Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ

ਜਾਣ-ਪਛਾਣ

ਜਾਣ-ਪਛਾਣ

“ਉਨ੍ਹਾਂ ਲੋਕਾਂ ਦੀ ਰੀਸ ਕਰੋ ਜਿਹੜੇ ਨਿਹਚਾ ਤੇ ਧੀਰਜ ਦੇ ਰਾਹੀਂ ਪਰਮੇਸ਼ੁਰ ਦੁਆਰਾ ਵਾਅਦਾ ਕੀਤੀਆਂ ਚੀਜ਼ਾਂ ਹਾਸਲ ਕਰਦੇ ਹਨ।”​—ਇਬਰਾਨੀਆਂ 6:12.

1, 2. ਇਕ ਸਰਕਟ ਓਵਰਸੀਅਰ ਬਾਈਬਲ ਵਿਚ ਦੱਸੇ ਪਾਤਰਾਂ ਬਾਰੇ ਕਿਵੇਂ ਮਹਿਸੂਸ ਕਰਦਾ ਸੀ ਅਤੇ ਅਜਿਹੇ ਪਾਤਰ ਵਧੀਆ ਦੋਸਤ ਕਿਉਂ ਬਣ ਸਕਦੇ ਹਨ?

ਇਕ ਮਸੀਹੀ ਭੈਣ ਨੇ ਇਕ ਬਜ਼ੁਰਗ ਸਰਕਟ ਓਵਰਸੀਅਰ ਦਾ ਭਾਸ਼ਣ ਸੁਣਨ ਤੋਂ ਬਾਅਦ ਕਿਹਾ: “ਉਹ ਬਾਈਬਲ ਦੇ ਪਾਤਰਾਂ ਬਾਰੇ ਇਸ ਤਰ੍ਹਾਂ ਗੱਲ ਕਰਦਾ ਸੀ ਜਿਵੇਂ ਉਹ ਉਸ ਦੇ ਪੁਰਾਣੇ ਦੋਸਤ ਹੋਣ।” ਭੈਣ ਦੀ ਗੱਲ ਸਹੀ ਸੀ ਕਿਉਂਕਿ ਉਹ ਭਰਾ ਕਈ ਸਾਲਾਂ ਤੋਂ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰ ਰਿਹਾ ਸੀ ਅਤੇ ਇਸ ਤੋਂ ਸਿਖਾ ਰਿਹਾ ਸੀ। ਇਸ ਕਰਕੇ ਬਾਈਬਲ ਵਿਚ ਦੱਸੇ ਨਿਹਚਾਵਾਨ ਆਦਮੀ ਤੇ ਔਰਤਾਂ ਉਸ ਨੂੰ ਆਪਣੇ ਪੁਰਾਣੇ ਜਿਗਰੀ ਦੋਸਤਾਂ ਵਾਂਗ ਲੱਗਦੇ ਸਨ ਜਿਨ੍ਹਾਂ ਨੂੰ ਉਹ ਬਚਪਨ ਤੋਂ ਜਾਣਦਾ ਹੋਵੇ।

2 ਕਿੰਨਾ ਚੰਗਾ ਹੋਵੇਗਾ ਕਿ ਬਾਈਬਲ ਵਿਚ ਦੱਸੇ ਪਾਤਰ ਤੁਹਾਡੇ ਵੀ ਦੋਸਤ ਬਣਨ! ਕੀ ਤੁਸੀਂ ਮੰਨਦੇ ਹੋ ਕਿ ਉਹ ਸੱਚ-ਮੁੱਚ ਸਨ? ਸੋਚੋ ਕਿ ਨੂਹ, ਅਬਰਾਹਾਮ, ਰੂਥ, ਏਲੀਯਾਹ, ਅਸਤਰ ਨਾਲ ਸਮਾਂ ਬਿਤਾ ਕੇ, ਗੱਲਾਂ-ਬਾਤਾਂ ਕਰ ਕੇ ਅਤੇ ਉਨ੍ਹਾਂ ਨੂੰ ਜਾਣ ਕੇ ਤੁਹਾਨੂੰ ਕਿਵੇਂ ਲੱਗੇਗਾ। ਸੋਚੋ ਕਿ ਉਨ੍ਹਾਂ ਦੀ ਵਧੀਆ ਸਲਾਹ ਅਤੇ ਹੌਸਲਾ-ਅਫ਼ਜ਼ਾਈ ਦਾ ਤੁਹਾਡੀ ਜ਼ਿੰਦਗੀ ਉੱਤੇ ਕੀ ਅਸਰ ਪੈਂਦਾ!​—⁠ਕਹਾਉਤਾਂ 13:20 ਪੜ੍ਹੋ।

3. (ੳ) ਅਸੀਂ ਨਿਹਚਾਵਾਨ ਆਦਮੀਆਂ ਤੇ ਔਰਤਾਂ ਬਾਰੇ ਸਿੱਖ ਕੇ ਫ਼ਾਇਦਾ ਕਿਵੇਂ ਲੈ ਸਕਦੇ ਹਾਂ? (ਅ) ਅਸੀਂ ਕਿਨ੍ਹਾਂ ਸਵਾਲਾਂ ’ਤੇ ਗੌਰ ਕਰਾਂਗੇ?

