Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?

 ਅਧਿਆਇ 10

ਕੀ ਦੂਤ ਸਾਡੀ ਜ਼ਿੰਦਗੀ ਉੱਤੇ ਅਸਰ ਪਾਉਂਦੇ ਹਨ?

ਕੀ ਦੂਤ ਸਾਡੀ ਜ਼ਿੰਦਗੀ ਉੱਤੇ ਅਸਰ ਪਾਉਂਦੇ ਹਨ?
  • ਕੀ ਦੂਤ ਇਨਸਾਨਾਂ ਦੀ ਮਦਦ ਕਰਦੇ ਹਨ?

  • ਦੁਸ਼ਟ ਦੂਤਾਂ ਨੇ ਇਨਸਾਨਾਂ ਉੱਤੇ ਕਿੱਦਾਂ ਅਸਰ ਪਾਇਆ ਹੈ?

  • ਕੀ ਸਾਨੂੰ ਦੁਸ਼ਟ ਦੂਤਾਂ ਤੋਂ ਡਰਨ ਦੀ ਲੋੜ ਹੈ?

1. ਦੂਤਾਂ ਬਾਰੇ ਸਾਨੂੰ ਕਿਉਂ ਸਿੱਖਣਾ ਚਾਹੀਦਾ ਹੈ?

ਜਦ ਅਸੀਂ ਕਿਸੇ ਨਾਲ ਦੋਸਤੀ ਕਰਦੇ ਹਾਂ, ਤਦ ਅਸੀਂ ਉਸ ਦੇ ਪਰਿਵਾਰ ਦੇ ਜੀਆਂ ਬਾਰੇ ਵੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਯਹੋਵਾਹ ਨੂੰ ਜਾਣਨ ਬਾਰੇ ਵੀ ਇਹ ਗੱਲ ਸੱਚ ਹੈ। ਉਸ ਨੂੰ ਜਾਣਨ ਲਈ ਸਾਨੂੰ ਉਸ ਦੇ ਸਵਰਗੀ ਪਰਿਵਾਰ ਨੂੰ ਵੀ ਜਾਣਨ ਦੀ ਲੋੜ ਹੈ। ਬਾਈਬਲ ਵਿਚ ਦੂਤਾਂ ਨੂੰ ‘ਪਰਮੇਸ਼ੁਰ ਦੇ ਪੁੱਤ੍ਰ’ ਕਿਹਾ ਗਿਆ ਹੈ। (ਅੱਯੂਬ 38:7) ਪਰਮੇਸ਼ੁਰ ਦੇ ਇਹ ਪੁੱਤਰ ਕੀ ਕਰਦੇ ਹਨ? ਕੀ ਇਹ ਇਨਸਾਨਾਂ ਦੀ ਮਦਦ ਕਰਦੇ ਹਨ? ਕੀ ਇਹ ਸਾਡੀ ਜ਼ਿੰਦਗੀ ਉੱਤੇ ਅਸਰ ਪਾ ਸਕਦੇ ਹਨ? ਜੇ ਅਸਰ ਪਾ ਸਕਦੇ ਹਨ, ਤਾਂ ਕਿੱਦਾਂ?

2. ਦੂਤਾਂ ਨੂੰ ਕਿਸ ਨੇ ਬਣਾਇਆ ਅਤੇ ਸਵਰਗ ਵਿਚ ਕਿੰਨੇ ਦੂਤ ਹਨ?

2 ਦੂਤਾਂ ਬਾਰੇ ਬਾਈਬਲ ਵਿਚ ਸਾਨੂੰ ਬਹੁਤ ਕੁਝ ਦੱਸਿਆ ਗਿਆ ਹੈ। ਉਨ੍ਹਾਂ ਬਾਰੇ ਸਿੱਖਣ ਲਈ ਆਓ ਆਪਾਂ ਬਾਈਬਲ ਦੇ ਕੁਝ ਹਵਾਲਿਆਂ ਵੱਲ ਧਿਆਨ ਦੇਈਏ। ਪਹਿਲਾ ਸਵਾਲ ਹੈ: ਦੂਤਾਂ ਨੂੰ ਕਿਸ ਨੇ ਬਣਾਇਆ? ਕੁਲੁੱਸੀਆਂ 1:16 ਕਹਿੰਦਾ ਹੈ: “ਉਸ [ਯਾਨੀ ਯਿਸੂ ਮਸੀਹ] ਰਾਹੀਂ ਸਵਰਗ ਵਿਚ ਅਤੇ ਧਰਤੀ ਉੱਤੇ ਬਾਕੀ ਸਾਰੀਆਂ . . . ਚੀਜ਼ਾਂ ਸਿਰਜੀਆਂ ਗਈਆਂ ਸਨ।” ਹਾਂ, ਯਿਸੂ ਦੇ ਰਾਹੀਂ ਯਹੋਵਾਹ ਨੇ ਸਾਰਿਆਂ ਦੂਤਾਂ ਨੂੰ ਬਣਾਇਆ ਸੀ। ਸਵਰਗ ਵਿਚ ਕਿੰਨੇ ਦੂਤ ਹਨ? ਬਾਈਬਲ ਦੱਸਦੀ ਹੈ ਕਿ ਉੱਥੇ ਲੱਖਾਂ-ਕਰੋੜਾਂ ਦੂਤ ਹਨ ਜੋ ਬਹੁਤ ਹੀ ਸ਼ਕਤੀਸ਼ਾਲੀ ਹਨ।​—ਜ਼ਬੂਰਾਂ ਦੀ ਪੋਥੀ 103:20. *

3. ਅੱਯੂਬ 38:4-7 ਤੋਂ ਸਾਨੂੰ ਦੂਤਾਂ ਬਾਰੇ ਕੀ ਪਤਾ ਲੱਗਦਾ ਹੈ?

 3 ਬਾਈਬਲ ਸਾਨੂੰ ਇਹ ਵੀ ਦੱਸਦੀ ਹੈ ਕਿ ਜਦ ਧਰਤੀ ਬਣਾਈ ਗਈ ਸੀ, ਤਦ “ਪਰਮੇਸ਼ੁਰ ਦੇ ਸਾਰੇ ਪੁੱਤ੍ਰ ਨਾਰੇ ਮਾਰਦੇ ਸਨ।” (ਅੱਯੂਬ 38:4-7) ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਦੂਤ ਧਰਤੀ ਅਤੇ ਇਨਸਾਨਾਂ ਤੋਂ ਬਹੁਤ ਚਿਰ ਪਹਿਲਾਂ ਬਣਾਏ ਗਏ ਸਨ। ਇਸ ਹਵਾਲੇ ਦੇ ਆਖ਼ਰੀ ਹਿੱਸੇ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਦੂਤਾਂ ਦੇ ਜਜ਼ਬਾਤ ਵੀ ਹੁੰਦੇ ਹਨ। ਉਹ ਖ਼ੁਸ਼ੀ ਜ਼ਾਹਰ ਕਰ ਸਕਦੇ ਹਨ, ਜਿਵੇਂ ਇਸ ਹਵਾਲੇ ਵਿਚ ਲਿਖਿਆ ਹੈ ਉਹ “ਮਿਲ ਕੇ ਜੈਕਾਰੇ ਗਜਾਉਂਦੇ ਸਨ।” ਧਿਆਨ ਦਿਓ ਕਿ ‘ਪਰਮੇਸ਼ੁਰ ਦੇ ਸਾਰੇ ਪੁੱਤ੍ਰ’ ਮਿਲ ਕੇ ਖ਼ੁਸ਼ੀ ਮਨਾਉਂਦੇ ਸਨ। ਉਸ ਵੇਲੇ ਸਾਰੇ ਦੂਤ ਯਹੋਵਾਹ ਦੀ ਸੇਵਾ ਕਰਦੇ ਸਨ।

ਦੂਤ ਸਾਡੇ ਰਖਵਾਲੇ ਹਨ

4. ਬਾਈਬਲ ਕਿੱਦਾਂ ਦਿਖਾਉਂਦੀ ਹੈ ਕਿ ਵਫ਼ਾਦਾਰ ਦੂਤਾਂ ਨੂੰ ਇਨਸਾਨਾਂ ਨਾਲ ਲਗਾਅ ਹੈ?

