Skip to content

Skip to table of contents

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

 ਪਾਠ 4

“ਜਿੱਥੇ ਤੂੰ ਜਾਵੇਂਗੀ ਉੱਥੇ ਹੀ ਮੈਂ ਜਾਵਾਂਗੀ”

“ਜਿੱਥੇ ਤੂੰ ਜਾਵੇਂਗੀ ਉੱਥੇ ਹੀ ਮੈਂ ਜਾਵਾਂਗੀ”

1, 2. (ੳ) ਦੱਸੋ ਕਿ ਰੂਥ ਤੇ ਨਾਓਮੀ ਦਾ ਸਫ਼ਰ ਕਿਹੋ ਜਿਹਾ ਸੀ ਅਤੇ ਉਹ ਗਮ ਵਿਚ ਕਿਉਂ ਡੁੱਬੀਆਂ ਹੋਈਆਂ ਸਨ। (ਅ) ਰੂਥ ਤੇ ਨਾਓਮੀ ਦੇ ਸਫ਼ਰ ਵਿਚ ਕੀ ਫ਼ਰਕ ਸੀ?

ਰੂਥ ਤੇ ਨਾਓਮੀ ਇਕ ਸੜਕ ’ਤੇ ਇਕੱਲੀਆਂ ਤੁਰੀਆਂ ਜਾ ਰਹੀਆਂ ਹਨ ਜੋ ਮੋਆਬ ਦੇ ਉੱਚੇ ਮੈਦਾਨੀ ਇਲਾਕਿਆਂ ਵਿੱਚੋਂ ਗੁਜ਼ਰਦੀ ਹੈ। ਇਸ ਵੱਡੇ ਇਲਾਕੇ ਵਿਚ ਉਨ੍ਹਾਂ ਤੋਂ ਇਲਾਵਾ ਦੂਰ-ਦੂਰ ਤਕ ਹੋਰ ਕੋਈ ਨਜ਼ਰ ਨਹੀਂ ਆ ਰਿਹਾ। ਸ਼ਾਮ ਦਾ ਸਮਾਂ ਹੈ ਅਤੇ ਰੂਥ ਆਪਣੀ ਸੱਸ ਵੱਲ ਦੇਖਦੀ ਹੋਈ ਰਾਤ ਗੁਜ਼ਾਰਨ ਲਈ ਕੋਈ ਜਗ੍ਹਾ ਲੱਭਣ ਬਾਰੇ ਸੋਚਦੀ ਹੈ। ਉਹ ਨਾਓਮੀ ਨੂੰ ਬਹੁਤ ਪਿਆਰ ਕਰਦੀ ਹੈ ਤੇ ਉਸ ਵਾਸਤੇ ਕੁਝ ਵੀ ਕਰਨ ਲਈ ਤਿਆਰ ਹੈ।

2 ਇਹ ਦੋਵੇਂ ਜਣੀਆਂ ਗਮ ਦੀਆਂ ਮਾਰੀਆਂ ਹਨ। ਨਾਓਮੀ ਦੇ ਪਤੀ ਨੂੰ ਗੁਜ਼ਰਿਆਂ ਕਈ ਸਾਲ ਹੋ ਗਏ ਹਨ ਅਤੇ ਹੁਣ ਉਹ ਆਪਣੇ ਦੋ ਪੁੱਤਰਾਂ ਕਿਲਓਨ ਅਤੇ ਮਹਿਲੋਨ ਦੀ ਮੌਤ ਦੇ ਗਮ ਵਿਚ ਡੁੱਬੀ ਹੋਈ ਹੈ। ਰੂਥ ਵੀ ਆਪਣੇ ਪਤੀ ਮਹਿਲੋਨ ਦੀ ਮੌਤ ਕਾਰਨ ਗਮਗੀਨ ਹੈ। ਉਹ ਅਤੇ ਨਾਓਮੀ ਇਜ਼ਰਾਈਲ ਦੇ ਬੈਤਲਹਮ ਸ਼ਹਿਰ ਨੂੰ ਜਾ ਰਹੀਆਂ ਹਨ। ਪਰ ਫ਼ਰਕ ਸਿਰਫ਼ ਇੰਨਾ ਹੈ ਕਿ ਨਾਓਮੀ ਆਪਣੇ ਘਰ ਜਾ ਰਹੀ ਹੈ ਅਤੇ ਰੂਥ ਆਪਣੇ ਪਰਿਵਾਰ, ਰਿਸ਼ਤੇਦਾਰਾਂ, ਆਪਣੇ ਵਤਨ, ਰੀਤਾਂ-ਰਿਵਾਜਾਂ ਤੇ ਆਪਣੇ ਦੇਵਤਿਆਂ ਨੂੰ ਛੱਡ ਕੇ ਇਕ ਅਣਜਾਣੀ ਜਗ੍ਹਾ ਜਾ ਰਹੀ ਹੈ।​—ਰੂਥ 1:3-6 ਪੜ੍ਹੋ।

3. ਕਿਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਨਾਲ ਅਸੀਂ ਰੂਥ ਦੀ ਨਿਹਚਾ ਦੀ ਰੀਸ ਕਰ ਸਕਾਂਗੇ?

3 ਰੂਥ ਨੇ ਆਪਣਾ ਸਭ ਕੁਝ ਛੱਡ ਕੇ ਆਪਣੀ ਸੱਸ ਨਾਓਮੀ ਨਾਲ ਜਾਣ ਦਾ ਇੰਨਾ ਵੱਡਾ ਫ਼ੈਸਲਾ ਕਿਉਂ ਲਿਆ? ਉਸ ਨੂੰ ਇਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਅਤੇ ਆਪਣੀ ਸੱਸ ਦੀ ਜ਼ਿੰਮੇਵਾਰੀ ਸੰਭਾਲਣ ਦੀ ਹਿੰਮਤ ਕਿੱਥੋਂ ਮਿਲੀ? ਇਨ੍ਹਾਂ ਸਵਾਲਾਂ ਦੇ ਜਵਾਬ ਜਾਣ ਕੇ ਅਸੀਂ ਰੂਥ ਦੀ ਨਿਹਚਾ ਦੀ ਰੀਸ ਕਰ ਸਕਾਂਗੇ। (“ ਛੋਟੀ ਜਿਹੀ ਬਿਹਤਰੀਨ ਕਿਤਾਬ” ਨਾਂ ਦੀ ਡੱਬੀ ਦੇਖੋ।) ਆਓ ਆਪਾਂ ਪਹਿਲਾਂ ਇਹ ਦੇਖੀਏ ਕਿ ਇਹ ਦੋਵੇਂ ਜਣੀਆਂ ਬੈਤਲਹਮ ਕਿਉਂ ਜਾ ਰਹੀਆਂ ਹਨ।

ਮੌਤ ਨੇ ਪਾਏ ਵਿਛੋੜੇ

4, 5. (ੳ) ਨਾਓਮੀ ਦਾ ਪਰਿਵਾਰ ਮੋਆਬ ਕਿਉਂ ਚਲਾ ਗਿਆ? (ਅ) ਮੋਆਬ ਵਿਚ ਨਾਓਮੀ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ?

4 ਰੂਥ ਮੋਆਬ ਨਾਂ ਦੇ ਇਕ ਛੋਟੇ ਜਿਹੇ ਇਲਾਕੇ ਵਿਚ ਜੰਮੀ-ਪਲ਼ੀ ਸੀ ਜੋ ਮ੍ਰਿਤ ਸਾਗਰ ਦੇ ਪੂਰਬ ਵੱਲ ਪੈਂਦਾ ਸੀ। ਇਸ ਦੇ ਜ਼ਿਆਦਾਤਰ ਇਲਾਕੇ ਵਿਚ ਟਾਵੇਂ-ਟਾਵੇਂ ਦਰਖ਼ਤਾਂ ਵਾਲੇ ਉੱਚੇ ਮੈਦਾਨ ਅਤੇ ਘਾਟੀਆਂ ਸਨ। “ਮੋਆਬ ਦੇ ਦੇਸ” ਦੀ ਜ਼ਮੀਨ ਉਪਜਾਊ ਹੋਣ ਕਰਕੇ ਇੱਥੇ ਫ਼ਸਲਾਂ ਭਰਪੂਰ ਹੁੰਦੀਆਂ ਸਨ, ਉਦੋਂ ਵੀ ਜਦੋਂ ਇਜ਼ਰਾਈਲ ਵਿਚ ਕਾਲ਼ ਪਿਆ ਹੋਇਆ  ਸੀ। ਕਾਲ਼ ਪੈਣ ਕਰਕੇ ਹੀ ਰੂਥ ਦੀ ਮੁਲਾਕਾਤ ਮਹਿਲੋਨ ਤੇ ਉਸ ਦੇ ਪਰਿਵਾਰ ਨਾਲ ਹੋਈ ਸੀ।​—ਰੂਥ 1:1.

