Skip to content

Skip to table of contents

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

 ਪਾਠ 2

ਉਹ “ਪਰਮੇਸ਼ੁਰ ਦੇ ਨਾਲ ਨਾਲ ਚਲਦਾ ਸੀ”

ਉਹ “ਪਰਮੇਸ਼ੁਰ ਦੇ ਨਾਲ ਨਾਲ ਚਲਦਾ ਸੀ”

1, 2. ਨੂਹ ਅਤੇ ਉਸ ਦਾ ਪਰਿਵਾਰ ਕਿਹੜੇ ਕੰਮ ਵਿਚ ਲੱਗਾ ਹੋਇਆ ਸੀ ਅਤੇ ਉਨ੍ਹਾਂ ਨੂੰ ਕਿਹੜੀਆਂ ਕੁਝ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈ ਰਿਹਾ ਸੀ?

ਨੂਹ ਕੰਮ ਕਰਦਿਆਂ ਥੱਕ ਕੇ ਚੂਰ ਹੋ ਚੁੱਕਾ ਹੈ। ਉਹ ਦੋ ਘੜੀਆਂ ਆਰਾਮ ਕਰਨ ਲਈ ਇਕ ਵੱਡੇ ਸਾਰੇ ਸ਼ਤੀਰ ’ਤੇ ਬੈਠ ਜਾਂਦਾ ਹੈ ਅਤੇ ਟਿਕਟਿਕੀ ਲਾ ਕੇ ਕਿਸ਼ਤੀ ਦੇ ਢਾਂਚੇ ਨੂੰ ਦੇਖਦਾ ਹੈ। ਸਾਰੇ ਪਾਸੇ ਲੁੱਕ ਦਾ ਮੁਸ਼ਕ ਫੈਲਿਆ ਹੋਇਆ ਹੈ ਤੇ ਚਾਰੇ ਪਾਸਿਓਂ ਔਜ਼ਾਰਾਂ ਦੀ ਆਵਾਜ਼ ਆ ਰਹੀ ਹੈ। ਉਸ ਦੇ ਪੁੱਤਰ ਕਿਸ਼ਤੀ ਬਣਾਉਣ ਵਿਚ ਸਖ਼ਤ ਮਿਹਨਤ ਕਰ ਰਹੇ ਹਨ। ਉਹ, ਉਸ ਦੀ ਪਤਨੀ, ਉਸ ਦੇ ਪੁੱਤਰ ਤੇ ਉਸ ਦੀਆਂ ਨੂੰਹਾਂ ਸਾਰੇ ਰਲ਼ ਕੇ ਕਈ ਦਹਾਕਿਆਂ ਤੋਂ ਕਿਸ਼ਤੀ ਬਣਾਉਣ ਵਿਚ ਹੱਡ-ਤੋੜ ਮਿਹਨਤ ਕਰ ਰਹੇ ਹਨ। ਭਾਵੇਂ ਉਨ੍ਹਾਂ ਨੇ ਕਾਫ਼ੀ ਕੰਮ ਕਰ ਲਿਆ ਹੈ, ਪਰ ਅਜੇ ਬਹੁਤ ਕੰਮ ਬਾਕੀ ਹੈ!

2 ਆਲੇ-ਦੁਆਲੇ ਦੇ ਲੋਕ ਸੋਚ ਰਹੇ ਹਨ ਕਿ ਨੂਹ ਤੇ ਉਸ ਦਾ ਪਰਿਵਾਰ ਬੇਵਕੂਫ਼ ਹੈ। ਜਿੰਨਾ ਜ਼ਿਆਦਾ ਕਿਸ਼ਤੀ ਬਣਾਉਣ ਦਾ ਕੰਮ ਪੂਰਾ ਹੋ ਰਿਹਾ ਹੈ, ਉੱਨਾ ਜ਼ਿਆਦਾ ਲੋਕ ਉਨ੍ਹਾਂ ਦਾ ਮਜ਼ਾਕ ਉਡਾ ਰਹੇ ਹਨ। ਉਹ ਨੂਹ ਦੀ ਚੇਤਾਵਨੀ ਵੱਲ ਜ਼ਰਾ ਵੀ ਧਿਆਨ ਨਹੀਂ ਦੇ ਰਹੇ। ਉਨ੍ਹਾਂ ਦੇ ਭਾਣੇ ਪੂਰੀ ਧਰਤੀ ’ਤੇ ਜਲ-ਪਰਲੋ ਕਦੇ ਆ ਹੀ ਨਹੀਂ ਸਕਦੀ! ਉਹ ਸੋਚਦੇ ਹਨ ਕਿ ਨੂਹ ਤੇ ਉਸ ਦਾ ਪੂਰਾ ਪਰਿਵਾਰ ਕਿੰਨਾ ਮੂਰਖ ਹੈ ਕਿ ਉਹ ਸਾਰੇ ਇਸ ਫ਼ਜ਼ੂਲ ਦੇ ਕੰਮ ਵਿਚ ਆਪਣੀਆਂ ਜ਼ਿੰਦਗੀਆਂ ਬਰਬਾਦ ਕਰ ਰਹੇ ਹਨ। ਪਰ ਨੂਹ ਦਾ ਪਰਮੇਸ਼ੁਰ ਯਹੋਵਾਹ ਇਸ ਤਰ੍ਹਾਂ ਬਿਲਕੁਲ ਨਹੀਂ ਸੋਚਦਾ।

3. ਕਿਸ ਅਰਥ ਵਿਚ ਕਿਹਾ ਜਾ ਸਕਦਾ ਹੈ ਕਿ ਨੂਹ ਪਰਮੇਸ਼ੁਰ ਦੇ ਨਾਲ-ਨਾਲ ਚੱਲਿਆ?

3 ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: “ਨੂਹ ਪਰਮੇਸ਼ੁਰ ਦੇ ਨਾਲ ਨਾਲ ਚਲਦਾ ਸੀ।” (ਉਤਪਤ 6:9 ਪੜ੍ਹੋ।) ਇਸ ਦਾ ਕੀ ਮਤਲਬ ਹੈ? ਇਸ ਦਾ ਇਹ ਮਤਲਬ ਨਹੀਂ ਕਿ ਪਰਮੇਸ਼ੁਰ ਧਰਤੀ ’ਤੇ ਆ ਕੇ ਨੂਹ ਦੇ ਨਾਲ-ਨਾਲ ਚੱਲਿਆ ਸੀ ਜਾਂ ਨੂਹ ਸਵਰਗ ਨੂੰ ਗਿਆ ਸੀ। ਨੂਹ ਦਾ ਯਹੋਵਾਹ ਨਾਲ ਦੋਸਤਾਂ ਵਰਗਾ ਰਿਸ਼ਤਾ ਸੀ, ਇਸ ਕਰਕੇ ਉਹ ਪਰਮੇਸ਼ੁਰ ਦਾ ਹਰ ਹੁਕਮ ਮੰਨਦਾ ਸੀ ਤੇ ਉਸ ਨੂੰ ਦਿਲੋਂ ਪਿਆਰ ਕਰਦਾ ਸੀ। ਹਜ਼ਾਰਾਂ ਸਾਲਾਂ ਬਾਅਦ ਬਾਈਬਲ ਵਿਚ ਨੂਹ ਬਾਰੇ ਲਿਖਿਆ ਗਿਆ: “ਉਸ ਨੇ ਆਪਣੀ ਨਿਹਚਾ ਰਾਹੀਂ ਦਿਖਾਇਆ ਕਿ ਉਸ ਸਮੇਂ ਦੀ ਦੁਨੀਆਂ ਸਜ਼ਾ ਦੇ ਲਾਇਕ ਸੀ।” (ਇਬ. 11:7) ਆਓ ਆਪਾਂ ਦੇਖੀਏ ਕਿ ਉਸ ਨੇ ਆਪਣੀ ਨਿਹਚਾ ਰਾਹੀਂ ਦੁਨੀਆਂ ਨੂੰ ਦੋਸ਼ੀ ਕਿਵੇਂ ਠਹਿਰਾਇਆ ਅਤੇ ਅਸੀਂ ਉਸ ਦੀ ਨਿਹਚਾ ਤੋਂ ਕੀ ਸਿੱਖ ਸਕਦੇ ਹਾਂ।

ਦੁਸ਼ਟ ਦੁਨੀਆਂ ਵਿਚ ਨੇਕ ਆਦਮੀ

4, 5. ਨੂਹ ਦੇ ਦਿਨਾਂ ਵਿਚ ਦੁਨੀਆਂ ਬੁਰੀ ਤੋਂ ਬੁਰੀ ਕਿਉਂ ਹੁੰਦੀ ਗਈ?

