Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਯਹੋਵਾਹ ਕੋਲ ਮੁੜ ਆਓ

 ਭਾਗ 4

ਦੋਸ਼ ਦੀਆਂ ਭਾਵਨਾਵਾਂ—“ਮੇਰੇ ਪਾਪ ਤੋਂ ਮੈਨੂੰ ਸ਼ੁੱਧ ਕਰ”

ਦੋਸ਼ ਦੀਆਂ ਭਾਵਨਾਵਾਂ—“ਮੇਰੇ ਪਾਪ ਤੋਂ ਮੈਨੂੰ ਸ਼ੁੱਧ ਕਰ”

“ਮੇਰੀ ਨਵੀਂ ਨੌਕਰੀ ਕਰਕੇ ਮੇਰੇ ਪਰਿਵਾਰ ਦੇ ਰਹਿਣ-ਸਹਿਣ ਵਿਚ ਕਾਫ਼ੀ ਸੁਧਾਰ ਆਇਆ, ਪਰ ਇਸ ਨੌਕਰੀ ਕਰਕੇ ਮੈਂ ਬਾਈਬਲ ਦੇ ਖ਼ਿਲਾਫ਼ ਕੰਮ ਕਰਨ ਲੱਗ ਪਈ। ਮੈਂ ਦਿਨ-ਤਿਉਹਾਰ ਮਨਾਉਣ ਲੱਗ ਪਈ, ਰਾਜਨੀਤਿਕ ਕੰਮਾਂ ਵਿਚ ਹਿੱਸਾ ਲੈਣ ਲੱਗ ਪਈ ਅਤੇ ਇੱਥੋਂ ਤਕ ਕਿ ਮੈਂ ਚਰਚ ਵੀ ਜਾਣ ਲੱਗ ਪਈ। ਮੈਂ 40 ਸਾਲ ਨਾ ਤਾਂ ਮੀਟਿੰਗਾਂ ਤੇ ਗਈ ਅਤੇ ਨਾ ਹੀ ਪ੍ਰਚਾਰ ਤੇ। ਜਿੱਦਾਂ-ਜਿੱਦਾਂ ਸਾਲ ਲੰਘਦੇ ਗਏ, ਉੱਦਾਂ-ਉੱਦਾਂ ਮੈਂ ਸੋਚਦੀ ਰਹੀ ਕਿ ਯਹੋਵਾਹ ਮੈਨੂੰ ਕਦੇ ਮਾਫ਼ ਨਹੀਂ ਕਰੇਗਾ। ਮੈਨੂੰ ਲੱਗਾ ਕਿ ਮੈਂ ਖ਼ੁਦ ਵੀ ਆਪਣੇ ਆਪ ਨੂੰ ਮਾਫ਼ ਨਹੀਂ ਕਰ ਸਕਦੀ ਕਿਉਂਕਿ ਗ਼ਲਤ ਰਾਹ ਪੈਣ ਤੋਂ ਪਹਿਲਾਂ ਹੀ ਮੈਂ ਸੱਚਾਈ ਜਾਣਦੀ ਸੀ।”—ਮਾਰਥਾ

