Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?

 ਅਧਿਆਇ 6

ਮਰਨ ਤੋਂ ਬਾਅਦ ਕੀ ਹੁੰਦਾ ਹੈ?

ਮਰਨ ਤੋਂ ਬਾਅਦ ਕੀ ਹੁੰਦਾ ਹੈ?
  • ਮਰਨ ਤੋਂ ਬਾਅਦ ਸਾਨੂੰ ਕੀ ਹੁੰਦਾ ਹੈ?

  • ਅਸੀਂ ਕਿਉਂ ਮਰਦੇ ਹਾਂ?

  • ਮੌਤ ਬਾਰੇ ਸੱਚਾਈ ਜਾਣ ਕੇ ਸਾਨੂੰ ਦਿਲਾਸਾ ਕਿਉਂ ਮਿਲ ਸਕਦਾ ਹੈ?

1-3. ਮੌਤ ਬਾਰੇ ਲੋਕ ਕਿਹੋ ਜਿਹੇ ਸਵਾਲ ਪੁੱਛਦੇ ਹਨ ਅਤੇ ਵੱਖੋ-ਵੱਖਰੇ ਧਰਮ ਇਨ੍ਹਾਂ ਸਵਾਲਾਂ ਦੇ ਕੀ ਜਵਾਬ ਦਿੰਦੇ ਹਨ?

ਅਸੀਂ ਚਾਹੇ ਕੋਈ ਵੀ ਹੋਈਏ ਅਤੇ ਕਿਤੇ ਵੀ ਰਹਿੰਦੇ ਹੋਈਏ, ਸਾਨੂੰ ਸਾਰਿਆਂ ਨੂੰ ਕਿਸੇ-ਨਾ-ਕਿਸੇ ਵੇਲੇ ਆਪਣੇ ਕਿਸੇ ਅਜ਼ੀਜ਼ ਦੀ ਮੌਤ ਦਾ ਗਮ ਸਹਿਣਾ ਪੈਂਦਾ ਹੈ। ਇਸ ਵਿਛੋੜੇ ਕਾਰਨ ਸ਼ਾਇਦ ਸਾਡੇ ਮਨ ਵਿਚ ਅਜਿਹੇ ਸਵਾਲ ਖੜ੍ਹੇ ਹੋਏ ਹੋਣ: ‘ਅਸੀਂ ਕਿਉਂ ਮਰਦੇ ਹਾਂ? ਮਰਨ ਤੋਂ ਬਾਅਦ ਕੀ ਹੁੰਦਾ ਹੈ?’ ਹਜ਼ਾਰਾਂ ਸਾਲਾਂ ਤੋਂ ਲੋਕ ਇਹ ਸਵਾਲ ਪੁੱਛਦੇ ਆਏ ਹਨ। ਇਹ ਬਹੁਤ ਹੀ ਅਹਿਮ ਸਵਾਲ ਹਨ ਜਿਨ੍ਹਾਂ ਦੇ ਜਵਾਬ ਪਾਉਣੇ ਜ਼ਰੂਰੀ ਹਨ।

2 ਪਿਛਲੇ ਅਧਿਆਇ ਵਿਚ ਅਸੀਂ ਸਿੱਖਿਆ ਸੀ ਕਿ ਯਿਸੂ ਮਸੀਹ ਦੇ ਬਲੀਦਾਨ ਰਾਹੀਂ ਸਾਨੂੰ ਸਦਾ ਲਈ ਜੀਉਣ ਦੀ ਉਮੀਦ ਮਿਲ ਸਕਦੀ ਹੈ। ਬਾਈਬਲ ਦੱਸਦੀ ਹੈ ਕਿ ਅਜਿਹਾ ਸਮਾਂ ਆਵੇਗਾ ਜਦ “ਕੋਈ ਨਹੀਂ ਮਰੇਗਾ।” (ਪ੍ਰਕਾਸ਼ ਦੀ ਕਿਤਾਬ 21:4) ਪਰ ਹੁਣ ਮੌਤ ਸਾਡੇ ਸਾਰਿਆਂ ’ਤੇ ਵਾਰ ਕਰਦੀ ਹੈ। ਜ਼ਿੰਦਗੀ ਦੀ ਲੰਬਾਈ ਨੂੰ ਵਧਾਉਣ ਦੀਆਂ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਸਾਨੂੰ ਮੌਤ ਦੇ ਮੋਹਰੇ ਗੋਡੇ ਟੇਕਣੇ ਹੀ ਪੈਂਦੇ ਹਨ। (ਉਪਦੇਸ਼ਕ ਦੀ ਪੋਥੀ 9:5) ਇਸ ਲਈ ਅਸੀਂ ਸਾਰੇ ਸੋਚਦੇ ਹਾਂ ਕਿ ‘ਮਰਨ ਤੋਂ ਬਾਅਦ ਕੀ ਹੁੰਦਾ ਹੈ?’

3 ਜਦ ਸਾਡਾ ਕੋਈ ਅਜ਼ੀਜ਼ ਮਰ ਜਾਂਦਾ ਹੈ, ਤਾਂ ਅਸੀਂ ਅੰਦਰੋਂ ਟੁੱਟ ਜਾਂਦੇ ਹਾਂ। ਸਾਡੇ ਮਨ ਵਿਚ ਸ਼ਾਇਦ ਢੇਰ ਸਾਰੇ ਸਵਾਲ ਖੜ੍ਹੇ ਹੁੰਦੇ ਹਨ: ‘ਸਾਡਾ ਵਿਛੜਿਆ ਅਜ਼ੀਜ਼ ਹੁਣ ਕਿੱਥੇ ਹੈ? ਕੀ ਉਹ ਦੁੱਖ ਝੱਲ ਰਿਹਾ ਹੈ? ਕੀ ਉਸ ਨੂੰ ਸਾਡੀ ਮਦਦ ਦੀ ਲੋੜ ਹੈ? ਕੀ ਅਸੀਂ ਉਸ ਨੂੰ ਕਦੀ ਦੁਬਾਰਾ ਦੇਖਾਂਗੇ?’ ਦੁਨੀਆਂ ਦੇ ਗੁਰੂ ਤੇ ਪਾਦਰੀ ਇਨ੍ਹਾਂ ਸਵਾਲਾਂ ਦੇ ਵੱਖੋ-ਵੱਖਰੇ ਜਵਾਬ ਦਿੰਦੇ ਹਨ। ਕੁਝ ਇਹ ਕਹਿੰਦੇ ਹਨ ਕਿ ਜੇ ਤੁਹਾਡੇ ਅਜ਼ੀਜ਼ ਨੇ  ਜ਼ਿੰਦਗੀ ਵਿਚ ਚੰਗੇ ਕੰਮ ਕੀਤੇ ਸਨ, ਤਾਂ ਉਸ ਨੂੰ ਸਵਰਗ ਨਸੀਬ ਹੋਵੇਗਾ, ਪਰ ਜੇ ਉਸ ਨੇ ਮਾੜੇ ਕੰਮ ਕੀਤੇ ਸਨ, ਤਾਂ ਉਸ ਨੂੰ ਨਰਕ ਵਿਚ ਤਸੀਹੇ ਭੋਗਣੇ ਪੈਣਗੇ। ਹੋਰ ਧਰਮ ਇਹ ਸਿਖਾਉਂਦੇ ਹਨ ਕਿ ਮਰਨ ਤੋਂ ਬਾਅਦ ਇਨਸਾਨ ਦੀ ਆਤਮਾ ਆਪਣੇ ਪੂਰਵਜਾਂ ਦੀਆਂ ਆਤਮਾਵਾਂ ਨਾਲ ਜਾ ਮਿਲਦੀ ਹੈ ਜਾਂ ਫਿਰ ਉਹ ਆਪਣੇ ਅਜ਼ੀਜ਼ਾਂ ਦੀ ਰੱਖਿਆ ਕਰਦੀ ਹੈ। ਕੁਝ ਧਰਮ ਸਿਖਾਉਂਦੇ ਹਨ ਕਿ ਮਰਨ ਤੋਂ ਬਾਅਦ ਲੋਕ ਵੱਖ-ਵੱਖ ਜੂਨਾਂ ਵਿਚ ਪੈ ਜਾਂਦੇ ਹਨ।

4. ਵੱਖੋ-ਵੱਖਰੇ ਧਰਮ ਮੌਤ ਦੇ ਸੰਬੰਧ ਵਿਚ ਕਿਹੜੀ ਇਕ ਗੱਲ ਮੰਨਦੇ ਹਨ?

