Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ

 ਪਾਠ 15

ਉਹ ਰੱਬ ਦੇ ਲੋਕਾਂ ਦੇ ਪੱਖ ਵਿਚ ਖੜ੍ਹੀ ਹੋਈ

ਉਹ ਰੱਬ ਦੇ ਲੋਕਾਂ ਦੇ ਪੱਖ ਵਿਚ ਖੜ੍ਹੀ ਹੋਈ

1-3. (ੳ) ਆਪਣੇ ਪਤੀ ਨੂੰ ਮਿਲਣ ਜਾ ਰਹੀ ਅਸਤਰ ਨੂੰ ਡਰ ਕਿਉਂ ਲੱਗ ਰਿਹਾ ਸੀ? (ਅ) ਅਸਤਰ ਬਾਰੇ ਅਸੀਂ ਕਿਨ੍ਹਾਂ ਸਵਾਲਾਂ ’ਤੇ ਚਰਚਾ ਕਰਾਂਗੇ?

ਅਸਤਰ ਮਹਿਲ ਦੇ ਵਿਹੜੇ ਵੱਲ ਨੂੰ ਜਾਂਦਿਆਂ ਆਪਣੀ ਘਬਰਾਹਟ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਉਸ ਲਈ ਇਸ ਤਰ੍ਹਾਂ ਕਰਨਾ ਆਸਾਨ ਨਹੀਂ ਹੈ। ਸ਼ੂਸ਼ਨ ਸ਼ਹਿਰ ਵਿਚ ਇਸ ਮਹਿਲ ਦੀ ਇਕ-ਇਕ ਚੀਜ਼ ਦੇਖ ਕੇ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਜਾਂਦੀਆਂ ਹਨ: ਕੰਧਾਂ ’ਤੇ ਬਣੇ ਖੰਭਾਂ ਵਾਲੇ ਸਾਨ੍ਹ, ਤੀਰਅੰਦਾਜ਼ਾਂ ਤੇ ਸ਼ੇਰਾਂ ਦੀਆਂ ਰੰਗ-ਬਰੰਗੀਆਂ ਮੂਰਤੀਆਂ, ਨਕਾਸ਼ੇ ਗਏ ਥੰਮ੍ਹ ਅਤੇ ਵੱਡੇ-ਵੱਡੇ ਬੁੱਤ। ਇਹ ਮਹਿਲ ਬਰਫ਼ ਨਾਲ ਢਕੀਆਂ ਜ਼ਾਗਰੋਸ ਪਹਾੜੀਆਂ ਦੇ ਨੇੜੇ ਉੱਚੀ ਜਗ੍ਹਾ ’ਤੇ ਬਣਾਇਆ ਗਿਆ ਹੈ ਅਤੇ ਇੱਥੋਂ ਕੋਅਸਪੀਸ ਨਦੀ ਦਾ ਨਜ਼ਾਰਾ ਵੀ ਦੇਖਿਆ ਜਾ ਸਕਦਾ ਹੈ। ਮਹਿਲ ਵਿਚ ਪੈਰ ਰੱਖਣ ਵਾਲੇ ਹਰ ਇਨਸਾਨ ਨੂੰ ਇਸ ਦੀ ਸ਼ਾਨ-ਬਾਨ ਦੇਖ ਕੇ ਅਹਿਸਾਸ ਹੁੰਦਾ ਹੈ ਕਿ ਉਹ ਆਦਮੀ ਕਿੰਨਾ ਤਾਕਤਵਰ ਹੈ ਜਿਸ ਨੂੰ ਅਸਤਰ ਮਿਲਣ ਜਾ ਰਹੀ ਹੈ। ਉਹ ਆਪਣੇ ਆਪ ਨੂੰ “ਸ਼ਹਿਨਸ਼ਾਹ” ਕਹਿੰਦਾ ਹੈ। ਇਹ ਸ਼ਹਿਨਸ਼ਾਹ ਅਸਤਰ ਦਾ ਪਤੀ ਹੈ।

2 ਕੋਈ ਵੀ ਵਫ਼ਾਦਾਰ ਯਹੂਦੀ ਕੁੜੀ ਸ਼ਾਇਦ ਅਹਸ਼ਵੇਰੋਸ਼ ਵਰਗਾ ਪਤੀ ਨਹੀਂ ਚਾਹੇਗੀ! * ਉਹ ਅਬਰਾਹਾਮ ਵਰਗੇ ਆਦਮੀਆਂ ਦੀਆਂ ਮਿਸਾਲਾਂ ਦੀ ਰੀਸ ਨਹੀਂ ਕਰਦਾ ਜਿਸ ਨੇ ਨਿਮਰਤਾ ਨਾਲ ਯਹੋਵਾਹ ਦਾ ਕਹਿਣਾ ਮੰਨ ਕੇ ਆਪਣੀ ਪਤਨੀ ਸਾਰਾਹ ਦੀ ਗੱਲ ਸੁਣੀ ਸੀ। (ਉਤ. 21:12) ਰਾਜਾ ਅਹਸ਼ਵੇਰੋਸ਼ ਅਸਤਰ ਦੇ ਪਰਮੇਸ਼ੁਰ ਯਹੋਵਾਹ ਬਾਰੇ ਜਾਂ ਉਸ ਦੇ ਕਾਨੂੰਨਾਂ ਬਾਰੇ ਥੋੜ੍ਹਾ-ਬਹੁਤਾ ਜਾਂ ਕੁਝ ਵੀ ਨਹੀਂ ਜਾਣਦਾ ਹੈ, ਪਰ ਉਹ ਫ਼ਾਰਸੀ ਕਾਨੂੰਨਾਂ ਤੋਂ ਚੰਗੀ ਤਰ੍ਹਾਂ ਵਾਕਫ਼ ਹੈ। ਇਨ੍ਹਾਂ ਵਿੱਚੋਂ ਇਕ ਕਾਨੂੰਨ ਅਸਤਰ ਤੋੜਨ ਜਾ ਰਹੀ ਹੈ। ਉਹ ਕੀ ਹੈ? ਉਸ ਕਾਨੂੰਨ ਮੁਤਾਬਕ ਜੇ ਕੋਈ ਬਿਨਾਂ ਬੁਲਾਏ ਫ਼ਾਰਸੀ ਰਾਜੇ ਸਾਮ੍ਹਣੇ ਪੇਸ਼ ਹੁੰਦਾ ਹੈ, ਤਾਂ ਰਾਜਾ ਉਸ ਨੂੰ ਸਜ਼ਾ-ਏ-ਮੌਤ ਦੇ ਸਕਦਾ ਹੈ। ਅਸਤਰ ਬਿਨਾਂ ਬੁਲਾਏ ਉਸ ਅੱਗੇ ਪੇਸ਼ ਹੋਣ ਜਾ ਰਹੀ ਹੈ। ਰਾਜਾ ਆਪਣੇ ਸਿੰਘਾਸਣ ਤੋਂ ਅਸਤਰ ਨੂੰ ਅੰਦਰਲੇ ਵਿਹੜੇ ਵਿਚ ਆਉਂਦੀ ਨੂੰ ਦੇਖ ਸਕਦਾ ਹੈ। ਅਸਤਰ ਨੂੰ ਲੱਗ ਰਿਹਾ ਹੈ ਕਿ ਉਸ ਦੇ ਕਦਮ ਮੌਤ ਵੱਲ ਵਧ ਰਹੇ ਹਨ।​—⁠ਅਸਤਰ 4:11; 5:1 ਪੜ੍ਹੋ।

3 ਅਸਤਰ ਨੇ ਇੰਨਾ ਵੱਡਾ ਖ਼ਤਰਾ ਮੁੱਲ ਕਿਉਂ ਲਿਆ? ਅਸੀਂ ਇਸ ਬੇਮਿਸਾਲ ਔਰਤ ਦੀ ਨਿਹਚਾ ਤੋਂ ਕੀ ਸਿੱਖ ਸਕਦੇ ਹਾਂ? ਆਓ ਆਪਾਂ ਪਹਿਲਾਂ ਦੇਖੀਏ ਕਿ ਅਸਤਰ ਫ਼ਾਰਸ ਦੇਸ਼ ਦੀ ਰਾਣੀ ਕਿੱਦਾਂ ਬਣੀ।

 ਅਸਤਰ ਦਾ ਪਰਿਵਾਰ

4. ਅਸਤਰ ਦਾ ਪਿਛੋਕੜ ਕੀ ਸੀ ਤੇ ਮਾਰਦਕਈ ਨੇ ਉਸ ਦੀ ਪਰਵਰਿਸ਼ ਕਿਉਂ ਕੀਤੀ ਸੀ?

4 ਅਸਤਰ ਯਤੀਮ ਸੀ। ਅਸੀਂ ਉਸ ਦੇ ਮਾਪਿਆਂ ਬਾਰੇ ਜ਼ਿਆਦਾ ਨਹੀਂ ਜਾਣਦੇ। ਉਨ੍ਹਾਂ ਨੇ ਉਸ ਦਾ ਨਾਂ ਹਦੱਸਾਹ ਰੱਖਿਆ ਸੀ। ਇਸ ਇਬਰਾਨੀ ਸ਼ਬਦ ਦਾ ਮਤਲਬ ਹੈ “ਮਹਿੰਦੀ ਦਾ ਬੂਟਾ” ਜਿਸ ਨੂੰ ਚਿੱਟੇ ਰੰਗ ਦੇ ਸੋਹਣੇ ਫੁੱਲ ਲੱਗਦੇ ਹਨ। ਮਾਪਿਆਂ ਦੀ ਮੌਤ ਤੋਂ ਬਾਅਦ ਉਸ ਦੇ ਤਾਏ ਦੇ ਮੁੰਡੇ ਮਾਰਦਕਈ ਨੇ ਉਸ ਦੀ ਪਰਵਰਿਸ਼ ਕੀਤੀ ਸੀ। ਮਾਰਦਕਈ ਉਸ ਨਾਲੋਂ ਉਮਰ ਵਿਚ ਕਾਫ਼ੀ ਵੱਡਾ ਸੀ। ਉਹ ਅਸਤਰ ਨੂੰ ਆਪਣੇ ਘਰ ਲੈ ਆਇਆ ਤੇ ਉਸ ਨੂੰ ਆਪਣੀ ਧੀ ਵਾਂਗ ਪਾਲ਼ਿਆ।​—ਅਸ. 2:5-7, 15.