5 ਇਜ਼ਰਾਈਲ ਵਿਚ ਕਾਲ਼ ਪਿਆ ਹੋਣ ਕਰਕੇ ਨਾਓਮੀ ਦੇ ਪਤੀ ਅਲੀਮਲਕ ਨੇ ਆਪਣੇ ਪਰਿਵਾਰ ਸਮੇਤ ਮੋਆਬ ਵਿਚ ਪਰਦੇਸੀਆਂ ਵਜੋਂ ਰਹਿਣ ਦਾ ਫ਼ੈਸਲਾ ਕੀਤਾ। ਉੱਥੇ ਪਰਿਵਾਰ ਦੇ ਹਰ ਮੈਂਬਰ ਨੂੰ ਆਪਣੀ ਨਿਹਚਾ ਨੂੰ ਮਜ਼ਬੂਤ ਰੱਖਣ ਲਈ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ ਹੋਣਾ ਕਿਉਂਕਿ ਯਹੋਵਾਹ ਦੀ ਮੰਗ ਸੀ ਕਿ ਇਜ਼ਰਾਈਲੀ ਉਸ ਦੁਆਰਾ ਦੱਸੀ ਪਵਿੱਤਰ ਜਗ੍ਹਾ ਤੇ ਬਾਕਾਇਦਾ ਜਾ ਕੇ ਭਗਤੀ ਕਰਨ। (ਬਿਵ. 16:16, 17) ਨਾਓਮੀ ਨੇ ਕਿਸੇ-ਨਾ-ਕਿਸੇ ਤਰੀਕੇ ਨਾਲ ਆਪਣੀ ਨਿਹਚਾ ਮਜ਼ਬੂਤ ਰੱਖੀ। ਫਿਰ ਜਦੋਂ ਉਸ ਦੇ ਪਤੀ ਦੀ ਮੌਤ ਹੋਈ, ਤਾਂ ਉਹ ਗਮ ਵਿਚ ਡੁੱਬ ਗਈ।—ਰੂਥ 1:2, 3.

6, 7. (ੳ) ਨਾਓਮੀ ਸ਼ਾਇਦ ਕਿਉਂ ਪਰੇਸ਼ਾਨ ਹੋਈ ਹੋਣੀ ਜਦੋਂ ਉਸ ਦੇ ਪੁੱਤਰਾਂ ਨੇ ਮੋਆਬੀ ਤੀਵੀਆਂ ਨਾਲ ਵਿਆਹ ਕਰਾਏ? (ਅ) ਨਾਓਮੀ ਜਿਸ ਤਰੀਕੇ ਨਾਲ ਆਪਣੀਆਂ ਨੂੰਹਾਂ ਨਾਲ ਪੇਸ਼ ਆਈ, ਉਹ ਤਾਰੀਫ਼ ਦੇ ਲਾਇਕ ਕਿਉਂ ਹੈ?

6 ਨਾਓਮੀ ਨੂੰ ਉਦੋਂ ਵੀ ਬਹੁਤ ਦੁੱਖ ਲੱਗਾ ਹੋਣਾ ਜਦੋਂ ਉਸ ਦੇ ਪੁੱਤਰਾਂ ਨੇ ਮੋਆਬੀ ਤੀਵੀਆਂ ਨਾਲ ਵਿਆਹ ਕਰਾਏ। (ਰੂਥ 1:4) ਉਹ ਜਾਣਦੀ ਸੀ ਕਿ ਉਸ ਦੀ ਕੌਮ ਦੇ ਪੂਰਵਜ ਅਬਰਾਹਾਮ ਨੇ ਆਪਣੇ ਬੇਟੇ ਇਸਹਾਕ ਲਈ ਆਪਣੇ ਲੋਕਾਂ ਵਿੱਚੋਂ ਕੁੜੀ ਲੱਭਣ ਦੀ ਹਰ ਕੋਸ਼ਿਸ਼ ਕੀਤੀ ਸੀ ਜੋ ਯਹੋਵਾਹ ਦੀ ਭਗਤੀ ਕਰਦੀ ਸੀ। (ਉਤ. 24:3, 4) ਬਾਅਦ ਵਿਚ ਮੂਸਾ ਦੇ ਕਾਨੂੰਨ ਵਿਚ ਇਜ਼ਰਾਈਲੀਆਂ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਉਹ ਆਪਣੇ ਧੀਆਂ-ਪੁੱਤਰਾਂ ਦੇ ਵਿਆਹ ਹੋਰ ਕੌਮਾਂ ਦੇ ਲੋਕਾਂ ਨਾਲ ਨਾ ਕਰਨ। ਇਹ ਚੇਤਾਵਨੀ ਇਸ ਕਰਕੇ ਦਿੱਤੀ ਗਈ ਸੀ ਤਾਂਕਿ ਪਰਮੇਸ਼ੁਰ ਦੇ ਲੋਕ ਉਨ੍ਹਾਂ ਮਗਰ ਲੱਗ ਕੇ ਮੂਰਤੀ-ਪੂਜਾ ਨਾ ਕਰਨ ਲੱਗ ਪੈਣ।—ਬਿਵ. 7:3, 4.

7 ਇਸ ਦੇ ਬਾਵਜੂਦ ਮਹਿਲੋਨ ਤੇ ਕਿਲਓਨ ਨੇ ਮੋਆਬੀ ਤੀਵੀਆਂ ਨਾਲ ਵਿਆਹ ਕਰਾਏ। ਇਸ ਕਰਕੇ ਨਾਓਮੀ ਜ਼ਰੂਰ ਪਰੇਸ਼ਾਨ ਜਾਂ ਨਿਰਾਸ਼ ਹੋਈ ਹੋਣੀ, ਫਿਰ ਵੀ ਉਹ ਆਪਣੀਆਂ ਨੂੰਹਾਂ ਰੂਥ ਅਤੇ ਆਰਪਾਹ ਨਾਲ ਪਿਆਰ ਤੇ ਦਇਆ ਨਾਲ ਪੇਸ਼ ਆਈ। ਸ਼ਾਇਦ ਉਸ ਨੇ ਉਮੀਦ ਰੱਖੀ ਹੋਵੇ ਕਿ ਉਹ ਵੀ ਇਕ-ਨਾ-ਇਕ ਦਿਨ ਯਹੋਵਾਹ ਦੀ ਭਗਤੀ ਕਰਨ ਲੱਗ ਪੈਣਗੀਆਂ। ਦੁੱਖ ਦੀ ਗੱਲ ਹੈ ਕਿ ਰੂਥ ਤੇ ਆਰਪਾਹ ਦੇ ਕੋਈ ਔਲਾਦ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਪਤੀਆਂ ਦੀ ਮੌਤ ਹੋ ਗਈ। ਉਹ ਦੋਵੇਂ ਆਪਣੀ ਸੱਸ ਨਾਓਮੀ ਨੂੰ ਬਹੁਤ ਪਿਆਰ ਕਰਦੀਆਂ ਸਨ। ਇਸ ਵਧੀਆ ਰਿਸ਼ਤੇ ਕਾਰਨ ਹੀ ਉਹ ਆਪਣੇ ਉੱਤੇ ਆਈਆਂ ਮੁਸੀਬਤਾਂ ਨੂੰ ਝੱਲ ਸਕੀਆਂ।​—ਰੂਥ 1:5.

8. ਰੂਥ ਦਾ ਯਹੋਵਾਹ ਨਾਲ ਰਿਸ਼ਤਾ ਕਿਵੇਂ ਕਾਇਮ ਹੋਇਆ ਹੋਣਾ?

8 ਕੀ ਰੂਥ ਦੇ ਧਰਮ ਨੇ ਇਸ ਦੁਖਾਂਤ ਨੂੰ ਸਹਿਣ ਵਿਚ ਉਸ ਦੀ ਮਦਦ ਕੀਤੀ ਸੀ? ਸ਼ਾਇਦ ਨਹੀਂ। ਮੋਆਬੀ ਲੋਕ ਬਹੁਤ ਸਾਰੇ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਸਨ ਜਿਨ੍ਹਾਂ ਵਿੱਚੋਂ ਕਮੋਸ਼ ਦੇਵਤਾ ਮੁੱਖ ਸੀ। (ਗਿਣ. 21:29) ਲੱਗਦਾ ਹੈ ਕਿ ਉਸ ਸਮੇਂ ਲੋਕ ਆਪਣੇ ਦੇਵੀ-ਦੇਵਤਿਆਂ ਦਾ ਖ਼ੌਫ਼ ਖਾਂਦੇ ਸਨ ਅਤੇ ਉਨ੍ਹਾਂ ਦੇ ਧਰਮ ਵਿਚ ਬੱਚਿਆਂ ਦੀਆਂ ਬਲ਼ੀਆਂ ਚੜ੍ਹਾਉਣ ਵਰਗੇ ਖ਼ੌਫ਼ਨਾਕ ਕੰਮ ਕੀਤੇ ਜਾਂਦੇ ਸਨ। ਪਰ ਰੂਥ ਨੇ ਮਹਿਲੋਨ ਜਾਂ ਨਾਓਮੀ ਤੋਂ ਇਜ਼ਰਾਈਲ ਦੇ ਦਿਆਲੂ ਤੇ ਪਿਆਰ ਕਰਨ ਵਾਲੇ ਪਰਮੇਸ਼ੁਰ ਯਹੋਵਾਹ ਬਾਰੇ ਜੋ ਵੀ ਸਿੱਖਿਆ, ਉਸ ਤੋਂ ਉਸ ਨੂੰ ਆਪਣੇ ਦੇਵੀ-ਦੇਵਤਿਆਂ ਅਤੇ ਯਹੋਵਾਹ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਨਜ਼ਰ ਆਇਆ। ਯਹੋਵਾਹ ਲੋਕਾਂ ਨੂੰ ਡਰਾ-ਧਮਕਾ ਕੇ ਨਹੀਂ, ਸਗੋਂ ਪਿਆਰ ਨਾਲ ਭਗਤੀ ਕਰਾਉਂਦਾ  ਹੈ। (ਬਿਵਸਥਾ ਸਾਰ 6:5 ਪੜ੍ਹੋ।) ਆਪਣੇ ਪਤੀ ਦੀ ਮੌਤ ਤੋਂ ਬਾਅਦ ਰੂਥ ਦਾ ਸ਼ਾਇਦ ਨਾਓਮੀ ਨਾਲ ਰਿਸ਼ਤਾ ਹੋਰ ਗੂੜ੍ਹਾ ਹੋਇਆ ਹੋਣਾ। ਨਾਓਮੀ ਉਸ ਨੂੰ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ, ਉਸ ਦੇ ਸ਼ਾਨਦਾਰ ਕੰਮਾਂ ਬਾਰੇ ਦੱਸਦੀ ਹੋਣੀ। ਉਸ ਨੇ ਇਹ ਵੀ ਦੱਸਿਆ ਹੋਣਾ ਕਿ ਯਹੋਵਾਹ ਆਪਣੇ ਲੋਕਾਂ ਨਾਲ ਕਿੱਦਾਂ ਪਿਆਰ ਤੇ ਦਇਆ ਨਾਲ ਪੇਸ਼ ਆਉਂਦਾ ਸੀ। ਰੂਥ ਖ਼ੁਸ਼ੀ-ਖ਼ੁਸ਼ੀ ਉਸ ਦੀਆਂ ਇਹ ਸਭ ਗੱਲਾਂ ਸੁਣਦੀ ਹੋਣੀ।

