕਰ ਵੀ ਹੰਨਾਹ ਨੂੰ ਨਫ਼ਰਤ ਦੀ ਨਿਗਾਹ ਨਾਲ ਦੇਖਣ ਲੱਗ ਪੈਂਦੇ। ਫਿਰ ਜੇ ਇੱਦਾਂ ਹੁੰਦਾ, ਤਾਂ ਉਸ ਨੇ ਆਪਣੇ ਹੀ ਘਰ ਬੇਗਾਨਿਆਂ ਦੀ ਤਰ੍ਹਾਂ ਹੋ ਜਾਣਾ ਸੀ।

ਘਰ ਵਿਚ ਹੁੰਦੀ ਬਦਸਲੂਕੀ ਕਰਕੇ ਹੰਨਾਹ ਨੇ ਯਹੋਵਾਹ ਨੂੰ ਫ਼ਰਿਆਦ ਕੀਤੀ

8. ਜਦੋਂ ਤੁਹਾਡੇ ਨਾਲ ਕੋਈ ਘਟੀਆ ਸਲੂਕ ਜਾਂ ਅਨਿਆਂ ਕਰਦਾ ਹੈ, ਤਾਂ ਤੁਹਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ?

8 ਭਾਵੇਂ ਅਲਕਾਨਾਹ ਨੂੰ ਪਨਿੰਨਾਹ ਦੇ ਘਟੀਆ ਸਲੂਕ ਬਾਰੇ ਪੂਰੀ ਖ਼ਬਰ ਸੀ ਜਾਂ ਨਹੀਂ, ਪਰ ਯਹੋਵਾਹ ਸਭ ਕੁਝ ਦੇਖ ਰਿਹਾ ਸੀ। ਬਾਈਬਲ ਵਿਚ ਦਿੱਤੀ ਇਸ ਕਹਾਣੀ ਨੂੰ ਪੜ੍ਹ ਕੇ ਉਨ੍ਹਾਂ ਲੋਕਾਂ ਨੂੰ ਚੇਤਾਵਨੀ ਮਿਲਦੀ ਹੈ ਜੋ ਦੂਸਰਿਆਂ ਨਾਲ ਈਰਖਾ ਤੇ ਨਫ਼ਰਤ ਨਾਲ ਪੇਸ਼ ਆਉਂਦੇ ਹਨ। ਦੂਜੇ ਪਾਸੇ, ਹੰਨਾਹ ਵਰਗੇ ਬੇਕਸੂਰ ਤੇ ਸ਼ਾਂਤੀ-ਪਸੰਦ ਲੋਕਾਂ ਨੂੰ ਇਸ ਗੱਲ ਤੋਂ ਤਸੱਲੀ ਮਿਲਦੀ ਹੈ ਕਿ ਯਹੋਵਾਹ ਇਨਸਾਫ਼ ਦਾ ਪਰਮੇਸ਼ੁਰ ਹੈ ਜੋ ਸਹੀ ਤਰੀਕੇ ਨਾਲ ਅਤੇ ਸਹੀ ਸਮੇਂ ਤੇ ਸਾਰੇ ਮਾਮਲਿਆਂ ਨੂੰ ਹੱਲ ਕਰਦਾ ਹੈ। (ਬਿਵਸਥਾ ਸਾਰ 32:4 ਪੜ੍ਹੋ।) ਸ਼ਾਇਦ ਹੰਨਾਹ ਵੀ ਇਹ ਗੱਲ ਜਾਣਦੀ ਸੀ, ਇਸੇ ਲਈ ਉਸ ਨੇ ਯਹੋਵਾਹ ਤੋਂ ਮਦਦ ਮੰਗੀ।

“ਫੇਰ ਉਹ ਦਾ ਮੂੰਹ ਉਦਾਸ ਨਾ ਰਿਹਾ”

9. ਪਨਿੰਨਾਹ ਦੇ ਗ਼ਲਤ ਰਵੱਈਏ ਬਾਰੇ ਜਾਣਦੇ ਹੋਏ ਵੀ ਹੰਨਾਹ ਸ਼ੀਲੋਹ ਨੂੰ ਜਾਣ ਲਈ ਤਿਆਰ ਸੀ, ਅਸੀਂ ਇਸ ਤੋਂ ਕੀ ਸਬਕ ਸਿੱਖ ਸਕਦੇ ਹਾਂ?

9 ਸਵੇਰੇ-ਸਵੇਰੇ ਸਾਰਾ ਪਰਿਵਾਰ ਕੰਮ ਵਿਚ ਰੁੱਝਾ ਹੋਇਆ ਸੀ। ਸਾਰੇ ਤਿਉਹਾਰ ’ਤੇ ਜਾਣ ਦੀਆਂ ਤਿਆਰੀਆਂ ਕਰ ਰਹੇ ਸਨ, ਇੱਥੋਂ ਤਕ ਕਿ ਬੱਚੇ ਵੀ। ਇਸ ਵੱਡੇ ਪਰਿਵਾਰ ਨੂੰ ਸ਼ੀਲੋਹ ਜਾਣ ਲਈ ਇਫ਼ਰਾਈਮ ਦੇ ਪਹਾੜੀ ਇਲਾਕੇ ਵਿੱਚੋਂ ਲੰਘਣਾ ਪੈਣਾ ਸੀ ਤੇ ਇਹ ਸਫ਼ਰ 30 ਕਿਲੋਮੀਟਰ (20 ਮੀਲ) ਤੋਂ ਜ਼ਿਆਦਾ ਲੰਬਾ ਸੀ। * ਪੈਦਲ ਜਾਣ ਨਾਲ ਇਕ-ਦੋ ਦਿਨ ਲੱਗ ਜਾਂਦੇ ਸਨ। ਹੰਨਾਹ ਜਾਣਦੀ ਸੀ ਕਿ ਪਨਿੰਨਾਹ ਉਸ ਨਾਲ ਕੀ ਕਰੇਗੀ। ਫਿਰ ਵੀ ਉਹ ਘਰ ਨਹੀਂ ਰਹੀ। ਉਸ ਨੇ ਅੱਜ ਪਰਮੇਸ਼ੁਰ ਦੇ ਸੇਵਕਾਂ ਲਈ ਵਧੀਆ ਮਿਸਾਲ ਕਾਇਮ ਕੀਤੀ। ਦੂਸਰਿਆਂ ਦੀ ਬਦਸਲੂਕੀ ਕਰਕੇ ਸਾਨੂੰ ਪਰਮੇਸ਼ੁਰ ਦੀ ਭਗਤੀ ਕਰਨੀ ਕਦੀ ਨਹੀਂ ਛੱਡਣੀ ਚਾਹੀਦੀ। ਜੇ ਅਸੀਂ ਛੱਡ ਦੇਈਏ, ਤਾਂ ਅਸੀਂ ਯਹੋਵਾਹ ਦੀਆਂ ਉਨ੍ਹਾਂ ਬਰਕਤਾਂ ਤੋਂ ਵਾਂਝੇ ਰਹਿ ਜਾਵਾਂਗੇ ਜਿਨ੍ਹਾਂ ਤੋਂ ਸਾਨੂੰ ਮੁਸ਼ਕਲ ਹਾਲਾਤਾਂ ਦਾ ਸਾਮ੍ਹਣਾ ਕਰਨ ਦੀ ਤਾਕਤ ਮਿਲਦੀ ਹੈ।