ਦੋਸ਼ੀ ਭਾਵਨਾ ਇਕ ਭਾਰਾ ਬੋਝ ਹੁੰਦਾ ਹੈ। ਰਾਜਾ ਦਾਊਦ ਨੇ ਲਿਖਿਆ: “ਮੇਰੇ ਅਪਰਾਧ ਇੰਨੇ ਵੱਧ ਚੁਕੇ ਹਨ, ਕਿ ਮੇਰੇ ਲਈ ਉਹਨਾਂ ਦਾ ਭਾਰ ਚੁੱਕਣਾ ਕਠਿਨ ਹੈ।” (ਭਜਨ 38:4, CL) ਕੁਝ ਭੈਣ-ਭਰਾ ਹੱਦੋਂ ਵੱਧ ਉਦਾਸੀ ਵਿਚ ਡੁੱਬ ਜਾਂਦੇ ਹਨ ਅਤੇ ਇਹ ਮੰਨਦੇ ਹਨ ਕਿ ਯਹੋਵਾਹ ਉਨ੍ਹਾਂ ਨੂੰ ਕਦੇ ਮਾਫ਼ ਨਹੀਂ ਕਰੇਗਾ। (2 ਕੁਰਿੰਥੀਆਂ 2:7) ਕੀ ਇਹ ਸਿੱਟਾ ਕੱਢਣਾ ਸਹੀ ਹੈ? ਜੇ ਤੁਸੀਂ ਬਹੁਤ ਹੀ ਗੰਭੀਰ ਪਾਪ ਕੀਤੇ ਹਨ, ਤਾਂ ਕੀ ਤੁਸੀਂ ਯਹੋਵਾਹ ਤੋਂ ਇੰਨੀ ਦੂਰ ਹੋ ਚੁੱਕੇ ਹੋ ਕਿ ਉਹ ਤੁਹਾਨੂੰ ਮਾਫ਼ ਹੀ ਨਹੀਂ ਕਰੇਗਾ? ਨਹੀਂ, ਤੁਸੀਂ ਯਹੋਵਾਹ ਤੋਂ ਇੰਨੀ ਦੂਰ ਨਹੀਂ ਹੋ!

“ਆਓ, ਅਸੀਂ ਸਲਾਹ ਕਰੀਏ”

ਯਹੋਵਾਹ ਤੋਬਾ ਕਰਨ ਵਾਲਿਆਂ ਨੂੰ ਤਿਆਗਦਾ ਨਹੀਂ ਹੈ, ਸਗੋਂ ਉਨ੍ਹਾਂ ਦੀ ਮਦਦ ਕਰਨ ਲਈ ਆਪਣਾ ਹੱਥ ਵਧਾਉਂਦਾ ਹੈ! ਉਜਾੜੂ ਪੁੱਤਰ ਦੀ ਮਿਸਾਲ ਵਿਚ ਯਿਸੂ ਨੇ ਇਕ ਪਿਤਾ ਬਾਰੇ ਦੱਸਿਆ ਜਿਸ ਦਾ ਪੁੱਤਰ ਆਪਣੇ ਪਰਿਵਾਰ ਨੂੰ ਛੱਡ ਕੇ ਚਲਾ ਗਿਆ ਅਤੇ ਅਯਾਸ਼ੀ ਵਾਲੀ ਜ਼ਿੰਦਗੀ ਬਿਤਾਉਣ ਲੱਗ ਪਿਆ। ਸਮੇਂ ਦੇ ਬੀਤਣ ਨਾਲ ਪੁੱਤਰ ਨੇ ਘਰ ਵਾਪਸ ਆਉਣ ਦਾ ਫ਼ੈਸਲਾ ਕੀਤਾ। “ਜਦੋਂ ਅਜੇ [ਪੁੱਤਰ] ਦੂਰ ਹੀ ਸੀ, ਤਾਂ ਉਸ ਦੇ ਪਿਤਾ ਨੇ ਉਸ ਨੂੰ ਦੇਖ ਲਿਆ। ਪਿਤਾ ਨੂੰ ਉਸ ਦੀ ਹਾਲਤ ’ਤੇ ਬੜਾ ਤਰਸ ਆਇਆ ਅਤੇ ਭੱਜ ਕੇ ਉਸ ਨੂੰ ਗਲ਼ੇ ਲਾ ਲਿਆ ਅਤੇ ਉਸ ਦਾ ਮੂੰਹ-ਮੱਥਾ ਚੁੰਮਿਆ।” (ਲੂਕਾ 15:11-20) ਕੀ ਤੁਸੀਂ ਯਹੋਵਾਹ ਦੇ ਹੋਰ ਨੇੜੇ ਜਾਣਾ ਚਾਹੁੰਦੇ ਹੋ, ਪਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ‘ਅਜੇ ਵੀ ਉਸ ਤੋਂ ਦੂਰ’ ਹੋ? ਯਿਸੂ ਦੀ ਮਿਸਾਲ ਵਿਚ ਦੱਸੇ ਪਿਤਾ ਵਾਂਗ ਯਹੋਵਾਹ ਨੂੰ ਵੀ ਤੁਹਾਡੇ ਉੱਤੇ ਦਇਆ ਆਉਂਦੀ ਹੈ। ਉਹ ਬਾਹਾਂ ਖੋਲ੍ਹੀ ਤੁਹਾਡੇ ਮੁੜ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।