ਦੁੱਖ ਤੇ ਗਮ ਦੀ ਘੜੀ ਵਿਚ ਰੂਥ ਅਤੇ ਨਾਓਮੀ ਦਾ ਰਿਸ਼ਤਾ ਹੋਰ ਮਜ਼ਬੂਤ ਹੋਇਆ

9-11. (ੳ) ਨਾਓਮੀ, ਰੂਥ ਤੇ ਆਰਪਾਹ ਨੇ ਕਿਹੜਾ ਫ਼ੈਸਲਾ ਕੀਤਾ? (ਅ) ਇਨ੍ਹਾਂ ਤਿੰਨਾਂ ’ਤੇ ਆਈਆਂ ਦੁੱਖ ਦੀਆਂ ਘੜੀਆਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

9 ਨਾਓਮੀ ਆਪਣੇ ਦੇਸ਼ ਦੀ ਹਾਲਤ ਬਾਰੇ ਜਾਣਨ ਲਈ ਬੇਤਾਬ ਸੀ। ਇਕ ਦਿਨ ਸ਼ਾਇਦ ਉਸ ਨੇ ਕਿਸੇ ਵਪਾਰੀ ਕੋਲੋਂ ਸੁਣਿਆ ਕਿ ਇਜ਼ਰਾਈਲ ਵਿੱਚੋਂ ਕਾਲ਼ ਖ਼ਤਮ ਹੋ ਗਿਆ ਸੀ। ਯਹੋਵਾਹ ਨੇ ਆਪਣੇ ਲੋਕਾਂ ਵੱਲ ਧਿਆਨ ਦਿੱਤਾ ਸੀ। ਬੈਤਲਹਮ (ਯਾਨੀ ਰੋਟੀ ਦਾ ਘਰ) ਵਿਚ ਸਾਰਿਆਂ ਨੂੰ ਫਿਰ ਤੋਂ ਰੱਜਵੀਂ ਰੋਟੀ ਮਿਲਣ ਲੱਗ ਪਈ ਸੀ। ਇਸ ਕਰਕੇ ਨਾਓਮੀ ਨੇ ਆਪਣੇ ਦੇਸ਼ ਵਾਪਸ ਜਾਣ ਦਾ ਫ਼ੈਸਲਾ ਕੀਤਾ।​—ਰੂਥ 1:6.

10 ਰੂਥ ਤੇ ਆਰਪਾਹ ਨੇ ਕੀ ਕੀਤਾ? (ਰੂਥ 1:7) ਆਪਣੇ ਪਤੀਆਂ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਨਾਓਮੀ ਨਾਲ ਰਿਸ਼ਤਾ ਹੋਰ ਵੀ ਗੂੜ੍ਹਾ ਹੋ ਗਿਆ ਸੀ। ਖ਼ਾਸ ਕਰਕੇ ਰੂਥ ਆਪਣੀ ਸੱਸ ਦੇ ਹੋਰ ਵੀ ਨੇੜੇ ਆਈ ਹੋਣੀ ਕਿਉਂਕਿ ਨਾਓਮੀ ਬਹੁਤ ਦਇਆਵਾਨ ਸੀ ਅਤੇ ਯਹੋਵਾਹ ਉੱਤੇ ਉਸ ਦੀ ਨਿਹਚਾ ਪੱਕੀ ਸੀ। ਇਹ ਤਿੰਨੇ ਔਰਤਾਂ ਇਕੱਠੀਆਂ ਯਹੂਦਾਹ ਵੱਲ ਤੁਰ ਪਈਆਂ।

11 ਰੂਥ ਦੀ ਕਹਾਣੀ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਚੰਗੇ ਤੇ ਬੁਰੇ ਦੋਹਾਂ ਤਰ੍ਹਾਂ ਦੇ ਲੋਕਾਂ ’ਤੇ ਦੁੱਖ ਆਉਂਦੇ ਹਨ। (ਉਪ. 9:2, 11) ਨਾਲੇ ਅਸੀਂ ਸਿੱਖਦੇ ਹਾਂ ਕਿ ਜਦੋਂ ਸਾਡੇ ਲਈ ਕਿਸੇ ਆਪਣੇ ਦਾ ਵਿਛੋੜਾ ਝੱਲਣਾ ਔਖਾ ਹੋ ਜਾਂਦਾ ਹੈ, ਤਾਂ ਸਾਨੂੰ ਦੂਜਿਆਂ ਤੋਂ ਦਿਲਾਸਾ ਲੈਣਾ ਚਾਹੀਦਾ ਹੈ, ਖ਼ਾਸਕਰ ਉਨ੍ਹਾਂ ਤੋਂ ਜਿਹੜੇ ਯਹੋਵਾਹ ਦੀ ਭਗਤੀ ਕਰਦੇ ਹਨ।​—ਕਹਾ. 17:17.

ਰੂਥ ਦਾ ਸੱਚਾ ਪਿਆਰ

12, 13. ਨਾਓਮੀ ਕਿਉਂ ਚਾਹੁੰਦੀ ਸੀ ਕਿ ਰੂਥ ਤੇ ਆਰਪਾਹ ਆਪਣੇ ਮਾਪਿਆਂ ਕੋਲ ਚਲੀਆਂ ਜਾਣ, ਪਰ ਉਨ੍ਹਾਂ ਦੋਹਾਂ ਜਵਾਨ ਤੀਵੀਆਂ ਨੇ ਪਹਿਲਾਂ ਕੀ ਜ਼ਿੱਦ ਕੀਤੀ?

12 ਮੋਆਬ ਤੋਂ ਥੋੜ੍ਹੀ ਦੂਰ ਆ ਕੇ ਨਾਓਮੀ ਨੂੰ ਆਪਣੀਆਂ ਦੋਹਾਂ ਨੂੰਹਾਂ ਦੀ ਚਿੰਤਾ ਸਤਾਉਣ ਲੱਗੀ ਜਿਨ੍ਹਾਂ ਨੇ ਉਸ ਨੂੰ ਤੇ ਉਸ ਦੇ ਪੁੱਤਰਾਂ ਨੂੰ ਬਹੁਤ ਪਿਆਰ ਕੀਤਾ ਸੀ। ਉਹ ਉਨ੍ਹਾਂ ਲਈ ਬੋਝ ਨਹੀਂ ਬਣਨਾ ਚਾਹੁੰਦੀ ਸੀ। ਉਹ ਜਾਣਦੀ ਸੀ ਕਿ ਜੇ ਉਹ ਦੋਵੇਂ ਆਪਣਾ ਸਭ ਕੁਝ ਛੱਡ ਕੇ ਉਸ ਨਾਲ ਬੈਤਲਹਮ ਆ ਗਈਆਂ, ਤਾਂ ਉਹ ਉਨ੍ਹਾਂ ਲਈ ਕੁਝ ਨਹੀਂ ਕਰ ਸਕੇਗੀ।

