Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਯਹੋਵਾਹ ਦੇ ਨੇੜੇ ਰਹੋ

 ਪੰਜਵਾਂ ਅਧਿਆਇ

ਸ੍ਰਿਸ਼ਟ ਕਰਨ ਦੀ ਸ਼ਕਤੀ—‘ਅਕਾਸ਼ ਤੇ ਧਰਤੀ ਨੂੰ ਬਣਾਉਣ ਵਾਲਾ’

ਸ੍ਰਿਸ਼ਟ ਕਰਨ ਦੀ ਸ਼ਕਤੀ—‘ਅਕਾਸ਼ ਤੇ ਧਰਤੀ ਨੂੰ ਬਣਾਉਣ ਵਾਲਾ’

1, 2. ਸੂਰਜ ਤੋਂ ਯਹੋਵਾਹ ਦੀ ਸ੍ਰਿਸ਼ਟ ਕਰਨ ਦੀ ਸ਼ਕਤੀ ਕਿਸ ਤਰ੍ਹਾਂ ਦੇਖੀ ਜਾਂਦੀ ਹੈ?

ਕੀ ਤੁਸੀਂ ਕਦੇ ਸਰਦੀ ਦੀ ਸ਼ਾਮ ਨੂੰ ਅੱਗ ਦੇ ਲਾਗੇ ਖੜ੍ਹੇ ਹੋਏ ਹੋ? ਕਲਪਨਾ ਕਰੋ ਕਿ ਤੁਸੀਂ ਲਾਗੇ ਹੋ ਕੇ ਆਪਣੇ ਹੱਥ ਸੇਕਦੇ ਹੋ। ਜੇ ਤੁਸੀਂ ਬਹੁਤ ਲਾਗੇ ਹੋ ਜਾਂਦੇ ਹੋ, ਤਾਂ ਸੇਕ ਸਿਹਾ ਨਹੀਂ ਜਾ ਸਕਦਾ। ਜੇ ਤੁਸੀਂ ਥੋੜ੍ਹੇ ਪਰੇ ਖੜ੍ਹੇ ਹੋ ਜਾਂਦੇ ਹੋ, ਤਾਂ ਬਹੁਤ ਠੰਢ ਲੱਗਣ ਲੱਗ ਪੈਂਦੀ ਹੈ।

2 ਸਾਡਾ ਸੂਰਜ ਵੀ ਇਕ ਕਿਸਮ ਦੀ “ਅੱਗ” ਹੈ ਜਿਸ ਤੋਂ ਸਾਡੇ ਸਰੀਰ ਨੂੰ ਦਿਨੇ ਨਿੱਘ ਮਿਲਦਾ ਹੈ। ਇਹ “ਅੱਗ” ਤਕਰੀਬਨ 15 ਕਰੋੜ ਕਿਲੋਮੀਟਰ ਦੂਰ ਬਲ਼ਦੀ ਹੈ! * ਸੂਰਜ ਦਾ ਤਾਪਮਾਨ ਇੰਨਾ ਜ਼ਿਆਦਾ ਹੈ ਕਿ ਅਸੀਂ ਇੰਨੀ ਦੂਰੋਂ ਉਸ ਦੀ ਗਰਮੀ ਮਹਿਸੂਸ ਕਰ ਸਕਦੇ ਹਾਂ! ਧਰਤੀ ਇਸ ਬਲ਼ਦੀ ਭੱਠੀ ਦੇ ਆਲੇ-ਦੁਆਲੇ ਐਨ ਸਹੀ ਫ਼ਾਸਲੇ ਤੇ ਚੱਕਰ ਕੱਢਦੀ ਹੈ। ਜੇ ਇਹ ਥੋੜ੍ਹੀ ਲਾਗੇ ਹੁੰਦੀ, ਤਾਂ ਧਰਤੀ ਦੇ ਸਾਰੇ ਪਾਣੀ ਨੇ ਭਾਫ਼ ਬਣ ਕੇ ਮੁੱਕ ਜਾਣਾ ਸੀ ਅਤੇ ਜੇ ਥੋੜ੍ਹੀ ਦੂਰ ਹੁੰਦੀ, ਤਾਂ ਇਸ ਦੇ ਪਾਣੀ ਨੇ ਬਰਫ਼ ਬਣ ਕੇ ਜੰਮ ਜਾਣਾ ਸੀ। ਇਨ੍ਹਾਂ ਦੋਹਾਂ ਹਾਲਤਾਂ ਨੇ ਸਾਡੀ ਧਰਤੀ ਨੂੰ ਬੇਜਾਨ ਬਣਾ ਦੇਣਾ ਸੀ। ਜੀਉਣ ਲਈ ਜ਼ਰੂਰੀ ਹੋਣ ਦੇ ਨਾਲ-ਨਾਲ ਧੁੱਪ ਗੁਣਕਾਰ ਹੈ ਅਤੇ ਇਸ ਦੀ ਊਰਜਾ ਤੋਂ ਪ੍ਰਦੂਸ਼ਣ ਨਹੀਂ ਫੈਲਦਾ। ਧੁੱਪੇ ਬਹਿ ਕੇ ਸਾਨੂੰ ਮਜ਼ਾ ਵੀ ਆਉਂਦਾ ਹੈ।ਉਪਦੇਸ਼ਕ ਦੀ ਪੋਥੀ 11:7.

ਯਹੋਵਾਹ ਨੇ “ਉਜਾਲੇ ਅਤੇ ਸੂਰਜ ਨੂੰ ਕਾਇਮ ਕਰ ਰੱਖਿਆ ਹੈ”

3. ਸੂਰਜ ਕਿਹੜੀ ਸੱਚਾਈ ਦੀ ਗਵਾਹੀ ਦਿੰਦਾ ਹੈ?

3 ਇਸ ਦੇ ਬਾਵਜੂਦ ਜ਼ਿਆਦਾਤਰ ਲੋਕ ਸੂਰਜ ਦੀ ਕਦਰ ਨਹੀਂ ਕਰਦੇ, ਭਾਵੇਂ ਉਨ੍ਹਾਂ ਦੀ ਜ਼ਿੰਦਗੀ ਉਸ ਉੱਤੇ ਨਿਰਭਰ ਕਰਦੀ ਹੈ। ਉਹ ਸਮਝਦੇ ਨਹੀਂ ਕਿ ਸੂਰਜ ਤੋਂ ਵੀ ਅਸੀਂ ਕੁਝ ਸਿੱਖ ਸਕਦੇ ਹਾਂ। ਯਹੋਵਾਹ ਬਾਰੇ ਬਾਈਬਲ ਕਹਿੰਦੀ ਹੈ: “ਤੈਂ ਉਜਾਲੇ ਅਤੇ ਸੂਰਜ ਨੂੰ ਕਾਇਮ ਕਰ ਰੱਖਿਆ ਹੈ।” (ਜ਼ਬੂਰਾਂ ਦੀ ਪੋਥੀ 74:16) ਜੀ ਹਾਂ, ਸੂਰਜ ‘ਅਕਾਸ਼ ਤੇ ਧਰਤੀ ਦੇ ਬਣਾਉਣ’ ਵਾਲੇ ਦੀ ਮਹਿਮਾ ਕਰਦਾ ਹੈ। (ਜ਼ਬੂਰਾਂ ਦੀ ਪੋਥੀ  19:1; 146:6) ਸੂਰਜ ਤਾਂ ਅਣਗਿਣਤ ਆਕਾਸ਼ੀ ਪਿੰਡਾਂ ਵਿੱਚੋਂ ਸਿਰਫ਼ ਇਕ ਹੈ ਜੋ ਸਾਨੂੰ ਯਹੋਵਾਹ ਦੀ ਸ੍ਰਿਸ਼ਟ ਕਰਨ ਦੀ ਵੱਡੀ ਸ਼ਕਤੀ ਬਾਰੇ ਸਿਖਾਉਂਦਾ ਹੈ। ਆਓ ਆਪਾਂ ਹੁਣ ਕੁਝ ਆਕਾਸ਼ੀ ਪਿੰਡਾਂ ਵੱਲ ਧਿਆਨ ਦੇਈਏ ਜਿਸ ਤੋਂ ਬਾਅਦ ਆਪਾਂ ਧਰਤੀ ਅਤੇ ਉਸ ਉੱਤੇ ਜੀ ਰਹੀਆਂ ਚੀਜ਼ਾਂ ਵੱਲ ਧਿਆਨ ਦੇਵਾਂਗੇ।

“ਆਪਣੀਆਂ ਅੱਖਾਂ ਉਤਾਹਾਂ ਚੁੱਕੋ, ਅਤੇ ਵੇਖੋ”

4, 5. (ੳ) ਸੂਰਜ ਕਿੰਨਾ ਵੱਡਾ ਹੈ ਅਤੇ ਇਸ ਵਿਚ ਕਿੰਨੀ ਕੁ ਸ਼ਕਤੀ ਹੈ? (ਅ) ਦੂਸਰੇ ਤਾਰਿਆਂ ਦੀ ਤੁਲਨਾ ਵਿਚ ਸੂਰਜ ਕਿੰਨਾ ਵੱਡਾ ਹੈ?