4 ਨੂਹ ਨੇ ਛੋਟੀ ਉਮਰ ਤੋਂ ਹੀ ਦੇਖਿਆ ਸੀ ਕਿ ਦੁਨੀਆਂ ਦਿਨ-ਬਦਿਨ ਬੁਰੀ ਹੁੰਦੀ ਜਾ ਰਹੀ ਸੀ। ਉਸ ਦੇ ਪੜਦਾਦੇ ਹਨੋਕ ਦੇ ਜ਼ਮਾਨੇ ਵਿਚ ਵੀ ਦੁਨੀਆਂ ਬੁਰੀ ਸੀ। ਹਨੋਕ ਵੀ ਇਕ ਨੇਕ  ਇਨਸਾਨ ਸੀ ਜੋ ਯਹੋਵਾਹ ਦੇ ਨਾਲ-ਨਾਲ ਚੱਲਦਾ ਸੀ। ਹਨੋਕ ਨੇ ਭਵਿੱਖਬਾਣੀ ਕੀਤੀ ਸੀ ਕਿ ਉਸ ਦੇ ਜ਼ਮਾਨੇ ਦੇ ਲੋਕਾਂ ’ਤੇ ਪਰਮੇਸ਼ੁਰ ਦਾ ਕਹਿਰ ਟੁੱਟੇਗਾ। ਪਰ ਨੂਹ ਦੇ ਦਿਨਾਂ ਵਿਚ ਤਾਂ ਲੋਕ ਹੋਰ ਵੀ ਦੁਸ਼ਟ ਹੋ ਗਏ ਸਨ। ਦਰਅਸਲ, ਯਹੋਵਾਹ ਦੀਆਂ ਨਜ਼ਰਾਂ ਵਿਚ ਲੋਕ ਪੂਰੀ ਤਰ੍ਹਾਂ ਵਿਗੜੇ ਹੋਏ ਸਨ ਅਤੇ ਧਰਤੀ ’ਤੇ ਹਰ ਪਾਸੇ ਮਾਰ-ਧਾੜ ਤੇ ਖ਼ੂਨ-ਖ਼ਰਾਬਾ ਹੋ ਰਿਹਾ ਸੀ। (ਉਤ. 5:22; 6:11; ਯਹੂ. 14, 15) ਬੁਰਾਈ ਇੰਨੀ ਕਿਉਂ ਵਧ ਗਈ ਸੀ?

5 ਸਵਰਗ ਵਿਚ ਪਰਮੇਸ਼ੁਰ ਦੇ ਕੁਝ ਦੂਤਾਂ ਨੇ ਗੜਬੜੀ ਫੈਲਾ ਦਿੱਤੀ ਸੀ। ਪਹਿਲਾਂ ਇਕ ਦੂਤ ਨੇ ਯਹੋਵਾਹ ਦੇ ਖ਼ਿਲਾਫ਼ ਬਗਾਵਤ ਕਰ ਕੇ ਉਸ ’ਤੇ ਤੁਹਮਤਾਂ ਲਾਈਆਂ ਸਨ। ਬਾਈਬਲ ਵਿਚ ਇਸ ਦੂਤ ਨੂੰ ਸ਼ੈਤਾਨ ਕਿਹਾ ਜਾਂਦਾ ਹੈ। ਉਸ ਨੇ ਆਦਮ ਤੇ ਹੱਵਾਹ ਤੋਂ ਵੀ ਪਾਪ ਕਰਵਾਇਆ। ਨੂਹ ਦੇ ਦਿਨਾਂ ਵਿਚ ਹੋਰ ਦੂਤਾਂ ਨੇ ਵੀ ਸ਼ੈਤਾਨ ਦੇ ਪਿੱਛੇ ਲੱਗ ਕੇ ਯਹੋਵਾਹ ਦੀ ਹਕੂਮਤ ਖ਼ਿਲਾਫ਼ ਬਗਾਵਤ ਕੀਤੀ। ਇਹ ਦੂਤ ਸਵਰਗ ਵਿਚ ਯਹੋਵਾਹ ਵੱਲੋਂ ਮਿਲੀ ਜ਼ਿੰਮੇਵਾਰੀ ਨੂੰ ਛੱਡ ਕੇ ਇਨਸਾਨਾਂ ਦਾ ਰੂਪ ਧਾਰ ਕੇ ਧਰਤੀ ’ਤੇ ਆਏ। ਇੱਥੇ ਆ ਕੇ ਇਨ੍ਹਾਂ ਦੂਤਾਂ ਨੇ ਖ਼ੂਬਸੂਰਤ ਤੀਵੀਆਂ ਨਾਲ ਵਿਆਹ ਕਰਵਾਏ। ਫਿਰ ਇਨ੍ਹਾਂ ਸੁਆਰਥੀ, ਘਮੰਡੀ ਤੇ ਬਾਗ਼ੀ ਦੂਤਾਂ ਨੇ ਇਨਸਾਨਾਂ ਦੀ ਸੋਚ ਨੂੰ ਖ਼ਰਾਬ ਕਰਨਾ ਸ਼ੁਰੂ ਕਰ ਦਿੱਤਾ।​—ਉਤ. 6:1, 2; ਯਹੂ. 6, 7.

6. ਦੈਂਤਾਂ ਨੇ ਦੁਨੀਆਂ ਦੇ ਹਾਲਾਤਾਂ ਉੱਤੇ ਕੀ ਅਸਰ ਪਾਇਆ ਅਤੇ ਯਹੋਵਾਹ ਨੇ ਕੀ ਫ਼ੈਸਲਾ ਕੀਤਾ?

6 ਇਸ ਤੋਂ ਇਲਾਵਾ, ਉਨ੍ਹਾਂ ਦੂਤਾਂ ਤੇ ਔਰਤਾਂ ਦੇ ਗ਼ੈਰ-ਕੁਦਰਤੀ ਸੰਬੰਧਾਂ ਤੋਂ ਜੋ ਬੱਚੇ ਪੈਦਾ ਹੋਏ, ਉਹ ਬਹੁਤ ਤਾਕਤਵਰ ਸਨ ਤੇ ਉਨ੍ਹਾਂ ਦਾ ਕੱਦ-ਕਾਠ ਆਮ ਇਨਸਾਨਾਂ ਨਾਲੋਂ ਬਹੁਤ ਜ਼ਿਆਦਾ ਸੀ। ਉਨ੍ਹਾਂ ਨੂੰ ਬਾਈਬਲ ਵਿਚ “ਦੈਂਤ” ਕਿਹਾ ਗਿਆ ਹੈ। ਹਾਂ, ਉਨ੍ਹਾਂ ਗੁੰਡਿਆਂ ਨੇ ਦੁਨੀਆਂ ਵਿਚ ਅੱਤ ਮਚਾਈ ਹੋਈ ਸੀ ਅਤੇ ਉਹ ਆਮ ਲੋਕਾਂ ’ਤੇ ਬੇਰਹਿਮੀ ਨਾਲ ਜ਼ੁਲਮ ਢਾਹੁੰਦੇ ਸਨ। ਯਹੋਵਾਹ ਦੇਖ ਰਿਹਾ ਸੀ ਕਿ ‘ਆਦਮੀ ਦੀ ਬੁਰਿਆਈ ਧਰਤੀ ਉੱਤੇ ਵਧ ਗਈ ਸੀ ਅਰ ਉਸ ਦੇ ਮਨ ਦੇ ਵਿਚਾਰਾਂ ਦੀ ਹਰ ਇੱਕ ਭਾਵਨਾ ਸਾਰਾ ਦਿਨ ਬੁਰੀ ਹੀ ਰਹਿੰਦੀ ਸੀ।’ ਇਸ ਲਈ ਉਸ ਨੇ ਠਾਣ ਲਿਆ ਸੀ ਕਿ ਉਹ 120 ਸਾਲਾਂ ਦੇ ਵਿਚ-ਵਿਚ ਇਸ ਦੁਸ਼ਟ ਦੁਨੀਆਂ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ।​—ਉਤਪਤ 6:3-5 ਪੜ੍ਹੋ।

7. ਨੂਹ ਅਤੇ ਉਸ ਦੀ ਪਤਨੀ ਲਈ ਆਪਣੇ ਮੁੰਡਿਆਂ ਨੂੰ ਮਾੜੇ ਅਸਰਾਂ ਤੋਂ ਬਚਾਉਣਾ ਆਸਾਨ ਕਿਉਂ ਨਹੀਂ ਸੀ?