4 ਇਨ੍ਹਾਂ ਸਾਰੇ ਧਰਮਾਂ ਦੀਆਂ ਸਿੱਖਿਆਵਾਂ ਵਿਚ ਇਕ ਗੱਲ ਰਲਦੀ-ਮਿਲਦੀ ਹੈ ਕਿ ਮਰਨ ਤੋਂ ਬਾਅਦ ਇਨਸਾਨ ਦੇ ਅੰਦਰੋਂ ਕੋਈ ਚੀਜ਼ ਨਿਕਲਦੀ ਹੈ ਜੋ ਅਮਰ ਰਹਿੰਦੀ ਹੈ। ਲੋਕ ਇਸ ਨੂੰ ਆਤਮਾ ਕਹਿੰਦੇ ਹਨ। ਉਹ ਕਹਿੰਦੇ ਹਨ ਕਿ ਇਹ ਆਤਮਾ ਦੇਖਣ, ਸੁਣਨ ਅਤੇ ਸੋਚਣ ਦੀ ਯੋਗਤਾ ਰੱਖਦੀ ਹੈ। ਪਰ ਇਹ ਗੱਲ ਸੱਚ ਨਹੀਂ ਹੈ। ਇਹ ਸਭ ਯੋਗਤਾਵਾਂ ਤਾਂ ਹੀ ਕੰਮ ਕਰਦੀਆਂ ਹਨ ਜੇ ਸਾਡਾ ਦਿਮਾਗ਼ ਚੱਲਦਾ ਰਹੇ। ਪਰ ਮੌਤ ਹੋਣ ਤੇ ਸਾਡਾ ਸਭ ਕੁਝ, ਇੱਥੋਂ ਤਕ ਕਿ ਸਾਡਾ ਦਿਮਾਗ਼ ਵੀ ਕੰਮ ਕਰਨ ਤੋਂ ਰਹਿ ਜਾਂਦਾ ਹੈ।

ਮਰਨ ਤੋਂ ਬਾਅਦ ਕੀ ਹੁੰਦਾ ਹੈ?

5, 6. ਬਾਈਬਲ ਮੁਰਦਿਆਂ ਦੀ ਹਾਲਤ ਬਾਰੇ ਕੀ ਸਿਖਾਉਂਦੀ ਹੈ?

5 ਪਰਮੇਸ਼ੁਰ ਦੇ ਬਚਨ ਵਿਚ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਮਰਨ ਤੋਂ ਬਾਅਦ ਕੀ ਹੁੰਦਾ ਹੈ। ਬਾਈਬਲ ਕਹਿੰਦੀ ਹੈ ਕਿ ਜਦ ਇਨਸਾਨ ਮਰ ਜਾਂਦਾ ਹੈ, ਤਾਂ ਉਹ ਪੂਰੀ ਤਰ੍ਹਾਂ ਖ਼ਤਮ ਹੋ ਜਾਂਦਾ ਹੈ। ਉਹ ਨਾ ਦੇਖ ਸਕਦਾ, ਨਾ ਸੁਣ ਸਕਦਾ ਅਤੇ ਨਾ ਹੀ ਸੋਚ ਸਕਦਾ ਹੈ। ਮੌਤ ਜੀਵਨ ਤੋਂ ਬਿਲਕੁਲ ਉਲਟ ਹੈ। ਮੌਤ ਤੋਂ ਬਾਅਦ ਇਨਸਾਨ ਵਿਚ ਕੋਈ ਚੀਜ਼ ਜੀਉਂਦੀ ਨਹੀਂ ਰਹਿੰਦੀ। *

ਮੋਮਬੱਤੀ ਜਦ ਬੁੱਝ ਜਾਂਦੀ ਹੈ, ਉਸ ਦੀ ਲਾਟ ਕਿੱਥੇ ਜਾਂਦੀ ਹੈ?

6 ਪਰਮੇਸ਼ੁਰ ਨੇ ਆਪਣੇ ਬਚਨ ਵਿਚ ਦੱਸਿਆ ਹੈ ਕਿ ਜੀਉਂਦੇ ਤਾਂ ਜਾਣਦੇ ਹਨ ਕਿ ਉਹ ਮਰਨਗੇ, ਪਰ ਮੁਰਦੇ ‘ਕੁਝ ਵੀ ਨਹੀਂ ਜਾਣਦੇ।’ ਉਹ ਨਾ ਤਾਂ ਪਿਆਰ ਕਰ ਸਕਦੇ ਹਨ ਤੇ ਨਾ ਹੀ ਨਫ਼ਰਤ। ਉਹ ਨਾ ਕੋਈ ਕੰਮ ਕਰ ਸਕਦੇ ਹਨ ਤੇ ਨਾ ਹੀ ਸੋਚ ਸਕਦੇ ਹਨ। (ਉਪਦੇਸ਼ਕ ਦੀ ਪੋਥੀ 9:5, 6, 10 ਪੜ੍ਹੋ; ਜ਼ਬੂਰਾਂ ਦੀ ਪੋਥੀ 146:4) ਹਾਂ, ਮੌਤ ਤੋਂ ਬਾਅਦ ਇਨਸਾਨ ਪੂਰੀ ਤਰ੍ਹਾਂ ਖ਼ਤਮ ਹੋ ਜਾਂਦਾ ਹੈ। ਇਸ ਗੱਲ ਨੂੰ ਸਮਝਣ ਲਈ ਮੋਮਬੱਤੀ ਦੀ ਉਦਾਹਰਣ ਲਓ। ਜਦੋਂ ਅਸੀਂ ਮੋਮਬੱਤੀ ਬੁਝਾ ਦਿੰਦੇ ਹਾਂ, ਤਾਂ ਇਸ ਦੀ ਲਾਟ ਕਿਤੇ ਜਾਂਦੀ ਨਹੀਂ, ਸਗੋਂ ਖ਼ਤਮ ਹੋ ਜਾਂਦੀ ਹੈ। ਇਸੇ ਤਰ੍ਹਾਂ ਜੀਵਨ ਦੀ ਜੋਤ ਬੁੱਝ ਜਾਣ ਤੇ ਉਹ ਹੋਰ ਕਿਤੇ ਨਹੀਂ ਜਾਂਦੀ। ਉਹ ਪੂਰੀ ਤਰ੍ਹਾਂ ਬੁੱਝ ਜਾਂਦੀ ਹੈ।

 ਯਿਸੂ ਨੇ ਮੌਤ ਬਾਰੇ ਕੀ ਕਿਹਾ ਸੀ?

7. ਯਿਸੂ ਨੇ ਮੌਤ ਦੀ ਤੁਲਨਾ ਕਿਸ ਨਾਲ ਕੀਤੀ ਸੀ?

