1-3. (ੳ) ਯਿਸੂ ਆਪਣੇ ਪਿਤਾ ਵਰਗਾ ਕਿਉਂ ਬਣਨਾ ਚਾਹੁੰਦਾ ਸੀ? (ਅ) ਅਸੀਂ ਹੁਣ ਯਿਸੂ ਦੇ ਪਿਆਰ ਦੇ ਕਿਹੜੇ ਤਿੰਨ ਪਹਿਲੂਆਂ ਵੱਲ ਧਿਆਨ ਦੇਵਾਂਗੇ?

ਕੀ ਤੁਸੀਂ ਕਦੇ ਕਿਸੇ ਛੋਟੇ ਮੁੰਡੇ ਨੂੰ ਆਪਣੇ ਪਿਤਾ ਦੀ ਨਕਲ ਕਰਦੇ ਦੇਖਿਆ ਹੈ? ਉਹ ਮੁੰਡਾ ਸ਼ਾਇਦ ਆਪਣੇ ਪਿਤਾ ਵਾਂਗ ਤੁਰੇ, ਗੱਲ ਕਰੇ ਜਾਂ ਹੋਰ ਕਿਸੇ ਤਰ੍ਹਾਂ ਉਸ ਦੀ ਰੀਸ ਕਰੇ। ਵੱਡਾ ਹੋ ਕੇ ਉਹ ਮੁੰਡਾ ਨੈਤਿਕ ਤੇ ਰੂਹਾਨੀ ਤੌਰ ਤੇ ਵੀ ਆਪਣੇ ਪਿਤਾ ਵਰਗਾ ਹੀ ਬਣ ਜਾਂਦਾ ਹੈ। ਜੀ ਹਾਂ, ਉਹ ਮੁੰਡਾ ਆਪਣੇ ਪਿਤਾ ਦੀ ਇੰਨੀ ਇੱਜ਼ਤ ਕਰਦਾ ਅਤੇ ਉਸ ਨਾਲ ਇੰਨਾ ਪਿਆਰ ਕਰਦਾ ਹੈ ਕਿ ਉਹ ਬਿਲਕੁਲ ਉਸ ਵਰਗਾ ਬਣਨਾ ਚਾਹੁੰਦਾ ਹੈ।

2 ਯਿਸੂ ਅਤੇ ਉਸ ਦੇ ਸਵਰਗੀ ਪਿਤਾ ਦਰਮਿਆਨ ਕਿਹੋ ਜਿਹਾ ਰਿਸ਼ਤਾ ਹੈ? ਯਿਸੂ ਨੇ ਇਕ ਵਾਰ ਕਿਹਾ ਸੀ: “ਮੈਂ ਪਿਤਾ ਨਾਲ ਪਿਆਰ ਕਰਦਾ ਹਾਂ।” (ਯੂਹੰਨਾ 14:31) ਹੋਰ ਕੋਈ ਵੀ ਯਹੋਵਾਹ ਨਾਲ ਉਸ ਦੇ ਪੁੱਤਰ ਜਿੰਨਾ ਪਿਆਰ ਨਹੀਂ ਕਰ ਸਕਦਾ ਕਿਉਂਕਿ ਉਹ ਦੋਵੇਂ ਹੋਰ ਕਿਸੇ ਦੇ ਵੀ ਸ੍ਰਿਸ਼ਟ ਕੀਤੇ ਜਾਣ ਤੋਂ ਪਹਿਲਾਂ ਲੰਮੇ ਸਮੇਂ ਲਈ ਇਕੱਠੇ ਰਹਿੰਦੇ ਸਨ। ਇਸ ਪਿਆਰ ਦੇ ਕਾਰਨ ਪੁੱਤਰ ਆਪਣੇ ਪਿਤਾ ਵਰਗਾ ਬਣਨਾ ਚਾਹੁੰਦਾ ਸੀ।ਯੂਹੰਨਾ 14:9.

3 ਇਸ ਕਿਤਾਬ ਦੇ ਪਿਛਲਿਆਂ ਅਧਿਆਵਾਂ ਵਿਚ ਅਸੀਂ ਦੇਖਿਆ ਸੀ ਕਿ ਯਿਸੂ ਨੇ ਯਹੋਵਾਹ ਦੀ ਸ਼ਕਤੀ, ਬੁੱਧ ਅਤੇ ਇਨਸਾਫ਼ ਦੀ ਪੂਰੀ ਤਰ੍ਹਾਂ ਨਕਲ ਕਿਸ ਤਰ੍ਹਾਂ ਕੀਤੀ ਸੀ। ਪਰ ਯਿਸੂ ਨੇ ਆਪਣੇ ਪਿਤਾ ਵਾਂਗ ਪਿਆਰ ਕਿਸ ਤਰ੍ਹਾਂ ਕੀਤਾ ਸੀ? ਆਓ ਆਪਾਂ ਯਿਸੂ ਦੇ ਪਿਆਰ ਦੇ ਤਿੰਨ ਪਹਿਲੂਆਂ ਵੱਲ ਧਿਆਨ ਦੇਈਏ—ਉਹ ਆਪਾ ਵਾਰਨ ਲਈ ਤਿਆਰ ਸੀ, ਉਹ ਲੋਕਾਂ ਤੇ ਤਰਸ ਖਾਂਦਾ ਸੀ ਅਤੇ ਉਹ ਮਾਫ਼ ਕਰਨ ਲਈ ਤਿਆਰ ਰਹਿੰਦਾ ਸੀ।

“ਏਦੋਂ ਵੱਧ ਪਿਆਰ ਕਿਸੇ ਦਾ ਨਹੀਂ”

4. ਧਰਤੀ ਉੱਤੇ ਯਿਸੂ ਨੇ ਆਪਾ ਵਾਰਨ ਦੀ ਸਭ ਤੋਂ ਵਧੀਆ ਮਿਸਾਲ ਕਿਸ ਤਰ੍ਹਾਂ ਕਾਇਮ ਕੀਤੀ ਸੀ?

4 ਯਿਸੂ ਨੇ ਆਪਾ ਵਾਰਨ ਦੀ ਵਧੀਆ ਮਿਸਾਲ ਕਾਇਮ ਕੀਤੀ ਸੀ। ਆਪਣੇ ਆਪ ਨੂੰ ਵਾਰ ਦੇਣ ਦਾ ਮਤਲਬ ਹੁੰਦਾ ਹੈ ਕਿ ਆਪਣੇ ਤੋਂ ਜ਼ਿਆਦਾ ਦੂਸਰਿਆਂ ਦੀ ਪਰਵਾਹ ਕਰਨੀ। ਯਿਸੂ ਨੇ ਇਹ ਪਿਆਰ ਕਿਸ ਹੱਦ ਤਕ ਕੀਤਾ ਸੀ? ਉਸ ਨੇ ਆਪ ਦੱਸਿਆ: “ਏਦੋਂ ਵੱਧ ਪਿਆਰ ਕਿਸੇ ਦਾ ਨਹੀਂ ਹੁੰਦਾ ਜੋ ਆਪਣੀ ਜਾਨ ਆਪਣੇ ਮਿੱਤ੍ਰਾਂ ਦੇ ਬਦਲੇ ਦੇ ਦੇਵੇ।” (ਯੂਹੰਨਾ 15:13) ਯਿਸੂ ਨੇ ਰਜ਼ਾਮੰਦੀ ਨਾਲ ਸਾਡੇ ਲਈ ਆਪਣੀ ਜਾਨ ਕੁਰਬਾਨ ਕੀਤੀ ਸੀ। ਪਿਆਰ ਦਾ ਇਸ ਤੋਂ ਵੱਡਾ ਸਬੂਤ ਕਦੇ ਕਿਸੇ ਹੋਰ ਇਨਸਾਨ ਨੇ ਨਹੀਂ  ਦਿੱਤਾ। ਪਰ ਯਿਸੂ ਨੇ ਹੋਰ ਤਰੀਕਿਆਂ ਨਾਲ ਵੀ ਆਪਣੇ ਪਿਆਰ ਦਾ ਸਬੂਤ ਦਿੱਤਾ ਸੀ।

5. ਪਰਮੇਸ਼ੁਰ ਦੇ ਇਕਲੌਤੇ ਪੁੱਤਰ ਲਈ ਸਵਰਗ ਛੱਡਣ ਦੀ ਕੁਰਬਾਨੀ ਪਿਆਰ ਦਾ ਸਬੂਤ ਕਿਉਂ ਸੀ?

5 ਧਰਤੀ ਤੇ ਆਉਣ ਤੋਂ ਪਹਿਲਾਂ ਪਰਮੇਸ਼ੁਰ ਦੇ ਇਕਲੌਤੇ ਪੁੱਤਰ ਦੀ ਸਵਰਗ ਵਿਚ ਉੱਚੀ ਪਦਵੀ ਸੀ। ਇਸ ਦੇ ਇਲਾਵਾ ਯਹੋਵਾਹ ਅਤੇ ਅਣਗਿਣਤ ਫ਼ਰਿਸ਼ਤਿਆਂ ਨਾਲ ਉਸ ਦੀ ਦੋਸਤੀ ਸੀ। ਇਨ੍ਹਾਂ ਨਿੱਜੀ ਫ਼ਾਇਦਿਆਂ ਦੇ ਬਾਵਜੂਦ ਇਸ ਪਿਆਰੇ ਪੁੱਤਰ ਨੇ “ਆਪਣੇ ਆਪ ਨੂੰ ਸੱਖਣਾ ਕਰ ਕੇ ਦਾਸ ਦਾ ਰੂਪ ਧਾਰਿਆ ਅਤੇ ਮਨੁੱਖਾਂ ਦੀ ਸੂਰਤ ਵਿੱਚ ਜੰਮਿਆ।” (ਫ਼ਿਲਿੱਪੀਆਂ 2:7) ਉਹ ਰਜ਼ਾਮੰਦੀ ਨਾਲ ਅਜਿਹੇ ਸੰਸਾਰ ਵਿਚ ਪਾਪੀ ਇਨਸਾਨਾਂ ਨਾਲ ਰਹਿਣ ਆਇਆ ਜੋ “ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।” (1 ਯੂਹੰਨਾ 5:19) ਕੀ ਇਹ ਕੁਰਬਾਨੀ ਕਰ ਕੇ ਪਰਮੇਸ਼ੁਰ ਦੇ ਪੁੱਤਰ ਨੇ ਆਪਣੇ ਪਿਆਰ ਦਾ ਸਬੂਤ ਨਹੀਂ ਦਿੱਤਾ?