4 ਜਦੋਂ ਤੋਂ ਪਹਿਲੇ ਆਦਮੀ ਨੂੰ ਬਣਾਇਆ ਗਿਆ ਸੀ, ਉਦੋਂ ਤੋਂ ਹੀ ਦੂਤ ਇਨਸਾਨਾਂ ਨੂੰ ਪਿਆਰ ਕਰਦੇ ਆਏ ਹਨ। ਉਨ੍ਹਾਂ ਨੂੰ ਸਾਡੇ ਵਿਚ ਅਤੇ ਪਰਮੇਸ਼ੁਰ ਦੇ ਮਕਸਦ ਵਿਚ ਗਹਿਰੀ ਦਿਲਚਸਪੀ ਹੈ। (ਕਹਾਉਤਾਂ 8:30, 31; 1 ਪਤਰਸ 1:11, 12) ਪਰ ਸਮੇਂ ਦੇ ਬੀਤਣ ਨਾਲ ਦੂਤਾਂ ਨੇ ਦੇਖਿਆ ਹੈ ਕਿ ਜ਼ਿਆਦਾਤਰ ਲੋਕਾਂ ਨੇ ਯਹੋਵਾਹ ਦਾ ਸਾਥ ਛੱਡ ਦਿੱਤਾ। ਇਹ ਸਭ ਕੁਝ ਦੇਖ ਕੇ ਵਫ਼ਾਦਾਰ ਦੂਤਾਂ ਨੂੰ ਕਿੰਨਾ ਦੁੱਖ ਹੁੰਦਾ ਹੋਣਾ! ਪਰ ਜਦੋਂ ਇਕ ਵੀ ਪਾਪੀ ਆਪਣੇ ਬੁਰੇ ਕੰਮ ਛੱਡ ਕੇ ਯਹੋਵਾਹ ਕੋਲ ਮੁੜ ਆਉਂਦਾ ਹੈ, ਉਦੋਂ ਪਰਮੇਸ਼ੁਰ ਦੇ ਸਾਰੇ ਦੂਤ ਖ਼ੁਸ਼ੀ ਮਨਾਉਂਦੇ ਹਨ। (ਲੂਕਾ 15:10) ਦੂਤਾਂ ਨੂੰ ਯਹੋਵਾਹ ਦੇ ਸੇਵਕਾਂ ਨਾਲ ਕਿੰਨਾ ਲਗਾਅ ਹੈ! ਇਸੇ ਲਈ ਯਹੋਵਾਹ ਆਪਣੇ ਸੇਵਕਾਂ ਨੂੰ ਸਹਾਰਾ ਦੇਣ ਅਤੇ ਉਨ੍ਹਾਂ ਦੀ ਮਦਦ ਕਰਨ ਲਈ ਦੂਤਾਂ ਨੂੰ ਘੱਲਦਾ ਹੈ। (ਇਬਰਾਨੀਆਂ 1:7, 14 ਪੜ੍ਹੋ।) ਆਓ ਆਪਾਂ ਕੁਝ ਮਿਸਾਲਾਂ ਦੇਖੀਏ।

“ਮੇਰੇ ਪਰਮੇਸ਼ੁਰ ਨੇ ਆਪਣੇ ਦੂਤ ਨੂੰ ਭੇਜਿਆ ਹੈ ਅਤੇ ਸ਼ੇਰਾਂ ਦੇ ਮੂੰਹਾਂ ਨੂੰ ਬੰਦ ਰੱਖਿਆ ਹੈ।”​—ਦਾਨੀਏਲ 6:22

5. ਬੀਤੇ ਸਮਿਆਂ ਵਿਚ ਦੂਤਾਂ ਨੇ ਯਹੋਵਾਹ ਦੇ ਸੇਵਕਾਂ ਦੀ ਕਿੱਦਾਂ ਮਦਦ ਕੀਤੀ ਸੀ?

5 ਜਦ ਯਹੋਵਾਹ ਨੇ ਸਦੂਮ ਅਤੇ ਅਮੂਰਾਹ ਸ਼ਹਿਰਾਂ ਦਾ ਨਾਸ਼ ਕੀਤਾ ਸੀ, ਤਦ ਦੋ ਦੂਤਾਂ ਨੇ ਲੂਤ ਅਤੇ ਉਸ ਦੀਆਂ ਧੀਆਂ ਨੂੰ ਹੱਥੋਂ ਫੜ ਕੇ ਸ਼ਹਿਰੋਂ ਬਾਹਰ ਪਹੁੰਚਾਇਆ ਸੀ। (ਉਤਪਤ 19:15, 16) ਕਈ ਸਦੀਆਂ ਬਾਅਦ ਦਾਨੀਏਲ ਨਬੀ ਨੂੰ ਸ਼ੇਰਾਂ ਦੇ ਘੁਰੇ ਵਿਚ ਸੁੱਟਿਆ ਗਿਆ ਸੀ, ਪਰ ਉਹ ਮੌਤ ਦੇ ਮੂੰਹ ਵਿੱਚੋਂ ਬਚ ਨਿਕਲਿਆ। ਉਸ ਨੇ ਕਿਹਾ ਕਿ ਪਰਮੇਸ਼ੁਰ ਨੇ ਆਪਣੇ ਦੂਤ ਨੂੰ ਭੇਜ ਕੇ ਸ਼ੇਰਾਂ ਦੇ ਮੂੰਹ ਬੰਦ ਕਰ ਦਿੱਤੇ ਸਨ। (ਦਾਨੀਏਲ 6:22) ਪਹਿਲੀ ਸਦੀ ਵਿਚ ਵੀ ਇਕ ਦੂਤ ਨੇ ਪਤਰਸ ਰਸੂਲ ਨੂੰ ਜੇਲ੍ਹ ਦੀਆਂ ਸਲਾਖ਼ਾਂ ਤੋਂ ਆਜ਼ਾਦ ਕੀਤਾ ਸੀ। (ਰਸੂਲਾਂ ਦੇ ਕੰਮ 12:6-11) ਜਦ ਯਿਸੂ  ਨੇ ਆਪਣੀ ਸੇਵਕਾਈ ਸ਼ੁਰੂ ਕੀਤੀ ਸੀ, ਤਦ ਦੂਤਾਂ ਨੇ ਉਸ ਦੀ ਵੀ ਬਹੁਤ ਮਦਦ ਕੀਤੀ। (ਮਰਕੁਸ 1:13) ਇਸ ਤੋਂ ਇਲਾਵਾ, ਯਿਸੂ ਦੀ ਮੌਤ ਤੋਂ ਕੁਝ ਘੰਟੇ ਪਹਿਲਾਂ ਇਕ ਦੂਤ ਨੇ ਆ ਕੇ “ਉਸ ਨੂੰ ਹੌਸਲਾ ਦਿੱਤਾ” ਸੀ। (ਲੂਕਾ 22:43) ਇਨ੍ਹਾਂ ਮੌਕਿਆਂ ਤੇ ਯਿਸੂ ਨੂੰ ਦੂਤਾਂ ਤੋਂ ਕਿੰਨਾ ਹੌਸਲਾ ਮਿਲਿਆ ਹੋਣਾ!