7 ਆਓ ਆਪਾਂ ਦੇਖੀਏ ਕਿ ਇਕ ਮੌਕੇ ਤੇ ਯਿਸੂ ਨੇ ਮਰੇ ਹੋਇਆਂ ਦੀ ਹਾਲਤ ਬਾਰੇ ਕੀ ਕਿਹਾ ਸੀ। ਯਿਸੂ ਦੇ ਜਿਗਰੀ ਦੋਸਤ ਲਾਜ਼ਰ ਦੀ ਮੌਤ ਹੋ ਗਈ ਸੀ। ਜਦ ਯਿਸੂ ਨੂੰ ਇਸ ਦੀ ਖ਼ਬਰ ਮਿਲੀ, ਤਾਂ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਲਾਜ਼ਰ ਸਾਡਾ ਦੋਸਤ ਸੌਂ ਰਿਹਾ ਹੈ।” ਚੇਲਿਆਂ ਨੂੰ ਭੁਲੇਖਾ ਲੱਗਾ ਕਿ ਲਾਜ਼ਰ ਬੀਮਾਰ ਹੋਣ ਕਾਰਨ ਆਰਾਮ ਕਰ ਰਿਹਾ ਸੀ। ਇਸ ਲਈ ਯਿਸੂ ਨੇ ਉਨ੍ਹਾਂ ਨੂੰ ਸਾਫ਼-ਸਾਫ਼ ਦੱਸਿਆ: “ਲਾਜ਼ਰ ਮਰ ਗਿਆ ਹੈ।” (ਯੂਹੰਨਾ 11:11-14 ਪੜ੍ਹੋ।) ਲਾਜ਼ਰ ਨੂੰ ਮਰੇ ਚਾਰ ਦਿਨ ਹੋ ਚੁੱਕੇ ਸਨ ਜਦ ਯਿਸੂ ਉਸ ਨੂੰ ਮੌਤ ਦੀ ਨੀਂਦ ਤੋਂ ਜਗਾਉਣ ਗਿਆ। ਧਿਆਨ ਦਿਓ ਕਿ ਯਿਸੂ ਨੇ ਮੌਤ ਦੀ ਤੁਲਨਾ ਨੀਂਦ ਨਾਲ ਕੀਤੀ ਸੀ। ਜਦ ਯਿਸੂ ਨੇ ਲਾਜ਼ਰ ਨੂੰ ਜੀਉਂਦਾ ਕੀਤਾ, ਤਦ ਲਾਜ਼ਰ ਨੇ ਉੱਠ ਕੇ ਇਹ ਨਹੀਂ ਸੀ ਕਿਹਾ ਕਿ ਉਹ ਸਵਰਗੋਂ ਵਾਪਸ ਆਇਆ ਸੀ ਜਾਂ ਨਰਕ ਵਿਚ ਤੜਫ਼ ਰਿਹਾ ਸੀ ਜਾਂ ਫਿਰ ਉਸ ਦੀ ਆਤਮਾ ਥਾਂ-ਥਾਂ ਭਟਕ ਰਹੀ ਸੀ। ਨਾ ਹੀ ਲਾਜ਼ਰ ਕਿਸੇ ਹੋਰ ਵਿਅਕਤੀ ਦੇ ਰੂਪ ਵਿਚ ਪੁਨਰ-ਜਨਮ ਲੈ ਕੇ ਵਾਪਸ ਆਇਆ ਸੀ। ਲਾਜ਼ਰ ਮੌਤ ਦੀ ਗੂੜ੍ਹੀ ਨੀਂਦ ਵਿਚ ਸੁੱਤਾ ਪਿਆ ਸੀ। ਬਾਈਬਲ ਦੇ ਕਈ ਹੋਰ ਹਵਾਲਿਆਂ ਵਿਚ ਵੀ ਮੌਤ ਦੀ ਤੁਲਨਾ ਨੀਂਦ ਨਾਲ ਕੀਤੀ ਗਈ ਹੈ। ਮਿਸਾਲ ਲਈ, ਜਦ ਇਸਤੀਫ਼ਾਨ ਨਾਂ ਦੇ ਚੇਲੇ ਨੂੰ ਪੱਥਰ ਮਾਰ ਕੇ ਸ਼ਹੀਦ ਕੀਤਾ ਗਿਆ ਸੀ, ਤਦ ਬਾਈਬਲ ਕਹਿੰਦੀ ਹੈ ਕਿ ਉਹ “ਮੌਤ ਦੀ ਨੀਂਦ ਸੌਂ ਗਿਆ” ਸੀ। (ਰਸੂਲਾਂ ਦੇ ਕੰਮ 7:60) ਇਸੇ ਤਰ੍ਹਾਂ, ਪੌਲੁਸ ਰਸੂਲ ਨੇ ਆਪਣੇ ਜ਼ਮਾਨੇ ਦੇ ਕੁਝ ਮਸੀਹੀਆਂ ਬਾਰੇ ਲਿਖਿਆ ਸੀ ਕਿ ਉਹ “ਮੌਤ ਦੀ ਨੀਂਦ ਸੌਂ ਚੁੱਕੇ” ਸਨ।​—1 ਕੁਰਿੰਥੀਆਂ 15:6.

ਯਹੋਵਾਹ ਨੇ ਇਨਸਾਨਾਂ ਨੂੰ ਸਦਾ ਲਈ ਧਰਤੀ ਉੱਤੇ ਜੀਉਣ ਲਈ ਬਣਾਇਆ ਸੀ

8. ਸਾਨੂੰ ਕਿੱਦਾਂ ਪਤਾ ਹੈ ਕਿ ਯਹੋਵਾਹ ਨਹੀਂ ਚਾਹੁੰਦਾ ਸੀ ਕਿ ਲੋਕ ਮਰਨ?

8 ਯਾਦ ਕਰੋ ਕਿ ਯਹੋਵਾਹ ਨੇ ਇਨਸਾਨਾਂ ਨੂੰ ਸਦਾ ਲਈ ਜੀਉਣ ਲਈ ਰਚਿਆ ਸੀ। ਅਸੀਂ ਇਸ ਕਿਤਾਬ ਦੇ ਸ਼ੁਰੂ ਵਿਚ ਸਿੱਖ ਚੁੱਕੇ ਹਾਂ ਕਿ ਪਰਮੇਸ਼ੁਰ ਨੇ ਪਹਿਲੇ ਜੋੜੇ ਨੂੰ ਇਕ ਸੁੰਦਰ ਬਾਗ਼ ਵਿਚ ਰੱਖਿਆ ਸੀ। ਉਸ ਨੇ ਉਨ੍ਹਾਂ ਨੂੰ ਮੁਕੰਮਲ ਸਿਹਤ ਬਖ਼ਸ਼ੀ ਸੀ। ਉਸ ਨੇ ਹਮੇਸ਼ਾ ਉਨ੍ਹਾਂ ਦਾ ਭਲਾ ਚਾਹਿਆ ਸੀ, ਠੀਕ ਜਿੱਦਾਂ ਇਕ ਬਾਪ ਆਪਣੇ ਬੱਚਿਆਂ ਦਾ ਭਲਾ ਚਾਹੁੰਦਾ ਹੈ। ਹਾਂ, ਕੋਈ ਵੀ ਬਾਪ ਇਹ ਨਹੀਂ ਚਾਹੇਗਾ ਕਿ ਉਸ ਦੇ ਬੱਚੇ ਬੁੱਢੇ ਹੋ  ਕੇ ਮਰ ਜਾਣ। ਯਹੋਵਾਹ ਵੀ ਆਪਣੇ ਬੱਚਿਆਂ ਨਾਲ ਬੇਹੱਦ ਪਿਆਰ ਕਰਦਾ ਹੈ ਅਤੇ ਉਹ ਚਾਹੁੰਦਾ ਹੈ ਕਿ ਉਹ ਸਦਾ ਲਈ ਖ਼ੁਸ਼ ਰਹਿਣ। ਇਸ ਲਈ ਉਸ ਨੇ ਉਨ੍ਹਾਂ ਦੇ ਦਿਲਾਂ ਵਿਚ ਸਦਾ ਲਈ ਜੀਉਣ ਦੀ ਇੱਛਾ ਪਾਈ ਹੈ। (ਉਪਦੇਸ਼ਕ ਦੀ ਪੋਥੀ 3:11) ਤਾਂ ਫਿਰ, ਇਨਸਾਨ ਦੀ ਇਹ ਇੱਛਾ ਅਧੂਰੀ ਕਿਉਂ ਰਹਿ ਜਾਂਦੀ ਹੈ? ਇਨਸਾਨ ਕਿਉਂ ਬੁੱਢੇ ਹੁੰਦੇ ਹਨ ਤੇ ਮਰਦੇ ਹਨ? ਆਓ ਆਪਾਂ ਦੇਖੀਏ।

ਅਸੀਂ ਕਿਉਂ ਮਰਦੇ ਹਾਂ?