6, 7. (ੳ) ਧਰਤੀ ਤੇ ਆਪਣੀ ਸੇਵਕਾਈ ਦੌਰਾਨ ਯਿਸੂ ਨੇ ਆਪਣੇ ਪਿਆਰ ਦਾ ਸਬੂਤ ਕਿਨ੍ਹਾਂ ਤਰੀਕਿਆਂ ਨਾਲ ਦਿੱਤਾ ਸੀ? (ਅ) ਯੂਹੰਨਾ 19:25-27 ਵਿਚ ਲਿਖੇ ਗਏ ਬਿਰਤਾਂਤ ਤੋਂ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਯਿਸੂ ਨੂੰ ਦੂਸਰਿਆਂ ਦੀ ਪਰਵਾਹ ਸੀ?

6 ਧਰਤੀ ਤੇ ਆਪਣੀ ਸੇਵਕਾਈ ਦੌਰਾਨ ਯਿਸੂ ਨੇ ਅਜਿਹੇ ਪਿਆਰ ਦਾ ਸਬੂਤ ਕਈ ਤਰੀਕਿਆਂ ਨਾਲ ਦਿੱਤਾ ਸੀ। ਉਸ ਵਿਚ ਕੋਈ ਸੁਆਰਥ ਨਹੀਂ ਸੀ। ਉਹ ਆਪਣੀ ਸੇਵਕਾਈ ਵਿਚ ਇੰਨਾ ਰੁੱਝਿਆ ਰਹਿੰਦਾ ਸੀ ਕਿ ਉਸ ਨੇ ਘਰ ਦੇ ਉਨ੍ਹਾਂ ਸੁੱਖ-ਸਾਧਨਾਂ ਦੀ ਵੀ ਪਰਵਾਹ ਨਹੀਂ ਕੀਤੀ ਸੀ ਜਿਨ੍ਹਾਂ ਦੇ ਲੋਕ ਆਮ ਤੌਰ ਤੇ ਆਦੀ ਸਨ। ਇਕ ਵਾਰ ਉਸ ਨੇ ਕਿਹਾ “ਭਈ ਲੂੰਬੜੀਆਂ ਦੇ ਘੁਰਨੇ ਅਤੇ ਅਕਾਸ਼ ਦੇ ਪੰਛੀਆਂ ਦੇ ਆਹਲਣੇ ਹਨ ਪਰ ਮਨੁੱਖ ਦੇ ਪੁੱਤ੍ਰ ਦੇ ਸਿਰ ਧਰਨ ਨੂੰ ਥਾਂ ਨਹੀਂ।” (ਮੱਤੀ 8:20) ਇਕ ਨਿਪੁੰਨ ਤਰਖਾਣ ਹੋਣ ਦੇ ਨਾਤੇ ਯਿਸੂ ਕੁਝ ਸਮਾਂ ਕੱਢ ਕੇ ਆਪਣੇ ਲਈ ਇਕ ਸੋਹਣਾ ਘਰ ਬਣਾ ਸਕਦਾ ਸੀ ਜਾਂ ਮੇਜ਼-ਕੁਰਸੀਆਂ ਵਗੈਰਾ ਬਣਾ ਕੇ ਵੇਚ ਸਕਦਾ ਸੀ ਅਤੇ ਆਪਣੇ ਲਈ ਕੁਝ ਪੈਸੇ ਕਮਾ ਸਕਦਾ ਸੀ। ਪਰ ਉਸ ਨੇ ਆਪਣੀ ਯੋਗਤਾ ਨੂੰ ਧੰਨ-ਦੌਲਤ ਇਕੱਠਾ ਕਰਨ ਲਈ ਇਸਤੇਮਾਲ ਨਹੀਂ ਕੀਤਾ।

7 ਯੂਹੰਨਾ 19:25-27 ਵਿਚ ਲਿਖੇ ਗਏ ਬਿਰਤਾਂਤ ਤੋਂ ਬਹੁਤ ਹੀ ਸੋਹਣੇ ਤਰੀਕੇ ਨਾਲ ਦੇਖਿਆ ਜਾ ਸਕਦਾ ਹੈ ਕਿ ਯਿਸੂ ਨੂੰ ਦੂਸਰਿਆਂ ਬਾਰੇ ਕਿੰਨੀ ਪਰਵਾਹ ਸੀ। ਯਿਸੂ ਦੀ ਮੌਤ ਦੇ ਦਿਨ ਉਸ ਦੇ ਦਿਲ ਵਿਚ ਬਹੁਤ ਸਾਰੀਆਂ ਗੱਲਾਂ ਸਨ। ਸੂਲੀ ਤੇ ਟੰਗਿਆ ਹੋਣ ਕਰਕੇ ਉਹ ਪੀੜ ਸਹਿ ਰਿਹਾ ਸੀ, ਪਰ ਉਸ ਨੂੰ ਆਪਣੇ ਚੇਲਿਆਂ ਦਾ ਅਤੇ ਪ੍ਰਚਾਰ ਦੇ ਕੰਮ ਦਾ ਫ਼ਿਕਰ ਸੀ। ਉਸ ਨੂੰ ਖ਼ਾਸ ਕਰਕੇ ਇਹ ਚਿੰਤਾ ਸੀ ਕਿ ਉਹ ਆਪਣੇ ਸਵਰਗੀ ਪਿਤਾ ਪ੍ਰਤੀ ਵਫ਼ਾਦਾਰ ਰਹੇ ਅਤੇ ਉਸ ਨੂੰ ਬਦਨਾਮ ਨਾ ਕਰੇ। ਸੱਚ ਕਿਹਾ ਜਾਏ ਤਾਂ ਉਸ ਸਮੇਂ ਇਨਸਾਨਜਾਤ ਦਾ ਸਾਰਾ ਭਵਿੱਖ ਯਿਸੂ ਦੇ ਮੋਢਿਆਂ ਤੇ ਟਿਕਿਆ ਹੋਇਆ ਸੀ! ਇਸ ਦੇ ਬਾਵਜੂਦ ਆਪਣੀ ਮੌਤ ਤੋਂ ਸਿਰਫ਼ ਕੁਝ ਪਲ ਪਹਿਲਾਂ ਯਿਸੂ ਨੂੰ ਆਪਣੀ ਮਾਂ ਮਰਿਯਮ ਦੀ  ਚਿੰਤਾ ਸੀ, ਜੋ ਉਸ ਸਮੇਂ ਤਕ ਸ਼ਾਇਦ ਵਿਧਵਾ ਹੋ ਚੁੱਕੀ ਸੀ। ਯਿਸੂ ਨੇ ਯੂਹੰਨਾ ਰਸੂਲ ਨੂੰ ਕਿਹਾ ਕਿ ਉਹ ਮਰਿਯਮ ਨੂੰ ਆਪਣੀ ਮਾਂ ਸਮਝ ਕੇ ਉਸ ਦੀ ਦੇਖ-ਭਾਲ ਕਰੇ। ਇਸ ਤੋਂ ਬਾਅਦ ਯੂਹੰਨਾ ਮਰਿਯਮ ਨੂੰ ਆਪਣੇ ਘਰ ਲੈ ਗਿਆ। ਯਿਸੂ ਨੇ ਬੰਦੋਬਸਤ ਕੀਤਾ ਸੀ ਕਿ ਉਸ ਦੀ ਮਾਂ ਦੀ ਰੂਹਾਨੀ ਤੇ ਜਿਸਮਾਨੀ ਤੌਰ ਤੇ ਦੇਖ-ਭਾਲ ਕੀਤੀ ਜਾਵੇ। ਇਸ ਤਰ੍ਹਾਂ ਉਸ ਨੇ ਦਿਖਾਇਆ ਕਿ ਉਸ ਦਾ ਪਿਆਰ ਕਿੰਨਾ ਗੂੜ੍ਹਾ ਸੀ!

‘ਉਸ ਨੇ ਤਰਸ ਖਾਧਾ’

8. ਯਿਸੂ ਦੀ ਹਮਦਰਦੀ ਦੀ ਗੱਲ ਕਰਨ ਲਈ ਬਾਈਬਲ ਵਿਚ ਵਰਤੇ ਗਏ ਯੂਨਾਨੀ ਸ਼ਬਦ ਦਾ ਕੀ ਮਤਲਬ ਹੈ?