 7 ਜ਼ਰਾ ਸੋਚੋ: ਇਸ ਤਰ੍ਹਾਂ ਦੀ ਦੁਨੀਆਂ ਵਿਚ ਬੱਚਿਆਂ ਦੀ ਪਰਵਰਿਸ਼ ਕਰਨੀ ਕਿੰਨੀ ਮੁਸ਼ਕਲ ਹੋਣੀ! ਪਰ ਨੂਹ ਨੇ ਆਪਣੀ ਇਹ ਜ਼ਿੰਮੇਵਾਰੀ ਬਾਖੂਬੀ ਨਿਭਾਈ। ਉਸ ਦੀ ਪਤਨੀ ਨੇ ਉਸ ਦਾ ਪੂਰਾ ਸਾਥ ਦਿੱਤਾ। ਜਦੋਂ ਨੂਹ 500 ਸਾਲਾਂ ਦਾ ਸੀ, ਤਾਂ ਉਸ ਦੇ ਤਿੰਨ ਮੁੰਡੇ ਹੋਏ। ਉਸ ਦੇ ਮੁੰਡਿਆਂ ਦੇ ਨਾਂ ਸ਼ੇਮ, ਹਾਮ ਤੇ ਯਾਫਥ ਸਨ। * ਨੂਹ ਤੇ ਉਸ ਦੀ ਪਤਨੀ ਨੂੰ ਆਪਣੇ ਮੁੰਡਿਆਂ ਨੂੰ ਆਲੇ-ਦੁਆਲੇ ਦੇ ਮਾੜੇ ਅਸਰਾਂ ਤੋਂ ਬਚਾਉਣ ਦੀ ਲੋੜ ਸੀ। ਆਮ ਤੌਰ ਤੇ ਛੋਟੇ ਮੁੰਡੇ ਤਕੜੇ ਤੇ ਮਸ਼ਹੂਰ ਬੰਦਿਆਂ ਤੋਂ ਬਹੁਤ ਪ੍ਰਭਾਵਿਤ ਹੁੰਦੇ ਹਨ। ਦੈਂਤਾਂ ਨੂੰ ਦੇਖ ਕੇ ਨੂਹ ਦੇ ਮੁੰਡੇ ਵੀ ਪ੍ਰਭਾਵਿਤ ਹੋਏ ਹੋਣੇ। ਦੈਂਤਾਂ ਦੇ ਭੈੜੇ ਕੰਮਾਂ ਦੀਆਂ ਖ਼ਬਰਾਂ ਮੁੰਡਿਆਂ ਦੇ ਕੰਨਾਂ ਵਿਚ ਪੈਂਦੀਆਂ ਰਹਿੰਦੀਆਂ ਹੋਣੀਆਂ। ਉਨ੍ਹਾਂ ਦੇ ਮਾਤਾ-ਪਿਤਾ ਇਸ ਬਾਰੇ ਕੁਝ ਨਹੀਂ ਕਰ ਸਕਦੇ ਸਨ। ਪਰ ਉਹ ਉਨ੍ਹਾਂ ਨੂੰ ਬੁਰਾਈ ਤੋਂ ਨਫ਼ਰਤ ਕਰਨ ਵਾਲੇ ਪਰਮੇਸ਼ੁਰ ਯਹੋਵਾਹ ਬਾਰੇ ਸੱਚਾਈ ਜ਼ਰੂਰ ਸਿਖਾ ਸਕਦੇ ਸਨ। ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਇਹ ਅਹਿਸਾਸ ਕਰਾਉਣ ਦੀ ਲੋੜ ਸੀ ਕਿ ਯਹੋਵਾਹ ਦੁਨੀਆਂ ਵਿਚ ਹੋ ਰਹੀ ਹਿੰਸਾ ਤੇ ਬਗਾਵਤ ਤੋਂ ਕਿੰਨਾ ਦੁਖੀ ਸੀ!​—ਉਤ. 6:6.

ਨੂਹ ਤੇ ਉਸ ਦੀ ਪਤਨੀ ਨੂੰ ਆਪਣੇ ਬੱਚਿਆਂ ਨੂੰ ਬੁਰੇ ਮਾਹੌਲ ਤੋਂ ਬਚਾਉਣ ਦੀ ਲੋੜ ਸੀ

8. ਅੱਜ ਸਮਝਦਾਰ ਮਾਪੇ ਨੂਹ ਅਤੇ ਉਸ ਦੀ ਪਤਨੀ ਦੀ ਰੀਸ ਕਿਵੇਂ ਕਰ ਸਕਦੇ ਹਨ?

8 ਅੱਜ ਮਾਪੇ ਨੂਹ ਤੇ ਉਸ ਦੀ ਪਤਨੀ ਦੀ ਹਾਲਤ ਸਮਝ ਸਕਦੇ ਹਨ। ਅੱਜ ਵੀ ਲੋਕਾਂ ਦੇ ਮਨਾਂ ਵਿਚ ਇਕ-ਦੂਜੇ ਲਈ ਜ਼ਹਿਰ ਭਰਿਆ ਹੋਇਆ ਹੈ। ਹਰ ਪਾਸੇ ਹਿੰਸਾ ਫੈਲੀ ਹੋਈ ਹੈ। ਸ਼ਹਿਰਾਂ ਵਿਚ ਵਿਗੜੇ ਹੋਏ ਨੌਜਵਾਨ ਗੁੰਡਾਗਰਦੀ ਕਰਦੇ ਹਨ। ਬੱਚਿਆਂ ਦੇ ਮਨੋਰੰਜਨ ਲਈ ਬਣਾਏ ਗਏ ਪ੍ਰੋਗ੍ਰਾਮਾਂ ਵਿਚ ਖ਼ੂਨ-ਖ਼ਰਾਬਾ ਦਿਖਾਇਆ ਜਾਂਦਾ ਹੈ। ਸਮਝਦਾਰ ਮਾਪੇ ਆਪਣੇ ਬੱਚਿਆਂ ਨੂੰ ਇਨ੍ਹਾਂ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਉਨ੍ਹਾਂ ਨੂੰ ਸ਼ਾਂਤੀ ਦੇ ਪਰਮੇਸ਼ੁਰ ਯਹੋਵਾਹ ਬਾਰੇ ਸਿਖਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਨ ਜੋ ਇਕ ਦਿਨ ਦੁਸ਼ਟ ਲੋਕਾਂ ਨੂੰ ਖ਼ਤਮ ਕਰੇਗਾ। (ਜ਼ਬੂ. 11:5; 37:10, 11) ਇਸ ਬੁਰੀ ਦੁਨੀਆਂ ਵਿਚ ਰਹਿੰਦਿਆਂ ਵੀ ਉਹ ਇਸ ਕੰਮ ਵਿਚ ਕਾਮਯਾਬ ਹੋ ਸਕਦੇ ਹਨ। ਨੂਹ ਤੇ ਉਸ ਦੀ ਪਤਨੀ ਇਸ ਕੰਮ ਵਿਚ ਸਫ਼ਲ ਹੋਏ ਸਨ। ਉਨ੍ਹਾਂ ਦੇ ਮੁੰਡੇ ਚੰਗੇ ਇਨਸਾਨ ਬਣੇ ਤੇ ਉਨ੍ਹਾਂ ਨੇ ਅਜਿਹੀਆਂ ਔਰਤਾਂ ਨਾਲ ਵਿਆਹ ਕੀਤੇ ਜੋ ਸੱਚੇ ਪਰਮੇਸ਼ੁਰ ਯਹੋਵਾਹ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਜਗ੍ਹਾ ਦੇਣ ਲਈ ਤਿਆਰ ਸਨ।

‘ਆਪਣੇ ਲਈ ਇੱਕ ਕਿਸ਼ਤੀ ਬਣਾ’

9, 10. (ੳ) ਯਹੋਵਾਹ ਦੇ ਕਿਹੜੇ ਹੁਕਮ ਕਰਕੇ ਨੂਹ ਦੀ ਜ਼ਿੰਦਗੀ ਬਦਲ ਗਈ ਸੀ? (ਅ) ਯਹੋਵਾਹ ਨੇ ਕਿਸ਼ਤੀ ਦੇ ਡੀਜ਼ਾਈਨ ਅਤੇ ਕਿਸ਼ਤੀ ਨੂੰ ਬਣਾਉਣ ਦੇ ਮਕਸਦ ਬਾਰੇ ਨੂਹ ਨੂੰ ਕੀ ਦੱਸਿਆ?

