Skip to content

Skip to table of contents

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

 ਭਾਗ 10

ਬੁੱਧੀਮਾਨ ਰਾਜਾ ਸੁਲੇਮਾਨ

ਬੁੱਧੀਮਾਨ ਰਾਜਾ ਸੁਲੇਮਾਨ

ਯਹੋਵਾਹ ਨੇ ਰਾਜਾ ਸੁਲੇਮਾਨ ਨੂੰ ਬੁੱਧੀ ਦਿੱਤੀ; ਸੁਲੇਮਾਨ ਦੇ ਰਾਜ ਵਿਚ ਇਸਰਾਏਲ ਦੇ ਲੋਕ ਸ਼ਾਂਤੀ ਨਾਲ ਰਹਿੰਦੇ ਸਨ ਅਤੇ ਬੇਹੱਦ ਖ਼ੁਸ਼ਹਾਲ ਸਨ

ਸੁਲੇਮਾਨ ਨੇ 40 ਸਾਲਾਂ ਤਾਈਂ ਰਾਜ ਕੀਤਾ। ਉਹ ਅਤੇ ਉਸ ਦੀ ਪਰਜਾ ਯਹੋਵਾਹ ਦੀ ਹਕੂਮਤ ਦੇ ਅਧੀਨ ਰਹੇ ਅਤੇ ਉਸ ਦੇ ਕਾਨੂੰਨਾਂ ’ਤੇ ਚੱਲੇ। ਪੂਰੀ ਕੌਮ ਯਹੋਵਾਹ ਦੀ ਭਗਤੀ ਕਰਦੀ ਸੀ। ਜ਼ਰਾ ਸੋਚੋ ਉਸ ਰਾਜ ਵਿਚ ਹਾਲਾਤ ਕਿਹੋ ਜਿਹੋ ਹੋਣੇ! ਆਓ ਆਪਾਂ ਹੋਰ ਦੇਖੀਏ।

ਮਰਨ ਤੋਂ ਪਹਿਲਾਂ ਦਾਊਦ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਰਾਜਾ ਬਣਾ ਦਿੱਤਾ ਸੀ। ਪਰਮੇਸ਼ੁਰ ਨੇ ਸੁਲੇਮਾਨ ਨਾਲ ਸੁਪਨੇ ਵਿਚ ਗੱਲ ਕੀਤੀ ਅਤੇ ਉਸ ਨੂੰ ਕਿਹਾ ਕਿ ਉਹ ਜੋ ਚਾਹੇ ਮੰਗ ਸਕਦਾ ਸੀ। ਸੁਲੇਮਾਨ ਨੇ ਪਰਮੇਸ਼ੁਰ ਤੋਂ ਬੁੱਧੀ ਅਤੇ ਗਿਆਨ ਮੰਗਿਆ ਤਾਂਕਿ ਉਹ ਸਮਝਦਾਰੀ ਨਾਲ ਲੋਕਾਂ ਦਾ ਸਹੀ-ਸਹੀ ਨਿਆਂ ਕਰ ਸਕੇ। ਯਹੋਵਾਹ ਇਹ ਸੁਣ ਕੇ ਬਹੁਤ ਖ਼ੁਸ਼ ਹੋਇਆ ਅਤੇ ਉਸ ਨੂੰ ਬੁੱਧੀ ਅਤੇ ਸਮਝਦਾਰੀ ਬਖ਼ਸ਼ੀ। ਇਸ ਦੇ ਨਾਲ-ਨਾਲ, ਯਹੋਵਾਹ ਨੇ ਉਸ ਨੂੰ ਧਨ-ਦੌਲਤ, ਸ਼ਾਨੋ-ਸ਼ੌਕਤ ਅਤੇ ਲੰਬੀ ਜ਼ਿੰਦਗੀ ਦੇਣ ਦਾ ਵਾਅਦਾ ਕੀਤਾ, ਬਸ਼ਰਤੇ ਕਿ ਉਹ ਉਸ ਦੇ ਕਹਿਣੇ ਵਿਚ ਰਹੇ।