ਪਰ ਉਦੋਂ ਕੀ ਜੇ ਤੁਹਾਨੂੰ ਯਕੀਨ ਹੈ ਕਿ ਤੁਸੀਂ ਬਹੁਤ ਸਾਰੇ ਗੰਭੀਰ ਪਾਪ ਕੀਤੇ ਹਨ ਅਤੇ ਯਹੋਵਾਹ ਤੁਹਾਨੂੰ ਮਾਫ਼ ਨਹੀਂ ਕਰੇਗਾ? ਜ਼ਰਾ ਯਸਾਯਾਹ 1:18 ਵਿਚ ਯਹੋਵਾਹ ਦੇ ਸੱਦੇ ਉੱਤੇ ਗੌਰ ਕਰੋ: “ਆਓ, ਅਸੀਂ ਸਲਾਹ ਕਰੀਏ, ਯਹੋਵਾਹ ਆਖਦਾ ਹੈ, ਭਾਵੇਂ ਤੁਹਾਡੇ ਪਾਪ ਕਿਰਮਚ ਜੇਹੇ ਹੋਣ, ਓਹ ਬਰਫ ਜੇਹੇ ਚਿੱਟੇ ਹੋ ਜਾਣਗੇ।” ਜੀ ਹਾਂ, ਭਾਵੇਂ ਕਿ ਜਿਹੜੇ ਪਾਪ ਸਾਨੂੰ ਚਿੱਟੇ ਕੱਪੜੇ ’ਤੇ ਕਿਰਮਚੀ [ਯਾਨੀ ਗੂੜ੍ਹੇ ਲਾਲ] ਰੰਗ ਵਰਗੇ ਲੱਗਦੇ ਹਨ, ਉਹ ਵੀ ਯਹੋਵਾਹ ਮਾਫ਼ ਕਰਦਾ ਹੈ।

ਯਹੋਵਾਹ ਨਹੀਂ ਚਾਹੁੰਦਾ ਕਿ ਦੋਸ਼ੀ ਜ਼ਮੀਰ ਕਰਕੇ ਤੁਸੀਂ ਦੱਬੇ ਹੋਏ ਮਹਿਸੂਸ ਕਰੋ। ਉਹ ਤੁਹਾਨੂੰ ਮਾਫ਼ੀ ਦੇਣੀ ਚਾਹੁੰਦਾ ਹੈ ਤਾਂਕਿ ਤੁਹਾਡੀ ਜ਼ਮੀਰ ਸ਼ੁੱਧ ਹੋਵੇ ਅਤੇ ਤੁਹਾਨੂੰ ਰਾਹਤ ਮਿਲੇ। ਧਿਆਨ ਦਿਓ ਰਾਜਾ ਦਾਊਦ ਨੇ ਰਾਹਤ ਪਾਉਣ ਲਈ ਕਿਹੜੇ ਦੋ ਕਦਮ ਚੁੱਕੇ ਸਨ। ਪਹਿਲਾ ਕਦਮ, ਉਸ ਨੇ ਕਿਹਾ: “ਮੈਂ ਆਪਣੇ ਅਪਰਾਧਾਂ ਨੂੰ ਯਹੋਵਾਹ ਦੇ ਅੱਗੇ ਮੰਨ ਲਵਾਂਗਾ।” (ਜ਼ਬੂਰਾਂ ਦੀ ਪੋਥੀ 32:5) ਯਾਦ ਰੱਖੋ, ਯਹੋਵਾਹ ਨੇ ਪਹਿਲਾਂ ਹੀ ਸੱਦਾ ਦਿੱਤਾ ਹੈ ਕਿ ਤੁਸੀਂ ਪ੍ਰਾਰਥਨਾ ਕਰ ਕੇ ਉਸ ਨਾਲ “ਸਲਾਹ” ਕਰੋ। ਇਸ ਸੱਦੇ ਨੂੰ ਸਵੀਕਾਰ ਕਰੋ। ਯਹੋਵਾਹ ਅੱਗੇ ਆਪਣੀਆਂ ਗ਼ਲਤੀਆਂ ਨੂੰ ਮੰਨੋ ਅਤੇ ਉਸ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰੋ। ਆਪਣੇ ਖ਼ੁਦ ਦੇ ਤਜਰਬੇ ਤੋਂ ਦਾਊਦ ਭਰੋਸੇ ਨਾਲ ਕਹਿ ਸਕਿਆ: “ਮੇਰੇ ਪਾਪ ਤੋਂ ਮੈਨੂੰ ਸ਼ੁੱਧ ਕਰ। . . . ਹੇ ਪਰਮੇਸ਼ੁਰ, ਟੁੱਟੇ ਅਤੇ ਆਜਿਜ਼ ਦਿਲ ਨੂੰ ਤੂੰ ਤੁੱਛ ਨਾ ਜਾਣੇਂਗਾ।”ਜ਼ਬੂਰਾਂ ਦੀ ਪੋਥੀ 51:2, 17.