9 ਇਕ ਦਿਨ ਨੂਹ ਦੀ ਜ਼ਿੰਦਗੀ ਵਿਚ ਨਵਾਂ ਮੋੜ ਆਇਆ। ਯਹੋਵਾਹ ਨੇ ਆਪਣੇ ਪਿਆਰੇ ਸੇਵਕ ਨੂਹ ਨੂੰ ਦੱਸਿਆ ਕਿ ਉਹ ਉਸ ਬੁਰੀ ਦੁਨੀਆਂ ਨੂੰ ਖ਼ਤਮ ਕਰ ਦੇਵੇਗਾ। ਪਰਮੇਸ਼ੁਰ ਨੇ ਨੂਹ ਨੂੰ ਹੁਕਮ ਦਿੱਤਾ: “ਤੂੰ ਆਪਣੇ ਲਈ ਇੱਕ ਕਿਸ਼ਤੀ ਗੋਫਰ ਦੀ ਲੱਕੜੀ ਤੋਂ ਬਣਾ।”​—ਉਤ. 6:14.

10 ਇਹ ਕਿਸ਼ਤੀ ਅੱਜ ਦੇ ਕਿਸੇ ਸਮੁੰਦਰੀ ਜਹਾਜ਼ ਵਰਗੀ ਨਹੀਂ ਸੀ ਜਿਵੇਂ ਕੁਝ ਲੋਕ ਮੰਨਦੇ ਹਨ। ਇਹ ਇਕ ਵੱਡੇ ਸਾਰੇ ਬਕਸੇ ਵਰਗੀ ਸੀ। ਇਸ ਦੀ ਕੋਈ ਪਤਵਾਰ ਵੀ ਨਹੀਂ ਸੀ। ਯਹੋਵਾਹ ਨੇ ਨੂਹ ਨੂੰ ਕਿਸ਼ਤੀ ਦੀ ਲੰਬਾਈ, ਚੌੜਾਈ, ਉਚਾਈ ਤੇ ਡੀਜ਼ਾਈਨ ਬਾਰੇ ਸਪੱਸ਼ਟ ਹਿਦਾਇਤਾਂ ਦਿੱਤੀਆਂ ਸਨ। ਨਾਲੇ ਇਹ ਵੀ ਦੱਸਿਆ ਸੀ ਕਿ ਉਸ ਨੂੰ ਅੰਦਰੋਂ-ਬਾਹਰੋਂ ਲੁੱਕ ਨਾਲ ਲਿੱਪਣਾ ਸੀ। ਉਸ ਨੇ ਨੂਹ ਨੂੰ ਇਸ ਦਾ ਕਾਰਨ ਵੀ ਦੱਸਿਆ ਸੀ: ‘ਮੈਂ ਪਾਣੀ ਦੀ ਪਰਲੋ ਧਰਤੀ ਉੱਤੇ ਲਿਆ ਰਿਹਾ ਹਾਂ। ਸਭ ਕੁਝ ਜਿਹੜਾ ਧਰਤੀ ਉੱਤੇ ਹੈ ਪ੍ਰਾਣ ਛੱਡ ਦੇਵੇਗਾ।’ ਯਹੋਵਾਹ ਨੇ ਨੂਹ ਨਾਲ ਇਕਰਾਰ ਕੀਤਾ: “ਤੂੰ ਕਿਸ਼ਤੀ ਵਿੱਚ ਜਾਈਂ ਤੂੰ ਅਰ ਤੇਰੇ ਪੁੱਤ੍ਰ ਅਰ ਤੇਰੀ ਤੀਵੀਂ ਅਰ  ਤੇਰੀਆਂ ਨੂਹਾਂ ਤੇਰੇ ਨਾਲ।” ਨੂਹ ਨੇ ਹਰ ਕਿਸਮ ਦੇ ਜਾਨਵਰ ਕਿਸ਼ਤੀ ਵਿਚ ਲੈ ਕੇ ਜਾਣੇ ਸਨ। ਆਉਣ ਵਾਲੀ ਜਲ-ਪਰਲੋ ਤੋਂ ਉਨ੍ਹਾਂ ਨੇ ਹੀ ਬਚਣਾ ਸੀ ਜਿਨ੍ਹਾਂ ਨੇ ਕਿਸ਼ਤੀ ਵਿਚ ਹੋਣਾ ਸੀ!​—ਉਤ. 6:17-20.

ਨੂਹ ਅਤੇ ਉਸ ਦਾ ਪਰਿਵਾਰ ਮਿਲ ਕੇ ਕਿਸ਼ਤੀ ਬਣਾਉਣ ਦਾ ਕੰਮ ਕਰਦੇ ਹੋਏ

11, 12. ਨੂਹ ਨੂੰ ਕਿਹੜਾ ਬਹੁਤ ਵੱਡਾ ਕੰਮ ਦਿੱਤਾ ਗਿਆ ਸੀ ਅਤੇ ਉਸ ਦਾ ਰਵੱਈਆ ਕਿਹੋ ਜਿਹਾ ਸੀ?

11 ਕਿਸ਼ਤੀ ਬਣਾਉਣ ਦਾ ਕੰਮ ਬਹੁਤ ਵੱਡਾ ਸੀ। ਇਹ ਕਿਸ਼ਤੀ 437 ਫੁੱਟ (133 ਮੀਟਰ) ਲੰਬੀ, 73 ਫੁੱਟ (22 ਮੀਟਰ) ਚੌੜੀ ਤੇ 44 ਫੁੱਟ (13 ਮੀਟਰ) ਉੱਚੀ ਹੋਣੀ ਸੀ। ਉਸ ਤੋਂ ਬਾਅਦ ਅੱਜ ਤਕ ਲੱਕੜ ਦਾ ਕੋਈ ਵੀ ਸਮੁੰਦਰੀ ਜਹਾਜ਼ ਉਸ ਕਿਸ਼ਤੀ ਜਿੰਨਾ ਵੱਡਾ ਨਹੀਂ ਬਣਾਇਆ ਗਿਆ। ਕੀ ਨੂਹ ਇਸ ਜ਼ਿੰਮੇਵਾਰੀ ਤੋਂ ਭੱਜ ਗਿਆ ਸੀ? ਕੀ ਉਸ ਨੇ ਇਸ ਕੰਮ ਵਿਚ ਆਉਣ ਵਾਲੀਆਂ ਮੁਸ਼ਕਲਾਂ ਕਾਰਨ ਬੁੜ-ਬੁੜ ਕੀਤੀ? ਜਾਂ ਕੀ ਉਸ ਨੇ ਕੰਮ ਨੂੰ ਸੌਖਾ ਬਣਾਉਣ ਲਈ ਪਰਮੇਸ਼ੁਰ ਦੀਆਂ ਹਿਦਾਇਤਾਂ ਵਿਚ ਫੇਰ-ਬਦਲ ਕੀਤਾ? ਬਾਈਬਲ ਦੱਸਦੀ ਹੈ ਕਿ “ਜਿਵੇਂ ਪਰਮੇਸ਼ੁਰ ਨੇ ਉਹ ਨੂੰ ਆਗਿਆ ਦਿੱਤੀ ਤਿਵੇਂ ਉਸ ਨੇ ਕੀਤਾ।”​—ਉਤ. 6:22.

12 ਸ਼ਾਇਦ ਇਸ ਕੰਮ ਨੂੰ 40-50 ਸਾਲ ਲੱਗ ਗਏ। ਇਸ ਵਾਸਤੇ ਦਰਖ਼ਤ ਕੱਟਣੇ ਸਨ, ਉਨ੍ਹਾਂ ਨੂੰ ਢੋਣਾ ਸੀ ਤੇ ਫਿਰ ਉਨ੍ਹਾਂ ਦੇ ਫੱਟੇ ਅਤੇ ਸ਼ਤੀਰ ਬਣਾ ਕੇ ਉਨ੍ਹਾਂ ਨੂੰ ਜੋੜਨਾ ਸੀ। ਕਿਸ਼ਤੀ ਦੀਆਂ ਤਿੰਨ ਮੰਜ਼ਲਾਂ ਹੋਣੀਆਂ ਸਨ, ਉਸ ਵਿਚ ਕਾਫ਼ੀ ਕਮਰੇ ਹੋਣੇ ਸਨ ਤੇ ਇਸ ਦੇ ਇਕ ਪਾਸੇ ਦਰਵਾਜ਼ਾ ਹੋਣਾ ਸੀ। ਇਸ ਦੀ ਉਪਰਲੀ ਮੰਜ਼ਲ ’ਤੇ ਖਿੜਕੀਆਂ ਹੋਣੀਆਂ ਸਨ। ਨਾਲੇ ਇਸ ਦੀ ਛੱਤ ’ਤੇ ਥੋੜ੍ਹੀ ਜਿਹੀ ਢਲਾਣ ਰੱਖਣੀ ਸੀ ਤਾਂਕਿ ਉੱਪਰ ਪਾਣੀ ਇਕੱਠਾ ਨਾ ਹੋਵੇ।​—ਉਤ. 6:14-16.