6. (ੳ) ਦੂਤ ਯਹੋਵਾਹ ਦੇ ਸੇਵਕਾਂ ਦੀ ਅੱਜ ਰੱਖਿਆ ਕਿੱਦਾਂ ਕਰਦੇ ਹਨ? (ਅ) ਅਸੀਂ ਹੁਣ ਕਿਨ੍ਹਾਂ ਸਵਾਲਾਂ ਉੱਤੇ ਗੌਰ ਕਰਾਂਗੇ?

6 ਭਾਵੇਂ ਕਿ ਅਸੀਂ ਦੂਤਾਂ ਨੂੰ ਦੇਖ ਨਹੀਂ ਸਕਦੇ, ਪਰ ਉਹ ਅੱਜ ਵੀ ਯਹੋਵਾਹ ਦੇ ਸੇਵਕਾਂ ਦੀ ਰੱਖਿਆ ਕਰਦੇ ਹਨ। ਉਹ ਖ਼ਾਸ ਕਰਕੇ ਰੂਹਾਨੀ ਤੌਰ ਤੇ ਉਨ੍ਹਾਂ ਦੀ ਰਾਖੀ ਕਰਦੇ ਹਨ ਯਾਨੀ ਆਪਣੀ ਨਿਹਚਾ ਮਜ਼ਬੂਤ ਰੱਖਣ ਵਿਚ ਉਨ੍ਹਾਂ ਦੀ ਮਦਦ ਕਰਦੇ ਹਨ। ਬਾਈਬਲ ਕਹਿੰਦੀ ਹੈ: “ਯਹੋਵਾਹ ਦਾ ਦੂਤ ਉਸ ਤੋਂ ਸਾਰੇ ਡਰਨ ਵਾਲਿਆਂ ਦੇ ਦੁਆਲੇ ਡੇਰਾ ਲਾਉਂਦਾ ਹੈ, ਅਤੇ ਉਨ੍ਹਾਂ ਨੂੰ ਛੁਟਕਾਰਾ ਦਿੰਦਾ ਹੈ।” (ਜ਼ਬੂਰਾਂ ਦੀ ਪੋਥੀ 34:7) ਇਨ੍ਹਾਂ ਸ਼ਬਦਾਂ ਤੋਂ ਸਾਨੂੰ ਦਿਲਾਸਾ ਕਿਉਂ ਮਿਲਦਾ ਹੈ? ਕਿਉਂਕਿ ਅਜਿਹੇ ਦੂਤ ਵੀ ਹਨ ਜੋ ਸਾਨੂੰ ਬਰਬਾਦ ਕਰਨਾ ਚਾਹੁੰਦੇ ਹਨ। ਇਹ ਬੁਰੇ ਦੂਤ ਕੌਣ ਹਨ? ਇਹ ਕਿੱਥੋਂ ਆਏ? ਇਹ ਸਾਡਾ ਨੁਕਸਾਨ ਕਿੱਦਾਂ ਕਰਨ ਦੀ ਕੋਸ਼ਿਸ਼ ਕਰਦੇ ਹਨ? ਇਨ੍ਹਾਂ ਸਵਾਲਾਂ ਦੇ ਜਵਾਬ ਪਾਉਣ ਲਈ ਸਾਨੂੰ ਮਨੁੱਖਜਾਤੀ ਦੇ ਇਤਿਹਾਸ ਦੇ ਸ਼ੁਰੂ ਵਿਚ ਵਾਪਰੀ ਘਟਨਾ ਬਾਰੇ ਜਾਣਨ ਦੀ ਲੋੜ ਹੈ।

ਦੁਸ਼ਮਣ ਦੂਤ

7. ਲੋਕਾਂ ਨੂੰ ਯਹੋਵਾਹ ਤੋਂ ਦੂਰ ਕਰਨ ਵਿਚ ਸ਼ੈਤਾਨ ਕਿੰਨਾ ਕੁ ਕਾਮਯਾਬ ਹੋਇਆ?

7 ਤੁਹਾਨੂੰ ਤੀਜੇ ਅਧਿਆਇ ਤੋਂ ਯਾਦ ਹੋਵੇਗਾ ਕਿ ਇਕ ਦੂਤ ਕਿੱਦਾਂ ਸ਼ੈਤਾਨ ਬਣ ਗਿਆ ਸੀ। (ਪ੍ਰਕਾਸ਼ ਦੀ ਕਿਤਾਬ 12:9) ਇਹ ਦੂਤ ਚਾਹੁੰਦਾ ਸੀ ਕਿ ਇਨਸਾਨ ਯਹੋਵਾਹ ਦੀ ਬਜਾਇ ਉਸ ਦੀ ਪੂਜਾ ਕਰਨ। ਇਸ ਲਈ ਸ਼ੈਤਾਨ ਨੇ ਯਹੋਵਾਹ ਦਾ ਵਿਰੋਧ ਕੀਤਾ। ਪਹਿਲਾਂ ਤਾਂ ਉਸ ਨੇ ਹੱਵਾਹ ਨੂੰ ਭਰਮਾ ਕੇ ਉਸ ਨੂੰ ਆਪਣੇ ਝੂਠ ਦੇ ਜਾਲ ਵਿਚ ਫਸਾਇਆ। ਫਿਰ ਅਗਲੇ 1,600 ਸਾਲਾਂ ਦੌਰਾਨ ਤਕਰੀਬਨ ਸਾਰੇ ਇਨਸਾਨ ਉਸ ਦੇ ਜਾਲ ਵਿਚ ਫੱਸ ਕੇ ਯਹੋਵਾਹ ਦੇ ਵਿਰੁੱਧ ਹੋ ਗਏ ਸਨ। ਕੇਵਲ ਕੁਝ ਹੀ ਲੋਕ ਯਹੋਵਾਹ ਦੀ ਭਗਤੀ ਕਰਦੇ ਰਹੇ, ਜਿਨ੍ਹਾਂ ਵਿਚ ਹਾਬਲ, ਹਨੋਕ ਅਤੇ ਨੂਹ ਸਨ।​—ਇਬਰਾਨੀਆਂ 11:4, 5, 7.

8. (ੳ) ਕੁਝ ਦੂਤ ਦੁਸ਼ਟ ਕਿੱਦਾਂ ਬਣ ਗਏ? (ਅ) ਜਲ-ਪਰਲੋ ਤੋਂ ਬਚਣ ਲਈ ਦੁਸ਼ਟ ਦੂਤਾਂ ਨੂੰ ਕੀ ਕਰਨਾ ਪਿਆ?

