Skip to content

Skip to table of contents

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

 ਪਾਠ 5

“ਸਤਵੰਤੀ ਇਸਤ੍ਰੀ”

“ਸਤਵੰਤੀ ਇਸਤ੍ਰੀ”

1, 2. (ੳ) ਰੂਥ ਕਿਹੋ ਜਿਹਾ ਕੰਮ ਕਰ ਰਹੀ ਸੀ? (ਅ) ਰੂਥ ਨੂੰ ਪਰਮੇਸ਼ੁਰ ਦੇ ਕਾਨੂੰਨ ਅਤੇ ਉਸ ਦੇ ਲੋਕਾਂ ਬਾਰੇ ਕਿਹੜੀਆਂ ਚੰਗੀਆਂ ਗੱਲਾਂ ਪਤਾ ਲੱਗੀਆਂ?

ਰੂਥ ਦਿਨ ਭਰ ਇਕੱਠੇ ਕੀਤੇ ਜੌਆਂ ਦੇ ਸਿੱਟਿਆਂ ਦੇ ਢੇਰ ਕੋਲ ਗੋਡਿਆਂ ਭਾਰ ਬੈਠੀ ਹੈ। ਸ਼ਾਮ ਪੈ ਰਹੀ ਹੈ ਅਤੇ ਬਹੁਤ ਸਾਰੇ ਕਾਮੇ ਹੌਲੀ-ਹੌਲੀ ਬੈਤਲਹਮ ਨੂੰ ਤੁਰ ਪਏ ਹਨ ਜੋ ਪਹਾੜ ਦੀ ਟੀਸੀ ਉੱਤੇ ਹੈ। ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਪੂਰਾ ਦਿਨ ਕੰਮ ਕਰ ਕੇ ਰੂਥ ਕਿੰਨੀ ਥੱਕ ਗਈ ਹੋਣੀ, ਫਿਰ ਵੀ ਉਹ ਕੰਮ ਕਰ ਰਹੀ ਹੈ। ਉਹ ਦਾਣੇ ਕੱਢਣ ਲਈ ਸਿੱਟਿਆਂ ਨੂੰ ਛੋਟੇ ਜਿਹੇ ਡੰਡੇ ਨਾਲ ਕੁੱਟ ਰਹੀ ਹੈ। ਭਾਵੇਂ ਉਸ ਨੂੰ ਸਾਰਾ ਦਿਨ ਸਖ਼ਤ ਮਿਹਨਤ ਕਰਨੀ ਪਈ, ਫਿਰ ਵੀ ਉਸ ਦਾ ਦਿਨ ਵਧੀਆ ਰਿਹਾ।

2 ਕੀ ਇਸ ਨੌਜਵਾਨ ਵਿਧਵਾ ਦੇ ਹਾਲਾਤ ਸੁਧਰਨ ਲੱਗ ਪਏ ਸਨ? ਜਿੱਦਾਂ ਅਸੀਂ ਪਿਛਲੇ ਲੇਖ ਵਿਚ ਦੇਖਿਆ ਸੀ, ਉਸ ਨੇ ਆਪਣੀ ਸੱਸ ਨਾਓਮੀ ਨਾਲ ਰਹਿਣ ਅਤੇ ਉਸ ਦੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰਨ ਦਾ ਫ਼ੈਸਲਾ ਕੀਤਾ ਸੀ। ਦੋਵੇਂ ਜਣੀਆਂ ਗਮ ਦੀਆਂ ਮਾਰੀਆਂ ਮੋਆਬ ਤੋਂ ਬੈਤਲਹਮ ਆਈਆਂ ਸਨ। ਮੋਆਬਣ ਰੂਥ ਨੂੰ ਜਲਦੀ ਹੀ ਪਤਾ ਲੱਗ ਗਿਆ ਕਿ ਯਹੋਵਾਹ ਦੇ ਕਾਨੂੰਨ ਵਿਚ ਇਜ਼ਰਾਈਲ ਦੇ ਗ਼ਰੀਬਾਂ ਅਤੇ ਪਰਦੇਸੀਆਂ ਦੇ ਫ਼ਾਇਦੇ ਲਈ ਇਕ ਪ੍ਰਬੰਧ ਕੀਤਾ ਗਿਆ ਸੀ। ਇਸ ਪ੍ਰਬੰਧ ਅਧੀਨ ਉਹ ਇੱਜ਼ਤ ਨਾਲ ਆਪਣਾ ਗੁਜ਼ਾਰਾ ਤੋਰ ਸਕਦੇ ਸਨ। ਉਸ ਨੇ ਦੇਖਿਆ ਕਿ ਯਹੋਵਾਹ ਦੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਕੁਝ ਲੋਕਾਂ ਨੇ ਉਸ ਨਾਲ ਚੰਗਾ ਸਲੂਕ ਕੀਤਾ ਅਤੇ ਉਸ ਉੱਤੇ ਦਇਆ ਕੀਤੀ। ਇਨ੍ਹਾਂ ਗੱਲਾਂ ਕਰਕੇ ਉਸ ਦੇ ਦੁਖੀ ਦਿਲ ਨੂੰ ਦਿਲਾਸਾ ਮਿਲਿਆ।

3, 4. (ੳ) ਬੋਅਜ਼ ਨੇ ਰੂਥ ਨੂੰ ਕਿਵੇਂ ਹੌਸਲਾ ਦਿੱਤਾ? (ਅ) ਅੱਜ ਆਰਥਿਕ ਤੰਗੀਆਂ ਦਾ ਸਾਮ੍ਹਣਾ ਕਰਦੇ ਹੋਏ ਸਾਨੂੰ ਰੂਥ ਦੀ ਮਿਸਾਲ ਤੋਂ ਕੀ ਫ਼ਾਇਦਾ ਹੋ ਸਕਦਾ ਹੈ?

3 ਉਨ੍ਹਾਂ ਲੋਕਾਂ ਵਿੱਚੋਂ ਇਕ ਸੀ ਅਮੀਰ ਆਦਮੀ ਬੋਅਜ਼ ਜਿਸ ਦੇ ਖੇਤਾਂ ਵਿਚ ਰੂਥ ਸਿੱਟੇ ਚੁਗਦੀ ਸੀ। ਅੱਜ ਬੋਅਜ਼ ਰੂਥ ਨਾਲ ਇਕ ਪਿਤਾ ਵਾਂਗ ਪੇਸ਼ ਆਇਆ। ਉਸ ਨੇ ਉਸ ਦੀ ਤਾਰੀਫ਼ ਕੀਤੀ ਸੀ ਕਿ ਉਹ ਨਾਓਮੀ ਦੀ ਦੇਖ-ਭਾਲ ਕਰ ਰਹੀ ਸੀ ਅਤੇ ਉਸ ਨੇ ਸੱਚੇ ਪਰਮੇਸ਼ੁਰ ਯਹੋਵਾਹ ਦੇ ਖੰਭਾਂ ਹੇਠ ਪਨਾਹ ਲੈਣ ਦਾ ਫ਼ੈਸਲਾ ਕੀਤਾ ਸੀ। ਇਹ ਸਾਰੀਆਂ ਗੱਲਾਂ ਸੋਚ ਕੇ ਉਹ ਮਨ ਹੀ ਮਨ ਖ਼ੁਸ਼ ਹੋਈ।​—ਰੂਥ 2:11-14 ਪੜ੍ਹੋ।

4 ਪਰ ਹਾਲੇ ਵੀ ਸ਼ਾਇਦ ਰੂਥ ਆਪਣੀ ਆਉਣ ਵਾਲੀ ਜ਼ਿੰਦਗੀ ਬਾਰੇ ਚਿੰਤਾ ਕਰ ਰਹੀ ਸੀ। ਇਕ ਤਾਂ ਉਹ ਗ਼ਰੀਬ ਵਿਧਵਾ ਸੀ, ਦੂਜਾ ਉਸ ਦੇ ਕੋਈ ਬੱਚਾ ਨਹੀਂ ਸੀ। ਕੀ ਉਹ ਸਿੱਟੇ ਚੁਗ ਕੇ ਆਪਣਾ ਤੇ ਆਪਣੀ ਸੱਸ ਦਾ ਗੁਜ਼ਾਰਾ ਤੋਰ ਸਕੇਗੀ? ਨਾਲੇ ਜਦੋਂ ਉਹ ਆਪ ਬੁੱਢੀ ਹੋ ਜਾਵੇਗੀ, ਤਾਂ ਉਸ ਦੀ ਦੇਖ-ਭਾਲ ਕੌਣ ਕਰੇਗਾ? ਅਸੀਂ ਸਮਝ ਸਕਦੇ ਹਾਂ ਕਿ ਉਹ  ਇੰਨੀ ਫ਼ਿਕਰਮੰਦ ਕਿਉਂ ਸੀ। ਅੱਜ ਬਹੁਤ ਸਾਰੇ ਲੋਕ ਆਰਥਿਕ ਤੰਗੀਆਂ ਕਰਕੇ ਇਹੋ ਜਿਹੀਆਂ ਚਿੰਤਾਵਾਂ ਦਾ ਸਾਮ੍ਹਣਾ ਕਰ ਰਹੇ ਹਨ। ਜਦੋਂ ਅਸੀਂ ਪੜ੍ਹਦੇ ਹਾਂ ਕਿ ਇਨ੍ਹਾਂ ਹਾਲਾਤਾਂ ਵਿਚ ਰੂਥ ਦੀ ਨਿਹਚਾ ਨੇ ਉਸ ਦੀ ਕਿਵੇਂ ਮਦਦ ਕੀਤੀ, ਤਾਂ ਅਸੀਂ ਵੀ ਉਸ ਦੀ ਰੀਸ ਕਰ ਕੇ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕਦੇ ਹਾਂ।

ਪਰਿਵਾਰ ਕਿਸ ਨੂੰ ਕਹਿੰਦੇ ਹਨ?