4 ਤੁਸੀਂ ਸ਼ਾਇਦ ਜਾਣਦੇ ਹੋਵੋਗੇ ਕਿ ਸਾਡਾ ਸੂਰਜ ਇਕ ਤਾਰਾ ਹੈ। ਰਾਤ ਨੂੰ ਜਿਹੜੇ ਤਾਰੇ ਸਾਨੂੰ ਨਜ਼ਰ ਆਉਂਦੇ ਹਨ, ਸੂਰਜ ਉਨ੍ਹਾਂ ਨਾਲੋਂ ਵੱਡਾ ਲੱਗਦਾ ਹੈ ਕਿਉਂਕਿ ਉਨ੍ਹਾਂ ਦੀ ਤੁਲਨਾ ਵਿਚ ਸੂਰਜ ਸਾਡੀ ਧਰਤੀ ਦੇ ਬਹੁਤ ਨੇੜੇ ਹੈ। ਇਸ ਵਿਚ ਕਿੰਨੀ ਕੁ ਸ਼ਕਤੀ ਹੈ? ਇਸ ਦੇ ਐਨ ਗੱਬੇ ਤਾਪਮਾਨ 1.5 ਕਰੋੜ ਡਿਗਰੀ ਸੈਲਸੀਅਸ ਹੈ। ਜੇ ਤੁਸੀਂ ਸੂਰਜ ਦੇ ਵਿਚਕਾਰਲੇ ਹਿੱਸੇ ਵਿੱਚੋਂ ਰਾਈ ਦੇ ਇਕ ਦਾਣੇ ਕੁ ਜਿੰਨਾ ਹਿੱਸਾ ਲੈ ਕੇ ਧਰਤੀ ਉੱਤੇ ਰੱਖ ਦਿਓ, ਤਾਂ ਇਸ ਛੋਟੇ ਜਿਹੇ ਟੁਕੜੇ ਵਿੱਚੋਂ ਇੰਨਾ ਸੇਕ ਨਿਕਲੇਗਾ ਕਿ ਤੁਹਾਨੂੰ ਉਸ ਤੋਂ ਲਗਭਗ 140 ਕਿਲੋਮੀਟਰ ਦੂਰ ਖੜ੍ਹਨਾ ਪਵੇਗਾ! ਹਰ ਸਕਿੰਟ ਸੂਰਜ ਲੱਖਾਂ-ਕਰੋੜਾਂ ਨਿਊਕਲੀ ਬੰਬਾਂ ਜਿੰਨੀ ਊਰਜਾ ਪੈਦਾ ਕਰਦਾ ਹੈ।

5 ਸੂਰਜ ਇੰਨਾ ਵੱਡਾ ਹੈ ਕਿ ਧਰਤੀ ਜਿੱਡੇ 13 ਲੱਖ ਗ੍ਰਹਿ ਉਸ ਦੇ ਅੰਦਰ ਸਮਾ ਸਕਦੇ  ਹਨ। ਤਾਂ ਫਿਰ ਕੀ ਸੂਰਜ ਇਕ ਬਹੁਤ ਹੀ ਵੱਡਾ ਤਾਰਾ ਹੈ? ਨਹੀਂ, ਖਗੋਲ-ਵਿਗਿਆਨੀ ਇਸ ਨੂੰ ਬੌਨਾ ਤਾਰਾ ਸੱਦਦੇ ਹਨ। ਪੌਲੁਸ ਰਸੂਲ ਨੇ ਲਿਖਿਆ: “ਇੱਕ ਤਾਰਾ ਦੂਏ ਤਾਰੇ ਤੋਂ ਭਿੰਨ ਹੈ।” (1 ਕੁਰਿੰਥੀਆਂ 15:41) ਉਹ ਨਹੀਂ ਜਾਣ ਸਕਦਾ ਸੀ ਕਿ ਪਵਿੱਤਰ ਆਤਮਾ ਦੁਆਰਾ ਲਿਖਵਾਏ ਗਏ ਇਹ ਸ਼ਬਦ ਕਿੰਨੇ ਸਹੀ ਸਨ। ਇਕ ਤਾਰੇ ਦਾ ਆਕਾਰ ਇੰਨਾ ਵੱਡਾ ਹੈ ਕਿ ਜੇ ਉਸ ਨੂੰ ਸੂਰਜ ਦੀ ਥਾਂ ਤੇ ਰੱਖਿਆ ਜਾਵੇ, ਤਾਂ ਉਹ ਸਾਡੀ ਧਰਤੀ ਨੂੰ ਵੀ ਘੇਰ ਲਵੇਗਾ। ਇਕ ਹੋਰ ਤਾਰਾ ਇਸ ਤੋਂ ਵੀ ਵੱਡਾ ਹੈ। ਜੇ ਉਸ ਨੂੰ ਸੂਰਜ ਦੀ ਥਾਂ ਤੇ ਰੱਖਿਆ ਜਾਵੇ, ਤਾਂ ਉਹ ਸ਼ਨੀ ਗ੍ਰਹਿ ਯਾਨੀ ਸੈਟਰਨ ਤਕ ਪਹੁੰਚ ਜਾਵੇਗਾ! ਸ਼ਨੀ ਗ੍ਰਹਿ ਧਰਤੀ ਤੋਂ ਇੰਨਾ ਦੂਰ ਹੈ ਕਿ ਉਸ ਤਕ ਪਹੁੰਚਣ ਲਈ ਇਕ ਪੁਲਾੜੀ ਜਹਾਜ਼ ਨੂੰ ਬੰਦੂਕ ਦੀ ਗੋਲੀ ਨਾਲੋਂ 40 ਗੁਣਾ ਤੇਜ਼ ਚੱਲ ਕੇ ਵੀ ਚਾਰ ਸਾਲ ਲੱਗੇ ਸਨ!

6. ਬਾਈਬਲ ਕਿਸ ਤਰ੍ਹਾਂ ਦਿਖਾਉਂਦੀ ਹੈ ਕਿ ਤਾਰਿਆਂ ਦੀ ਗਿਣਤੀ ਇਨਸਾਨੀ ਅਨੁਮਾਨ ਨਾਲੋਂ ਕਿਤੇ ਜ਼ਿਆਦਾ ਹੈ?

6 ਤਾਰਿਆਂ ਦੇ ਸਾਈਜ਼ ਤੋਂ ਜ਼ਿਆਦਾ ਉਨ੍ਹਾਂ ਦੀ ਗਿਣਤੀ ਹੈਰਾਨ ਕਰਦੀ ਹੈ। ਬਾਈਬਲ  ਤੋਂ ਸੰਕੇਤ ਮਿਲਦਾ ਹੈ ਕਿ ਤਾਰੇ ਗਿਣਨੇ ਉੱਨੇ ਹੀ ਔਖੇ ਹਨ ਜਿੰਨੀ “ਸਮੁੰਦਰ ਦੀ ਰੇਤ” ਗਿਣਨੀ ਔਖੀ ਹੈ। (ਯਿਰਮਿਯਾਹ 33:22) ਇਸ ਤੋਂ ਪਤਾ ਲੱਗਦਾ ਹੈ ਕਿ ਸਾਡੀਆਂ ਅੱਖਾਂ ਨਾਲ ਦੇਖੇ ਜਾਣ ਵਾਲੇ ਤਾਰਿਆਂ ਨਾਲੋਂ ਹੋਰ ਬਹੁਤ ਸਾਰੇ ਤਾਰੇ ਹਨ। ਜੇ ਯਿਰਮਿਯਾਹ ਵਰਗੇ ਬਾਈਬਲ ਦੇ ਕਿਸੇ ਲਿਖਾਰੀ ਨੇ ਉੱਪਰ ਦੇਖ ਕੇ ਤਾਰੇ ਗਿਣਨ ਦੀ ਕੋਸ਼ਿਸ਼ ਕੀਤੀ ਹੁੰਦੀ, ਤਾਂ ਉਹ ਸਿਰਫ਼ ਤਿੰਨ ਕੁ ਹਜ਼ਾਰ ਤਾਰੇ ਗਿਣ ਸਕਦਾ ਸੀ ਕਿਉਂਕਿ ਦੂਰਬੀਨ ਤੋਂ ਬਿਨਾਂ ਅਸੀਂ ਸਿਰਫ਼ ਇੰਨੇ ਹੀ ਤਾਰੇ ਦੇਖ ਸਕਦੇ ਹਾਂ। ਸਿਰਫ਼ ਮੁੱਠ ਭਰ ਰੇਤ ਵਿਚ ਤਕਰੀਬਨ ਤਿੰਨ ਹਜ਼ਾਰ ਦਾਣੇ ਹੁੰਦੇ ਹਨ। ਪਰ ਅਸਲ ਵਿਚ ਤਾਰਿਆਂ ਦੀ ਗਿਣਤੀ ਸਮੁੰਦਰ ਦੀ ਸਾਰੀ ਰੇਤ ਜਿੰਨੀ ਹੈ। * ਇਨ੍ਹਾਂ ਨੂੰ ਕੌਣ ਗਿਣ ਸਕਦਾ ਹੈ?

“ਉਹ ਏਹਨਾਂ ਸਾਰਿਆਂ ਨੂੰ ਨਾਉਂ ਲੈ ਲੈ ਕੇ ਪੁਕਾਰਦਾ ਹੈ”

7. (ੳ) ਸਾਡੀ ਆਕਾਸ਼-ਗੰਗਾ ਗਲੈਕਸੀ ਵਿਚ ਕਿੰਨੇ ਤਾਰੇ ਹਨ ਅਤੇ ਇਹ ਗਿਣਤੀ ਕਿੰਨੀ ਵੱਡੀ ਹੈ? (ਫੁਟਨੋਟ ਦੇਖੋ।) (ਅ) ਇਸ ਤੋਂ ਅਸੀਂ ਕੀ ਸਿੱਖਦੇ ਹਾਂ ਕਿ ਖਗੋਲ-ਵਿਗਿਆਨੀਆਂ ਲਈ ਗਲੈਕਸੀਆਂ ਦੀ ਗਿਣਤੀ ਜਾਣਨੀ ਮੁਸ਼ਕਲ ਹੈ ਅਤੇ ਇਸ ਤੋਂ ਅਸੀਂ ਯਹੋਵਾਹ ਦੀ ਸ੍ਰਿਸ਼ਟ ਕਰਨ ਦੀ ਸ਼ਕਤੀ ਬਾਰੇ ਕੀ ਸਿੱਖਦੇ ਹਾਂ?