ਮਾਰਦਕਈ ਨੂੰ ਕਈ ਕਾਰਨਾਂ ਕਰਕੇ ਆਪਣੀ ਭੈਣ ਉੱਤੇ ਨਾਜ਼ ਸੀ

5, 6. (ੳ) ਮਾਰਦਕਈ ਨੇ ਅਸਤਰ ਦੀ ਪਰਵਰਿਸ਼ ਕਿਵੇਂ ਕੀਤੀ ਸੀ? (ਅ) ਸ਼ੂਸ਼ਨ ਵਿਚ ਮਾਰਦਕਈ ਤੇ ਅਸਤਰ ਦੀ ਜ਼ਿੰਦਗੀ ਕਿਹੋ ਜਿਹੀ ਸੀ?

5 ਮਾਰਦਕਈ ਤੇ ਅਸਤਰ ਫ਼ਾਰਸ ਦੀ ਰਾਜਧਾਨੀ ਸ਼ੂਸ਼ਨ ਵਿਚ ਰਹਿੰਦੇ ਸਨ। ਉਸ ਸਮੇਂ ਯਹੂਦੀ ਲੋਕ ਫ਼ਾਰਸੀ ਸਾਮਰਾਜ ਦੇ ਗ਼ੁਲਾਮ ਸਨ। ਆਪਣੇ ਧਰਮ ਦੀ ਪਾਲਣਾ ਕਰਨ ਕਰਕੇ ਯਹੂਦੀਆਂ ਨੂੰ ਪਸੰਦ ਨਹੀਂ ਕੀਤਾ ਜਾਂਦਾ ਸੀ। ਮਾਰਦਕਈ ਨੇ ਅਸਤਰ ਨੂੰ ਰਹਿਮਦਿਲ ਪਰਮੇਸ਼ੁਰ ਯਹੋਵਾਹ ਬਾਰੇ ਬਹੁਤ ਕੁਝ ਸਿਖਾਇਆ ਸੀ, ਜਿਵੇਂ ਕਿ ਯਹੋਵਾਹ ਨੇ ਪੁਰਾਣੇ ਸਮੇਂ ਵਿਚ ਕਈ ਵਾਰ ਆਪਣੇ ਸੇਵਕਾਂ ਨੂੰ ਮੁਸ਼ਕਲਾਂ ਤੋਂ ਬਚਾਇਆ ਸੀ ਤੇ ਆਉਣ ਵਾਲੇ ਸਮੇਂ ਵਿਚ ਵੀ ਬਚਾਵੇਗਾ। (ਲੇਵੀ. 26:44, 45) ਇਸ ਕਰਕੇ ਉਨ੍ਹਾਂ ਦੋਵਾਂ ਵਿਚ ਭੈਣ-ਭਰਾ ਦਾ ਰਿਸ਼ਤਾ ਹੋਰ ਵੀ ਮਜ਼ਬੂਤ ਹੋਇਆ।

6 ਮਾਰਦਕਈ ਸ਼ਾਇਦ ਸ਼ੂਸ਼ਨ ਦੇ ਮਹਿਲ ਵਿਚ ਕੋਈ ਸਰਕਾਰੀ ਕੰਮ ਕਰਦਾ ਸੀ ਕਿਉਂਕਿ ਉਹ ਰਾਜੇ ਦੇ ਹੋਰ ਸੇਵਕਾਂ ਨਾਲ ਮਹਿਲ ਦੇ ਸ਼ਾਹੀ ਫਾਟਕ ’ਤੇ ਬਾਕਾਇਦਾ ਬੈਠਦਾ ਹੁੰਦਾ ਸੀ। (ਅਸ. 2:19, 21; 3:3) ਮਹਿਲ ਵਿਚ ਲਿਜਾਏ ਜਾਣ ਤੋਂ ਪਹਿਲਾਂ ਅਸਤਰ ਦੀ ਜ਼ਿੰਦਗੀ ਬਾਰੇ ਬਾਈਬਲ ਸਾਨੂੰ ਕੁਝ ਨਹੀਂ ਦੱਸਦੀ। ਪਰ ਅਸੀਂ ਕਹਿ ਸਕਦੇ ਹਾਂ ਕਿ ਉਹ ਆਪਣੇ ਭਰਾ ਅਤੇ ਘਰ ਦਾ ਬਹੁਤ ਖ਼ਿਆਲ ਰੱਖਦੀ ਹੋਣੀ। ਉਹ ਸ਼ਾਇਦ ਸ਼ਹਿਰ ਦੇ ਗ਼ਰੀਬ ਇਲਾਕੇ ਵਿਚ ਰਹਿੰਦੇ ਸਨ। ਸ਼ਾਇਦ ਅਸਤਰ ਨੂੰ ਸ਼ੂਸ਼ਨ ਦੇ ਬਾਜ਼ਾਰ ਵਿਚ ਘੁੰਮਣਾ ਪਸੰਦ ਹੋਣਾ ਜਿੱਥੇ ਸੋਨੇ-ਚਾਂਦੀ ਦੇ ਗਹਿਣਿਆਂ ਤੋਂ ਇਲਾਵਾ ਕਈ ਹੋਰ ਚੀਜ਼ਾਂ ਦੀਆਂ ਦੁਕਾਨਾਂ ਵੀ ਸਨ। ਉਸ ਨੇ ਕਦੀ ਕਲਪਨਾ ਵੀ ਨਹੀਂ ਕੀਤੀ ਹੋਣੀ ਕਿ ਭਵਿੱਖ ਵਿਚ ਇਹ ਕੀਮਤੀ ਚੀਜ਼ਾਂ ਉਸ ਦੀ ਜ਼ਿੰਦਗੀ ਵਿਚ ਆਮ ਹੋ ਜਾਣਗੀਆਂ। ਉਸ ਨੂੰ ਜ਼ਰਾ ਵੀ ਅੰਦਾਜ਼ਾ ਨਹੀਂ ਸੀ ਕਿ ਉਸ ਦੀ ਜ਼ਿੰਦਗੀ ਵਿਚ ਇਕ ਨਵਾਂ ਮੋੜ ਆਉਣ ਵਾਲਾ ਸੀ।

“ਵੇਖਣ ਪਾਖਣ ਵਿੱਚ ਸੋਹਣੀ”

7. ਵਸ਼ਤੀ ਨੂੰ ਰਾਣੀ ਵਜੋਂ ਕਿਉਂ ਹਟਾ ਦਿੱਤਾ ਗਿਆ ਤੇ ਇਸ ਤੋਂ ਬਾਅਦ ਕੀ ਹੋਇਆ?

7 ਇਕ ਦਿਨ ਰਾਜੇ ਦੇ ਘਰ ਜੋ ਹੋਇਆ, ਉਸ  ਬਾਰੇ ਸ਼ੂਸ਼ਨ ਵਿਚ ਘਰ-ਘਰ ਗੱਲਾਂ ਹੋਣ ਲੱਗੀਆਂ। ਰਾਜੇ ਨੇ ਆਪਣੇ ਮਹਿਲ ਵਿਚ ਵੱਡੇ-ਵੱਡੇ ਲੋਕਾਂ ਨੂੰ ਸ਼ਾਨਦਾਰ ਦਾਅਵਤ ਦਿੱਤੀ ਜਿਸ ਵਿਚ ਤਰ੍ਹਾਂ-ਤਰ੍ਹਾਂ ਦੇ ਪਕਵਾਨ ਤੇ ਸ਼ਰਾਬ ਵਰਤਾਈ ਜਾ ਰਹੀ ਸੀ। ਉਸ ਦੀ ਖ਼ੂਬਸੂਰਤ ਰਾਣੀ ਵਸ਼ਤੀ ਔਰਤਾਂ ਨਾਲ ਅਲੱਗ ਕਮਰੇ ਵਿਚ ਦਾਅਵਤ ਕਰ ਰਹੀ ਸੀ। ਰਾਜੇ ਨੇ ਉਸ ਨੂੰ ਆਪਣੇ ਕੋਲ ਬੁਲਾਇਆ, ਪਰ ਉਸ ਨੇ ਆਉਣ ਤੋਂ ਇਨਕਾਰ ਕਰ ਦਿੱਤਾ। ਇਸ ਕਰਕੇ ਰਾਜੇ ਨੇ ਸਾਰਿਆਂ ਸਾਮ੍ਹਣੇ ਬਹੁਤ ਬੇਇੱਜ਼ਤੀ ਮਹਿਸੂਸ ਕੀਤੀ। ਉਸ ਨੇ ਗੁੱਸੇ ਵਿਚ ਆਪਣੇ ਸਲਾਹਕਾਰਾਂ ਨੂੰ ਪੁੱਛਿਆ ਕਿ ਰਾਣੀ ਵਸ਼ਤੀ ਨੂੰ ਕੀ ਸਜ਼ਾ ਦਿੱਤੀ ਜਾਵੇ। ਉਨ੍ਹਾਂ ਦੀ ਸਲਾਹ ਮੁਤਾਬਕ ਰਾਜੇ ਨੇ ਵਸ਼ਤੀ ਨੂੰ ਰਾਣੀ ਦੀ ਪਦਵੀ ਤੋਂ ਹਟਾ ਦਿੱਤਾ ਤੇ ਉਸ ਦੀ ਜਗ੍ਹਾ ਕਿਸੇ ਹੋਰ ਨੂੰ ਚੁਣਨ ਦਾ ਐਲਾਨ ਕੀਤਾ। ਰਾਜੇ ਦੇ ਨੌਕਰਾਂ ਨੇ ਸਾਰੇ ਦੇਸ਼ ਵਿਚ ਸੋਹਣੀਆਂ ਕੁਆਰੀਆਂ ਕੁੜੀਆਂ ਦੀ ਭਾਲ ਕੀਤੀ ਤੇ ਉਨ੍ਹਾਂ ਵਿੱਚੋਂ ਰਾਜੇ ਨੇ ਆਪਣੇ ਲਈ ਨਵੀਂ ਰਾਣੀ ਚੁਣਨੀ ਸੀ।—ਅਸ. 1:1–2:4.