9. ਯਹੋਵਾਹ ਨੇ ਆਦਮ ਨੂੰ ਕੀ ਹੁਕਮ ਦਿੱਤਾ ਸੀ ਅਤੇ ਇਹ ਹੁਕਮ ਮੰਨਣਾ ਔਖਾ ਕਿਉਂ ਨਹੀਂ ਸੀ?

9 ਇਸ ਸਵਾਲ ਦਾ ਜਵਾਬ ਪਾਉਣ ਲਈ ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਸ਼ੁਰੂ ਵਿਚ ਕੀ ਹੋਇਆ ਸੀ ਜਦੋਂ ਧਰਤੀ ’ਤੇ ਸਿਰਫ਼ ਆਦਮ ਤੇ ਹੱਵਾਹ ਹੀ ਸਨ। ਜਿਸ ਖੂਬਸੂਰਤ  ਬਾਗ਼ ਵਿਚ ਯਹੋਵਾਹ ਨੇ ਉਨ੍ਹਾਂ ਨੂੰ ਰੱਖਿਆ ਸੀ, ਉਸ ਵਿਚ ਤਰ੍ਹਾਂ-ਤਰ੍ਹਾਂ ਦੇ ਸੁਆਦਲੇ ਫਲਾਂ ਵਾਲੇ ਸੁੰਦਰ ਦਰਖ਼ਤ ਸਨ। ਪਰ ਯਹੋਵਾਹ ਨੇ ਉਨ੍ਹਾਂ ਉੱਤੇ ਇਕ ਪਾਬੰਦੀ ਲਗਾਈ ਸੀ: “ਬਾਗ ਦੇ ਹਰ ਬਿਰਛ ਤੋਂ ਤੂੰ ਨਿਸੰਗ ਖਾਈਂ। ਪਰ ਭਲੇ ਬੁਰੇ ਦੀ ਸਿਆਣ ਦੇ ਬਿਰਛ ਤੋਂ ਤੂੰ ਨਾ ਖਾਈਂ ਕਿਉਂਜੋ ਜਿਸ ਦਿਨ ਤੂੰ ਉਸ ਤੋਂ ਖਾਵੇਂ ਤੂੰ ਜ਼ਰੂਰ ਮਰੇਂਗਾ।” (ਉਤਪਤ 2:9, 16, 17) ਇਹ ਹੁਕਮ ਮੰਨਣਾ ਉਨ੍ਹਾਂ ਲਈ ਕੋਈ ਔਖੀ ਗੱਲ ਨਹੀਂ ਸੀ। ਬਾਗ਼ ਵਿਚ ਹੋਰ ਬਹੁਤ ਸਾਰੇ ਦਰਖ਼ਤ ਸਨ ਜਿਨ੍ਹਾਂ ਦਾ ਫਲ ਉਹ ਜੀ ਭਰ ਕੇ ਖਾ ਸਕਦੇ ਸਨ। ਖਾਣੇ ਦੀ ਕੋਈ ਕਮੀ ਨਹੀਂ ਸੀ। ਆਪਣੇ ਕਰਤਾਰ ਯਹੋਵਾਹ ਦਾ ਇਹ ਹੁਕਮ ਮੰਨ ਕੇ ਉਹ ਦਿਖਾ ਸਕਦੇ ਸਨ ਕਿ ਉਹ ਉਸ ਦੀਆਂ ਦਿੱਤੀਆਂ ਚੀਜ਼ਾਂ ਦੀ ਕਿੰਨੀ ਕਦਰ ਕਰਦੇ ਸਨ। ਉਨ੍ਹਾਂ ਕੋਲ ਇਹ ਦਿਖਾਉਣ ਦਾ ਮੌਕਾ ਸੀ ਕਿ ਉਹ ਯਹੋਵਾਹ ਨਾਲ ਦਿਲੋਂ ਪਿਆਰ ਕਰਦੇ ਸਨ ਅਤੇ ਉਸ ਦੇ ਆਗਿਆਕਾਰ ਰਹਿਣਾ ਚਾਹੁੰਦੇ ਸਨ।

10, 11. (ੳ) ਪਹਿਲੇ ਜੋੜੇ ਨੇ ਪਰਮੇਸ਼ੁਰ ਦਾ ਹੁਕਮ ਕਿੱਦਾਂ ਤੋੜਿਆ ਸੀ? (ਅ) ਆਦਮ ਤੇ ਹੱਵਾਹ ਦੀ ਅਣਆਗਿਆਕਾਰੀ ਇਕ ਗੰਭੀਰ ਪਾਪ ਕਿਉਂ ਸੀ?

10 ਬੜੇ ਦੁੱਖ ਦੀ ਗੱਲ ਹੈ ਕਿ ਉਨ੍ਹਾਂ ਨੇ ਯਹੋਵਾਹ ਦੇ ਹੁਕਮ ਨੂੰ ਤੋੜ ਦਿੱਤਾ। ਸ਼ੈਤਾਨ ਨੇ ਚਲਾਕੀ ਨਾਲ ਹੱਵਾਹ ਨੂੰ ਪੁੱਛਿਆ: “ਭਲਾ, ਪਰਮੇਸ਼ੁਰ ਨੇ ਸੱਚ ਮੁੱਚ ਆਖਿਆ ਹੈ ਕਿ ਬਾਗ ਦੇ ਕਿਸੇ ਬਿਰਛ ਤੋਂ ਤੁਸੀਂ ਨਾ ਖਾਓ?” ਹੱਵਾਹ ਨੇ ਜਵਾਬ ਦਿੱਤਾ: “ਬਾਗ ਦੇ ਬਿਰਛਾਂ ਦੇ ਫਲੋਂ ਤਾਂ ਅਸੀਂ ਖਾਂਦੇ ਹਾਂ, ਪਰ ਜਿਹੜਾ ਬਿਰਛ ਬਾਗ ਦੇ ਵਿਚਕਾਰ ਹੈ ਉਸ ਦੇ ਫਲ ਤੋਂ ਪਰਮੇਸ਼ੁਰ ਨੇ ਆਖਿਆ, ਤੁਸੀਂ ਨਾ ਖਾਓ ਨਾ ਉਹ ਨੂੰ ਹੱਥ ਲਾਓ ਅਜਿਹਾ ਨਾ ਹੋਵੇ ਕਿ ਤੁਸੀਂ ਮਰ ਜਾਓ।”​—ਉਤਪਤ 3:1-3.