7 ਤਾਰਿਆਂ ਨੂੰ ਕੌਣ ਗਿਣ ਸਕਦਾ ਹੈ? ਯਸਾਯਾਹ 40:26 ਵਿਚ ਇਸ ਸਵਾਲ ਦਾ ਜਵਾਬ ਮਿਲਦਾ ਹੈ: “ਆਪਣੀਆਂ ਅੱਖਾਂ ਉਤਾਹਾਂ ਚੁੱਕੋ, ਅਤੇ ਵੇਖੋ ਭਈ ਕਿਹਨੇ ਏਹਨਾਂ ਨੂੰ ਸਾਜਿਆ, ਜਿਹੜਾ ਏਹਨਾਂ ਦੀ ਸੈਨਾ ਗਿਣ ਕੇ ਬਾਹਰ ਲੈ ਜਾਂਦਾ ਹੈ, ਉਹ ਏਹਨਾਂ ਸਾਰਿਆਂ ਨੂੰ ਨਾਉਂ ਲੈ ਲੈ ਕੇ ਪੁਕਾਰਦਾ ਹੈ।” ਜ਼ਬੂਰਾਂ ਦੀ ਪੋਥੀ 147:4 ਵਿਚ ਲਿਖਿਆ ਹੈ ਕਿ “ਉਹ ਤਾਰਿਆਂ ਦੀ ਗਿਣਤੀ ਕਰਦਾ ਹੈ।” ਵੈਸੇ “ਤਾਰਿਆਂ ਦੀ ਗਿਣਤੀ” ਕਿੰਨੀ ਹੈ? ਇਹ ਕੋਈ ਸਾਧਾਰਣ ਸਵਾਲ ਨਹੀਂ ਹੈ। ਖਗੋਲ-ਵਿਗਿਆਨੀ ਅਨੁਮਾਨ ਲਗਾਉਂਦੇ ਹਨ ਕਿ ਸਾਡੀ ਆਕਾਸ਼-ਗੰਗਾ ਗਲੈਕਸੀ ਵਿਚ ਇਕ ਖਰਬ ਤੋਂ ਜ਼ਿਆਦਾ ਤਾਰੇ ਹਨ। * ਪਰ ਸਾਡੀ ਗਲੈਕਸੀ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਗਲੈਕਸੀਆਂ ਹਨ ਜਿਨ੍ਹਾਂ ਵਿਚ ਇਸ ਤੋਂ ਵੀ ਕਿਤੇ ਜ਼ਿਆਦਾ ਤਾਰੇ ਹਨ। ਤਾਂ ਫਿਰ ਕਿੰਨੀਆਂ ਗਲੈਕਸੀਆਂ ਹਨ? ਕੁਝ ਖਗੋਲ-ਵਿਗਿਆਨੀਆਂ ਅਨੁਸਾਰ 50 ਅਰਬ ਗਲੈਕਸੀਆਂ ਹਨ। ਦੂਸਰੇ ਕਹਿੰਦੇ ਹਨ ਕਿ ਇਕ ਖਰਬ ਪੱਚੀ ਅਰਬ ਗਲੈਕਸੀਆਂ ਹੋ ਸਕਦੀਆਂ ਹਨ। ਜਦ ਇਨਸਾਨ ਗਲੈਕਸੀਆਂ ਦੀ ਗਿਣਤੀ ਦਾ ਅਨੁਮਾਨ ਨਹੀਂ ਲੱਗਾ ਸਕਦੇ, ਤਾਂ ਉਹ ਉਨ੍ਹਾਂ ਵਿਚਲੇ ਅਰਬਾਂ ਤਾਰਿਆਂ ਨੂੰ ਕਿਸ ਤਰ੍ਹਾਂ ਗਿਣ ਸਕਦੇ ਹਨ? ਪਰ ਯਹੋਵਾਹ ਉਨ੍ਹਾਂ ਦੀ ਗਿਣਤੀ ਜਾਣਦਾ ਹੈ। ਉਹ ਤਾਂ ਹਰੇਕ ਤਾਰੇ ਦਾ ਨਾਂ ਲੈ ਲੈ ਕੇ ਪੁਕਾਰਦਾ ਹੈ!

8. (ੳ) ਤੁਸੀਂ ਆਕਾਸ਼-ਗੰਗਾ ਗਲੈਕਸੀ ਦੇ ਸਾਈਜ਼ ਬਾਰੇ ਕਿਸ ਤਰ੍ਹਾਂ ਸਮਝਾਓਗੇ? (ਅ) ਯਹੋਵਾਹ ਆਕਾਸ਼ੀ ਪਿੰਡਾਂ ਦੀ ਘੁੰਮਣ-ਗਤੀ ਨੂੰ ਕਿਸ ਤਰ੍ਹਾਂ ਤਰਤੀਬ ਵਿਚ ਰੱਖਦਾ ਹੈ?

 8 ਗਲੈਕਸੀਆਂ ਦੇ ਸਾਈਜ਼ ਬਾਰੇ ਸੋਚ ਕੇ ਸਾਡੇ ਦਿਲ ਵਿਚ ਯਹੋਵਾਹ ਲਈ ਹੋਰ ਵੀ ਸ਼ਰਧਾ ਵਧਦੀ ਹੈ। ਅਨੁਮਾਨ ਲਗਾਇਆ ਗਿਆ ਹੈ ਕਿ ਆਕਾਸ਼-ਗੰਗਾ ਗਲੈਕਸੀ ਇਕ ਲੱਖ ਪ੍ਰਕਾਸ਼ ਵਰ੍ਹੇ ਚੌੜ੍ਹੀ ਹੈ। ਮੰਨ ਲਓ ਕਿ ਤੁਸੀਂ ਪ੍ਰਕਾਸ਼ ਦੀ ਇਕ ਕਿਰਨ ਨੂੰ 3 ਲੱਖ ਕਿਲੋਮੀਟਰ ਪ੍ਰਤੀ ਸਕਿੰਟ ਸਫ਼ਰ ਕਰਦੇ ਦੇਖ ਸਕਦੇ ਹੋ। ਉਸ ਕਿਰਨ ਨੂੰ ਸਾਡੀ ਗਲੈਕਸੀ ਪਾਰ ਕਰਨ ਲਈ ਇਕ ਲੱਖ ਸਾਲ ਲੱਗਣਗੇ! ਅਤੇ ਕੁਝ ਗਲੈਕਸੀਆਂ ਸਾਡੀ ਗਲੈਕਸੀ ਨਾਲੋਂ ਕਈ ਗੁਣਾ ਵੱਡੀਆਂ ਹਨ। ਬਾਈਬਲ ਦੱਸਦੀ ਹੈ ਕਿ ਯਹੋਵਾਹ ਆਕਾਸ਼ ਨੂੰ ਚਾਦਰ ਵਾਂਗ “ਤਾਣਦਾ” ਹੈ। (ਜ਼ਬੂਰਾਂ ਦੀ ਪੋਥੀ 104:2) ਉਹ ਇਨ੍ਹਾਂ ਆਕਾਸ਼ੀ ਪਿੰਡਾਂ ਨੂੰ ਤਰਤੀਬ ਵਿਚ ਵੀ ਰੱਖਦਾ ਹੈ। ਪੁਲਾੜ ਵਿਚ ਮਿੱਟੀ ਦੇ ਛੋਟੇ ਤੋਂ ਛੋਟੇ ਕਿਣਕੇ ਤੋਂ ਲੈ ਕੇ ਵੱਡੀਆਂ-ਵੱਡੀਆਂ ਗਲੈਕਸੀਆਂ ਤਕ, ਸੱਭੋ ਕੁਝ ਆਪੋ-ਆਪਣੇ ਥਾਂ ਅਤੇ ਪਰਮੇਸ਼ੁਰ ਦੇ ਕੁਦਰਤੀ ਨੇਮਾਂ ਮੁਤਾਬਕ ਚੱਲਦਾ ਹੈ। (ਅੱਯੂਬ 38:31-33) ਇਸ ਕਰਕੇ ਸਾਇੰਸਦਾਨਾਂ ਨੇ ਆਕਾਸ਼ੀ ਪਿੰਡਾਂ ਦੀ ਘੁੰਮਣ-ਗਤੀ ਦੀ ਤੁਲਨਾ ਕਮਾਲ ਦੇ ਨਾਚ ਨਾਲ ਕੀਤੀ ਹੈ! ਪਰ ਜਿਸ ਨੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਬਣਾਇਆ ਉਸ ਬਾਰੇ ਸੋਚੋ। ਕੀ ਤੁਹਾਡਾ ਦਿਲ ਉਸ ਸ਼ਕਤੀਸ਼ਾਲੀ ਪਰਮੇਸ਼ੁਰ ਲਈ ਸ਼ਰਧਾ, ਭੈ ਅਤੇ ਤਾਰੀਫ਼ ਨਾਲ ਭਰ ਨਹੀਂ ਜਾਂਦਾ?