8 ਨੂਹ ਦੇ ਜ਼ਮਾਨੇ ਵਿਚ ਹੋਰ ਦੂਤਾਂ ਨੇ ਵੀ ਯਹੋਵਾਹ ਦਾ ਵਿਰੋਧ ਕੀਤਾ ਸੀ। ਉਹ  ਇਨਸਾਨਾਂ ਦਾ ਰੂਪ ਧਾਰ ਕੇ ਧਰਤੀ ਉੱਤੇ ਆ ਗਏ। ਉਨ੍ਹਾਂ ਨੇ ਇਸ ਤਰ੍ਹਾਂ ਕਿਉਂ ਕੀਤਾ? ਉਤਪਤ 6:2 ਵਿਚ ਅਸੀਂ ਪੜ੍ਹਦੇ ਹਾਂ: “ਪਰਮੇਸ਼ੁਰ ਦੇ ਪੁੱਤ੍ਰਾਂ ਨੇ ਆਦਮੀ ਦੀਆਂ ਧੀਆਂ ਨੂੰ ਵੇਖਿਆ ਭਈ ਓਹ ਸੋਹਣੀਆਂ ਹਨ ਤਦ ਉਨ੍ਹਾਂ ਨੇ ਆਪਣੇ ਲਈ ਸਾਰੀਆਂ ਚੁਣੀਆਂ ਹੋਈਆਂ ਵਿੱਚੋਂ ਤੀਵੀਂਆਂ ਕੀਤੀਆਂ।” ਇਨ੍ਹਾਂ ਦੂਤਾਂ ਦੇ ਭੈੜੇ ਕੰਮਾਂ ਕਾਰਨ ਸਾਰੀ ਧਰਤੀ ਉੱਤੇ ਮਾਹੌਲ ਬਹੁਤ ਖ਼ਰਾਬ ਹੋ ਗਿਆ। ਯਹੋਵਾਹ ਉਨ੍ਹਾਂ ਦੇ ਭੈੜੇ ਕੰਮਾਂ ਤੇ ਜ਼ੁਲਮ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਸੀ ਜਿਸ ਕਰਕੇ ਉਸ ਨੇ ਜਲ-ਪਰਲੋ ਲਿਆ ਕੇ ਦੁਸ਼ਟ ਲੋਕਾਂ ਦਾ ਨਾਸ਼ ਕਰ ਦਿੱਤਾ। ਸਿਰਫ਼ ਵਫ਼ਾਦਾਰ ਨੂਹ ਅਤੇ ਉਸ ਦਾ ਪਰਿਵਾਰ ਹੀ ਬਚਿਆ ਸੀ। (ਉਤਪਤ 7:17, 23) ਜਲ-ਪਰਲੋ ਤੋਂ ਬਚਣ ਲਈ ਦੁਸ਼ਟ ਦੂਤ ਇਨਸਾਨੀ ਸਰੀਰ ਤਿਆਗ ਕੇ ਸਵਰਗ ਵਾਪਸ ਚਲੇ ਗਏ। ਪਰ  ਯਹੋਵਾਹ ਦਾ ਵਿਰੋਧ ਕਰਨ ਕਰਕੇ ਉਹ ਸ਼ੈਤਾਨ ਦੇ ਸਾਥੀ ਬਣ ਗਏ ਅਤੇ ਸ਼ੈਤਾਨ ਉਨ੍ਹਾਂ ਦਾ “ਸਰਦਾਰ” ਬਣ ਗਿਆ।​—ਮੱਤੀ 9:34.

9. (ੳ) ਜਦ ਦੁਸ਼ਟ ਦੂਤ ਸਵਰਗ ਵਾਪਸ ਗਏ, ਤਦ ਉਨ੍ਹਾਂ ਨਾਲ ਕੀ ਹੋਇਆ? (ਅ) ਦੁਸ਼ਟ ਦੂਤਾਂ ਬਾਰੇ ਅਸੀਂ ਅੱਗੇ ਕੀ ਸਿੱਖਾਂਗੇ?

9 ਜਦ ਦੁਸ਼ਟ ਦੂਤ ਸਵਰਗ ਵਾਪਸ ਗਏ, ਤਦ ਸ਼ੈਤਾਨ ਵਾਂਗ ਉਨ੍ਹਾਂ ਨੂੰ ਵੀ ਯਹੋਵਾਹ ਦੇ ਪਰਿਵਾਰ ਵਿੱਚੋਂ ਛੇਕਿਆ ਗਿਆ ਸੀ। (ਯਹੂਦਾਹ 6) ਭਾਵੇਂ ਕਿ ਇਹ ਦੂਤ ਹੁਣ ਇਨਸਾਨੀ ਰੂਪ ਨਹੀਂ ਧਾਰ ਸਕਦੇ, ਫਿਰ ਵੀ ਉਹ ਇਨਸਾਨਾਂ ਉੱਤੇ ਬੁਰਾ ਅਸਰ ਜ਼ਰੂਰ ਪਾ ਸਕਦੇ ਹਨ। ਅੱਜ ਇਨ੍ਹਾਂ ਦੁਸ਼ਟ ਦੂਤਾਂ ਦੀ ਮਦਦ ਨਾਲ ਸ਼ੈਤਾਨ ‘ਦੁਨੀਆਂ ਨੂੰ ਗੁਮਰਾਹ ਕਰ ਰਿਹਾ ਹੈ।’ (ਪ੍ਰਕਾਸ਼ ਦੀ ਕਿਤਾਬ 12:9; 1 ਯੂਹੰਨਾ 5:19) ਇਹ ਬੁਰੇ ਦੂਤ ਲੋਕਾਂ ਨੂੰ ਆਪਣੇ ਫੰਦਿਆਂ ਵਿਚ ਫਸਾ ਕੇ ਕੁਰਾਹੇ ਪਾਉਂਦੇ ਹਨ। (2 ਕੁਰਿੰਥੀਆਂ 2:11 ਪੜ੍ਹੋ।) ਆਓ ਆਪਾਂ ਉਨ੍ਹਾਂ ਦੇ ਕੁਝ ਫੰਦਿਆਂ ਵੱਲ ਧਿਆਨ ਦੇਈਏ।

ਦੁਸ਼ਟ ਦੂਤਾਂ ਦੇ ਫੰਦੇ

10. ਜਾਦੂਗਰੀ ਵਿਚ ਹਿੱਸਾ ਲੈ ਕੇ ਅਸੀਂ ਕਿਨ੍ਹਾਂ ਦੇ ਅਸਰ ਹੇਠ ਆਉਂਦੇ ਹਾਂ?

10 ਦੁਸ਼ਟ ਦੂਤ ਲੋਕਾਂ ਨੂੰ ਭਰਮਾਉਣ ਲਈ ਖ਼ਾਸ ਕਰਕੇ ਜਾਦੂਗਰੀ ਦਾ ਸਹਾਰਾ ਲੈਂਦੇ ਹਨ। ਹਰ ਕਿਸਮ ਦੀ ਜਾਦੂਗਰੀ ਪਿੱਛੇ ਇਨ੍ਹਾਂ ਦੁਸ਼ਟ ਦੂਤਾਂ ਦਾ ਹੱਥ ਹੈ। ਜੇ ਅਸੀਂ ਜਾਦੂਗਰੀ ਵਿਚ ਹਿੱਸਾ ਲੈਂਦੇ ਹਾਂ, ਤਾਂ ਅਸੀਂ ਸ਼ੈਤਾਨ ਅਤੇ ਉਸ ਦੇ ਦੂਤਾਂ ਦੇ ਅਸਰ ਹੇਠ ਆ ਜਾਂਦੇ ਹਾਂ। ਯਹੋਵਾਹ ਨੂੰ ਜਾਦੂਗਰੀ ਤੋਂ ਸਖ਼ਤ ਨਫ਼ਰਤ ਹੈ। ਇਹ ਬਹੁਤ ਖ਼ਤਰਨਾਕ ਹੈ, ਇਸ ਲਈ ਬਾਈਬਲ ਸਾਨੂੰ ਇਸ ਤੋਂ ਦੂਰ ਰਹਿਣ ਦੀ ਚੇਤਾਵਨੀ ਦਿੰਦੀ ਹੈ। (ਗਲਾਤੀਆਂ 5:19-21) ਜਿਸ ਤਰ੍ਹਾਂ ਇਕ ਸ਼ਿਕਾਰੀ ਆਪਣੇ ਸ਼ਿਕਾਰ ਨੂੰ ਫਸਾਉਣ ਲਈ ਵੱਖੋ-ਵੱਖਰੇ ਫੰਦੇ ਵਰਤਦਾ ਹੈ, ਉਸੇ ਤਰ੍ਹਾਂ ਦੁਸ਼ਟ ਦੂਤ ਵੱਖ-ਵੱਖ ਕਿਸਮ ਦੀ ਜਾਦੂਗਰੀ ਵਰਤ ਕੇ ਲੋਕਾਂ ਨੂੰ ਆਪਣੇ ਵੱਸ ਵਿਚ ਕਰਦੇ ਹਨ।

11. ਸ਼ੈਤਾਨ ਦਾ ਇਕ ਫੰਦਾ ਕੀ ਹੈ ਅਤੇ ਸਾਨੂੰ ਇਸ ਤੋਂ ਦੂਰ ਕਿਉਂ ਰਹਿਣਾ ਚਾਹੀਦਾ ਹੈ?