8 ਆਪਣੇ ਪਿਤਾ ਵਾਂਗ ਯਿਸੂ ਬੜਾ ਹਮਦਰਦ ਸੀ। ਬਾਈਬਲ ਵਿਚ ਯਿਸੂ ਬਾਰੇ ਦੱਸਿਆ ਗਿਆ ਹੈ ਕਿ ਉਹ ਦੁਖੀ ਲੋਕਾਂ ਦੀ ਮਦਦ ਕਰਨੀ ਚਾਹੁੰਦਾ ਸੀ। ਯਿਸੂ ਦੀ ਹਮਦਰਦੀ ਦੀ ਗੱਲ ਕਰਦੇ ਹੋਏ ਬਾਈਬਲ ਵਿਚ ਜੋ ਯੂਨਾਨੀ ਸ਼ਬਦ ਵਰਤਿਆ ਗਿਆ ਹੈ ਉਸ ਦਾ ਤਰਜਮਾ “ਤਰਸ ਖਾਧਾ” ਕੀਤਾ ਗਿਆ ਹੈ। ਇਕ ਵਿਦਵਾਨ ਨੇ ਕਿਹਾ: “ਇਹ ਅਜਿਹੀ ਭਾਵਨਾ ਹੈ ਜੋ ਇਨਸਾਨ ਉੱਤੇ ਬਹੁਤ ਹੀ ਡੂੰਘਾ ਪ੍ਰਭਾਵ ਪਾਉਂਦੀ ਹੈ। ਹਮਦਰਦੀ ਲਈ ਯੂਨਾਨੀ ਭਾਸ਼ਾ ਵਿਚ ਇਸ ਤੋਂ ਜ਼ਿਆਦਾ ਜ਼ੋਰਦਾਰ ਸ਼ਬਦ ਨਹੀਂ ਹੈ।” ਆਓ ਆਪਾਂ ਕੁਝ ਘਟਨਾਵਾਂ ਵੱਲ ਧਿਆਨ ਦੇਈਏ ਜਦੋਂ ਯਿਸੂ ਦੇ ਦਿਲ ਨੇ ਉਸ ਨੂੰ ਤਰਸ ਖਾਣ ਲਈ ਪ੍ਰੇਰਿਤ ਕੀਤਾ ਸੀ।

9, 10. (ੳ) ਯਿਸੂ ਅਤੇ ਉਸ ਦੇ ਰਸੂਲ ਏਕਾਂਤ ਜਗ੍ਹਾ ਕਿਉਂ ਭਾਲ ਰਹੇ ਸਨ? (ਅ) ਜਦ ਭੀੜ ਨੇ ਯਿਸੂ ਨੂੰ ਆਰਾਮ ਨਹੀਂ ਕਰਨ ਦਿੱਤਾ, ਤਾਂ ਯਿਸੂ ਨੇ ਕੀ ਕੀਤਾ ਸੀ ਅਤੇ ਕਿਉਂ?

9 ਯਿਸੂ ਰੂਹਾਨੀ ਜ਼ਰੂਰਤਾਂ ਪੂਰੀਆਂ ਕਰਨ ਲਈ ਪ੍ਰੇਰਿਤ ਹੋਇਆ ਸੀ। ਮਰਕੁਸ 6:30-34 ਦੇ ਬਿਰਤਾਂਤ ਤੋਂ ਪਤਾ ਲੱਗਦਾ ਹੈ ਕਿ ਯਿਸੂ ਲੋਕਾਂ ਤੇ ਕਿਉਂ ਤਰਸ ਖਾਂਦਾ ਸੀ। ਜ਼ਰਾ ਉਸ ਸਮੇਂ ਬਾਰੇ ਸੋਚੋ ਜਦ ਰਸੂਲ ਦੂਰ-ਦੂਰ ਪ੍ਰਚਾਰ ਕਰਨ ਤੋਂ ਬਾਅਦ ਵਾਪਸ ਆਏ ਸਨ। ਉਹ ਬੜੀ ਖ਼ੁਸ਼ੀ ਤੇ ਜੋਸ਼ ਨਾਲ ਯਿਸੂ ਨੂੰ ਦੱਸ ਰਹੇ ਸਨ ਕਿ ਉਨ੍ਹਾਂ ਨੇ ਕੀ ਦੇਖਿਆ ਤੇ ਕੀ ਸੁਣਿਆ ਸੀ। ਪਰ ਉਸ ਸਮੇਂ ਉਨ੍ਹਾਂ ਦੇ ਆਲੇ-ਦੁਆਲੇ ਇਕ ਵੱਡੀ ਭੀੜ ਇਕੱਠੀ ਹੋ ਗਈ ਜਿਸ ਕਰਕੇ ਯਿਸੂ ਤੇ ਉਸ ਦੇ ਰਸੂਲ ਕੁਝ ਨਾ ਕਰ ਸਕੇ। ਉਹ ਬੈਠ ਕੇ ਕੁਝ ਖਾ-ਪੀ ਵੀ ਨਾ ਸਕੇ। ਪਰ ਯਿਸੂ ਨੇ ਨੋਟ ਕਰ ਲਿਆ ਸੀ ਕਿ ਰਸੂਲ ਬਹੁਤ ਹੀ ਥੱਕੇ ਹੋਏ ਸਨ। ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਆਪ ਉਜਾੜ ਥਾਂ ਅਲੱਗ ਚੱਲੇ ਚੱਲੋ ਅਤੇ ਰਤੀ ਕੁ ਸਸਤਾਓ।” ਉਹ ਇਕ ਕਿਸ਼ਤੀ ਵਿਚ ਬੈਠ ਕੇ ਗਲੀਲ ਦੀ ਝੀਲ ਦੇ ਉੱਤਰੀ ਇਲਾਕੇ ਵਿਚ ਏਕਾਂਤ ਜਗ੍ਹਾ ਭਾਲਣ ਚਲੇ ਗਏ। ਪਰ ਭੀੜ ਨੇ ਉਨ੍ਹਾਂ ਨੂੰ ਜਾਂਦੇ ਹੋਏ ਦੇਖ ਲਿਆ ਸੀ। ਹੋਰਨਾਂ ਲੋਕਾਂ ਨੇ ਵੀ ਉਨ੍ਹਾਂ ਬਾਰੇ ਖ਼ਬਰ ਸੁਣ ਲਈ ਸੀ। ਇਹ ਸਾਰੇ ਲੋਕ ਝੀਲ ਦੇ ਉੱਤਰੀ ਕਿਨਾਰੇ ਦੇ ਨਾਲ-ਨਾਲ ਦੌੜ ਕੇ ਕਿਸ਼ਤੀ ਨਾਲੋਂ ਪਹਿਲਾਂ ਦੂਸਰੇ ਪਾਸੇ ਪਹੁੰਚ ਗਏ!

 10 ਕੀ ਯਿਸੂ ਖਿੱਝ ਗਿਆ ਸੀ ਕਿ ਲੋਕਾਂ ਨੇ ਉਸ ਨੂੰ ਆਰਾਮ ਨਹੀਂ ਕਰਨ ਦਿੱਤਾ? ਬਿਲਕੁਲ ਨਹੀਂ! ਹਜ਼ਾਰਾਂ ਲੋਕ ਉਸ ਦੀ ਉਡੀਕ ਕਰ ਰਹੇ ਸਨ। ਉਨ੍ਹਾਂ ਨੂੰ ਦੇਖ ਕੇ ਯਿਸੂ ਦਾ ਕਲੇਜਾ ਫੱਟ ਗਿਆ। ਮਰਕੁਸ ਨੇ ਇਸ ਬਾਰੇ ਲਿਖਿਆ: “ਉਸ ਨੇ ਨਿੱਕਲ ਕੇ ਇੱਕ ਵੱਡੀ ਭੀੜ ਵੇਖੀ ਅਰ ਉਨ੍ਹਾਂ ਤੇ ਤਰਸ ਖਾਧਾ ਇਸ ਲਈ ਜੋ ਓਹ ਉਨ੍ਹਾਂ ਭੇਡਾਂ ਵਾਂਙੁ ਸਨ ਜਿਨ੍ਹਾਂ ਦਾ ਅਯਾਲੀ ਨਾ ਹੋਵੇ। ਉਹ ਉਨ੍ਹਾਂ ਨੂੰ ਬਹੁਤ ਗੱਲਾਂ ਦਾ ਉਪਦੇਸ਼ ਦੇਣ ਲੱਗਾ।” ਯਿਸੂ ਨੇ ਉਸ ਭੀੜ ਦੇ ਹਰੇਕ ਇਨਸਾਨ ਦੀਆਂ ਰੂਹਾਨੀ ਲੋੜਾਂ ਬਾਰੇ ਸੋਚਿਆ। ਉਹ ਅਜਿਹੀਆਂ ਮਾਸੂਮ ਭੇਡਾਂ ਵਰਗੇ ਸਨ ਜਿਨ੍ਹਾਂ ਦੀ ਦੇਖ-ਭਾਲ ਕਰਨ ਵਾਲਾ ਕੋਈ ਅਯਾਲੀ ਨਹੀਂ ਸੀ। ਯਿਸੂ ਜਾਣਦਾ ਸੀ ਕਿ ਉਸ ਸਮੇਂ ਦੇ ਨਿਰਦਈ ਧਾਰਮਿਕ ਆਗੂ ਪਿਆਰ ਨਾਲ ਲੋਕਾਂ ਦੀ ਚਰਵਾਹੀ ਕਰਨ ਦੀ ਬਜਾਇ ਉਨ੍ਹਾਂ ਨਾਲ ਨਫ਼ਰਤ ਕਰਦੇ ਸਨ। (ਯੂਹੰਨਾ 7:47-49) ਲੋਕਾਂ ਦੀ ਹਾਲਤ ਦੇਖ ਕੇ ਯਿਸੂ ਦਾ ਦਿਲ ਤੜਫ ਉੱਠਿਆ ਅਤੇ ਉਸ ਨੇ ਉਨ੍ਹਾਂ ਨੂੰ “ਪਰਮੇਸ਼ੁਰ ਦੇ ਰਾਜ ਦੇ ਵਿਖੇ” ਸਿਖਾਉਣਾ ਸ਼ੁਰੂ ਕਰ ਦਿੱਤਾ। (ਲੂਕਾ 9:11) ਨੋਟ ਕਰੋ ਕਿ ਯਿਸੂ ਨੇ ਲੋਕਾਂ ਨੂੰ ਸਿਖਾਉਣ ਤੋਂ ਪਹਿਲਾਂ ਉਨ੍ਹਾਂ ਤੇ ਤਰਸ ਖਾਧਾ ਸੀ। ਉਹ ਇਹ ਵੀ ਨਹੀਂ ਜਾਣਦਾ ਸੀ ਕਿ ਉਹ ਉਸ ਦੀ ਗੱਲ ਸੁਣ ਕੇ ਉਸ ਨੂੰ ਪਸੰਦ ਕਰਨਗੇ ਜਾਂ ਨਹੀਂ। ਇਸ ਦਾ ਮਤਲਬ ਹੈ ਕਿ ਯਿਸੂ ਨੇ ਸਿੱਖਿਆ ਦੇ ਕੇ ਹਮਦਰਦੀ ਨਹੀਂ ਕੀਤੀ ਸੀ ਪਰ ਆਪਣੀ ਹਮਦਰਦੀ ਕਾਰਨ ਲੋਕਾਂ ਨੂੰ ਸਿੱਖਿਆ ਦਿੱਤੀ ਸੀ।