5, 6. (ੳ) ਬੋਅਜ਼ ਦੇ ਖੇਤਾਂ ਵਿਚ ਸਿੱਟੇ ਚੁਗਣ ਗਈ ਰੂਥ ਦਾ ਪਹਿਲਾ ਦਿਨ ਕਿੱਦਾਂ ਦਾ ਰਿਹਾ? (ਅ) ਰੂਥ ਨੂੰ ਦੇਖ ਕੇ ਨਾਓਮੀ ਨੂੰ ਕਿੱਦਾਂ ਲੱਗਾ?

5 ਜਦੋਂ ਰੂਥ ਨੇ ਜੌਆਂ ਦੇ ਸਿੱਟਿਆਂ ਨੂੰ ਕੁੱਟ ਕੇ ਉਨ੍ਹਾਂ ਵਿੱਚੋਂ ਕੱਢੇ ਦਾਣੇ ਇਕੱਠੇ ਕੀਤੇ, ਤਾਂ ਉਸ ਨੇ ਦੇਖਿਆ ਕਿ ਉਸ ਕੋਲ 10 ਕਿਲੋ ਤੋਂ ਜ਼ਿਆਦਾ ਦਾਣੇ ਹੋ ਗਏ ਸਨ। ਉਹ ਕੱਪੜੇ ਵਿਚ ਇਨ੍ਹਾਂ ਦਾਣਿਆਂ ਨੂੰ ਬੰਨ੍ਹ ਕੇ ਸਿਰ ’ਤੇ ਰੱਖ ਕੇ ਸ਼ਾਮ ਨੂੰ ਘਰ ਚਲੀ ਗਈ।​—ਰੂਥ 2:17.

6 ਨਾਓਮੀ ਆਪਣੀ ਨੂੰਹ ਨੂੰ ਦੇਖ ਕੇ ਬਹੁਤ ਖ਼ੁਸ਼ ਹੋਈ। ਸ਼ਾਇਦ ਉਸ ਨੂੰ ਰੂਥ ਦੇ ਸਿਰ ’ਤੇ ਜੌਆਂ ਦੀ ਭਾਰੀ ਪੰਡ ਦੇਖ ਕੇ ਹੈਰਾਨੀ ਹੋਈ ਹੋਣੀ। ਬੋਅਜ਼ ਨੇ ਕਾਮਿਆਂ ਨੂੰ ਖਾਣ ਲਈ ਜੋ ਰੋਟੀ ਦਿੱਤੀ ਸੀ, ਰੂਥ ਉਸ ਵਿੱਚੋਂ ਬਚੀ ਰੋਟੀ ਵੀ ਲੈ ਕੇ ਆਈ ਜੋ ਦੋਵਾਂ ਨੇ ਰਲ਼ ਕੇ ਖਾਧੀ। ਨਾਓਮੀ ਨੇ ਪੁੱਛਿਆ: “ਤੈਂ ਅੱਜ ਕਿੱਥੋਂ ਸਿਲਾ ਚੁਗਿਆ ਅਤੇ ਕਿਥੇ ਕੰਮ ਧੰਦਾ ਕੀਤਾ? ਧੰਨ ਉਹ ਹੈ ਜਿਹ ਨੇ ਤੇਰੀ ਖਬਰ ਲਈ।” (ਰੂਥ 2:19) ਰੂਥ ਦੇ ਸਿਰ ’ਤੇ ਐਨੇ ਸਾਰੇ ਦਾਣਿਆਂ ਦੀ ਪੰਡ ਦੇਖ ਕੇ ਨਾਓਮੀ ਨੇ ਅੰਦਾਜ਼ਾ ਲਾ ਲਿਆ ਸੀ ਕਿ ਕਿਸੇ ਨੇ ਜ਼ਰੂਰ ਉਸ ਦੀ ਮਦਦ ਕੀਤੀ ਸੀ।

7, 8. (ੳ) ਨਾਓਮੀ ਨੂੰ ਕਿਸ ਗੱਲ ਦਾ ਅਹਿਸਾਸ ਹੋਇਆ ਤੇ ਕਿਉਂ? (ਅ) ਰੂਥ ਨੇ ਆਪਣੀ ਸੱਸ ਲਈ ਸੱਚਾ ਪਿਆਰ ਹੋਰ ਕਿਵੇਂ ਦਿਖਾਇਆ?

7 ਫਿਰ ਦੋਵੇਂ ਜਣੀਆਂ ਬੈਠ ਕੇ ਗੱਲਾਂ ਕਰਨ ਲੱਗ ਪਈਆਂ। ਰੂਥ ਨੇ ਉਸ ਨੂੰ ਦੱਸਿਆ ਕਿ ਬੋਅਜ਼ ਨੇ ਕਿਵੇਂ ਉਸ ਦੀ ਮਦਦ ਕੀਤੀ। ਇਹ ਸੁਣ ਕੇ ਨਾਓਮੀ ਨੇ ਜਵਾਬ ਦਿੱਤਾ: “ਉਹ ਯਹੋਵਾਹ ਵੱਲੋਂ ਮੁਬਾਰਕ ਹੋਵੇ ਜਿਸ ਨੇ ਜੀਉਂਦਿਆਂ ਅਤੇ ਮੋਇਆਂ ਨੂੰ ਆਪਣੀ ਕਿਰਪਾ ਖੂਣੋਂ ਖਾਲੀ ਨਹੀਂ ਰੱਖਿਆ।” (ਰੂਥ 2:20) ਉਸ ਨੂੰ ਅਹਿਸਾਸ ਹੋਇਆ ਕਿ ਯਹੋਵਾਹ ਨੇ ਬੋਅਜ਼ ਦੇ ਰਾਹੀਂ ਉਨ੍ਹਾਂ ਉੱਤੇ ਦਇਆ ਕੀਤੀ ਸੀ। ਉਹ ਆਪਣੇ ਸੇਵਕਾਂ ਨੂੰ ਖੁੱਲ੍ਹੇ ਦਿਲ ਵਾਲੇ ਬਣਨ ਦੀ ਹੱਲਾਸ਼ੇਰੀ ਦਿੰਦਾ ਹੈ ਅਤੇ ਦਇਆਵਾਨ ਲੋਕਾਂ ਨੂੰ ਇਨਾਮ ਦੇਣ ਦਾ ਵਾਅਦਾ ਕਰਦਾ ਹੈ। *​—ਕਹਾਉਤਾਂ 19:17 ਪੜ੍ਹੋ।

8 ਨਾਓਮੀ ਨੇ ਰੂਥ ਨੂੰ ਸਲਾਹ ਦਿੱਤੀ ਕਿ ਉਹ ਬੋਅਜ਼ ਦੇ ਕਹਿਣੇ ਮੁਤਾਬਕ ਉਸ ਦੇ ਖੇਤਾਂ ਵਿਚ ਸਿੱਟੇ ਚੁਗਦੀ ਰਹੇ ਅਤੇ ਉਸ ਦੇ ਘਰ ਦੀਆਂ ਨੌਜਵਾਨ ਤੀਵੀਆਂ ਦੇ ਨੇੜੇ ਰਹੇ ਤਾਂਕਿ ਕਾਮੇ ਉਸ ਨੂੰ ਪਰੇਸ਼ਾਨ ਨਾ ਕਰਨ। ਰੂਥ ਨੇ ਉਸ ਦੀ ਸਲਾਹ ਮੰਨ ਲਈ। ਨਾਲੇ ਉਹ “ਆਪਣੀ ਸੱਸ ਦੇ ਕੋਲ ਵੱਸੀ ਰਹੀ।” (ਰੂਥ 2:22, 23) ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਉਹ  ਆਪਣੀ ਸੱਸ ਨਾਲ ਸੱਚਾ ਪਿਆਰ ਕਰਦੀ ਸੀ। ਰੂਥ ਦੀ ਮਿਸਾਲ ’ਤੇ ਗੌਰ ਕਰ ਕੇ ਅਸੀਂ ਖ਼ੁਦ ਨੂੰ ਇਹ ਸਵਾਲ ਪੁੱਛ ਸਕਦੇ ਹਾਂ: ‘ਕੀ ਮੈਂ ਰਿਸ਼ਤੇ-ਨਾਤਿਆਂ ਦੀ ਕਦਰ ਕਰਦਾ ਹਾਂ, ਆਪਣੇ ਪਰਿਵਾਰ ਦੇ ਮੈਂਬਰਾਂ ਦਾ ਵਫ਼ਾਦਾਰੀ ਨਾਲ ਸਾਥ ਨਿਭਾਉਂਦਾ ਹਾਂ ਅਤੇ ਲੋੜ ਪੈਣ ਤੇ ਉਨ੍ਹਾਂ ਦੀ ਮਦਦ ਕਰਦਾ ਹਾਂ?’ ਯਹੋਵਾਹ ਇਸ ਤਰ੍ਹਾਂ ਦੇ ਸੱਚੇ ਪਿਆਰ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਦਾ।

ਰੂਥ ਤੇ ਨਾਓਮੀ ਦੀ ਮਿਸਾਲ ਤੋਂ ਅਸੀਂ ਆਪਣੇ ਪਰਿਵਾਰਾਂ ਦੀ ਕਦਰ ਕਰਨੀ ਸਿੱਖਦੇ ਹਾਂ

9. ਪਰਿਵਾਰ ਬਾਰੇ ਅਸੀਂ ਰੂਥ ਅਤੇ ਨਾਓਮੀ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?