8. (ੳ) ਮਾਰਦਕਈ ਨੂੰ ਸ਼ਾਇਦ ਅਸਤਰ ਦਾ ਕਿਉਂ ਫ਼ਿਕਰ ਸੀ? (ਅ) ਬਾਈਬਲ ਵਿਚ ਖ਼ੂਬਸੂਰਤੀ ਬਾਰੇ ਦਿੱਤੀ ਸਲਾਹ ਨੂੰ ਅਸੀਂ ਆਪਣੀ ਜ਼ਿੰਦਗੀ ਵਿਚ ਕਿਵੇਂ ਲਾਗੂ ਕਰ ਸਕਦੇ ਹਾਂ? (ਕਹਾਉਤਾਂ 31:30 ਵੀ ਦੇਖੋ।)

8 ਮਾਰਦਕਈ ਨੂੰ ਆਪਣੀ ਭੈਣ ਅਸਤਰ ਨੂੰ ਦੇਖ ਕੇ ਕਿੰਨਾ ਮਾਣ ਹੁੰਦਾ ਹੋਣਾ ਕਿ ਉਹ ਕਿੰਨੀ ਸੋਹਣੀ ਨਿਕਲੀ ਸੀ, ਪਰ ਉਸ ਨੂੰ ਆਪਣੀ ਜਵਾਨ ਹੋ ਰਹੀ ਭੈਣ ਦੀ ਚਿੰਤਾ ਵੀ ਰਹਿੰਦੀ ਹੋਣੀ। ਬਾਈਬਲ ਦੱਸਦੀ ਹੈ ਕਿ ਉਹ “ਵੇਖਣ ਪਾਖਣ ਵਿੱਚ ਸੋਹਣੀ ਸੀ।” (ਅਸ. 2:7) ਪਰ ਬਾਈਬਲ ਇਹ ਵੀ ਕਹਿੰਦੀ ਹੈ ਕਿ ਸੋਹਣੇ ਇਨਸਾਨ ਲਈ ਬੁੱਧੀਮਾਨ ਤੇ ਨਿਮਰ ਹੋਣਾ ਵੀ ਜ਼ਰੂਰੀ ਹੈ। ਨਹੀਂ ਤਾਂ ਸ਼ਾਇਦ ਉਸ ਨੂੰ ਆਪਣੀ ਖ਼ੂਬਸੂਰਤੀ ’ਤੇ ਘਮੰਡ ਹੋ ਜਾਵੇ ਅਤੇ ਉਹ ਸੋਚਣ ਲੱਗ ਪਵੇ ਕਿ ਉਹ ਦੇ ਵਰਗਾ ਸੋਹਣਾ ਹੋਰ ਕੋਈ ਹੈ ਹੀ ਨਹੀਂ। (ਕਹਾਉਤਾਂ 11:22 ਪੜ੍ਹੋ।) ਤੁਸੀਂ ਜ਼ਰੂਰ ਇੱਦਾਂ ਹੁੰਦਾ ਦੇਖਿਆ ਹੋਣਾ। ਕੀ ਅਸਤਰ ਦੀ ਖ਼ੂਬਸੂਰਤੀ ਉਸ ਲਈ ਬਰਕਤ ਸਾਬਤ ਹੋਈ ਜਾਂ ਸਰਾਪ? ਸਮਾਂ ਹੀ ਇਸ ਸਵਾਲ ਦਾ ਜਵਾਬ ਦੇਵੇਗਾ।

9. (ੳ) ਜਦੋਂ ਰਾਜੇ ਦੇ ਨੌਕਰਾਂ ਦੀ ਨਜ਼ਰ ਅਸਤਰ ’ਤੇ ਪਈ, ਤਾਂ ਉਦੋਂ ਕੀ ਹੋਇਆ? ਮਾਰਦਕਈ ਤੇ ਅਸਤਰ ਲਈ ਜੁਦਾਈ ਦਾ ਦੁੱਖ ਝੱਲਣਾ ਕਿਉਂ ਔਖਾ ਸੀ? (ਅ) ਮਾਰਦਕਈ ਨੇ ਅਸਤਰ ਦਾ ਵਿਆਹ ਇਕ ਅਵਿਸ਼ਵਾਸੀ ਨਾਲ ਕਿਉਂ ਹੋਣ ਦਿੱਤਾ? (ਡੱਬੀ ਦੇਖੋ।)

9 ਸੋਹਣੀਆਂ ਕੁੜੀਆਂ ਦੀ ਤਲਾਸ਼ ਕਰ ਰਹੇ ਰਾਜੇ ਦੇ ਨੌਕਰਾਂ ਦੀ ਨਜ਼ਰ ਅਸਤਰ ’ਤੇ ਵੀ ਪਈ। ਉਹ ਹੋਰ ਕੁੜੀਆਂ ਨਾਲ ਉਸ ਨੂੰ ਵੀ ਨਦੀ ਤੋਂ ਪਾਰ ਸ਼ਾਨਦਾਰ ਮਹਿਲ ਵਿਚ ਲੈ ਗਏ। (ਅਸ. 2:8) ਆਪਣੀ ਧੀ ਅਸਤਰ ਦਾ ਵਿਛੋੜਾ ਸਹਿਣਾ ਮਾਰਦਕਈ ਲਈ ਕਿੰਨਾ ਔਖਾ ਹੋਇਆ ਹੋਣਾ! ਮਾਰਦਕਈ ਨਹੀਂ ਸੀ ਚਾਹੁੰਦਾ ਕਿ ਅਸਤਰ ਕਿਸੇ ਅਵਿਸ਼ਵਾਸੀ ਨਾਲ ਵਿਆਹ ਕਰਾਵੇ, ਭਾਵੇਂ ਉਹ ਰਾਜਾ ਹੀ ਕਿਉਂ ਨਾ ਹੋਵੇ। ਪਰ ਹਾਲਾਤ ਉਸ ਦੇ ਵੱਸ ਵਿਚ ਨਹੀਂ ਸਨ। * ਅਸਤਰ ਨੇ ਵਿਛੜਨ ਤੋਂ ਪਹਿਲਾਂ ਮਾਰਦਕਈ ਦੀ ਸਲਾਹ ਬੜੇ ਧਿਆਨ ਨਾਲ ਸੁਣੀ ਹੋਣੀ! ਸ਼ੂਸ਼ਨ ਦੇ ਮਹਿਲ ਨੂੰ ਜਾਂਦਿਆਂ ਉਸ ਦੇ ਮਨ ਵਿਚ ਕਈ ਸਵਾਲ ਉੱਠੇ ਹੋਣੇ। ਇਸ ਮਹਿਲ ਵਿਚ ਉਸ ਦੀ ਜ਼ਿੰਦਗੀ ਕਿਹੋ ਜਿਹੀ ਹੋਵੇਗੀ?

ਉਸ ਨੇ ਹਰ ਕਿਸੇ ਦਾ ਦਿਲ ਜਿੱਤਿਆ

10, 11. (ੳ) ਅਸਤਰ ’ਤੇ ਨਵੇਂ ਮਾਹੌਲ ਦਾ ਕੀ ਅਸਰ ਪੈ ਸਕਦਾ ਸੀ? (ਅ) ਮਾਰਦਕਈ ਨੇ ਕਿਵੇਂ ਦਿਖਾਇਆ ਕਿ ਉਸ ਨੂੰ ਅਸਤਰ ਦਾ ਫ਼ਿਕਰ ਸੀ?

10 ਮਹਿਲ ਵਿਚ ਹਰ ਚੀਜ਼ ਅਸਤਰ ਲਈ ਨਵੀਂ ਤੇ ਓਪਰੀ ਸੀ। ਪੂਰੇ ਫ਼ਾਰਸ ਸਾਮਰਾਜ  ਦੇ ਦੂਰ-ਦੂਰ ਦੇ ਇਲਾਕਿਆਂ ਤੋਂ ਕੁੜੀਆਂ ਨੂੰ ਮਹਿਲ ਵਿਚ ਲਿਆਂਦਾ ਗਿਆ ਸੀ। ਇਨ੍ਹਾਂ ਕੁੜੀਆਂ ਦੀ ਭਾਸ਼ਾ, ਰਹਿਣੀ-ਬਹਿਣੀ ਤੇ ਰੀਤ-ਰਿਵਾਜ ਵੱਖੋ-ਵੱਖਰੇ ਸਨ। ਇਨ੍ਹਾਂ ਨੂੰ ਹੇਗਈ ਨਾਂ ਦੇ ਬੰਦੇ ਦੀ ਨਿਗਰਾਨੀ ਹੇਠ ਰੱਖਿਆ ਗਿਆ। ਇਨ੍ਹਾਂ ਕੁੜੀਆਂ ਦੀ ਖ਼ੂਬਸੂਰਤੀ ਨੂੰ ਨਿਖਾਰਨ ਲਈ ਕਈ ਪ੍ਰਬੰਧ ਕੀਤੇ ਗਏ ਸਨ, ਜਿਵੇਂ ਕਿ ਪੂਰਾ ਸਾਲ ਤਰ੍ਹਾਂ-ਤਰ੍ਹਾਂ ਦੇ ਖ਼ੁਸ਼ਬੂਦਾਰ ਤੇਲ ਤੇ ਹੋਰ ਚੀਜ਼ਾਂ ਨਾਲ ਉਨ੍ਹਾਂ ਦੀ ਮਾਲਸ਼ ਕੀਤੀ ਜਾਂਦੀ ਸੀ। (ਅਸ. 2:8, 12) ਇਸ ਤਰ੍ਹਾਂ ਦੇ ਮਾਹੌਲ ਵਿਚ ਸ਼ਾਇਦ ਕੁੜੀਆਂ ਨੂੰ ਆਪਣੇ ਆਪ ਨੂੰ ਸੰਵਾਰਨ ਤੋਂ ਸਿਵਾਇ ਹੋਰ ਕੁਝ ਸੁੱਝਦਾ ਹੀ ਨਹੀਂ ਸੀ ਅਤੇ ਉਨ੍ਹਾਂ ਵਿਚ ਇਕ-ਦੂਜੇ ਨਾਲੋਂ ਸੋਹਣਾ ਦਿਸਣ ਦੀ ਮੁਕਾਬਲੇਬਾਜ਼ੀ ਚੱਲਦੀ ਰਹਿੰਦੀ ਸੀ। ਇਸ ਮਾਹੌਲ ਦਾ ਅਸਤਰ ’ਤੇ ਕੀ ਅਸਰ ਪਿਆ?

11 ਅਸਤਰ ਦੀ ਸਭ ਤੋਂ ਜ਼ਿਆਦਾ ਚਿੰਤਾ ਮਾਰਦਕਈ ਨੂੰ ਸੀ। ਉਹ ਹਰ ਰੋਜ਼ ਅਸਤਰ ਦਾ ਹਾਲ-ਚਾਲ ਜਾਣਨ ਦੀ ਕੋਸ਼ਿਸ਼ ਕਰਦਾ ਸੀ। (ਅਸ. 2:11) ਜਦੋਂ ਮਹਿਲ ਦਾ ਕੋਈ ਨੌਕਰ ਜਾਂ ਕੋਈ ਹੋਰ ਮਾਰਦਕਈ ਨੂੰ ਅਸਤਰ ਬਾਰੇ ਦੱਸਦਾ ਸੀ, ਤਾਂ ਉਸ ਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੋਣਾ। ਕਿਉਂ?

