Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ

ਪ੍ਰਬੰਧਕ ਸਭਾ ਵੱਲੋਂ ਚਿੱਠੀ

ਪ੍ਰਬੰਧਕ ਸਭਾ ਵੱਲੋਂ ਚਿੱਠੀ

ਪਿਆਰੇ ਭੈਣੋ ਤੇ ਭਰਾਵੋ:

ਪਹਿਰਾਬੁਰਜ ਦੇ ਪਬਲਿਕ ਐਡੀਸ਼ਨ ਦੇ ਪਹਿਲੇ ਅੰਕ, 1 ਜਨਵਰੀ 2008 ਤੋਂ ਮਜ਼ੇਦਾਰ ਲੜੀਵਾਰ ਲੇਖ ਛਪਣੇ ਸ਼ੁਰੂ ਹੋਏ ਸਨ ਜਿਨ੍ਹਾਂ ਦਾ ਵਿਸ਼ਾ ਹੈ: “ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ।” ਉਸ ਸਮੇਂ ਤੋਂ ਇਸ ਲੜੀ ਵਿਚ ਕਈ ਲੇਖ ਛਾਪੇ ਗਏ ਜਿਨ੍ਹਾਂ ਨੂੰ ਪੜ੍ਹ ਕੇ ਸਾਨੂੰ ਖ਼ੁਸ਼ੀ ਮਿਲੀ।

ਕਈਆਂ ਨੂੰ ਇਹ ਲੇਖ ਪੜ੍ਹ ਕੇ ਕਿਵੇਂ ਲੱਗਾ? ਇਕ ਔਰਤ ਨੇ ਮਾਰਥਾ ਬਾਰੇ ਲੇਖ ਪੜ੍ਹਨ ਤੋਂ ਬਾਅਦ ਕਿਹਾ: “ਇਹ ਲੇਖ ਪੜ੍ਹ ਕੇ ਮੈਨੂੰ ਹਾਸਾ ਆ ਗਿਆ ਕਿਉਂਕਿ ਮੈਂ ਵੀ ਬਿਲਕੁਲ ਉਸ ਵਰਗੀ ਹਾਂ। ਮੈਨੂੰ ਪਰਾਹੁਣਚਾਰੀ ਕਰਨੀ ਬਹੁਤ ਪਸੰਦ ਹੈ। ਪਰ ਸਾਰਾ ਧਿਆਨ ਕੰਮ ਵਿਚ ਹੋਣ ਕਰਕੇ ਮੈਂ ਕਈ ਵਾਰ ਭੈਣਾਂ-ਭਰਾਵਾਂ ਨਾਲ ਬੈਠ ਕੇ ਗੱਲ ਕਰਨੀ ਭੁੱਲ ਜਾਂਦੀ ਹਾਂ।” ਇਕ ਨੌਜਵਾਨ ਕੁੜੀ ਨੇ ਅਸਤਰ ਦੀ ਕਹਾਣੀ ਪੜ੍ਹ ਕੇ ਇਹ ਦਿਲਚਸਪ ਗੱਲ ਕਹੀ: “ਸੱਚ ਦੱਸਾਂ ਤਾਂ ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡੇ ਕੋਲ ਜ਼ਿਆਦਾ ਤੋਂ ਜ਼ਿਆਦਾ ਅਤੇ ਨਵੇਂ ਤੋਂ ਨਵੇਂ ਫ਼ੈਸ਼ਨ ਦੇ ਕੱਪੜੇ ਹੋਣ। ਸਾਨੂੰ ਬਣ-ਠਣ ਕੇ ਤਾਂ ਰਹਿਣਾ ਚਾਹੀਦਾ, ਪਰ ਹੱਦੋਂ ਵੱਧ ਨਹੀਂ।” ਉਹ ਅੱਗੇ ਕਹਿੰਦੀ ਹੈ: “ਯਹੋਵਾਹ ਇਹ ਦੇਖਦਾ ਹੈ ਕਿ ਅਸੀਂ ਅੰਦਰੋਂ ਕਿਹੋ ਜਿਹੇ ਇਨਸਾਨ ਹਾਂ।” ਪਤਰਸ ਰਸੂਲ ਦੀ ਕਹਾਣੀ ਪੜ੍ਹਨ ਤੋਂ ਬਾਅਦ ਇਕ ਮਸੀਹੀ ਭੈਣ ਨੇ ਜੋਸ਼ ਨਾਲ ਕਿਹਾ: “ਇਹ ਕਹਾਣੀ ਪੜ੍ਹਦਿਆਂ ਮੈਂ ਇਸ ਵਿਚ ਇੰਨੀ ਖੁੱਭ ਗਈ ਕਿ ਮੈਨੂੰ ਲੱਗਾ ਕਿ ਮੈਂ ਵੀ ਉੱਥੇ ਹੀ ਸੀ। ਮੈਂ ਕਹਾਣੀ ਵਿਚ ਦੱਸੀਆਂ ਛੋਟੀਆਂ-ਛੋਟੀਆਂ ਗੱਲਾਂ ਦੀ ਵੀ ਮਨ ਵਿਚ ਤਸਵੀਰ ਬਣਾਈ।”