9 ਕਈ ਸੋਚਦੇ ਹਨ ਕਿ ਪਤੀ-ਪਤਨੀ, ਧੀ-ਪੁੱਤ ਤੇ ਦਾਦਾ-ਦਾਦੀ ਨੂੰ ਮਿਲਾ ਕੇ ਹੀ ਪੂਰਾ ਪਰਿਵਾਰ ਬਣਦਾ ਹੈ। ਰੂਥ ਅਤੇ ਨਾਓਮੀ ਬਾਰੇ ਕੀ? ਉਨ੍ਹਾਂ ਦੀ ਮਿਸਾਲ ਦਿਖਾਉਂਦੀ ਹੈ ਕਿ ਯਹੋਵਾਹ ਦੇ ਸੇਵਕ ਇਕ-ਦੂਜੇ ਲਈ ਆਪਣੇ ਦਿਲ ਦੇ ਦਰਵਾਜ਼ੇ ਖੋਲ੍ਹ ਸਕਦੇ ਹਨ ਭਾਵੇਂ ਕਿ ਉਨ੍ਹਾਂ ਦੇ ਪਰਿਵਾਰ ਵਿਚ ਸਿਰਫ਼ ਇਕ-ਦੋ ਜਣੇ ਹੋਣ। ਉਹ ਵੀ ਪਿਆਰ ਅਤੇ ਦਇਆ ਨਾਲ ਪੇਸ਼ ਆ ਕੇ ਇਕ-ਦੂਜੇ ਦੀ ਜ਼ਿੰਦਗੀ ਵਿਚ ਖ਼ੁਸ਼ੀ ਲਿਆ ਸਕਦੇ ਹਨ। ਕੀ ਤੁਸੀਂ ਆਪਣੇ ਪਰਿਵਾਰ ਦੀ ਕਦਰ ਕਰਦੇ ਹੋ? ਯਿਸੂ ਨੇ ਆਪਣੇ ਚੇਲਿਆਂ ਨੂੰ ਯਾਦ ਕਰਾਇਆ ਕਿ ਜਿਨ੍ਹਾਂ ਦਾ ਆਪਣਾ ਕੋਈ ਨਹੀਂ ਹੁੰਦਾ, ਉਨ੍ਹਾਂ ਨੂੰ ਮਸੀਹੀ ਮੰਡਲੀ ਵਿਚ ਬਹੁਤ ਸਾਰੇ ਭੈਣ-ਭਰਾ, ਮਾਂ-ਬਾਪ ਮਿਲ ਸਕਦੇ ਹਨ।​—ਮਰ. 10:29, 30.

ਰੂਥ ਤੇ ਨਾਓਮੀ ਨੇ ਇਕ-ਦੂਜੇ ਦੀ ਮਦਦ ਕੀਤੀ ਤੇ ਹੌਸਲਾ ਦਿੱਤਾ

‘ਇਹ ਮਨੁੱਖ ਛੁਡਾਉਣ ਵਾਲਿਆਂ ਵਿੱਚੋਂ ਹੈ’

10. ਨਾਓਮੀ ਰੂਥ ਲਈ ਕੀ ਕਰਨਾ ਚਾਹੁੰਦੀ ਸੀ?

10 ਅਪ੍ਰੈਲ ਵਿਚ ਜੌਆਂ ਦੀ ਵਾਢੀ ਤੋਂ ਲੈ ਕੇ ਜੂਨ ਵਿਚ ਕਣਕ ਦੀ ਵਾਢੀ ਤਕ ਰੂਥ ਬੋਅਜ਼ ਦੇ ਖੇਤਾਂ ਵਿਚ ਸਿੱਟੇ ਚੁਗਦੀ ਰਹੀ। ਜਿੱਦਾਂ-ਜਿੱਦਾਂ ਹਫ਼ਤੇ ਬੀਤਦੇ ਗਏ, ਨਾਓਮੀ ਜ਼ਰੂਰ ਸੋਚਦੀ ਹੋਣੀ ਕਿ ਉਹ ਆਪਣੀ ਨੂੰਹ ਲਈ ਕੀ ਕਰ ਸਕਦੀ ਸੀ। ਮੋਆਬ ਵਿਚ ਹੁੰਦਿਆਂ ਨਾਓਮੀ ਨੂੰ ਯਕੀਨ ਹੋ ਗਿਆ ਸੀ ਕਿ ਉਸ ਲਈ ਰੂਥ ਦਾ ਦੁਬਾਰਾ ਵਿਆਹ ਕਰਨਾ ਨਾਮੁਮਕਿਨ ਸੀ। (ਰੂਥ 1:11-13) ਪਰ ਹੁਣ ਉਸ ਨੂੰ ਉਮੀਦ ਦੀ ਕਿਰਨ ਦਿਖਾਈ ਦੇਣੀ ਸ਼ੁਰੂ ਹੋ ਗਈ ਸੀ। ਉਸ ਨੇ ਰੂਥ ਨੂੰ ਕਿਹਾ: ‘ਧੀਏ, ਮੈਂ ਤੇਰੇ ਲਈ ਇਕ ਚੰਗਾ ਘਰ ਵਾਲਾ ਲੱਭਾਂ।’ (ਰੂਥ 3:1, CL) ਉਸ ਵੇਲੇ ਰਿਵਾਜ ਸੀ ਕਿ ਮਾਪੇ ਆਪਣੇ ਬੱਚਿਆਂ ਲਈ ਜੀਵਨ ਸਾਥੀ ਲੱਭਦੇ ਸਨ ਅਤੇ ਰੂਥ ਉਸ ਲਈ ਇਕ ਧੀ ਦੀ ਤਰ੍ਹਾਂ ਸੀ। ਉਹ ਉਸ ਲਈ ਇਕ ਮੁੰਡਾ ਲੱਭਣਾ ਚਾਹੁੰਦੀ ਸੀ ਤਾਂਕਿ ਰੂਥ ਵਿਆਹ ਤੋਂ ਬਾਅਦ ਆਪਣੇ ਘਰ ਸੁਖੀ ਵੱਸੇ। ਸੋ ਨਾਓਮੀ ਕੀ ਕਰ ਸਕਦੀ ਸੀ?

11, 12. (ੳ) ਰੂਥ ਨਾਲ ਗੱਲ ਕਰਦਿਆਂ ਨਾਓਮੀ ਨੇ ਪਰਮੇਸ਼ੁਰ ਦੇ ਕਾਨੂੰਨ ਵਿਚ ਕਿਹੜੇ ਵਧੀਆ ਪ੍ਰਬੰਧ ਦਾ ਜ਼ਿਕਰ ਕੀਤਾ? (ਅ) ਆਪਣੀ ਸੱਸ ਦੀ ਸਲਾਹ ਸੁਣ ਕੇ ਰੂਥ ਨੇ ਕੀ ਕਿਹਾ?

11 ਰੂਥ ਦੇ ਮੂੰਹੋਂ ਬੋਅਜ਼ ਦਾ ਪਹਿਲੀ ਵਾਰ ਜ਼ਿਕਰ ਸੁਣ ਕੇ ਨਾਓਮੀ ਨੇ ਕਿਹਾ: “ਇਹ ਮਨੁੱਖ ਸਾਡਾ ਨੇੜਦਾਰ ਹੈ ਅਰਥਾਤ ਛੁਡਾਉਣ ਵਾਲਿਆਂ ਵਿੱਚੋਂ ਹੈ।” (ਰੂਥ 2:20) ਉਸ ਦੇ ਕਹਿਣ ਦਾ ਕੀ ਮਤਲਬ ਸੀ? ਜਿਹੜੇ ਪਰਿਵਾਰ ਗ਼ਰੀਬੀ ਜਾਂ ਕਿਸੇ ਦੀ ਮੌਤ ਕਰਕੇ ਔਖੇ ਹਾਲਾਤਾਂ ਵਿੱਚੋਂ ਗੁਜ਼ਰਦੇ ਸਨ, ਉਨ੍ਹਾਂ ਲਈ ਪਰਮੇਸ਼ੁਰ ਦੇ ਕਾਨੂੰਨ ਵਿਚ ਵਧੀਆ ਪ੍ਰਬੰਧ ਕੀਤੇ ਗਏ ਸਨ। ਜੇ ਕੋਈ ਵਿਧਵਾ ਬੇਔਲਾਦ ਹੁੰਦੀ ਸੀ, ਤਾਂ ਉਸ ਦੀ ਹਾਲਤ ਹੋਰ ਵੀ ਭੈੜੀ ਹੁੰਦੀ  ਸੀ ਕਿਉਂਕਿ ਵੰਸ਼ ਨੂੰ ਚਲਾਉਣ ਵਾਲਾ ਨਾ ਹੋਣ ਕਰਕੇ ਉਸ ਦੇ ਪਤੀ ਦਾ ਨਾਂ ਖ਼ਤਮ ਹੋ ਜਾਣਾ ਸੀ। ਪਰ ਪਰਮੇਸ਼ੁਰ ਦਾ ਕਾਨੂੰਨ ਉਸ ਆਦਮੀ ਦੇ ਭਰਾ ਨੂੰ ਵਿਧਵਾ ਨਾਲ ਵਿਆਹ ਕਰਨ ਦੀ ਇਜਾਜ਼ਤ ਦਿੰਦਾ ਸੀ। ਇਸ ਤਰ੍ਹਾਂ ਉਹ ਆਪਣੇ ਮਰੇ ਹੋਏ ਭਰਾ ਦੇ ਨਾਂ ਨੂੰ ਚੱਲਦਾ ਰੱਖਣ ਲਈ ਵਾਰਸ ਪੈਦਾ ਕਰ ਸਕਦਾ ਸੀ ਜੋ ਪਰਿਵਾਰ ਦੀ ਜ਼ਮੀਨ-ਜਾਇਦਾਦ ਨੂੰ ਸੰਭਾਲ ਸਕਦਾ ਸੀ। *​—ਬਿਵ. 25:5-7.