12, 13. (ੳ) ਅਸਤਰ ਬਾਰੇ ਲੋਕਾਂ ਦਾ ਕੀ ਵਿਚਾਰ ਸੀ? (ਅ) ਮਾਰਦਕਈ ਕਿਉਂ ਖ਼ੁਸ਼ ਸੀ ਕਿ ਅਸਤਰ ਨੇ ਆਪਣੇ ਯਹੂਦਣ ਹੋਣ ਦੀ ਗੱਲ ਲੁਕਾ ਕੇ ਰੱਖੀ ਸੀ?

 12 ਹੇਗਈ ਅਸਤਰ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਉਸ ਨੂੰ ਸੱਤ ਨੌਕਰਾਣੀਆਂ ਦਿੱਤੀਆਂ ਤੇ ਔਰਤਾਂ ਦੇ ਘਰ ਵਿਚ ਸਭ ਤੋਂ ਵਧੀਆ ਕਮਰਾ ਦਿੱਤਾ। (ਅਸ. 2:9) ਬਾਈਬਲ ਇੱਥੋਂ ਤਕ ਕਹਿੰਦੀ ਹੈ: ‘ਜਿਹੜਾ ਵੀ ਅਸਤਰ ਵੱਲ ਵੇਖਦਾ ਉਸ ਨੂੰ ਪਸੰਦ ਕਰਦਾ।’ (ਅਸ. 2:15, ERV) ਕੀ ਸਾਰੇ ਜਣੇ ਸਿਰਫ਼ ਉਸ ਦੀ ਖ਼ੂਬਸੂਰਤੀ ਦੇ ਹੀ ਕਾਇਲ ਹੁੰਦੇ ਸਨ? ਨਹੀਂ, ਹੋਰ ਗੱਲਾਂ ਕਰਕੇ ਵੀ ਅਸਤਰ ਨੂੰ ਪਸੰਦ ਕੀਤਾ ਜਾਂਦਾ ਸੀ।

ਅਸਤਰ ਜਾਣਦੀ ਸੀ ਕਿ ਖ਼ੂਬਸੂਰਤੀ ਨਾਲੋਂ ਨਿਮਰਤਾ ਅਤੇ ਬੁੱਧ ਵਰਗੇ ਗੁਣ ਕਿਤੇ ਜ਼ਿਆਦਾ ਮਾਅਨੇ ਰੱਖਦੇ ਹਨ

13 ਮਿਸਾਲ ਲਈ, ਅਸੀਂ ਪੜ੍ਹਦੇ ਹਾਂ: “ਅਸਤਰ ਨੇ ਨਾ ਆਪਣੀ ਉੱਮਤ ਨਾ ਆਪਣੇ ਟਬਰ ਦਾ ਕੋਈ ਪਤਾ ਦੱਸਿਆ ਕਿਉਂ ਜੋ ਮਾਰਦਕਈ ਨੇ ਉਸ ਨੂੰ ਤਗੀਦ ਕੀਤੀ ਹੋਈ ਸੀ ਕਿ ਉਹ ਪਤਾ ਨਾ ਦੇਵੇ।” (ਅਸ. 2:10) ਮਾਰਦਕਈ ਨੇ ਅਸਤਰ ਨੂੰ ਕਿਹਾ ਸੀ ਕਿ ਉਹ ਆਪਣੇ ਯਹੂਦਣ ਹੋਣ ਦੀ ਗੱਲ ਲੁਕਾ ਕੇ ਰੱਖੇ ਕਿਉਂਕਿ ਉਹ ਜਾਣਦਾ ਸੀ ਕਿ ਫ਼ਾਰਸ ਦੇ ਸ਼ਾਹੀ ਘਰਾਣੇ ਵਿਚ ਯਹੂਦੀਆਂ ਨਾਲ ਪੱਖਪਾਤ ਕੀਤਾ ਜਾਂਦਾ ਸੀ। ਉਸ ਨੂੰ ਇਹ ਜਾਣ ਕੇ  ਕਿੰਨੀ ਖ਼ੁਸ਼ੀ ਹੋਈ ਹੋਣੀ ਕਿ ਉਸ ਤੋਂ ਦੂਰ ਹੁੰਦੇ ਹੋਏ ਵੀ ਅਸਤਰ ਸਮਝਦਾਰੀ ਦਿਖਾ ਰਹੀ ਸੀ ਤੇ ਉਸ ਦਾ ਕਹਿਣਾ ਮੰਨ ਰਹੀ ਸੀ!

14. ਅੱਜ ਨੌਜਵਾਨ ਅਸਤਰ ਦੀ ਰੀਸ ਕਿਵੇਂ ਕਰ ਸਕਦੇ ਹਨ?

14 ਇਸੇ ਤਰ੍ਹਾਂ ਅੱਜ ਨੌਜਵਾਨ ਵੀ ਆਪਣੇ ਮਾਪਿਆਂ ਜਾਂ ਪਰਵਰਿਸ਼ ਕਰਨ ਵਾਲਿਆਂ ਦਾ ਦਿਲ ਖ਼ੁਸ਼ ਕਰ ਸਕਦੇ ਹਨ। ਆਪਣੇ ਮਾਪਿਆਂ ਦੀਆਂ ਨਜ਼ਰਾਂ ਤੋਂ ਦੂਰ ਖ਼ੁਦਗਰਜ਼, ਅਨੈਤਿਕ ਜਾਂ ਹਿੰਸਕ ਲੋਕਾਂ ਨਾਲ ਘਿਰੇ ਹੁੰਦੇ ਹੋਏ ਵੀ ਉਹ ਉਨ੍ਹਾਂ ਲੋਕਾਂ ਦੇ ਮਾੜੇ ਅਸਰਾਂ ਤੋਂ ਬਚ ਸਕਦੇ ਹਨ ਅਤੇ ਪਰਮੇਸ਼ੁਰ ਦੇ ਮਿਆਰਾਂ ’ਤੇ ਪੱਕੇ ਰਹਿ ਸਕਦੇ ਹਨ। ਅਸਤਰ ਦੀ ਰੀਸ ਕਰ ਕੇ ਨੌਜਵਾਨ ਭੈਣ-ਭਰਾ ਆਪਣੇ ਸਵਰਗੀ ਪਿਤਾ ਦੇ ਦਿਲ ਨੂੰ ਖ਼ੁਸ਼ ਕਰਦੇ ਹਨ।​—⁠ਕਹਾਉਤਾਂ 27:11 ਪੜ੍ਹੋ।

15, 16. (ੳ) ਅਸਤਰ ਨੇ ਰਾਜੇ ਦਾ ਦਿਲ ਕਿਵੇਂ ਜਿੱਤਿਆ? (ਅ) ਅਸਤਰ ਲਈ ਆਪਣੇ ਆਪ ਨੂੰ ਨਵੀਂ ਜ਼ਿੰਦਗੀ ਮੁਤਾਬਕ ਢਾਲਣਾ ਕਿਉਂ ਔਖਾ ਸੀ?

15 ਜਦੋਂ ਅਸਤਰ ਦੀ ਰਾਜੇ ਸਾਮ੍ਹਣੇ ਪੇਸ਼ ਹੋਣ ਦੀ ਵਾਰੀ ਆਈ, ਤਾਂ ਉਹ ਆਪਣੇ ਆਪ ਨੂੰ ਹੋਰ ਸੋਹਣਾ ਬਣਾਉਣ ਲਈ ਕੋਈ ਵੀ ਚੀਜ਼ ਮੰਗ ਸਕਦੀ ਸੀ। ਪਰ ਉਸ ਨੇ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਦੀ ਫ਼ਰਮਾਇਸ਼ ਨਹੀਂ ਕੀਤੀ, ਸਗੋਂ ਹੇਗਈ ਨੇ ਜੋ ਵੀ ਦਿੱਤਾ, ਉਸ ਨੇ ਨਿਮਰਤਾ ਨਾਲ ਕਬੂਲ ਕੀਤਾ। (ਅਸ. 2:15) ਰਾਜੇ ਦੇ ਦਰਬਾਰ ਵਿਚ ਕੰਮ ਕਰਨ ਵਾਲੇ ਲੋਕ ਆਮ ਤੌਰ ਤੇ ਘਮੰਡੀ ਹੁੰਦੇ ਸਨ। ਇਸ ਲਈ ਅਸਤਰ ਨੂੰ ਸ਼ਾਇਦ ਅਹਿਸਾਸ ਹੋਇਆ ਕਿ ਰਾਜੇ ਦਾ ਦਿਲ ਜਿੱਤਣ ਲਈ ਖ਼ੂਬਸੂਰਤੀ ਨਹੀਂ, ਸਗੋਂ ਨਿਮਰਤਾ ਜ਼ਿਆਦਾ ਮਾਅਨੇ ਰੱਖਦੀ ਸੀ। ਕੀ ਉਸ ਦੀ ਸੋਚ ਸਹੀ ਸੀ?

16 ਬਾਈਬਲ ਸਾਨੂੰ ਜਵਾਬ ਦਿੰਦੀ ਹੈ: “ਤਾਂ ਪਾਤਸ਼ਾਹ ਨੇ ਸਾਰੀਆਂ ਇਸਤ੍ਰੀਆਂ ਨਾਲੋਂ ਅਸਤਰ ਨੂੰ ਵੱਧ ਪਿਆਰ ਕੀਤਾ ਅਤੇ ਉਹ ਨੇ ਸਾਰੀਆਂ ਕੁਆਰੀਆਂ ਨਾਲੋਂ ਪਾਤਸ਼ਾਹ ਦਾ ਪਖ ਅਤੇ ਦਯਾ ਪਰਾਪਤ ਕੀਤੀ ਸੋ ਉਹ ਨੇ ਰਾਜ ਮੁਕਟ ਉਸ ਦੇ ਸਿਰ ਉੱਤੇ ਧਰ ਦਿੱਤਾ ਅਤੇ ਵਸ਼ਤੀ ਦੇ ਥਾਂ ਮਲਕਾ ਬਣਾ ਦਿੱਤੀ।” (ਅਸ. 2:17) ਜੀ ਹਾਂ, ਉਹ ਉਸ ਸਮੇਂ ਦੁਨੀਆਂ ਦੇ ਸਭ ਤੋਂ ਤਾਕਤਵਰ ਰਾਜੇ ਦੀ ਪਤਨੀ ਤੇ ਨਵੀਂ ਰਾਣੀ ਬਣ ਗਈ ਸੀ! ਇਸ ਨਿਮਰ ਯਹੂਦੀ ਕੁੜੀ ਲਈ ਆਪਣੇ ਆਪ ਨੂੰ ਨਵੀਂ ਜ਼ਿੰਦਗੀ ਮੁਤਾਬਕ ਢਾਲ਼ਣਾ ਬਹੁਤ ਹੀ ਔਖਾ ਹੋਇਆ ਹੋਣਾ। ਕੀ ਉਸ ਨੂੰ ਰਾਣੀ ਬਣਨ ਦਾ ਗਰੂਰ ਹੋ ਗਿਆ ਸੀ? ਬਿਲਕੁਲ ਨਹੀਂ!