10, 11. (ੳ) ਹੰਨਾਹ ਮੌਕਾ ਮਿਲਦਿਆਂ ਹੀ ਇਕੱਲੀ ਯਹੋਵਾਹ ਦੇ ਡੇਰੇ ਵਿਚ ਕਿਉਂ ਚਲੀ ਗਈ? (ਅ) ਹੰਨਾਹ ਨੇ ਆਪਣੇ ਸਵਰਗੀ ਪਿਤਾ ਨੂੰ ਪ੍ਰਾਰਥਨਾ ਵਿਚ ਕੀ ਕਿਹਾ ਅਤੇ ਕਿਵੇਂ?

10 ਪੂਰਾ ਦਿਨ ਪਹਾੜੀ ਰਸਤਿਆਂ ਵਿੱਚੋਂ ਦੀ ਸਫ਼ਰ ਕਰਦਾ ਹੋਇਆ ਅਖ਼ੀਰ ਵਿਚ ਇਹ ਪਰਿਵਾਰ ਸ਼ੀਲੋਹ ਪਹੁੰਚਿਆ। ਸ਼ੀਲੋਹ ਸ਼ਹਿਰ ਇਕ ਪਹਾੜੀ ਉੱਤੇ ਵੱਸਿਆ ਸੀ ਜਿਸ ਦੇ ਆਲੇ-ਦੁਆਲੇ ਹੋਰ ਉੱਚੀਆਂ-ਉੱਚੀਆਂ ਪਹਾੜੀਆਂ ਸਨ। ਉਸ ਵੇਲੇ ਹੰਨਾਹ ਮਨ ਹੀ ਮਨ ਸੋਚ ਰਹੀ ਹੋਣੀ ਕਿ ਉਹ ਪ੍ਰਾਰਥਨਾ ਵਿਚ ਯਹੋਵਾਹ ਨੂੰ ਕੀ-ਕੀ ਕਹੇਗੀ। ਉੱਥੇ ਪਹੁੰਚ ਕੇ ਸਾਰੇ ਪਰਿਵਾਰ ਨੇ ਮਿਲ ਕੇ ਖਾਣਾ ਖਾਧਾ। ਫਿਰ ਜਦੋਂ ਹੰਨਾਹ ਨੂੰ ਮੌਕਾ ਮਿਲਿਆ, ਤਾਂ ਉਹ ਇਕੱਲੀ ਯਹੋਵਾਹ ਦੇ ਡੇਰੇ ਵਿਚ ਚਲੀ ਗਈ। ਮਹਾਂ ਪੁਜਾਰੀ ਏਲੀ ਡੇਰੇ ਦੇ ਦਰਵਾਜ਼ੇ ਕੋਲ ਬੈਠਾ ਸੀ। ਪਰ ਹੰਨਾਹ ਨੇ ਉਸ ਨੂੰ  ਨਹੀਂ ਦੇਖਿਆ ਕਿਉਂਕਿ ਉਸ ਦਾ ਪੂਰਾ ਧਿਆਨ ਯਹੋਵਾਹ ਵੱਲ ਸੀ। ਉਸ ਨੂੰ ਪੂਰਾ ਯਕੀਨ ਸੀ ਕਿ ਯਹੋਵਾਹ ਉਸ ਦੀ ਫ਼ਰਿਆਦ ਸੁਣੇਗਾ। ਹੋਰ ਕੋਈ ਭਾਵੇਂ ਉਸ ਦਾ ਦੁੱਖ ਨਾ ਸਮਝੇ, ਪਰ ਉਸ ਦਾ ਸਵਰਗੀ ਪਿਤਾ ਜ਼ਰੂਰ ਸਮਝੇਗਾ। ਉਸ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਤੇ ਉਹ ਫੁੱਟ-ਫੁੱਟ ਕੇ ਰੋਣ ਲੱਗ ਪਈ।