11 “ਤੁਸੀਂ ਕਦੀ ਨਾ ਮਰੋਗੇ,” ਸ਼ੈਤਾਨ ਨੇ ਹੱਵਾਹ ਨੂੰ ਕਿਹਾ, “ਸਗੋਂ ਪਰਮੇਸ਼ੁਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਤੋਂ ਖਾਓਗੇ ਤੁਹਾਡੀਆਂ ਅੱਖੀਆਂ ਖੁਲ੍ਹ ਜਾਣਗੀਆਂ ਅਤੇ ਤੁਸੀਂ ਪਰਮੇਸ਼ੁਰ ਵਾਂਙੁ ਭਲੇ ਬੁਰੇ ਦੀ ਸਿਆਣਵਾਲੇ ਹੋ ਜਾਓਗੇ।” (ਉਤਪਤ 3:4, 5) ਸ਼ੈਤਾਨ ਹੱਵਾਹ ਨੂੰ ਯਕੀਨ ਦਿਲਾਉਣਾ ਚਾਹੁੰਦਾ ਸੀ ਕਿ ਫਲ ਖਾਣ ਨਾਲ ਉਸ ਦਾ ਨੁਕਸਾਨ ਨਹੀਂ, ਸਗੋਂ ਭਲਾ ਹੋਵੇਗਾ। ਸ਼ੈਤਾਨ ਇਕ ਤਰੀਕੇ ਨਾਲ ਹੱਵਾਹ ਨੂੰ ਕਹਿ ਰਿਹਾ ਸੀ: ‘ਕੀ ਫਲ ਖਾ ਕੇ ਵੀ ਕੋਈ ਮਰਦਾ ਹੈ? ਤੈਨੂੰ ਆਪਣੀ ਮਰਜ਼ੀ ਨਾਲ ਜੀਉਣ ਦਾ ਪੂਰਾ ਹੱਕ ਹੈ। ਤੂੰ ਖ਼ੁਦ ਫ਼ੈਸਲਾ ਕਰ ਸਕਦੀ ਹੈਂ ਕਿ ਕੀ ਸਹੀ ਹੈ ਤੇ ਕੀ ਗ਼ਲਤ।’ ਇਸ ਤਰ੍ਹਾਂ ਸ਼ੈਤਾਨ ਨੇ ਯਹੋਵਾਹ ਉੱਤੇ ਇਹ ਤੁਹਮਤ ਲਾਈ ਕਿ ਉਹ ਝੂਠਾ ਸੀ। ਹੱਵਾਹ ਸ਼ੈਤਾਨ ਦੀਆਂ ਗੱਲਾਂ ਵਿਚ ਆ ਗਈ ਅਤੇ ਉਸ ਨੇ ਵਰਜੇ ਗਏ ਦਰਖ਼ਤ ਦਾ ਫਲ ਖਾ ਲਿਆ। ਬਾਅਦ ਵਿਚ ਉਸ ਨੇ ਆਦਮ ਨੂੰ ਵੀ ਫਲ ਦਿੱਤਾ ਅਤੇ ਉਸ ਨੇ ਵੀ ਖਾ ਲਿਆ। ਉਨ੍ਹਾਂ ਨੇ ਇਹ ਕਦਮ ਅਣਜਾਣਪੁਣੇ ਵਿਚ ਨਹੀਂ ਚੁੱਕਿਆ ਸੀ। ਉਹ ਜਾਣਦੇ ਸਨ ਕਿ ਜੋ ਉਹ ਕਰ ਰਹੇ ਸਨ ਉਹ ਯਹੋਵਾਹ ਦੀ ਆਗਿਆ ਦੇ ਬਿਲਕੁਲ ਖ਼ਿਲਾਫ਼ ਸੀ। ਉਨ੍ਹਾਂ ਨੇ ਜਾਣ-ਬੁੱਝ ਕੇ ਯਹੋਵਾਹ ਦੇ  ਹੁਕਮ ਨੂੰ ਤੋੜਿਆ ਸੀ। ਇਸ ਤਰ੍ਹਾਂ ਕਰ ਕੇ ਉਨ੍ਹਾਂ ਨੇ ਆਪਣੇ ਪਿਆਰੇ ਪਿਤਾ ਯਹੋਵਾਹ ਦਾ ਘੋਰ ਅਪਮਾਨ ਕੀਤਾ। ਇਸ ਤੋਂ ਇਹ ਵੀ ਜ਼ਾਹਰ ਹੋਇਆ ਕਿ ਉਹ ਨਾ ਉਸ ਨਾਲ ਪਿਆਰ ਕਰਦੇ ਸਨ, ਨਾ ਉਸ ਦੀ ਇੱਜ਼ਤ ਕਰਦੇ ਸਨ ਅਤੇ ਨਾ ਹੀ ਉਸ ’ਤੇ ਭਰੋਸਾ ਰੱਖਦੇ ਸਨ। ਇਸ ਤਰ੍ਹਾਂ ਕਰ ਕੇ ਉਨ੍ਹਾਂ ਨੇ ਕਿੱਡੀ ਵੱਡੀ ਗੁਸਤਾਖ਼ੀ ਕੀਤੀ!

12. ਉਦਾਹਰਣ ਦੇ ਕੇ ਸਮਝਾਓ ਕਿ ਆਦਮ ਅਤੇ ਹੱਵਾਹ ਦੇ ਗ਼ਲਤ ਫ਼ੈਸਲੇ ਕਾਰਨ ਯਹੋਵਾਹ ਦੇ ਦਿਲ ’ਤੇ ਕੀ ਬੀਤੀ ਹੋਵੇਗੀ।

12 ਇਸ ਗੱਲ ਨੂੰ ਸਮਝਣ ਲਈ ਜ਼ਰਾ ਇਸ ਉਦਾਹਰਣ ’ਤੇ ਗੌਰ ਕਰੋ: ਫ਼ਰਜ਼ ਕਰੋ ਕਿ ਤੁਹਾਡਾ ਇਕ ਬੇਟਾ ਹੈ। ਤੁਸੀਂ ਬੜੇ ਲਾਡ-ਪਿਆਰ ਨਾਲ ਉਸ ਨੂੰ ਪਾਲਿਆ ਹੈ। ਪਰ ਵੱਡਾ ਹੋ ਕੇ ਉਹ ਤੁਹਾਡੀ ਗੱਲ ਮੰਨਣ ਦੀ ਬਜਾਇ ਆਪਣੀ ਮਨ-ਮਰਜ਼ੀ ਕਰਦਾ ਹੈ। ਆਪਣੇ ਕੰਮਾਂ ਰਾਹੀਂ ਉਹ ਜ਼ਾਹਰ ਕਰਦਾ ਹੈ ਕਿ ਨਾ ਤਾਂ ਉਸ ਨੂੰ ਤੁਹਾਡੇ ਨਾਲ ਪਿਆਰ ਹੈ ਅਤੇ ਨਾ ਹੀ ਉਸ ਨੂੰ ਤੁਹਾਡੀ ਇੱਜ਼ਤ ਦੀ ਕੋਈ ਪਰਵਾਹ ਹੈ। ਕੀ ਇਹ ਦੇਖ ਕੇ ਤੁਹਾਡਾ  ਦਿਲ ਦੁਖੀ ਨਹੀਂ ਹੋਵੇਗਾ? ਤਾਂ ਫਿਰ ਜ਼ਰਾ ਸੋਚੋ ਕਿ ਯਹੋਵਾਹ ਦੇ ਦਿਲ ਉੱਤੇ ਕੀ ਬੀਤੀ ਹੋਣੀ ਜਦੋਂ ਆਦਮ ਤੇ ਹੱਵਾਹ ਨੇ ਆਪਣੀ ਮਨ-ਮਰਜ਼ੀ ਕਰ ਕੇ ਉਸ ਦੇ ਵਿਰੁੱਧ ਬਗਾਵਤ ਕੀਤੀ ਸੀ।

ਆਦਮ ਨੂੰ ਮਿੱਟੀ ਤੋਂ ਬਣਾਇਆ ਗਿਆ ਸੀ ਅਤੇ ਉਹ ਵਾਪਸ ਮਿੱਟੀ ਵਿਚ ਮਿਲ ਗਿਆ

13. ਮਰਨ ਤੋਂ ਬਾਅਦ ਆਦਮ ਦੀ ਹਾਲਤ ਬਾਰੇ ਯਹੋਵਾਹ ਨੇ ਕੀ ਕਿਹਾ ਸੀ ਅਤੇ ਇਸ ਦਾ ਕੀ ਮਤਲਬ ਹੈ?