ਸੁਲੇਮਾਨ ਆਪਣੀ ਸਮਝਦਾਰੀ ਕਰਕੇ ਜਾਣਿਆ ਜਾਣ ਲੱਗਾ। ਇਕ ਵਾਰ ਦੋ ਤੀਵੀਆਂ ਵਿਚ ਇਕ ਬੱਚੇ ਨੂੰ ਲੈ ਕੇ ਝਗੜਾ ਹੋ ਗਿਆ। ਦੋਵੇਂ ਤੀਵੀਆਂ ਬੱਚੇ ਦੀ ਮਾਂ ਹੋਣ ਦਾ ਦਾਅਵਾ ਕਰ ਰਹੀਆਂ ਸਨ। ਸੁਲੇਮਾਨ ਨੇ ਹੁਕਮ ਦਿੱਤਾ ਕਿ ਬੱਚੇ ਦੇ ਦੋ ਟੁਕੜੇ ਕੀਤੇ ਜਾਣ ਅਤੇ ਦੋਵਾਂ ਤੀਵੀਆਂ ਨੂੰ ਇਕ-ਇਕ ਟੁਕੜਾ ਦਿੱਤਾ ਜਾਵੇ। ਇਕ ਤੀਵੀਂ ਤਾਂ ਮੰਨ ਗਈ, ਪਰ ਬੱਚੇ ਦੀ ਅਸਲੀ ਮਾਂ ਨੇ ਮਿੰਨਤਾਂ ਕੀਤੀਆਂ ਕਿ ਬੱਚਾ ਦੂਜੀ ਤੀਵੀਂ ਨੂੰ ਦੇ ਦਿੱਤਾ ਜਾਵੇ। ਸੁਲੇਮਾਨ ਨੇ ਅਸਲੀ ਮਾਂ ਦੀ ਮਮਤਾ ਦੇਖੀ ਅਤੇ ਮੁੰਡਾ ਉਸ ਨੂੰ ਦੇ ਦਿੱਤਾ। ਇਸ ਫ਼ੈਸਲੇ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਪੂਰੇ ਇਸਰਾਏਲ ਵਿਚ ਫੈਲ ਗਈ ਅਤੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਸੁਲੇਮਾਨ ਪਰਮੇਸ਼ੁਰ ਦੀ ਬੁੱਧੀ ਤੋਂ ਕੰਮ ਲੈ ਰਿਹਾ ਸੀ।

ਸੁਲੇਮਾਨ ਨੇ ਵੱਡੇ-ਵੱਡੇ ਕੰਮ ਕੀਤੇ ਸਨ। ਉਸ ਨੇ ਯਰੂਸ਼ਲਮ ਵਿਚ ਯਹੋਵਾਹ ਪਰਮੇਸ਼ੁਰ ਲਈ ਇਕ ਆਲੀਸ਼ਾਨ ਮੰਦਰ ਬਣਾਇਆ ਜਿੱਥੇ ਸਾਰੇ ਇਸਰਾਏਲੀ ਆ ਕੇ ਭਗਤੀ ਕਰ ਸਕਦੇ ਸਨ। ਮੰਦਰ ਦੇ ਉਦਘਾਟਨ ਵੇਲੇ ਸੁਲੇਮਾਨ ਨੇ ਪ੍ਰਾਰਥਨਾ ਕੀਤੀ ਸੀ: “ਤੇਰੇ ਲਈ ਤਾਂ ਸਾਰਾ ਸਵਰਗ ਵੀ ਕਾਫੀ ਨਹੀਂ ਹੈ। ਫਿਰ ਇਹ ਮੰਦਰ ਜੋ ਮੈਂ ਬਣਾਇਆ ਹੈ, ਤੈਨੂੰ ਆਪਣੇ ਵਿਚ ਕਿਸ ਤਰ੍ਹਾਂ ਸਮਾ ਸਕਦਾ ਹੈ?”—1 ਰਾਜਾ 8:27, CL.