11 ਹਟਕੋਰੇ ਲੈਣ ਕਰਕੇ ਹੰਨਾਹ ਦਾ ਸਰੀਰ ਕੰਬ ਰਿਹਾ ਸੀ ਅਤੇ ਉਸ ਨੇ ਮਨ ਹੀ ਮਨ ਯਹੋਵਾਹ ਨਾਲ ਗੱਲਾਂ ਕੀਤੀਆਂ। ਜਦ ਉਹ ਯਹੋਵਾਹ ਸਾਮ੍ਹਣੇ ਆਪਣੇ ਦੁੱਖ ਫਰੋਲ ਰਹੀ ਸੀ, ਤਾਂ ਉਸ ਦੇ ਸਿਰਫ਼ ਬੁੱਲ੍ਹ ਹਿਲ ਰਹੇ ਸਨ। ਉਸ ਨੇ ਦਿਲ ਖੋਲ੍ਹ ਕੇ ਕਿੰਨੀ ਹੀ ਦੇਰ ਤਕ ਆਪਣੇ ਪਿਤਾ ਯਹੋਵਾਹ ਨੂੰ ਪ੍ਰਾਰਥਨਾ ਕੀਤੀ। ਉਸ ਨੇ ਯਹੋਵਾਹ ਤੋਂ ਕੁਝ ਮੰਗਿਆ ਹੀ ਨਹੀਂ, ਸਗੋਂ ਉਹ ਉਸ ਨੂੰ ਕੁਝ ਦੇਣਾ ਵੀ ਚਾਹੁੰਦੀ ਸੀ। ਉਸ ਨੇ ਸਿਰਫ਼ ਇਹੀ ਨਹੀਂ ਕਿਹਾ ਕਿ ਪਰਮੇਸ਼ੁਰ ਉਸ ਨੂੰ ਪੁੱਤਰ ਦੀ ਦਾਤ ਬਖ਼ਸ਼ੇ, ਸਗੋਂ ਉਸ ਨੇ ਸੁੱਖਣਾ ਵੀ ਸੁੱਖੀ ਕਿ ਜੇ ਉਸ ਦੇ ਮੁੰਡਾ ਹੋਇਆ, ਤਾਂ ਉਹ ਉਸ ਨੂੰ ਯਹੋਵਾਹ ਦੀ ਸੇਵਾ ਲਈ ਦੇ ਦੇਵੇਗੀ।​—1 ਸਮੂ. 1:9-11.

12. ਪ੍ਰਾਰਥਨਾ ਬਾਰੇ ਅਸੀਂ ਹੰਨਾਹ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?

12 ਯਹੋਵਾਹ ਦੇ ਸਾਰੇ ਸੇਵਕ ਪ੍ਰਾਰਥਨਾ ਕਰਨ ਬਾਰੇ ਹੰਨਾਹ ਤੋਂ ਬਹੁਤ ਕੁਝ ਸਿੱਖ ਸਕਦੇ ਹਨ। ਯਹੋਵਾਹ ਆਪਣੇ ਲੋਕਾਂ ਨੂੰ ਬੜੇ ਪਿਆਰ ਨਾਲ ਸੱਦਾ ਦਿੰਦਾ ਹੈ ਕਿ ਉਹ ਦਿਲ ਖੋਲ੍ਹ ਕੇ ਬਿਨਾਂ ਝਿਜਕੇ ਉਸ ਨੂੰ ਪ੍ਰਾਰਥਨਾ ਕਰਨ। ਯਹੋਵਾਹ ਚਾਹੁੰਦਾ ਹੈ ਕਿ ਅਸੀਂ ਆਪਣੇ ਮਨ ਦੀਆਂ ਸਾਰੀਆਂ ਚਿੰਤਾਵਾਂ ਉਸ ਨੂੰ ਦੱਸੀਏ ਜਿਵੇਂ ਇਕ ਛੋਟਾ ਬੱਚਾ ਆਪਣੇ ਮਾਪਿਆਂ ਨੂੰ ਹਰ ਗੱਲ ਦੱਸਦਾ ਹੈ। (ਜ਼ਬੂਰਾਂ ਦੀ ਪੋਥੀ 62:8; 1 ਥੱਸਲੁਨੀਕੀਆਂ 5:17 ਪੜ੍ਹੋ।) ਪਤਰਸ ਰਸੂਲ ਦੇ ਇਨ੍ਹਾਂ ਸ਼ਬਦਾਂ ਤੋਂ ਕਿੰਨਾ ਦਿਲਾਸਾ ਮਿਲਦਾ ਹੈ: “ਆਪਣੀਆਂ ਸਾਰੀਆਂ ਚਿੰਤਾਵਾਂ ਦਾ ਬੋਝ ਉਸ ਉੱਤੇ ਪਾ ਦਿਓ ਕਿਉਂਕਿ ਉਸ ਨੂੰ ਤੁਹਾਡਾ ਫ਼ਿਕਰ ਹੈ।”​—1 ਪਤ. 5:7.

13, 14. (ੳ) ਏਲੀ ਨੇ ਹੰਨਾਹ ਬਾਰੇ ਜਲਦਬਾਜ਼ੀ ਵਿਚ ਕੀ ਕਿਹਾ ਤੇ ਕਿਉਂ? (ਅ) ਏਲੀ ਨੂੰ ਦਿੱਤੇ ਹੰਨਾਹ ਦੇ ਜਵਾਬ ਤੋਂ ਉਸ ਦੀ ਨਿਹਚਾ ਬਾਰੇ ਕੀ ਪਤਾ ਲੱਗਦਾ ਹੈ?