‘ਧਰਤੀ ਨੂੰ ਆਪਣੀ ਸ਼ਕਤੀ ਨਾਲ ਬਣਾਉਣ ਵਾਲਾ’

9, 10. ਸੂਰਜੀ ਪਰਿਵਾਰ, ਬ੍ਰਹਿਸਪਤ ਗ੍ਰਹਿ (ਜੁਪੀਟਰ), ਧਰਤੀ ਅਤੇ ਚੰਨ ਜਿੱਥੇ ਟਿਕੇ ਹੋਏ ਹਨ ਉਸ ਤੋਂ ਯਹੋਵਾਹ ਦੀ ਵੱਡੀ ਸ਼ਕਤੀ ਕਿਸ ਤਰ੍ਹਾਂ ਜ਼ਾਹਰ ਹੁੰਦੀ ਹੈ?

9 ਯਹੋਵਾਹ ਦੀ ਸ੍ਰਿਸ਼ਟ ਕਰਨ ਦੀ ਸ਼ਕਤੀ ਸਾਡੀ ਧਰਤੀ ਦੀ ਜਾਂਚ ਕਰ ਕੇ ਵੀ ਦੇਖੀ ਜਾ ਸਕਦੀ ਹੈ। ਉਸ ਨੇ ਧਰਤੀ ਨੂੰ ਇਸ ਵਿਸ਼ਾਲ ਬ੍ਰਹਿਮੰਡ ਵਿਚ ਬੜੇ ਧਿਆਨ ਨਾਲ ਰੱਖਿਆ ਹੈ। ਕਈ ਸਾਇੰਸਦਾਨ ਮੰਨਦੇ ਹਨ ਕਿ ਹੋਰਨਾਂ ਬਹੁਤ ਸਾਰੀਆਂ ਗਲੈਕਸੀਆਂ ਵਿਚ ਕੋਈ ਚੀਜ਼ ਜ਼ਿੰਦਾ ਨਹੀਂ ਰਹਿ ਸਕਦੀ ਜਿਸ ਤਰ੍ਹਾਂ ਉਹ ਸਾਡੇ ਗ੍ਰਹਿ ਵਿਚ ਜੀ ਸਕਦੀ ਹੈ। ਸਾਡੀ ਆਕਾਸ਼-ਗੰਗਾ ਗਲੈਕਸੀ ਦੇ ਵੱਡੇ ਹਿੱਸੇ ਵਿਚ ਵੀ ਕਿਸੇ ਚੀਜ਼ ਲਈ ਜ਼ਿੰਦਾ ਰਹਿਣਾ ਨਾਮੁਮਕਿਨ ਹੈ। ਇਸ ਦਾ ਕੇਂਦਰ ਤਾਰਿਆਂ ਨਾਲ ਭਰਿਆ ਹੋਇਆ ਹੈ। ਉੱਥੇ ਬਹੁਤ ਹਾਨੀਕਾਰਕ ਕਿਰਨਾਂ ਹਨ ਅਤੇ ਤਾਰਿਆਂ ਦਰਮਿਆਨ ਟੱਕਰ ਹੋਣ ਦਾ ਖ਼ਤਰਾ ਆਮ ਰਹਿੰਦਾ ਹੈ। ਗਲੈਕਸੀ ਦੇ ਕੰਢਿਆਂ ਤੇ ਜੀਉਣ ਲਈ ਜ਼ਰੂਰੀ ਚੀਜ਼ਾਂ ਦੀ ਘਾਟ ਹੈ। ਪਰ ਸਾਡਾ ਸੂਰਜੀ ਪਰਿਵਾਰ ਬਿਲਕੁਲ ਸਹੀ ਜਗ੍ਹਾ ਤੇ ਇਨ੍ਹਾਂ ਦੋ ਹੱਦਾਂ ਦੇ ਦਰਮਿਆਨ ਹੈ।

10 ਧਰਤੀ ਤੋਂ ਦੂਰ ਇਕ ਵੱਡੇ ਰਾਖੇ ਯਾਨੀ ਬ੍ਰਹਿਸਪਤ ਗ੍ਰਹਿ (ਜੁਪੀਟਰ) ਤੋਂ ਧਰਤੀ ਨੂੰ  ਫ਼ਾਇਦਾ ਹੁੰਦਾ ਹੈ। ਇਹ ਗ੍ਰਹਿ ਧਰਤੀ ਨਾਲੋਂ ਇਕ ਹਜ਼ਾਰ ਤੋਂ ਜ਼ਿਆਦਾ ਗੁਣਾ ਵੱਡਾ ਹੈ ਅਤੇ ਇਸ ਦੀ ਗੁਰੂਤਾ ਖਿੱਚ ਬਹੁਤ ਜ਼ਿਆਦਾ ਹੈ। ਨਤੀਜੇ ਵਜੋਂ ਪੁਲਾੜ ਵਿੱਚੋਂ ਜੋ ਵੀ ਚੀਜ਼ ਡਿੱਗਦੀ ਹੈ, ਇਹ ਗ੍ਰਹਿ ਉਸ ਨੂੰ ਖਿੱਚ ਲੈਂਦਾ ਹੈ ਜਾਂ ਇਕ ਪਾਸੇ ਮੋੜ ਦਿੰਦਾ ਹੈ। ਸਾਇੰਸਦਾਨ ਅਨੁਮਾਨ ਲਾਉਂਦੇ ਹਨ ਕਿ ਜੇ ਜੁਪੀਟਰ ਗ੍ਰਹਿ ਨਾ ਹੁੰਦਾ, ਤਾਂ ਸਾਡੀ ਧਰਤੀ ਤੇ ਹੁਣ ਨਾਲੋਂ 10 ਹਜ਼ਾਰ ਗੁਣਾ ਜ਼ਿਆਦਾ ਟੁੱਟੇ ਹੋਏ ਤਾਰਿਆਂ ਦੇ ਵੱਡੇ-ਵੱਡੇ ਹਿੱਸੇ ਡਿੱਗਦੇ। ਸਾਡੀ ਧਰਤੀ ਇਕ ਸ਼ਾਨਦਾਰ ਉਪਗ੍ਰਹਿ ਨਾਲ ਬਖ਼ਸ਼ੀ ਗਈ ਹੈ ਯਾਨੀ ਚੰਨ। ਇਹ ਸਿਰਫ਼ ਰਾਤ ਨੂੰ ਚਾਨਣ ਦੇਣ ਜਾਂ ਧਰਤੀ ਨੂੰ ਸ਼ਿੰਗਾਰਨ ਲਈ ਹੀ ਨਹੀਂ ਹੈ। ਪਰ ਇਹ ਧਰਤੀ ਨੂੰ ਲਗਾਤਾਰ ਟੇਢੀ ਰੱਖਦਾ ਹੈ ਜਿਸ ਕਰਕੇ ਧਰਤੀ ਤੇ ਮੌਸਮ ਸਮੇਂ ਸਿਰ ਆਉਂਦੇ ਹਨ ਜੋ ਜੀਉਣ ਲਈ ਲਾਹੇਵੰਦ ਹਨ।

11. ਧਰਤੀ ਦਾ ਵਾਯੂਮੰਡਲ ਧਰਤੀ ਦੀ ਰੱਖਿਆ ਕਿਸ ਤਰ੍ਹਾਂ ਕਰਦਾ ਹੈ?

11 ਧਰਤੀ ਦੇ ਸਾਰੇ ਪਾਸੇ ਅਸੀਂ ਯਹੋਵਾਹ ਦੀ ਸ੍ਰਿਸ਼ਟ ਕਰਨ ਦੀ ਸ਼ਕਤੀ ਦਾ ਸਬੂਤ ਦੇਖ ਸਕਦੇ ਹਾਂ। ਜ਼ਰਾ ਵਾਯੂਮੰਡਲ ਉੱਤੇ ਗੌਰ ਕਰੋ ਜੋ ਧਰਤੀ ਦੀ ਰੱਖਿਆ ਕਰਦਾ ਹੈ। ਸੂਰਜ ਤੋਂ ਚੰਗੀਆਂ ਤੇ ਮਾੜੀਆਂ ਕਿਰਨਾਂ ਆਉਂਦੀਆਂ ਹਨ। ਜਦੋਂ ਮਾੜੀਆਂ ਜਾਨਲੇਵਾ ਕਿਰਨਾਂ ਧਰਤੀ ਦੇ ਉਪਰਲੇ ਵਾਯੂਮੰਡਲ ਤਕ ਪਹੁੰਚਦੀਆਂ ਹਨ, ਤਾਂ ਉਹ ਆਕਸੀਜਨ ਨੂੰ ਓਜ਼ੋਨ ਵਿਚ ਬਦਲ ਦਿੰਦੀਆਂ ਹਨ। ਇਸ ਦੇ ਨਤੀਜੇ ਵਜੋਂ ਧਰਤੀ ਦੇ ਆਲੇ-ਦੁਆਲੇ ਓਜ਼ੋਨ ਦੀ ਤਹਿ ਰਹਿੰਦੀ ਹੈ ਜੋ ਤਕਰੀਬਨ ਇਨ੍ਹਾਂ ਸਾਰੀਆਂ ਕਿਰਨਾਂ ਨੂੰ ਰੋਕ ਲੈਂਦੀ ਹੈ। ਦਰਅਸਲ ਇਹ ਕਿਹਾ ਜਾ ਸਕਦਾ ਹੈ ਕਿ ਸਾਡੀ ਧਰਤੀ ਦੀ ਇਨ੍ਹਾਂ ਹਾਨੀਕਾਰਕ ਕਿਰਨਾਂ ਤੋਂ ਰਾਖੀ ਕੀਤੀ ਜਾਂਦੀ ਹੈ!