ਇਨ੍ਹਾਂ ਵਾਂਗ ਹੋਰ ਵੀ ਅਣਗਿਣਤ ਲੋਕਾਂ ਨੇ ਇਨ੍ਹਾਂ ਲੜੀਵਾਰ ਲੇਖਾਂ ਲਈ ਆਪਣੀ ਸ਼ੁਕਰਗੁਜ਼ਾਰੀ ਜ਼ਾਹਰ ਕਰਨ ਵਾਸਤੇ ਚਿੱਠੀਆਂ ਲਿਖੀਆਂ ਹਨ। ਇਹ ਚਿੱਠੀਆਂ ਸਦੀਆਂ ਪਹਿਲਾਂ ਪੌਲੁਸ ਰਸੂਲ ਦੁਆਰਾ ਲਿਖੀ ਇਸ ਗੱਲ ਨੂੰ ਸੱਚ ਸਾਬਤ ਕਰਦੀਆਂ ਹਨ: “ਜੋ ਵੀ ਪਹਿਲਾਂ ਲਿਖਿਆ ਗਿਆ ਸੀ, ਉਹ ਸਾਨੂੰ ਸਿੱਖਿਆ ਦੇਣ ਲਈ ਹੀ ਲਿਖਿਆ ਗਿਆ ਸੀ।” (ਰੋਮੀ. 15:4) ਜੀ ਹਾਂ, ਯਹੋਵਾਹ ਨੇ ਇਨ੍ਹਾਂ ਕਹਾਣੀਆਂ ਨੂੰ ਇਸ ਲਈ ਬਾਈਬਲ ਵਿਚ ਲਿਖਵਾਇਆ ਹੈ ਤਾਂਕਿ ਅਸੀਂ ਇਨ੍ਹਾਂ ਤੋਂ ਅਹਿਮ ਸਬਕ ਸਿੱਖ ਸਕੀਏ। ਭਾਵੇਂ ਅਸੀਂ ਜਿੰਨੇ ਮਰਜ਼ੀ ਸਾਲਾਂ ਤੋਂ ਸੱਚਾਈ ਵਿਚ ਹਾਂ, ਫਿਰ ਵੀ ਅਸੀਂ ਸਾਰੇ ਇਨ੍ਹਾਂ ਤੋਂ ਸਬਕ ਸਿੱਖ ਸਕਦੇ ਹਾਂ।

ਅਸੀਂ ਤੁਹਾਨੂੰ ਹੱਲਾਸ਼ੇਰੀ ਦਿੰਦੇ ਹਾਂ ਕਿ ਤੁਸੀਂ ਛੇਤੀ ਤੋਂ ਛੇਤੀ ਇਹ ਕਿਤਾਬ ਪੜ੍ਹੋ। ਪਰਿਵਾਰਕ ਸਟੱਡੀ ਦੌਰਾਨ ਬੱਚਿਆਂ ਨੂੰ ਇਹ ਕਿਤਾਬ ਪੜ੍ਹ ਕੇ ਮਜ਼ਾ ਆਵੇਗਾ। ਜਦੋਂ ਮੰਡਲੀ ਦੀ ਬਾਈਬਲ ਸਟੱਡੀ ਵਿਚ ਇਸ ਨੂੰ ਪੜ੍ਹਿਆ ਜਾਵੇਗਾ, ਤਾਂ ਹਰ ਹਫ਼ਤੇ ਹਾਜ਼ਰ ਹੋਣ ਦੀ ਕੋਸ਼ਿਸ਼ ਕਰੋ! ਕਾਹਲੀ-ਕਾਹਲੀ ਪੜ੍ਹਨ ਦੀ ਬਜਾਇ ਧਿਆਨ ਨਾਲ ਪੜ੍ਹੋ। ਘਟਨਾਵਾਂ ਦੀ ਕਲਪਨਾ ਕਰਦਿਆਂ ਬਾਈਬਲ ਦੇ ਪਾਤਰਾਂ ਦੀਆਂ ਭਾਵਨਾਵਾਂ ਨੂੰ ਸਮਝਣ ਅਤੇ ਉਨ੍ਹਾਂ ਦੀ ਨਜ਼ਰ ਤੋਂ ਹਰ ਚੀਜ਼ ਦੇਖਣ ਦੀ ਕੋਸ਼ਿਸ਼ ਕਰੋ। ਸੋਚੋ ਕਿ ਜੇ ਤੁਸੀਂ ਉਨ੍ਹਾਂ ਦੀ ਜਗ੍ਹਾ ਹੁੰਦੇ, ਤਾਂ ਤੁਸੀਂ ਕੀ ਕਰਦੇ।

ਇਹ ਕਿਤਾਬ ਤੁਹਾਨੂੰ ਦੇ ਕੇ ਸਾਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਸਾਡੀ ਦੁਆ ਹੈ ਕਿ ਇਹ ਕਿਤਾਬ ਤੁਹਾਡੇ ਤੇ ਤੁਹਾਡੇ ਪਰਿਵਾਰ ਲਈ ਫ਼ਾਇਦੇਮੰਦ ਸਾਬਤ ਹੋਵੇ। ਸਾਡੇ ਵੱਲੋਂ ਤੁਹਾਨੂੰ ਬਹੁਤ-ਬਹੁਤ ਪਿਆਰ,

ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