ਦੂਜਾ ਕਦਮ, ਦਾਊਦ ਨੂੰ ਪਰਮੇਸ਼ੁਰ ਦੇ ਨਬੀ ਨਾਥਾਨ ਤੋਂ ਮਦਦ ਮਿਲੀ ਸੀ। (2 ਸਮੂਏਲ 12:13) ਅੱਜ ਯਹੋਵਾਹ ਨੇ ਮੰਡਲੀਆਂ ਵਿਚ  ਬਜ਼ੁਰਗ ਠਹਿਰਾਏ ਹਨ। ਇਨ੍ਹਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਤਾਂਕਿ ਉਹ ਯਹੋਵਾਹ ਨਾਲ ਦੁਬਾਰਾ ਰਿਸ਼ਤਾ ਜੋੜਨ ਵਿਚ ਤੁਹਾਡੀ ਮਦਦ ਕਰ ਸਕਣ। ਜਦੋਂ ਤੁਸੀਂ ਬਜ਼ੁਰਗਾਂ ਨਾਲ ਗੱਲ ਕਰੋਗੇ, ਤਾਂ ਉਹ ਬਾਈਬਲ ਵਰਤ ਕੇ ਤੁਹਾਡੀ ਮਦਦ ਕਰਨਗੇ ਅਤੇ ਤੁਹਾਡੇ ਲਈ ਦਿਲੋਂ ਪ੍ਰਾਰਥਨਾ ਕਰਨਗੇ। ਇਸ ਨਾਲ ਤੁਹਾਡੀ ਨਿਰਾਸ਼ਾ ਤੇ ਮਾਯੂਸੀ ਵਰਗੀਆਂ ਭਾਵਨਾਵਾਂ ਘੱਟ ਜਾਂ ਬਿਲਕੁਲ ਹੀ ਖ਼ਤਮ ਹੋ ਜਾਣਗੀਆਂ ਅਤੇ ਪਰਮੇਸ਼ੁਰ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਹੋਵੇਗਾ।ਯਾਕੂਬ 5:14-16.