3 ਸਾਡਾ ਉਨ੍ਹਾਂ ਨਾਲ ਅਜਿਹਾ ਰਿਸ਼ਤਾ ਉਦੋਂ ਹਕੀਕਤ ਬਣੇਗਾ ਜਦੋਂ ‘ਧਰਮੀਆਂ ਨੂੰ ਦੁਬਾਰਾ ਜੀਉਂਦਾ’ ਕੀਤਾ ਜਾਵੇਗਾ। (ਰਸੂ. 24:15) ਪਰ ਅਸੀਂ ਹੁਣ ਵੀ ਬਾਈਬਲ ਵਿਚ ਦੱਸੇ ਨਿਹਚਾਵਾਨ ਆਦਮੀਆਂ ਤੇ ਔਰਤਾਂ ਬਾਰੇ ਸਿੱਖ ਕੇ ਫ਼ਾਇਦਾ ਲੈ ਸਕਦੇ ਹਾਂ। ਕਿਵੇਂ? ਪੌਲੁਸ ਰਸੂਲ ਸਾਨੂੰ ਇਸ ਸਵਾਲ ਦਾ ਜਵਾਬ ਦਿੰਦਾ ਹੈ: “ਉਨ੍ਹਾਂ ਲੋਕਾਂ ਦੀ ਰੀਸ ਕਰੋ ਜਿਹੜੇ ਨਿਹਚਾ ਤੇ ਧੀਰਜ ਦੇ ਰਾਹੀਂ ਪਰਮੇਸ਼ੁਰ ਦੁਆਰਾ ਵਾਅਦਾ ਕੀਤੀਆਂ ਚੀਜ਼ਾਂ ਹਾਸਲ ਕਰਦੇ ਹਨ।” (ਇਬ. 6:12) ਇਨ੍ਹਾਂ ਨਿਹਚਾਵਾਨ ਆਦਮੀਆਂ ਤੇ ਔਰਤਾਂ ਨੂੰ ਹੋਰ ਚੰਗੀ ਤਰ੍ਹਾਂ ਜਾਣਨ ਤੋਂ ਪਹਿਲਾਂ ਆਓ ਆਪਾਂ ਪੌਲੁਸ ਦੇ ਸ਼ਬਦ ਪੜ੍ਹਨ ਨਾਲ ਸਾਡੇ ਮਨ ਵਿਚ ਖੜ੍ਹੇ ਹੁੰਦੇ ਕੁਝ ਸਵਾਲਾਂ ’ਤੇ ਗੌਰ ਕਰੀਏ: ਨਿਹਚਾ ਕੀ ਹੈ ਅਤੇ ਸਾਨੂੰ ਇਸ ਦੀ ਕਿਉਂ ਲੋੜ ਹੈ? ਅਸੀਂ ਬਾਈਬਲ ਵਿਚ ਦੱਸੇ ਵਫ਼ਾਦਾਰ ਲੋਕਾਂ ਦੀ ਰੀਸ ਕਿਵੇਂ ਕਰ ਸਕਦੇ ਹਾਂ?

ਨਿਹਚਾ ਕੀ ਹੈ ਤੇ ਇਹ ਕਿਉਂ ਜ਼ਰੂਰੀ ਹੈ?

4. ਲੋਕ ਨਿਹਚਾ ਦੇ ਗੁਣ ਬਾਰੇ ਕੀ ਸੋਚਦੇ ਹਨ ਤੇ ਉਨ੍ਹਾਂ ਦੀ ਇਹ ਸੋਚ ਗ਼ਲਤ ਕਿਉਂ ਹੈ?

4 ਨਿਹਚਾ ਇਕ ਵਧੀਆ ਗੁਣ ਹੈ ਤੇ ਇਸ ਕਿਤਾਬ ਵਿਚਲੇ ਯਹੋਵਾਹ ਦੇ ਸੇਵਕ ਨਿਹਚਾ ਕਰਨ ਦੀ ਅਹਿਮੀਅਤ ਨੂੰ ਜਾਣਦੇ ਸਨ। ਪਰ ਅੱਜ ਬਹੁਤ ਸਾਰੇ ਲੋਕ ਇਸ ਦੀ ਅਹਿਮੀਅਤ ਨੂੰ ਨਹੀਂ ਸਮਝਦੇ। ਉਹ ਸੋਚਦੇ ਹਨ ਕਿ ਨਿਹਚਾ ਕਰਨ ਦਾ ਮਤਲਬ ਹੈ ਬਿਨਾਂ ਕਿਸੇ ਸਬੂਤ ਦੇ ਕਿਸੇ ਗੱਲ ਨੂੰ ਸੱਚ ਮੰਨ ਲੈਣਾ, ਪਰ ਇਹ ਸੋਚ ਗ਼ਲਤ ਹੈ। ਨਿਹਚਾ ਕੋਈ ਅੰਧ-ਵਿਸ਼ਵਾਸ ਨਹੀਂ ਹੈ, ਨਾ ਹੀ ਇਹ ਕੋਈ ਭਾਵਨਾ ਹੈ। ਕਿਉਂ? ਕਿਉਂਕਿ ਅੰਧ-ਵਿਸ਼ਵਾਸ ਕਰਨਾ ਖ਼ਤਰਨਾਕ ਹੁੰਦਾ ਹੈ ਤੇ ਭਾਵਨਾ ਮਿਟ ਜਾਂਦੀ ਹੈ। ਨਾਲੇ ਨਿਹਚਾ ਕਰਨ ਦਾ ਮਤਲਬ ਸਿਰਫ਼ ਕਿਸੇ ਗੱਲ ਨੂੰ ਸੱਚ ਮੰਨ ਲੈਣਾ ਨਹੀਂ ਹੈ। ਮਿਸਾਲ ਲਈ, ਇਹ ਮੰਨ ਲੈਣਾ ਕਾਫ਼ੀ ਨਹੀਂ ਕਿ ਪਰਮੇਸ਼ੁਰ ਸੱਚ-ਮੁੱਚ ਹੈ ਕਿਉਂਕਿ “ਦੁਸ਼ਟ ਦੂਤ ਵੀ ਤਾਂ ਇਹ ਗੱਲ ਮੰਨਦੇ ਹਨ ਅਤੇ ਡਰ ਨਾਲ ਥਰ-ਥਰ ਕੰਬਦੇ ਹਨ।”—ਯਾਕੂ. 2:19.