17. (ੳ) ਕਿਨ੍ਹਾਂ ਤਰੀਕਿਆਂ ਨਾਲ ਅਸਤਰ ਮਾਰਦਕਈ ਦੀ ਆਗਿਆਕਾਰ ਰਹੀ? (ਅ) ਅੱਜ ਸਾਡੇ ਲਈ ਅਸਤਰ ਦੀ ਮਿਸਾਲ ਉੱਤੇ ਚੱਲਣਾ ਕਿਉਂ ਜ਼ਰੂਰੀ ਹੈ?

17 ਅਸਤਰ ਮਾਰਦਕਈ ਦੀ ਆਗਿਆਕਾਰ ਰਹੀ। ਉਸ ਨੇ ਆਪਣੇ ਯਹੂਦੀ ਹੋਣ ਦੀ ਗੱਲ ਲੁਕਾ ਕੇ ਰੱਖੀ। ਇਸ ਤੋਂ ਇਲਾਵਾ, ਮਾਰਦਕਈ ਦਾ ਕਹਿਣਾ ਮੰਨ ਕੇ ਉਸ ਨੇ ਅਹਸ਼ਵੇਰੋਸ਼ ਦੇ ਕਤਲ ਦੀ ਸਾਜ਼ਸ਼ ਦਾ ਪਰਦਾਫ਼ਾਸ਼ ਕੀਤਾ। ਨਤੀਜੇ ਵਜੋਂ, ਸਾਜ਼ਸ਼ ਘੜਨ ਵਾਲਿਆਂ ਨੂੰ ਫੜ ਲਿਆ ਗਿਆ। (ਅਸ. 2:20-23) ਉਸ ਦੀ ਨਿਮਰਤਾ ਤੇ ਆਗਿਆਕਾਰੀ ਪਰਮੇਸ਼ੁਰ ਉੱਤੇ ਉਸ ਦੀ ਨਿਹਚਾ ਦਾ ਸਬੂਤ ਸੀ। ਭਾਵੇਂ ਕਿ ਅੱਜ ਬਹੁਤ ਸਾਰੇ ਲੋਕ ਅਣਆਗਿਆਕਾਰ ਤੇ ਬਾਗ਼ੀ ਹੋ ਚੁੱਕੇ ਹਨ, ਪਰ ਸਾਡੇ ਲਈ ਕਿੰਨਾ ਜ਼ਰੂਰੀ ਹੈ ਕਿ ਅਸੀਂ ਅਸਤਰ ਦੀ ਮਿਸਾਲ ਉੱਤੇ ਚੱਲਦੇ ਰਹੀਏ। ਅਸਤਰ ਵਾਂਗ ਸੱਚੀ ਨਿਹਚਾ ਰੱਖਣ ਵਾਲੇ ਲੋਕ ਅਣਆਗਿਆਕਾਰੀ ਕਰਨ ਬਾਰੇ ਕਦੇ ਸੋਚ ਵੀ ਨਹੀਂ ਸਕਦੇ!

 ਅਸਤਰ ਦੀ ਨਿਹਚਾ ਦੀ ਪਰਖ

18. (ੳ) ਮਾਰਦਕਈ ਨੇ ਹਾਮਾਨ ਅੱਗੇ ਝੁਕਣ ਤੋਂ ਸ਼ਾਇਦ ਕਿਉਂ ਇਨਕਾਰ ਕੀਤਾ ਸੀ? (ਫੁਟਨੋਟ ਵੀ ਦੇਖੋ।) (ਅ) ਅੱਜ ਨਿਹਚਾ ਰੱਖਣ ਵਾਲੇ ਆਦਮੀ ਤੇ ਔਰਤਾਂ ਮਾਰਦਕਈ ਦੀ ਰੀਸ ਕਿਵੇਂ ਕਰਦੇ ਹਨ?

18 ਅਹਸ਼ਵੇਰੋਸ਼ ਦੇ ਦਰਬਾਰ ਵਿਚ ਹਾਮਾਨ ਨਾਂ ਦੇ ਇਕ ਆਦਮੀ ਨੂੰ ਵੱਡੀ ਪਦਵੀ ਦਿੱਤੀ ਗਈ ਸੀ। ਪ੍ਰਧਾਨ ਮੰਤਰੀ ਹੋਣ ਕਰਕੇ ਉਹ ਰਾਜੇ ਦਾ ਮੁੱਖ ਸਲਾਹਕਾਰ ਅਤੇ ਉਸ ਤੋਂ ਦੂਜੇ ਦਰਜੇ ’ਤੇ ਸੀ। ਰਾਜੇ ਨੇ ਇੱਥੋਂ ਤਕ ਐਲਾਨ ਕੀਤਾ ਸੀ ਕਿ ਹਰ ਕੋਈ ਹਾਮਾਨ ਨੂੰ ਝੁਕ ਕੇ ਸਲਾਮ ਕਰੇ। (ਅਸ. 3:1-4) ਇਸ ਹੁਕਮ ਕਰਕੇ ਮਾਰਦਕਈ ਲਈ ਇਕ ਮੁਸ਼ਕਲ ਖੜ੍ਹੀ ਹੋਈ। ਉਹ ਰਾਜੇ ਦਾ ਆਗਿਆਕਾਰ ਸੇਵਕ ਸੀ, ਪਰ ਇਹ ਹੁਕਮ ਮੰਨ ਕੇ ਉਹ ਹਰਗਿਜ਼ ਯਹੋਵਾਹ ਦਾ ਅਪਮਾਨ ਨਹੀਂ ਕਰਨਾ ਚਾਹੁੰਦਾ ਸੀ। ਹਾਮਾਨ ਇਕ ਅਗਾਗੀ ਸੀ ਜਿਸ ਦਾ ਮਤਲਬ ਹੈ ਕਿ ਉਹ ਅਮਾਲੇਕੀ ਰਾਜੇ ਅਗਾਗ ਦੀ ਪੀੜ੍ਹੀ ਵਿੱਚੋਂ ਸੀ ਜਿਸ ਨੂੰ ਪਰਮੇਸ਼ੁਰ ਦੇ ਨਬੀ ਸਮੂਏਲ ਨੇ ਮਾਰਿਆ ਸੀ। (1 ਸਮੂ. 15:33) ਅਮਾਲੇਕੀ ਇੰਨੇ ਜ਼ਿਆਦਾ ਦੁਸ਼ਟ ਸਨ ਕਿ ਉਨ੍ਹਾਂ ਨੇ ਯਹੋਵਾਹ ਤੇ ਇਜ਼ਰਾਈਲ ਨਾਲ ਦੁਸ਼ਮਣੀ ਮੁੱਲ ਲਈ ਸੀ। ਇਸ ਕਰਕੇ ਪਰਮੇਸ਼ੁਰ ਨੇ ਅਮਾਲੇਕੀਆਂ ਦਾ ਨਾਮੋ-ਨਿਸ਼ਾਨ ਮਿਟਾਉਣ ਦਾ ਫ਼ੈਸਲਾ ਕੀਤਾ ਸੀ। * (ਬਿਵ. 25:19) ਤਾਂ ਫਿਰ ਜ਼ਰਾ ਸੋਚੋ ਕਿ ਇਕ ਵਫ਼ਾਦਾਰ ਯਹੂਦੀ ਇਕ ਅਮਾਲੇਕੀ ਦੇ ਅੱਗੇ ਕਿਵੇਂ ਝੁਕ ਸਕਦਾ ਸੀ। ਮਾਰਦਕਈ ਇੱਦਾਂ ਕਰ ਹੀ ਨਹੀਂ ਸਕਦਾ ਸੀ। ਉਹ ਹਾਮਾਨ ਦੇ ਅੱਗੇ ਨਹੀਂ ਝੁਕਿਆ। ਹੁਣ ਤਕ ਬਹੁਤ ਸਾਰੇ ਨਿਹਚਾ ਰੱਖਣ ਵਾਲੇ ਆਦਮੀਆਂ ਤੇ ਔਰਤਾਂ ਨੇ ਆਪਣੀਆਂ ਜਾਨਾਂ ਦਾਅ ’ਤੇ ਲਾ ਕੇ ਇਸ ਅਸੂਲ ਨੂੰ ਮੰਨਿਆ ਹੈ: ‘ਅਸੀਂ ਇਨਸਾਨਾਂ ਦੀ ਬਜਾਇ ਪਰਮੇਸ਼ੁਰ ਦਾ ਹੀ ਹੁਕਮ ਮੰਨਾਂਗੇ।’​—ਰਸੂ. 5:29.

19. ਹਾਮਾਨ ਕੀ ਕਰਨਾ ਚਾਹੁੰਦਾ ਸੀ ਅਤੇ ਉਸ ਨੇ ਰਾਜੇ ਨੂੰ ਕਿੱਦਾਂ ਭਰਮਾਇਆ ਸੀ?