ਯਹੋਵਾਹ ਚਾਹੁੰਦਾ ਹੈ ਕਿ ਤੁਹਾਡੀ ਜ਼ਮੀਰ ਸ਼ੁੱਧ ਹੋਵੇ ਜਿਸ ਤੋਂ ਤੁਹਾਨੂੰ ਸਕੂਨ ਮਿਲੇ

“ਧੰਨ ਹੈ ਉਹ ਜਿਹ ਦਾ ਅਪਰਾਧ ਖਿਮਾ ਹੋ ਗਿਆ”

ਇਹ ਸੱਚ ਹੈ ਕਿ ਤੁਹਾਨੂੰ ਸ਼ਾਇਦ ਯਹੋਵਾਹ ਪਰਮੇਸ਼ੁਰ ਅੱਗੇ ਆਪਣੀਆਂ ਗ਼ਲਤੀਆਂ ਮੰਨਣੀਆਂ ਅਤੇ ਬਜ਼ੁਰਗਾਂ ਨਾਲ ਗੱਲ ਕਰਨੀ ਸਭ ਤੋਂ ਔਖੀ ਲੱਗੇ। ਦਾਊਦ ਨੇ ਵੀ ਇੱਦਾਂ ਹੀ ਮਹਿਸੂਸ ਕੀਤਾ ਸੀ। ਉਹ ਕੁਝ ਸਮੇਂ ਤਕ “ਚੁੱਪ” ਰਿਹਾ ਅਤੇ ਉਸ ਨੇ ਆਪਣੀਆਂ ਗ਼ਲਤੀਆਂ ਬਾਰੇ ਕਿਸੇ ਨੂੰ ਨਹੀਂ ਦੱਸਿਆ। (ਜ਼ਬੂਰਾਂ ਦੀ ਪੋਥੀ 32:3) ਪਰ ਬਾਅਦ ਵਿਚ ਉਹ ਆਪਣੀਆਂ ਗ਼ਲਤੀਆਂ ਮੰਨ ਕੇ ਸਹੀ ਰਾਹ ’ਤੇ ਆ ਗਿਆ ਜਿਸ ਕਰਕੇ ਉਸ ਨੂੰ ਕਈ ਫ਼ਾਇਦੇ ਹੋਏ।

ਉਸ ਨੂੰ ਵੱਡਾ ਫ਼ਾਇਦਾ ਇਹ ਹੋਇਆ ਕਿ ਉਹ ਦੁਬਾਰਾ ਖ਼ੁਸ਼ ਰਹਿਣ ਲੱਗ ਪਿਆ। ਉਸ ਨੇ ਲਿਖਿਆ: “ਧੰਨ ਹੈ ਉਹ ਜਿਹ ਦਾ ਅਪਰਾਧ ਖਿਮਾ ਹੋ ਗਿਆ, ਜਿਹ ਦਾ ਪਾਪ ਢੱਕਿਆ ਹੋਇਆ ਹੈ।” (ਜ਼ਬੂਰਾਂ ਦੀ ਪੋਥੀ 32:1) ਉਸ ਨੇ ਇਹ ਵੀ ਪ੍ਰਾਰਥਨਾ ਕੀਤੀ: “ਹੇ ਪ੍ਰਭੁ, ਮੇਰੇ ਬੁੱਲ੍ਹਾਂ ਨੂੰ ਖੋਲ੍ਹ ਦੇਹ, ਤਾਂ ਮੇਰਾ ਮੂੰਹ ਤੇਰੀ ਉਸਤਤ ਸੁਣਾਵੇਗਾ।” (ਜ਼ਬੂਰਾਂ ਦੀ ਪੋਥੀ 51:15) ਪਰਮੇਸ਼ੁਰ ਤੋਂ ਮਾਫ਼ੀ ਪਾ ਕੇ ਦਾਊਦ ਦੋਸ਼ੀ ਭਾਵਨਾਵਾਂ ਤੋਂ ਮੁਕਤ ਹੋਇਆ ਤੇ ਸ਼ੁਕਰਗੁਜ਼ਾਰੀ ਦਿਖਾਉਂਦੇ ਹੋਏ ਉਹ ਦੂਜਿਆਂ ਨੂੰ ਯਹੋਵਾਹ ਬਾਰੇ ਦੱਸਣ ਲਈ ਪ੍ਰੇਰਿਤ ਹੋਇਆ।