‘ਉਸ ਨੇ ਆਪਣਾ ਹੱਥ ਲੰਮਾ ਕੀਤਾ ਅਰ ਉਹ ਨੂੰ ਛੋਹਿਆ’

11, 12. (ੳ) ਬਾਈਬਲ ਦੇ ਜ਼ਮਾਨੇ ਵਿਚ ਲੋਕ ਕੋੜ੍ਹੀਆਂ ਨਾਲ ਕਿਸ ਤਰ੍ਹਾਂ ਪੇਸ਼ ਆਉਂਦੇ ਸਨ ਪਰ ਯਿਸੂ ਇਕ ਕੋੜ੍ਹੀ ਨਾਲ ਕਿਸ ਤਰ੍ਹਾਂ ਪੇਸ਼ ਆਇਆ ਸੀ? (ਅ) ਯਿਸੂ ਦੁਆਰਾ ਹੱਥ ਲਾਏ ਜਾਣ ਤੋਂ ਬਾਅਦ ਕੋੜ੍ਹੀ ਨੇ ਕਿਸ ਤਰ੍ਹਾਂ ਮਹਿਸੂਸ ਕੀਤਾ ਹੋਣਾ ਅਤੇ ਇਸ ਬਾਰੇ ਇਕ ਡਾਕਟਰ ਦੇ ਤਜਰਬੇ ਤੋਂ ਕੀ ਪਤਾ ਲੱਗਦਾ ਹੈ?

11 ਯਿਸੂ ਦੁੱਖ-ਤਕਲੀਫ਼ ਦੂਰ ਕਰਨ ਲਈ ਪ੍ਰੇਰਿਤ ਹੋਇਆ ਸੀ। ਮਾੜੀ ਸਿਹਤ ਵਾਲੇ ਕਈ ਲੋਕ ਯਿਸੂ ਦੀ ਹਮਦਰਦੀ ਬਾਰੇ ਜਾਣਦੇ ਸਨ ਅਤੇ ਉਹ ਉਸ ਵੱਲ ਖਿੱਚੇ ਚਲੇ ਆਉਂਦੇ ਸਨ। ਇਹ ਗੱਲ ਖ਼ਾਸ ਕਰਕੇ ਉਦੋਂ ਸਪੱਸ਼ਟ ਹੋਈ ਸੀ ਜਦੋਂ ਇਕ ਵਾਰ ਭੀੜ ਯਿਸੂ ਦਾ ਪਿੱਛਾ ਕਰ ਰਹੀ ਸੀ ਅਤੇ “ਕੋੜ੍ਹ ਦਾ ਭਰਿਆ ਹੋਇਆ” ਇਕ ਆਦਮੀ ਉਸ ਦੇ ਲਾਗੇ ਆਇਆ। (ਲੂਕਾ 5:12) ਬਾਈਬਲ ਦੇ ਜ਼ਮਾਨੇ ਵਿਚ ਕੋੜ੍ਹੀਆਂ ਨੂੰ ਬਾਕੀ ਦੇ ਲੋਕਾਂ ਤੋਂ ਵੱਖਰਾ ਰੱਖਿਆ ਜਾਂਦਾ ਸੀ, ਤਾਂ ਜੋ ਰੋਗ ਹੋਰਨਾਂ ਨੂੰ ਨਾ ਲੱਗ ਜਾਵੇ। (ਗਿਣਤੀ 5:1-4) ਪਰ ਸਮੇਂ ਦੇ ਬੀਤਣ ਨਾਲ ਯਹੂਦੀਆਂ ਦੇ ਆਗੂ ਕੋੜ੍ਹੀਆਂ ਨਾਲ ਬੇਰਹਿਮੀ ਨਾਲ ਪੇਸ਼ ਆਉਣ ਲੱਗ ਪਏ ਅਤੇ ਉਨ੍ਹਾਂ ਨੇ ਉਨ੍ਹਾਂ ਉੱਤੇ ਔਖੇ ਅਸੂਲ ਥੋਪੇ ਸਨ। * ਇੱਥੇ  ਨੋਟ ਕਰੋ ਕਿ ਯਿਸੂ ਕੋੜ੍ਹੀ ਨਾਲ ਕਿਸ ਤਰ੍ਹਾਂ ਪੇਸ਼ ਆਇਆ ਸੀ: “ਇੱਕ ਕੋੜ੍ਹੀ ਨੇ ਉਹ ਦੇ ਕੋਲ ਆਣ ਕੇ ਉਹ ਦੀ ਮਿੰਨਤ ਕੀਤੀ ਅਰ ਉਹ ਦੇ ਅੱਗੇ ਗੋਡੇ ਨਿਵਾ ਕੇ ਉਸ ਨੂੰ ਆਖਿਆ, ਜੇ ਤੂੰ ਚਾਹੇਂ ਤਾਂ ਮੈਨੂੰ ਸ਼ੁੱਧ ਕਰ ਸੱਕਦਾ ਹੈਂ। ਅਤੇ ਉਸ ਨੇ ਤਰਸ ਖਾ ਕੇ ਆਪਣਾ ਹੱਥ ਲੰਮਾ ਕੀਤਾ ਅਰ ਉਹ ਨੂੰ ਛੋਹ ਕੇ ਕਿਹਾ, ਮੈਂ ਚਾਹੁੰਦਾ ਹਾਂ, ਤੂੰ ਸ਼ੁੱਧ ਹੋ ਜਾਹ। ਤਾਂ ਝੱਟ ਉਹ ਦਾ ਕੋੜ੍ਹ ਜਾਂਦਾ ਰਿਹਾ ਅਤੇ ਉਹ ਸ਼ੁੱਧ ਹੋ ਗਿਆ!” (ਮਰਕੁਸ 1:40-42) ਯਿਸੂ ਜਾਣਦਾ ਸੀ ਕਿ ਉਸ ਕੋੜ੍ਹੀ ਦਾ ਉੱਥੇ ਲੋਕਾਂ ਵਿਚ ਹੋਣਾ ਗ਼ੈਰ-ਕਾਨੂੰਨੀ ਸੀ। ਪਰ ਯਿਸੂ ਨੇ ਉਸ ਨੂੰ ਉੱਥੋਂ ਭਜਾਉਣ ਦੀ ਬਜਾਇ ਉਸ ਉੱਤੇ ਤਰਸ ਖਾਧਾ ਅਤੇ ਉਹ ਕੀਤਾ ਜਿਸ ਬਾਰੇ ਕੋਈ ਸੋਚ ਵੀ ਨਹੀਂ ਸਕਦਾ ਸੀ। ਯਿਸੂ ਨੇ ਉਸ ਕੋੜ੍ਹੀ ਨੂੰ ਹੱਥ ਲਾਇਆ!