19 ਹਾਮਾਨ ਗੁੱਸੇ ਵਿਚ ਲਾਲ-ਪੀਲਾ ਹੋ ਗਿਆ। ਉਹ ਸਿਰਫ਼ ਮਾਰਦਕਈ ਦਾ ਹੀ ਨਹੀਂ, ਸਗੋਂ ਸਾਰੇ ਯਹੂਦੀਆਂ ਦਾ ਨਾਮੋ-ਨਿਸ਼ਾਨ ਮਿਟਾਉਣਾ ਚਾਹੁੰਦਾ ਸੀ। ਹਾਮਾਨ ਨੇ ਯਹੂਦੀਆਂ ਵਿਰੁੱਧ ਰਾਜੇ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਉਸ ਨੇ ਬੜੀ ਚਲਾਕੀ ਨਾਲ ਯਹੂਦੀ ਕੌਮ ਦਾ ਨਾਂ ਲਏ ਬਿਨਾਂ ਹੀ ਰਾਜੇ ਨੂੰ ਦੱਸਿਆ ਕਿ ਇਹ ਕੌਮ ਰਾਜੇ ਦੇ ਕਿਸੇ ਕੰਮ ਦੀ ਨਹੀਂ ਸੀ ਜੋ “ਸਾਰੀਆਂ ਉੱਮਤਾਂ ਵਿੱਚ ਖਿੱਲਰੀ ਅਤੇ ਫੈਲੀ ਹੋਈ” ਸੀ। ਉਸ ਨੇ ਸਭ ਤੋਂ ਵੱਡਾ ਇਲਜ਼ਾਮ ਇਹ ਲਾਇਆ ਕਿ ਇਹ ਕੌਮ ਰਾਜੇ ਦੇ ਹੁਕਮ ਨਹੀਂ ਮੰਨਦੀ ਸੀ ਜਿਸ ਕਰਕੇ ਰਾਜੇ ਨੂੰ ਉਨ੍ਹਾਂ ਤੋਂ ਖ਼ਤਰਾ ਸੀ। ਉਸ ਨੇ ਰਾਜੇ ਨੂੰ ਕਿਹਾ ਕਿ ਦੇਸ਼ ਵਿੱਚੋਂ ਯਹੂਦੀਆਂ ਨੂੰ ਮਾਰ-ਮੁਕਾਉਣ ਦਾ ਸਾਰਾ ਖ਼ਰਚਾ ਉਹ ਆਪ ਦੇਵੇਗਾ। * ਰਾਜਾ ਅਹਸ਼ਵੇਰੋਸ਼ ਨੇ ਆਪਣੀ ਮੋਹਰ ਵਾਲੀ ਅੰਗੂਠੀ ਲਾਹ ਕੇ ਹਾਮਾਨ ਨੂੰ ਦੇ ਦਿੱਤੀ ਜਿਹੜੀ ਇਸ ਗੱਲ ਦੀ ਨਿਸ਼ਾਨੀ ਸੀ ਕਿ ਹਾਮਾਨ ਜੋ ਕਰਨਾ ਚਾਹੁੰਦਾ ਸੀ, ਕਰ ਸਕਦਾ ਸੀ।​—ਅਸ. 3:5-10.

20, 21. (ੳ) ਹਾਮਾਨ ਦੇ ਐਲਾਨ ਦਾ ਫ਼ਾਰਸੀ ਸਾਮਰਾਜ ਵਿਚ ਰਹਿੰਦੇ ਯਹੂਦੀਆਂ ਅਤੇ ਮਾਰਦਕਈ ’ਤੇ ਕੀ ਅਸਰ ਪਿਆ? (ਅ) ਮਾਰਦਕਈ ਨੇ ਅਸਤਰ ਨੂੰ ਕੀ ਕਰਨ ਲਈ ਕਿਹਾ?

20 ਜਲਦੀ ਹੀ ਘੋੜਸਵਾਰਾਂ ਨੇ ਫ਼ਾਰਸੀ ਸਾਮਰਾਜ ਦੇ ਕੋਨੇ-ਕੋਨੇ ਵਿਚ ਰਾਜੇ ਦੇ ਇਸ  ਹੁਕਮ ਦਾ ਐਲਾਨ ਕੀਤਾ ਕਿ ਯਹੂਦੀਆਂ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇ। ਜਦੋਂ ਇਹ ਹੁਕਮ ਦੂਰ ਯਰੂਸ਼ਲਮ ਵਿਚ ਪਹੁੰਚਿਆ, ਤਾਂ ਕਲਪਨਾ ਕਰੋ ਕਿ ਉੱਥੇ ਰਹਿੰਦੇ ਯਹੂਦੀਆਂ ਉੱਤੇ ਕੀ ਅਸਰ ਪਿਆ ਹੋਣਾ। ਕੁਝ ਯਹੂਦੀ ਬਾਬਲ ਦੀ ਗ਼ੁਲਾਮੀ ਤੋਂ ਵਾਪਸ ਆ ਕੇ ਯਰੂਸ਼ਲਮ ਸ਼ਹਿਰ ਨੂੰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ ਜਿਸ ਦੇ ਆਲੇ-ਦੁਆਲੇ ਅਜੇ ਤਕ ਵੀ ਕੋਈ ਕੰਧ ਨਹੀਂ ਸੀ। ਸ਼ਾਇਦ ਮਾਰਦਕਈ ਨੇ ਉਨ੍ਹਾਂ ਬਾਰੇ ਸੋਚਿਆ ਹੋਣਾ ਅਤੇ ਉਸ ਨੂੰ ਸ਼ੂਸ਼ਨ ਵਿਚ ਰਹਿੰਦੇ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਦੀ ਵੀ ਚਿੰਤਾ ਹੋਈ ਹੋਣੀ। ਇਹ ਖ਼ਬਰ ਸੁਣ ਕੇ ਉਸ ਦਾ ਮਨ ਇੰਨਾ ਕਲਪ ਉੱਠਿਆ ਕਿ ਉਸ ਨੇ ਆਪਣੇ ਕੱਪੜੇ ਪਾੜ ਕੇ ਤੱਪੜ ਪਾ ਲਿਆ ਤੇ ਸਿਰ ’ਤੇ ਸੁਆਹ ਪਾ ਕੇ ਸ਼ਹਿਰ ਵਿਚ ਉੱਚੀ-ਉੱਚੀ ਰੋਇਆ-ਕੁਰਲਾਇਆ। ਉਸ ਵੇਲੇ ਹਾਮਾਨ ਰਾਜੇ ਨਾਲ ਬੈਠ ਕੇ ਸ਼ਰਾਬ ਪੀ ਰਿਹਾ ਸੀ ਤੇ ਉਸ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਸੀ ਕਿ ਉਸ ਕਰਕੇ ਕਿੰਨੇ ਘਰਾਂ ਵਿਚ ਮਾਤਮ ਛਾ ਗਿਆ ਸੀ।​—⁠ਅਸਤਰ 3:12–4:1 ਪੜ੍ਹੋ।

21 ਮਾਰਦਕਈ ਜਾਣਦਾ ਸੀ ਕਿ ਉਸ ਨੂੰ ਯਹੂਦੀਆਂ ਨੂੰ ਬਚਾਉਣ ਲਈ ਕੁਝ ਕਰਨਾ ਪੈਣਾ ਸੀ। ਪਰ ਉਹ ਕੀ ਕਰ ਸਕਦਾ ਸੀ? ਜਦੋਂ ਅਸਤਰ ਨੇ ਉਸ ਦੇ ਦਿਲ ਦੀ ਪੀੜ ਬਾਰੇ ਸੁਣਿਆ, ਤਾਂ ਉਸ ਨੇ ਉਸ ਲਈ ਕੱਪੜੇ ਭੇਜੇ, ਪਰ ਮਾਰਦਕਈ ਚਾਹੁੰਦਾ ਸੀ ਕਿ ਉਸ ਨੂੰ ਉਸ ਦੇ ਹਾਲ ’ਤੇ ਛੱਡ ਦਿੱਤਾ ਜਾਵੇ। ਪਹਿਲਾਂ ਉਸ ਨੇ ਸ਼ਾਇਦ ਕਈ ਵਾਰ ਸੋਚਿਆ ਹੋਣਾ ਕਿ ਯਹੋਵਾਹ ਪਰਮੇਸ਼ੁਰ ਨੇ ਉਸ ਦੀ ਪਿਆਰੀ ਭੈਣ ਅਸਤਰ ਨੂੰ ਉਸ ਤੋਂ ਦੂਰ ਹੋਣ ਅਤੇ ਝੂਠੇ ਦੇਵੀ-ਦੇਵਤਿਆਂ ਦੀ ਪੂਜਾ ਕਰਨ ਵਾਲੇ ਰਾਜੇ ਦੀ ਰਾਣੀ ਕਿਉਂ ਬਣਨ ਦਿੱਤਾ। ਪਰ ਹੁਣ  ਸ਼ਾਇਦ ਉਸ ਨੂੰ ਕਾਰਨ ਸਮਝ ਆਉਣ ਲੱਗ ਪਿਆ ਸੀ। ਮਾਰਦਕਈ ਨੇ ਰਾਣੀ ਨੂੰ ਸੁਨੇਹਾ ਭੇਜਿਆ ਕਿ ਉਹ ਰਾਜੇ ਕੋਲ “ਆਪਣੀ ਉੱਮਤ ਲਈ ਬੇਨਤੀ ਕਰੇ।”​—⁠ਅਸ. 4:4-8.

22. ਅਸਤਰ ਰਾਜੇ ਦੇ ਸਾਮ੍ਹਣੇ ਜਾਣ ਤੋਂ ਕਿਉਂ ਡਰਦੀ ਸੀ? (ਫੁਟਨੋਟ ਵੀ ਦੇਖੋ।)