11 ਭਵਿੱਖ ਬਾਰੇ ਜਾਣਨ ਲਈ ਪੁੱਛਾਂ ਪੁਆਉਣੀਆਂ ਜਾਦੂਗਰੀ ਦਾ ਹਿੱਸਾ ਹੈ। ਇਹ ਸ਼ੈਤਾਨ ਦਾ ਇਕ ਹੋਰ ਫੰਦਾ ਹੈ। ਇਸ ਵਿਚ ਜੋਤਸ਼ੀਆਂ ਤੋਂ ਸਲਾਹ ਲੈਣੀ, ਹੱਥ ਦਿਖਾਉਣਾ, ਫਾਲ ਪੁਆਉਣਾ ਅਤੇ ਸੁਪਨਿਆਂ ਦਾ ਅਰਥ ਕਢਾਉਣਾ ਸ਼ਾਮਲ ਹੈ। ਭਾਵੇਂ ਲੋਕ ਸੋਚਦੇ ਹਨ ਕਿ ਪੁੱਛਾਂ ਪੁਆਉਣ ਵਿਚ ਕੋਈ ਖ਼ਤਰਾ ਨਹੀਂ, ਪਰ ਬਾਈਬਲ ਸਾਨੂੰ ਸਾਫ਼-ਸਾਫ਼ ਦੱਸਦੀ ਹੈ ਕਿ ਪੁੱਛਾਂ ਪਾਉਣ ਵਾਲੇ ਅਤੇ ਦੁਸ਼ਟ ਦੂਤ ਇਕ-ਦੂਜੇ ਨਾਲ ਮਿਲੇ ਹੋਏ ਹਨ। ਮਿਸਾਲ ਲਈ, ਰਸੂਲਾਂ ਦੇ ਕੰਮ 16:16-18 ਵਿਚ ਇਕ ਕੁੜੀ ਬਾਰੇ ਦੱਸਿਆ ਗਿਆ ਹੈ ‘ਜਿਸ ਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਸੀ ਅਤੇ ਇਸ  ਦੂਤ ਦੀ ਮਦਦ ਨਾਲ ਉਹ ਭਵਿੱਖ ਦੱਸਦੀ ਸੀ।’ ਜਦ ਦੁਸ਼ਟ ਦੂਤ ਦਾ ਸਾਇਆ ਉਸ ਤੋਂ ਹਟਾਇਆ ਗਿਆ, ਤਾਂ ਉਸ ਵਿਚ ਭਵਿੱਖ ਬਾਰੇ ਦੱਸਣ ਦੀ ਯੋਗਤਾ ਨਹੀਂ ਰਹੀ।

ਦੁਸ਼ਟ ਦੂਤ ਵੱਖੋ-ਵੱਖਰੇ ਤਰੀਕਿਆਂ ਨਾਲ ਲੋਕਾਂ ਨੂੰ ਧੋਖਾ ਦਿੰਦੇ ਹਨ

12. ਮਰੇ ਹੋਏ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨੀ ਕਿਉਂ ਖ਼ਤਰਨਾਕ ਹੈ?

12 ਦੁਸ਼ਟ ਦੂਤ ਇਕ ਹੋਰ ਤਰੀਕੇ ਨਾਲ ਵੀ ਲੋਕਾਂ ਨੂੰ ਧੋਖਾ ਦਿੰਦੇ ਹਨ। ਉਹ ਲੋਕਾਂ ਨੂੰ ਯਕੀਨ ਦਿਲਾਉਂਦੇ ਹਨ ਕਿ ਉਹ ਮਰੇ ਹੋਇਆਂ ਦਾ ਦਰਸ਼ਨ ਕਰ ਸਕਦੇ ਹਨ ਅਤੇ ਉਨ੍ਹਾਂ ਨਾਲ ਗੱਲਾਂ ਕਰ ਸਕਦੇ ਹਨ। ਮਿਸਾਲ ਲਈ, ਕਿਸੇ ਅਜ਼ੀਜ਼ ਦੇ ਗੁਜ਼ਰ ਜਾਣ ਤੇ ਪਰਿਵਾਰ ਦੇ ਜੀਅ ਤੇ ਦੋਸਤ-ਮਿੱਤਰ ਗਮ ਵਿਚ ਡੁੱਬ ਜਾਂਦੇ ਹਨ। ਉਨ੍ਹਾਂ ਨੂੰ ਸ਼ਾਇਦ ਲੱਗਦਾ ਹੈ ਕਿ ਚੇਲੇ-ਚਾਂਟਿਆਂ ਕੋਲ ਜਾ ਕੇ ਉਨ੍ਹਾਂ ਨੂੰ ਦਿਲਾਸਾ ਮਿਲੇਗਾ ਅਤੇ ਆਪਣਾ ਗਮ ਸਹਾਰਨ ਵਿਚ ਮਦਦ ਮਿਲੇਗੀ। ਚੇਲੇ-ਚਾਂਟੇ ਸ਼ਾਇਦ ਉਨ੍ਹਾਂ ਨੂੰ ਮਰੇ ਹੋਏ ਅਜ਼ੀਜ਼ ਬਾਰੇ ਗੱਲਾਂ ਦੱਸਣ ਜਾਂ ਮਰੇ ਹੋਏ ਵਿਅਕਤੀ ਦੀ ਆਵਾਜ਼ ਵਿਚ ਗੱਲ ਕਰਨ। ਇਸ ਕਰਕੇ ਕਈ ਲੋਕ ਵਿਸ਼ਵਾਸ ਕਰਨ ਲੱਗਦੇ ਹਨ ਕਿ ਉਨ੍ਹਾਂ ਦਾ ਅਜ਼ੀਜ਼ ਹਾਲੇ ਵੀ ਕਿਤੇ ਜੀਉਂਦਾ ਹੈ। ਪਰ ਇਨ੍ਹਾਂ ਚੇਲੇ-ਚਾਂਟਿਆਂ ਦੀਆਂ ਗੱਲਾਂ ਝੂਠੀਆਂ ਅਤੇ ਖ਼ਤਰਨਾਕ ਵੀ ਹਨ ਕਿਉਂਕਿ ਇਨ੍ਹਾਂ ਪਿੱਛੇ ਦੁਸ਼ਟ ਦੂਤਾਂ ਦਾ ਹੱਥ ਹੈ। ਉਹੀ ਮੁਰਦਿਆਂ ਦੀ ਆਵਾਜ਼ ਦੀ ਨਕਲ ਕਰ ਕੇ ਲੋਕਾਂ ਨੂੰ ਧੋਖਾ ਦਿੰਦੇ ਹਨ ਅਤੇ ਉਹੀ ਜੋਤਸ਼ੀਆਂ ਨੂੰ ਮਰੇ ਹੋਇਆਂ ਲੋਕਾਂ ਬਾਰੇ ਜਾਣਕਾਰੀ ਦਿੰਦੇ ਹਨ। (1 ਸਮੂਏਲ 28:3-19) ਯਾਦ ਕਰੋ ਕਿ 6ਵੇਂ ਅਧਿਆਇ ਵਿਚ ਅਸੀਂ ਸਿੱਖਿਆ ਸੀ ਕਿ ਮਰੇ ਹੋਏ ਲੋਕ ਨਾ ਸੁਣ  ਸਕਦੇ, ਨਾ ਦੇਖ ਸਕਦੇ, ਨਾ ਬੋਲ ਸਕਦੇ ਅਤੇ ਨਾ ਹੀ ਕੁਝ ਸੋਚ ਸਕਦੇ ਹਨ। (ਜ਼ਬੂਰਾਂ ਦੀ ਪੋਥੀ 115:17) ਇਸ ਲਈ ਜੋ ਵੀ ਇਨਸਾਨ ਮਰੇ ਹੋਏ ਲੋਕਾਂ ਬਾਰੇ ਜਾਣਨ ਜਾਂ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਹ ਦੁਸ਼ਟ ਦੂਤਾਂ ਦੇ ਫੰਦੇ ਵਿਚ ਫੱਸ ਜਾਂਦਾ ਹੈ। ਇਸ ਦੇ ਨਾਲ-ਨਾਲ ਇਹ ਵੀ ਯਾਦ ਰੱਖੋ ਕਿ ਯਹੋਵਾਹ ਇਨ੍ਹਾਂ ਕੰਮਾਂ ਦੀ ਨਿੰਦਿਆ ਕਰਦਾ ਹੈ। (ਬਿਵਸਥਾ ਸਾਰ 18:10, 11 ਪੜ੍ਹੋ; ਯਸਾਯਾਹ 8:19) ਇਸ ਲਈ ਸ਼ੈਤਾਨ ਦੇ ਇਸ ਖ਼ਤਰਨਾਕ ਫੰਦੇ ਤੋਂ ਬਚ ਕੇ ਰਹੋ!