13. ਨੂਹ ਨੂੰ ਹੋਰ ਕਿਹੜੀ ਔਖੀ ਜ਼ਿੰਮੇਵਾਰੀ ਦਿੱਤੀ ਗਈ ਅਤੇ ਲੋਕਾਂ ਦਾ ਕਿਹੋ ਜਿਹਾ ਰਵੱਈਆ ਸੀ?

13 ਜਿੱਦਾਂ-ਜਿੱਦਾਂ ਸਾਲ ਬੀਤਦੇ ਗਏ, ਉੱਦਾਂ-ਉੱਦਾਂ ਕਿਸ਼ਤੀ ਬਣਦੀ ਗਈ। ਨੂਹ ਕਿੰਨਾ ਖ਼ੁਸ਼ ਹੋਇਆ ਹੋਣਾ ਕਿ ਉਸ ਦੇ ਪਰਿਵਾਰ ਨੇ ਇਸ ਕੰਮ ਵਿਚ ਉਸ ਦਾ ਹੱਥ ਵਟਾਇਆ! ਉਸ ਨੂੰ ਇਕ ਹੋਰ ਜ਼ਿੰਮੇਵਾਰੀ ਵੀ ਦਿੱਤੀ ਗਈ ਸੀ ਜੋ ਕਿਸ਼ਤੀ ਬਣਾਉਣ ਨਾਲੋਂ ਵੀ ਔਖੀ ਸੀ। ਬਾਈਬਲ ਦੱਸਦੀ ਹੈ ਕਿ ਨੂਹ ‘ਧਾਰਮਿਕਤਾ ਦਾ ਪ੍ਰਚਾਰਕ’ ਸੀ। (2 ਪਤਰਸ 2:5 ਪੜ੍ਹੋ।) ਇਸ ਲਈ ਉਸ ਨੇ ਪ੍ਰਚਾਰ ਵਿਚ ਅਗਵਾਈ ਕਰਦੇ ਹੋਏ ਹਿੰਮਤ ਨਾਲ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਪਰਮੇਸ਼ੁਰ ਬੁਰੇ ਲੋਕਾਂ ਦਾ ਅੰਤ ਕਰਨ ਵਾਲਾ ਸੀ। ਲੋਕਾਂ ਨੇ ਇਸ ਚੇਤਾਵਨੀ ਨੂੰ ਸੁਣ ਕੇ ਕੀ ਕੀਤਾ? ਉਸ ਸਮੇਂ ਦੇ ਲੋਕਾਂ ਬਾਰੇ ਗੱਲ ਕਰਦੇ ਹੋਏ ਯਿਸੂ ਮਸੀਹ ਨੇ ਕਿਹਾ ਸੀ ਕਿ ਉਨ੍ਹਾਂ ਨੇ “ਕੋਈ ਧਿਆਨ ਨਾ ਦਿੱਤਾ।” ਉਸ ਨੇ ਕਿਹਾ ਕਿ ਉਹ ਖਾਣ-ਪੀਣ, ਵਿਆਹ ਕਰਾਉਣ ਅਤੇ ਰੋਜ਼ ਦੇ ਕੰਮਾਂ ਵਿਚ ਇੰਨੇ ਰੁੱਝੇ ਹੋਏ ਸਨ ਕਿ ਉਨ੍ਹਾਂ ਨੇ ਨੂਹ ਦੀਆਂ ਗੱਲਾਂ ਨੂੰ ਅਣਸੁਣਿਆ ਕੀਤਾ। (ਮੱਤੀ 24:37-39) ਬਿਨਾਂ ਸ਼ੱਕ ਕਈਆਂ ਨੇ ਉਸ ਦਾ ਤੇ ਉਸ ਦੇ ਪਰਿਵਾਰ ਦਾ ਮਖੌਲ ਉਡਾਇਆ ਅਤੇ ਕਈਆਂ ਨੇ ਸ਼ਾਇਦ ਉਸ ਨੂੰ ਧਮਕੀਆਂ ਦਿੱਤੀਆਂ ਹੋਣ ਜਾਂ ਉਸ ਦਾ ਸਖ਼ਤ ਵਿਰੋਧ ਕੀਤਾ ਹੋਵੇ। ਸ਼ਾਇਦ ਉਨ੍ਹਾਂ ਨੇ ਕਿਸ਼ਤੀ ਨੂੰ ਤੋੜਨ ਦੀ ਵੀ ਕੋਸ਼ਿਸ਼ ਕੀਤੀ ਹੋਵੇ।

ਭਾਵੇਂ ਲੋਕਾਂ ਸਾਮ੍ਹਣੇ ਕਈ ਸਬੂਤ ਸਨ ਕਿ ਯਹੋਵਾਹ ਨੂਹ ਦੀ ਮਦਦ ਕਰ ਰਿਹਾ ਸੀ, ਫਿਰ ਵੀ ਉਨ੍ਹਾਂ ਨੇ ਉਸ ਦਾ ਮਜ਼ਾਕ ਉਡਾਇਆ ਅਤੇ ਉਸ ਦੇ ਸੰਦੇਸ਼ ਵੱਲ ਕੋਈ ਧਿਆਨ ਨਹੀਂ ਦਿੱਤਾ

14. ਨੂਹ ਅਤੇ ਉਸ ਦੇ ਪਰਿਵਾਰ ਦੀ ਮਿਸਾਲ ਤੋਂ ਅੱਜ ਮਸੀਹੀ ਪਰਿਵਾਰ ਕੀ ਸਿੱਖ ਸਕਦੇ ਹਨ?

14 ਭਾਵੇਂ ਕਿ ਆਲੇ-ਦੁਆਲੇ ਦੇ ਲੋਕ ਸੋਚਦੇ ਸਨ ਕਿ ਇਹ ਕੰਮ ਕਰਨਾ ਫ਼ਜ਼ੂਲ ਤੇ ਮੂਰਖਪੁਣਾ ਸੀ, ਪਰ ਨੂਹ ਅਤੇ ਉਸ ਦੇ ਪਰਿਵਾਰ ਨੇ ਹਾਰ ਨਹੀਂ ਮੰਨੀ। ਉਹ ਕਿਸ਼ਤੀ ਬਣਾਉਣ ਵਿਚ ਲੱਗੇ ਰਹੇ। ਉਨ੍ਹਾਂ ਦੀ ਨਿਹਚਾ ਤੋਂ ਅੱਜ ਮਸੀਹੀ ਪਰਿਵਾਰ ਬਹੁਤ ਕੁਝ ਸਿੱਖ ਸਕਦੇ ਹਨ। ਬਾਈਬਲ ਦੱਸਦੀ ਹੈ ਕਿ ਅਸੀਂ ਇਸ ਦੁਨੀਆਂ ਦੇ ‘ਆਖ਼ਰੀ ਦਿਨਾਂ’ ਵਿਚ ਜੀ ਰਹੇ ਹਾਂ। (2 ਤਿਮੋ. 3:1) ਯਿਸੂ ਨੇ ਕਿਹਾ ਕਿ ਸਾਡਾ ਜ਼ਮਾਨਾ ਨੂਹ ਦੇ ਜ਼ਮਾਨੇ ਵਰਗਾ ਹੈ। ਜੇ ਲੋਕ ਸਾਡਾ ਸੰਦੇਸ਼ ਨਹੀਂ ਸੁਣਦੇ ਜਾਂ ਸਾਡਾ ਮਜ਼ਾਕ ਉਡਾਉਂਦੇ ਜਾਂ ਵਿਰੋਧ ਕਰਦੇ ਹਨ, ਤਾਂ ਸਾਨੂੰ ਨੂਹ ਨੂੰ ਯਾਦ ਰੱਖਣਾ ਚਾਹੀਦਾ ਹੈ। ਸਾਡੇ ਤੋਂ ਪਹਿਲਾਂ ਵੀ ਯਹੋਵਾਹ ਦੇ ਸੇਵਕਾਂ ਨੇ ਅਜ਼ਮਾਇਸ਼ਾਂ ਦਾ ਸਾਮ੍ਹਣਾ ਕੀਤਾ ਹੈ।

 “ਕਿਸ਼ਤੀ ਵਿਚ ਜਾਓ”

15. ਜਦੋਂ ਨੂਹ ਲਗਭਗ 600 ਸਾਲਾਂ ਦਾ ਸੀ, ਤਾਂ ਕੀ ਹੋਇਆ?