22 ਮਾਰਦਕਈ ਦਾ ਸੰਦੇਸ਼ ਸੁਣ ਕੇ ਅਸਤਰ ਦਾ ਵੀ ਜੀਅ ਡੁੱਬ ਗਿਆ ਹੋਣਾ। ਹੁਣ ਉਸ ਦੀ ਨਿਹਚਾ ਦੀ ਸਭ ਤੋਂ ਵੱਡੀ ਪਰੀਖਿਆ ਸੀ। ਉਸ ਨੇ ਮਾਰਦਕਈ ਦੀ ਗੱਲ ਦੇ ਜਵਾਬ ਵਿਚ ਆਪਣੇ ਡਰ ਦਾ ਕਾਰਨ ਦੱਸਿਆ। ਉਸ ਨੇ ਮਾਰਦਕਈ ਨੂੰ ਰਾਜੇ ਦਾ ਕਾਨੂੰਨ ਯਾਦ ਕਰਾਇਆ ਕਿ ਬਿਨਾਂ ਬੁਲਾਏ ਰਾਜੇ ਦੇ ਸਾਮ੍ਹਣੇ ਜਾਣ ਵਾਲੇ ਨੂੰ ਮੌਤ ਦੀ ਸਜ਼ਾ ਮਿਲਦੀ ਸੀ। ਪਰ ਜੇ ਰਾਜਾ ਆਪਣਾ ਸੋਨੇ ਦਾ ਰਾਜ-ਡੰਡਾ ਉਸ ਵੱਲ ਕਰਦਾ ਸੀ, ਤਾਂ ਉਸ ਨੂੰ ਮੌਤ ਦੀ ਸਜ਼ਾ ਨਹੀਂ ਮਿਲਦੀ ਸੀ। ਕੀ ਅਸਤਰ ਕੋਲ ਉਮੀਦ ਰੱਖਣ ਦਾ ਕੋਈ ਕਾਰਨ ਸੀ ਕਿ ਰਾਜਾ ਉਸ ਦੀ ਜਾਨ ਬਖ਼ਸ਼ ਦੇਵੇਗਾ? ਉਸ ਨੂੰ ਪਤਾ ਸੀ ਕਿ ਵਸ਼ਤੀ ਦਾ ਕੀ ਹਸ਼ਰ ਹੋਇਆ ਸੀ ਜਦੋਂ ਉਸ ਨੇ ਰਾਜੇ ਸਾਮ੍ਹਣੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਅਸਤਰ ਨੇ ਮਾਰਦਕਈ ਨੂੰ ਦੱਸਿਆ ਕਿ ਰਾਜੇ ਨੇ ਉਸ ਨੂੰ 30 ਦਿਨਾਂ ਤੋਂ ਆਪਣੇ ਕੋਲ ਨਹੀਂ ਬੁਲਾਇਆ ਸੀ! ਇਸ ਕਰਕੇ ਅਸਤਰ ਸ਼ਾਇਦ ਸੋਚਣ ਲੱਗ ਪਈ ਕਿ ਰਾਜਾ ਹੁਣ ਉਸ ਨੂੰ ਪਸੰਦ ਨਹੀਂ ਕਰਦਾ ਸੀ। *​—ਅਸ. 4:9-11.

23. (ੳ) ਅਸਤਰ ਦੀ ਨਿਹਚਾ ਪੱਕੀ ਕਰਨ ਲਈ ਮਾਰਦਕਈ ਨੇ ਕੀ ਕਿਹਾ? (ਅ) ਸਾਨੂੰ ਮਾਰਦਕਈ ਦੀ ਰੀਸ ਕਿਉਂ ਕਰਨੀ ਚਾਹੀਦੀ ਹੈ?

23 ਮਾਰਦਕਈ ਨੇ ਜਵਾਬ ਵਿਚ ਜੋ ਗੱਲ ਕਹੀ, ਉਹ ਸੁਣ ਕੇ ਅਸਤਰ ਦੀ ਨਿਹਚਾ ਪੱਕੀ ਹੋਈ। ਉਸ ਨੇ ਅਸਤਰ ਨੂੰ ਭਰੋਸਾ ਦਿਵਾਇਆ ਕਿ ਜੇ ਉਹ ਇਹ ਕੰਮ ਕਰਨ ਵਿਚ ਅਸਫ਼ਲ ਰਹੀ, ਤਾਂ ਯਹੂਦੀਆਂ ਨੂੰ ਕਿਸੇ ਹੋਰ ਰਾਹੀਂ ਮੁਕਤੀ ਤਾਂ ਮਿਲ ਹੀ ਜਾਵੇਗੀ। ਪਰ ਜੇ ਯਹੂਦੀਆਂ ਦਾ ਕਤਲਾਮ ਸ਼ੁਰੂ ਹੋ ਗਿਆ, ਤਾਂ ਅਸਤਰ ਨੇ ਆਪ ਵੀ ਨਹੀਂ ਬਚਣਾ ਸੀ। ਉਸ ਵੇਲੇ ਮਾਰਦਕਈ ਨੇ ਯਹੋਵਾਹ ’ਤੇ ਪੱਕੀ ਨਿਹਚਾ ਦਿਖਾਈ ਕਿਉਂਕਿ ਉਸ ਨੂੰ ਪਤਾ ਸੀ ਕਿ ਯਹੋਵਾਹ ਆਪਣੇ ਲੋਕਾਂ ਨੂੰ ਕਦੇ ਵੀ ਪੂਰੀ ਤਰ੍ਹਾਂ ਨਾਸ਼ ਨਹੀਂ ਹੋਣ ਦੇਵੇਗਾ ਤੇ ਆਪਣੇ ਵਾਅਦੇ ਜ਼ਰੂਰ ਪੂਰੇ ਕਰੇਗਾ। (ਯਹੋ. 23:14) ਫਿਰ ਮਾਰਦਕਈ ਨੇ ਅਸਤਰ ਨੂੰ ਪੁੱਛਿਆ: “ਕੀ  ਜਾਣੀਏ ਕਿ ਤੂੰ ਅਜੇਹੇ ਵੇਲੇ ਲਈ ਪਾਤਸ਼ਾਹੀ ਤੀਕ ਪੁੱਜੀ ਹੈਂ।” (ਅਸ. 4:12-14) ਉਸ ਨੇ ਆਪਣੇ ਪਰਮੇਸ਼ੁਰ ਯਹੋਵਾਹ ’ਤੇ ਪੂਰਾ ਭਰੋਸਾ ਰੱਖਿਆ। ਕੀ ਸਾਨੂੰ ਉਸ ਦੀ ਰੀਸ ਨਹੀਂ ਕਰਨੀ ਚਾਹੀਦੀ? ਕੀ ਪਰਮੇਸ਼ੁਰ ’ਤੇ ਸਾਡਾ ਭਰੋਸਾ ਪੱਕਾ ਹੈ?​—ਕਹਾ. 3:5, 6.

ਮਜ਼ਬੂਤ ਨਿਹਚਾ ਸਾਮ੍ਹਣੇ ਮੌਤ ਨੇ ਗੋਡੇ ਟੇਕੇ

24. ਅਸਤਰ ਨੇ ਨਿਹਚਾ ਤੇ ਦਲੇਰੀ ਕਿਵੇਂ ਦਿਖਾਈ?

24 ਹੁਣ ਅਸਤਰ ਲਈ ਫ਼ੈਸਲੇ ਦੀ ਘੜੀ ਆ ਪਹੁੰਚੀ। ਉਸ ਨੇ ਮਾਰਦਕਈ ਨੂੰ ਕਿਹਾ ਕਿ ਸਾਰੇ ਯਹੂਦੀ ਉਸ ਨਾਲ ਤਿੰਨ ਦਿਨ ਵਰਤ ਰੱਖਣ। ਉਸ ਨੇ ਕਿਹਾ: “ਜੇ ਮੈਂ ਮਿਟ ਗਈ ਤਾਂ ਮੈਂ ਮਿਟ ਗਈ।” (ਅਸ. 4:15-17) ਉਸ ਦੇ ਇਨ੍ਹਾਂ ਸ਼ਬਦਾਂ ਤੋਂ ਉਸ ਦੀ ਨਿਹਚਾ ਤੇ ਦਲੇਰੀ ਦਾ ਸਬੂਤ ਮਿਲਦਾ ਹੈ। ਉਸ ਨੇ ਉਨ੍ਹਾਂ ਤਿੰਨ ਦਿਨਾਂ ਵਿਚ ਜਿੰਨੀ ਪ੍ਰਾਰਥਨਾ ਕੀਤੀ, ਉੱਨੀ ਸ਼ਾਇਦ ਉਸ ਨੇ ਪਹਿਲਾਂ ਕਦੀ ਨਹੀਂ ਕੀਤੀ ਹੋਣੀ। ਅਖ਼ੀਰ ਰਾਜੇ ਸਾਮ੍ਹਣੇ ਪੇਸ਼ ਹੋਣ ਦਾ ਸਮਾਂ ਆ ਗਿਆ। ਉਸ ਨੇ ਰਾਜੇ ਨੂੰ ਖ਼ੁਸ਼ ਕਰਨ ਲਈ ਆਪਣਾ ਸ਼ਾਹੀ ਲਿਬਾਸ ਪਾਇਆ ਤੇ ਹਾਰ-ਸ਼ਿੰਗਾਰ ਕੀਤਾ। ਫਿਰ ਉਹ ਰਾਜੇ ਨੂੰ ਮਿਲਣ ਤੁਰ ਪਈ।

ਪਰਮੇਸ਼ੁਰ ਦੇ ਲੋਕਾਂ ਨੂੰ ਬਚਾਉਣ ਲਈ ਅਸਤਰ ਨੇ ਆਪਣੀ ਜ਼ਿੰਦਗੀ ਦਾਅ ’ਤੇ ਲਾ ਦਿੱਤੀ

25. ਦੱਸੋ ਕਿ ਆਪਣੇ ਪਤੀ ਦੇ ਸਾਮ੍ਹਣੇ ਪੇਸ਼ ਹੋਣ ਵੇਲੇ ਅਸਤਰ ਦੀ ਕੀ ਹਾਲਤ ਸੀ।

25 ਕਲਪਨਾ ਕਰੋ: ਅਸਤਰ ਰਾਜੇ ਦੇ ਦਰਬਾਰ ਵੱਲ ਨੂੰ ਜਾ ਰਹੀ ਹੈ। ਉਸ ਦਾ ਦਿਲ ਡਰ ਦੇ ਮਾਰੇ ਜ਼ੋਰ-ਜ਼ੋਰ ਨਾਲ ਧੜਕ ਰਿਹਾ ਹੈ। ਉਹ ਤੁਰੀ ਜਾਂਦੀ ਲਗਾਤਾਰ ਪ੍ਰਾਰਥਨਾ ਕਰ ਰਹੀ ਹੈ। ਫਿਰ ਉਹ ਵਿਹੜੇ ਵਿਚ ਆਉਂਦੀ ਹੈ ਜਿੱਥੋਂ ਉਹ ਰਾਜੇ ਦਾ ਸਿੰਘਾਸਣ ਦੇਖ ਸਕਦੀ ਹੈ। ਉਹ ਰਾਜੇ ਦੇ ਚਿਹਰੇ ਦੇ ਹਾਵ-ਭਾਵ ਪੜ੍ਹਨ ਦੀ ਕੋਸ਼ਿਸ਼ ਕਰਦੀ ਹੈ। ਪਲ-ਪਲ ਇੰਤਜ਼ਾਰ ਕਰਨਾ ਔਖਾ ਹੋ ਰਿਹਾ ਹੈ। ਫਿਰ ਉਸ ਦੇ ਪਤੀ ਦੀ ਨਜ਼ਰ ਉਸ ’ਤੇ ਪੈਂਦੀ ਹੈ। ਉਹ ਉਸ ਨੂੰ ਦੇਖ ਕੇ ਹੈਰਾਨ ਰਹਿ ਜਾਂਦਾ ਹੈ, ਪਰ ਫਿਰ ਉਸ ਦੇ ਚਿਹਰੇ ਦੇ ਹਾਵ-ਭਾਵ ਇਕਦਮ ਬਦਲ ਜਾਂਦੇ ਹਨ। ਉਹ ਆਪਣਾ ਸੋਨੇ ਦਾ ਰਾਜ-ਡੰਡਾ ਉਸ ਵੱਲ ਵਧਾਉਂਦਾ ਹੈ।​—ਅਸ. 5:1, 2.