13 ਦੂਜੇ ਪਾਸੇ, ਇਨਸਾਨ ਯਹੋਵਾਹ ਜਿੰਨੇ ਹਮਦਰਦ ਨਹੀਂ ਹੁੰਦੇ। ਹੰਨਾਹ ਜਦ ਰੋ-ਰੋ ਕੇ ਪ੍ਰਾਰਥਨਾ ਕਰ ਰਹੀ ਸੀ, ਤਾਂ ਅਚਾਨਕ ਇਕ ਆਵਾਜ਼ ਸੁਣ ਕੇ ਉਹ ਚੌਂਕ ਗਈ। ਇਹ ਮਹਾਂ ਪੁਜਾਰੀ ਏਲੀ ਦੀ ਆਵਾਜ਼ ਸੀ ਜੋ ਉਸ ਨੂੰ ਦੇਖ ਰਿਹਾ ਸੀ। ਉਸ ਨੇ ਕਿਹਾ: “ਤੂੰ ਸ਼ਰਾਬ ਦੇ ਨਸ਼ੇ ਵਿਚ ਕਦੋਂ ਤਕ ਰਹੇਂਗੀ? ਹੋਸ਼ ਵਿਚ ਆ ਕੇ ਇਸ ਨਸ਼ੇ ਨੂੰ ਭੁਲ ਜਾਹ।” ਏਲੀ ਨੇ ਹੰਨਾਹ ਦੇ ਕੰਬ ਰਹੇ ਬੁੱਲ੍ਹ, ਉਸ ਦੇ ਹਟਕੋਰੇ ਅਤੇ ਉਸ ਦੇ ਚਿਹਰੇ ਦੇ ਹਾਵ-ਭਾਵ ਦੇਖੇ ਸਨ। ਏਲੀ ਨੇ ਉਸ ਦੇ ਰੋਣ ਦਾ ਕਾਰਨ ਪੁੱਛਣ ਦੀ ਬਜਾਇ ਝੱਟ ਕਹਿ ਦਿੱਤਾ ਕਿ ਉਹ ਸ਼ਰਾਬ ਦੇ ਨਸ਼ੇ ਵਿਚ ਸੀ।—1 ਸਮੂ. 1:12-14, CL.

14 ਹੰਨਾਹ ਪਹਿਲਾਂ ਹੀ ਬਹੁਤ ਦੁਖੀ ਸੀ ਤੇ ਇਹ ਝੂਠਾ ਇਲਜ਼ਾਮ ਸੁਣ ਕੇ ਤਾਂ ਉਹ ਹੋਰ ਵੀ ਦੁਖੀ ਹੋਈ ਹੋਣੀ—ਉਹ ਵੀ ਇੰਨੇ ਜ਼ਿੰਮੇਵਾਰ ਆਦਮੀ ਦੇ ਮੂੰਹੋਂ! ਫਿਰ ਵੀ ਉਸ ਨੇ ਨਿਹਚਾ ਦੀ ਵਧੀਆ ਮਿਸਾਲ ਕਾਇਮ ਕੀਤੀ। ਉਸ ਨੇ ਇਕ ਇਨਸਾਨ ਦੀ ਗ਼ਲਤੀ ਕਰਕੇ ਯਹੋਵਾਹ ਦੀ ਸੇਵਾ ਕਰਨ ਦਾ ਆਪਣਾ ਇਰਾਦਾ ਕਮਜ਼ੋਰ ਨਹੀਂ ਹੋਣ ਦਿੱਤਾ। ਉਸ ਨੇ ਬੜੇ ਹੀ ਆਦਰ ਨਾਲ ਏਲੀ ਨੂੰ ਆਪਣੀ ਹਾਲਤ ਦੱਸੀ। ਏਲੀ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਤੇ ਉਸ ਨੇ ਨਰਮ ਲਹਿਜੇ ਨਾਲ ਕਿਹਾ: “ਸੁਖ ਸਾਂਦ ਨਾਲ ਜਾਹ ਅਤੇ ਇਸਰਾਏਲ ਦਾ ਪਰਮੇਸ਼ੁਰ ਤੇਰੀ ਅਰਜੋਈ ਪੂਰੀ ਕਰੇ ਜੋ ਤੈਂ ਉਸ ਤੋਂ ਮੰਗੀ ਹੈ।”​—1 ਸਮੂ. 1:15-17.

15, 16. (ੳ) ਯਹੋਵਾਹ ਨੂੰ ਦਿਲ ਖੋਲ੍ਹ ਕੇ ਪ੍ਰਾਰਥਨਾ ਕਰਨ ਦਾ ਹੰਨਾਹ ਉੱਤੇ ਕੀ ਅਸਰ ਪਿਆ? (ਅ) ਨਿਰਾਸ਼ਾ ਵਿਚ ਹੋਣ ਵੇਲੇ ਅਸੀਂ ਹੰਨਾਹ ਦੀ ਮਿਸਾਲ ’ਤੇ ਕਿਵੇਂ ਚੱਲ ਸਕਦੇ ਹਾਂ?

15 ਡੇਰੇ ਵਿਚ ਜਾ ਕੇ ਹੰਨਾਹ ਨੇ ਯਹੋਵਾਹ ਦੀ ਭਗਤੀ ਕੀਤੀ ਤੇ ਦਿਲ ਖੋਲ੍ਹ ਕੇ ਉਸ ਨੂੰ  ਪ੍ਰਾਰਥਨਾ ਕੀਤੀ। ਇਸ ਦਾ ਉਸ ਉੱਤੇ ਕੀ ਅਸਰ ਪਿਆ? ਬਾਈਬਲ ਕਹਿੰਦੀ ਹੈ: “ਤਦ ਉਸ ਤੀਵੀਂ ਨੇ ਜਾ ਕੇ ਰੋਟੀ ਖਾਧੀ ਅਤੇ ਫੇਰ ਉਹ ਦਾ ਮੂੰਹ ਉਦਾਸ ਨਾ ਰਿਹਾ।” (1 ਸਮੂ. 1:18) ਹੰਨਾਹ ਦਾ ਮਨ ਕਿੰਨਾ ਹਲਕਾ ਹੋਇਆ ਹੋਣਾ! ਸਾਰਾ ਬੋਝ ਆਪਣੇ ਕਮਜ਼ੋਰ ਮੋਢਿਆਂ ’ਤੇ ਚੁੱਕਣ ਦੀ ਬਜਾਇ ਉਸ ਨੇ ਇਸ ਨੂੰ ਆਪਣੇ ਪਿਤਾ ਯਹੋਵਾਹ ਦੇ ਮਜ਼ਬੂਤ ਮੋਢਿਆਂ ’ਤੇ ਰੱਖ ਦਿੱਤਾ। (ਜ਼ਬੂਰਾਂ ਦੀ ਪੋਥੀ 55:22 ਪੜ੍ਹੋ।) ਕੀ ਯਹੋਵਾਹ ਲਈ ਉਸ ਦਾ ਬੋਝ ਚੁੱਕਣਾ ਔਖਾ ਸੀ? ਨਹੀਂ। ਅੱਜ ਵੀ ਉਸ ਲਈ ਆਪਣੇ ਭਗਤਾਂ ਦਾ ਬੋਝ ਚੁੱਕਣਾ ਔਖਾ ਨਹੀਂ ਹੈ ਤੇ ਆਉਣ ਵਾਲੇ ਸਮੇਂ ਵਿਚ ਵੀ ਔਖਾ ਨਹੀਂ ਹੋਵੇਗਾ!