12 ਨਾਓਮੀ ਨੇ ਰੂਥ ਨੂੰ ਸਮਝਾਇਆ ਕਿ ਇਸ ਕਾਨੂੰਨ ਮੁਤਾਬਕ ਵਿਆਹ ਕਰਾਉਣ ਲਈ ਉਸ ਨੂੰ ਕੀ-ਕੀ ਕਰਨ ਦੀ ਲੋੜ ਸੀ। ਅਸੀਂ ਕਲਪਨਾ ਕਰ ਸਕਦੇ ਹਾਂ ਕਿ ਇਹ ਸੁਣ ਕੇ ਰੂਥ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਹੋਣੀਆਂ। ਇਜ਼ਰਾਈਲ ਦਾ ਕਾਨੂੰਨ ਉਸ ਲਈ ਹਾਲੇ ਵੀ ਨਵਾਂ ਸੀ ਅਤੇ ਉਹ ਉੱਥੇ ਦੇ ਬਹੁਤ ਸਾਰੇ ਰੀਤਾਂ-ਰਿਵਾਜਾਂ ਤੋਂ ਅਣਜਾਣ ਸੀ। ਫਿਰ ਵੀ ਰੂਥ ਨੇ ਉਸ ਦਾ ਮਾਣ ਰੱਖਦਿਆਂ ਧਿਆਨ ਨਾਲ ਉਸ ਦੀ ਗੱਲ ਸੁਣੀ। ਸ਼ਾਇਦ ਰੂਥ ਨੂੰ ਨਾਓਮੀ ਦੀ ਸਲਾਹ ਅਜੀਬ ਲੱਗੀ ਹੋਣੀ ਜਾਂ ਸੁਣ ਕੇ ਸ਼ਰਮ ਮਹਿਸੂਸ ਹੋਈ ਹੋਣੀ। ਫਿਰ ਵੀ ਉਸ ਨੇ ਨਾਓਮੀ ਦੀ ਗੱਲ ਮੰਨਦੇ ਹੋਏ ਨਿਮਰਤਾ ਨਾਲ ਕਿਹਾ: “ਜੋ ਕੁਝ ਤੂੰ ਮੈਨੂੰ ਆਖਦੀ ਹੈਂ ਮੈਂ ਸਭ ਕਰਾਂਗੀ।”​—ਰੂਥ 3:5.

13. ਸਿਆਣੇ ਲੋਕਾਂ ਦੀ ਸਲਾਹ ਮੰਨਣ ਬਾਰੇ ਅਸੀਂ ਰੂਥ ਤੋਂ ਕੀ ਸਿੱਖ ਸਕਦੇ ਹਾਂ? (ਅੱਯੂਬ 12:12 ਵੀ ਦੇਖੋ।)

13 ਕਈ ਵਾਰ ਨੌਜਵਾਨਾਂ ਨੂੰ ਜ਼ਿਆਦਾ ਤਜਰਬੇਕਾਰ ਅਤੇ ਵੱਡੀ ਉਮਰ ਦੇ ਲੋਕਾਂ ਦੀ ਸਲਾਹ ਮੰਨਣੀ ਔਖੀ ਲੱਗਦੀ ਹੈ। ਨੌਜਵਾਨਾਂ ਨੂੰ ਲੱਗਦਾ ਹੈ ਕਿ ਵੱਡੀ ਉਮਰ ਦੇ ਲੋਕ ਉਨ੍ਹਾਂ ਦੀਆਂ ਚੁਣੌਤੀਆਂ ਅਤੇ ਸਮੱਸਿਆਵਾਂ ਨੂੰ ਨਹੀਂ ਸਮਝਦੇ। ਰੂਥ ਦੀ ਨਿਮਰਤਾ ਦੀ ਮਿਸਾਲ ਸਾਨੂੰ ਯਾਦ ਕਰਾਉਂਦੀ ਹੈ ਕਿ ਜੇ ਅਸੀਂ ਸਿਆਣੇ ਲੋਕਾਂ ਦੀ ਗੱਲ ਸੁਣਦੇ ਹਾਂ ਜੋ ਸਾਨੂੰ ਪਿਆਰ ਕਰਦੇ ਹਨ ਤੇ ਸਾਡਾ ਭਲਾ ਚਾਹੁੰਦੇ ਹਨ, ਤਾਂ ਸਾਨੂੰ ਬਰਕਤਾਂ ਮਿਲ ਸਕਦੀਆਂ ਹਨ। (ਜ਼ਬੂਰਾਂ  ਦੀ ਪੋਥੀ 71:17, 18 ਪੜ੍ਹੋ।) ਪਰ ਨਾਓਮੀ ਨੇ ਕਿਹੜੀ ਸਲਾਹ ਦਿੱਤੀ ਸੀ ਤੇ ਕੀ ਇਸ ਸਲਾਹ ਨੂੰ ਮੰਨ ਕੇ ਰੂਥ ਨੂੰ ਬਰਕਤਾਂ ਮਿਲੀਆਂ ਸਨ?

ਰੂਥ ਪਿੜ ਵਿਚ

14. ਪਿੜ ਕੀ ਹੁੰਦਾ ਸੀ ਤੇ ਇਸ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਸੀ?

14 ਉਸੇ ਸ਼ਾਮ ਰੂਥ ਪਿੜ ਨੂੰ ਗਈ। ਪਿੜ ਇਕ ਪੱਧਰੀ ਤੇ ਸਖ਼ਤ ਜਗ੍ਹਾ ਹੁੰਦੀ ਸੀ ਜਿੱਥੇ ਬਹੁਤ ਸਾਰੇ ਕਿਸਾਨ ਦਾਣੇ ਕੱਢਦੇ ਤੇ ਛੱਟਦੇ ਸਨ। ਇਹ ਜਗ੍ਹਾ ਅਕਸਰ ਪਹਾੜੀ ਦੀ ਢਲਾਣ ਜਾਂ ਟੀਸੀ ’ਤੇ ਹੁੰਦੀ ਸੀ ਜਿੱਥੇ ਦੁਪਹਿਰ ਢਲ਼ਣ ਜਾਂ ਸ਼ਾਮ ਪੈਣ ਤੋਂ ਪਹਿਲਾਂ ਹਵਾ ਤੇਜ਼ ਚੱਲਦੀ ਸੀ। ਦਾਣਿਆਂ ਨੂੰ ਪਰਾਲੀ ਤੇ ਛਿਲਕਿਆਂ ਤੋਂ ਵੱਖਰਾ ਕਰਨ ਲਈ ਫ਼ਸਲ ਨੂੰ ਤੰਗਲੀ ਜਾਂ ਬੇਲਚਿਆਂ ਨਾਲ ਹਵਾ ਵਿਚ ਉਡਾਇਆ ਜਾਂਦਾ ਸੀ। ਹਵਾ ਪਰਾਲੀ ਤੇ ਛਿਲਕਿਆਂ ਨੂੰ ਉਡਾ ਕੇ ਲੈ ਜਾਂਦੀ ਸੀ ਤੇ ਦਾਣੇ ਭਾਰੇ ਹੋਣ ਕਰਕੇ ਜ਼ਮੀਨ ’ਤੇ ਡਿੱਗ ਜਾਂਦੇ ਸਨ।

15, 16. (ੳ) ਦੱਸੋ ਕਿ ਸ਼ਾਮ ਨੂੰ ਪਿੜ ਵਿਚ ਕੰਮ ਖ਼ਤਮ ਹੋਣ ਤੋਂ ਬਾਅਦ ਕੀ ਹੋਇਆ। (ਅ) ਬੋਅਜ਼ ਨੂੰ ਕਿਵੇਂ ਪਤਾ ਲੱਗਾ ਕਿ ਰੂਥ ਉਸ ਦੇ ਪੈਰਾਂ ਕੋਲ ਪਈ ਸੀ?