13 ਯਹੋਵਾਹ ਨੇ ਉਨ੍ਹਾਂ ਨੂੰ ਪਹਿਲਾਂ ਹੀ ਸਾਫ਼-ਸਾਫ਼ ਕਿਹਾ ਸੀ ਕਿ ਜੇ ਉਹ ਉਸ ਦਾ ਹੁਕਮ ਤੋੜਨਗੇ, ਤਾਂ ਉਹ ਜ਼ਰੂਰ ਮਰ ਜਾਣਗੇ। ਅਤੇ ਇਸੇ ਤਰ੍ਹਾਂ ਹੀ ਹੋਇਆ, ਆਦਮ ਤੇ ਹੱਵਾਹ ਮਰ ਗਏ। ਉਨ੍ਹਾਂ ਦਾ ਕੋਈ ਵੀ ਹਿੱਸਾ ਜੀਉਂਦਾ ਨਹੀਂ ਰਿਹਾ, ਸਗੋਂ ਉਹ ਪੂਰੀ ਤਰ੍ਹਾਂ ਮਿਟ ਗਏ। ਅਸੀਂ ਇਹ ਗੱਲ ਇੰਨੇ ਯਕੀਨ ਨਾਲ ਕਿਉਂ ਕਹਿ ਸਕਦੇ ਹਾਂ? ਕਿਉਂਕਿ ਆਦਮ ਦੇ ਪਾਪ ਕਰਨ ਤੋਂ ਬਾਅਦ ਯਹੋਵਾਹ ਨੇ ਉਸ ਨੂੰ ਸਾਫ਼-ਸਾਫ਼ ਕਿਹਾ ਸੀ: ‘ਤੂੰ ਮਿੱਟੀ ਵਿੱਚ ਫੇਰ ਮੁੜੇਂਗਾ ਕਿਉਂਜੋ ਤੂੰ ਉਸ ਤੋਂ ਕੱਢਿਆ ਗਿਆ ਸੀ। ਤੂੰ ਮਿੱਟੀ ਹੈਂ ਅਤੇ ਮਿੱਟੀ ਵਿੱਚ ਤੂੰ ਮੁੜ ਜਾਵੇਂਗਾ।’ (ਉਤਪਤ 3:19) ਹਾਂ, ਯਹੋਵਾਹ ਨੇ ਆਦਮ ਨੂੰ ਮਿੱਟੀ ਤੋਂ ਰਚਿਆ ਸੀ। ਮਰ ਕੇ ਉਹ ਉਸ ਮਿੱਟੀ ਵਾਂਗ ਬੇਜਾਨ ਹੋ ਗਿਆ ਜਿਸ ਤੋਂ ਉਸ ਨੂੰ ਬਣਾਇਆ ਗਿਆ ਸੀ।​—ਉਤਪਤ 2:7.

14. ਅਸੀਂ ਕਿਉਂ ਮਰਦੇ ਹਾਂ?

14 ਜੇ ਆਦਮ ਤੇ ਹੱਵਾਹ ਯਹੋਵਾਹ ਦੇ ਆਗਿਆਕਾਰ ਰਹਿੰਦੇ, ਤਾਂ ਉਨ੍ਹਾਂ ਨੇ ਅੱਜ ਵੀ ਜੀਉਂਦੇ ਹੋਣਾ ਸੀ। ਪਰ ਯਹੋਵਾਹ ਦਾ ਹੁਕਮ ਤੋੜ ਕੇ ਉਨ੍ਹਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ। ਉਹ ਯਹੋਵਾਹ ਦੀ ਬਰਕਤ ਅਤੇ ਸਦਾ ਦੀ ਜ਼ਿੰਦਗੀ ਵੀ ਗੁਆ ਬੈਠੇ। ਇਸ ਲਈ ਉਹ ਬੁੱਢੇ ਹੋ ਕੇ ਮਰ ਗਏ ਅਤੇ ਉਨ੍ਹਾਂ ਦੀ ਸਾਰੀ ਔਲਾਦ ਵੀ ਬੁਢਾਪੇ ਤੇ ਮੌਤ ਦੇ ਚੁੰਗਲ ਵਿਚ ਫਸ ਗਈ। (ਰੋਮੀਆਂ 5:12 ਪੜ੍ਹੋ।) ਪਾਪ ਵਿਰਸੇ ਵਿਚ ਮਿਲੀ ਇਕ ਅਜਿਹੀ ਬੀਮਾਰੀ ਵਾਂਗ ਹੈ ਜਿਸ ਤੋਂ ਕੋਈ ਨਹੀਂ ਬਚ ਸਕਦਾ। ਮੌਤ ਸਾਡੀ ਸਭ ਤੋਂ ਵੱਡੀ ਦੁਸ਼ਮਣ ਹੈ। (1 ਕੁਰਿੰਥੀਆਂ 15:26) ਯਹੋਵਾਹ ਨੇ ਆਪਣੇ ਪੁੱਤਰ ਦਾ ਬਲੀਦਾਨ ਦੇ ਕੇ ਸਾਨੂੰ ਇਸ ਦੁਸ਼ਮਣ ਤੋਂ ਬਚਾਉਣ ਦਾ ਉਪਾਅ ਕੱਢਿਆ ਹੈ। ਉਸ ਦਾ ਇਹ ਅਹਿਸਾਨ ਸਾਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ!

ਮੌਤ ਬਾਰੇ ਸੱਚਾਈ ਜਾਣਨੀ ਜ਼ਰੂਰੀ ਹੈ

15. ਮਰੇ ਹੋਇਆਂ ਦੀ ਹਾਲਤ ਬਾਰੇ ਸੱਚਾਈ ਜਾਣ ਕੇ ਸਾਨੂੰ ਦਿਲਾਸਾ ਕਿਉਂ ਮਿਲਦਾ ਹੈ?