15 ਕਈ ਸਾਲ ਬੀਤ ਗਏ ਅਤੇ ਹੌਲੀ-ਹੌਲੀ ਕਿਸ਼ਤੀ ਤਿਆਰ ਹੋ ਗਈ। ਜਦੋਂ ਨੂਹ ਲਗਭਗ 595 ਸਾਲਾਂ ਦਾ ਸੀ, ਤਾਂ ਉਸ ਦੇ ਪਿਤਾ ਲਾਮਕ ਦੀ ਮੌਤ ਹੋ ਗਈ। * ਪੰਜ ਸਾਲ ਬਾਅਦ ਲਾਮਕ ਦੇ ਪਿਤਾ ਯਾਨੀ ਨੂਹ ਦੇ ਦਾਦੇ ਮਥੂਸਲਹ ਦੀ 969 ਸਾਲ ਦੀ ਉਮਰ ਵਿਚ ਮੌਤ ਹੋ ਗਈ। ਬਾਈਬਲ ਅਨੁਸਾਰ ਮਥੂਸਲਹ ਸਭ ਤੋਂ ਵੱਡੀ ਉਮਰ ਦਾ ਆਦਮੀ ਸੀ। (ਉਤ. 5:27) ਮਥੂਸਲਹ ਅਤੇ ਲਾਮਕ ਪਹਿਲੇ ਇਨਸਾਨ ਆਦਮ ਦੇ ਜ਼ਮਾਨੇ ਦੇ ਸਨ।

16, 17. (ੳ) ਜਦੋਂ ਨੂਹ 600 ਸਾਲਾਂ ਦਾ ਸੀ, ਤਾਂ ਉਸ ਨੂੰ ਕਿਹੜਾ ਸੰਦੇਸ਼ ਦਿੱਤਾ ਗਿਆ? (ਅ) ਦੱਸੋ ਕਿ ਨੂਹ ਅਤੇ ਉਸ ਦੇ ਪਰਿਵਾਰ ਨੇ ਕਿਹੜਾ ਵਧੀਆ ਨਜ਼ਾਰਾ ਦੇਖਿਆ।

16 ਜਦੋਂ ਨੂਹ 600 ਸਾਲਾਂ ਦਾ ਸੀ, ਤਾਂ ਯਹੋਵਾਹ ਨੇ ਉਸ ਨੂੰ ਇਕ ਹੋਰ ਸੰਦੇਸ਼ ਦਿੱਤਾ: “ਤੂੰ ਅਰ ਤੇਰਾ ਸਾਰਾ ਟੱਬਰ ਕਿਸ਼ਤੀ ਵਿੱਚ ਜਾਓ।” ਨਾਲੇ ਪਰਮੇਸ਼ੁਰ ਨੇ ਨੂਹ ਨੂੰ ਇਹ ਵੀ ਕਿਹਾ ਕਿ ਉਹ ਕਿਸ਼ਤੀ ਵਿਚ ਹਰ ਤਰ੍ਹਾਂ ਦੇ ਜਾਨਵਰ ਵੀ ਲੈ ਕੇ ਜਾਵੇ। ਸ਼ੁੱਧ ਜਾਨਵਰਾਂ ਦੀ ਗਿਣਤੀ ਸੱਤ-ਸੱਤ ਹੋਣੀ ਸੀ ਜਿਨ੍ਹਾਂ ਦੀ ਬਲ਼ੀ ਦਿੱਤੀ ਜਾ ਸਕਦੀ ਸੀ ਅਤੇ ਬਾਕੀ ਜਾਨਵਰਾਂ ਦੀ ਗਿਣਤੀ ਦੋ-ਦੋ ਹੋਣੀ ਸੀ।​—ਉਤ. 7:1-3.

17 ਜ਼ਰਾ ਸੋਚੋ ਕਿ ਇਹ ਕਿੰਨਾ ਵਧੀਆ ਨਜ਼ਾਰਾ ਹੋਣਾ! ਜਾਨਵਰਾਂ ਦੇ ਝੁੰਡ ਤੇ ਪੰਛੀਆਂ ਦੀਆਂ ਡਾਰਾਂ ਪਹੁੰਚ ਰਹੀਆਂ ਸਨ। ਕਈ ਤੁਰਦੇ ਹੋਏ, ਕਈ ਰੀਂਗਦੇ ਹੋਏ ਤੇ ਕਈ ਉਡਾਰੀਆਂ ਮਾਰਦੇ ਹੋਏ ਆ ਰਹੇ ਸਨ। ਇਨ੍ਹਾਂ ਵਿੱਚੋਂ ਕਈ ਜਾਨਵਰ ਤੇਜ਼ ਤੇ ਕਈ ਹੌਲੀ-ਹੌਲੀ ਆ ਰਹੇ ਸਨ। ਕਈ  ਵੱਡੇ, ਕਈ ਛੋਟੇ, ਕਈ ਮੋਟੇ ਅਤੇ ਕਈ ਪਤਲੇ ਸਨ। ਅਸੀਂ ਸ਼ਾਇਦ ਸੋਚੀਏ ਕਿ ਨੂਹ ਲਈ ਜਾਨਵਰਾਂ ਨੂੰ ਕਿਸ਼ਤੀ ਵਿਚ ਲੈ ਕੇ ਜਾਣਾ ਕਿੰਨਾ ਔਖਾ ਹੋਇਆ ਹੋਣਾ, ਸ਼ਾਇਦ ਉਨ੍ਹਾਂ ਨੂੰ ਖਿੱਚ-ਧੂਹ ਕੇ ਜਾਂ ਜ਼ਬਰਦਸਤੀ ਲਿਜਾਣਾ ਪਿਆ ਹੋਣਾ। ਪਰ ਇਸ ਤਰ੍ਹਾਂ ਨਹੀਂ ਹੋਇਆ। ਬਾਈਬਲ ਦੱਸਦੀ ਹੈ ਕਿ ਸਾਰੇ ਜਾਨਵਰ ਆਪ ‘ਕਿਸ਼ਤੀ ਵਿੱਚ ਨੂਹ ਕੋਲ ਗਏ।’​ਉਤ. 7:9.

18, 19. (ੳ) ਜਾਨਵਰਾਂ ਦੇ ਕਿਸ਼ਤੀ ਵਿਚ ਜਾਣ ਸੰਬੰਧੀ ਸਵਾਲ ਖੜ੍ਹੇ ਕਰਨ ਵਾਲੇ ਲੋਕਾਂ ਨਾਲ ਅਸੀਂ ਤਰਕ ਕਿਵੇਂ ਕਰ ਸਕਦੇ ਹਾਂ? (ਅ) ਜਿਸ ਤਰੀਕੇ ਨਾਲ ਪਰਮੇਸ਼ੁਰ ਨੇ ਜਾਨਵਰਾਂ ਨੂੰ ਬਚਾਇਆ, ਉਸ ਤੋਂ ਯਹੋਵਾਹ ਦੀ ਬੁੱਧ ਕਿਵੇਂ ਦਿਖਾਈ ਦਿੰਦੀ ਹੈ?

18 ਸ਼ਾਇਦ ਕੁਝ ਲੋਕ ਕਹਿਣ: ‘ਸਾਰੇ ਜਾਨਵਰ ਆਪੇ ਕਿਸ਼ਤੀ ਵਿਚ ਕਿਵੇਂ ਵੜ ਗਏ? ਅਤੇ ਇਹ ਸਾਰੇ ਜਾਨਵਰ ਸ਼ਾਂਤੀ ਨਾਲ ਥੋੜ੍ਹੀ ਜਿਹੀ ਜਗ੍ਹਾ ’ਤੇ ਕਿਵੇਂ ਰਹਿ ਸਕਦੇ ਸਨ?’ ਜ਼ਰਾ ਸੋਚੋ: ਕੀ ਸਾਡੇ ਸ੍ਰਿਸ਼ਟੀਕਰਤਾ ਲਈ ਜਾਨਵਰਾਂ ਨੂੰ ਕਾਬੂ ਕਰਨਾ ਜਾਂ ਲੋੜ ਪੈਣ ਤੇ ਪਾਲਤੂ ਬਣਾਉਣਾ ਕੋਈ ਔਖਾ ਕੰਮ ਹੈ? ਯਾਦ ਰੱਖੋ ਕਿ ਯਹੋਵਾਹ ਪਰਮੇਸ਼ੁਰ ਨੇ ਹੀ ਜਾਨਵਰਾਂ ਨੂੰ ਬਣਾਇਆ ਹੈ। ਕਈ ਸਦੀਆਂ ਬਾਅਦ ਉਸ ਨੇ ਲਾਲ ਸਮੁੰਦਰ ਨੂੰ ਅੱਡ ਕੀਤਾ ਸੀ ਅਤੇ ਸੂਰਜ ਨੂੰ ਡੁੱਬਣ ਤੋਂ ਰੋਕੀ ਰੱਖਿਆ ਸੀ। ਤਾਂ ਕੀ ਉਸ ਲਈ ਨੂਹ ਦੇ ਸਮੇਂ ਵਿਚ ਇਹ ਸਭ ਕਰਨਾ ਕੋਈ ਵੱਡੀ ਗੱਲ ਸੀ? ਬਿਲਕੁਲ ਨਹੀਂ, ਉਹ ਕਰ ਸਕਦਾ ਸੀ ਅਤੇ ਉਸ ਨੇ ਕੀਤਾ ਵੀ।