12. ਪਾਣੀ ਦਾ ਚੱਕਰ ਯਹੋਵਾਹ ਦੀ ਸ੍ਰਿਸ਼ਟ ਕਰਨ ਦੀ ਸ਼ਕਤੀ ਬਾਰੇ ਕੀ ਦੱਸਦਾ ਹੈ?

12 ਸਾਡੇ ਵਾਯੂਮੰਡਲ ਦੀਆਂ ਖੂਬੀਆਂ ਵਿੱਚੋਂ ਇਹ ਸਿਰਫ਼ ਇਕ ਖੂਬੀ ਹੈ ਕਿ ਇਸ ਵਿਚ ਧਰਤੀ ਤੇ ਰਹਿਣ ਵਾਲੀ ਹਰ ਜੀਉਂਦੀ ਜਾਨ ਲਈ ਜ਼ਰੂਰੀ ਗੈਸਾਂ ਹਨ। ਵਾਯੂਮੰਡਲ ਦੇ ਚਮਤਕਾਰਾਂ ਵਿਚ ਪਾਣੀ ਦਾ ਚੱਕਰ ਵੀ ਹੈ। ਹਰ ਸਾਲ ਸੂਰਜ ਸਮੁੰਦਰਾਂ ਤੋਂ ਇੰਨਾ ਪਾਣੀ ਚੂਸ ਲੈਂਦਾ ਹੈ ਜਿੰਨਾ 74 ਕਿਲੋਮੀਟਰ ਲੰਬੀ, ਚੌੜੀ ਤੇ ਉੱਚੀ ਟੈਂਕੀ ਵਿਚ ਇਕੱਠਾ ਹੋ ਸਕਦਾ ਹੈ। ਉਹ ਪਾਣੀ ਬੱਦਲ ਬਣ ਜਾਂਦੇ ਹਨ, ਜਿਨ੍ਹਾਂ ਨੂੰ ਹਵਾ ਦੂਰ-ਦੂਰ ਲੈ ਜਾਂਦੀ ਹੈ। ਫਿਰ ਇਹ ਪਾਣੀ ਫਿਲਟਰ ਤੇ ਸਾਫ਼ ਹੋ ਕੇ ਬਾਰਸ਼ ਅਤੇ ਬਰਫ਼ ਬਣ ਕੇ ਡਿੱਗਦਾ ਹੈ ਅਤੇ ਸਮੁੰਦਰਾਂ ਨੂੰ ਫਿਰ ਭਰ ਦਿੰਦਾ ਹੈ। ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਉਪਦੇਸ਼ਕ ਦੀ ਪੋਥੀ 1:7 ਵਿਚ ਲਿਖਿਆ ਗਿਆ ਹੈ: “ਸਾਰੀਆਂ ਨਦੀਆਂ ਸਮੁੰਦਰ ਵਿੱਚ ਜਾ ਪੈਂਦੀਆਂ ਹਨ, ਪਰ ਸਮੁੰਦਰ ਨਹੀਂ ਭਰੀਦਾ। ਓਸੇ ਥਾਂ ਨੂੰ ਜਿੱਥੋਂ ਨਦੀਆਂ ਨਿੱਕਲੀਆਂ, ਉੱਥੇ ਹੀ ਮੁੜ ਜਾਂਦੀਆਂ ਹਨ।” ਸਿਰਫ਼ ਯਹੋਵਾਹ ਹੀ ਅਜਿਹਾ ਚੱਕਰ ਸ਼ੁਰੂ ਕਰ ਸਕਦਾ ਸੀ।

13. ਧਰਤੀ ਦੇ ਪੇੜ-ਪੌਦਿਆਂ ਅਤੇ ਜ਼ਮੀਨ ਵਿਚ ਅਸੀਂ ਸਿਰਜਣਹਾਰ ਦੀ ਸ਼ਕਤੀ ਦਾ ਕੀ ਸਬੂਤ ਦੇਖ ਸਕਦੇ ਹਾਂ?

 13 ਜਿੱਥੇ ਕਿਤੇ ਵੀ ਅਸੀਂ ਜੀਉਂਦੀਆਂ ਚੀਜ਼ਾਂ ਦੇਖਦੇ ਹਾਂ, ਉੱਥੇ ਅਸੀਂ ਸਿਰਜਣਹਾਰ ਦੀ ਸ਼ਕਤੀ ਦੇ ਸਬੂਤ ਦੇਖ ਸਕਦੇ ਹਾਂ। ਤੀਹ ਮੰਜ਼ਲੀ ਇਮਾਰਤ ਤੋਂ ਜ਼ਿਆਦਾ ਉੱਚੇ ਦਰਖ਼ਤਾਂ ਤੋਂ ਲੈ ਕੇ ਆਕਸੀਜਨ ਦੇਣ ਵਾਲੇ ਨਿੱਕੇ-ਨਿੱਕੇ ਸਮੁੰਦਰੀ ਪੌਦਿਆਂ ਤੋਂ ਅਸੀਂ ਯਹੋਵਾਹ ਦੀ ਸ੍ਰਿਸ਼ਟ ਕਰਨ ਦੀ ਸ਼ਕਤੀ ਦੇਖ ਸਕਦੇ ਹਾਂ। ਸਾਡੀ ਜ਼ਮੀਨ ਕੀੜਿਆਂ-ਮਕੌੜਿਆਂ, ਫ਼ੰਗਸ ਅਤੇ ਜੀਵਾਣੂਆਂ ਵਰਗੀਆਂ ਬੇਸ਼ੁਮਾਰ ਜੀਉਂਦੀਆਂ ਚੀਜ਼ਾਂ ਨਾਲ ਭਰੀ ਹੋਈ ਹੈ ਜੋ ਪੌਦਿਆਂ ਦੀ ਉਪਜ ਵਿਚ ਮਿਲ ਕੇ ਸਹਾਇਤਾ ਕਰਦੀਆਂ ਹਨ।

14. ਨਿੱਕੇ ਜਿਹੇ ਐਟਮ ਵਿਚ ਵੀ ਕਿਹੜੀ ਸ਼ਕਤੀ ਲੁਕੀ ਹੋਈ ਹੈ?

14 ਇਸ ਵਿਚ ਕੋਈ ਸ਼ੱਕ ਨਹੀਂ ਕਿ ‘ਯਹੋਵਾਹ ਨੇ ਧਰਤੀ ਨੂੰ ਆਪਣੀ ਸ਼ਕਤੀ ਨਾਲ ਬਣਾਇਆ ਹੈ।’ (ਯਿਰਮਿਯਾਹ 10:12) ਪਰਮੇਸ਼ੁਰ ਦੀ ਸ਼ਕਤੀ ਉਸ ਦੁਆਰਾ ਸਭ ਤੋਂ ਛੋਟੀ ਸ੍ਰਿਸ਼ਟ ਕੀਤੀ ਗਈ ਚੀਜ਼ ਵਿਚ ਵੀ ਦੇਖੀ ਜਾ ਸਕਦੀ ਹੈ। ਮਿਸਾਲ ਲਈ ਜੇ ਤੁਸੀਂ 10 ਲੱਖ ਐਟਮਾਂ ਨੂੰ ਨਾਲੋ-ਨਾਲ ਰੱਖੋ, ਤਾਂ ਫਿਰ ਵੀ ਉਨ੍ਹਾਂ ਦੀ ਮੁਟਾਈ ਸਿਰ ਦੇ ਇਕ ਵਾਲ ਜਿੰਨੀ ਵੀ ਨਹੀਂ ਹੋਵੇਗੀ। ਜੇ ਅਜਿਹੇ ਇਕ ਐਟਮ ਨੂੰ 14 ਮੰਜ਼ਲੀ ਇਮਾਰਤ ਜਿੰਨਾ ਵੱਡਾ ਕਰ ਦਿੱਤਾ ਜਾਵੇ, ਤਾਂ ਵੀ ਉਸ ਦਾ ਨਿਊਕਲੀਅਸ ਲੂਣ ਦੇ ਇਕ ਦਾਣੇ ਜਿੱਡਾ ਹੋਵੇਗਾ। ਫਿਰ ਵੀ ਉਸ ਨਿੱਕੇ ਜਿਹੇ ਨਿਊਕਲੀਅਸ ਵਿਚ ਵਿਸ਼ਾਲ ਸ਼ਕਤੀ ਹੈ। ਅਜਿਹੀ ਸ਼ਕਤੀ ਜਿਸ ਨਾਲ ਵੱਡੇ-ਵੱਡੇ ਨਿਊਕਲੀ ਬੰਬ ਫਟਦੇ ਹਨ!

‘ਸਾਰੇ ਪ੍ਰਾਣੀ’ ਉਸ ਦੀ ਸ਼ਕਤੀ ਦਾ ਹੋਰ ਸਬੂਤ ਹਨ

15. ਤਰ੍ਹਾਂ-ਤਰ੍ਹਾਂ ਦੇ ਜੰਗਲੀ ਜਾਨਵਰਾਂ ਦੀ ਗੱਲ ਕਰ ਕੇ ਯਹੋਵਾਹ ਨੇ ਅੱਯੂਬ ਨੂੰ ਕੀ ਸਿਖਾਇਆ ਸੀ?