12 ਕੀ ਤੁਸੀਂ ਸਮਝ ਸਕਦੇ ਹੋ ਕਿ ਉਸ ਕੋੜ੍ਹੀ ਨੇ ਕਿਸ ਤਰ੍ਹਾਂ ਮਹਿਸੂਸ ਕੀਤਾ ਹੋਣਾ ਜਦੋਂ ਯਿਸੂ ਨੇ ਉਸ ਨੂੰ ਹੱਥ ਲਾਇਆ ਸੀ? ਇਸ ਨੂੰ ਸਮਝਣ ਲਈ ਇਸ ਘਟਨਾ ਉੱਤੇ ਗੌਰ ਕਰੋ। ਡਾਕਟਰ ਪੌਲ ਬਰੈਂਡ ਕੋੜ੍ਹੀਆਂ ਦੇ ਇਲਾਜ ਦਾ ਮਾਹਰ ਹੈ ਅਤੇ ਉਹ ਇਕ ਕੋੜ੍ਹੀ ਬਾਰੇ ਦੱਸਦਾ ਹੈ ਜਿਸ ਦਾ ਭਾਰਤ ਵਿਚ ਉਸ ਨੇ ਇਲਾਜ ਕੀਤਾ ਸੀ। ਇਕ ਵਾਰ ਜਦ ਉਹ ਮਰੀਜ਼ ਦਾ ਮੁਆਇਨਾ ਕਰ ਰਿਹਾ ਸੀ, ਤਾਂ ਉਸ ਨੇ ਕੋੜ੍ਹੀ ਦੇ ਮੋਢੇ ਤੇ ਹੱਥ ਰੱਖ ਕੇ ਇਕ ਅਨੁਵਾਦਕ ਦੇ ਜ਼ਰੀਏ ਉਸ ਨੂੰ ਇਲਾਜ ਬਾਰੇ ਦੱਸਿਆ। ਪਰ ਅਚਾਨਕ ਉਹ ਕੋੜ੍ਹੀ ਰੋਣ ਲੱਗ ਪਿਆ। ਡਾਕਟਰ ਨੇ ਉਸ ਨੂੰ ਪੁੱਛਿਆ: “ਕੀ ਮੈਥੋਂ ਕੋਈ ਗ਼ਲਤੀ ਹੋ ਗਈ?” ਅਨੁਵਾਦਕ ਨੇ ਮਰੀਜ਼ ਨਾਲ ਗੱਲ ਕਰਨ ਤੋਂ ਬਾਅਦ ਕਿਹਾ: “ਨਹੀਂ ਡਾਕਟਰ ਸਾਹਬ। ਇਹ ਰੋ ਰਿਹਾ ਹੈ ਕਿਉਂਕਿ ਤੁਸੀਂ ਇਸ ਦੇ ਮੋਢੇ ਤੇ ਹੱਥ ਰੱਖਿਆ। ਇੱਥੇ ਆਉਣ ਤੋਂ ਪਹਿਲਾਂ ਕਈ ਸਾਲਾਂ ਤੋਂ ਕਿਸੇ ਨੇ ਵੀ ਇਸ ਨੂੰ ਹੱਥ ਨਹੀਂ ਲਾਇਆ।” ਤਾਂ ਫਿਰ ਉਸ ਕੋੜ੍ਹੀ ਬਾਰੇ ਸੋਚੋ ਜਿਸ ਨੂੰ ਯਿਸੂ ਨੇ ਹੱਥ ਲਾਇਆ ਸੀ। ਉਸ ਨੇ ਸਿਰਫ਼ ਯਿਸੂ ਦਾ ਪਿਆਰ ਹੀ ਨਹੀਂ ਮਹਿਸੂਸ ਕੀਤਾ ਪਰ ਉਸ ਦੀ ਬੀਮਾਰੀ ਵੀ ਠੀਕ ਹੋ ਗਈ ਜਿਸ ਕਰਕੇ ਉਹ ਛੇਕਿਆ ਗਿਆ ਸੀ!

13, 14. (ੳ) ਨਾਇਨ ਨਾਂ ਦੇ ਨਗਰ ਨੂੰ ਆਉਂਦੇ ਹੋਏ ਯਿਸੂ ਨੂੰ ਕੌਣ ਮਿਲਿਆ ਸੀ ਅਤੇ ਇਹ ਘਟਨਾ ਇੰਨੀ ਦਰਦਨਾਕ ਕਿਉਂ ਸੀ? (ਅ) ਯਿਸੂ ਦੀ ਹਮਦਰਦੀ ਨੇ ਉਸ ਨੂੰ ਨਾਇਨ ਨਗਰ ਦੀ ਵਿਧਵਾ ਵਾਸਤੇ ਕੀ ਕਰਨ ਲਈ ਮਜਬੂਰ ਕੀਤਾ ਸੀ?

13 ਯਿਸੂ ਸੋਗ ਤੇ ਗਮ ਦੂਰ ਕਰਨ ਲਈ ਪ੍ਰੇਰਿਤ ਹੋਇਆ ਸੀ। ਯਿਸੂ ਦੂਸਰਿਆਂ ਦਾ ਦੁੱਖ ਦੇਖ ਕੇ ਦੁਖੀ ਹੁੰਦਾ ਸੀ। ਮਿਸਾਲ ਲਈ ਲੂਕਾ 7:11-15 ਦੇ ਬਿਰਤਾਂਤ ਉੱਤੇ ਗੌਰ ਕਰੋ। ਸੇਵਕਾਈ ਸ਼ੁਰੂ ਕਰਨ ਤੋਂ ਡੇਢ ਕੁ ਸਾਲ ਬਾਅਦ, ਯਿਸੂ ਇਕ ਦਿਨ ਨਾਇਨ ਨਾਂ  ਦੇ ਨਗਰ ਨੂੰ ਜਾ ਰਿਹਾ ਸੀ। ਜਦ ਉਹ ਨਗਰ ਦੇ ਫਾਟਕ ਦੇ ਨੇੜੇ ਪਹੁੰਚਿਆ, ਤਾਂ ਉਸ ਨੇ ਇਕ ਜਨਾਜ਼ਾ ਨਿਕਲਦਾ ਦੇਖਿਆ। ਹਾਲਾਤ ਕੁਝ ਜ਼ਿਆਦਾ ਹੀ ਦਰਦਨਾਕ ਸਨ। ਇਕ ਵਿਧਵਾ ਮਾਂ ਦਾ ਇੱਕੋ-ਇਕ ਪੁੱਤ ਮੌਤ ਦੀ ਗੋਦ ਵਿਚ ਚਲਾ ਗਿਆ ਸੀ। ਪਹਿਲਾਂ ਵੀ ਸ਼ਾਇਦ ਉਸ ਦੇ ਘਰੋਂ ਉਸ ਦੇ ਪਤੀ ਦਾ ਜਨਾਜ਼ਾ ਉੱਠਿਆ ਸੀ। ਇਸ ਵਾਰ ਉਸ ਦੇ ਪੁੱਤ ਦਾ ਜਨਾਜ਼ਾ ਸੀ, ਜਿਸ ਤੋਂ ਸਿਵਾਇ ਸ਼ਾਇਦ ਉਸ ਦਾ ਆਪਣਾ ਹੋਰ ਕੋਈ ਨਹੀਂ ਸੀ। ਉਸ ਦੇ ਨਾਲ ਚੱਲ ਰਹੀ ਭੀੜ ਵਿਚ ਸ਼ਾਇਦ ਸਿਆਪਾ ਕਰਨ ਵਾਲੀਆਂ ਤੀਵੀਆਂ ਅਤੇ ਬਾਂਸਰੀ ਵਜਾਉਣ ਵਾਲੇ ਲੋਕ ਵੀ ਅਫ਼ਸੋਸ ਕਰਨ ਆਏ ਹੋਣ। (ਯਿਰਮਿਯਾਹ 9:17, 18; ਮੱਤੀ 9:23) ਪਰ ਯਿਸੂ ਦੀ ਨਿਗਾਹ ਦਰਦ ਨਾਲ ਟੁੱਟ ਚੁੱਕੀ ਮਾਂ ਤੇ ਜਾ ਟਿਕੀ ਜੋ ਸ਼ਾਇਦ ਆਪਣੇ ਪੁੱਤ ਦੀ ਅਰਥੀ ਦੇ ਲਾਗੇ ਤੁਰ ਰਹੀ ਸੀ।

14 ਯਿਸੂ ਨੇ ਉਸ ਸੋਗਵਾਨ ਮਾਂ ਉੱਤੇ “ਤਰਸ ਖਾਧਾ।” ਨਰਮ ਆਵਾਜ਼ ਨਾਲ ਉਸ ਨੇ ਉਸ ਨੂੰ ਕਿਹਾ: “ਨਾ ਰੋ।” ਫਿਰ ਉਸ ਨੇ ਆ ਕੇ ਅਰਥੀ ਨੂੰ ਹੱਥ ਲਾਇਆ। ਅਰਥੀ ਨੂੰ ਮੋਢਾ ਦੇਣ ਵਾਲੇ ਅਤੇ ਸ਼ਾਇਦ ਦੂਸਰੇ ਸਾਰੇ ਲੋਕ ਰੁਕ ਗਏ। ਯਿਸੂ ਨੇ ਇਖ਼ਤਿਆਰ ਨਾਲ ਬੇਜਾਨ ਦੇਹ ਨੂੰ ਕਿਹਾ: “ਹੇ ਜੁਆਨ ਮੈਂ ਤੈਨੂੰ ਆਖਦਾ ਹਾਂ, ਉੱਠ!” ਫਿਰ ਕੀ ਹੋਇਆ? “ਉਹ ਮੁਰਦਾ ਉੱਠ ਬੈਠਾ ਅਤੇ ਬੋਲਣ ਲੱਗ ਪਿਆ,” ਜਿਵੇਂ ਕਿਤੇ ਉਹ ਗੂੜ੍ਹੀ ਨੀਦੋਂ ਸੁੱਤਾ ਉੱਠਿਆ ਹੋਵੇ! ਇਸ ਤੋਂ ਬਾਅਦ ਬੜੇ ਪਿਆਰ ਨਾਲ “[ਯਿਸੂ] ਨੇ ਉਹ ਨੂੰ ਉਹ ਦੀ ਮਾਂ ਨੂੰ ਸੌਂਪ ਦਿੱਤਾ।”

15. (ੳ) ਯਿਸੂ ਦੇ ਤਰਸ ਖਾਣ ਦੇ ਬਿਰਤਾਂਤਾਂ ਤੋਂ ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਹਮਦਰਦੀ ਮਹਿਸੂਸ ਕਰਨ ਦੇ ਨਾਲ-ਨਾਲ ਕੁਝ ਕਰਨਾ ਵੀ ਜ਼ਰੂਰੀ ਹੈ? (ਅ) ਇਸ ਮਾਮਲੇ ਵਿਚ ਅਸੀਂ ਯਿਸੂ ਦੀ ਨਕਲ ਕਿਸ ਤਰ੍ਹਾਂ ਕਰ ਸਕਦੇ ਹਾਂ?