19 ਇਹ ਸੱਚ ਹੈ ਕਿ ਪਰਮੇਸ਼ੁਰ ਜਾਨਵਰਾਂ ਨੂੰ ਬਚਾਉਣ ਲਈ ਕੋਈ ਹੋਰ ਰਸਤਾ ਲੱਭ ਸਕਦਾ ਸੀ। ਪਰ ਉਸ ਨੇ ਨੂਹ ਦੇ ਰਾਹੀਂ ਜਾਨਵਰਾਂ ਨੂੰ ਬਚਾਉਣ ਦਾ ਫ਼ੈਸਲਾ ਕੀਤਾ। ਇਸ ਤਰ੍ਹਾਂ ਉਸ ਨੇ ਸਾਨੂੰ ਯਾਦ ਕਰਾਇਆ ਕਿ ਉਸ ਨੇ ਸ਼ੁਰੂ ਵਿਚ ਜਾਨਵਰਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਇਨਸਾਨਾਂ ਨੂੰ ਸੌਂਪੀ ਸੀ। (ਉਤ. 1:28) ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਨੂੰ ਨੂਹ ਦੀ ਕਹਾਣੀ ਸੁਣਾ ਕੇ ਸਿਖਾਉਂਦੇ ਹਨ ਕਿ ਯਹੋਵਾਹ ਇਨਸਾਨਾਂ ਤੇ ਜਾਨਵਰਾਂ ਦੀ ਜਾਨ ਨੂੰ ਬਹੁਤ ਕੀਮਤੀ ਸਮਝਦਾ ਹੈ।

20. ਜਲ-ਪਰਲੋ ਤੋਂ ਇਕ ਹਫ਼ਤਾ ਪਹਿਲਾਂ ਨੂਹ ਤੇ ਉਸ ਦੇ ਪਰਿਵਾਰ ਨੂੰ ਸ਼ਾਇਦ ਕਿਹੜੇ ਕੰਮ ਕਰਨੇ ਪਏ ਹੋਣਗੇ?

20 ਯਹੋਵਾਹ ਨੇ ਨੂਹ ਨੂੰ ਜਲ-ਪਰਲੋ ਸ਼ੁਰੂ ਹੋਣ ਬਾਰੇ ਇਕ ਹਫ਼ਤਾ ਪਹਿਲਾਂ ਹੀ ਦੱਸ ਦਿੱਤਾ  ਸੀ। ਇਸ ਸਮੇਂ ਦੌਰਾਨ ਨੂਹ ਤੇ ਉਸ ਦੇ ਪਰਿਵਾਰ ਕੋਲ ਬਹੁਤ ਕੰਮ ਸੀ। ਸਾਰੇ ਜਾਨਵਰਾਂ ਨੂੰ ਆਪੋ-ਆਪਣੀ ਜਗ੍ਹਾ ’ਤੇ ਰੱਖਣਾ ਸੀ, ਖਾਣ-ਪੀਣ ਦੀਆਂ ਚੀਜ਼ਾਂ ਅਤੇ ਘਰ ਦਾ ਸਾਮਾਨ ਕਿਸ਼ਤੀ ਵਿਚ ਠੀਕ ਜਗ੍ਹਾ ’ਤੇ ਟਿਕਾ ਕੇ ਰੱਖਣਾ ਸੀ। ਨੂਹ ਦੀ ਪਤਨੀ ਅਤੇ ਉਸ ਦੀਆਂ ਨੂੰਹਾਂ ਨੇ ਆਪਣੇ ਰਹਿਣ ਵਾਸਤੇ ਵੀ ਕਿਸ਼ਤੀ ਵਿਚ ਜਗ੍ਹਾ ਤਿਆਰ ਕੀਤੀ ਹੋਣੀ।

21, 22. (ੳ) ਨੂਹ ਦੇ ਜ਼ਮਾਨੇ ਵਿਚ ਲੋਕਾਂ ਦੇ ਲਾਪਰਵਾਹੀ ਵਾਲੇ ਰਵੱਈਏ ਤੋਂ ਸਾਨੂੰ ਹੈਰਾਨ ਕਿਉਂ ਨਹੀਂ ਹੋਣਾ ਚਾਹੀਦਾ? (ਅ) ਲੋਕਾਂ ਨੇ ਨੂਹ ਅਤੇ ਉਸ ਦੇ ਪਰਿਵਾਰ ਦਾ ਮਖੌਲ ਉਡਾਉਣਾ ਕਦੋਂ ਬੰਦ ਕੀਤਾ?

21 ਹੋਰ ਲੋਕਾਂ ਬਾਰੇ ਕੀ? ਉਨ੍ਹਾਂ ਨੇ ਅਜੇ ਵੀ “ਕੋਈ ਧਿਆਨ ਨਾ ਦਿੱਤਾ,” ਭਾਵੇਂ ਕਿ ਉਨ੍ਹਾਂ ਦੇ ਸਾਮ੍ਹਣੇ ਇਸ ਗੱਲ ਦੇ ਕਈ ਸਬੂਤ ਸਨ ਕਿ ਯਹੋਵਾਹ ਨੂਹ ਅਤੇ ਉਸ ਦੇ ਪਰਿਵਾਰ ਦੀ ਮਦਦ ਕਰ ਰਿਹਾ ਸੀ। ਉਨ੍ਹਾਂ ਨੇ ਆਪਣੀ ਅੱਖੀਂ ਦੇਖਿਆ ਸੀ ਕਿ ਜਾਨਵਰ ਆਪਣੇ ਆਪ ਕਿਸ਼ਤੀ ਵਿਚ ਜਾ ਰਹੇ ਸਨ। ਪਰ ਸਾਨੂੰ ਉਨ੍ਹਾਂ ਦੇ ਲਾਪਰਵਾਹੀ ਵਾਲੇ ਰਵੱਈਏ ਤੋਂ ਹੈਰਾਨ ਨਹੀਂ ਹੋਣਾ ਚਾਹੀਦਾ। ਅੱਜ ਵੀ ਲੋਕ ਇਸ ਗੱਲ ਦੇ ਪੱਕੇ ਸਬੂਤਾਂ ਵੱਲ ਕੋਈ ਧਿਆਨ ਨਹੀਂ ਦਿੰਦੇ ਕਿ ਅਸੀਂ ਆਖ਼ਰੀ ਦਿਨਾਂ ਵਿਚ ਰਹਿ ਰਹੇ ਹਾਂ। ਪਤਰਸ ਰਸੂਲ ਨੇ ਭਵਿੱਖਬਾਣੀ ਕੀਤੀ ਸੀ ਕਿ ਪਰਮੇਸ਼ੁਰ ਦੀ ਚੇਤਾਵਨੀ ਨੂੰ ਸੁਣ ਕੇ ਕਦਮ ਚੁੱਕਣ ਵਾਲੇ ਲੋਕਾਂ ਦਾ ਮਖੌਲ ਉਡਾਇਆ ਜਾਵੇਗਾ। (2 ਪਤਰਸ 3:3-6 ਪੜ੍ਹੋ।) ਇਸੇ ਤਰ੍ਹਾਂ ਪਰਮੇਸ਼ੁਰ ਦੀ ਚੇਤਾਵਨੀ ਵੱਲ ਧਿਆਨ ਦੇਣ ਕਰਕੇ ਨੂਹ ਅਤੇ ਉਸ ਦੇ ਪਰਿਵਾਰ ਦਾ ਵੀ ਲੋਕਾਂ ਨੇ ਜ਼ਰੂਰ ਮਖੌਲ ਉਡਾਇਆ ਹੋਣਾ।