 13 ਅਖ਼ੀਰ ਨਾਓਮੀ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਦੋਵੇਂ ਆਪੋ ਆਪਣੇ ਮਾਪਿਆਂ ਦੇ ਜਾਓ। ਜੇਹੀ ਤੁਸਾਂ ਮੇਰੇ ਮਿਰਤਕਾਂ ਨਾਲ ਅਤੇ ਮੇਰੇ ਨਾਲ ਦਯਾ ਕੀਤਾ ਹੈ ਤੇਹੀ ਯਹੋਵਾਹ ਤੁਹਾਡੇ ਉੱਤੇ ਦਯਾ ਕਰੇ।” ਉਹ ਚਾਹੁੰਦੀ ਸੀ ਕਿ ਯਹੋਵਾਹ ਉਨ੍ਹਾਂ ਦੇ ਘਰ ਦੁਬਾਰਾ ਵਸਾ ਦੇਵੇ। ਬਾਈਬਲ ਦੱਸਦੀ ਹੈ: “ਤਦ ਉਸ ਨੇ ਉਨ੍ਹਾਂ ਨੂੰ ਚੁੰਮਿਆ ਅਤੇ ਓਹ ਉੱਚੀ ਆਵਾਜ਼ ਨਾਲ ਰੋਈਆਂ।” ਇਸ ਤੋਂ ਪਤਾ ਲੱਗਦਾ ਹੈ ਕਿ ਨਾਓਮੀ ਦਿਲ ਦੀ ਕਿੰਨੀ ਚੰਗੀ ਸੀ ਅਤੇ ਆਪਣੇ ਬਾਰੇ ਨਹੀਂ ਸੋਚਦੀ ਸੀ। ਸੋ ਅਸੀਂ ਸਮਝ ਸਕਦੇ ਹਾਂ ਕਿ ਰੂਥ ਅਤੇ ਆਰਪਾਹ ਉਸ ਨੂੰ ਇੰਨਾ ਪਿਆਰ ਕਿਉਂ ਕਰਦੀਆਂ ਸਨ। ਉਹ ਦੋਵੇਂ ਜਣੀਆਂ ਵਾਰ-ਵਾਰ ਕਹਿੰਦੀਆਂ ਰਹੀਆਂ: “ਸੱਚ ਮੁੱਚ ਅਸੀਂ ਤੇਰੇ ਨਾਲ ਤੇਰਿਆਂ ਲੋਕਾਂ ਦੇ ਵਿੱਚ ਜਾਵਾਂਗੀਆਂ।”​—ਰੂਥ 1:8-10.

14, 15. (ੳ) ਆਰਪਾਹ ਕਿਨ੍ਹਾਂ ਕੋਲ ਵਾਪਸ ਮੁੜ ਗਈ? (ਅ) ਨਾਓਮੀ ਨੇ ਰੂਥ ਨੂੰ ਵਾਪਸ ਮੁੜ ਜਾਣ ਬਾਰੇ ਸਮਝਾਉਣ ਦੀ ਕਿਵੇਂ ਕੋਸ਼ਿਸ਼ ਕੀਤੀ?

14 ਪਰ ਨਾਓਮੀ ਨੇ ਉਨ੍ਹਾਂ ਦੀ ਇਕ ਨਾ ਸੁਣੀ, ਸਗੋਂ ਉਹ ਉਨ੍ਹਾਂ ਨੂੰ ਸਮਝਾਉਣ ਲੱਗੀ ਕਿ ਉਹ ਇਜ਼ਰਾਈਲ ਵਿਚ ਉਨ੍ਹਾਂ ਲਈ ਕੁਝ ਨਹੀਂ ਕਰ ਸਕਦੀ ਸੀ। ਉਸ ਨੇ ਜ਼ੋਰ ਦੇ ਕੇ ਕਿਹਾ ਕਿ ਨਾ ਤਾਂ ਉਸ ਦਾ ਪਤੀ ਸੀ ਜੋ ਕਮਾ ਸਕੇ ਤੇ ਨਾ ਹੀ ਉਸ ਦੇ ਹੋਰ ਮੁੰਡੇ ਸਨ ਜਿਨ੍ਹਾਂ ਨਾਲ ਉਹ ਉਨ੍ਹਾਂ ਦੇ ਵਿਆਹ ਕਰ ਸਕੇ। ਉਹ ਇਸ ਗੱਲੋਂ ਬਹੁਤ ਦੁਖੀ ਸੀ ਕਿ ਉਹ ਕਿਸੇ ਵੀ ਤਰੀਕੇ ਨਾਲ ਉਨ੍ਹਾਂ ਦੀ ਮਦਦ ਨਹੀਂ ਕਰ ਸਕਦੀ ਸੀ। ਆਰਪਾਹ ਨਾਓਮੀ ਦੀ ਗੱਲ ਸਮਝ ਗਈ। ਉਸ ਨੂੰ ਮੋਆਬ ਵਿਚ ਹੀ ਰਹਿਣਾ ਸਮਝਦਾਰੀ ਦੀ ਗੱਲ ਲੱਗੀ ਕਿਉਂਕਿ ਉੱਥੇ ਉਸ ਦਾ ਪਰਿਵਾਰ ਅਤੇ ਘਰ ਸੀ। ਉਸ ਨੇ ਬੜੇ ਉਦਾਸ ਮਨ ਨਾਲ ਨਾਓਮੀ ਨੂੰ ਅਲਵਿਦਾ ਕਹੀ ਤੇ ਵਾਪਸ ਮੁੜ ਗਈ।​—ਰੂਥ 1:11-14.

15 ਰੂਥ ਬਾਰੇ ਕੀ? ਨਾਓਮੀ ਨੇ ਉਸ ਨੂੰ ਵੀ ਉਹੀ ਗੱਲਾਂ ਕਹੀਆਂ ਜੋ ਆਰਪਾਹ ਨੂੰ ਕਹੀਆਂ ਸਨ। ਪਰ ਅਸੀਂ ਪੜ੍ਹਦੇ ਹਾਂ: “ਰੂਥ ਉਹ ਦੇ ਨਾਲ ਲੱਗੀ ਰਹੀ।” ਜਦੋਂ ਨਾਓਮੀ ਦੁਬਾਰਾ ਜਾਣ ਲੱਗੀ, ਤਾਂ ਰੂਥ ਉਸ ਦੇ ਪਿੱਛੇ-ਪਿੱਛੇ ਤੁਰ ਪਈ। ਨਾਓਮੀ ਨੇ ਉਸ ਨੂੰ ਸਮਝਾਇਆ-ਬੁਝਾਇਆ: “ਵੇਖ, ਤੇਰੀ ਜਿਠਾਣੀ ਆਪਣੇ ਟੱਬਰ ਅਤੇ ਦੇਵਤਿਆਂ ਵੱਲ ਮੁੜ ਗਈ ਹੈ। ਤੂੰ ਵੀ ਆਪਣੀ ਜਿਠਾਣੀ ਦੇ ਮਗਰ ਮੁੜ ਜਾਹ।” (ਰੂਥ 1:15) ਨਾਓਮੀ ਦੇ ਸ਼ਬਦਾਂ ਤੋਂ ਸਾਨੂੰ ਇਕ ਹੋਰ ਜ਼ਰੂਰੀ ਗੱਲ ਪਤਾ ਲੱਗਦੀ ਹੈ। ਆਰਪਾਹ ਨਾ ਸਿਰਫ਼ ਆਪਣੇ ਟੱਬਰ ਕੋਲ ਮੁੜ ਗਈ, ਸਗੋਂ  “ਦੇਵਤਿਆਂ” ਵੱਲ ਵੀ ਮੁੜ ਗਈ। ਉਹ ਕਮੋਸ਼ ਅਤੇ ਹੋਰ ਝੂਠੇ ਦੇਵੀ-ਦੇਵਤਿਆਂ ਦੀ ਪੂਜਾ ਕਰ ਕੇ ਖ਼ੁਸ਼ ਸੀ। ਕੀ ਰੂਥ ਵੀ ਇੱਦਾਂ ਹੀ ਮਹਿਸੂਸ ਕਰਦੀ ਸੀ?

16-18. (ੳ) ਰੂਥ ਨੇ ਸੱਚਾ ਪਿਆਰ ਕਿਵੇਂ ਦਿਖਾਇਆ? (ਅ) ਅਸੀਂ ਰੂਥ ਤੋਂ ਸੱਚੇ ਪਿਆਰ ਬਾਰੇ ਕੀ ਸਿੱਖ ਸਕਦੇ ਹਾਂ? (ਸਫ਼ੇ 34 ਅਤੇ 37 ’ਤੇ ਤਸਵੀਰਾਂ ਵੀ ਦੇਖੋ।)