15 ਇਨ੍ਹਾਂ ਬਿਰਤਾਂਤਾਂ ਤੋਂ ਅਸੀਂ ਕੀ ਸਿੱਖਦੇ ਹਾਂ? ਨੋਟ ਕਰੋ ਕਿ ਹਰ ਬਿਰਤਾਂਤ ਤੋਂ ਪਤਾ ਲੱਗਦਾ ਹੈ ਕਿ ਹਮਦਰਦੀ ਮਹਿਸੂਸ ਕਰਨ ਦੇ ਨਾਲ-ਨਾਲ ਕੁਝ ਕਰਨਾ ਵੀ ਜ਼ਰੂਰੀ ਹੈ। ਯਿਸੂ ਤੋਂ ਲੋਕਾਂ ਦੀ ਮੰਦੀ ਹਾਲਤ ਦੇਖੀ ਨਹੀਂ ਜਾਂਦੀ ਸੀ, ਉਹ ਉਨ੍ਹਾਂ ਤੇ ਤਰਸ ਖਾਂਦਾ ਸੀ ਅਤੇ ਉਹ ਤਰਸ ਖਾਣ ਤੋਂ ਬਾਅਦ ਉਨ੍ਹਾਂ ਲਈ ਜ਼ਰੂਰ ਕੁਝ ਕਰਦਾ ਸੀ। ਅਸੀਂ ਉਸ ਦੀ ਨਕਲ ਕਿਸ ਤਰ੍ਹਾਂ ਕਰ ਸਕਦੇ ਹਾਂ? ਮਸੀਹੀ ਹੋਣ ਦੇ ਨਾਤੇ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਲੋਕਾਂ ਨੂੰ ਰਾਜ ਦੀ ਖ਼ੁਸ਼ ਖ਼ਬਰੀ ਸੁਣਾਈਏ ਅਤੇ ਚੇਲੇ ਬਣਾਈਏ। ਅਸੀਂ ਇਹ ਕੰਮ ਕਿਉਂ ਕਰਦੇ ਹਾਂ? ਪਹਿਲਾ ਕਾਰਨ ਹੈ ਕਿ ਅਸੀਂ ਪਰਮੇਸ਼ੁਰ ਨਾਲ ਪਿਆਰ ਕਰਦੇ ਹਾਂ। ਪਰ ਇਹ ਗੱਲ ਵੀ ਯਾਦ ਰੱਖੋ ਕਿ ਅਸੀਂ ਲੋਕਾਂ ਨਾਲ ਹਮਦਰਦੀ ਕਰ ਕੇ ਪ੍ਰਚਾਰ ਕਰਦੇ ਹਾਂ। ਜਦ ਅਸੀਂ ਲੋਕਾਂ ਬਾਰੇ ਯਿਸੂ ਵਾਂਗ ਮਹਿਸੂਸ ਕਰਦੇ ਹਾਂ, ਤਾਂ ਸਾਡੇ ਦਿਲ ਸਾਨੂੰ ਪ੍ਰੇਰਿਤ ਕਰਦੇ ਹਨ ਕਿ ਅਸੀਂ ਉਨ੍ਹਾਂ ਨੂੰ ਰਾਜ ਦੀ ਖ਼ੁਸ਼ ਖ਼ਬਰੀ ਸੁਣਾਈਏ। (ਮੱਤੀ 22:37-39) ਪਰ ਅਸੀਂ ਗਮਾਂ ਨਾਲ ਘਿਰੇ ਹੋਏ ਭੈਣਾਂ-ਭਰਾਵਾਂ  ਨਾਲ ਹਮਦਰਦੀ ਕਿਸ ਤਰ੍ਹਾਂ ਕਰ ਸਕਦੇ ਹਾਂ? ਅਸੀਂ ਨਾ ਤਾਂ ਕਰਾਮਾਤੀ ਢੰਗ ਨਾਲ ਰੋਗੀਆਂ ਨੂੰ ਚੰਗਾ ਕਰ ਸਕਦੇ ਹਾਂ ਤੇ ਨਾ ਅਸੀਂ ਮੁਰਦਿਆਂ ਨੂੰ ਜ਼ਿੰਦਾ ਕਰ ਸਕਦੇ ਹਾਂ। ਪਰ ਅਸੀਂ ਉਨ੍ਹਾਂ ਦਾ ਦੁੱਖ-ਸੁਖ ਵੰਡਣ ਵਿਚ ਪਹਿਲ ਕਰ ਸਕਦੇ ਹਾਂ ਅਤੇ ਜਿਸ ਕਿਸੇ ਨੂੰ ਮਦਦ ਦੀ ਲੋੜ ਹੋਵੇ, ਉਸ ਦੀ ਮਦਦ ਕਰ ਸਕਦੇ ਹਾਂ।ਅਫ਼ਸੀਆਂ 4:32.

“ਪਿਤਾ ਉਨ੍ਹਾਂ ਨੂੰ ਮਾਫ਼ ਕਰ”

16. ਜਦ ਉਹ ਸੂਲੀ ਤੇ ਟੰਗਿਆ ਹੋਇਆ ਸੀ, ਉਸ ਵੇਲੇ ਕਿਸ ਤਰ੍ਹਾਂ ਜ਼ਾਹਰ ਹੋਇਆ ਸੀ ਕਿ ਯਿਸੂ ਮਾਫ਼ ਕਰਨ ਲਈ ਤਿਆਰ ਸੀ?

16 ਯਿਸੂ ਨੇ ਇਕ ਹੋਰ ਤਰੀਕੇ ਨਾਲ ਵੀ ਆਪਣੇ ਪਿਤਾ ਵਾਂਗ ਪਿਆਰ ਕੀਤਾ ਸੀ—ਉਹ “ਮਾਫ਼ ਕਰਨ” ਲਈ ਤਿਆਰ ਸੀ। (ਜ਼ਬੂਰਾਂ ਦੀ ਪੋਥੀ 86:5, ਪਵਿੱਤਰ ਬਾਈਬਲ ਨਵਾਂ ਅਨੁਵਾਦ) ਉਸ ਦਾ ਇਹ ਗੁਣ ਉਸ ਵੇਲੇ ਵੀ ਜ਼ਾਹਰ ਹੋਇਆ ਸੀ ਜਦ ਉਹ ਸੂਲੀ ਤੇ ਟੰਗਿਆ ਹੋਇਆ ਸੀ। ਹੱਥਾਂ ਅਤੇ ਪੈਰਾਂ ਵਿਚ ਠੋਕੇ ਕਿੱਲਾਂ ਦਾ ਦਰਦ ਸਹਿੰਦੇ ਹੋਏ ਤੇ ਸ਼ਰਮਨਾਕ ਮੌਤ ਮਰਦੇ ਹੋਏ ਉਸ ਦੇ ਮੂੰਹੋਂ ਕੀ ਨਿਕਲਿਆ ਸੀ? ਕੀ ਉਸ ਨੇ ਯਹੋਵਾਹ ਨੂੰ ਬਦਲਾ ਲੈਣ ਦੀ ਦੁਹਾਈ ਦਿੱਤੀ ਸੀ? ਇਸ ਤੋਂ ਉਲਟ ਯਿਸੂ ਨੇ ਆਪਣੇ ਆਖ਼ਰੀ ਸ਼ਬਦਾਂ ਵਿਚ ਕਿਹਾ ਸੀ: “ਹੇ ਪਿਤਾ ਉਨ੍ਹਾਂ ਨੂੰ ਮਾਫ਼ ਕਰ ਕਿਉਂ ਜੋ ਓਹ ਨਹੀਂ ਜਾਣਦੇ ਭਈ ਕੀ ਕਰਦੇ ਹਨ।”ਲੂਕਾ 23:34. *

17-19. ਯਿਸੂ ਨੇ ਕਿਨ੍ਹਾਂ ਤਰੀਕਿਆਂ ਨਾਲ ਦਿਖਾਇਆ ਸੀ ਕਿ ਉਸ ਨੇ ਪਤਰਸ ਰਸੂਲ ਦੇ ਇਨਕਾਰ ਕਰਨ ਦੇ ਬਾਵਜੂਦ ਉਸ ਨੂੰ ਮਾਫ਼ ਕਰ ਦਿੱਤਾ ਸੀ?