22 ਲੋਕਾਂ ਨੇ ਮਖੌਲ ਉਡਾਉਣਾ ਕਦੋਂ ਬੰਦ ਕੀਤਾ? ਬਾਈਬਲ ਦੱਸਦੀ ਹੈ ਕਿ ਜਦੋਂ ਨੂਹ ਆਪਣੇ ਪਰਿਵਾਰ ਅਤੇ ਜਾਨਵਰਾਂ ਨੂੰ ਕਿਸ਼ਤੀ ਵਿਚ ਲੈ ਆਇਆ, ਤਾਂ ‘ਯਹੋਵਾਹ ਨੇ ਦਰਵਾਜ਼ਾ ਬੰਦ ਕਰ ਦਿੱਤਾ।’ ਜੇ ਮਖੌਲ ਉਡਾਉਣ ਵਾਲੇ ਨੇੜੇ-ਤੇੜੇ ਸਨ, ਤਾਂ ਇਹ ਦੇਖ ਕੇ ਬਿਨਾਂ ਸ਼ੱਕ ਉਨ੍ਹਾਂ ਦੇ ਮੂੰਹ ਬੰਦ ਹੋ ਗਏ ਹੋਣੇ। ਜੇ ਨਹੀਂ, ਤਾਂ ਮੀਂਹ ਨੇ ਹਮੇਸ਼ਾ ਲਈ ਉਨ੍ਹਾਂ ਨੂੰ ਖ਼ਾਮੋਸ਼ ਕਰ ਦਿੱਤਾ। ਇਕ ਵਾਰ ਜਦੋਂ ਮੀਂਹ ਪੈਣਾ ਸ਼ੁਰੂ ਹੋਇਆ, ਤਾਂ ਇਸ ਨੇ ਰੁਕਣ ਦਾ ਨਾਂ ਹੀ ਨਹੀਂ ਲਿਆ ਅਤੇ ਪੂਰੀ ਦੁਨੀਆਂ ਵਿਚ ਜਲ-ਥਲ ਹੋ ਗਿਆ, ਜਿਵੇਂ ਯਹੋਵਾਹ ਨੇ ਕਿਹਾ ਸੀ।​—ਉਤ. 7:16-21.

23. (ੳ) ਸਾਨੂੰ ਕਿਵੇਂ ਪਤਾ ਹੈ ਕਿ ਯਹੋਵਾਹ ਨੂੰ ਨੂਹ ਦੇ ਦਿਨਾਂ ਵਿਚ ਬੁਰੇ ਲੋਕਾਂ ਦੀ ਮੌਤ ਤੋਂ ਖ਼ੁਸ਼ੀ ਨਹੀਂ ਹੋਈ ਸੀ? (ਅ) ਅੱਜ ਨੂਹ ਦੀ ਨਿਹਚਾ ਦੀ ਰੀਸ ਕਰਨੀ ਸਾਡੇ ਲਈ ਬੁੱਧੀਮਾਨੀ ਦੀ ਗੱਲ ਕਿਉਂ ਹੈ?

23 ਕੀ ਯਹੋਵਾਹ ਨੂੰ ਦੁਸ਼ਟ ਲੋਕਾਂ ਦੀ ਮੌਤ ਤੋਂ ਖ਼ੁਸ਼ੀ ਹੋਈ ਸੀ? ਨਹੀਂ! (ਹਿਜ਼. 33:11) ਇਸ ਦੇ ਉਲਟ, ਉਸ ਨੇ ਉਨ੍ਹਾਂ ਬੁਰੇ ਲੋਕਾਂ ਨੂੰ ਆਪਣੇ ਰਾਹ ਬਦਲ ਕੇ ਚੰਗੇ ਕੰਮ ਕਰਨ ਦਾ ਪੂਰਾ-ਪੂਰਾ ਮੌਕਾ ਦਿੱਤਾ ਸੀ। ਕੀ ਉਨ੍ਹਾਂ ਲਈ ਆਪਣੇ ਆਪ ਨੂੰ ਬਦਲਣਾ ਨਾਮੁਮਕਿਨ ਸੀ? ਨੂਹ ਦੀ ਜ਼ਿੰਦਗੀ ਤੋਂ ਇਸ ਸਵਾਲ ਦਾ ਜਵਾਬ ਮਿਲਦਾ ਹੈ। ਯਹੋਵਾਹ ਦੇ ਨਾਲ-ਨਾਲ ਚੱਲ ਕੇ ਯਾਨੀ ਉਸ ਦਾ ਹਰ ਹੁਕਮ ਮੰਨ ਕੇ ਨੂਹ ਨੇ ਦਿਖਾਇਆ ਕਿ ਜਲ-ਪਰਲੋ ਤੋਂ ਬਚਿਆ ਜਾ ਸਕਦਾ ਸੀ। ਇਸ ਤਰ੍ਹਾਂ ਉਸ ਨੇ ਆਪਣੀ ਨਿਹਚਾ ਰਾਹੀਂ ਉਸ ਸਮੇਂ ਦੇ ਬੁਰੇ ਲੋਕਾਂ ਨੂੰ ਸਜ਼ਾ ਦੇ ਲਾਇਕ ਠਹਿਰਾਇਆ। ਉਸ ਦੀ ਨਿਹਚਾ ਕਾਰਨ ਉਹ ਤੇ ਉਸ ਦਾ ਪਰਿਵਾਰ ਬਚ ਗਿਆ। ਨੂਹ ਵਾਂਗ ਨਿਹਚਾ ਰੱਖ ਕੇ ਤੁਸੀਂ ਵੀ ਆਪਣੇ ਆਪ ਨੂੰ ਤੇ ਉਨ੍ਹਾਂ ਨੂੰ ਬਚਾ ਸਕਦੇ ਹੋ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ। ਨੂਹ ਵਾਂਗ ਤੁਸੀਂ ਵੀ ਯਹੋਵਾਹ ਦੇ ਦੋਸਤ ਬਣ ਕੇ ਉਸ ਦੇ ਨਾਲ-ਨਾਲ ਚੱਲ ਸਕਦੇ ਹੋ। ਤੁਹਾਡੀ ਇਹ ਦੋਸਤੀ ਹਮੇਸ਼ਾ ਕਾਇਮ ਰਹੇਗੀ!

^ ਪੈਰਾ 7 ਉਨ੍ਹਾਂ ਦਿਨਾਂ ਵਿਚ ਲੋਕਾਂ ਦੀ ਉਮਰ ਸਾਡੇ ਨਾਲੋਂ ਕਿਤੇ ਜ਼ਿਆਦਾ ਹੁੰਦੀ ਸੀ। ਉਨ੍ਹਾਂ ਦੀ ਉਮਰ ਤੇ ਤੰਦਰੁਸਤੀ ਇਸ ਗੱਲ ਦਾ ਸਬੂਤ ਸੀ ਕਿ ਉਨ੍ਹਾਂ ’ਤੇ ਹਾਲੇ ਆਦਮ ਤੇ ਹੱਵਾਹ ਦੇ ਪਾਪ ਦਾ ਇੰਨਾ ਅਸਰ ਨਹੀਂ ਪਿਆ ਸੀ।

^ ਪੈਰਾ 15 ਲਾਮਕ ਨੇ ਆਪਣੇ ਪੁੱਤਰ ਦਾ ਨਾਂ ਨੂਹ ਰੱਖਿਆ ਜਿਸ ਦਾ ਸ਼ਾਇਦ ਮਤਲਬ ਹੈ “ਸ਼ਾਂਤੀ” ਜਾਂ “ਆਰਾਮ।” ਉਸ ਨੇ ਭਵਿੱਖਬਾਣੀ ਕੀਤੀ ਕਿ ਨੂਹ ਦੇ ਜ਼ਰੀਏ ਇਨਸਾਨਾਂ ਨੂੰ ਆਰਾਮ ਮਿਲੇਗਾ ਜਦੋਂ ਪਰਮੇਸ਼ੁਰ ਜ਼ਮੀਨ ਉੱਤੋਂ ਆਪਣਾ ਸਰਾਪ ਹਟਾਵੇਗਾ। ਇਸ ਕਾਰਨ ਇਨਸਾਨ ਨੂੰ ਇੰਨੀ ਜ਼ਿਆਦਾ ਮਿਹਨਤ-ਮੁਸ਼ੱਕਤ ਨਹੀਂ ਕਰਨੀ ਪਵੇਗੀ। ਨੂਹ ਆਪਣੇ ਨਾਂ ਦੇ ਮਤਲਬ ’ਤੇ ਬਿਲਕੁਲ ਪੂਰਾ ਉਤਰਿਆ। (ਉਤ. 5:28, 29) ਲਾਮਕ ਇਹ ਭਵਿੱਖਬਾਣੀ ਪੂਰੀ ਹੋਣ ਤੋਂ ਪਹਿਲਾਂ ਹੀ ਮਰ ਗਿਆ। ਨੂਹ ਦੀ ਮਾਤਾ ਅਤੇ ਭੈਣ-ਭਰਾ ਸ਼ਾਇਦ ਜਲ-ਪਰਲੋ ਵਿਚ ਨਾਸ਼ ਹੋ ਗਏ ਹੋਣੇ।