15 ਤਰ੍ਹਾਂ-ਤਰ੍ਹਾਂ ਦੇ ਬੇਸ਼ੁਮਾਰ ਜਾਨਵਰਾਂ ਤੋਂ ਸਾਨੂੰ ਯਹੋਵਾਹ ਦੀ ਸ੍ਰਿਸ਼ਟ ਕਰਨ ਦੀ ਸ਼ਕਤੀ ਦਾ ਇਕ ਹੋਰ ਵੱਡਾ ਸਬੂਤ ਮਿਲਦਾ ਹੈ। ਜ਼ਬੂਰ 148 ਵਿਚ ਸਾਨੂੰ ਯਹੋਵਾਹ ਦੀ ਉਸਤਤ ਕਰਨ ਵਾਲੀਆਂ ਚੀਜ਼ਾਂ ਦੀ ਸੂਚੀ ਮਿਲਦੀ ਹੈ ਅਤੇ 10ਵੀਂ ਆਇਤ ਵਿਚ ‘ਦਰਿੰਦਿਆਂ ਤੇ ਡੰਗਰਾਂ’ ਦੀ ਗੱਲ ਕੀਤੀ ਗਈ ਹੈ। ਲੋਕਾਂ ਨੂੰ ਸਿਖਾਉਣ ਲਈ ਕਿ ਉਨ੍ਹਾਂ ਦੇ ਦਿਲ ਵਿਚ ਆਪਣੇ ਕਰਤਾਰ ਲਈ ਸ਼ਰਧਾ ਕਿਉਂ ਹੋਣੀ ਚਾਹੀਦੀ ਹੈ, ਯਹੋਵਾਹ ਨੇ ਇਕ ਵਾਰ ਅੱਯੂਬ ਨਾਲ ਬਬਰ ਸ਼ੇਰ, ਜੰਗਲੀ ਗਧੇ ਤੇ ਸਾਨ੍ਹ, ਦਰਿਆਈ ਘੋੜੇ ਅਤੇ ਮਗਰਮੱਛ ਵਰਗੇ ਜਾਨਵਰਾਂ ਦੀ ਗੱਲ ਕੀਤੀ ਸੀ। ਉਸ ਨੇ ਇਸ ਤਰ੍ਹਾਂ ਕਿਉਂ ਕੀਤਾ ਸੀ? ਜੇਕਰ ਇਨ੍ਹਾਂ ਸ਼ਕਤੀਸ਼ਾਲੀ, ਡਰਾਉਣੇ ਅਤੇ ਜੰਗਲੀ ਜਾਨਵਰਾਂ ਨੂੰ ਦੇਖ ਕੇ ਲੋਕਾਂ ਦੇ  ਹੋਸ਼ ਉੱਡ ਜਾਂਦੇ ਹਨ, ਤਾਂ ਉਨ੍ਹਾਂ ਨੂੰ ਇਨ੍ਹਾਂ ਦੇ ਕਰਤਾਰ ਬਾਰੇ ਕਿਵੇਂ ਸੋਚਣਾ ਚਾਹੀਦਾ ਹੈ?—ਅੱਯੂਬ ਦੇ 39 ਤੋਂ 41 ਅਧਿਆਇ।

16. ਯਹੋਵਾਹ ਦੇ ਸ੍ਰਿਸ਼ਟ ਕੀਤੇ ਗਏ ਪੰਛੀਆਂ ਬਾਰੇ ਤੁਹਾਨੂੰ ਕਿਹੜੀਆਂ ਗੱਲਾਂ ਪਸੰਦ ਹਨ?

16 ਜ਼ਬੂਰ 148:10 ਵਿਚ ‘ਪੰਖ ਪੰਛੀਆਂ’ ਦੀ ਵੀ ਗੱਲ ਕੀਤੀ ਗਈ ਹੈ। ਇਨ੍ਹਾਂ ਦੀਆਂ ਵੰਨ-ਸੁਵੰਨੀਆਂ ਕਿਸਮਾਂ ਬਾਰੇ ਜ਼ਰਾ ਸੋਚੋ! ਯਹੋਵਾਹ ਨੇ ਅੱਯੂਬ ਨੂੰ ਸ਼ੁਤਰਮੁਰਗ ਬਾਰੇ ਦੱਸਿਆ ਜੋ ‘ਘੋੜੇ ਤੇ ਉਸ ਦੇ ਅਸਵਾਰ ਉੱਤੇ ਹੱਸਦਾ ਹੈ।’ ਭਾਵੇਂ ਇਹ ਢਾਈ ਮੀਟਰ ਲੰਬਾ ਪੰਛੀ ਉੱਡ ਨਹੀਂ ਸਕਦਾ, ਪਰ ਇਹ 65 ਕਿਲੋਮੀਟਰ ਪ੍ਰਤਿ ਘੰਟੇ ਦੀ ਰਫ਼ਤਾਰ ਨਾਲ ਨੱਠ ਸਕਦਾ ਹੈ ਅਤੇ ਇੱਕੋ ਪੁਲਾਂਘ ਵਿਚ ਸਾਢੇ ਚਾਰ ਮੀਟਰ ਤੈ ਕਰ ਸਕਦਾ ਹੈ! (ਅੱਯੂਬ 39:13, 18) ਦੂਜੇ ਪਾਸੇ, ਐਲਬਾਟਰੋਸ ਨਾਂ ਦਾ ਪੰਛੀ ਤਕਰੀਬਨ ਆਪਣੀ ਪੂਰੀ ਜ਼ਿੰਦਗੀ ਸਮੁੰਦਰ ਉੱਤੇ ਉੱਡ ਕੇ ਗੁਜ਼ਾਰ ਦਿੰਦਾ ਹੈ। ਇਹ ਪੰਛੀ ਆਪਣੇ ਤਿੰਨ ਮੀਟਰ ਲੰਬੇ ਖੰਭ ਫੜਫੜਾਉਣ ਤੋਂ ਬਗੈਰ ਵੀ ਆਸਾਨੀ ਨਾਲ ਘੰਟਿਆਂ ਬੱਧੀ ਉੱਡ ਸਕਦਾ ਹੈ। ਸ਼ੁਤਰਮੁਰਗ ਤੇ ਐਲਬਾਟਰੋਸ ਤੋਂ ਐਨ ਉਲਟ ਬੀ ਹਮਿੰਗਬ੍ਰਡ ਨਾਂ ਦੀ ਚਿੜੀ ਸਿਰਫ਼ 2 ਇੰਚ ਲੰਬੀ ਹੁੰਦੀ ਹੈ। ਦੁਨੀਆਂ ਦੀ ਇਹ ਸਭ ਤੋਂ ਛੋਟੀ ਚਿੜੀ ਆਪਣੇ ਖੰਭ ਇਕ ਸਕਿੰਟ ਵਿਚ 80 ਵਾਰ ਫੜਫੜਾ ਸਕਦੀ ਹੈ! ਹੀਰਿਆਂ ਵਾਂਗ ਚਮਕਦੀਆਂ ਇਹ ਚਿੜੀਆਂ ਹੈਲੀਕਾਪਟਰਾਂ ਵਾਂਗ ਹਵਾ ਵਿਚ ਮੰਡਲਾ ਸਕਦੀਆਂ ਹਨ ਅਤੇ ਪਿਛਾਹਾਂ ਨੂੰ ਵੀ ਉੱਡ ਸਕਦੀਆਂ ਹਨ।

17. ਨੀਲੀ ਵ੍ਹੇਲ ਮੱਛੀ ਕਿੰਨੀ ਕੁ ਵੱਡੀ ਹੁੰਦੀ ਹੈ ਅਤੇ ਯਹੋਵਾਹ ਦੇ ਸ੍ਰਿਸ਼ਟ ਕੀਤੇ ਹੋਏ ਜਾਨਵਰਾਂ ਬਾਰੇ ਸੋਚਣ ਤੋਂ ਬਾਅਦ ਅਸੀਂ ਕੀ ਕਰਨ ਲਈ ਪ੍ਰੇਰਿਤ ਹੁੰਦੇ ਹਾਂ?