15 ਮਰੇ ਹੋਇਆਂ ਦੀ ਹਾਲਤ ਬਾਰੇ ਸੱਚਾਈ ਜਾਣ ਕੇ ਸਾਡੇ ਦਿਲ ਨੂੰ ਕਿੰਨਾ ਦਿਲਾਸਾ ਮਿਲਦਾ ਹੈ। ਕਈ ਧਾਰਮਿਕ ਗੁਰੂ ਦਾਅਵਾ ਕਰਦੇ ਹਨ ਕਿ ਉਹ ਮਰੇ ਹੋਇਆਂ ਦੀ ਮਦਦ ਕਰ ਸਕਦੇ ਹਨ। ਲੋਕ ਉਨ੍ਹਾਂ ਦੀਆਂ ਗੱਲਾਂ ਵਿਚ ਆ ਕੇ ਉਨ੍ਹਾਂ ਨੂੰ ਪੈਸੇ ਦਿੰਦੇ ਹਨ। ਪਰ ਉਨ੍ਹਾਂ ਦੇ ਇਹ ਸਭ ਦਾਅਵੇ ਝੂਠੇ ਹਨ, ਇਹ ਸਿਰਫ਼ ਪੈਸੇ ਬਟੋਰਨ ਦੇ ਤਰੀਕੇ ਹਨ।  ਅਸੀਂ ਪਹਿਲਾਂ ਸਿੱਖਿਆ ਹੈ ਕਿ ਮਰੇ ਹੋਏ ਲੋਕ ਦੁੱਖ-ਦਰਦ ਜਾਂ ਤਸੀਹੇ ਨਹੀਂ ਸਹਿੰਦੇ। ਨਾ ਅਸੀਂ ਉਨ੍ਹਾਂ ਲਈ ਕੁਝ ਕਰ ਸਕਦੇ ਹਾਂ ਤੇ ਨਾ ਹੀ ਉਹ ਸਾਡੇ ਲਈ ਕੁਝ ਕਰ ਸਕਦੇ ਹਨ। ਨਾ ਅਸੀਂ ਉਨ੍ਹਾਂ ਨਾਲ ਗੱਲ ਕਰ ਸਕਦੇ ਹਾਂ ਤੇ ਨਾ ਹੀ ਉਹ ਸਾਡੇ ਨਾਲ ਗੱਲ ਕਰ ਸਕਦੇ ਹਨ। ਸਾਨੂੰ ਉਨ੍ਹਾਂ ਤੋਂ ਡਰਨ ਦੀ ਵੀ ਕੋਈ ਲੋੜ ਨਹੀਂ ਕਿਉਂਕਿ ਉਹ ਸਾਡਾ ਕੁਝ ਨਹੀਂ ਵਿਗਾੜ ਸਕਦੇ। ਇਹ ਸੱਚਾਈ ਜਾਣ ਕੇ ਅਸੀਂ ਉਨ੍ਹਾਂ ਲੋਕਾਂ ਦੀਆਂ ਗੱਲਾਂ ਵਿਚ ਨਹੀਂ ਆਉਂਦੇ ਜੋ ਝੂਠੀਆਂ ਸਿੱਖਿਆਵਾਂ ਨਾਲ ਦੂਸਰਿਆਂ ਨੂੰ ਧੋਖਾ ਦਿੰਦੇ ਹਨ।

16. ਬਹੁਤਿਆਂ ਧਰਮਾਂ ਉੱਤੇ ਕਿਸ ਦਾ ਪ੍ਰਭਾਵ ਹੈ ਅਤੇ ਇਹ ਪ੍ਰਭਾਵ ਕਿਸ ਗੱਲ ਤੋਂ ਦੇਖਿਆ ਜਾ ਸਕਦਾ ਹੈ?

16 ਕੀ ਮਰੇ ਹੋਇਆਂ ਦੀ ਹਾਲਤ ਬਾਰੇ ਧਰਮਾਂ ਦੀਆਂ ਸਿੱਖਿਆਵਾਂ ਬਾਈਬਲ ਦੀ ਸਿੱਖਿਆ ਨਾਲ ਸਹਿਮਤ ਹਨ? ਜ਼ਿਆਦਾਤਰ ਧਰਮ ਬਾਈਬਲ ਦੇ ਉਲਟ ਸਿੱਖਿਆ ਦਿੰਦੇ ਹਨ! ਕਿਉਂ? ਕਿਉਂਕਿ ਉਨ੍ਹਾਂ ਦੀਆਂ ਸਿੱਖਿਆਵਾਂ ਪਿੱਛੇ ਸ਼ੈਤਾਨ ਦਾ ਹੱਥ ਹੈ। ਸ਼ੈਤਾਨ ਝੂਠੇ ਧਰਮਾਂ ਰਾਹੀਂ ਲੋਕਾਂ ਨੂੰ ਧੋਖਾ ਦੇ ਰਿਹਾ ਹੈ। ਉਹ ਚਾਹੁੰਦਾ ਹੈ ਕਿ ਲੋਕ ਇਸ ਭੁਲੇਖੇ ਵਿਚ ਰਹਿਣ ਕਿ ਉਹ ਮਰਨ ਤੋਂ ਬਾਅਦ ਵੀ ਜੀਉਂਦੇ ਰਹਿੰਦੇ ਹਨ। ਸ਼ੈਤਾਨ ਇਸ ਝੂਠ ਨੂੰ ਕਈ ਹੋਰ ਝੂਠੀਆਂ ਗੱਲਾਂ ਨਾਲ ਮਿਲਾ ਕੇ ਲੋਕਾਂ ਨੂੰ ਯਹੋਵਾਹ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਕਿੱਦਾਂ?

17. ਨਰਕ ਦੀ ਸਿੱਖਿਆ ਯਹੋਵਾਹ ਦਾ ਅਪਮਾਨ ਕਿੱਦਾਂ ਕਰਦੀ ਹੈ?

17 ਅਸੀਂ ਇਸ ਦਾ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ ਕਿ ਕੁਝ ਧਰਮ ਇਹ ਸਿਖਾਉਂਦੇ ਹਨ ਕਿ ਜੋ ਇਨਸਾਨ ਮਾੜੇ ਕੰਮ ਕਰਦਾ ਹੈ, ਉਸ ਨੂੰ ਮੌਤ ਤੋਂ ਬਾਅਦ ਹਮੇਸ਼ਾ ਲਈ ਨਰਕ ਵਿਚ ਤਸੀਹੇ ਭੋਗਣੇ ਪੈਣਗੇ। ਪਰ ਇਹ ਸਿੱਖਿਆ ਯਹੋਵਾਹ ਪਰਮੇਸ਼ੁਰ ਦਾ ਅਪਮਾਨ ਕਰਦੀ ਹੈ। ਯਹੋਵਾਹ ਪਿਆਰ ਦਾ ਸਾਗਰ ਹੈ, ਤਾਂ ਫਿਰ ਉਹ ਲੋਕਾਂ ਨੂੰ ਨਰਕ ਵਿਚ ਤਸੀਹੇ ਕਿੱਦਾਂ ਦੇ ਸਕਦਾ ਹੈ? (1 ਯੂਹੰਨਾ 4:8 ਪੜ੍ਹੋ।) ਤੁਸੀਂ ਅਜਿਹੇ ਬੰਦੇ ਬਾਰੇ ਕੀ ਸੋਚੋਗੇ ਜੋ ਆਪਣੇ ਬੱਚੇ ਦੀ ਕਿਸੇ ਗ਼ਲਤੀ ਲਈ ਉਸ ਦੇ ਹੱਥ ਨੂੰ ਅੱਗ ਵਿਚ ਸਾੜ ਦਿੰਦਾ ਹੈ? ਕੀ ਤੁਹਾਡੇ ਦਿਲ ਵਿਚ ਉਸ ਲਈ ਕੋਈ ਇੱਜ਼ਤ ਰਹੇਗੀ? ਹਰਗਿਜ਼ ਨਹੀਂ! ਤੁਸੀਂ ਇਹ ਸੋਚੋਗੇ ਕਿ ਉਹ ਬੰਦਾ ਕਿੰਨਾ ਜ਼ਾਲਮ ਹੈ। ਸ਼ੈਤਾਨ ਚਾਹੁੰਦਾ ਹੈ ਕਿ ਲੋਕ ਇਹ ਮੰਨਣ ਕਿ ਯਹੋਵਾਹ ਬੇਰਹਿਮ ਤੇ ਪੱਥਰ-ਦਿਲ ਹੈ। ਇਸੇ ਲਈ ਤਾਂ ਸ਼ੈਤਾਨ ਨੇ ਇਹ ਸਿੱਖਿਆ ਫੈਲਾਈ ਹੈ ਕਿ ਯਹੋਵਾਹ ਹਮੇਸ਼ਾ-ਹਮੇਸ਼ਾ ਲਈ ਲੋਕਾਂ ਨੂੰ ਅੱਗ ਵਿਚ ਤਸੀਹੇ ਦਿੰਦਾ ਹੈ।

18. ਮਰੇ ਹੋਇਆਂ ਦੀ ਪੂਜਾ ਕਿਸ ਝੂਠੀ ਸਿੱਖਿਆ ਉੱਤੇ ਆਧਾਰਿਤ ਹੈ?