15 ਰੂਥ ਸਾਵਧਾਨੀ ਵਰਤਦੇ ਹੋਏ ਕਾਮਿਆਂ ਨੂੰ ਆਪਣਾ ਕੰਮ ਖ਼ਤਮ ਕਰਦਿਆਂ ਦੇਖ ਰਹੀ ਸੀ। ਬੋਅਜ਼ ਨੇ ਆਪਣੀ ਨਿਗਰਾਨੀ ਹੇਠ ਸਾਰਾ ਕੰਮ ਕਰਵਾਇਆ ਤੇ ਹੌਲੀ-ਹੌਲੀ ਦਾਣਿਆਂ ਦਾ ਵੱਡਾ ਢੇਰ ਲੱਗ ਗਿਆ। ਰੋਟੀ ਖਾਣ ਤੋਂ ਬਾਅਦ ਬੋਅਜ਼ ਦਾਣਿਆਂ ਦੇ ਢੇਰ ਦੇ ਇਕ ਪਾਸੇ ਲੰਮਾ ਪੈ ਗਿਆ। ਪਿੜ ਵਿਚ ਸੌਣਾ ਆਮ ਗੱਲ ਹੁੰਦੀ ਸੀ ਤਾਂਕਿ ਕੀਮਤੀ ਫ਼ਸਲ ਨੂੰ ਚੋਰ-ਲੁਟੇਰਿਆਂ ਤੋਂ ਬਚਾਇਆ ਜਾ ਸਕੇ। ਰੂਥ ਨੇ ਦੇਖਿਆ ਕਿ ਬੋਅਜ਼ ਸੌਣ ਲਈ ਲੰਮਾ ਪੈ ਗਿਆ ਸੀ। ਹੁਣ ਨਾਓਮੀ ਦੀ ਸਲਾਹ ਮੁਤਾਬਕ ਚੱਲਣ ਦਾ ਸਮਾਂ ਆ ਗਿਆ ਸੀ।

16 ਰੂਥ ਦੱਬੇ ਪੈਰੀਂ ਬੋਅਜ਼ ਦੇ ਨੇੜੇ ਚਲੀ ਗਈ। ਉਸ ਦਾ ਦਿਲ ਜ਼ੋਰ-ਜ਼ੋਰ ਦੀ ਧੜਕ ਰਿਹਾ ਸੀ। ਬੋਅਜ਼ ਘੂਕ ਸੁੱਤਾ ਪਿਆ ਸੀ। ਜਿੱਦਾਂ ਨਾਓਮੀ ਨੇ ਕਿਹਾ ਸੀ, ਉਹ ਉਸ ਦੇ ਪੈਰ ਨੰਗੇ ਕਰ ਕੇ ਉੱਥੇ ਹੀ ਲੰਮੀ ਪੈ ਗਈ। ਫਿਰ ਉਹ ਉਡੀਕ ਕਰਨ ਲੱਗੀ। ਸਮਾਂ ਗੁਜ਼ਰਦਾ ਗਿਆ। ਪਰ ਰੂਥ ਨੂੰ ਇੱਦਾਂ ਲੱਗਾ ਜਿਵੇਂ ਸਮਾਂ ਠਹਿਰ ਗਿਆ ਹੋਵੇ। ਅਖ਼ੀਰ ਅੱਧੀ ਰਾਤ ਨੂੰ  ਬੋਅਜ਼ ਨੇ ਪਾਸਾ ਲਿਆ। ਠੰਢ ਨਾਲ ਕੰਬਦੇ ਮਾਰੇ ਉਸ ਨੇ ਦੁਬਾਰਾ ਪੈਰਾਂ ਨੂੰ ਢਕਣ ਲਈ ਚਾਦਰ ਖਿੱਚੀ। ਪਰ ਉਸ ਨੂੰ ਲੱਗਾ ਕਿ ਉੱਥੇ ਕੋਈ ਸੀ। ਅਸੀਂ ਬਾਈਬਲ ਵਿਚ ਪੜ੍ਹਦੇ ਹਾਂ: ‘ਇੱਕ ਜਨਾਨੀ ਉਹ ਦੇ ਪੈਰਾਂ ਕੋਲ ਪਈ ਹੋਈ ਸੀ।’​—ਰੂਥ 3:8.

17. ਜਿਹੜੇ ਲੋਕ ਕਹਿੰਦੇ ਹਨ ਕਿ ਰੂਥ ਬੋਅਜ਼ ਨੂੰ ਗ਼ਲਤ ਕੰਮ ਕਰਨ ਲਈ ਉਕਸਾ ਰਹੀ ਸੀ, ਉਹ ਕਿਹੜੀਆਂ ਦੋ ਗੱਲਾਂ ਨੂੰ ਨਜ਼ਰਅੰਦਾਜ਼ ਕਰਦੇ ਹਨ?

17 ਉਸ ਨੇ ਪੁੱਛਿਆ, “ਤੂੰ ਕੌਣ ਹੈਂ?” ਰੂਥ ਨੇ ਸ਼ਾਇਦ ਕੰਬਦੀ ਹੋਈ ਆਵਾਜ਼ ਵਿਚ ਜਵਾਬ ਦਿੱਤਾ: “ਮੈਂ ਤੁਹਾਡੀ ਟਹਿਲਣ ਰੂਥ ਹਾਂ ਸੋ ਤੁਸੀਂ ਆਪਣੀ ਟਹਿਲਣ ਉੱਤੇ ਆਪਣੀ ਚੱਦਰ ਦਾ ਪੱਲਾ ਪਾ ਦਿਓ ਕਿਉਂ ਜੋ ਤੁਸੀਂ ਛੁਡਾਉਣ ਵਾਲਿਆਂ ਵਿੱਚੋਂ ਹੋ।” (ਰੂਥ 3:9) ਰੂਥ ਨੇ ਉਸ ਵੇਲੇ ਜੋ ਕੁਝ ਕੀਤਾ ਤੇ ਕਿਹਾ, ਉਸ ਬਾਰੇ ਗੱਲ ਕਰਦੇ ਹੋਏ ਅੱਜ ਦੇ ਜ਼ਮਾਨੇ ਦੇ ਕੁਝ ਵਿਦਵਾਨ ਕਹਿੰਦੇ ਹਨ ਕਿ ਰੂਥ ਬੋਅਜ਼ ਨੂੰ ਗ਼ਲਤ ਕੰਮ ਕਰਨ ਲਈ ਉਕਸਾ ਰਹੀ ਸੀ। ਪਰ ਉਹ ਦੋ ਗੱਲਾਂ ਨੂੰ ਨਜ਼ਰਅੰਦਾਜ਼ ਕਰਦੇ ਹਨ। ਪਹਿਲੀ ਗੱਲ, ਰੂਥ ਨੇ ਉਸ ਜ਼ਮਾਨੇ ਦੇ ਰੀਤੀ-ਰਿਵਾਜਾਂ ਅਨੁਸਾਰ ਇਹ ਸਭ ਕੀਤਾ ਸੀ ਜਿਨ੍ਹਾਂ ਨੂੰ ਅੱਜ ਬਹੁਤ ਸਾਰੇ ਲੋਕੀ ਨਹੀਂ ਸਮਝਦੇ। ਇਸ ਲਈ ਰੂਥ ਨੇ ਜੋ ਕੁਝ ਕੀਤਾ, ਉਸ ਨੂੰ ਅੱਜ ਦੇ ਘਟੀਆ ਮਿਆਰਾਂ ਅਨੁਸਾਰ ਜਾਂਚਣਾ ਗ਼ਲਤ ਹੋਵੇਗਾ। ਦੂਜੀ ਗੱਲ, ਬੋਅਜ਼ ਜਿਸ ਤਰੀਕੇ ਨਾਲ ਪੇਸ਼ ਆਇਆ, ਉਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਸ ਦੀਆਂ ਨਜ਼ਰਾਂ ਵਿਚ ਰੂਥ ਦਾ ਚਾਲ-ਚਲਣ ਪਵਿੱਤਰ ਤੇ ਤਾਰੀਫ਼ ਦੇ ਲਾਇਕ ਸੀ।

ਰੂਥ ਦੀ ਨੇਕਨਾਮੀ ਇਸ ਲਈ ਸੀ ਕਿਉਂਕਿ ਉਹ ਦੂਜਿਆਂ ਨਾਲ ਦਇਆ ਤੇ ਆਦਰ ਨਾਲ ਪੇਸ਼ ਆਈ

18. ਬੋਅਜ਼ ਦੀ ਕਿਹੜੀ ਗੱਲ ਤੋਂ ਰੂਥ ਨੂੰ ਦਿਲਾਸਾ ਮਿਲਿਆ ਅਤੇ ਉਸ ਨੇ ਰੂਥ ਦੇ ਸੱਚੇ ਪਿਆਰ ਦਾ ਜ਼ਿਕਰ ਕਰਨ ਲਈ ਕਿਹੜੇ ਖ਼ਾਸ ਸ਼ਬਦ ਵਰਤੇ ਸਨ?