17 ਜ਼ਬੂਰਾਂ ਦੀ ਪੋਥੀ 148:7 ਵਿਚ ਲਿਖਿਆ ਹੈ ਕਿ ‘ਜਲ ਜੰਤੂ’ ਵੀ ਯਹੋਵਾਹ ਦੀ ਉਸਤਤ ਕਰਦੇ ਹਨ। ਆਓ ਹੁਣ ਆਪਾਂ ਨੀਲੀ ਵ੍ਹੇਲ ਮੱਛੀ ਬਾਰੇ ਗੱਲ ਕਰੀਏ ਜਿਸ ਨੂੰ ਕਈ ਲੋਕ ਧਰਤੀ ਤੇ ਸਭ ਤੋਂ ਵੱਡਾ ਜਾਨਵਰ ਕਹਿੰਦੇ ਹਨ। ਸਮੁੰਦਰ ਵਿਚ ਰਹਿਣ ਵਾਲਾ ਇਹ ਵੱਡਾ ਜਾਨਵਰ 30 ਮੀਟਰ ਤੋਂ ਜ਼ਿਆਦਾ ਲੰਬਾ ਹੋ ਸਕਦਾ ਹੈ। ਇਸ ਦਾ ਭਾਰ 30 ਹਾਥੀਆਂ ਜਿੰਨਾ ਹੋ ਸਕਦਾ ਹੈ। ਇਸ ਦੀ ਜੀਭ ਦਾ ਭਾਰ ਹੀ ਇਕ ਹਾਥੀ ਦੇ ਭਾਰ ਜਿੰਨਾ ਹੋ ਸਕਦਾ ਹੈ। ਇਸ ਦਾ ਦਿਲ ਇਕ ਛੋਟੀ ਕਾਰ ਜਿੱਡਾ ਹੈ। ਇਹ ਹਰ ਮਿੰਟ ਸਿਰਫ਼ 9 ਵਾਰ ਹੀ ਧੜਕਦਾ ਹੈ, ਜਦ ਕਿ ਹਮਿੰਗਬ੍ਰਡ ਦਾ ਦਿਲ ਹਰ ਮਿੰਟ 1,200 ਵਾਰ ਧੜਕ ਸਕਦਾ ਹੈ। ਨੀਲੀ ਵ੍ਹੇਲ ਮੱਛੀ ਦੀ ਖ਼ੂਨ ਦੀ ਇਕ ਨਾੜੀ ਇੰਨੀ ਵੱਡੀ ਹੈ ਕਿ ਇਕ ਨਿਆਣਾ ਉਸ ਦੇ ਅੰਦਰ ਰਿੜ੍ਹ ਸਕਦਾ ਹੈ। ਯਕੀਨਨ ਸਾਡਾ ਦਿਲ ਜ਼ਬੂਰਾਂ ਦੀ ਪੋਥੀ ਦੇ ਆਖ਼ਰੀ ਸ਼ਬਦ ਦੁਹਰਾਉਣ ਲਈ ਸਾਨੂੰ ਪ੍ਰੇਰਿਤ ਕਰਦਾ ਹੈ: “ਸਾਰੇ ਪ੍ਰਾਣੀਓ, ਯਹੋਵਾਹ ਦੀ ਉਸਤਤ ਕਰੋ! ਹਲਲੂਯਾਹ!”ਜ਼ਬੂਰਾਂ ਦੀ ਪੋਥੀ 150:6.

 ਯਹੋਵਾਹ ਦੀ ਸ੍ਰਿਸ਼ਟ ਕਰਨ ਦੀ ਸ਼ਕਤੀ ਤੋਂ ਸਬਕ ਸਿੱਖੋ

18, 19. ਧਰਤੀ ਉੱਤੇ ਯਹੋਵਾਹ ਨੇ ਕਿਹੋ ਜਿਹੀਆਂ ਵੰਨ-ਸੁਵੰਨੀਆਂ ਚੀਜ਼ਾਂ ਬਣਾਈਆਂ ਹਨ ਅਤੇ ਸ੍ਰਿਸ਼ਟੀ ਸਾਨੂੰ ਉਸ ਦੇ ਰਾਜ ਕਰਨ ਦੇ ਹੱਕ ਬਾਰੇ ਕੀ ਸਿਖਾਉਂਦੀ ਹੈ?

18 ਯਹੋਵਾਹ ਜਿਸ ਤਰ੍ਹਾਂ ਸ੍ਰਿਸ਼ਟੀ ਵਿਚ ਆਪਣੀ ਸ਼ਕਤੀ ਨੂੰ ਵਰਤਦਾ ਹੈ, ਅਸੀਂ ਉਸ ਤੋਂ ਕੀ ਸਿੱਖਦੇ ਹਾਂ? ਅਸੀਂ ਉਸ ਦੀ ਸ੍ਰਿਸ਼ਟੀ ਦੀ ਵੰਨਸੁਵੰਨਤਾ ਦੇਖ ਕੇ ਹੱਕੇ-ਬੱਕੇ ਰਹਿ ਜਾਂਦੇ ਹਾਂ। ਜ਼ਬੂਰਾਂ ਦੇ ਇਕ ਲਿਖਾਰੀ ਨੇ ਕਿਹਾ: “ਹੇ ਯਹੋਵਾਹ, . . . ਧਰਤੀ ਤੇਰੀਆਂ ਰਚਨਾਂ ਨਾਲ ਭਰੀ ਹੋਈ ਹੈ!” (ਜ਼ਬੂਰਾਂ ਦੀ ਪੋਥੀ 104:24) ਇਸ ਵਿਚ ਕਿੰਨੀ ਸੱਚਾਈ ਹੈ! ਜੀਵ-ਵਿਗਿਆਨੀਆਂ ਨੇ ਧਰਤੀ ਤੇ ਜੀਵ-ਜੰਤੂਆਂ ਦੀਆਂ 10 ਲੱਖ ਤੋਂ ਜ਼ਿਆਦਾ ਕਿਸਮਾਂ ਪਛਾਣੀਆਂ ਹਨ; ਪਰ ਕਈ ਕਹਿੰਦੇ ਹਨ ਕਿ ਜੀਵ-ਜੰਤੂਆਂ ਦੀਆਂ ਦੋ-ਤਿੰਨ ਕਰੋੜ ਜਾਂ ਇਸ ਤੋਂ ਵੀ ਜ਼ਿਆਦਾ ਕਿਸਮਾਂ ਹੋ ਸਕਦੀਆਂ ਹਨ। ਕਦੀ-ਕਦੀ ਇਕ ਮਾਨਵੀ ਕਲਾਕਾਰ ਸ਼ਾਇਦ ਦੇਖੇ ਕਿ ਉਸ ਨੂੰ ਕੁਝ ਨਵਾਂ ਨਹੀਂ ਸੁੱਝਦਾ। ਇਸ ਤੋਂ ਉਲਟ ਯਹੋਵਾਹ ਵਿਚ ਨਵੀਂਆਂ ਤੋਂ ਨਵੀਂਆਂ ਚੀਜ਼ਾਂ ਬਣਾਉਂਦੇ ਰਹਿਣ ਦੀ ਕਾਬਲੀਅਤ ਹੈ।

19 ਅਸੀਂ ਯਹੋਵਾਹ ਦੀ ਸ੍ਰਿਸ਼ਟ ਕਰਨ ਦੀ ਸ਼ਕਤੀ ਤੋਂ ਉਸ ਦੀ ਮਹਾਨਤਾ ਬਾਰੇ ਸਿੱਖਦੇ ਹਾਂ। “ਸ੍ਰਿਸ਼ਟੀਕਰਤਾ” ਹੋਣ ਦੇ ਨਾਤੇ ਯਹੋਵਾਹ ਵਿਸ਼ਵ ਦੀ ਹਰ “ਸ੍ਰਿਸ਼ਟ” ਕੀਤੀ ਗਈ ਚੀਜ਼ ਤੋਂ ਮਹਾਨ ਹੈ। ਮਿਸਾਲ ਲਈ, ਭਾਵੇਂ ਯਹੋਵਾਹ ਦੇ ਇਕਲੌਤੇ ਪੁੱਤਰ ਨੇ ਸਭ ਕੁਝ ਸ੍ਰਿਸ਼ਟ ਕੀਤੇ ਜਾਣ ਦੇ ਸਮੇਂ “ਰਾਜ ਮਿਸਤਰੀ” ਵਜੋਂ ਕੰਮ ਕੀਤਾ ਸੀ, ਫਿਰ ਵੀ ਉਸ ਨੂੰ ਬਾਈਬਲ ਵਿਚ ਕਦੇ ਵੀ ਸ੍ਰਿਸ਼ਟੀਕਰਤਾ ਨਹੀਂ ਸੱਦਿਆ ਗਿਆ। (ਕਹਾਉਤਾਂ 8:30; ਮੱਤੀ 19:4) ਇਸ ਦੀ ਬਜਾਇ ਉਹ ‘ਸਾਰੀ ਸਰਿਸ਼ਟ ਵਿੱਚੋਂ ਜੇਠਾ ਹੈ।’ (ਕੁਲੁੱਸੀਆਂ  1:15) ਸਿਰਫ਼ ਯਹੋਵਾਹ ਹੀ ਸਿਰਜਣਹਾਰ ਹੈ, ਇਸ ਲਈ ਸਾਰੇ ਵਿਸ਼ਵ ਉੱਤੇ ਰਾਜ ਕਰਨ ਦਾ ਹੱਕ ਹੋਰ ਕਿਸੇ ਕੋਲ ਨਹੀਂ ਹੈ।ਰੋਮੀਆਂ 1:20; ਪਰਕਾਸ਼ ਦੀ ਪੋਥੀ 4:11.

20. ਯਹੋਵਾਹ ਨੇ ਧਰਤੀ ਦੀ ਸ੍ਰਿਸ਼ਟੀ ਕਰਨ ਤੋਂ ਬਾਅਦ ਆਰਾਮ ਕਿਸ ਤਰ੍ਹਾਂ ਕੀਤਾ ਹੈ?