13. ਦੁਸ਼ਟ ਦੂਤਾਂ ਦੇ ਫੰਦੇ ਵਿਚ ਫਸੇ ਹਜ਼ਾਰਾਂ ਲੋਕਾਂ ਨੇ ਕੀ ਕੀਤਾ ਹੈ?

13 ਦੁਸ਼ਟ ਦੂਤ ਲੋਕਾਂ ਨੂੰ ਸਿਰਫ਼ ਕੁਰਾਹੇ ਹੀ ਨਹੀਂ ਪਾਉਂਦੇ, ਸਗੋਂ ਉਨ੍ਹਾਂ ’ਤੇ ਹਮਲਾ ਵੀ ਕਰਦੇ ਹਨ। ਸ਼ੈਤਾਨ ਅਤੇ ਉਸ ਦੇ ਦੂਤ ਜਾਣਦੇ ਹਨ ਕਿ ਉਨ੍ਹਾਂ ਕੋਲ “ਥੋੜ੍ਹਾ ਹੀ ਸਮਾਂ ਹੈ,” ਇਸ ਕਰਕੇ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਵਹਿਸ਼ੀ ਬਣ ਗਏ ਹਨ। (ਪ੍ਰਕਾਸ਼ ਦੀ ਕਿਤਾਬ 12:12, 17) ਫਿਰ ਵੀ ਦੁਸ਼ਟ ਦੂਤਾਂ ਦੇ ਫੰਦਿਆਂ ਵਿੱਚੋਂ ਹਜ਼ਾਰਾਂ ਲੋਕ ਛੁੱਟ ਗਏ ਹਨ। ਪਰ ਉਹ ਛੁੱਟੇ ਕਿੱਦਾਂ? ਜੇ ਕੋਈ ਇਨਸਾਨ ਜਾਦੂਗਰੀ ਦੇ ਫੰਦੇ ਵਿਚ ਫੱਸਿਆ ਹੋਇਆ ਹੈ, ਤਾਂ ਉਹ ਕੀ ਕਰ ਸਕਦਾ ਹੈ?

ਦੁਸ਼ਟ ਦੂਤਾਂ ਤੋਂ ਬਚੋ

14. ਅਫ਼ਸੁਸ ਸ਼ਹਿਰ ਦੇ ਮਸੀਹੀਆਂ ਵਾਂਗ ਅਸੀਂ ਦੁਸ਼ਟ ਦੂਤਾਂ ਤੋਂ ਛੁਟਕਾਰਾ ਕਿੱਦਾਂ ਪਾ ਸਕਦੇ ਹਾਂ?

14 ਬਾਈਬਲ ਸਾਨੂੰ ਦੱਸਦੀ ਹੈ ਕਿ ਅਸੀਂ ਦੁਸ਼ਟ ਦੂਤਾਂ ਤੋਂ ਦੂਰ ਕਿੱਦਾਂ ਰਹਿ ਸਕਦੇ ਹਾਂ ਅਤੇ ਉਨ੍ਹਾਂ ਤੋਂ ਛੁਟਕਾਰਾ ਕਿੱਦਾਂ ਪਾ ਸਕਦੇ ਹਾਂ। ਆਓ ਆਪਾਂ ਜ਼ਰਾ ਅਫ਼ਸੁਸ ਸ਼ਹਿਰ ਵਿਚ ਰਹਿਣ ਵਾਲੇ ਮਸੀਹੀਆਂ ਬਾਰੇ ਗੱਲ ਕਰੀਏ। ਯਿਸੂ ਦੇ ਚੇਲੇ ਬਣਨ ਤੋਂ ਪਹਿਲਾਂ ਇਨ੍ਹਾਂ ਵਿੱਚੋਂ ਕਈ ਜਾਦੂਗਰੀ ਕਰਦੇ ਸਨ। ਉਨ੍ਹਾਂ ਨੇ ਇਸ ਫੰਦੇ ਤੋਂ ਛੁਟਕਾਰਾ ਕਿੱਦਾਂ ਪਾਇਆ? ਬਾਈਬਲ ਕਹਿੰਦੀ ਹੈ: “ਬਹੁਤ ਸਾਰੇ ਚੇਲੇ ਜਿਹੜੇ ਪਹਿਲਾਂ ਜਾਦੂਗਰੀ ਕਰਦੇ ਹੁੰਦੇ ਸਨ, ਉਨ੍ਹਾਂ ਨੇ ਆਪਣੀਆਂ ਜਾਦੂਗਰੀ ਦੀਆਂ ਕਿਤਾਬਾਂ ਇਕੱਠੀਆਂ ਕਰ ਕੇ ਸਾਰਿਆਂ ਸਾਮ੍ਹਣੇ ਸਾੜ ਦਿੱਤੀਆਂ।” (ਰਸੂਲਾਂ ਦੇ ਕੰਮ 19:19) ਜਾਦੂਗਰੀ ਦੀਆਂ ਕਿਤਾਬਾਂ ਜਲਾ ਕੇ ਉਨ੍ਹਾਂ ਨੇ ਦੁਸ਼ਟ ਦੂਤਾਂ ਤੋਂ ਛੁਟਕਾਰਾ ਪਾਇਆ। ਜੇ ਤੁਸੀਂ ਯਹੋਵਾਹ ਦੀ ਭਗਤੀ ਕਰਨੀ ਚਾਹੁੰਦੇ ਹੋ, ਤਾਂ ਤੁਹਾਨੂੰ ਵੀ ਉਨ੍ਹਾਂ ਦੀ ਰੀਸ ਕਰ ਕੇ ਉਹ ਸਾਰੀਆਂ ਚੀਜ਼ਾਂ ਸੁੱਟ ਦੇਣੀਆਂ ਚਾਹੀਦੀਆਂ ਜੋ ਜਾਦੂਗਰੀ ਨਾਲ ਤਅੱਲਕ ਰੱਖਦੀਆਂ ਹਨ। ਇਨ੍ਹਾਂ ਚੀਜ਼ਾਂ ਵਿਚ ਕਿਤਾਬਾਂ, ਰਸਾਲੇ, ਫ਼ਿਲਮਾਂ, ਤਸਵੀਰਾਂ ਅਤੇ ਗੀਤ-ਸੰਗੀਤ ਤੋਂ ਇਲਾਵਾ ਧਾਗੇ-ਤਵੀਤ ਵਗੈਰਾ ਵੀ ਸ਼ਾਮਲ ਹਨ ਜੋ ਲੋਕ ਆਪਣੀ ਰੱਖਿਆ ਲਈ ਬੰਨ੍ਹਦੇ ਹਨ।​—1 ਕੁਰਿੰਥੀਆਂ 10:21.

