ਨਿਊਜ਼ੀਲੈਂਡ

ਜਪਾਨ

ਯੂਗਾਂਡਾ

ਲਿਥੁਆਨੀਆ

ਪਹਿਲੀ ਸਦੀ ਦੀਆਂ ਮੀਟਿੰਗਾਂ ਵਿਚ ਭੈਣ-ਭਰਾ ਗੀਤ ਗਾਉਂਦੇ ਸਨ, ਪ੍ਰਾਰਥਨਾ ਕਰਦੇ ਸਨ ਅਤੇ ਬਾਈਬਲ ਪੜ੍ਹ ਕੇ ਇਸ ਉੱਤੇ ਚਰਚਾ ਕਰਦੇ ਸਨ। ਇਨ੍ਹਾਂ ਮੀਟਿੰਗਾਂ ਵਿਚ ਇਨਸਾਨੀ ਰੀਤਾਂ-ਰਿਵਾਜਾਂ ਮੁਤਾਬਕ ਕੁਝ ਨਹੀਂ ਸੀ ਕੀਤਾ ਜਾਂਦਾ। (1 ਕੁਰਿੰਥੀਆਂ 14:26) ਸਾਡੀਆਂ ਮੀਟਿੰਗਾਂ ਵਿਚ ਵੀ ਇਸੇ ਤਰ੍ਹਾਂ ਹੁੰਦਾ ਹੈ।

ਸਾਰੀ ਸਿੱਖਿਆ ਬਾਈਬਲ ਵਿੱਚੋਂ ਦਿੱਤੀ ਜਾਂਦੀ ਹੈ ਅਤੇ ਫ਼ਾਇਦੇਮੰਦ ਹੁੰਦੀ ਹੈ। ਸ਼ਨੀਵਾਰ ਜਾਂ ਐਤਵਾਰ ਦੀ ਮੀਟਿੰਗ ਵਿਚ 30 ਮਿੰਟਾਂ ਦਾ ਬਾਈਬਲ-ਆਧਾਰਿਤ ਪਬਲਿਕ ਭਾਸ਼ਣ ਦਿੱਤਾ ਜਾਂਦਾ ਹੈ। ਇਸ ਭਾਸ਼ਣ ਵਿਚ ਸਮਝਾਇਆ ਜਾਂਦਾ ਹੈ ਕਿ ਅੱਜ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਅਸੀਂ ਬਾਈਬਲ ਦੀ ਸਲਾਹ ਨੂੰ ਆਪਣੀ ਜ਼ਿੰਦਗੀ ਵਿਚ ਕਿਵੇਂ ਲਾਗੂ ਕਰ ਸਕਦੇ ਹਾਂ। ਸਾਰਿਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਉਹ ਭਾਸ਼ਣਕਾਰ ਦੇ ਨਾਲ-ਨਾਲ ਆਪਣੀਆਂ ਬਾਈਬਲਾਂ ਵਿੱਚੋਂ ਆਇਤਾਂ ਪੜ੍ਹਨ। ਇਸ ਭਾਸ਼ਣ ਤੋਂ ਬਾਅਦ ਇਕ ਘੰਟੇ ਲਈ ਸਟੱਡੀ ਐਡੀਸ਼ਨ ਵਿੱਚੋਂ ਪਹਿਰਾਬੁਰਜ ਦਾ ਅਧਿਐਨ ਕੀਤਾ ਜਾਂਦਾ ਹੈ ਜਿਸ ਵਿਚ ਸਾਰੇ ਜਣੇ ਟਿੱਪਣੀਆਂ ਕਰ ਸਕਦੇ ਹਨ। ਇਸ ਤਰ੍ਹਾਂ ਚਰਚਾ ਕਰਨ ਨਾਲ ਆਪਣੀ ਜ਼ਿੰਦਗੀ ਵਿਚ ਬਾਈਬਲ ਦੀ ਸਲਾਹ ਨੂੰ ਲਾਗੂ ਕਰਨ ਵਿਚ ਸਾਨੂੰ ਮਦਦ ਮਿਲਦੀ ਹੈ। ਪਹਿਰਾਬੁਰਜ ਦੇ ਜਿਸ ਲੇਖ ਦਾ ਅਧਿਐਨ ਸਾਡੀ ਮੰਡਲੀ ਵਿਚ ਕੀਤਾ ਜਾਂਦਾ ਹੈ, ਉਹੀ ਲੇਖ ਦੁਨੀਆਂ ਭਰ ਦੀਆਂ 1,10,000 ਤੋਂ ਜ਼ਿਆਦਾ ਮੰਡਲੀਆਂ ਵਿਚ ਸਟੱਡੀ ਕੀਤਾ ਜਾਂਦਾ ਹੈ।