18 ਬਿਨਾਂ ਸ਼ੱਕ ਬੋਅਜ਼ ਨੇ ਨਰਮਾਈ ਨਾਲ ਗੱਲ ਕੀਤੀ ਜਿਸ ਤੋਂ ਰੂਥ ਨੂੰ ਹੌਸਲਾ ਮਿਲਿਆ। ਉਸ ਨੇ ਕਿਹਾ: “ਯਹੋਵਾਹ ਤੈਨੂੰ ਅਸੀਸ ਦੇਵੇ ਕਿਉਂ ਜੋ ਤੈਂ ਅੱਗੇ ਨਾਲੋਂ ਅੰਤ ਵਿੱਚ ਵਧੀਕ ਕਿਰਪਾ ਕਰ ਵਿਖਾਈ ਇਸ ਲਈ ਜੋ ਤੂੰ ਗਭਰੂਆਂ ਦੇ ਮਗਰ ਨਾ ਲੱਗੀ ਭਾਵੇਂ ਧਨੀ ਭਾਵੇਂ ਨਿਰਧਨ ਹੁੰਦੇ।” (ਰੂਥ 3:10) “ਅੱਗੇ ਨਾਲੋਂ” ਸ਼ਬਦ ਰੂਥ ਦੇ ਨਾਓਮੀ ਲਈ ਸੱਚੇ ਪਿਆਰ ਵੱਲ ਸੰਕੇਤ ਕਰਦੇ ਸਨ ਜਿਸ ਕਰਕੇ ਉਹ ਨਾਓਮੀ ਨਾਲ ਇਜ਼ਰਾਈਲ ਆਈ ਤੇ ਉਸ ਦੀ ਦੇਖ-ਭਾਲ ਕੀਤੀ। “ਅੰਤ ਵਿੱਚ” ਸ਼ਬਦ ਇਸ ਗੱਲ ਵੱਲ ਸੰਕੇਤ ਕਰਦੇ ਹਨ ਕਿ ਰੂਥ ਨਾਓਮੀ ਦੀ ਸਲਾਹ ਮੁਤਾਬਕ ਚੱਲ ਰਹੀ ਸੀ। ਬੋਅਜ਼ ਨੇ ਇਹ ਗੱਲ ਦੇਖੀ ਕਿ ਜੇ ਰੂਥ ਚਾਹੁੰਦੀ, ਤਾਂ ਉਹ ਆਪਣੇ ਵਰਗੇ ਕਿਸੇ ਜਵਾਨ ਆਦਮੀ, ਚਾਹੇ ਅਮੀਰ ਜਾਂ ਗ਼ਰੀਬ, ਨਾਲ ਵਿਆਹ ਕਰਵਾ ਸਕਦੀ ਸੀ। ਇਸ ਦੀ ਬਜਾਇ, ਉਹ ਨਾ ਸਿਰਫ਼ ਨਾਓਮੀ ਦਾ ਭਲਾ ਕਰਨਾ ਚਾਹੁੰਦੀ ਸੀ, ਸਗੋਂ ਆਪਣੇ ਮਰ ਚੁੱਕੇ ਸਹੁਰੇ ਦੇ ਨਾਂ ਨੂੰ ਉਸ ਦੇ ਦੇਸ਼ ਵਿਚ ਚੱਲਦਾ ਰੱਖ ਕੇ ਉਸ ਦਾ ਵੀ ਭਲਾ ਕਰਨਾ ਚਾਹੁੰਦੀ ਸੀ। ਤਾਂ ਫਿਰ ਅਸੀਂ ਸਮਝ ਸਕਦੇ ਹਾਂ ਕਿ ਉਹ ਕਿਉਂ ਇਸ ਨਿਰਸੁਆਰਥ ਤੀਵੀਂ ਤੋਂ ਪ੍ਰਭਾਵਿਤ ਹੋਇਆ ਸੀ।

19, 20. (ੳ) ਬੋਅਜ਼ ਨੇ ਰੂਥ ਨਾਲ ਵਿਆਹ ਕਰਵਾਉਣ ਲਈ ਉਸੇ ਵੇਲੇ ਹਾਂ ਕਿਉਂ ਨਹੀਂ ਕੀਤੀ? (ਅ) ਬੋਅਜ਼ ਨੇ ਕਿੱਦਾਂ ਦਿਖਾਇਆ ਕਿ ਉਸ ਨੂੰ ਰੂਥ ਦੀ ਇੱਜ਼ਤ ਦੀ ਪਰਵਾਹ ਸੀ?

19 ਬੋਅਜ਼ ਨੇ ਅੱਗੇ ਕਿਹਾ: “ਹੁਣ ਹੇ ਬੀਬੀ, ਨਾ ਡਰ। ਸਭ ਕੁਝ ਜੋ ਤੂੰ ਮੰਗਦੀ ਹੈਂ ਮੈਂ  ਤੇਰੇ ਨਾਲ ਕਰਾਂਗਾ ਕਿਉਂ ਜੋ ਮੇਰੇ ਲੋਕਾਂ ਦੀ ਸਾਰੀ ਪਰਿਹਾ ਜਾਣਦੀ ਹੈ ਜੋ ਤੂੰ ਸਤਵੰਤੀ ਇਸਤ੍ਰੀ ਹੈਂ।” (ਰੂਥ 3:11) ਉਹ ਖ਼ੁਸ਼ ਸੀ ਕਿ ਰੂਥ ਉਸ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ। ਸ਼ਾਇਦ ਉਸ ਨੂੰ ਇੰਨੀ ਹੈਰਾਨੀ ਨਹੀਂ ਹੋਈ ਜਦੋਂ ਰੂਥ ਨੇ ਉਸ ਨੂੰ ਆਪਣਾ ਛੁਡਾਉਣ ਵਾਲਾ ਕਿਹਾ ਸੀ। ਪਰ ਬੋਅਜ਼ ਇਕ ਧਰਮੀ ਆਦਮੀ ਸੀ ਤੇ ਉਸ ਨੇ ਸਿਰਫ਼ ਆਪਣੇ ਬਾਰੇ ਨਹੀਂ ਸੋਚਿਆ। ਉਸ ਨੇ ਰੂਥ ਨੂੰ ਦੱਸਿਆ ਕਿ ਇਕ ਹੋਰ ਛੁਡਾਉਣ ਵਾਲਾ ਸੀ ਜੋ ਨਾਓਮੀ ਦੇ ਮਰ ਚੁੱਕੇ ਪਤੀ ਦਾ ਹੋਰ ਵੀ ਨਜ਼ਦੀਕੀ ਰਿਸ਼ਤੇਦਾਰ ਸੀ। ਬੋਅਜ਼ ਨੇ ਕਿਹਾ ਕਿ ਪਹਿਲਾਂ ਉਹ ਉਸ ਆਦਮੀ ਕੋਲ ਜਾਵੇਗਾ ਤੇ ਉਸ ਨੂੰ ਰੂਥ ਦਾ ਪਤੀ ਬਣਨ ਦਾ ਮੌਕਾ ਦੇਵੇਗਾ।

ਰੂਥ ਦੀ ਨੇਕਨਾਮੀ ਇਸ ਲਈ ਸੀ ਕਿਉਂਕਿ ਉਹ ਦੂਜਿਆਂ ਨਾਲ ਦਇਆ ਤੇ ਆਦਰ ਨਾਲ ਪੇਸ਼ ਆਈ

20 ਬੋਅਜ਼ ਨੇ ਕਿਹਾ ਕਿ ਉਹ ਹੁਣ ਆਰਾਮ ਕਰੇ ਅਤੇ ਤੜਕੇ ਉੱਠ ਕੇ ਚਲੀ ਜਾਵੇ ਤਾਂਕਿ ਕੋਈ ਉਸ ਨੂੰ ਦੇਖੇ ਨਾ। ਬੋਅਜ਼ ਨਹੀਂ ਚਾਹੁੰਦਾ ਸੀ ਕਿ ਲੋਕ ਉਨ੍ਹਾਂ ਦੋਹਾਂ ਬਾਰੇ ਗ਼ਲਤ ਸੋਚਣ ਤੇ ਉਨ੍ਹਾਂ ਦੋਵਾਂ ਦਾ ਨਾਂ ਖ਼ਰਾਬ ਹੋ ਜਾਵੇ। ਰੂਥ ਫਿਰ ਬੋਅਜ਼ ਦੇ ਪੈਰਾਂ ਕੋਲ ਪੈ ਗਈ। ਬੋਅਜ਼ ਦੇ ਚੰਗੇ ਵਤੀਰੇ ਕਰਕੇ ਸ਼ਾਇਦ ਹੁਣ ਉਸ ਦਾ ਡਰ ਥੋੜ੍ਹਾ ਘੱਟ ਗਿਆ ਸੀ। ਫਿਰ ਉਹ ਮੂੰਹ-ਹਨੇਰੇ ਉੱਠ ਗਈ। ਬੋਅਜ਼ ਨੇ ਉਸ ਦਾ ਪੱਲਾ ਜੌਆਂ ਨਾਲ ਭਰ ਦਿੱਤਾ ਤੇ ਉਹ ਬੈਤਲਹਮ ਚਲੀ ਗਈ।​—ਰੂਥ 3:13-15 ਪੜ੍ਹੋ।

21. ਕਿਹੜੀਆਂ ਗੱਲਾਂ ਨੇ ਰੂਥ ਦੀ “ਸਤਵੰਤੀ ਇਸਤ੍ਰੀ” ਬਣਨ ਵਿਚ ਮਦਦ ਕੀਤੀ ਅਤੇ ਅਸੀਂ ਉਸ ਦੀ ਮਿਸਾਲ ਦੀ ਰੀਸ ਕਿਵੇਂ ਕਰ ਸਕਦੇ ਹਾਂ?