16 ਸ਼ਾਇਦ ਅਸੀਂ ਵੀ ਆਪਣੀਆਂ ਸਮੱਸਿਆਵਾਂ ਦੇ ਬੋਝ ਹੇਠਾਂ ਦੱਬੇ ਹੋਏ ਮਹਿਸੂਸ ਕਰੀਏ ਜਾਂ ਸਾਡੀ ਜ਼ਿੰਦਗੀ ’ਤੇ ਨਿਰਾਸ਼ਾ ਦੇ ਕਾਲ਼ੇ ਬੱਦਲ ਛਾਏ ਹੋਏ ਹੋਣ। ਅਸੀਂ ਵੀ ਹੰਨਾਹ ਦੀ ਰੀਸ ਕਰ ਕੇ “ਪ੍ਰਾਰਥਨਾ ਦੇ ਸੁਣਨ ਵਾਲੇ” ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹ ਸਕਦੇ ਹਾਂ। (ਜ਼ਬੂ. 65:2) ਜੇ ਅਸੀਂ ਪੂਰੀ ਨਿਹਚਾ ਨਾਲ ਇਸ ਤਰ੍ਹਾਂ ਕਰਾਂਗੇ, ਤਾਂ ਸਾਡੀ ਉਦਾਸੀ ਦੂਰ ਹੋ ਜਾਵੇਗੀ ਅਤੇ ਸਾਨੂੰ “ਪਰਮੇਸ਼ੁਰ ਦੀ ਸ਼ਾਂਤੀ” ਮਿਲੇਗੀ “ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ।”​—ਫ਼ਿਲਿ. 4:6, 7.

“ਕੋਈ ਚਟਾਨ ਸਾਡੇ ਪਰਮੇਸ਼ੁਰ ਜਿਹੀ ਨਹੀਂ”

17, 18. (ੳ) ਜਦੋਂ ਹੰਨਾਹ ਨੇ ਸੁੱਖਣਾ ਸੁੱਖੀ ਸੀ, ਤਾਂ ਅਲਕਾਨਾਹ ਨੇ ਕਿਵੇਂ ਉਸ ਦਾ ਸਾਥ ਦਿੱਤਾ? (ਅ) ਜਲਦੀ ਹੀ ਪਨਿੰਨਾਹ ਨੂੰ ਕੀ ਪਤਾ ਲੱਗ ਗਿਆ?

17 ਅਗਲੀ ਸਵੇਰ ਹੰਨਾਹ ਅਲਕਾਨਾਹ ਨਾਲ ਡੇਰੇ ਨੂੰ ਵਾਪਸ ਗਈ। ਉਸ ਨੇ ਜ਼ਰੂਰ ਆਪਣੀ ਸੁੱਖਣਾ ਬਾਰੇ ਉਸ ਨੂੰ ਦੱਸ ਦਿੱਤਾ ਹੋਣਾ ਕਿਉਂਕਿ ਮੂਸਾ ਦੀ ਬਿਵਸਥਾ ਵਿਚ ਲਿਖਿਆ ਸੀ ਕਿ ਜੇ ਪਤਨੀ ਬਿਨਾਂ ਪੁੱਛੇ ਸੁੱਖਣਾ ਸੁੱਖਦੀ ਸੀ, ਤਾਂ ਪਤੀ ਇਸ ਨੂੰ ਰੱਦ ਕਰ ਸਕਦਾ ਸੀ। (ਗਿਣ. 30:10-15) ਪਰ ਵਫ਼ਾਦਾਰ ਅਲਕਾਨਾਹ ਨੇ ਇੱਦਾਂ ਨਹੀਂ ਕੀਤਾ, ਸਗੋਂ ਘਰ ਜਾਣ ਤੋਂ ਪਹਿਲਾਂ ਉਨ੍ਹਾਂ ਦੋਵਾਂ ਨੇ ਮਿਲ ਕੇ ਡੇਰੇ ਵਿਚ ਯਹੋਵਾਹ ਦੀ ਭਗਤੀ ਕੀਤੀ।

18 ਪਨਿੰਨਾਹ ਨੂੰ ਕਦੋਂ ਅਹਿਸਾਸ ਹੋਇਆ ਕਿ ਹੰਨਾਹ ’ਤੇ ਉਸ ਦੇ ਤਾਅਨੇ-ਮਿਹਣਿਆਂ ਦਾ ਹੁਣ ਕੋਈ ਅਸਰ ਨਹੀਂ ਪੈਣਾ ਸੀ? ਬਾਈਬਲ ਇਸ ਦਾ ਜਵਾਬ ਨਹੀਂ ਦਿੰਦੀ, ਸਿਰਫ਼ ਇੰਨਾ ਦੱਸਦੀ ਹੈ ਕਿ ‘ਫੇਰ ਹੰਨਾਹ ਦਾ ਮੂੰਹ ਉਦਾਸ ਨਾ ਰਿਹਾ।’ ਇਸ ਦਾ ਮਤਲਬ ਹੈ ਕਿ ਹੰਨਾਹ ਉਸ ਸਮੇਂ ਤੋਂ ਖ਼ੁਸ਼ ਰਹਿਣ ਲੱਗ ਪਈ। ਜਲਦੀ ਹੀ ਪਨਿੰਨਾਹ ਨੂੰ ਪਤਾ ਲੱਗ ਗਿਆ ਕਿ ਉਸ ਦੇ ਘਟੀਆ ਸਲੂਕ ਦਾ ਹੰਨਾਹ ’ਤੇ ਕੋਈ ਅਸਰ ਨਹੀਂ ਪੈ ਰਿਹਾ ਸੀ। ਇਸ ਤੋਂ ਬਾਅਦ ਬਾਈਬਲ ਵਿਚ ਕਿਤੇ ਵੀ ਪਨਿੰਨਾਹ ਦੇ ਨਾਂ ਦਾ ਜ਼ਿਕਰ ਨਹੀਂ ਆਉਂਦਾ।