17 ਯਿਸੂ ਨੇ ਜਿਸ ਤਰੀਕੇ ਨਾਲ ਪਤਰਸ ਰਸੂਲ ਨੂੰ ਮਾਫ਼ ਕੀਤਾ ਸੀ, ਉਸ ਤੋਂ ਅਸੀਂ ਇਕ ਹੋਰ ਵਧੀਆ ਸਬਕ ਸਿੱਖਦੇ ਹਾਂ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪਤਰਸ ਯਿਸੂ ਨਾਲ ਬਹੁਤ ਪਿਆਰ ਕਰਦਾ ਸੀ। ਧਰਤੀ ਤੇ ਯਿਸੂ ਦੀ ਆਖ਼ਰੀ ਰਾਤ 14 ਨੀਸਾਨ ਸੀ। ਉਸ ਰਾਤ ਪਤਰਸ ਨੇ ਯਿਸੂ ਨੂੰ ਕਿਹਾ ਸੀ: “ਪ੍ਰਭੁ ਜੀ ਮੈਂ ਤੇਰੇ ਨਾਲ ਕੈਦ ਵਿੱਚ ਅਤੇ ਮਰਨ ਲਈ ਭੀ ਜਾਣ ਨੂੰ ਤਿਆਰ ਹਾਂ।” ਪਰ ਇਸ ਤੋਂ ਕੁਝ ਹੀ ਘੰਟਿਆਂ ਬਾਅਦ ਉਸ ਨੇ ਇਸ ਗੱਲ ਤੋਂ ਤਿੰਨ ਵਾਰ ਇਨਕਾਰ ਕੀਤਾ ਕਿ ਉਹ ਯਿਸੂ ਨੂੰ ਜਾਣਦਾ ਸੀ! ਬਾਈਬਲ  ਸਾਨੂੰ ਦੱਸਦੀ ਹੈ ਕਿ ਤੀਜੀ ਵਾਰ ਇਨਕਾਰ ਕਰਨ ਤੋਂ ਇਕਦਮ ਬਾਅਦ ਕੀ ਹੋਇਆ ਸੀ: “ਤਾਂ ਪ੍ਰਭੁ ਨੇ ਮੁੜ ਕੇ ਪਤਰਸ ਵੱਲ ਨਿਗਾਹ ਕੀਤੀ।” ਆਪਣੇ ਪਾਪ ਦਾ ਅਹਿਸਾਸ ਹੋਣ ਕਰਕੇ ਪਤਰਸ “ਬਾਹਰ ਗਿਆ ਅਤੇ ਭੁੱਬਾਂ ਮਾਰ ਕੇ ਰੋਇਆ।” ਉਸੇ ਦਿਨ ਜਦ ਯਿਸੂ ਦੀ ਮੌਤ ਹੋ ਗਈ, ਤਾਂ ਪਤਰਸ ਨੇ ਸੋਚਿਆ ਹੋਣਾ, ‘ਕੀ ਮੇਰੇ ਪ੍ਰਭੂ ਨੇ ਮੈਨੂੰ ਮਾਫ਼ ਕਰ ਦਿੱਤਾ ਹੈ?’ਲੂਕਾ 22:33, 61, 62.

18 ਪਤਰਸ ਨੂੰ ਆਪਣੇ ਸਵਾਲ ਦੇ ਜਵਾਬ ਲਈ ਬਹੁਤੀ ਦੇਰ ਉਡੀਕ ਨਹੀਂ ਕਰਨੀ ਪਈ ਸੀ। ਯਿਸੂ 16 ਨੀਸਾਨ ਦੀ ਸਵੇਰ ਨੂੰ ਦੁਬਾਰਾ ਜ਼ਿੰਦਾ ਹੋਇਆ ਸੀ ਅਤੇ ਇਸ ਤਰ੍ਹਾਂ ਜਾਪਦਾ ਹੈ ਕਿ ਉਸੇ ਦਿਨ ਉਸ ਨੇ ਪਤਰਸ ਨੂੰ ਦਰਸ਼ਣ ਦਿੱਤਾ ਸੀ। (ਲੂਕਾ 24:34; 1 ਕੁਰਿੰਥੀਆਂ 15:4-8) ਯਿਸੂ ਨੇ ਪਤਰਸ ਰਸੂਲ ਵੱਲ ਖ਼ਾਸ ਤੌਰ ਤੇ ਇੰਨਾ ਧਿਆਨ ਕਿਉਂ ਦਿੱਤਾ ਸੀ ਜਿਸ ਨੇ ਸਾਰਿਆਂ ਦੇ ਸਾਮ੍ਹਣੇ ਉਸ ਦਾ ਇਨਕਾਰ ਕੀਤਾ ਸੀ? ਯਿਸੂ ਸ਼ਾਇਦ ਪਸ਼ਚਾਤਾਪੀ ਪਤਰਸ ਨੂੰ ਤਸੱਲੀ ਦੇ ਰਿਹਾ ਸੀ ਕਿ ਉਹ ਅਜੇ ਵੀ ਉਸ ਨਾਲ ਪਿਆਰ ਕਰਦਾ ਸੀ ਅਤੇ ਉਸ ਦੀ ਕਦਰ ਕਰਦਾ ਸੀ। ਪਰ ਯਿਸੂ ਨੇ ਪਤਰਸ ਨੂੰ ਭਰੋਸਾ ਦੇਣ ਲਈ ਹੋਰ ਵੀ ਬਹੁਤ ਕੁਝ ਕੀਤਾ ਸੀ।

19 ਕੁਝ ਸਮੇਂ ਬਾਅਦ ਗਲੀਲ ਦੀ ਝੀਲ ਦੇ ਲਾਗੇ ਯਿਸੂ ਨੇ ਆਪਣੇ ਚੇਲਿਆਂ ਨੂੰ ਦਰਸ਼ਣ ਦਿੱਤਾ। ਇਸ ਸਮੇਂ ਤੇ ਯਿਸੂ ਨੇ ਤਿੰਨ ਵਾਰ ਪਤਰਸ (ਜਿਸ ਨੇ ਆਪਣੇ ਪ੍ਰਭੂ ਦਾ ਤਿੰਨ ਵਾਰ ਇਨਕਾਰ ਕੀਤਾ ਸੀ) ਨੂੰ ਸਵਾਲ ਪੁੱਛਿਆ ਕਿ ਕੀ ਪਤਰਸ ਉਸ ਨਾਲ ਪਿਆਰ ਕਰਦਾ ਸੀ। ਤੀਜੀ ਵਾਰ ਸਵਾਲ ਪੁੱਛੇ ਜਾਣ ਤੋਂ ਬਾਅਦ ਪਤਰਸ ਨੇ ਕਿਹਾ: “ਪ੍ਰਭੁ ਜੀ ਤੂੰ ਤਾਂ ਸਭ ਜਾਣੀ ਜਾਣ ਹੈਂ। ਤੈਨੂੰ ਮਲੂਮ ਹੈ ਜੋ ਮੈਂ ਤੇਰੇ ਨਾਲ ਹਿਤ ਕਰਦਾ ਹਾਂ।” ਇਹ ਸੱਚ ਹੈ ਕਿ ਯਿਸੂ ਦਿਲ ਦੀ ਗੱਲ ਬੁੱਝ ਲੈਂਦਾ ਸੀ ਤੇ ਉਹ ਜਾਣਦਾ ਸੀ ਕਿ ਪਤਰਸ ਉਸ ਨਾਲ ਸੱਚ-ਮੁੱਚ ਪਿਆਰ ਕਰਦਾ ਸੀ। ਪਰ ਉਸ ਨੇ ਪਤਰਸ ਨੂੰ ਦਿਲੋਂ ਇਹ ਕਹਿਣ ਦਾ ਵਾਰ-ਵਾਰ ਮੌਕਾ ਦਿੱਤਾ ਕਿ ਉਹ ਉਸ ਨਾਲ ਪਿਆਰ ਕਰਦਾ ਸੀ। ਇਸ ਤੋਂ ਇਲਾਵਾ ਯਿਸੂ ਨੇ ਪਤਰਸ ਨੂੰ ਉਸ ਦੀਆਂ “ਭੇਡਾਂ” ਨੂੰ ‘ਚਾਰਨ’ ਅਤੇ ਉਨ੍ਹਾਂ ਦੀ ‘ਰੱਛਿਆ’ ਕਰਨ ਦਾ ਕੰਮ ਸੌਂਪਿਆ। (ਯੂਹੰਨਾ 21:15-17) ਇਸ ਤੋਂ ਪਹਿਲਾਂ ਪਤਰਸ ਨੂੰ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। (ਲੂਕਾ 5:10) ਪਰ ਜੀ ਉੱਠਣ ਤੋਂ ਬਾਅਦ ਯਿਸੂ ਨੇ ਇਕ ਵਧੀਆ ਤਰੀਕੇ ਨਾਲ ਦਿਖਾਇਆ ਕਿ ਉਸ ਨੂੰ ਪਤਰਸ ਉੱਤੇ ਭਰੋਸਾ ਸੀ। ਉਸ ਨੇ ਉਸ ਦੀ ਜ਼ਿੰਮੇਵਾਰੀ ਵਧਾ ਦਿੱਤੀ ਅਤੇ ਉਸ ਨੂੰ ਕਿਹਾ ਕਿ ਜੋ ਅਗਾਹਾਂ ਨੂੰ ਯਿਸੂ ਦੇ ਚੇਲੇ ਬਣਨਗੇ, ਉਹ ਉਨ੍ਹਾਂ ਦੀ ਦੇਖ-ਭਾਲ ਕਰੇ। ਇਸ ਤੋਂ ਥੋੜ੍ਹੇ ਹੀ ਸਮੇਂ ਬਾਅਦ ਯਿਸੂ ਨੇ ਪਤਰਸ ਨੂੰ ਦੂਜੇ ਚੇਲਿਆਂ ਨਾਲੋਂ ਜ਼ਿਆਦਾ ਜ਼ਿੰਮੇਵਾਰੀ ਦਿੱਤੀ ਸੀ। (ਰਸੂਲਾਂ ਦੇ ਕਰਤੱਬ 2:1-41) ਪਤਰਸ ਨੂੰ ਇਹ ਜਾਣ ਕੇ ਕਿੰਨੀ ਰਾਹਤ ਮਿਲੀ ਹੋਣੀ ਕਿ ਯਿਸੂ ਨੇ ਉਸ ਨੂੰ ਮਾਫ਼ ਕਰ ਦਿੱਤਾ ਸੀ ਅਤੇ ਉਸ ਨੂੰ ਅਜੇ ਵੀ ਉਸ ਉੱਤੇ ਭਰੋਸਾ ਸੀ!

 ਕੀ ਤੁਸੀਂ ‘ਮਸੀਹ ਦੇ ਪ੍ਰੇਮ ਨੂੰ ਚੰਗੀ ਤਰ੍ਹਾਂ ਜਾਣਦੇ ਹੋ’?