21 ਬੋਅਜ਼ ਨੇ ਰੂਥ ਨੂੰ ਜੋ ਕੁਝ ਕਿਹਾ ਸੀ, ਉਸ ਬਾਰੇ ਸੋਚ ਕੇ ਉਸ ਨੂੰ ਕਿੰਨਾ ਚੰਗਾ ਲੱਗਾ ਹੋਣਾ! ਉਸ ਨੇ ਕਿਹਾ ਕਿ ਉਹ ਸਾਰੇ ਲੋਕਾਂ ਵਿਚ “ਸਤਵੰਤੀ ਇਸਤ੍ਰੀ” ਦੇ ਤੌਰ ’ਤੇ ਜਾਣੀ ਜਾਂਦੀ ਸੀ। ਉਸ ਦੀ ਇੰਨੀ ਨੇਕਨਾਮੀ ਇਸ ਕਰਕੇ ਸੀ ਕਿਉਂਕਿ ਉਹ ਯਹੋਵਾਹ ਬਾਰੇ ਸਿੱਖ ਕੇ ਉਸ ਦੀ ਸੇਵਾ ਕਰਨੀ ਚਾਹੁੰਦੀ ਸੀ। ਨਾਲੇ ਉਸ ਨੇ ਨਵੇਂ ਤੌਰ-ਤਰੀਕਿਆਂ ਅਤੇ ਰੀਤਾਂ-ਰਿਵਾਜਾਂ ਨੂੰ ਅਪਣਾਇਆ। ਇਸ ਤਰ੍ਹਾਂ ਕਰ ਕੇ ਉਸ ਨੇ ਦਿਖਾਇਆ ਕਿ ਉਹ ਨਾਓਮੀ ਤੇ ਉਸ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਕਿੰਨੀ ਪਰਵਾਹ ਕਰਦੀ ਸੀ। ਜੇ ਅਸੀਂ ਰੂਥ ਦੀ ਨਿਹਚਾ ਦੀ ਰੀਸ ਕਰਦੇ ਹਾਂ, ਤਾਂ ਅਸੀਂ ਦੂਜੇ ਲੋਕਾਂ ਦੇ, ਉਨ੍ਹਾਂ ਦੇ ਤੌਰ-ਤਰੀਕਿਆਂ ਤੇ ਰੀਤਾਂ-ਰਿਵਾਜਾਂ ਦਾ ਆਦਰ ਕਰਾਂਗੇ। ਇਸ ਤਰ੍ਹਾਂ ਕਰਨ ਨਾਲ ਸਾਡੀ ਵੀ ਨੇਕਨਾਮੀ ਹੋਵੇਗੀ।

ਰੂਥ ਲਈ ਘਰਵਾਲਾ

22, 23. (ੳ) ਬੋਅਜ਼ ਨੇ ਰੂਥ ਨੂੰ ਖੁੱਲ੍ਹ-ਦਿਲੀ ਨਾਲ ਜੋ ਦਿੱਤਾ, ਉਸ ਦਾ ਸ਼ਾਇਦ ਕੀ ਮਤਲਬ ਸੀ? (ਫੁਟਨੋਟ ਵੀ ਦੇਖੋ।) (ਅ) ਨਾਓਮੀ ਨੇ ਰੂਥ ਨੂੰ ਕੀ ਸਲਾਹ ਦਿੱਤੀ?

22 ਜਦੋਂ ਰੂਥ ਘਰ ਆਈ, ਤਾਂ ਨਾਓਮੀ ਨੇ ਪੁੱਛਿਆ: “ਹੇ ਮੇਰੀਏ ਧੀਏ, ਤੇਰੇ ਨਾਲ ਕੀ ਬੀਤੀ?” ਉਹ ਜਾਣਨਾ ਚਾਹੁੰਦੀ ਸੀ ਕਿ ਰੂਥ ਵਿਧਵਾ ਰਹੇਗੀ ਜਾਂ ਕਿ ਉਸ ਦਾ ਵਿਆਹ ਹੋਵੇਗਾ। ਰੂਥ ਨੇ ਆਪਣੀ ਸੱਸ ਨੂੰ ਫਟਾਫਟ ਸਾਰਾ ਕੁਝ ਦੱਸ ਦਿੱਤਾ ਜੋ ਉਸ ਦੇ ਤੇ ਬੋਅਜ਼ ਵਿਚ ਹੋਇਆ ਸੀ। ਉਸ ਨੇ ਨਾਓਮੀ ਨੂੰ ਉਹ ਸਾਰੇ ਜੌਂ ਦਿਖਾਏ ਜੋ ਬੋਅਜ਼ ਨੇ ਖੁੱਲ੍ਹ-ਦਿਲੀ ਦਿਖਾਉਂਦੇ ਹੋਏ ਨਾਓਮੀ ਲਈ ਘੱਲੇ ਸਨ। *ਰੂਥ 3:16, 17.

23 ਨਾਓਮੀ ਨੇ ਰੂਥ ਨੂੰ ਸਲਾਹ ਦਿੱਤੀ ਕਿ ਉਸ ਦਿਨ ਉਹ ਖੇਤਾਂ ਵਿਚ ਸਿੱਟੇ ਚੁਗਣ ਜਾਣ  ਦੀ ਬਜਾਇ ਆਰਾਮ ਨਾਲ ਘਰ ਬੈਠੇ। ਉਸ ਨੇ ਰੂਥ ਨੂੰ ਯਕੀਨ ਦਿਵਾਇਆ: “ਜਦ ਤੋੜੀ ਅੱਜ ਇਸ ਕੰਮ ਨੂੰ ਪੂਰਾ ਨਾ ਕਰ ਲਵੇ ਤਦ ਤੋੜੀ ਉਸ ਮਨੁੱਖ ਨੂੰ ਸ਼ਾਂਤ ਨਹੀਂ ਆਉਣੀ।”—ਰੂਥ 3:18.

24, 25. (ੳ) ਬੋਅਜ਼ ਨੇ ਕਿਵੇਂ ਦਿਖਾਇਆ ਕਿ ਉਹ ਧਰਮੀ ਤੇ ਨਿਰਸੁਆਰਥ ਆਦਮੀ ਸੀ? (ਅ) ਰੂਥ ਨੂੰ ਕਿਹੜੀਆਂ ਬਰਕਤਾਂ ਮਿਲੀਆਂ?

24 ਨਾਓਮੀ ਨੇ ਬੋਅਜ਼ ਬਾਰੇ ਬਿਲਕੁਲ ਸਹੀ ਕਿਹਾ ਸੀ। ਉਹ ਸ਼ਹਿਰ ਦੇ ਦਰਵਾਜ਼ੇ ਕੋਲ ਗਿਆ ਜਿੱਥੇ ਸ਼ਹਿਰ ਦੇ ਬਜ਼ੁਰਗ ਅਕਸਰ ਇਕੱਠੇ ਹੁੰਦੇ ਸਨ ਤੇ ਉੱਥੇ ਨਾਓਮੀ ਦੇ ਪਤੀ ਦੇ ਨਜ਼ਦੀਕੀ ਰਿਸ਼ਤੇਦਾਰ ਦੀ ਉਡੀਕ ਕਰਨ ਲੱਗਾ। ਗਵਾਹਾਂ ਦੇ ਸਾਮ੍ਹਣੇ ਬੋਅਜ਼ ਨੇ ਉਸ ਆਦਮੀ ਨੂੰ ਰੂਥ ਨਾਲ ਵਿਆਹ ਕਰਾਉਣ ਲਈ ਕਿਹਾ। ਪਰ ਉਸ ਆਦਮੀ ਨੇ ਇਨਕਾਰ ਕਰ ਦਿੱਤਾ ਕਿਉਂਕਿ ਉਸ ਨੇ ਕਿਹਾ ਕਿ ਇੱਦਾਂ ਕਰਨ ਨਾਲ ਉਸ ਨੂੰ ਘਾਟਾ ਪੈਣਾ ਸੀ। ਫਿਰ ਸ਼ਹਿਰ ਦੇ ਦਰਵਾਜ਼ੇ ਕੋਲ ਗਵਾਹਾਂ ਦੇ ਸਾਮ੍ਹਣੇ ਬੋਅਜ਼ ਨੇ ਕਿਹਾ ਕਿ ਉਹ ਛੁਡਾਉਣ ਵਾਲਾ ਹੋਣ ਦੇ ਨਾਤੇ ਨਾਓਮੀ ਦੇ ਮਰ ਚੁੱਕੇ ਪਤੀ ਅਲੀਮਲਕ ਦੀ ਜ਼ਮੀਨ ਖ਼ਰੀਦੇਗਾ ਅਤੇ ਉਸ ਦੇ ਪੁੱਤਰ ਮਹਿਲੋਨ ਦੀ ਵਿਧਵਾ ਰੂਥ ਨਾਲ ਵਿਆਹ ਕਰੇਗਾ। ਬੋਅਜ਼ ਨੇ ਇਹ ਆਸ ਪ੍ਰਗਟਾਈ ਕਿ ਇਸ ਤਰ੍ਹਾਂ ਕਰਨ ਨਾਲ ‘ਉਸ ਮੋਏ ਹੋਏ ਦਾ ਨਾਉਂ ਉਹ ਦੀ ਪੱਤੀ ਵਿੱਚ ਬਣਿਆ ਰਹੇਗਾ।’ (ਰੂਥ 4:1-10) ਬੋਅਜ਼ ਸੱਚ-ਮੁੱਚ ਧਰਮੀ ਤੇ ਨਿਰਸੁਆਰਥ ਆਦਮੀ ਸੀ।