20 ਕੀ ਯਹੋਵਾਹ ਨੇ ਆਪਣੀ ਸ੍ਰਿਸ਼ਟ ਕਰਨ ਦੀ ਸ਼ਕਤੀ ਵਰਤਣੀ ਬੰਦ ਕਰ ਦਿੱਤੀ ਹੈ? ਬਾਈਬਲ ਸਾਨੂੰ ਦੱਸਦੀ ਹੈ ਕਿ ਯਹੋਵਾਹ ਛੇਵੇਂ ਦਿਨ ਸ੍ਰਿਸ਼ਟੀ ਦਾ ਆਪਣਾ ਕੰਮ ਖ਼ਤਮ ਕਰ ਕੇ “ਸੱਤਵੇਂ ਦਿਨ ਆਪਣੇ ਸਾਰੇ ਕਾਰਜ ਤੋਂ ਜਿਹੜਾ ਉਸ ਨੇ ਬਣਾਇਆ ਸੀ ਵੇਹਲਾ ਹੋ ਗਿਆ।” (ਉਤਪਤ 2:2) ਪੌਲੁਸ ਰਸੂਲ ਨੇ ਸੰਕੇਤ ਕੀਤਾ ਕਿ ਇਹ ਸੱਤਵਾਂ “ਦਿਨ” ਕਈ ਹਜ਼ਾਰ ਸਾਲ ਲੰਬਾ ਸੀ, ਕਿਉਂਕਿ ਇਹ ਪੌਲੁਸ ਦੇ ਦਿਨ ਵਿਚ ਵੀ ਹਾਲੇ ਖ਼ਤਮ ਨਹੀਂ ਹੋਇਆ ਸੀ। (ਇਬਰਾਨੀਆਂ 4:3-6) ਕੀ ਇੱਥੇ ਆਰਾਮ ਕਰਨ ਦਾ ਮਤਲਬ ਇਹ ਹੈ ਕਿ ਯਹੋਵਾਹ ਨੇ ਕੰਮ ਕਰਨਾ ਹੀ ਛੱਡ ਦਿੱਤਾ ਸੀ? ਨਹੀਂ, ਯਹੋਵਾਹ ਕਦੇ ਕੰਮ ਕਰਨ ਤੋਂ ਨਹੀਂ ਹਟਦਾ। (ਜ਼ਬੂਰਾਂ ਦੀ ਪੋਥੀ 92:4; ਯੂਹੰਨਾ 5:17) ਤਾਂ ਫਿਰ ਉਸ ਦੇ ਆਰਾਮ ਕਰਨ ਦਾ ਮਤਲਬ ਇਹ ਸੀ ਕਿ ਉਸ ਨੇ ਧਰਤੀ ਉੱਤੇ ਨਵੀਂਆਂ ਚੀਜ਼ਾਂ ਬਣਾਉਣੀਆਂ ਬੰਦ ਕਰ ਦਿੱਤੀਆਂ ਸੀ। ਪਰ ਜੋ ਕੰਮ ਉਹ ਆਪਣਾ ਮਕਸਦ ਪੂਰਾ ਕਰਨ ਲਈ ਕਰਦਾ ਹੈ ਉਹ ਬਿਨਾਂ ਰੁਕੇ ਚੱਲ ਰਿਹਾ ਹੈ। ਇਸ ਕੰਮ ਵਿਚ ਪਵਿੱਤਰ ਆਤਮਾ ਦੁਆਰਾ ਬਾਈਬਲ ਲਿਖਵਾਈ ਜਾਣੀ ਸ਼ਾਮਲ ਹੈ। ਇਸ ਕੰਮ ਵਿਚ “ਨਵੀਂ ਸਰਿਸ਼ਟ” ਬਣਾਉਣੀ ਵੀ ਸ਼ਾਮਲ ਹੈ ਜਿਸ ਬਾਰੇ ਅਸੀਂ ਇਸ ਕਿਤਾਬ ਦੇ 19ਵੇਂ ਅਧਿਆਇ ਵਿਚ ਪੜ੍ਹਾਂਗੇ।2 ਕੁਰਿੰਥੀਆਂ 5:17.

21. ਯਹੋਵਾਹ ਦੀ ਸ੍ਰਿਸ਼ਟ ਕਰਨ ਦੀ ਸ਼ਕਤੀ ਦਾ ਵਫ਼ਾਦਾਰ ਇਨਸਾਨਾਂ ਉੱਤੇ ਸਦੀਪਕਾਲ ਲਈ ਕੀ ਪ੍ਰਭਾਵ ਹੋਣਾ ਹੈ?

21 ਜਦੋਂ ਯਹੋਵਾਹ ਦਾ ਆਰਾਮ ਦਾ ਦਿਨ ਖ਼ਤਮ ਹੋਵੇਗਾ, ਤਾਂ ਉਹ ਧਰਤੀ ਤੇ ਆਪਣੇ ਸਾਰੇ ਕੰਮ ਦੇਖ ਕੇ “ਬਹੁਤ ਹੀ ਚੰਗਾ” ਕਹਿ ਸਕੇਗਾ, ਜਿਸ ਤਰ੍ਹਾਂ ਉਸ ਨੇ ਛੇਵੇਂ ਦਿਨ ਦੇ ਅਖ਼ੀਰ ਵਿਚ ਕਿਹਾ ਸੀ। (ਉਤਪਤ 1:31) ਉਸ ਤੋਂ ਬਾਅਦ ਉਹ ਆਪਣੀ ਸ੍ਰਿਸ਼ਟ ਕਰਨ ਦੀ ਸ਼ਕਤੀ ਨੂੰ ਕਿਸ ਤਰ੍ਹਾਂ ਵਰਤੇਗਾ ਆਪਾਂ ਉੱਥੇ ਪਹੁੰਚ ਕੇ ਹੀ ਦੇਖਾਂਗੇ। ਪਰ ਅਸੀਂ ਇਕ ਗੱਲ ਦਾ ਯਕੀਨ ਕਰ ਸਕਦੇ ਹਾਂ ਕਿ ਉਹ ਜਿਸ ਤਰ੍ਹਾਂ ਵੀ ਆਪਣੀ ਸ੍ਰਿਸ਼ਟ ਕਰਨ ਦੀ ਸ਼ਕਤੀ ਵਰਤੇਗਾ ਅਸੀਂ ਉਸ ਨੂੰ ਦੇਖ ਕੇ ਖ਼ੁਸ਼ ਹੋਵਾਂਗੇ। ਸਾਰੇ ਸਦੀਪਕਾਲ ਵਿਚ ਅਸੀਂ ਯਹੋਵਾਹ ਦੀ ਸ੍ਰਿਸ਼ਟੀ ਤੋਂ ਉਸ ਬਾਰੇ ਹੋਰ ਸਿੱਖ ਸਕਾਂਗੇ। (ਉਪਦੇਸ਼ਕ ਦੀ ਪੋਥੀ 3:11) ਜਿੰਨਾ ਜ਼ਿਆਦਾ ਅਸੀਂ ਉਸ ਬਾਰੇ ਸਿੱਖਾਂਗੇ ਉੱਨਾ ਹੀ ਜ਼ਿਆਦਾ ਸਾਡੇ ਦਿਲ ਉਸ ਲਈ ਸ਼ਰਧਾ ਨਾਲ ਭਰ ਜਾਣਗੇ ਅਤੇ ਅਸੀਂ ਆਪਣੇ ਮਹਾਂ ਕਰਤਾਰ ਦੇ ਹੋਰ ਵੀ ਨੇੜੇ ਹੋਵਾਂਗੇ।

^ ਪੈਰਾ 2 ਇਸ ਵੱਡੇ ਫ਼ਾਸਲੇ ਨੂੰ ਚੰਗੀ ਤਰ੍ਹਾਂ ਸਮਝਣ ਵਾਸਤੇ ਮੰਨ ਲਓ ਕਿ ਤੁਸੀਂ ਕਿਸੇ ਟ੍ਰੇਨ ਜਾਂ ਕਾਰ ਵਿਚ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਜਾ ਰਹੇ ਹੋ। ਜੇ ਤੁਸੀਂ ਹਰ ਰੋਜ਼ ਲਗਾਤਾਰ 24 ਘੰਟੇ ਚੱਲਦੇ ਜਾਓ, ਤਾਂ ਸੂਰਜ ਤਕ ਪਹੁੰਚਣ ਲਈ ਤੁਹਾਨੂੰ 100 ਤੋਂ ਜ਼ਿਆਦਾ ਸਾਲ ਲੱਗਣਗੇ!

^ ਪੈਰਾ 6 ਕੁਝ ਲੋਕ ਮੰਨਦੇ ਹਨ ਕਿ ਬਾਈਬਲ ਦੇ ਜ਼ਮਾਨੇ ਦੇ ਲੋਕਾਂ ਨੇ ਕਿਸੇ ਪੁਰਾਣੇ ਕਿਸਮ ਦੀ ਦੂਰਬੀਨ ਵਰਤੀ ਹੋਣੀ ਸੀ। ਉਹ ਕਹਿੰਦੇ ਹਨ ਕਿ ਇਸ ਤੋਂ ਬਗੈਰ ਉਸ ਸਮੇਂ ਦੇ ਲੋਕ ਨਹੀਂ ਜਾਣ ਸਕਦੇ ਸਨ ਕਿ ਆਕਾਸ਼ ਵਿਚ ਅਣਗਿਣਤ ਤਾਰੇ ਹਨ। ਪਰ ਇਹ ਲੋਕ ਜਾਣਦੇ ਨਹੀਂ ਹਨ ਕਿ ਬਾਈਬਲ ਯਹੋਵਾਹ ਨੇ ਲਿਖਵਾਈ ਹੈ।2 ਤਿਮੋਥਿਉਸ 3:16.

^ ਪੈਰਾ 7 ਜ਼ਰਾ ਸੋਚੋ ਕਿ ਤੁਹਾਨੂੰ ਇਕ ਖਰਬ ਤਾਰੇ ਗਿਣਨ ਲਈ ਕਿੰਨੀ ਦੇਰ ਲੱਗੇਗੀ। ਜੇ ਤੁਸੀਂ ਹਰ ਸਕਿੰਟ ਇਕ ਨਵਾਂ ਤਾਰਾ ਗਿਣ ਸਕੋ ਅਤੇ ਇਸ ਤਰ੍ਹਾਂ 24 ਘੰਟੇ ਗਿਣਦੇ ਰਹੋ, ਤਾਂ ਤੁਹਾਨੂੰ 3,171 ਸਾਲ ਲੱਗਣਗੇ!