16 ਉਸ ਸੁੰਨਸਾਨ ਸੜਕ ’ਤੇ ਨਾਓਮੀ ਨਾਲ ਗੱਲ ਕਰਦਿਆਂ ਰੂਥ ਦਾ ਵਾਪਸ ਨਾ ਜਾਣ ਦਾ ਇਰਾਦਾ ਪੱਕਾ ਸੀ। ਉਸ ਦੇ ਦਿਲ ਵਿਚ ਨਾਓਮੀ ਤੇ ਯਹੋਵਾਹ ਲਈ ਪਿਆਰ ਹੀ ਪਿਆਰ ਸੀ। ਇਸ ਲਈ ਰੂਥ ਨੇ ਕਿਹਾ: “ਮੇਰੇ ਅੱਗੇ ਤਰਲੇ ਨਾ ਪਾ ਜੋ ਮੈਂ ਤੈਨੂੰ ਇਕੱਲਿਆਂ ਛੱਡਾਂ ਅਤੇ ਮਗਰੋਂ ਮੁੜਾਂ ਕਿਉਂ ਜੋ ਜਿੱਥੇ ਤੂੰ ਜਾਵੇਂਗੀ ਉੱਥੇ ਹੀ ਮੈਂ ਜਾਵਾਂਗੀ ਅਤੇ ਜਿੱਥੇ ਤੂੰ ਰਹੇਂਗੀ ਉੱਥੇ ਹੀ ਮੈਂ ਰਹਾਂਗੀ। ਤੇਰੇ ਲੋਕ ਸੋ ਮੇਰੇ ਲੋਕ ਅਤੇ ਤੇਰਾ ਪਰਮੇਸ਼ੁਰ ਸੋ ਮੇਰਾ ਪਰਮੇਸ਼ੁਰ ਹੋਵੇਗਾ। ਜਿੱਥੇ ਤੂੰ ਮਰੇਂਗੀ ਉੱਥੇ ਮੈਂ ਮਰਾਂਗੀ ਅਤੇ ਉੱਥੇ ਹੀ ਮੈਂ ਦੱਬੀ ਜਾਵਾਂਗੀ। ਯਹੋਵਾਹ ਮੇਰੇ ਨਾਲ ਅਜਿਹਾ ਹੀ ਕਰੇ ਅਤੇ ਇਹ ਦੇ ਨਾਲੋਂ ਭੀ ਵਧੀਕ ਜੇ ਕਦੀ ਮੌਤ ਤੋਂ ਛੁੱਟ ਕੋਈ ਹੋਰ ਕਾਰਨ ਮੈਨੂੰ ਤੈਥੋਂ ਵੱਖਰੀ ਕਰੇ।”—ਰੂਥ 1:16, 17.

“ਤੇਰੇ ਲੋਕ ਸੋ ਮੇਰੇ ਲੋਕ ਅਤੇ ਤੇਰਾ ਪਰਮੇਸ਼ੁਰ ਸੋ ਮੇਰਾ ਪਰਮੇਸ਼ੁਰ ਹੋਵੇਗਾ”

17 ਰੂਥ ਨੇ ਕਿੰਨੀ ਦਮਦਾਰ ਗੱਲ ਕਹੀ! ਅੱਜ 3,000 ਸਾਲ ਬਾਅਦ ਵੀ ਲੋਕ ਉਸ ਦੀ ਇਹ ਗੱਲ ਜਾਣਦੇ ਹਨ। ਇਸ ਗੱਲ ਤੋਂ ਉਸ ਦੇ ਸੱਚੇ ਪਿਆਰ ਦਾ ਪਤਾ ਲੱਗਦਾ ਹੈ। ਨਾਓਮੀ ਲਈ ਉਸ ਦਾ ਪਿਆਰ ਇੰਨਾ ਗਹਿਰਾ ਸੀ ਕਿ ਉਹ ਉਸ ਨਾਲ ਕਿਤੇ ਵੀ ਜਾਣ ਲਈ ਤਿਆਰ ਸੀ। ਸਿਰਫ਼ ਮੌਤ ਹੀ ਉਨ੍ਹਾਂ ਨੂੰ ਜੁਦਾ ਕਰ ਸਕਦੀ ਸੀ। ਰੂਥ ਨਾਓਮੀ ਦੇ ਲੋਕਾਂ ਨੂੰ ਆਪਣੇ ਲੋਕ ਬਣਾਉਣਾ ਚਾਹੁੰਦੀ ਸੀ, ਇਸ ਲਈ ਉਹ ਮੋਆਬ ਵਿਚ ਆਪਣਾ ਸਭ ਕੁਝ ਛੱਡਣ ਲਈ ਤਿਆਰ ਸੀ, ਇੱਥੋਂ ਤਕ ਕਿ ਮੋਆਬੀ ਦੇਵਤਿਆਂ ਨੂੰ ਵੀ। ਆਰਪਾਹ ਤੋਂ ਉਲਟ ਰੂਥ ਨੇ ਦਿਲੋਂ ਕਿਹਾ ਕਿ ਉਹ ਨਾਓਮੀ ਦੇ ਪਰਮੇਸ਼ੁਰ ਯਹੋਵਾਹ ਨੂੰ ਆਪਣਾ ਪਰਮੇਸ਼ੁਰ ਬਣਾਉਣਾ ਚਾਹੁੰਦੀ ਸੀ। *

18 ਹੁਣ ਉਹ ਦੋਵੇਂ ਜਣੀਆਂ ਬੈਤਲਹਮ ਨੂੰ ਜਾਂਦੇ ਲੰਬੇ ਰਾਹ ’ਤੇ ਤੁਰ ਪਈਆਂ। ਅੰਦਾਜ਼ਾ ਲਾਇਆ ਜਾਂਦਾ ਹੈ ਕਿ ਉਨ੍ਹਾਂ ਨੂੰ ਬੈਤਲਹਮ ਪਹੁੰਚਣ ਵਿਚ ਇਕ ਹਫ਼ਤਾ ਲੱਗਾ ਹੋਣਾ, ਪਰ ਇਸ ਗਮ ਦੀ ਘੜੀ ਵਿਚ ਉਨ੍ਹਾਂ ਨੂੰ ਇਕ-ਦੂਜੇ ਦੇ ਸਾਥ ਤੋਂ ਕੁਝ ਹੱਦ ਤਕ ਦਿਲਾਸਾ ਮਿਲਿਆ।

19. ਤੁਹਾਡੇ ਖ਼ਿਆਲ ਵਿਚ ਸਾਨੂੰ ਰੂਥ ਵਾਂਗ ਆਪਣੇ ਪਰਿਵਾਰ, ਦੋਸਤਾਂ ਅਤੇ ਮੰਡਲੀ ਵਿਚ ਪਿਆਰ ਕਿਵੇਂ ਦਿਖਾਉਣਾ ਚਾਹੀਦਾ ਹੈ?

19 ਅੱਜ ਦੁਨੀਆਂ ਵਿਚ ਹਰ ਪਾਸੇ ਦੁੱਖ ਹੀ ਦੁੱਖ ਹਨ। ਬਾਈਬਲ ਮੁਤਾਬਕ ਅਸੀਂ ‘ਆਖ਼ਰੀ ਦਿਨਾਂ’ ਵਿਚ ਜੀ ਰਹੇ ਹਾਂ ਜੋ ‘ਖ਼ਾਸ ਤੌਰ ਤੇ ਮੁਸੀਬਤਾਂ ਨਾਲ ਭਰੇ ਹੋਏ’ ਹਨ। ਇਸ ਕਰਕੇ ਸਾਨੂੰ ਕਈ ਤਰ੍ਹਾਂ ਦੇ ਦੁੱਖ-ਦਰਦ ਸਹਿਣੇ ਪੈਂਦੇ ਹਨ। (2 ਤਿਮੋ. 3:1) ਇਸ ਲਈ ਸਾਨੂੰ ਰੂਥ ਵਾਂਗ ਸੱਚਾ ਪਿਆਰ ਦਿਖਾਉਣ ਦੀ ਪਹਿਲਾਂ ਨਾਲੋਂ ਜ਼ਿਆਦਾ ਲੋੜ ਹੈ। ਸੱਚਾ ਪਿਆਰ ਕਰਨ ਵਾਲਾ ਇਨਸਾਨ ਵਫ਼ਾਦਾਰੀ ਨਾਲ ਦੂਜਿਆਂ ਦਾ ਸਾਥ ਨਿਭਾਉਂਦਾ ਹੈ। ਇਸ ਬੁਰੀ ਦੁਨੀਆਂ ਵਿਚ ਰਹਿੰਦਿਆਂ ਪਤੀ-ਪਤਨੀ ਦੇ ਰਿਸ਼ਤੇ, ਘਰ ਦੇ ਮੈਂਬਰਾਂ, ਦੋਸਤਾਂ-ਮਿੱਤਰਾਂ ਅਤੇ ਮੰਡਲੀ ਦੇ ਭੈਣਾਂ-ਭਰਾਵਾਂ ਵਿਚ ਅਜਿਹਾ ਪਿਆਰ ਹੋਣਾ ਬੇਹੱਦ ਜ਼ਰੂਰੀ ਹੈ। (1 ਯੂਹੰਨਾ 4:7, 8, 20 ਪੜ੍ਹੋ।) ਰੂਥ ਦੀ ਵਧੀਆ ਮਿਸਾਲ ਦੀ ਰੀਸ ਕਰਦੇ ਹੋਏ ਅਸੀਂ ਵੀ ਆਪਣੇ ਵਿਚ ਸੱਚਾ ਪਿਆਰ ਪੈਦਾ ਕਰ ਸਕਦੇ ਹਾਂ।

 ਬੈਤਲਹਮ ਵਿਚ ਰੂਥ ਤੇ ਨਾਓਮੀ

20-22. (ੳ) ਮੋਆਬ ਵਿਚ ਨਾਓਮੀ ਨਾਲ ਜੋ ਕੁਝ ਹੋਇਆ, ਉਸ ਦਾ ਉਸ ’ਤੇ ਕੀ ਅਸਰ ਹੋਇਆ? (ਅ) ਆਪਣੇ ਦੁੱਖਾਂ ਬਾਰੇ ਨਾਓਮੀ ਨੂੰ ਕਿਹੜੀ ਗ਼ਲਤਫ਼ਹਿਮੀ ਸੀ? (ਯਾਕੂਬ 1:13 ਵੀ ਦੇਖੋ।)