15. ਸ਼ੈਤਾਨ ਅਤੇ ਉਸ ਦੇ ਦੁਸ਼ਟ ਦੂਤਾਂ ਦੇ ਫੰਦਿਆਂ ਤੋਂ ਬਚਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?

 15 ਅਫ਼ਸੁਸ ਸ਼ਹਿਰ ਵਿਚ ਵਾਪਰੀ ਇਸ ਘਟਨਾ ਤੋਂ ਕੁਝ ਸਾਲ ਬਾਅਦ ਪੌਲੁਸ ਰਸੂਲ ਨੇ ਉੱਥੇ ਰਹਿੰਦੇ ਮਸੀਹੀਆਂ ਨੂੰ ਲਿਖਿਆ: ‘ਸਾਡੀ ਲੜਾਈ ਸ਼ਕਤੀਸ਼ਾਲੀ ਦੁਸ਼ਟ ਦੂਤਾਂ ਨਾਲ ਹੈ।’ (ਅਫ਼ਸੀਆਂ 6:12) ਦੁਸ਼ਟ ਦੂਤਾਂ ਨੇ ਹਾਲੇ ਤਕ ਉਨ੍ਹਾਂ ਮਸੀਹੀਆਂ ਦਾ ਪਿੱਛਾ ਨਹੀਂ ਛੱਡਿਆ ਸੀ। ਉਹ ਹਾਲੇ ਵੀ ਉਨ੍ਹਾਂ ਨੂੰ ਕੁਰਾਹੇ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਜਾਦੂਗਰੀ ਦੀਆਂ ਕਿਤਾਬਾਂ ਸਾੜਨ ਤੋਂ ਇਲਾਵਾ ਉਨ੍ਹਾਂ ਮਸੀਹੀਆਂ ਨੂੰ ਹੋਰ ਕੀ ਕਰਨ ਦੀ ਲੋੜ ਸੀ? ਪੌਲੁਸ ਰਸੂਲ ਨੇ ਉਨ੍ਹਾਂ ਨੂੰ “ਨਿਹਚਾ ਦੀ ਵੱਡੀ ਢਾਲ” ਆਪਣੇ ਹੱਥ ਵਿਚ ਰੱਖਣ ਲਈ ਕਿਹਾ ਜਿਸ ਨਾਲ ਉਹ ਸ਼ੈਤਾਨ ਦੇ ਸਾਰੇ ਹਮਲਿਆਂ ਦਾ ਡਟ ਕੇ ਸਾਮ੍ਹਣਾ ਕਰ ਸਕਦੇ ਸਨ। (ਅਫ਼ਸੀਆਂ 6:16) ਯਹੋਵਾਹ ਵਿਚ ਸਾਡੀ ਨਿਹਚਾ ਜਿੰਨੀ ਪੱਕੀ ਹੋਵੇਗੀ, ਸ਼ੈਤਾਨ ਅਤੇ ਉਸ ਦੇ ਦੁਸ਼ਟ ਦੂਤਾਂ ਦੇ ਫੰਦਿਆਂ ਤੋਂ ਉੱਨਾ ਜ਼ਿਆਦਾ ਸਾਡਾ ਬਚਾਅ ਹੋਵੇਗਾ।​—ਮੱਤੀ 17:20.

16. ਅਸੀਂ ਆਪਣੀ ਨਿਹਚਾ ਪੱਕੀ ਕਿੱਦਾਂ ਕਰ ਸਕਦੇ ਹਾਂ?

16 ਤਾਂ ਫਿਰ ਸਵਾਲ ਉੱਠਦਾ ਹੈ ਕਿ ਅਸੀਂ ਯਹੋਵਾਹ ਵਿਚ ਆਪਣੀ ਨਿਹਚਾ ਪੱਕੀ ਕਿੱਦਾਂ ਕਰ ਸਕਦੇ ਹਾਂ? ਜ਼ਰਾ ਇਕ ਮਕਾਨ ਦੀ ਮਿਸਾਲ ਉੱਤੇ ਗੌਰ ਕਰੋ। ਮਕਾਨ ਉਦੋਂ ਹੀ ਮਜ਼ਬੂਤ ਹੁੰਦਾ ਹੈ ਜਦੋਂ ਉਸ ਦੀ ਨੀਂਹ ਪੱਕੀ ਹੁੰਦੀ ਹੈ। ਇਸੇ ਤਰ੍ਹਾਂ ਪਰਮੇਸ਼ੁਰ ਵਿਚ ਸਾਡੀ ਨਿਹਚਾ ਪੱਕੀ ਹੋਣੀ ਚਾਹੀਦੀ ਹੈ। ਸਾਡੀ ਨਿਹਚਾ ਦੀ ਨੀਂਹ ਹੈ ਬਾਈਬਲ ਦਾ ਸਹੀ ਗਿਆਨ। ਹਰ ਰੋਜ਼ ਬਾਈਬਲ ਦੀ ਸਟੱਡੀ ਕਰਨ ਨਾਲ ਹੀ ਸਾਡੀ ਨਿਹਚਾ ਮਜ਼ਬੂਤ ਰਹੇਗੀ। ਮਜ਼ਬੂਤ ਨਿਹਚਾ ਹੋਣ ਕਾਰਨ ਦੁਸ਼ਟ ਦੂਤਾਂ ਤੋਂ ਸਾਡੀ ਰਾਖੀ ਹੋਵੇਗੀ।​—1 ਯੂਹੰਨਾ 5:5.

17. ਦੁਸ਼ਟ ਦੂਤਾਂ ਦੇ ਫੰਦਿਆਂ ਤੋਂ ਬਚਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?