19. ਹੰਨਾਹ ਨੂੰ ਕਿਹੜੀ ਬਰਕਤ ਮਿਲੀ ਅਤੇ ਉਹ ਕਿਹੜੀ ਗੱਲ ਨਹੀਂ ਭੁੱਲੀ?

19 ਕੁਝ ਮਹੀਨਿਆਂ ਬਾਅਦ ਹੰਨਾਹ ਦਾ ਦਿਲ ਖ਼ੁਸ਼ੀ ਨਾਲ ਭਰ ਗਿਆ ਜਦ ਉਸ ਨੂੰ ਪਤਾ ਲੱਗਾ ਕਿ ਉਹ ਮਾਂ ਬਣਨ ਵਾਲੀ ਸੀ। ਪਰ ਉਹ ਇਕ ਪਲ ਲਈ ਵੀ ਨਹੀਂ ਭੁੱਲੀ ਕਿ ਕਿਸ ਨੇ ਉਸ ਨੂੰ ਇਹ ਬਰਕਤ ਦਿੱਤੀ ਸੀ। ਜਦ ਮੁੰਡੇ ਦਾ ਜਨਮ ਹੋਇਆ, ਤਾਂ ਹੰਨਾਹ ਨੇ ਉਸ ਦਾ ਨਾਂ ਸਮੂਏਲ ਰੱਖਿਆ ਜਿਸ ਦਾ ਮਤਲਬ ਹੈ “ਰੱਬ ਦਾ ਨਾਂ” ਯਾਨੀ ਮਦਦ ਲਈ ਯਹੋਵਾਹ ਨੂੰ ਪੁਕਾਰਨਾ। ਉਹ ਉਸ ਸਾਲ ਅਲਕਾਨਾਹ ਤੇ ਬਾਕੀ ਪਰਿਵਾਰ ਨਾਲ ਸ਼ੀਲੋਹ ਨੂੰ ਨਹੀਂ ਗਈ। ਉਹ ਤਿੰਨ ਸਾਲ ਆਪਣੇ ਮੁੰਡੇ ਨਾਲ ਘਰ ਹੀ ਰਹੀ ਜਿੰਨਾ ਚਿਰ ਉਸ ਦਾ ਦੁੱਧ ਛੁਡਾਇਆ ਨਾ ਗਿਆ। ਫਿਰ ਉਸ ਨੇ ਬੜੀ ਹਿੰਮਤ ਕਰ ਕੇ ਉਸ ਦਿਨ ਦੀ ਤਿਆਰੀ ਕੀਤੀ ਜਦੋਂ ਉਸ ਨੂੰ ਆਪਣੇ ਜਿਗਰ ਦੇ ਟੁਕੜੇ ਤੋਂ ਜੁਦਾ ਹੋਣਾ ਪੈਣਾ ਸੀ।

20. ਹੰਨਾਹ ਤੇ ਅਲਕਾਨਾਹ ਨੇ ਯਹੋਵਾਹ ਅੱਗੇ ਸੁੱਖੀ ਸੁੱਖਣਾ ਕਿਵੇਂ ਪੂਰੀ ਕੀਤੀ?

 20 ਉਸ ਲਈ ਜੁਦਾਈ ਦਾ ਗਮ ਸਹਿਣਾ ਕਿੰਨਾ ਮੁਸ਼ਕਲ ਹੋਇਆ ਹੋਣਾ! ਹੰਨਾਹ ਜਾਣਦੀ ਸੀ ਕਿ ਉਸ ਦੇ ਮੁੰਡੇ ਦੀ ਸ਼ੀਲੋਹ ਵਿਚ ਚੰਗੀ ਤਰ੍ਹਾਂ ਪਰਵਰਿਸ਼ ਕੀਤੀ ਜਾਵੇਗੀ, ਸ਼ਾਇਦ ਉਨ੍ਹਾਂ ਔਰਤਾਂ ਦੇ ਹੱਥੀਂ ਜੋ ਡੇਰੇ ਵਿਚ ਸੇਵਾ ਕਰਦੀਆਂ ਸਨ। ਪਰ ਉਹ ਤਾਂ ਅਜੇ ਬਹੁਤ ਛੋਟਾ ਸੀ। ਕਿਹੜੀ ਮਾਂ ਹੈ ਜੋ ਆਪਣੇ ਇੰਨੇ ਛੋਟੇ ਬੱਚੇ ਨੂੰ ਆਪਣੇ ਤੋਂ ਦੂਰ ਕਰਨਾ ਚਾਹੇਗੀ? ਫਿਰ ਵੀ ਹੰਨਾਹ ਤੇ ਅਲਕਾਨਾਹ ਆਪਣੇ ਮੁੰਡੇ ਨੂੰ ਕੁੜ੍ਹ-ਕੁੜ੍ਹ ਕੇ ਨਹੀਂ, ਸਗੋਂ ਖ਼ੁਸ਼ੀ-ਖ਼ੁਸ਼ੀ ਸ਼ੀਲੋਹ ਲੈ ਕੇ ਗਏ। ਉਹ ਯਹੋਵਾਹ ਦੇ ਘਰ ਵਿਚ ਬਲ਼ੀਆਂ ਚੜ੍ਹਾਉਣ ਤੋਂ ਬਾਅਦ ਸਮੂਏਲ ਨੂੰ ਏਲੀ ਕੋਲ ਲੈ ਗਏ ਤੇ ਉਸ ਨੂੰ ਯਾਦ ਕਰਾਇਆ ਕਿ ਕੁਝ ਸਾਲ ਪਹਿਲਾਂ ਹੰਨਾਹ ਨੇ ਕਿਹੜੀ ਸੁੱਖਣਾ ਸੁੱਖੀ ਸੀ।