5, 6. (ੳ) ਨਿਹਚਾ ਕਰਨ ਵਿਚ ਕਿਹੜੀਆਂ ਦੋ ਚੀਜ਼ਾਂ ਸ਼ਾਮਲ ਹਨ ਜਿਨ੍ਹਾਂ ਨੂੰ ਅਸੀਂ ਦੇਖ ਨਹੀਂ ਸਕਦੇ? (ਅ) ਸਾਡੀ ਨਿਹਚਾ ਕਿੰਨੀ ਕੁ ਪੱਕੀ ਹੋਣੀ ਚਾਹੀਦੀ ਹੈ? ਮਿਸਾਲ ਦਿਓ।

 5 ਸੱਚੀ ਨਿਹਚਾ ਤੇ ਅੰਧ-ਵਿਸ਼ਵਾਸ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ। ਯਾਦ ਕਰੋ ਕਿ ਬਾਈਬਲ ਨਿਹਚਾ ਬਾਰੇ ਕੀ ਕਹਿੰਦੀ ਹੈ। (ਇਬਰਾਨੀਆਂ 11:1 ਪੜ੍ਹੋ।) ਪੌਲੁਸ ਨੇ ਕਿਹਾ ਕਿ ਨਿਹਚਾ ਕਰਨ ਵਿਚ ਦੋ ਚੀਜ਼ਾਂ ’ਤੇ ਭਰੋਸਾ ਕਰਨਾ ਸ਼ਾਮਲ ਹੈ ਜਿਹੜੀਆਂ ਦਿਖਾਈ ਨਹੀਂ ਦਿੰਦੀਆਂ। ਪਹਿਲੀ, ਉਨ੍ਹਾਂ ਗੱਲਾਂ ’ਤੇ ਵਿਸ਼ਵਾਸ ਕਰਨਾ ਜਿਹੜੀਆਂ ਅੱਜ ਹਕੀਕਤ ਵਿਚ ਹਨ, ਪਰ ਅਸੀਂ ਉਨ੍ਹਾਂ ਨੂੰ “ਦੇਖ ਨਹੀਂ ਸਕਦੇ।” ਮਿਸਾਲ ਲਈ, ਅਸੀਂ ਸਵਰਗ ਵਿਚ ਯਹੋਵਾਹ ਪਰਮੇਸ਼ੁਰ, ਉਸ ਦੇ ਪੁੱਤਰ ਜਾਂ ਅੱਜ ਉੱਥੇ ਰਾਜ ਕਰ ਰਹੀ ਹਕੂਮਤ ਨੂੰ ਨਹੀਂ ਦੇਖ ਸਕਦੇ। ਦੂਜੀ, ਨਿਹਚਾ ਉਨ੍ਹਾਂ ਗੱਲਾਂ ’ਤੇ ਵਿਸ਼ਵਾਸ ਕਰਨਾ ਵੀ ਹੈ ‘ਜਿਨ੍ਹਾਂ ਦੀ ਉਮੀਦ ਰੱਖੀ ਗਈ ਹੈ’ ਯਾਨੀ ਉਹ ਗੱਲਾਂ ਜਿਹੜੀਆਂ ਹਾਲੇ ਪੂਰੀਆਂ ਨਹੀਂ ਹੋਈਆਂ। ਅਸੀਂ ਅਜੇ ਪਰਮੇਸ਼ੁਰ ਦੇ ਰਾਜ ਅਧੀਨ ਨਵੀਂ ਦੁਨੀਆਂ ਨੂੰ ਨਹੀਂ ਦੇਖ ਸਕਦੇ। ਕੀ ਇਸ ਦਾ ਇਹ ਮਤਲਬ ਹੈ ਕਿ ਅਸੀਂ ਬਿਨਾਂ ਕਿਸੇ ਸਬੂਤ ਦੇ ਇਨ੍ਹਾਂ ਗੱਲਾਂ ’ਤੇ ਅੱਖਾਂ ਬੰਦ ਕਰ ਕੇ ਵਿਸ਼ਵਾਸ ਕਰਦੇ ਹਾਂ?

6 ਇਸ ਤਰ੍ਹਾਂ ਨਹੀਂ ਹੈ! ਪੌਲੁਸ ਨੇ ਸਮਝਾਇਆ ਸੀ ਕਿ ਸੱਚੀ ਨਿਹਚਾ ਪੱਕੇ ਸਬੂਤਾਂ ’ਤੇ ਆਧਾਰਿਤ ਹੁੰਦੀ ਹੈ। ਜਦੋਂ ਉਸ ਨੇ ਕਿਹਾ ਕਿ ਨਿਹਚਾ “ਇਸ ਗੱਲ ਦਾ ਪੱਕਾ ਭਰੋਸਾ ਹੈ ਕਿ . . . ਉਹ ਜ਼ਰੂਰ ਮਿਲਣਗੀਆਂ,” ਤਾਂ ਉਸ ਨੇ ਇੱਥੇ ਇਕ ਯੂਨਾਨੀ ਸ਼ਬਦ ਵਰਤਿਆ ਜਿਸ ਦਾ ਅਨੁਵਾਦ “ਰਜਿਸਟਰੀ” ਵੀ ਕੀਤਾ ਜਾ ਸਕਦਾ ਹੈ। ਮੰਨ ਲਓ ਕੋਈ ਤੁਹਾਨੂੰ ਇਕ ਘਰ ਦੇਣ ਦਾ ਫ਼ੈਸਲਾ ਕਰਦਾ ਹੈ। ਉਹ ਸ਼ਾਇਦ ਘਰ ਦੀ ਰਜਿਸਟਰੀ ਤੁਹਾਨੂੰ ਦੇ ਕੇ ਕਹੇ, “ਇਹ ਘਰ ਹੁਣ ਤੇਰਾ ਹੈ।” ਇਹ ਕਾਨੂੰਨੀ ਦਸਤਾਵੇਜ਼ ਇਸ ਗੱਲ ਦਾ ਪੱਕਾ ਸਬੂਤ ਹੈ ਕਿ ਘਰ ਤੁਹਾਡਾ ਹੈ। ਇਸੇ ਤਰ੍ਹਾਂ, ਸੱਚੀ ਨਿਹਚਾ ਹੋਣ ਕਰਕੇ ਸਾਨੂੰ ਪੂਰਾ ਭਰੋਸਾ ਹੁੰਦਾ ਹੈ ਕਿ ਪਰਮੇਸ਼ੁਰ ਨੇ ਆਪਣੇ ਬਚਨ ਵਿਚ ਜੋ ਵੀ ਵਾਅਦੇ ਕੀਤੇ ਹਨ, ਉਹ ਹਰ ਹਾਲ ਵਿਚ ਪੂਰੇ ਹੋ ਕੇ ਹੀ ਰਹਿਣਗੇ।

7. ਸੱਚੀ ਨਿਹਚਾ ਵਿਚ ਕੀ ਕੁਝ ਸ਼ਾਮਲ ਹੈ?