ਵਧੀਆ ਸਿੱਖਿਅਕ ਬਣਨ ਵਿਚ ਸਾਡੀ ਮਦਦ ਕੀਤੀ ਜਾਂਦੀ ਹੈ। ਹਫ਼ਤੇ ਦੌਰਾਨ ਤਿੰਨ ਭਾਗਾਂ ਵਾਲੀ ਇਕ ਹੋਰ ਮੀਟਿੰਗ ਹੁੰਦੀ ਹੈ ਜਿਸ ਦਾ ਨਾਂ ਹੈ ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ। ਇਸ ਮੀਟਿੰਗ ਲਈ ਹਰ ਮਹੀਨੇ ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਵਿਚ ਜਾਣਕਾਰੀ ਦਿੱਤੀ ਹੁੰਦੀ ਹੈ। ਇਸ ਮੀਟਿੰਗ ਦਾ ਪਹਿਲਾ ਭਾਗ ਹੈ ਰੱਬ ਦਾ ਬਚਨ ਖ਼ਜ਼ਾਨਾ ਹੈ। ਇਸ ਭਾਗ ਦੀ ਮਦਦ ਨਾਲ ਅਸੀਂ ਬਾਈਬਲ ਦੇ ਉਨ੍ਹਾਂ ਅਧਿਆਵਾਂ ਨਾਲ ਵਾਕਫ਼ ਹੁੰਦੇ ਹਾਂ ਜੋ ਸਾਰਿਆਂ ਨੇ ਪਹਿਲਾਂ ਹੀ ਪੜ੍ਹੇ ਹੁੰਦੇ ਹਨ। ਅਗਲੇ ਭਾਗ ਪ੍ਰਚਾਰ ਵਿਚ ਮਾਹਰ ਬਣੋ ਵਿਚ ਪ੍ਰਦਰਸ਼ਨ ਦਿਖਾਏ ਜਾਂਦੇ ਹਨ ਕਿ ਅਸੀਂ ਦੂਸਰਿਆਂ ਨਾਲ ਬਾਈਬਲ ਦੀ ਚਰਚਾ ਕਿਵੇਂ ਕਰ ਸਕਦੇ ਹਾਂ। ਸਾਡੀ ਪੜ੍ਹਨ ਤੇ ਬੋਲਣ ਦੀ ਕਲਾ ਨੂੰ ਸੁਧਾਰਨ ਲਈ ਸਭਾ ਦਾ ਓਵਰਸੀਅਰ ਸਾਨੂੰ ਕੁਝ ਸੁਝਾਅ ਦਿੰਦਾ ਹੈ। (1 ਤਿਮੋਥਿਉਸ 4:13) ਆਖ਼ਰੀ ਭਾਗ ਸਾਡੀ ਮਸੀਹੀ ਜ਼ਿੰਦਗੀ ਵਿਚ ਦੱਸਿਆ ਜਾਂਦਾ ਹੈ ਕਿ ਅਸੀਂ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਬਾਈਬਲ ਦੇ ਅਸੂਲਾਂ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ। ਇਸ ਭਾਗ ਵਿਚ ਸਵਾਲਾਂ-ਜਵਾਬਾਂ ਰਾਹੀਂ ਚਰਚਾ ਹੁੰਦੀ ਹੈ ਜਿਸ ਨਾਲ ਅਸੀਂ ਬਾਈਬਲ ਨੂੰ ਹੋਰ ਵੀ ਚੰਗੀ ਤਰ੍ਹਾਂ ਸਮਝ ਪਾਉਂਦੇ ਹਾਂ।

ਜਦੋਂ ਤੁਸੀਂ ਸਾਡੀਆਂ ਮੀਟਿੰਗਾਂ ਵਿਚ ਆਓਗੇ, ਤਾਂ ਤੁਹਾਨੂੰ ਉੱਥੇ ਦਿੱਤੀ ਜਾ ਰਹੀ ਬਾਈਬਲ ਸਿੱਖਿਆ ਜ਼ਰੂਰ ਵਧੀਆ ਲੱਗੇਗੀ।ਯਸਾਯਾਹ 54:13.

  • ਯਹੋਵਾਹ ਦੇ ਗਵਾਹਾਂ ਦੀਆਂ ਮੀਟਿੰਗਾਂ ਵਿਚ ਤੁਹਾਨੂੰ ਕੀ ਸਿੱਖਣ ਦਾ ਮੌਕਾ ਮਿਲੇਗਾ?

  • ਤੁਸੀਂ ਕਿਹੜੀ ਮੀਟਿੰਗ ਵਿਚ ਆਉਣਾ ਪਸੰਦ ਕਰੋਗੇ?