20 ਪਰ ਇਹ ਕਹਿਣਾ ਹੀ ਕਾਫ਼ੀ ਨਹੀਂ ਹੈ ਕਿ ਅਸੀਂ ਸੱਚਾ ਪਿਆਰ ਕਰਦੇ ਹਾਂ, ਸਗੋਂ ਸਾਨੂੰ ਆਪਣੇ ਕੰਮਾਂ ਰਾਹੀਂ ਵੀ ਇਹ ਪਿਆਰ ਦਿਖਾਉਣ ਦੀ ਲੋੜ ਹੈ। ਰੂਥ ਕੋਲ ਨਾ ਸਿਰਫ਼ ਨਾਓਮੀ ਲਈ, ਸਗੋਂ ਯਹੋਵਾਹ ਪਰਮੇਸ਼ੁਰ ਲਈ ਵੀ ਆਪਣੇ ਪਿਆਰ ਦਾ ਸਬੂਤ ਦੇਣ ਦਾ ਮੌਕਾ ਸੀ ਜਿਸ ਦੀ ਭਗਤੀ ਕਰਨ ਦਾ ਉਸ ਨੇ ਖ਼ੁਦ ਫ਼ੈਸਲਾ ਕੀਤਾ ਸੀ।

21 ਅਖ਼ੀਰ ਉਹ ਦੋਵੇਂ ਬੈਤਲਹਮ ਪਿੰਡ ਪਹੁੰਚ ਗਈਆਂ ਜੋ ਯਰੂਸ਼ਲਮ ਦੇ ਦੱਖਣ ਵੱਲ 10 ਕਿਲੋਮੀਟਰ ਦੀ ਦੂਰੀ ’ਤੇ ਸੀ। ਲੱਗਦਾ ਹੈ ਕਿ ਉਸ ਪਿੰਡ ਵਿਚ ਇਕ ਸਮੇਂ ਤੇ ਨਾਓਮੀ ਦਾ ਪਰਿਵਾਰ ਮੰਨਿਆ-ਪ੍ਰਮੰਨਿਆ ਸੀ ਕਿਉਂਕਿ ਸਾਰੇ ਲੋਕ ਉਸ ਦੇ ਵਾਪਸ ਆਉਣ ਦੀਆਂ ਗੱਲਾਂ ਕਰ ਰਹੇ ਸਨ। ਤੀਵੀਆਂ ਨੇ ਉਸ ਵੱਲ ਦੇਖ ਕੇ ਕਿਹਾ, “ਕੀ ਏਹ ਨਾਓਮੀ ਹੈ?” ਮੋਆਬ ਵਿਚ ਰਹਿੰਦਿਆਂ ਉਸ ਨੇ ਕਿੰਨੇ ਦੁੱਖ ਤੇ ਗਮ ਹੰਢਾਏ ਸਨ ਜਿਨ੍ਹਾਂ ਦੇ ਨਿਸ਼ਾਨ ਉਸ ਦੇ ਚਿਹਰੇ ’ਤੇ ਸਾਫ਼ ਦਿਖਾਈ ਦਿੰਦੇ ਸਨ!​—ਰੂਥ 1:19.

22 ਨਾਓਮੀ ਨੇ ਆਪਣੀਆਂ ਇਨ੍ਹਾਂ ਰਿਸ਼ਤੇਦਾਰਾਂ ਅਤੇ ਗੁਆਂਢਣਾਂ ਨੂੰ ਦੱਸਿਆ ਕਿ ਉਸ ਦਾ ਦਿਲ ਕਿੰਨੀ ਕੁੜੱਤਣ ਨਾਲ ਭਰਿਆ ਹੋਇਆ ਸੀ। ਉਸ ਨੇ ਇਹ ਵੀ ਕਿਹਾ ਕਿ ਉਸ ਦਾ ਨਾਂ ਨਾਓਮੀ ਤੋਂ ਬਦਲ ਕੇ ਮਾਰਾ ਰੱਖ ਦਿੱਤਾ ਜਾਵੇ। ਨਾਓਮੀ ਦਾ ਮਤਲਬ ਹੈ “ਮੇਰੀ ਖ਼ੁਸ਼ੀ” ਅਤੇ ਮਾਰਾ ਦਾ ਮਤਲਬ ਹੈ “ਕੁੜੱਤਣ।” ਵਿਚਾਰੀ ਨਾਓਮੀ! ਅੱਯੂਬ ਵਾਂਗ ਉਸ ਨੂੰ ਵੀ ਲੱਗਦਾ ਸੀ ਕਿ ਯਹੋਵਾਹ ਪਰਮੇਸ਼ੁਰ ਨੇ ਉਸ ਉੱਤੇ ਦੁੱਖ ਲਿਆਂਦੇ ਸਨ।—ਰੂਥ 1:20, 21; ਅੱਯੂ. 2:10; 13:24-26.

23. ਕੁਝ ਸਮੇਂ ਬਾਅਦ ਰੂਥ ਕੀ ਸੋਚਣ ਲੱਗੀ ਅਤੇ ਮੂਸਾ ਦੇ ਕਾਨੂੰਨ ਵਿਚ ਗ਼ਰੀਬਾਂ ਲਈ ਕੀ ਪ੍ਰਬੰਧ ਕੀਤਾ ਗਿਆ ਸੀ? (ਫੁਟਨੋਟ ਵੀ ਦੇਖੋ।)

23 ਬੈਤਲਹਮ ਆਉਣ ਤੋਂ ਕੁਝ ਸਮੇਂ ਬਾਅਦ ਰੂਥ ਸੋਚਣ ਲੱਗੀ ਕਿ ਉਹ ਆਪਣਾ ਤੇ ਨਾਓਮੀ ਦਾ ਗੁਜ਼ਾਰਾ ਕਿਵੇਂ ਤੋਰੇਗੀ। ਉਸ ਨੇ ਜਾਣਿਆ ਕਿ ਯਹੋਵਾਹ ਨੇ ਇਜ਼ਰਾਈਲ ਨੂੰ ਜੋ ਕਾਨੂੰਨ ਦਿੱਤਾ ਸੀ, ਉਸ ਵਿਚ ਗ਼ਰੀਬਾਂ ਲਈ ਇਕ ਪਿਆਰ ਭਰਿਆ ਪ੍ਰਬੰਧ ਕੀਤਾ ਗਿਆ ਸੀ। ਵਾਢੀ ਦੇ ਸਮੇਂ ਗ਼ਰੀਬ ਲੋਕ ਖੇਤਾਂ ਵਿਚ ਵਾਢਿਆਂ ਦੇ ਮਗਰ-ਮਗਰ ਜਾ ਕੇ ਸਿੱਟੇ ਚੁਗ ਸਕਦੇ ਸਨ ਅਤੇ ਖੇਤਾਂ ਦੇ ਕਿਨਾਰਿਆਂ ਅਤੇ ਕੋਨਿਆਂ ਤੋਂ ਫ਼ਸਲ ਵੱਢ ਸਕਦੇ ਸਨ। *​—ਲੇਵੀ. 19:9, 10; ਬਿਵ. 24:19-21.

24, 25. ਬੋਅਜ਼ ਦੇ ਖੇਤਾਂ ਵਿਚ ਜਾ ਕੇ ਰੂਥ ਨੇ ਕੀ ਕੀਤਾ ਅਤੇ ਸਿੱਟੇ ਚੁਗਣ ਦਾ ਕੰਮ ਕਿੱਦਾਂ ਦਾ ਸੀ?

 24 ਉਸ ਵੇਲੇ ਜੌਆਂ ਦੀ ਵਾਢੀ ਚੱਲ ਰਹੀ ਸੀ ਜੋ ਕਿ ਸਾਡੇ ਕਲੰਡਰ ਮੁਤਾਬਕ ਅਪ੍ਰੈਲ ਦਾ ਮਹੀਨਾ ਹੈ। ਰੂਥ ਖੇਤਾਂ ਵਿਚ ਇਹ ਦੇਖਣ ਲਈ ਗਈ ਕਿ ਕੌਣ ਉਸ ਨੂੰ ਆਪਣੇ ਖੇਤਾਂ ਵਿੱਚੋਂ ਸਿੱਟੇ ਚੁਗਣ ਦੇਵੇਗਾ। ਉਹ ਬੋਅਜ਼ ਨਾਂ ਦੇ ਜ਼ਮੀਂਦਾਰ ਦੇ ਖੇਤਾਂ ਵਿਚ ਗਈ ਜੋ ਨਾਓਮੀ ਦੇ ਮਰ ਚੁੱਕੇ ਪਤੀ ਅਲੀਮਲਕ ਦਾ ਰਿਸ਼ਤੇਦਾਰ ਸੀ। ਭਾਵੇਂ ਕਿ ਕਾਨੂੰਨ ਮੁਤਾਬਕ ਉਸ ਨੂੰ ਸਿੱਟੇ ਚੁਗਣ ਦਾ ਹੱਕ ਸੀ, ਪਰ ਉਹ ਬਿਨਾਂ ਪੁੱਛੇ ਸਿੱਟੇ ਨਹੀਂ ਚੁਗਣ ਲੱਗ ਪਈ, ਸਗੋਂ ਉਸ ਨੇ ਵਾਢਿਆਂ ਉੱਤੇ ਨਿਗਰਾਨੀ ਰੱਖਣ ਵਾਲੇ ਨੌਜਵਾਨ ਤੋਂ ਇਸ ਦੀ ਇਜਾਜ਼ਤ ਮੰਗੀ। ਇਜਾਜ਼ਤ ਮਿਲਦਿਆਂ ਹੀ ਰੂਥ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ।​—ਰੂਥ 1:22–2:3, 7.