ਹੰਨਾਹ ਆਪਣੇ ਮੁੰਡੇ ਸਮੂਏਲ ਲਈ ਬਰਕਤ ਸਾਬਤ ਹੋਈ

21. ਯਹੋਵਾਹ ਨੂੰ ਕੀਤੀ ਹੰਨਾਹ ਦੀ ਪ੍ਰਾਰਥਨਾ ਤੋਂ ਉਸ ਦੀ ਪੱਕੀ ਨਿਹਚਾ ਦਾ ਸਬੂਤ ਕਿਵੇਂ ਮਿਲਦਾ ਹੈ? (“ ਦੋ ਸ਼ਾਨਦਾਰ ਪ੍ਰਾਰਥਨਾਵਾਂ” ਨਾਂ ਦੀ ਡੱਬੀ ਵੀ ਦੇਖੋ।)

21 ਫਿਰ ਹੰਨਾਹ ਨੇ ਪ੍ਰਾਰਥਨਾ ਕੀਤੀ ਜਿਸ ਨੂੰ ਯਹੋਵਾਹ ਨੇ ਆਪਣੇ ਬਚਨ ਵਿਚ ਲਿਖਵਾਇਆ। ਪਹਿਲਾ ਸਮੂਏਲ 2:1-10 ਵਿਚ ਲਿਖੀ ਉਸ ਦੀ ਪ੍ਰਾਰਥਨਾ ਦੇ ਹਰ ਵਾਕ ਨੂੰ ਪੜ੍ਹ ਕੇ ਤੁਹਾਨੂੰ ਉਸ ਦੀ ਪੱਕੀ ਨਿਹਚਾ ਦਾ ਸਬੂਤ ਮਿਲੇਗਾ। ਉਸ ਨੇ ਯਹੋਵਾਹ ਦੇ ਗੁਣ ਗਾਉਂਦੇ ਹੋਏ ਕਿਹਾ ਕਿ ਉਹ ਆਪਣੀ ਤਾਕਤ ਨਾਲ ਹੰਕਾਰੀਆਂ ਨੂੰ ਨੀਵੇਂ ਕਰਦਾ ਹੈ, ਦੁਖੀਆਂ ਨੂੰ ਉੱਚਾ ਚੁੱਕਦਾ ਹੈ, ਉਹ ਦੁਸ਼ਮਣਾਂ ਦਾ ਨਾਸ਼ ਕਰਦਾ ਹੈ ਤੇ ਆਪਣੇ ਭਗਤਾਂ ਨੂੰ ਮੌਤ ਤੋਂ ਬਚਾਉਂਦਾ ਹੈ। ਉਸ ਨੇ ਕਿਹਾ ਕਿ ਯਹੋਵਾਹ ਜਿੰਨਾ ਪਵਿੱਤਰ ਕੋਈ ਨਹੀਂ, ਉਹ ਵਫ਼ਾਦਾਰ ਅਤੇ ਇਨਸਾਫ਼-ਪਸੰਦ ਪਰਮੇਸ਼ੁਰ ਹੈ। ਹੰਨਾਹ ਨਿਹਚਾ ਨਾਲ ਕਹਿ ਸਕੀ: “ਕੋਈ ਚਟਾਨ ਸਾਡੇ ਪਰਮੇਸ਼ੁਰ ਜਿਹੀ ਨਹੀਂ।” ਵਾਕਈ, ਯਹੋਵਾਹ ਉੱਤੇ ਪੱਕਾ ਭਰੋਸਾ ਰੱਖਿਆ ਜਾ ਸਕਦਾ ਹੈ ਕਿਉਂਕਿ ਉਹ ਕਦੇ ਨਹੀਂ ਬਦਲਦਾ, ਉਹ ਦੁਖੀ ਤੇ ਅਤਿਆਚਾਰ ਦੇ ਸ਼ਿਕਾਰ ਲੋਕਾਂ ਨੂੰ ਪਨਾਹ ਦਿੰਦਾ ਹੈ ਜੋ ਉਸ ਤੋਂ ਮਦਦ ਮੰਗਦੇ ਹਨ।

22, 23. (ੳ) ਛੋਟੀ ਉਮਰ ਤੋਂ ਹੀ ਸਮੂਏਲ ਨੂੰ ਕਿਉਂ ਯਕੀਨ ਸੀ ਕਿ ਉਸ ਦੇ ਮਾਪੇ ਉਸ ਨੂੰ ਪਿਆਰ ਕਰਦੇ ਸਨ? (ਅ) ਯਹੋਵਾਹ ਨੇ ਹੰਨਾਹ ਨੂੰ ਹੋਰ ਕਿਹੜੀਆਂ ਬਰਕਤਾਂ ਦਿੱਤੀਆਂ?