25 ਬੋਅਜ਼ ਨੇ ਰੂਥ ਨਾਲ ਵਿਆਹ ਕਰਾ ਲਿਆ। ਉਸ ਤੋਂ ਬਾਅਦ ਅਸੀਂ ਪੜ੍ਹਦੇ ਹਾਂ: “ਯਹੋਵਾਹ ਨੇ ਉਹ ਨੂੰ ਗਰਭ ਦੀ ਬਖਸ਼ੀਸ਼ ਦਿੱਤੀ ਅਤੇ ਉਹ ਪੁੱਤ੍ਰ ਜਣੀ।” ਬੈਤਲਹਮ ਦੀਆਂ ਤੀਵੀਆਂ ਨੇ ਨਾਓਮੀ ਨੂੰ ਧੰਨ ਆਖਿਆ ਤੇ ਰੂਥ ਦੀ ਤਾਰੀਫ਼ ਕੀਤੀ ਕਿ ਉਹ ਨਾਓਮੀ ਲਈ ਸੱਤਾਂ ਪੁੱਤਰਾਂ ਨਾਲੋਂ ਚੰਗੀ ਸੀ। ਬਾਅਦ ਵਿਚ ਅਸੀਂ ਪੜ੍ਹਦੇ ਹਾਂ ਕਿ ਰੂਥ ਦਾ ਪੁੱਤਰ ਮਹਾਨ ਰਾਜਾ ਦਾਊਦ ਦਾ ਪੂਰਵਜ ਬਣਿਆ। (ਰੂਥ 4:11-22) ਦਾਊਦ ਯਿਸੂ ਮਸੀਹ ਦਾ ਪੂਰਵਜ ਸੀ।​—ਮੱਤੀ 1:1. *

ਯਹੋਵਾਹ ਨੇ ਰੂਥ ਨੂੰ ਮਸੀਹ ਦੀ ਪੂਰਵਜ ਬਣਨ ਦਾ ਸਨਮਾਨ ਬਖ਼ਸ਼ਿਆ

26. ਰੂਥ ਤੇ ਨਾਓਮੀ ਦੀਆਂ ਮਿਸਾਲਾਂ ਤੋਂ ਸਾਨੂੰ ਕੀ ਪਤਾ ਲੱਗਦਾ ਹੈ?

26 ਵਾਕਈ ਰੂਥ ਨੂੰ ਕਿੰਨੀ ਵੱਡੀ ਬਰਕਤ ਮਿਲੀ! ਨਾਲੇ ਨਾਓਮੀ ਨੂੰ ਵੀ ਬਰਕਤ ਮਿਲੀ ਸੀ ਜਿਸ ਨੇ ਰੂਥ ਦੇ ਪੁੱਤਰ ਨੂੰ ਆਪਣਾ ਪੁੱਤਰ ਸਮਝ ਕੇ ਪਾਲ਼ਿਆ। ਇਨ੍ਹਾਂ ਦੋਹਾਂ ਔਰਤਾਂ ਦੀ ਜ਼ਿੰਦਗੀ ਤੋਂ ਸਾਨੂੰ ਯਹੋਵਾਹ ਬਾਰੇ ਇਕ ਖ਼ਾਸ ਗੱਲ ਪਤਾ ਲੱਗਦੀ ਹੈ। ਉਹ ਉਨ੍ਹਾਂ ਸਾਰੇ ਲੋਕਾਂ ਵੱਲ ਧਿਆਨ ਦਿੰਦਾ ਹੈ ਜੋ ਨਿਮਰਤਾ ਨਾਲ ਆਪਣਿਆਂ ਲਈ ਸਖ਼ਤ ਮਿਹਨਤ ਕਰਦੇ ਹਨ ਅਤੇ ਉਸ ਦੇ ਭਗਤਾਂ ਨਾਲ ਮਿਲ ਕੇ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਦੇ ਹਨ। ਉਹ ਕਦੇ ਵੀ ਬੋਅਜ਼, ਨਾਓਮੀ ਅਤੇ ਰੂਥ ਵਰਗੇ ਆਪਣੇ ਵਫ਼ਾਦਾਰ ਲੋਕਾਂ ਨੂੰ ਬਰਕਤਾਂ ਦੇਣੀਆਂ ਨਹੀਂ ਭੁੱਲਦਾ।

^ ਪੈਰਾ 7 ਨਾਓਮੀ ਨੇ ਕਿਹਾ ਸੀ ਕਿ ਯਹੋਵਾਹ ਸਿਰਫ਼ ਜੀਉਂਦੇ ਲੋਕਾਂ ’ਤੇ ਹੀ ਨਹੀਂ, ਸਗੋਂ ਮਰੇ ਲੋਕਾਂ ’ਤੇ ਵੀ ਦਇਆ ਕਰਦਾ ਹੈ। ਨਾਓਮੀ ਦੇ ਪਤੀ ਤੇ ਉਸ ਦੇ ਪੁੱਤਰਾਂ ਦੀ ਮੌਤ ਹੋ ਗਈ ਸੀ। ਰੂਥ ਵੀ ਵਿਧਵਾ ਹੋ ਚੁੱਕੀ ਸੀ। ਯਕੀਨਨ ਨਾਓਮੀ ਨੂੰ ਆਪਣਾ ਪਤੀ ਤੇ ਪੁੱਤਰ ਬਹੁਤ ਪਿਆਰੇ ਸਨ ਅਤੇ ਰੂਥ ਨੂੰ ਆਪਣਾ ਪਤੀ। ਜੇ ਇਹ ਆਦਮੀ ਜੀਉਂਦੇ ਹੁੰਦੇ, ਤਾਂ ਉਹ ਜ਼ਰੂਰ ਨਾਓਮੀ ਤੇ ਰੂਥ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰਦੇ। ਇਸ ਲਈ ਨਾਓਮੀ ਤੇ ਰੂਥ ਉੱਤੇ ਜੋ ਦਇਆ ਕੀਤੀ ਗਈ ਸੀ, ਉਹ ਅਸਲ ਵਿਚ ਉਨ੍ਹਾਂ ਦੇ ਪਤੀਆਂ ’ਤੇ ਕੀਤੀ ਗਈ ਸੀ।

^ ਪੈਰਾ 11 ਜ਼ਮੀਨ-ਜਾਇਦਾਦ ਦੇ ਹੱਕ ਵਾਂਗ ਵਿਧਵਾ ਨਾਲ ਵਿਆਹ ਕਰਾਉਣ ਦਾ ਹੱਕ ਪਹਿਲਾਂ ਮਰੇ ਹੋਏ ਆਦਮੀ ਦੇ ਭਰਾਵਾਂ ਨੂੰ ਦਿੱਤਾ ਜਾਂਦਾ ਸੀ। ਫਿਰ ਇਹ ਹੱਕ ਉਸ ਦੇ ਸਭ ਤੋਂ ਨੇੜਲੇ ਰਿਸ਼ਤੇਦਾਰ ਨੂੰ ਦਿੱਤਾ ਜਾਂਦਾ ਸੀ।—ਗਿਣ. 27:5-11.

^ ਪੈਰਾ 22 ਬੋਅਜ਼ ਨੇ ਰੂਥ ਨੂੰ ਛੇ ਟੋਪੇ ਜੌਆਂ ਦੇ ਮਿਣ ਕੇ ਦਿੱਤੇ ਸਨ। ਸ਼ਾਇਦ ਉਹ ਰੂਥ ਨੂੰ ਕਹਿਣਾ ਚਾਹੁੰਦਾ ਸੀ ਕਿ ਜਿਸ ਤਰ੍ਹਾਂ ਕੰਮ ਦੇ ਛੇ ਦਿਨਾਂ ਤੋਂ ਬਾਅਦ ਸਬਤ ਦੇ ਦਿਨ ਆਰਾਮ ਕੀਤਾ ਜਾਂਦਾ ਸੀ, ਉਸੇ ਤਰ੍ਹਾਂ ਵਿਧਵਾ ਰੂਥ ਲਈ ਆਰਾਮ ਕਰਨ ਦਾ ਦਿਨ ਵੀ ਨੇੜੇ ਹੀ ਸੀ। ਯਕੀਨਨ ਰੂਥ ਲਈ ਸੁੱਖ ਦੇ ਦਿਨ ਆਉਣ ਵਾਲੇ ਸਨ। ਦੂਸਰੇ ਪਾਸੇ, ਇਹ ਵੀ ਹੋ ਸਕਦਾ ਹੈ ਕਿ ਰੂਥ ਨੂੰ ਜਿੰਨੇ ਜੌਂ ਦਿੱਤੇ ਗਏ ਸਨ ਉਸ ਤੋਂ ਜ਼ਿਆਦਾ ਉਹ ਚੁੱਕ ਨਹੀਂ ਸਕਦੀ ਸੀ।

^ ਪੈਰਾ 25 ਰੂਥ ਉਨ੍ਹਾਂ ਪੰਜ ਤੀਵੀਆਂ ਵਿੱਚੋਂ ਹੈ ਜਿਨ੍ਹਾਂ ਦਾ ਜ਼ਿਕਰ ਬਾਈਬਲ ਵਿਚ ਯਿਸੂ ਦੀ ਵੰਸ਼ਾਵਲੀ ਵਿਚ ਕੀਤਾ ਗਿਆ ਹੈ। ਇਕ ਹੋਰ ਤੀਵੀਂ ਰਾਹਾਬ ਹੈ ਜੋ ਬੋਅਜ਼ ਦੀ ਮਾਤਾ ਸੀ। (ਮੱਤੀ 1:3, 5, 6, 16) ਰੂਥ ਵਾਂਗ ਉਹ ਵੀ ਇਜ਼ਰਾਈਲੀ ਨਹੀਂ ਸੀ।