7 ਸੱਚੀ ਨਿਹਚਾ ਰੱਖਣ ਵਿਚ ਸ਼ਾਮਲ ਹੈ ਕਿ ਅਸੀਂ ਯਹੋਵਾਹ ਪਰਮੇਸ਼ੁਰ ਬਾਰੇ ਜਿੰਨਾ ਵੀ ਜਾਣਦੇ ਹਾਂ ਅਤੇ ਉਸ ਨੇ ਹੁਣ ਤਕ ਸਾਡੇ ਲਈ ਜੋ ਵੀ ਕੀਤਾ ਹੈ, ਉਸ ਕਰਕੇ ਅਸੀਂ ਉਸ ਉੱਤੇ ਅਟੁੱਟ ਭਰੋਸਾ ਰੱਖੀਏ। ਨਾਲੇ ਨਿਹਚਾ ਰੱਖਣ ਵਾਲਾ ਇਨਸਾਨ ਯਹੋਵਾਹ ਨੂੰ ਆਪਣਾ ਪਿਤਾ ਮੰਨਦਾ ਹੈ ਅਤੇ ਪੂਰਾ ਯਕੀਨ ਰੱਖਦਾ ਹੈ ਕਿ ਯਹੋਵਾਹ ਆਪਣਾ ਹਰ ਵਾਅਦਾ ਪੂਰਾ ਕਰੇਗਾ। ਪਰ ਸੱਚੀ ਨਿਹਚਾ ਵਿਚ ਹੋਰ ਵੀ ਕੁਝ ਸ਼ਾਮਲ ਹੈ। ਜਿਵੇਂ ਕਿਸੇ ਜੀਉਂਦੀ ਚੀਜ਼ ਨੂੰ ਖ਼ੁਰਾਕ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਨਿਹਚਾ ਕੰਮਾਂ ਦੁਆਰਾ ਦਿਖਾਈ ਜਾਣੀ ਚਾਹੀਦੀ ਹੈ, ਨਹੀਂ ਤਾਂ ਇਹ ਮਰ ਜਾਵੇਗੀ।​—ਯਾਕੂ. 2:26.

8. ਨਿਹਚਾ ਕਰਨੀ ਇੰਨੀ ਜ਼ਰੂਰੀ ਕਿਉਂ ਹੈ?

8 ਨਿਹਚਾ ਕਰਨੀ ਇੰਨੀ ਜ਼ਰੂਰੀ ਕਿਉਂ ਹੈ? ਪੌਲੁਸ ਨੇ ਇਸ ਦਾ ਜ਼ਬਰਦਸਤ ਜਵਾਬ ਦਿੱਤਾ। (ਇਬਰਾਨੀਆਂ 11:6 ਪੜ੍ਹੋ।) ਨਿਹਚਾ ਤੋਂ ਬਿਨਾਂ ਅਸੀਂ ਨਾ ਤਾਂ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਦੇ ਹਾਂ ਤੇ ਨਾ ਹੀ ਉਸ ਨੂੰ ਖ਼ੁਸ਼ ਕਰ ਸਕਦੇ ਹਾਂ। ਉਸ ਨੇ ਇਨਸਾਨ ਨੂੰ ਇਸ ਮਕਸਦ ਨਾਲ ਬਣਾਇਆ ਹੈ ਕਿ ਉਹ ਆਪਣੇ ਸਵਰਗੀ ਪਿਤਾ ਨਾਲ ਰਿਸ਼ਤਾ ਜੋੜੇ ਤੇ ਉਸ ਦੀ ਮਹਿਮਾ ਕਰੇ। ਜੇ ਅਸੀਂ ਇਸ ਮਕਸਦ ਮੁਤਾਬਕ ਆਪਣੀ ਜ਼ਿੰਦਗੀ ਜੀਉਣੀ ਚਾਹੁੰਦੇ ਹਾਂ, ਤਾਂ ਸਾਡੇ ਲਈ ਨਿਹਚਾ ਕਰਨੀ ਬਹੁਤ ਜ਼ਰੂਰੀ ਹੈ।

9. ਯਹੋਵਾਹ ਨੇ ਕਿਵੇਂ ਦਿਖਾਇਆ ਕਿ ਉਹ ਸਾਡੀ ਨਿਹਚਾ ਮਜ਼ਬੂਤ ਕਰਨੀ ਚਾਹੁੰਦਾ ਹੈ?