20, 21. ਅਸੀਂ ‘ਮਸੀਹ ਦੇ ਪ੍ਰੇਮ ਨੂੰ ਚੰਗੀ ਤਰ੍ਹਾਂ’ ਕਿਸ ਤਰ੍ਹਾਂ ਜਾਣ ਸਕਦੇ ਹਾਂ?

20 ਯਹੋਵਾਹ ਦਾ ਬਚਨ ਸਾਨੂੰ ਸੋਹਣੇ ਢੰਗ ਨਾਲ ਯਿਸੂ ਦੇ ਪਿਆਰ ਬਾਰੇ ਦੱਸਦਾ ਹੈ। ਪਰ ਹੁਣ ਸਾਨੂੰ ਕੀ ਕਰਨਾ ਚਾਹੀਦਾ ਹੈ? ਬਾਈਬਲ ਸਾਨੂੰ ਉਤੇਜਿਤ ਕਰਦੀ ਹੈ ਕਿ ਅਸੀਂ ‘ਮਸੀਹ ਦੇ ਪ੍ਰੇਮ ਨੂੰ ਜੋ ਗਿਆਨ ਤੋਂ ਪਰੇ ਹੈ ਚੰਗੀ ਤਰ੍ਹਾਂ ਜਾਣੀਏ।’ (ਅਫ਼ਸੀਆਂ 3:19) ਅਸੀਂ ਦੇਖਿਆ ਹੈ ਕਿ ਯਿਸੂ ਦੀ ਜ਼ਿੰਦਗੀ ਅਤੇ ਉਸ ਦੀ ਸੇਵਕਾਈ ਤੋਂ ਅਸੀਂ ਉਸ ਦੇ ਪਿਆਰ ਬਾਰੇ ਬਹੁਤ ਕੁਝ ਸਿੱਖ ਸਕਦੇ ਹਾਂ। ਪਰ ‘ਮਸੀਹ ਦੇ ਪ੍ਰੇਮ ਨੂੰ ਚੰਗੀ ਤਰ੍ਹਾਂ ਜਾਣਨ’ ਦਾ ਮਤਲਬ ਸਿਰਫ਼ ਇਹ ਨਹੀਂ ਕਿ ਬਾਈਬਲ ਵਿੱਚੋਂ ਉਸ ਦੇ ਪਿਆਰ ਬਾਰੇ ਸਿੱਖ ਲੈਣਾ।

21 ਜਿਸ ਯੂਨਾਨੀ ਸ਼ਬਦ ਦਾ ਤਰਜਮਾ ‘ਜਾਣਨਾ’ ਕੀਤਾ ਗਿਆ ਹੈ ਉਸ ਦਾ ਮਤਲਬ ‘ਤਜਰਬੇ ਰਾਹੀਂ’ ਜਾਣਨਾ ਹੈ। ਜਦ ਅਸੀਂ ਯਿਸੂ ਵਾਂਗ ਸੱਚੇ ਦਿਲੋਂ ਪਿਆਰ ਕਰਦੇ ਹਾਂ, ਤਾਂ ਅਸੀਂ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਕਿ ਉਹ ਲੋਕਾਂ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਦਾ ਸੀ। ਉਹ ਆਪਾ ਵਾਰ ਕੇ ਦੂਸਰਿਆਂ ਦੀ ਮਦਦ ਕਰਦਾ ਸੀ, ਉਹ ਲੋਕਾਂ ਤੇ ਤਰਸ ਖਾ ਕੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਦਾ ਸੀ ਅਤੇ ਉਹ ਦਿਲੋਂ ਮਾਫ਼ ਕਰਦਾ ਸੀ। ਉਸ ਦੀ ਨਕਲ ਕਰ ਕੇ ਸਾਨੂੰ ‘ਮਸੀਹ ਦੇ ਪ੍ਰੇਮ ਨੂੰ ਜੋ ਗਿਆਨ ਤੋਂ ਪਰੇ ਹੈ ਚੰਗੀ ਤਰ੍ਹਾਂ ਜਾਣਨ’ ਦਾ ਤਜਰਬਾ ਹੋਵੇਗਾ। ਅਤੇ ਇਹ ਗੱਲ ਕਦੀ ਨਾ ਭੁੱਲੋ ਕਿ ਅਸੀਂ ਜਿੰਨਾ ਜ਼ਿਆਦਾ ਯਿਸੂ ਵਰਗੇ ਬਣਾਂਗੇ, ਉੱਨਾ ਹੀ ਜ਼ਿਆਦਾ ਅਸੀਂ ਆਪਣੇ ਪਿਆਰੇ ਪਿਤਾ ਯਹੋਵਾਹ ਦੇ ਨੇੜੇ ਰਹਾਂਗੇ ਜਿਸ ਦੀ ਯਿਸੂ ਨੇ ਨਕਲ ਕੀਤੀ ਸੀ।

^ ਪੈਰਾ 11 ਯਹੂਦੀ ਆਗੂਆਂ ਨੇ ਅਸੂਲ ਬਣਾਏ ਸਨ ਕਿ ਕੋੜ੍ਹੀ ਦੂਜਿਆਂ ਤੋਂ ਦੋ ਕੁ ਮੀਟਰ ਦੂਰ ਹੀ ਰਹੇ। ਪਰ ਜੇ ਹਵਾ ਚੱਲ ਰਹੀ ਹੋਵੇ, ਤਾਂ ਕੋੜ੍ਹੀ ਨੂੰ ਘੱਟੋ-ਘੱਟ 45 ਮੀਟਰ ਦੂਰ ਰਹਿਣਾ ਪੈਂਦਾ ਸੀ। ਯਹੂਦੀਆਂ ਦੀਆਂ ਲਿਖਤਾਂ ਵਿਚ ਇਕ ਧਰਮ-ਸ਼ਾਸਤਰੀ ਬਾਰੇ ਦੱਸਿਆ ਗਿਆ ਹੈ ਜੋ ਕੋੜ੍ਹੀਆਂ ਤੋਂ ਲੁੱਕ ਕੇ ਰਹਿੰਦਾ ਸੀ ਅਤੇ ਇਕ ਹੋਰ ਧਰਮ-ਸ਼ਾਸਤਰੀ ਜੋ ਕੋੜ੍ਹੀਆਂ ਨੂੰ ਆਪਣੇ ਤੋਂ ਦੂਰ ਰੱਖਣ ਲਈ ਉਨ੍ਹਾਂ ਨੂੰ ਪੱਥਰ ਮਾਰਦਾ ਸੀ। ਇਸ ਲਈ ਕੋੜ੍ਹੀ ਚੰਗੀ ਤਰ੍ਹਾਂ ਜਾਣਦੇ ਸਨ ਕਿ ਉਹ ਸਮਾਜ ਵਿੱਚੋਂ ਛੇਕੇ ਹੋਏ ਸਨ ਅਤੇ ਲੋਕ ਉਨ੍ਹਾਂ ਨਾਲ ਨਫ਼ਰਤ ਕਰਦੇ ਸਨ।

^ ਪੈਰਾ 16 ਬਾਈਬਲ ਦੀਆਂ ਕੁਝ ਪੁਰਾਣੀਆਂ ਹੱਥ-ਲਿਖਤਾਂ ਵਿਚ ਲੂਕਾ 23:34 ਦਾ ਪਹਿਲਾ ਹਿੱਸਾ ਨਹੀਂ ਹੈ। ਪਰ ਇਹ ਸ਼ਬਦ ਬਹੁਤ ਸਾਰੀਆਂ ਭਰੋਸੇਯੋਗ ਹੱਥ-ਲਿਖਤਾਂ ਵਿਚ ਹਨ, ਇਸ ਲਈ ਇਹ ਸ਼ਬਦ ਕਈਆਂ ਬਾਈਬਲਾਂ ਵਿਚ ਪਾਏ ਜਾਂਦੇ ਹਨ। ਸਪੱਸ਼ਟ ਹੈ ਕਿ ਯਿਸੂ ਉਨ੍ਹਾਂ ਰੋਮੀ ਫ਼ੌਜੀਆਂ ਲਈ ਦੁਆ ਕਰ ਰਿਹਾ ਸੀ ਜਿਨ੍ਹਾਂ ਨੇ ਉਸ ਨੂੰ ਸੂਲੀ ਤੇ ਟੰਗਿਆ ਸੀ। ਉਹ ਨਹੀਂ ਜਾਣਦੇ ਸਨ ਕਿ ਉਹ ਕੀ ਕਰ ਰਹੇ ਸਨ ਕਿਉਂਕਿ ਉਹ ਯਿਸੂ ਬਾਰੇ ਸੱਚਾਈ ਨਹੀਂ ਜਾਣਦੇ ਸਨ। ਪਰ ਯਹੂਦੀ ਆਗੂ ਤਾਂ ਸੱਚਾਈ ਜਾਣਦੇ ਸਨ ਅਤੇ ਉਨ੍ਹਾਂ ਨੇ ਉਸ ਨਾਲ ਖਾਰ ਖਾ ਕੇ ਉਸ ਨੂੰ ਮਰਵਾਇਆ ਸੀ। ਯਿਸੂ ਦੀ ਮੌਤ ਦੇ ਜ਼ਿਆਦਾ ਜ਼ਿੰਮੇਵਾਰ ਉਹ ਸਨ। ਉਨ੍ਹਾਂ ਵਿੱਚੋਂ ਕਈਆਂ ਨੂੰ ਮਾਫ਼ੀ ਮਿਲਣੀ ਨਾਮੁਮਕਿਨ ਸੀ।ਯੂਹੰਨਾ 11:45-53.