25 ਕਲਪਨਾ ਕਰੋ ਕਿ ਵਾਢੇ ਆਪਣੀਆਂ ਤਿੱਖੀਆਂ ਦਾਤੀਆਂ ਨਾਲ ਫ਼ਸਲ ਵੱਢ ਰਹੇ ਹਨ। ਉਨ੍ਹਾਂ ਦੇ ਪਿੱਛੇ-ਪਿੱਛੇ ਰੂਥ ਝੁਕ ਕੇ ਥੱਲੇ ਡਿੱਗੇ ਜੌਂ ਦੇ ਸਿੱਟਿਆਂ ਨੂੰ ਚੁਗ ਰਹੀ ਹੈ, ਉਨ੍ਹਾਂ ਸਿੱਟਿਆਂ ਦੀਆਂ ਭਰੀਆਂ ਬੰਨ੍ਹ ਕੇ ਉਸ ਥਾਂ ’ਤੇ ਲਿਜਾ ਰਹੀ ਹੈ ਜਿੱਥੇ ਉਹ ਬਾਅਦ ਵਿਚ ਉਨ੍ਹਾਂ ਨੂੰ ਕੁੱਟ ਕੇ ਦਾਣੇ ਕੱਢੇਗੀ। ਇਹ ਕੰਮ ਹੌਲੀ-ਹੌਲੀ ਹੋ ਰਿਹਾ ਅਤੇ ਬੜਾ ਥਕਾ ਦੇਣ ਵਾਲਾ ਹੈ। ਜਿਉਂ-ਜਿਉਂ ਧੁੱਪ ਤੇਜ਼ ਹੁੰਦੀ ਜਾਂਦੀ ਹੈ, ਇਹ ਕੰਮ ਕਰਨਾ ਹੋਰ ਵੀ ਔਖਾ ਹੁੰਦਾ ਜਾਂਦਾ ਹੈ। ਪਰ ਰੂਥ ਬਿਨਾਂ ਰੁਕੇ ਕੰਮ ਕਰਦੀ ਰਹੀ। ਉਹ ਸਿਰਫ਼ ਪਸੀਨਾ ਪੂੰਝਣ ਅਤੇ ਕਾਮਿਆਂ ਦੇ ਬੈਠਣ ਲਈ ਬਣਾਈ ਜਗ੍ਹਾ ’ਤੇ ਦੁਪਹਿਰ ਦਾ ਖਾਣਾ ਖਾਣ ਲਈ ਰੁਕਦੀ ਹੈ।

ਰੂਥ ਆਪਣੇ ਤੇ ਨਾਓਮੀ ਦੇ ਗੁਜ਼ਾਰੇ ਲਈ ਖੇਤਾਂ ਵਿਚ ਸਖ਼ਤ ਮਿਹਨਤ ਕਰਦੀ ਸੀ

26, 27. ਬੋਅਜ਼ ਕਿਸ ਤਰ੍ਹਾਂ ਦਾ ਆਦਮੀ ਸੀ ਤੇ ਉਹ ਰੂਥ ਨਾਲ ਕਿਵੇਂ ਪੇਸ਼ ਆਇਆ?

26 ਰੂਥ ਆਪਣੇ ਕੰਮ ਵਿਚ ਇੰਨੀ ਮਗਨ ਸੀ ਕਿ ਉਸ ਨੂੰ ਲੱਗਾ ਕਿ ਉਸ ਨੂੰ ਕੋਈ ਨਹੀਂ ਦੇਖ ਰਿਹਾ। ਪਰ ਬੋਅਜ਼ ਨੇ ਉਸ ਨੂੰ ਕੰਮ ਕਰਦਿਆਂ ਦੇਖਿਆ ਤੇ ਆਪਣੇ ਇਕ ਕਾਮੇ ਤੋਂ ਉਸ ਬਾਰੇ ਪੁੱਛਿਆ। ਬੋਅਜ਼ ਯਹੋਵਾਹ ਉੱਤੇ ਪੱਕੀ ਨਿਹਚਾ ਰੱਖਦਾ ਸੀ। ਜਦੋਂ ਉਹ ਆਪਣੇ ਕਾਮਿਆਂ ਨੂੰ, ਜਿਨ੍ਹਾਂ ਵਿਚ ਕੁਝ ਦਿਹਾੜੀਦਾਰ ਜਾਂ ਪਰਦੇਸੀ ਹੁੰਦੇ ਸਨ, ਮਿਲਦਾ ਸੀ, ਤਾਂ ਉਹ ਉਨ੍ਹਾਂ ਨੂੰ ਕਹਿੰਦਾ ਸੀ: “ਯਹੋਵਾਹ ਤੁਹਾਡੇ ਨਾਲ ਹੋਵੇ।” ਉਹ ਵੀ ਬੋਅਜ਼ ਨੂੰ ਜਵਾਬ ਵਿਚ ਇਹੀ ਕਹਿੰਦੇ ਸਨ। ਬਜ਼ੁਰਗ ਬੋਅਜ਼ ਇਕ ਪਿਤਾ ਵਾਂਗ ਰੂਥ ਨਾਲ ਪੇਸ਼ ਆਇਆ।—ਰੂਥ 2:4-7.

 27 ਉਸ ਨੇ ਰੂਥ ਨੂੰ ‘ਧੀ’ ਕਹਿ ਕੇ ਬੁਲਾਇਆ ਅਤੇ ਉਸ ਨੂੰ ਕਿਹਾ ਕਿ ਉਹ ਉਸ ਦੇ ਖੇਤਾਂ ਵਿਚ ਸਿੱਟੇ ਚੁਗਣ ਆਉਂਦੀ ਰਹੇ ਅਤੇ ਉਸ ਦੇ ਘਰ ਕੰਮ ਕਰਨ ਵਾਲੀਆਂ ਤੀਵੀਆਂ ਨਾਲ ਹੀ ਰਹੇ ਤਾਂਕਿ ਕੋਈ ਕਾਮਾ ਉਸ ਨੂੰ ਛੇੜੇ ਨਾ। ਉਸ ਨੇ ਰੂਥ ਲਈ ਦੁਪਹਿਰ ਦੀ ਰੋਟੀ ਦਾ ਵੀ ਇੰਤਜ਼ਾਮ ਕੀਤਾ। (ਰੂਥ 2:8, 9, 14 ਪੜ੍ਹੋ।) ਪਰ ਵੱਡੀ ਗੱਲ ਇਹ ਸੀ ਕਿ ਉਸ ਨੇ ਰੂਥ ਦੀ ਤਾਰੀਫ਼ ਅਤੇ ਹੌਸਲਾ-ਅਫ਼ਜ਼ਾਈ ਕੀਤੀ। ਕਿਵੇਂ?

28, 29. (ੳ) ਰੂਥ ਨੇ ਕਿਸ ਤਰ੍ਹਾਂ ਦਾ ਨਾਂ ਕਮਾਇਆ ਸੀ? (ਅ) ਰੂਥ ਵਾਂਗ ਤੁਸੀਂ ਯਹੋਵਾਹ ਵਿਚ ਪਨਾਹ ਕਿਵੇਂ ਲੈ ਸਕਦੇ ਹੋ?

28 ਰੂਥ ਨੇ ਬੋਅਜ਼ ਨੂੰ ਪੁੱਛਿਆ ਕਿ ਉਸ ਨੇ ਉਸ ਉੱਤੇ ਇੰਨੀ ਦਇਆ ਕਿਉਂ ਕੀਤੀ ਜਦ ਕਿ ਉਹ ਤਾਂ ਗ਼ੈਰ-ਯਹੂਦਣ ਸੀ। ਬੋਅਜ਼ ਨੇ ਜਵਾਬ ਦਿੱਤਾ ਕਿ ਉਸ ਨੂੰ ਪਤਾ ਸੀ ਕਿ ਉਸ ਨੇ ਆਪਣੀ ਸੱਸ ਨਾਓਮੀ ਲਈ ਕੀ-ਕੀ ਕੀਤਾ ਸੀ। ਨਾਓਮੀ ਨੇ ਜ਼ਰੂਰ ਬੈਤਲਹਮ ਦੀਆਂ ਤੀਵੀਆਂ ਕੋਲ ਰੂਥ ਦੀ ਤਾਰੀਫ਼ ਕੀਤੀ ਹੋਣੀ ਤੇ ਇਹ ਗੱਲ ਬੋਅਜ਼ ਤਕ ਪਹੁੰਚ ਗਈ। ਉਹ ਇਹ ਵੀ ਜਾਣਦਾ ਸੀ ਕਿ ਰੂਥ ਯਹੋਵਾਹ ਦੀ ਭਗਤੀ ਕਰਨ ਲੱਗ ਪਈ ਸੀ ਕਿਉਂਕਿ ਉਸ ਨੇ ਕਿਹਾ: “ਯਹੋਵਾਹ ਤੇਰੇ ਕੰਮ ਦਾ ਵੱਟਾ ਦੇਵੇ ਸਗੋਂ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਵੱਲੋਂ ਜਿਹ ਦੇ ਖੰਭਾਂ ਹੇਠ ਪਰਤੀਤ ਕਰ ਕੇ ਤੂੰ ਆਈ ਹੈਂ ਤੈਨੂੰ ਪੂਰਾ ਵੱਟਾ ਦਿੱਤਾ ਜਾਵੇ।”​—ਰੂਥ 2:12.