ਸੁਲੇਮਾਨ ਦੀ ਸ਼ੋਭਾ ਦੂਰ-ਦੂਰ ਤਕ ਹੋਣ ਲੱਗੀ। ਇਸਰਾਏਲ ਤੋਂ ਦੂਰ ਅਰਬ ਇਲਾਕੇ ਵਿਚ ਸ਼ਬਾ ਦੇਸ਼ ਦੀ ਰਾਣੀ ਨੇ ਵੀ ਉਸ ਬਾਰੇ ਸੁਣਿਆ। ਉਹ ਸੁਲੇਮਾਨ ਦੀ ਸ਼ਾਨ ਤੇ ਅਮੀਰੀ ਦੇਖਣ ਅਤੇ ਉਸ ਦੀ ਬੁੱਧੀ ਪਰਖਣ ਲਈ ਲੰਬਾ ਸਫ਼ਰ ਕਰ ਕੇ ਇਸਰਾਏਲ ਆਈ। ਉਹ ਰਾਜੇ ਦੀ ਬੁੱਧੀ ਅਤੇ ਦੇਸ਼ ਦੀ ਖ਼ੁਸ਼ਹਾਲੀ ਦੇਖ ਕੇ ਦੰਗ ਰਹਿ ਗਈ। ਰਾਣੀ ਨੇ ਯਹੋਵਾਹ ਦੀ ਮਹਿਮਾ ਕੀਤੀ ਜਿਸ ਨੇ ਇਸ ਬੁੱਧੀਮਾਨ ਰਾਜੇ ਨੂੰ ਸਿੰਘਾਸਣ ਉੱਤੇ ਬਿਠਾਇਆ ਸੀ। ਵਾਕਈ, ਯਹੋਵਾਹ ਦੀ ਬਰਕਤ ਨਾਲ ਸੁਲੇਮਾਨ ਦਾ ਰਾਜ ਇਸਰਾਏਲ ਦੇ ਇਤਿਹਾਸ ਵਿਚ ਸਭ ਤੋਂ ਖ਼ੁਸ਼ਹਾਲ ਅਤੇ ਸ਼ਾਂਤੀ ਨਾਲ ਭਰਪੂਰ ਰਾਜ ਬਣਿਆ।

ਪਰ ਬੜੇ ਦੁੱਖ ਦੀ ਗੱਲ ਹੈ ਕਿ ਸੁਲੇਮਾਨ ਨੇ ਯਹੋਵਾਹ ਤੋਂ ਮਿਲੀ ਬੁੱਧੀ ਤੋਂ ਕੰਮ ਲੈਣਾ ਛੱਡ ਦਿੱਤਾ। ਪਰਮੇਸ਼ੁਰ ਦੇ ਹੁਕਮ ਦੀ ਉਲੰਘਣਾ ਕਰਦੇ ਹੋਏ ਉਸ ਨੇ 700 ਤੀਵੀਆਂ ਨਾਲ ਵਿਆਹ ਕਰਾਏ। ਉਸ ਦੀਆਂ ਕਈ ਪਤਨੀਆਂ ਹੋਰਨਾਂ ਦੇਵੀ-ਦੇਵਤਿਆਂ ਦੀ ਪੂਜਾ ਕਰਦੀਆਂ ਸਨ। ਉਨ੍ਹਾਂ ਨੇ ਹੌਲੀ-ਹੌਲੀ ਉਸ ਨੂੰ ਆਪਣੇ ਮਗਰ ਲਾ ਕੇ ਉਸ ਦਾ ਮਨ ਯਹੋਵਾਹ ਤੋਂ ਦੂਰ ਕਰਾ ਦਿੱਤਾ ਅਤੇ ਮੂਰਤੀਆਂ ਦੀ ਪੂਜਾ ਵੱਲ ਲਾ ਦਿੱਤਾ। ਇਸ ਲਈ, ਯਹੋਵਾਹ ਨੇ ਸੁਲੇਮਾਨ ਨੂੰ ਦੱਸਿਆ ਕਿ ਉਸ ਦਾ ਰਾਜ ਵੰਡਿਆ ਜਾਵੇਗਾ। ਉਸ ਦੇ ਪਰਿਵਾਰ ਨੂੰ ਰਾਜ ਦਾ ਛੋਟਾ ਜਿਹਾ ਹਿੱਸਾ ਮਿਲਣਾ ਸੀ, ਉਹ ਵੀ ਉਸ ਦੇ ਪਿਤਾ ਦਾਊਦ ਦੀ ਖ਼ਾਤਰ। ਭਾਵੇਂ ਸੁਲੇਮਾਨ ਯਹੋਵਾਹ ਤੋਂ ਦੂਰ ਹੋ ਗਿਆ ਸੀ, ਫਿਰ ਵੀ ਯਹੋਵਾਹ ਦਾਊਦ ਨਾਲ ਕੀਤੇ ਆਪਣੇ ਇਕਰਾਰ ਨੂੰ ਨਹੀਂ ਭੁੱਲਿਆ।

—ਇਹ ਜਾਣਕਾਰੀ ਪਹਿਲਾ ਰਾਜਿਆਂ ਅਧਿਆਇ 1-11; ਦੂਜਾ ਇਤਹਾਸ ਅਧਿਆਇ 1-9 ਅਤੇ ਬਿਵਸਥਾ ਸਾਰ 17:17 ਵਿੱਚੋਂ ਲਈ ਗਈ ਹੈ।