17 ਅਫ਼ਸੁਸ ਸ਼ਹਿਰ ਦੇ ਮਸੀਹੀਆਂ ਨੂੰ ਹੋਰ ਕੀ ਕਰਨ ਦੀ ਲੋੜ ਸੀ? ਉਨ੍ਹਾਂ ਨੂੰ ਹਾਲੇ ਵੀ ਰੱਖਿਆ ਦੀ ਲੋੜ ਸੀ ਕਿਉਂਕਿ ਉਹ ਅਜਿਹੇ ਸ਼ਹਿਰ ਵਿਚ ਰਹਿੰਦੇ ਸਨ ਜਿੱਥੇ ਦੁਸ਼ਟ ਦੂਤਾਂ ਦਾ ਰਾਜ ਚੱਲਦਾ ਸੀ। ਇਸ ਲਈ ਪੌਲੁਸ ਨੇ ਸਲਾਹ ਦਿੱਤੀ: “ਹਰ ਮੌਕੇ ’ਤੇ ਪਵਿੱਤਰ ਸ਼ਕਤੀ ਦੁਆਰਾ ਪਰਮੇਸ਼ੁਰ ਨੂੰ ਹਰ ਤਰ੍ਹਾਂ ਦੀ ਪ੍ਰਾਰਥਨਾ ਅਤੇ ਫ਼ਰਿਆਦ ਕਰਦੇ ਰਹੋ।” (ਅਫ਼ਸੀਆਂ 6:18) ਅੱਜ ਵੀ ਦੁਨੀਆਂ ਵਿਚ ਦੁਸ਼ਟ ਦੂਤਾਂ ਦਾ ਰਾਜ ਚੱਲਦਾ ਹੈ। ਇਸ ਲਈ ਸਾਨੂੰ ਵੀ ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕਰਨੀ ਚਾਹੀਦੀ ਹੈ ਤਾਂਕਿ ਅਸੀਂ ਉਨ੍ਹਾਂ ਦੇ ਫੰਦਿਆਂ ਤੋਂ ਬਚ ਸਕੀਏ। ਇਹ ਵੀ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਦਾ ਨਾਂ ਲੈ ਕੇ ਪ੍ਰਾਰਥਨਾ ਕਰੀਏ। (ਕਹਾਉਤਾਂ 18:10 ਪੜ੍ਹੋ।) ਹਰ ਵੇਲੇ ਸਾਨੂੰ ਦੁਆ ਕਰਨੀ ਚਾਹੀਦੀ ਹੈ ਕਿ ਪਰਮੇਸ਼ੁਰ ਸਾਨੂੰ “ਦੁਸ਼ਟ ਤੋਂ” ਯਾਨੀ ਸ਼ੈਤਾਨ ਤੋਂ  ਬਚਾਵੇ। (ਮੱਤੀ 6:13) ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੀਆਂ ਦਿਲੋਂ ਕੀਤੀਆਂ ਪ੍ਰਾਰਥਨਾਵਾਂ ਜ਼ਰੂਰ ਸੁਣੇਗਾ।​—ਜ਼ਬੂਰਾਂ ਦੀ ਪੋਥੀ 145:19.

18, 19. (ੳ) ਸਾਨੂੰ ਕਿਉਂ ਯਕੀਨ ਹੈ ਕਿ ਅਸੀਂ ਦੁਸ਼ਟ ਦੂਤਾਂ ਦਾ ਡਟ ਕੇ ਸਾਮ੍ਹਣਾ ਕਰ ਸਕਦੇ ਹਾਂ? (ਅ) ਅਗਲੇ ਅਧਿਆਇ ਵਿਚ ਕਿਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ?

18 ਦੁਸ਼ਟ ਦੂਤ ਖ਼ਤਰਨਾਕ ਜ਼ਰੂਰ ਹਨ, ਪਰ ਸਾਨੂੰ ਉਨ੍ਹਾਂ ਤੋਂ ਡਰਨ ਦੀ ਕੋਈ ਲੋੜ ਨਹੀਂ। ਜੇ ਅਸੀਂ ਸ਼ੈਤਾਨ ਦਾ ਵਿਰੋਧ ਕਰਦੇ ਰਹੀਏ ਅਤੇ ਯਹੋਵਾਹ ਦੀ ਸੇਵਾ ਵਿਚ ਲੱਗੇ ਰਹੀਏ, ਤਾਂ ਉਹ ਸਾਡੀ ਰੱਖਿਆ ਕਰੇਗਾ। (ਯਾਕੂਬ 4:7, 8 ਪੜ੍ਹੋ।) ਜਿਸ ਤਰ੍ਹਾਂ ਨੂਹ ਦੇ ਦਿਨਾਂ ਵਿਚ ਦੁਸ਼ਟ ਦੂਤਾਂ ਨੂੰ ਸਜ਼ਾ ਦਿੱਤੀ ਗਈ ਸੀ, ਉਸੇ ਤਰ੍ਹਾਂ ਯਹੋਵਾਹ ਫਿਰ ਉਨ੍ਹਾਂ ਨੂੰ ਸਜ਼ਾ ਦੇਵੇਗਾ। ਹਾਂ, ਉਨ੍ਹਾਂ ਦੇ ਰਾਜ ਦਾ ਅੰਤ ਨਜ਼ਦੀਕ ਹੈ। (ਯਹੂਦਾਹ 6) ਇਹ ਵੀ ਯਾਦ ਰੱਖੋ ਕਿ ਯਹੋਵਾਹ ਆਪਣੇ ਸ਼ਕਤੀਸ਼ਾਲੀ ਦੂਤਾਂ ਰਾਹੀਂ ਸਾਡੀ ਰਾਖੀ ਕਰ ਸਕਦਾ ਹੈ। (2 ਰਾਜਿਆਂ 6:15-17) ਇਹ ਦੂਤ ਸਾਡਾ ਭਲਾ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਅਸੀਂ ਦੁਸ਼ਟ ਦੂਤਾਂ ਦੇ ਫੰਦਿਆਂ ਤੋਂ ਬਚ ਕੇ ਰਹੀਏ ਅਤੇ ਇਸ ਵਿਚ ਉਹ ਸਾਡੀ ਮਦਦ ਕਰਦੇ ਹਨ। ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਅਤੇ ਉਸ ਦੇ ਦੂਤਾਂ ਦੀ ਨਿਗਰਾਨੀ ਹੇਠ ਰਹੀਏ। ਇਹ ਵੀ ਜ਼ਰੂਰੀ ਹੈ ਕਿ ਅਸੀਂ ਹਰੇਕ ਕਿਸਮ ਦੀ ਜਾਦੂਗਰੀ ਤੋਂ ਦੂਰ ਰਹੀਏ ਅਤੇ ਹਮੇਸ਼ਾ ਯਹੋਵਾਹ ਦੀ ਸਲਾਹ ਉੱਤੇ ਚੱਲਦੇ ਰਹੀਏ। (1 ਪਤਰਸ 5:6, 7; 2 ਪਤਰਸ 2:9) ਇਸ ਤਰ੍ਹਾਂ ਕਰ ਕੇ ਹੀ ਅਸੀਂ ਦੁਸ਼ਟ ਦੂਤਾਂ ਦਾ ਡਟ ਕੇ ਸਾਮ੍ਹਣਾ ਕਰ ਸਕਾਂਗੇ।

19 ਪਰ ਰੱਬ ਨੇ ਇਨ੍ਹਾਂ ਦੁਸ਼ਟ ਦੂਤਾਂ ਦਾ ਨਾਸ਼ ਹਾਲੇ ਤਕ ਕਿਉਂ ਨਹੀਂ ਕੀਤਾ? ਉਸ ਨੇ ਹਾਲੇ ਤਕ ਦੁੱਖ-ਤਕਲੀਫ਼ਾਂ ਨੂੰ ਖ਼ਤਮ ਕਿਉਂ ਨਹੀਂ ਕੀਤਾ? ਇਨ੍ਹਾਂ ਸਵਾਲਾਂ ਦੇ ਜਵਾਬ ਅਗਲੇ ਅਧਿਆਇ ਵਿਚ ਦਿੱਤੇ ਜਾਣਗੇ।

^ ਪੈਰਾ 2 ਪ੍ਰਕਾਸ਼ ਦੀ ਕਿਤਾਬ 5:11 ਮੁਤਾਬਕ ਯਹੋਵਾਹ ਦੇ ਵਫ਼ਾਦਾਰ ਦੂਤਾਂ ਦੀ ਗਿਣਤੀ “ਲੱਖਾਂ-ਕਰੋੜਾਂ” ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਸਵਰਗ ਵਿਚ ਅਣਗਿਣਤ ਦੂਤ ਹਨ।