26. ਸੱਚੇ ਮਸੀਹੀਆਂ ਨੂੰ ਅਸਤਰ ਵਾਂਗ ਦਲੇਰੀ ਦਿਖਾਉਣ ਦੀ ਕਿਉਂ ਲੋੜ ਹੈ ਅਤੇ ਉਸ ਦੀ ਜ਼ਿੰਮੇਵਾਰੀ ਅਜੇ ਖ਼ਤਮ ਕਿਉਂ ਨਹੀਂ ਹੋਈ ਸੀ?

26 ਰਾਜੇ ਨੇ ਅਸਤਰ ਨੂੰ ਆਪਣੀ ਗੱਲ ਕਹਿਣ ਦੀ ਇਜਾਜ਼ਤ ਦੇ ਦਿੱਤੀ। ਅਸਤਰ ਨੇ ਆਪਣੇ ਪਰਮੇਸ਼ੁਰ ਤੇ ਲੋਕਾਂ ਲਈ ਆਪਣੀ ਜਾਨ ਜੋਖਮ ਵਿਚ ਪਾਈ। ਇਸ ਤਰ੍ਹਾਂ ਉਸ ਨੇ ਪਰਮੇਸ਼ੁਰ ਦੇ ਸਾਰੇ ਵਫ਼ਾਦਾਰ ਸੇਵਕਾਂ ਲਈ ਨਿਹਚਾ ਦੀ ਮਿਸਾਲ ਕਾਇਮ ਕੀਤੀ। ਅੱਜ ਸੱਚੇ ਮਸੀਹੀ ਇਸ ਤਰ੍ਹਾਂ ਦੀਆਂ ਮਿਸਾਲਾਂ ਦੀ ਰੀਸ ਕਰਦੇ ਹਨ। ਯਿਸੂ ਮਸੀਹ ਨੇ ਕਿਹਾ ਸੀ ਕਿ ਨਿਰਸੁਆਰਥ ਪਿਆਰ ਸੱਚੇ ਮਸੀਹੀਆਂ ਦੀ ਪਛਾਣ ਹੋਵੇਗੀ। (ਯੂਹੰਨਾ 13:34, 35 ਪੜ੍ਹੋ।) ਨਿਰਸੁਆਰਥ ਪਿਆਰ ਦਿਖਾਉਣ ਲਈ ਅਸਤਰ ਵਾਂਗ ਦਲੇਰ ਬਣਨ ਦੀ ਲੋੜ ਪੈਂਦੀ ਹੈ। ਭਾਵੇਂ ਕਿ ਉਸ ਦਿਨ ਅਸਤਰ ਪਰਮੇਸ਼ੁਰ ਦੇ ਲੋਕਾਂ ਦੇ ਪੱਖ ਵਿਚ ਖੜ੍ਹੀ ਹੋ ਗਈ ਸੀ, ਪਰ ਉਸ ਦੀ ਜ਼ਿੰਮੇਵਾਰੀ ਅਜੇ ਖ਼ਤਮ ਨਹੀਂ ਹੋਈ ਸੀ। ਉਹ ਰਾਜੇ ਨੂੰ ਕਿਵੇਂ ਭਰੋਸਾ ਦਿਵਾ ਸਕਦੀ ਸੀ ਕਿ ਉਸ ਦਾ ਕਰੀਬੀ ਸਲਾਹਕਾਰ ਹਾਮਾਨ ਘਟੀਆ ਚਾਲਾਂ ਘੜਨ ਵਾਲਾ ਦੁਸ਼ਟ ਇਨਸਾਨ ਸੀ? ਉਹ ਆਪਣੇ ਲੋਕਾਂ ਨੂੰ ਬਚਾਉਣ ਲਈ ਕੀ ਕਰ ਸਕਦੀ ਸੀ? ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਅਗਲੇ ਪਾਠ ਵਿਚ ਦੇਖਾਂਗੇ।

^ ਪੈਰਾ 2 ਮੰਨਿਆ ਜਾਂਦਾ ਹੈ ਕਿ ਅਹਸ਼ਵੇਰੋਸ਼ ਹੀ ਜ਼ਰਕਸੀਜ਼ ਪਹਿਲਾ ਹੈ ਜਿਸ ਨੇ 496 ਈ. ਪੂ. ਵਿਚ ਫ਼ਾਰਸ ’ਤੇ ਰਾਜ ਕਰਨਾ ਸ਼ੁਰੂ ਕੀਤਾ ਸੀ।

^ ਪੈਰਾ 9 16ਵੇਂ ਅਧਿਆਇ ਵਿਚ “ਅਸਤਰ ਬਾਰੇ ਸਵਾਲ” ਨਾਂ ਦੀ ਡੱਬੀ ਦੇਖੋ।

^ ਪੈਰਾ 18 ਰਾਜਾ ਹਿਜ਼ਕੀਯਾਹ ਦੇ ਦਿਨਾਂ ਵਿਚ ਜ਼ਿਆਦਾਤਰ ਅਮਾਲੇਕੀਆਂ ਨੂੰ ਮਾਰ ਦਿੱਤਾ ਗਿਆ ਸੀ। ਲੱਗਦਾ ਹੈ ਕਿ ਹਾਮਾਨ ਬਾਕੀ ਬਚੇ ਕੁਝ ਅਮਾਲੇਕੀਆਂ ਵਿੱਚੋਂ ਸੀ।—1 ਇਤ. 4:43.

^ ਪੈਰਾ 19 ਹਾਮਾਨ ਨੇ ਰਾਜੇ ਨੂੰ ਚਾਂਦੀ ਦੇ 10,000 ਤੋੜੇ ਪੇਸ਼ ਕੀਤੇ ਜਿਨ੍ਹਾਂ ਦੀ ਕੀਮਤ ਅੱਜ ਕਰੋੜਾਂ-ਅਰਬਾਂ ਰੁਪਏ ਹੈ। ਜੇ ਅਹਸ਼ਵੇਰੋਸ਼ ਹੀ ਜ਼ਰਕਸੀਜ਼ ਪਹਿਲਾ ਸੀ, ਤਾਂ ਸ਼ਾਇਦ ਉਸ ਨੂੰ ਹਾਮਾਨ ਦੀ ਪੇਸ਼ਕਸ਼ ਵਧੀਆ ਲੱਗੀ ਹੋਣੀ। ਕਿਉਂ? ਕਿਉਂਕਿ ਜ਼ਰਕਸੀਜ਼ ਨੂੰ ਯੂਨਾਨ ਨਾਲ ਲੜਨ ਲਈ ਬਹੁਤ ਸਾਰੇ ਪੈਸੇ ਦੀ ਲੋੜ ਸੀ। ਇਸ ਲੜਾਈ ਵਿਚ ਉਹ ਯੂਨਾਨ ਦੇ ਹੱਥੋਂ ਹਾਰ ਗਿਆ।

^ ਪੈਰਾ 22 ਜ਼ਰਕਸੀਜ਼ ਪਹਿਲਾ ਝੱਟ ਗੁੱਸੇ ਵਿਚ ਪਾਗਲ ਹੋ ਜਾਂਦਾ ਸੀ ਤੇ ਹਿੰਸਕ ਬਣ ਜਾਂਦਾ ਸੀ। ਯੂਨਾਨੀ ਇਤਿਹਾਸਕਾਰ ਹੈਰੋਡੋਟਸ ਨੇ ਜ਼ਰਕਸੀਜ਼ ਦੇ ਯੂਨਾਨ ਵਿਰੁੱਧ ਕੀਤੇ ਯੁੱਧਾਂ ਦੀਆਂ ਕੁਝ ਮਿਸਾਲਾਂ ਦਿੱਤੀਆਂ। ਰਾਜੇ ਨੇ ਹੁਕਮ ਦਿੱਤਾ ਕਿ ਜਹਾਜ਼ਾਂ ਨੂੰ ਜੋੜ ਕੇ ਹੇਲੇਸਪੋਂਟ ਨਾਂ ਦੀ ਇਕ ਸਮੁੰਦਰੀ ਖਾੜੀ ’ਤੇ ਇਕ ਪੁਲ ਬਣਾਇਆ ਜਾਵੇ। ਜਦੋਂ ਤੂਫ਼ਾਨ ਕਰਕੇ ਪੁਲ ਟੁੱਟ ਗਿਆ, ਤਾਂ ਜ਼ਰਕਸੀਜ਼ ਨੇ ਹੁਕਮ ਦਿੱਤਾ ਕਿ ਇੰਜੀਨੀਅਰਾਂ ਦੇ ਸਿਰ ਵੱਢ ਦਿੱਤੇ ਜਾਣ। ਉਸ ਨੇ ਇਹ ਵੀ ਹੁਕਮ ਦਿੱਤਾ ਕਿ ਹੇਲੇਸਪੋਂਟ ਦੇ ਖ਼ਿਲਾਫ਼ ਅਪਮਾਨਜਨਕ ਸੰਦੇਸ਼ ਪੜ੍ਹਿਆ ਜਾਵੇ ਅਤੇ ਪਾਣੀ ਨੂੰ ਕੋਰੜੇ ਮਾਰ ਕੇ ਸਜ਼ਾ ਦਿੱਤੀ ਜਾਵੇ। ਇਸੇ ਯੁੱਧ ਵਿਚ ਜਦੋਂ ਇਕ ਅਮੀਰ ਆਦਮੀ ਨੇ ਬੇਨਤੀ ਕੀਤੀ ਕਿ ਉਸ ਦੇ ਮੁੰਡੇ ਨੂੰ ਫ਼ੌਜ ਵਿਚ ਭਰਤੀ ਨਾ ਕੀਤਾ ਜਾਵੇ, ਤਾਂ ਜ਼ਰਕਸੀਜ਼ ਨੇ ਮੁੰਡੇ ਦੇ ਦੋ ਟੋਟੇ ਕਰ ਕੇ ਦੂਜਿਆਂ ਨੂੰ ਚੇਤਾਵਨੀ ਦੇਣ ਲਈ ਟੰਗ ਦਿੱਤੇ।