9 ਯਹੋਵਾਹ ਜਾਣਦਾ ਹੈ ਕਿ ਸਾਡੇ ਲਈ ਨਿਹਚਾ ਕਰਨੀ ਜ਼ਰੂਰੀ ਹੈ, ਇਸ ਲਈ ਉਹ ਸਾਨੂੰ ਆਪਣੇ ਵਫ਼ਾਦਾਰ ਸੇਵਕਾਂ ਦੀਆਂ ਮਿਸਾਲਾਂ ਰਾਹੀਂ ਸਿਖਾਉਂਦਾ ਹੈ ਕਿ ਅਸੀਂ ਨਿਹਚਾ ਕਿਵੇਂ ਪੈਦਾ  ਕਰ ਸਕਦੇ ਹਾਂ ਤੇ ਦਿਖਾ ਸਕਦੇ ਹਾਂ। ਉਸ ਨੇ ਮਸੀਹੀ ਮੰਡਲੀ ਦੀ ਅਗਵਾਈ ਕਰਨ ਲਈ ਵਫ਼ਾਦਾਰ ਆਦਮੀ ਨਿਯੁਕਤ ਕੀਤੇ ਹਨ। ਉਸ ਦਾ ਬਚਨ ਕਹਿੰਦਾ ਹੈ: “ਉਨ੍ਹਾਂ ਦੀ ਨਿਹਚਾ ਦੀ ਮਿਸਾਲ ਉੱਤੇ ਚੱਲੋ।” (ਇਬ. 13:7) ਇਸ ਤੋਂ ਇਲਾਵਾ, ਪੌਲੁਸ ਨੇ ਪੁਰਾਣੇ ਜ਼ਮਾਨੇ ਦੇ ਆਦਮੀਆਂ ਤੇ ਔਰਤਾਂ ਬਾਰੇ ਦੱਸਿਆ ਜਿਨ੍ਹਾਂ ਨੂੰ ਉਸ ਨੇ ‘ਗਵਾਹਾਂ ਦਾ ਵੱਡਾ ਬੱਦਲ’ ਕਿਹਾ। (ਇਬ. 12:1) ਇਨ੍ਹਾਂ ਗਵਾਹਾਂ ਨੇ ਸਾਡੇ ਲਈ ਨਿਹਚਾ ਦੀਆਂ ਜ਼ਬਰਦਸਤ ਮਿਸਾਲਾਂ ਕਾਇਮ ਕੀਤੀਆਂ। ਇਬਰਾਨੀਆਂ ਦੇ 11ਵੇਂ ਅਧਿਆਇ ਵਿਚ ਪੌਲੁਸ ਨੇ ਵਫ਼ਾਦਾਰ ਸੇਵਕਾਂ ਦੀ ਸੂਚੀ ਦਿੱਤੀ ਹੈ, ਪਰ ਇਸ ਵਿਚ ਸਾਰੇ ਸੇਵਕਾਂ ਦੇ ਨਾਂ ਨਹੀਂ ਹਨ। ਬਾਈਬਲ ਦੇ ਪੰਨੇ ਹਰ ਉਮਰ ਦੇ ਆਦਮੀਆਂ ਤੇ ਔਰਤਾਂ ਦੀਆਂ ਸੱਚੀਆਂ ਕਹਾਣੀਆਂ ਨਾਲ ਭਰੇ ਹੋਏ ਹਨ ਜਿਨ੍ਹਾਂ ਦੇ ਹਾਲਾਤ ਵੱਖੋ-ਵੱਖਰੇ ਸਨ। ਉਨ੍ਹਾਂ ਨੇ ਮਰਦੇ ਦਮ ਤਕ ਨਿਹਚਾ ਕਰਨੀ ਨਹੀਂ ਛੱਡੀ। ਅੱਜ ਅਵਿਸ਼ਵਾਸੀ ਲੋਕਾਂ ਵਿਚ ਰਹਿੰਦੇ ਹੋਏ ਅਸੀਂ ਉਨ੍ਹਾਂ ਵਫ਼ਾਦਾਰ ਸੇਵਕਾਂ ਤੋਂ ਨਿਹਚਾ ਬਾਰੇ ਕਾਫ਼ੀ ਕੁਝ ਸਿੱਖਦੇ ਹਾਂ।

ਦੂਜਿਆਂ ਦੀ ਨਿਹਚਾ ਦੀ ਰੀਸ ਕਿਵੇਂ ਕਰੀਏ?

10. ਵਫ਼ਾਦਾਰ ਆਦਮੀਆਂ ਤੇ ਔਰਤਾਂ ਬਾਰੇ ਆਪ ਸਟੱਡੀ ਕਰਨ ਨਾਲ ਤੁਹਾਨੂੰ ਉਨ੍ਹਾਂ ਦੀ ਰੀਸ ਕਰਨ ਵਿਚ ਕਿਵੇਂ ਮਦਦ ਮਿਲੇਗੀ?

10 ਤੁਸੀਂ ਉਦੋਂ ਤਕ ਕਿਸੇ ਇਨਸਾਨ ਦੀ ਰੀਸ ਨਹੀਂ ਕਰ ਸਕਦੇ ਜਦ ਤਕ ਤੁਸੀਂ ਉਸ ਦੇ ਤੌਰ-ਤਰੀਕਿਆਂ ਵੱਲ ਧਿਆਨ ਨਹੀਂ ਦਿੰਦੇ। ਇਸ ਕਿਤਾਬ ਨੂੰ ਪੜ੍ਹਦੇ ਵੇਲੇ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੀ ਮਦਦ ਕਰਨ ਲਈ ਕਿੰਨੀ ਖੋਜਬੀਨ ਕੀਤੀ ਗਈ ਹੈ ਤਾਂਕਿ ਤੁਸੀਂ ਇਨ੍ਹਾਂ ਆਦਮੀਆਂ ਤੇ ਔਰਤਾਂ ਦੀ ਨਿਹਚਾ ’ਤੇ ਗੌਰ ਕਰ ਸਕੋ। ਕਿਉਂ ਨਾ ਤੁਸੀਂ ਵੀ ਉਨ੍ਹਾਂ ਬਾਰੇ ਹੋਰ ਖੋਜਬੀਨ ਕਰੋ? ਅਧਿਐਨ ਕਰਦਿਆਂ ਬਾਈਬਲ ਦੀ ਡੂੰਘੀ ਜਾਣਕਾਰੀ ਲੈਣ ਲਈ ਆਪਣੀ ਭਾਸ਼ਾ ਵਿਚ ਉਪਲਬਧ ਪ੍ਰਕਾਸ਼ਨਾਂ ਵਿਚ ਖੋਜਬੀਨ ਕਰੋ। ਬਿਰਤਾਂਤ ਵਿਚਲੀਆਂ ਗੱਲਾਂ ’ਤੇ ਸੋਚ-ਵਿਚਾਰ ਕਰਦਿਆਂ ਘਟਨਾਵਾਂ ਦੀ ਕਲਪਨਾ ਕਰੋ। ਜ਼ਿਕਰ ਕੀਤੀਆਂ ਥਾਵਾਂ ਦੀ ਆਪਣੇ ਮਨ ਵਿਚ ਤਸਵੀਰ ਬਣਾਓ, ਆਵਾਜ਼ਾਂ ਸੁਣੋ ਅਤੇ ਖ਼ੁਸ਼ਬੂਆਂ ਸੁੰਘੋ। ਇਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਵਫ਼ਾਦਾਰ ਆਦਮੀਆਂ ਤੇ ਤੀਵੀਆਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇਸ ਤਰ੍ਹਾਂ ਕਰਨ ਨਾਲ ਤੁਸੀਂ ਉਨ੍ਹਾਂ ਨੂੰ ਹੋਰ ਚੰਗੀ ਤਰ੍ਹਾਂ ਜਾਣ ਸਕੋਗੇ ਅਤੇ ਉਨ੍ਹਾਂ ਵਿੱਚੋਂ ਕੁਝ ਸ਼ਾਇਦ ਤੁਹਾਨੂੰ ਵੀ ਆਪਣੇ ਪੁਰਾਣੇ ਜਿਗਰੀ ਦੋਸਤ ਲੱਗਣਗੇ।