29 ਰੂਥ ਨੂੰ ਇਨ੍ਹਾਂ ਸ਼ਬਦਾਂ ਤੋਂ ਕਿੰਨਾ ਹੌਸਲਾ ਮਿਲਿਆ ਹੋਣਾ! ਸੱਚ-ਮੁੱਚ ਜਿਵੇਂ ਇਕ ਚੂਚਾ ਕੁੱਕੜੀ ਦੇ ਖੰਭਾਂ ਹੇਠ ਮਹਿਫੂਜ਼ ਮਹਿਸੂਸ ਕਰਦਾ ਹੈ, ਉਸੇ ਤਰ੍ਹਾਂ ਰੂਥ ਨੇ ਯਹੋਵਾਹ ਦੇ ਖੰਭਾਂ ਹੇਠ ਪਨਾਹ ਲਈ। ਰੂਥ ਨੇ ਬੋਅਜ਼ ਦਾ ਧੰਨਵਾਦ ਕੀਤਾ ਕਿ ਉਸ ਨੇ ਉਸ ਦਾ ਹੌਸਲਾ ਵਧਾਇਆ। ਫਿਰ ਉਹ ਸ਼ਾਮ ਹੋਣ ਤਕ ਆਪਣੇ ਕੰਮ ਵਿਚ ਰੁੱਝੀ ਰਹੀ।​—ਰੂਥ 2:13, 17.

30, 31. ਅਸੀਂ ਰੂਥ ਦੇ ਕਿਹੜੇ ਗੁਣਾਂ ਦੀ ਰੀਸ ਕਰ ਸਕਦੇ ਹਾਂ?

30 ਅੱਜ ਮਹਿੰਗਾਈ ਦੇ ਜ਼ਮਾਨੇ ਵਿਚ ਤੰਗੀਆਂ ਕੱਟਣ ਵਾਲੇ ਸਾਰੇ ਭੈਣਾਂ-ਭਰਾਵਾਂ ਲਈ ਰੂਥ ਦੀ ਨਿਹਚਾ ਇਕ ਵਧੀਆ ਮਿਸਾਲ ਹੈ। ਵਿਧਵਾ ਹੋਣ ਦੇ ਬਾਵਜੂਦ ਉਸ ਨੇ ਦੂਜਿਆਂ ਤੋਂ ਮਦਦ ਦੀ ਉਮੀਦ ਨਹੀਂ ਰੱਖੀ, ਸਗੋਂ ਉਸ ਨੇ ਦੂਜਿਆਂ ਤੋਂ ਮਿਲੀ ਮਦਦ ਲਈ ਕਦਰ ਦਿਖਾਈ। ਆਪਣੀ ਸੱਸ ਦੀ ਦੇਖ-ਭਾਲ ਕਰਨ ਲਈ ਖੇਤਾਂ ਵਿਚ ਘੰਟਿਆਂ-ਬੱਧੀ ਸਖ਼ਤ ਮਿਹਨਤ ਕਰਨ ਨੂੰ ਉਸ ਨੇ ਸ਼ਰਮ ਦੀ ਗੱਲ ਨਹੀਂ ਸਮਝੀ। ਉਸ ਨੇ ਹੋਰ ਨੌਜਵਾਨ ਤੀਵੀਆਂ ਨਾਲ ਕੰਮ ਕਰਨ ਦੀ ਬੋਅਜ਼ ਦੀ ਸਲਾਹ ਨੂੰ ਖ਼ੁਸ਼ੀ-ਖ਼ੁਸ਼ੀ ਮੰਨਿਆ ਜਿਸ ਕਰਕੇ ਕਾਮਿਆਂ ਤੋਂ ਉਸ ਨੂੰ ਕੋਈ ਪਰੇਸ਼ਾਨੀ ਨਹੀਂ ਹੋਈ। ਨਾਲੇ ਉਹ ਸਭ ਤੋਂ ਜ਼ਰੂਰੀ ਗੱਲ ਕਦੇ ਨਹੀਂ ਭੁੱਲੀ ਕਿ ਉਹ ਆਪਣੇ ਪਿਤਾ ਯਹੋਵਾਹ ਪਰਮੇਸ਼ੁਰ ਦੀ ਪਨਾਹ ਵਿਚ ਹੀ ਸੁਰੱਖਿਅਤ ਰਹਿ ਸਕਦੀ ਸੀ।

31 ਜੇ ਅਸੀਂ ਰੂਥ ਵਾਂਗ ਸੱਚਾ ਪਿਆਰ ਤੇ ਨਿਮਰਤਾ ਦਿਖਾਉਂਦੇ ਹੋਏ ਮਿਹਨਤ ਕਰਦੇ ਹਾਂ ਅਤੇ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਦੀ ਅਹਿਮੀਅਤ ਨੂੰ ਸਮਝਦੇ ਹਾਂ, ਤਾਂ ਸਾਡੀ ਨਿਹਚਾ ਵੀ ਦੂਸਰਿਆਂ ਲਈ ਵਧੀਆ ਮਿਸਾਲ ਬਣ ਸਕਦੀ ਹੈ। ਪਰ ਯਹੋਵਾਹ ਨੇ ਰੂਥ ਤੇ ਨਾਓਮੀ ਨੂੰ ਕਿਵੇਂ ਸੰਭਾਲਿਆ? ਇਸ ਸਵਾਲ ਦਾ ਜਵਾਬ ਅਸੀਂ ਅਗਲੇ ਲੇਖ ਵਿਚ ਦੇਖਾਂਗੇ।

^ ਪੈਰਾ 17 ਧਿਆਨ ਦੇਣ ਵਾਲੀ ਗੱਲ ਹੈ ਕਿ ਰੂਥ ਨੇ ਦੂਜੀਆਂ ਕੌਮਾਂ ਦੇ ਲੋਕਾਂ ਵਾਂਗ ਸਿਰਫ਼ “ਰੱਬ” ਸ਼ਬਦ ਨਹੀਂ ਵਰਤਿਆ, ਸਗੋਂ ਉਸ ਨੇ ਪਰਮੇਸ਼ੁਰ ਦਾ ਨਾਂ ਯਹੋਵਾਹ ਵਰਤਿਆ। ਬਾਈਬਲ ਬਾਰੇ ਟਿੱਪਣੀਆਂ ਕਰਨ ਵਾਲੀ ਇਕ ਕਿਤਾਬ ਕਹਿੰਦੀ ਹੈ: “ਰੂਥ ਦੀ ਕਹਾਣੀ ਦਾ ਲੇਖਕ ਇਸ ਗੱਲ ’ਤੇ ਜ਼ੋਰ ਦਿੰਦਾ ਹੈ ਕਿ ਇਹ ਗ਼ੈਰ-ਯਹੂਦੀ ਔਰਤ ਸੱਚੇ ਪਰਮੇਸ਼ੁਰ ਦੀ ਭਗਤੀ ਕਰਦੀ ਹੈ।”

^ ਪੈਰਾ 23 ਇਹ ਇਕ ਸ਼ਾਨਦਾਰ ਕਾਨੂੰਨ ਸੀ ਤੇ ਉਸ ਦੇ ਦੇਸ਼ ਮੋਆਬ ਵਿਚ ਇਸ ਤਰ੍ਹਾਂ ਦਾ ਕੋਈ ਕਾਨੂੰਨ ਨਹੀਂ ਸੀ। ਉਸ ਜ਼ਮਾਨੇ ਦੇ ਮੱਧ-ਪੂਰਬੀ ਦੇਸ਼ਾਂ ਵਿਚ ਵਿਧਵਾਵਾਂ ਨਾਲ ਬੁਰਾ ਸਲੂਕ ਕੀਤਾ ਜਾਂਦਾ ਸੀ। ਇਕ ਕਿਤਾਬ ਦੱਸਦੀ ਹੈ: “ਇਕ ਤੀਵੀਂ ਨੂੰ ਆਪਣੇ ਪਤੀ ਦੀ ਮੌਤ ਤੋਂ ਬਾਅਦ ਗੁਜ਼ਾਰੇ ਲਈ ਆਪਣੇ ਪੁੱਤਰਾਂ ’ਤੇ ਨਿਰਭਰ ਰਹਿਣਾ ਪੈਂਦਾ ਸੀ। ਜੇ ਉਸ ਦਾ ਕੋਈ ਪੁੱਤਰ ਨਹੀਂ ਹੁੰਦਾ ਸੀ, ਤਾਂ ਉਸ ਨੂੰ ਸ਼ਾਇਦ ਆਪਣੇ ਆਪ ਨੂੰ ਗ਼ੁਲਾਮੀ ਵਿਚ ਵੇਚਣਾ ਪੈਂਦਾ ਸੀ, ਵੇਸਵਾ ਬਣਨਾ ਪੈਂਦਾ ਸੀ ਜਾਂ ਉਹ ਮਰ ਜਾਂਦੀ ਸੀ।”