22 ਸਮੂਏਲ ਲਈ ਇਹ ਕਿੰਨੀ ਵਧੀਆ ਗੱਲ ਸੀ ਕਿ ਉਸ ਦੀ ਮਾਂ ਯਹੋਵਾਹ ਉੱਤੇ ਪੱਕਾ ਭਰੋਸਾ ਰੱਖਦੀ ਸੀ। ਜਿਉਂ-ਜਿਉਂ ਉਹ ਵੱਡਾ ਹੁੰਦਾ ਗਿਆ ਉਸ ਨੂੰ ਆਪਣੀ ਮਾਂ ਦੀ ਬਹੁਤ ਯਾਦ ਆਉਂਦੀ ਹੋਣੀ, ਪਰ ਉਸ ਨੂੰ ਕਦੀ ਨਹੀਂ ਲੱਗਾ ਕਿ ਉਹ ਉਸ ਨੂੰ ਭੁੱਲ ਗਈ ਸੀ। ਹਰ ਸਾਲ ਹੰਨਾਹ ਸਮੂਏਲ ਲਈ ਬੜੀਆਂ  ਰੀਝਾਂ ਨਾਲ ਨਿੱਕਾ ਜਿਹਾ ਝੱਗਾ ਸੀਉਂ ਕੇ ਸ਼ੀਲੋਹ ਲਿਆਉਂਦੀ ਹੁੰਦੀ ਸੀ। ਇਹ ਝੱਗਾ ਆਪਣੇ ਪੁੱਤਰ ਲਈ ਉਸ ਦੇ ਪਿਆਰ ਦੀ ਨਿਸ਼ਾਨੀ ਹੁੰਦਾ ਸੀ। (1 ਸਮੂਏਲ 2:19 ਪੜ੍ਹੋ।) ਕਲਪਨਾ ਕਰੋ ਕਿ ਹੰਨਾਹ ਮੁੰਡੇ ਦੇ ਝੱਗਾ ਪਾਉਂਦੀ ਹੈ ਅਤੇ ਝੱਗੇ ਨੂੰ ਸੁਆਰਦੀ ਹੈ, ਨਾਲੇ ਪਿਆਰ ਨਾਲ ਉਸ ਵੱਲ ਤੱਕਦੀ ਹੋਈ ਆਪਣੀਆਂ ਗੱਲਾਂ ਨਾਲ ਉਸ ਦਾ ਹੌਸਲਾ ਵਧਾਉਂਦੀ ਹੈ। ਸੱਚ-ਮੁੱਚ ਉਸ ਦੀ ਮਾਂ ਕਿੰਨੀ ਚੰਗੀ ਸੀ! ਸਮੂਏਲ ਲਈ ਉਹ ਕਿੰਨੀ ਵੱਡੀ ਬਰਕਤ ਸਾਬਤ ਹੋਈ! ਵੱਡਾ ਹੋ ਕੇ ਉਹ ਵੀ ਆਪਣੇ ਮਾਪਿਆਂ ਅਤੇ ਸਾਰੇ ਇਜ਼ਰਾਈਲ ਵਾਸਤੇ ਇਕ ਬਰਕਤ ਸਾਬਤ ਹੋਇਆ।

23 ਯਹੋਵਾਹ ਹੰਨਾਹ ਨੂੰ ਨਹੀਂ ਭੁੱਲਿਆ। ਯਹੋਵਾਹ ਨੇ ਉਸ ਦੀ ਕੁੱਖ ਖੋਲ੍ਹੀ ਅਤੇ ਉਸ ਦੇ ਪੰਜ ਹੋਰ ਬੱਚੇ ਹੋਏ। (1 ਸਮੂ. 2:21) ਪਰ ਸ਼ਾਇਦ ਹੰਨਾਹ ਲਈ ਸਭ ਤੋਂ ਵੱਡੀ ਬਰਕਤ ਆਪਣੇ ਪਿਤਾ ਯਹੋਵਾਹ ਨਾਲ ਉਸ ਦਾ ਰਿਸ਼ਤਾ ਸੀ ਜੋ ਦਿਨ-ਬਦਿਨ ਹੋਰ ਮਜ਼ਬੂਤ ਹੁੰਦਾ ਗਿਆ। ਸਾਨੂੰ ਉਮੀਦ ਹੈ ਕਿ ਹੰਨਾਹ ਦੀ ਰੀਸ ਕਰਦੇ ਹੋਏ ਤੁਹਾਡਾ ਰਿਸ਼ਤਾ ਵੀ ਯਹੋਵਾਹ ਨਾਲ ਮਜ਼ਬੂਤ ਹੁੰਦਾ ਜਾਵੇਗਾ।

^ ਪੈਰਾ 7 ਭਾਵੇਂ ਬਾਈਬਲ ਕਹਿੰਦੀ ਹੈ ਕਿ ‘ਯਹੋਵਾਹ ਨੇ ਹੰਨਾਹ ਦੀ ਕੁੱਖ ਬੰਦ ਕਰ ਛੱਡੀ ਸੀ,’ ਪਰ ਇਸ ਦਾ ਕੋਈ ਸਬੂਤ ਨਹੀਂ ਕਿ ਪਰਮੇਸ਼ੁਰ ਇਸ ਹਲੀਮ ਤੇ ਵਫ਼ਾਦਾਰ ਤੀਵੀਂ ਤੋਂ ਨਾਰਾਜ਼ ਸੀ। (1 ਸਮੂ. 1:5) ਕਦੀ-ਕਦੀ ਜਦੋਂ ਬਾਈਬਲ ਕਹਿੰਦੀ ਹੈ ਕਿ ਪਰਮੇਸ਼ੁਰ ਨੇ ਕੋਈ ਕੰਮ ਕੀਤਾ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਪਰਮੇਸ਼ੁਰ ਉਸ ਕੰਮ ਲਈ ਜ਼ਿੰਮੇਵਾਰ ਸੀ। ਅਸਲ ਵਿਚ ਉਹ ਉਸ ਕੰਮ ਜਾਂ ਘਟਨਾ ਨੂੰ ਹੋਣ ਦਿੰਦਾ ਸੀ।

^ ਪੈਰਾ 9 ਇਸ ਫ਼ਾਸਲੇ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਗਿਆ ਹੈ ਕਿ ਅਲਕਾਨਾਹ ਦਾ ਸ਼ਹਿਰ, ਰਾਮਾਹ, ਸ਼ਾਇਦ ਉਹੀ ਥਾਂ ਸੀ ਜਿਸ ਨੂੰ ਯਿਸੂ ਦੇ ਜ਼ਮਾਨੇ ਵਿਚ ਅਰਿਮਥੀਆ ਕਿਹਾ ਜਾਂਦਾ ਸੀ।