11, 12. (ੳ) ਅਬਰਾਮ ਤੇ ਸਾਰਈ ਦੀ ਮਿਸਾਲ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ? (ਅ) ਤੁਹਾਨੂੰ ਹੰਨਾਹ, ਏਲੀਯਾਹ ਜਾਂ ਸਮੂਏਲ ਦੀ ਮਿਸਾਲ ਤੋਂ ਕਿਵੇਂ ਫ਼ਾਇਦਾ ਹੋ ਸਕਦਾ ਹੈ?

11 ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣ ਲੈਣ ਤੋਂ ਬਾਅਦ ਤੁਸੀਂ ਉਨ੍ਹਾਂ ਦੀ ਰੀਸ ਕਰਨੀ ਚਾਹੋਗੇ। ਮਿਸਾਲ ਲਈ, ਮੰਨ ਲਓ ਕਿ ਯਹੋਵਾਹ ਦਾ ਸੰਗਠਨ ਤੁਹਾਨੂੰ ਆਪਣੀ ਸੇਵਕਾਈ ਨੂੰ ਵਧਾਉਣ ਲਈ ਕਹਿੰਦਾ ਹੈ। ਸ਼ਾਇਦ ਤੁਹਾਨੂੰ ਉਸ ਇਲਾਕੇ ਵਿਚ ਜਾਣ ਲਈ ਕਿਹਾ ਜਾਵੇ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਜਾਂ ਤੁਹਾਨੂੰ ਸ਼ਾਇਦ ਕਿਸੇ ਅਜਿਹੇ ਤਰੀਕੇ ਨਾਲ ਪ੍ਰਚਾਰ ਕਰਨ ਲਈ ਕਿਹਾ ਜਾਵੇ ਜਿਸ ਤਰੀਕੇ ਨਾਲ ਤੁਸੀਂ ਪਹਿਲਾਂ ਪ੍ਰਚਾਰ ਕੀਤਾ ਹੀ ਨਹੀਂ ਜਾਂ ਜੋ ਤੁਹਾਨੂੰ ਔਖਾ ਲੱਗਦਾ ਹੈ। ਤੁਸੀਂ ਪ੍ਰਾਰਥਨਾ ਕਰ ਕੇ ਸੋਚ-ਵਿਚਾਰ ਕਰ ਰਹੇ ਹੋ ਕਿ ਤੁਸੀਂ ਇਹ ਜ਼ਿੰਮੇਵਾਰੀ ਸਵੀਕਾਰ ਕਰੋਗੇ ਜਾਂ ਨਹੀਂ। ਕਿਉਂ ਨਾ ਤੁਸੀਂ ਅਬਰਾਮ ਦੀ ਮਿਸਾਲ ’ਤੇ ਸੋਚ-ਵਿਚਾਰ ਕਰੋ। ਉਸ ਨੇ ਅਤੇ ਸਾਰਈ ਨੇ ਖ਼ੁਸ਼ੀ-ਖ਼ੁਸ਼ੀ ਊਰ ਦੀ ਆਰਾਮਦਾਇਕ ਜ਼ਿੰਦਗੀ ਛੱਡ ਦਿੱਤੀ ਸੀ ਅਤੇ ਨਤੀਜੇ ਵਜੋਂ ਉਨ੍ਹਾਂ ਨੂੰ ਬਹੁਤ ਸਾਰੀਆਂ ਬਰਕਤਾਂ ਮਿਲੀਆਂ। ਉਨ੍ਹਾਂ ਦੇ ਨਕਸ਼ੇ-ਕਦਮਾਂ ’ਤੇ ਚੱਲ ਕੇ ਤੁਹਾਨੂੰ ਲੱਗੇਗਾ ਕਿ ਤੁਸੀਂ ਉਨ੍ਹਾਂ ਨੂੰ ਹੋਰ ਵੀ ਚੰਗੀ ਤਰ੍ਹਾਂ ਜਾਣਦੇ ਹੋ।