18 ਸ਼ੈਤਾਨ ਕੁਝ ਧਰਮਾਂ ਰਾਹੀਂ ਇਹ ਵੀ ਸਿਖਾਉਂਦਾ ਹੈ ਕਿ ਮਰੇ ਹੋਇਆਂ ਨੂੰ ਪੂਜਿਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦੀਆਂ ਆਤਮਾਵਾਂ ਨੂੰ ਸ਼ਾਂਤ ਕਰਨ ਲਈ ਸਾਨੂੰ ਪੁੰਨ-ਦਾਨ ਕਰਨ ਦੀ ਲੋੜ ਹੈ। ਇਨ੍ਹਾਂ ਸਿੱਖਿਆਵਾਂ ਦੇ ਮੁਤਾਬਕ ਮਰੇ ਹੋਇਆਂ ਦੀਆਂ ਆਤਮਾਵਾਂ  ਸਾਡੀ ਮਦਦ ਕਰ ਸਕਦੀਆਂ ਹਨ, ਪਰ ਦੂਸਰੇ ਪਾਸੇ ਉਹ ਸਾਨੂੰ ਨੁਕਸਾਨ ਵੀ ਪਹੁੰਚਾ ਸਕਦੀਆਂ ਹਨ। ਕਈ ਲੋਕ ਇਸ ਝੂਠ ਦੇ ਜਾਲ਼ ਵਿਚ ਫਸੇ ਹੋਏ ਹਨ। ਉਹ ਮਰੇ ਹੋਇਆਂ ਤੋਂ ਡਰਦੇ ਹਨ ਅਤੇ ਉਨ੍ਹਾਂ ਦੀ ਪੂਜਾ ਕਰਦੇ ਹਨ। ਪਰ ਬਾਈਬਲ ਸਿਖਾਉਂਦੀ ਹੈ ਕਿ ਮਰੇ ਹੋਏ ਕੁਝ ਵੀ ਨਹੀਂ ਕਰ ਸਕਦੇ, ਉਹ ਮਾਨੋ ਡੂੰਘੀ ਨੀਂਦ ਵਿਚ ਹਨ। ਉਨ੍ਹਾਂ ਦੀ ਪੂਜਾ ਕਰਨੀ ਯਹੋਵਾਹ ਦੀਆਂ ਨਜ਼ਰਾਂ ਵਿਚ ਬਿਲਕੁਲ ਗ਼ਲਤ ਹੈ। ਸਾਨੂੰ ਸਿਰਫ਼ ਸੱਚੇ ਪਰਮੇਸ਼ੁਰ ਯਹੋਵਾਹ ਦੀ ਹੀ ਭਗਤੀ ਕਰਨੀ ਚਾਹੀਦੀ ਹੈ ਕਿਉਂਕਿ ਉਹ ਹੀ ਸਾਡਾ ਕਰਤਾ-ਧਰਤਾ, ਸਿਰਜਣਹਾਰ ਤੇ ਪਰਵਰਦਗਾਰ ਹੈ।​—ਪ੍ਰਕਾਸ਼ ਦੀ ਕਿਤਾਬ 4:11.

19. ਮੌਤ ਬਾਰੇ ਸੱਚਾਈ ਜਾਣ ਕੇ ਸਾਨੂੰ ਬਾਈਬਲ ਦੀ ਹੋਰ ਕਿਹੜੀ ਸੱਚਾਈ ਸਮਝਣ ਵਿਚ ਮਦਦ ਮਿਲਦੀ ਹੈ?

19 ਮਰੇ ਹੋਇਆਂ ਬਾਰੇ ਸੱਚਾਈ ਜਾਣ ਕੇ ਤੁਸੀਂ ਕਈ ਧਰਮਾਂ ਦੁਆਰਾ ਫੈਲਾਈਆਂ ਗਈਆਂ ਝੂਠੀਆਂ ਗੱਲਾਂ ਦੇ ਧੋਖੇ ਵਿਚ ਨਹੀਂ ਆਓਗੇ। ਇਸ ਦੇ ਨਾਲ-ਨਾਲ, ਤੁਸੀਂ ਬਾਈਬਲ ਦੀਆਂ ਹੋਰ ਸਿੱਖਿਆਵਾਂ ਨੂੰ ਵੀ ਸਮਝ ਸਕਦੇ ਹੋ। ਮਿਸਾਲ ਲਈ, ਜਦੋਂ ਤੁਸੀਂ ਇਹ ਸੱਚਾਈ ਸਿੱਖਦੇ ਹੋ ਕਿ ਮਰਨ ਤੋਂ ਬਾਅਦ ਇਨਸਾਨ ਹੋਰ ਕਿਤੇ ਜਾ ਕੇ ਨਹੀਂ ਵੱਸਦਾ, ਤਾਂ ਨਵੀਂ ਧਰਤੀ ਉੱਤੇ ਸਦਾ ਦੀ ਜ਼ਿੰਦਗੀ ਦੀ ਸਿੱਖਿਆ ਤੁਹਾਡੇ ਲਈ ਹੋਰ ਵੀ ਮਜ਼ਬੂਤ ਬਣ ਜਾਂਦੀ ਸੀ।

20. ਅਗਲੇ ਅਧਿਆਇ ਵਿਚ ਅਸੀਂ ਕਿਸ ਸਵਾਲ ਉੱਤੇ ਗੌਰ ਕਰਾਂਗੇ?

20 ਪਰ ਕੀ ਇਸ ਦਾ ਇਹ ਮਤਲਬ ਹੈ ਕਿ ਸਾਡੇ ਮਰੇ ਹੋਏ ਅਜ਼ੀਜ਼ਾਂ ਲਈ ਕੋਈ ਉਮੀਦ ਨਹੀਂ ਹੈ? ਬਹੁਤ ਚਿਰ ਪਹਿਲਾਂ ਯਹੋਵਾਹ ਦੇ ਭਗਤ ਅੱਯੂਬ ਨੇ ਇਹੀ ਸਵਾਲ ਕੀਤਾ ਸੀ ਕਿ “ਜੇ ਪੁਰਖ ਮਰ ਜਾਵੇ ਤਾਂ ਉਹ ਫੇਰ ਜੀਵੇਗਾ?” (ਅੱਯੂਬ 14:14) ਜੋ ਇਨਸਾਨ ਮੌਤ ਦੀ ਨੀਂਦ ਸੌਂ ਗਿਆ ਹੈ, ਕੀ ਉਹ ਕਦੀ ਦੁਬਾਰਾ ਉੱਠੇਗਾ? ਅਗਲੇ ਅਧਿਆਇ ਵਿਚ ਅਸੀਂ ਇਸ ਬਾਰੇ ਗੱਲ ਕਰਾਂਗੇ।

^ ਪੈਰਾ 5 “ਆਤਮਾ” ਸ਼ਬਦ ਬਾਰੇ ਹੋਰ ਜਾਣਕਾਰੀ ਲਈ, ਦਿੱਤੀ ਗਈ ਵਧੇਰੇ ਜਾਣਕਾਰੀ “ਕੀ ਇਨਸਾਨਾਂ ਅੰਦਰ ਆਤਮਾ ਹੈ?” ਦੇਖੋ।