ਯਹੋਵਾਹ ਚਾਹੁੰਦਾ ਹੈ ਕਿ ਤੁਹਾਡੀ ਜ਼ਮੀਰ ਸ਼ੁੱਧ ਹੋਵੇ ਜਿਸ ਤੋਂ ਤੁਹਾਨੂੰ ਸਕੂਨ ਮਿਲੇ। ਨਾਲੇ ਉਹ ਚਾਹੁੰਦਾ ਹੈ ਕਿ ਤੁਸੀਂ ਦੋਸ਼ੀ ਭਾਵਨਾਵਾਂ ਨਾਲ ਨਹੀਂ, ਸਗੋਂ ਦਿਲੋਂ ਤੇ ਪੂਰੀ ਖ਼ੁਸ਼ੀ ਨਾਲ ਉਸ ਬਾਰੇ ਅਤੇ ਉਸ ਦੇ ਮਕਸਦਾਂ ਬਾਰੇ ਦੂਜਿਆਂ ਨੂੰ ਦੱਸੋ। (ਜ਼ਬੂਰਾਂ ਦੀ ਪੋਥੀ 65:1-4) ਉਸ ਦਾ ਸੱਦਾ ਯਾਦ ਰੱਖੋ: ‘ਤੁਹਾਡੇ ਪਾਪ ਮਿਟਾਏ ਜਾਣਗੇ ਤਾਂਕਿ ਯਹੋਵਾਹ ਵੱਲੋਂ ਰਾਹਤ ਦੇ ਦਿਨ ਆਉਣ।’ਰਸੂਲਾਂ ਦੇ ਕੰਮ 3:19.

ਮਾਰਥਾ ਨਾਲ ਇਹੀ ਹੋਇਆ ਸੀ। ਉਹ ਦੱਸਦੀ ਹੈ: “ਮੇਰਾ ਮੁੰਡਾ ਮੈਨੂੰ ਲਗਾਤਾਰ ਪਹਿਰਾਬੁਰਜ ਤੇ ਜਾਗਰੂਕ ਬਣੋ! ਰਸਾਲੇ ਭੇਜਦਾ ਰਿਹਾ। ਹੌਲੀ-ਹੌਲੀ ਮੈਂ ਯਹੋਵਾਹ ਨਾਲ ਦੁਬਾਰਾ ਆਪਣਾ ਰਿਸ਼ਤਾ ਜੋੜ ਪਾਈ। ਵਾਪਸ ਆਉਣ ਲਈ ਆਪਣੀਆਂ ਗ਼ਲਤੀਆਂ ਕਬੂਲ ਕਰਨੀਆਂ ਸਭ ਤੋਂ ਔਖਾ ਕੰਮ ਸੀ। ਪਰ ਅਖ਼ੀਰ ਮੈਂ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ ਅਤੇ ਉਸ ਤੋਂ ਮਾਫ਼ੀ ਮੰਗੀ। ਇਹ ਯਕੀਨ ਕਰਨਾ ਮੁਸ਼ਕਲ ਹੈ ਕਿ ਮੈਂ ਯਹੋਵਾਹ ਕੋਲ 40 ਸਾਲਾਂ ਬਾਅਦ ਵਾਪਸ ਆਈ। ਮੈਂ ਇਸ ਗੱਲ ਦੀ ਜੀਉਂਦੀ-ਜਾਗਦੀ ਮਿਸਾਲ ਹਾਂ ਕਿ ਇੰਨੇ ਸਾਲ ਲੰਘਣ ਤੋਂ ਬਾਅਦ ਵੀ ਕਿਸੇ ਨੂੰ ਪਰਮੇਸ਼ੁਰ ਦੀ ਸੇਵਾ ਕਰਨ ਅਤੇ ਉਸ ਦਾ ਪਿਆਰ ਮਹਿਸੂਸ ਕਰਨ ਦਾ ਦੁਬਾਰਾ ਮੌਕਾ ਮਿਲ ਸਕਦਾ ਹੈ।”