12 ਉਦੋਂ ਕੀ ਜੇ ਤੁਹਾਡਾ ਕੋਈ ਕਰੀਬੀ ਤੁਹਾਨੂੰ ਬੁਰਾ-ਭਲਾ ਕਹਿੰਦਾ ਹੈ ਜਿਸ ਕਰਕੇ ਤੁਸੀਂ ਨਿਰਾਸ਼ ਹੋ ਜਾਂਦੇ ਹੋ, ਇੱਥੋਂ ਤਕ ਕਿ ਤੁਸੀਂ ਸਭਾਵਾਂ ਵਿਚ ਵੀ ਨਹੀਂ ਜਾਣਾ ਚਾਹੁੰਦੇ? ਜੇ ਤੁਸੀਂ ਹੰਨਾਹ ਦੀ ਮਿਸਾਲ ’ਤੇ ਸੋਚ-ਵਿਚਾਰ ਕੀਤਾ ਹੈ ਕਿ ਉਸ ਨੇ ਪਨਿੰਨਾਹ ਦੇ  ਬੁਰਾ-ਭਲਾ ਕਹਿਣ ਦੇ ਬਾਵਜੂਦ ਯਹੋਵਾਹ ਦੀ ਭਗਤੀ ਕਰਨੀ ਨਹੀਂ ਛੱਡੀ, ਤਾਂ ਤੁਹਾਨੂੰ ਸਹੀ ਫ਼ੈਸਲਾ ਕਰਨ ਵਿਚ ਮਦਦ ਮਿਲੇਗੀ ਅਤੇ ਹੰਨਾਹ ਤੁਹਾਨੂੰ ਆਪਣੀ ਪੁਰਾਣੀ ਦੋਸਤ ਵਾਂਗ ਲੱਗੇਗੀ। ਇਸੇ ਤਰ੍ਹਾਂ ਜੇ ਤੁਸੀਂ ਇਸ ਗੱਲੋਂ ਨਿਰਾਸ਼ ਹੋ ਕਿ ਤੁਸੀਂ ਆਪਣੇ ਆਪ ਨੂੰ ਨਿਕੰਮੇ ਮਹਿਸੂਸ ਕਰਦੇ ਹੋ, ਤਾਂ ਧਿਆਨ ਦਿਓ ਕਿ ਇਕ ਸਮੇਂ ਤੇ ਏਲੀਯਾਹ ਵੀ ਕਿੰਨਾ ਨਿਰਾਸ਼ ਹੋ ਗਿਆ ਸੀ ਅਤੇ ਯਹੋਵਾਹ ਨੇ ਉਸ ਨੂੰ ਕਿਵੇਂ ਦਿਲਾਸਾ ਦਿੱਤਾ ਸੀ। ਇਸ ਬਾਰੇ ਵਿਚਾਰ ਕਰ ਕੇ ਸ਼ਾਇਦ ਤੁਸੀਂ ਏਲੀਯਾਹ ਦੇ ਨੇੜੇ ਮਹਿਸੂਸ ਕਰੋ। ਸਕੂਲ ਵਿਚ ਜਿਨ੍ਹਾਂ ਨੌਜਵਾਨਾਂ ’ਤੇ ਦੋਸਤਾਂ ਵੱਲੋਂ ਅਨੈਤਿਕ ਕੰਮ ਕਰਨ ਦਾ ਲਗਾਤਾਰ ਦਬਾਅ ਪਾਇਆ ਜਾਂਦਾ ਹੈ, ਉਹ ਸਮੂਏਲ ਦੀ ਮਿਸਾਲ ’ਤੇ ਸੋਚ-ਵਿਚਾਰ ਕਰ ਸਕਦੇ ਹਨ ਕਿ ਉਹ ਡੇਰੇ ਵਿਚ ਏਲੀ ਦੇ ਪੁੱਤਰਾਂ ਦੇ ਮਾੜੇ ਪ੍ਰਭਾਵ ਤੋਂ ਕਿਵੇਂ ਬਚਿਆ ਰਿਹਾ। ਇਸ ਤੋਂ ਬਾਅਦ ਸ਼ਾਇਦ ਉਹ ਸਮੂਏਲ ਦੇ ਨੇੜੇ ਮਹਿਸੂਸ ਕਰਨ।

13. ਕੀ ਬਾਈਬਲ ਦੇ ਪਾਤਰਾਂ ਦੀ ਨਿਹਚਾ ਦੀ ਰੀਸ ਕਰ ਕੇ ਯਹੋਵਾਹ ਦੀਆਂ ਨਜ਼ਰਾਂ ਵਿਚ ਤੁਹਾਡੀ ਅਹਿਮੀਅਤ ਘੱਟ ਜਾਂਦੀ ਹੈ? ਸਮਝਾਓ।

13 ਕੀ ਬਾਈਬਲ ਦੇ ਪਾਤਰਾਂ ਦੀ ਨਿਹਚਾ ਦੀ ਰੀਸ ਕਰ ਕੇ ਯਹੋਵਾਹ ਦੀਆਂ ਨਜ਼ਰਾਂ ਵਿਚ ਤੁਹਾਡੀ ਅਹਿਮੀਅਤ ਘੱਟ ਜਾਵੇਗੀ? ਬਿਲਕੁਲ ਨਹੀਂ! ਯਾਦ ਰੱਖੋ ਕਿ ਯਹੋਵਾਹ ਦਾ ਬਚਨ ਸਾਨੂੰ ਇਨ੍ਹਾਂ ਵਫ਼ਾਦਾਰ ਲੋਕਾਂ ਦੀ ਨਿਹਚਾ ਦੀ ਰੀਸ ਕਰਨ ਦੀ ਹੱਲਾਸ਼ੇਰੀ ਦਿੰਦਾ ਹੈ। (1 ਕੁਰਿੰ. 4:16; 11:1; 2 ਥੱਸ. 3:7, 9) ਇਸ ਤੋਂ ਇਲਾਵਾ, ਇਸ ਕਿਤਾਬ ਵਿਚ ਅਸੀਂ ਅਜਿਹੇ ਕੁਝ ਲੋਕਾਂ ਬਾਰੇ ਪੜ੍ਹਾਂਗੇ ਜਿਨ੍ਹਾਂ ਨੇ ਖ਼ੁਦ ਆਪਣੇ ਤੋਂ ਪਹਿਲਾਂ ਦੇ ਸੇਵਕਾਂ ਦੀ ਨਿਹਚਾ ਦੀ ਰੀਸ ਕੀਤੀ ਸੀ। ਮਿਸਾਲ ਲਈ, ਇਸ ਕਿਤਾਬ ਦੇ 17ਵੇਂ ਪਾਠ ਵਿਚ ਅਸੀਂ ਦੇਖਾਂਗੇ ਕਿ ਮਰੀਅਮ ਨੇ ਯਹੋਵਾਹ ਦਾ ਗੁਣਗਾਨ ਕਰਦਿਆਂ ਸ਼ਾਇਦ ਹੰਨਾਹ ਦੀਆਂ ਗੱਲਾਂ ਦੁਹਰਾਈਆਂ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਹੰਨਾਹ ਨੂੰ ਆਪਣੇ ਲਈ ਵਧੀਆ ਮਿਸਾਲ ਸਮਝਦੀ ਸੀ। ਕੀ ਇਸ ਦਾ ਇਹ ਮਤਲਬ ਹੈ ਕਿ ਮਰੀਅਮ ਵਿਚ ਨਿਹਚਾ ਦੀ ਘਾਟ ਸੀ? ਬਿਲਕੁਲ ਨਹੀਂ! ਇਸ ਦੀ ਬਜਾਇ, ਹੰਨਾਹ ਦੀ ਮਿਸਾਲ ਉੱਤੇ ਚੱਲ ਕੇ ਮਰੀਅਮ ਆਪਣੀ ਨਿਹਚਾ ਮਜ਼ਬੂਤ ਕਰ ਸਕੀ ਜਿਸ ਕਰਕੇ ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਖ਼ੁਦ ਚੰਗਾ ਨਾਂ ਕਮਾ ਸਕੀ।

14, 15. ਇਸ ਕਿਤਾਬ ਦੀਆਂ ਕੁਝ ਖ਼ਾਸ ਗੱਲਾਂ ਕਿਹੜੀਆਂ ਹਨ ਅਤੇ ਅਸੀਂ ਇਸ ਤੋਂ ਕਿਵੇਂ ਫ਼ਾਇਦਾ ਲੈ ਸਕਦੇ ਹਾਂ?

14 ਇਹ ਕਿਤਾਬ ਤੁਹਾਡੀ ਨਿਹਚਾ ਮਜ਼ਬੂਤ ਕਰਨ ਲਈ ਤਿਆਰ ਕੀਤੀ ਗਈ ਹੈ। ਇਸ ਕਿਤਾਬ ਦੇ ਪਾਠ 2008 ਤੋਂ ਲੈ ਕੇ 2013 ਦੇ ਪਹਿਰਾਬੁਰਜ ਦੇ ਲੜੀਵਾਰ ਲੇਖਾਂ “ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ” ’ਤੇ ਆਧਾਰਿਤ ਹਨ। ਪਰ ਇਸ ਵਿਚ ਕੁਝ ਨਵੀਂ ਜਾਣਕਾਰੀ ਵੀ ਪਾਈ ਗਈ ਹੈ। ਹਰ ਪਾਠ ਵਿਚ ਸਵਾਲ ਦਿੱਤੇ ਗਏ ਹਨ ਜਿਨ੍ਹਾਂ ’ਤੇ ਚਰਚਾ ਕਰ ਕੇ ਤੁਸੀਂ ਜਾਣਕਾਰੀ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਸਕਦੇ ਹੋ। ਇਸ ਕਿਤਾਬ ਲਈ ਬਹੁਤ ਸਾਰੀਆਂ ਰੰਗਦਾਰ ਤਸਵੀਰਾਂ ਬਣਾਈਆਂ ਗਈਆਂ ਹਨ ਜਿਨ੍ਹਾਂ ਵਿਚ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਿਆ ਗਿਆ ਹੈ। ਪਹਿਲਾਂ ਹੀ ਮੌਜੂਦ ਤਸਵੀਰਾਂ ਨੂੰ ਵੱਡਾ ਕੀਤਾ ਗਿਆ ਹੈ ਤੇ ਉਨ੍ਹਾਂ ਨੂੰ ਹੋਰ ਸੋਹਣਾ ਬਣਾਇਆ ਗਿਆ ਹੈ। ਤੁਹਾਡੀ ਮਦਦ ਲਈ ਇਸ ਕਿਤਾਬ ਵਿਚ ਸਮਾਂ-ਰੇਖਾ ਅਤੇ ਨਕਸ਼ੇ ਵੀ ਦਿੱਤੇ ਗਏ ਹਨ। ਤੁਸੀਂ ਖ਼ੁਦ, ਪਰਿਵਾਰ ਅਤੇ ਮੰਡਲੀ ਵਿਚ ਇਸ ਕਿਤਾਬ ਦਾ ਅਧਿਐਨ ਕਰੋ। ਪੂਰਾ ਪਰਿਵਾਰ ਉੱਚੀ ਆਵਾਜ਼ ਵਿਚ ਕਹਾਣੀਆਂ ਪੜ੍ਹਨ ਦਾ ਵੀ ਮਜ਼ਾ ਲੈ ਸਕਦਾ ਹੈ।

15 ਸਾਡੀ ਇਹੀ ਦੁਆ ਹੈ ਕਿ ਇਹ ਕਿਤਾਬ ਪੁਰਾਣੇ ਸਮੇਂ ਦੇ ਵਫ਼ਾਦਾਰ ਸੇਵਕਾਂ ਦੀ ਨਿਹਚਾ ਦੀ ਰੀਸ ਕਰਨ ਵਿਚ ਤੁਹਾਡੀ ਮਦਦ ਕਰੇ। ਨਾਲੇ ਇਹ ਤੁਹਾਡੀ ਆਪਣੇ ਸਵਰਗੀ ਪਿਤਾ ਯਹੋਵਾਹ ਦੇ ਨੇੜੇ ਜਾਣ ਅਤੇ ਆਪਣੀ ਨਿਹਚਾ ਨੂੰ ਮਜ਼ਬੂਤ ਕਰਨ ਵਿਚ ਮਦਦ ਕਰੇ।